ਭਾਰਤ-ਪਾਕਿਸਤਾਨ ਦੀ ਵੰਡ ਤੋਂ ਇਲਾਵਾ ਬ੍ਰਿਟਿਸ਼ ਭਾਰਤ ਦੀਆਂ ਇਹ ਵੰਡਾਂ ਵੀ ਹੋਈਆਂ ਸਨ

ਭਾਰਤ ਪਾਕਿਸਤਾਨ

ਤਸਵੀਰ ਸਰੋਤ, Getty Images

    • ਲੇਖਕ, ਅਵਤਾਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਦਿੱਲੀ ਵਿੱਚ ਪਲੇ ਅਤੇ ਵੱਡੇ ਹੋਏ ਨੌਜਵਾਨ ਸਕਾਟਿਸ਼ ਇਤਿਹਾਸਕਾਰ ਸੈਮ ਡੈਲਰਿੰਪਲ ਅੰਗਰੇਜ਼ਾਂ ਵੱਲੋਂ ਸਿਰਫ਼ ਭਾਰਤ-ਪਾਕਿਸਤਾਨ ਦੀ ਵੰਡ ਕੀਤੇ ਜਾਣ ਤੋਂ ਅੱਗੇ ਵੱਧਦਿਆਂ ਏਸ਼ੀਆ ਦੀਆਂ ਪੰਜ ਵੰਡਾਂ ਦੀ ਗੱਲ ਕਰਦੇ ਹੋਏ ਕਹਿੰਦੇ ਹਨ ਕਿ 'ਇਹਨਾਂ ਵੰਡਾਂ ਦੇ ਸਿੱਟੇ ਮੌਜੂਦਾ ਏਸ਼ੀਆ ਦੇ ਲੋਕਾਂ ਨੂੰ ਹਾਲੇ ਤੱਕ ਵੀ ਭੁੱਗਤਣੇ ਪੈ ਰਹੇ ਹਨ'।

ਪ੍ਰਸਿੱਧ ਇਤਿਹਾਸਕਾਰ ਅਤੇ ਲੇਖਕ ਵਿਲੀਅਮ ਡੈਲਰਿੰਪਲ ਦੇ ਪੁੱਤਰ ਅਤੇ ਇਤਿਹਾਸਕਾਰ ਤੇ ਫ਼ਿਲਮ ਮੇਕਰ ਸੈਮ ਡੈਲਰਿੰਪਲ ਦੀ ਹਾਲ ਹੀ ਵਿੱਚ 'ਸ਼ੈਟਰਡ ਲੈਂਡਜ਼: ਫਾਈਵ ਪਾਰਟੇਸ਼ਨਜ਼ ਐਂਡ ਦਿ ਮੇਕਿੰਗ ਆਫ਼ ਮਾਡਰਨ ਏਸ਼ੀਆ' ਨਾਂ ਦੀ ਇੱਕ ਕਿਤਾਬ ਆਈ ਹੈ।

ਇਸ ਕਿਤਾਬ ਵਿੱਚ ਮੌਜੂਦਾ ਸਮੇਂ ਦੇ ਭਾਰਤ, ਪਾਕਿਸਤਾਨ, ਭਾਰਤੀ ਰਿਆਸਤਾਂ, ਮਿਆਂਮਾਰ (ਬਰਮਾ) ਅਤੇ ਬੰਗਲਾਦੇਸ਼ ਦੀ ਵੰਡ ਅਤੇ ਇਸ ਦੀਆਂ 'ਅਣ-ਕਹੀਆਂ ਕਹਾਣੀਆਂ' ਨੂੰ ਇਤਿਹਾਸਿਕ ਦਸਤਾਵੇਜ਼ਾਂ ਅਤੇ ਪੀੜ੍ਹਤਾਂ ਦੀਆਂ 100 ਤੋਂ ਵੱਧ ਇੰਟਰਵਿਊਜ਼ ਦੇ ਹਵਾਲੇ ਨਾਲ ਪੇਸ਼ ਕੀਤਾ ਗਿਆ ਹੈ।

ਉਹ ਆਪਣੀ ਗੱਲ ਬਰਮਾ ਦੀ ਵੰਡ ਤੋਂ ਸ਼ੁਰੂ ਕਰਦੇ ਹਨ, ਜੋ 1937 ਵਿੱਚ ਬ੍ਰਿਟਿਸ਼ ਭਾਰਤੀ ਸਾਮਰਾਜ ਤੋਂ ਵੱਖ ਹੋਇਆ।

ਸੈਮ ਡੈਲਰਿੰਪਲ

ਤਸਵੀਰ ਸਰੋਤ, Samdalrymple.com

ਉਹ ਲਿਖਦੇ ਹਨ ਕਿ ਇਹ 'ਵੰਡ ਬਾਮਰ ਭਾਈਚਾਰੇ ਦੀ ਲੰਬੇ ਸਮੇਂ ਦੀ ਮੰਗ ਅਤੇ ਭਾਰਤੀ ਹਿੰਦੂ ਰਾਸ਼ਟਰਵਾਦੀਆਂ ਦੀ ਇੱਛਾ ਦਾ ਨਤੀਜਾ' ਸੀ। ਉਸੇ ਸਾਲ ਅਦਨ (ਯਮਨ) ਦੀ ਵੰਡ ਵੀ ਹੋਈ, ਜਿਸ ਨਾਲ ਸਾਮਰਾਜ ਦੇ ਟੁੱਟਣ ਦੀ ਪ੍ਰਕਿਰਿਆ ਤੇਜ਼ ਹੋਈ।

1947 ਵਿੱਚ ਹਿੰਦੂ ਬਹੁਗਿਣਤੀ ਅਤੇ ਮੁਸਲਮਾਨ ਘੱਟਗਿਣਤੀ ਵਿਚਕਾਰ ਤਣਾਅ ਨੇ ਭਾਰਤ–ਪਾਕਿਸਤਾਨ ਦੀ ਵੱਡੀ ਵੰਡ ਨੂੰ ਜਨਮ ਦਿੱਤਾ, ਨਾਲ ਹੀ ਦੇਸੀ ਰਿਆਸਤਾਂ ਦੀ ਵੀ ਵੰਡ ਹੋਈ। ਇਸ ਪ੍ਰਕਿਰਿਆ ਦੀ ਆਖ਼ਰੀ ਕੜੀ 1971 ਵਿੱਚ ਪਾਕਿਸਤਾਨ ਦੀ ਵੰਡ ਸੀ, ਜਦੋਂ ਪੂਰਬੀ ਪਾਕਿਸਤਾਨ ਬੰਗਲਾਦੇਸ਼ ਵਜੋਂ ਆਜ਼ਾਦ ਹੋਇਆ।

ਸੈਮ ਡੈਲਰਿੰਪਲ ਦੀ ਬੀਬੀਸੀ ਨਿਊਜ਼ ਪੰਜਾਬੀ ਨਾਲ ਖਾਸ ਗੱਲਬਾਤ ਦੇ ਕੁਝ ਅੰਸ਼ ਹੇਠਾਂ ਦਿੱਤੇ ਗਏ ਹਨ:

ਸਵਾਲ: ਤੁਹਾਨੂੰ ਇਹ ਕਿਤਾਬ ਲਿਖਣ ਲਈ ਕਿਸ ਚੀਜ਼ ਨੇ ਪ੍ਰੇਰਿਤ ਕੀਤਾ ਅਤੇ ਇਸ ਦਾ ਕੀ ਉਦੇਸ਼ ਹੈ?

ਸੈਮ ਡੈਲਰਿੰਪਲ: ਇਹ ਕਿਤਾਬ ਅਸਲ ਵਿੱਚ ਪ੍ਰੋਜੈਕਟ 'ਦਾਸਤਾਨ' ਵਿੱਚੋਂ ਨਿਕਲੀ, ਜਿਸ 'ਤੇ ਮੈਂ ਕੁਝ ਸਾਲਾਂ ਤੋਂ ਕੰਮ ਕਰ ਰਿਹਾ ਸੀ। ਦਾਸਤਾਨ ਅਸਲ ਵਿੱਚ ਇੱਕ ਯੂਨੀਵਰਸਿਟੀ ਪ੍ਰੋਜੈਕਟ ਸੀ ਜਿਸ ਰਾਹੀਂ ਅਸੀਂ ਰੈੱਡਕਲਿਫ ਲਾਈਨ (ਭਾਰਤ-ਪਾਕਿਸਤਾਨ ਦੀ ਵੰਡ ਦੀ ਸਰਹੱਦ) ਦੇ ਪਾਰ ਵੰਡ ਤੋਂ ਵਿਛੜੇ ਹੋਏ ਲੋਕਾਂ ਨੂੰ ਦੁਬਾਰਾ ਜੋੜਨ ਦੀ ਕੋਸ਼ਿਸ਼ ਕਰ ਰਹੇ ਸੀ।

ਕਲਪਨਾ ਕਰੋ, ਇੱਕ ਔਰਤ ਲਾਹੌਰ ਤੋਂ ਆਈ ਸੀ ਅਤੇ ਦੁਬਾਰਾ ਕਦੇ ਘਰ ਨਹੀਂ ਜਾ ਸਕੀ ਸੀ। ਅਸੀਂ ਉਸ ਦੀ ਹਵੇਲੀ, ਉਸਦਾ ਸਕੂਲ ਜਾਂ ਬਚਪਨ ਦੇ ਦੋਸਤਾਂ ਨੂੰ ਲੱਭਣਾ ਸੀ। ਮੈਂ ਇਸ ਉਪਰ ਪੰਜ ਸਾਲ ਲਗਾਏ। ਮੈਨੂੰ ਇਹ ਅਹਿਸਾਸ ਸੀ ਕਿ ਵੰਡ ਦੱਖਣੀ ਏਸ਼ੀਆ ਦੇ ਬਹੁਤ ਸਾਰੇ ਵੱਡੇ ਸੰਘਰਸ਼ਾਂ ਨੂੰ ਆਧਾਰ ਬਣਾਉਂਦੀ ਹੈ।

ਬਹੁਤ ਸਾਰੀਆਂ ਵੰਡਾਂ ਹੋਈਆਂ। ਜੇ ਤੁਸੀਂ ਭਾਰਤ ਦੇ ਉੱਤਰ-ਪੂਰਬ ਵੱਲ ਜਾਓਗੇ, ਤਾਂ ਤ੍ਰਿਪੁਰਾ ਅਤੇ ਮਿਜ਼ੋਰਮ ਦੇ ਬਹੁਤ ਸਾਰੇ ਲੋਕ ਬਰਮਾ ਤੋਂ ਆਉਣ ਵਾਲਿਆਂ ਬਾਰੇ ਗੱਲ ਕਰਨਗੇ। ਅੱਧੇ ਨਾਗਾ ਮਿਆਂਮਾਰ (ਬਰਮਾ) ਵਿੱਚ ਰਹਿ ਰਹੇ ਹਨ ਅਤੇ ਅੱਧੇ ਭਾਰਤ ਵਿੱਚ। ਮੈਂ ਬਸ ਇਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਜੋ ਲੋਕ ਕਰੀਬ 100 ਸਾਲ ਪਹਿਲਾਂ ਬਿਨਾਂ ਸਰਹੱਦਾਂ ਤੋਂ ਰਹਿ ਰਹੇ ਸਨ, ਉਹ ਕਿਵੇਂ 12 ਵੱਖ-ਵੱਖ ਦੇਸ਼ਾਂ ਵਿੱਚ ਵੰਡੇ ਗਏ।

ਸੈਮ ਡੈਲਰਿੰਪਲ

ਤਸਵੀਰ ਸਰੋਤ, Sam Dalrymple

ਸਵਾਲ: ਕਿਤਾਬ ਦੀ ਖੋਜ ਸਮੇਂ ਤੁਹਾਨੂੰ ਸਭ ਤੋਂ ਹੈਰਾਨ ਕਰਨ ਵਾਲੇ ਜਾਂ ਅਜਿਹੇ ਕਿਹੜੇ ਪਹਿਲੂਆਂ ਦਾ ਪਤਾ ਲੱਗਾ ਜਿੰਨਾ ਦੀ ਘੱਟ ਹੀ ਗੱਲ ਹੋਈ ਹੋਵੇ?

ਸੈਮ ਡੈਲਰਿੰਪਲ: ਮੈਨੂੰ ਲੱਗਦਾ ਹੈ ਕਿ ਕਿਤਾਬ ਪੜ੍ਹਨ ਵਾਲੇ ਲੋਕਾਂ ਲਈ ਸਭ ਤੋਂ ਵੱਡੀ ਹੈਰਾਨੀ ਇਹ ਹੈ ਕਿ ਬਹੁਤ ਸਾਰੇ ਖਾੜੀ ਦੇਸ਼, ਉਦਾਹਰਣ ਵਜੋਂ ਅਬੂ ਧਾਬੀ, ਰਿਆਸਤਾਂ ਸਨ। ਕਿਸੇ ਸਮੇਂ ਯਮਨ ਦੇ ਲੋਕਾਂ ਨੂੰ ਵੀ ਬ੍ਰਿਟਿਸ਼ ਭਾਰਤੀ ਪਾਸਪੋਰਟ ਜਾਰੀ ਕੀਤਾ ਜਾਂਦਾ ਸੀ। ਮੈਨੂੰ ਲੱਗਦਾ ਹੈ ਕਿ ਅਰਬ ਦੀ ਪੂਰੀ ਕਹਾਣੀ ਤੋਂ ਕਾਫ਼ੀ ਲੋਕ ਅਣਜਾਣ ਹਨ।

ਭਾਰਤ ਪਾਕਿਸਤਾਨ ਵੰਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਵੀਂ ਦਿੱਲੀ ਸਟੇਸ਼ਨ ਤੋਂ ਰਵਾਨਾ ਹੋਣ ਵਾਲੀਆਂ 30 ਵਿਸ਼ੇਸ਼ ਰੇਲਗੱਡੀਆਂ ਵਿੱਚੋਂ ਇੱਕ ਗੱਡੀ ਜੋ ਪਾਕਿਸਤਾਨ ਸਰਕਾਰ ਦੇ ਸਟਾਫ ਨੂੰ ਕਰਾਚੀ ਲੈ ਕੇ ਜਾ ਰਹੀ ਸੀ।

ਸਵਾਲ: ਤੁਸੀਂ ਵੰਡ ਦੇ ਪੀੜ੍ਹਤ ਕਿੰਨੇ ਕੁ ਲੋਕਾਂ ਨੂੰ ਮਿਲੇ?

ਸੈਮ ਡੈਲਰਿੰਪਲ: ਪੰਜ ਸਾਲਾਂ ਤੱਕ ਮੇਰਾ ਇਹੋ ਕੰਮ ਰਿਹਾ। ਮੈਂ ਅੱਠ ਵੱਖ-ਵੱਖ ਭਾਸ਼ਾਵਾਂ ਵਿੱਚ ਲਗਭਗ 100 ਤੋਂ ਵੱਧ ਇੰਟਰਵਿਊ ਕੀਤੀਆਂ। ਮੈਂ ਕਹਾਂਗਾ ਕਿ ਬਸ ਇਹ ਹੀ ਮੇਰੀ ਰੋਜ਼ੀ-ਰੋਟੀ ਸੀ। ਲੋਕਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਹਨ ਅਤੇ ਹਰ ਇੱਕ ਕਹਾਣੀ ਵਿੱਚ ਬਹੁਤ ਦਰਦ ਹੈ। ਇਸ ਕਿਤਾਬ ਦਾ ਇਹੋ ਆਧਾਰ ਹੈ।

ਇਹ ਵੀ ਪੜ੍ਹੋ-

ਸਵਾਲ: ਤੁਸੀਂ ਗਾਂਧੀ ਅਤੇ ਮੁਹੰਮਦ ਅਲੀ ਜਿਨਾਹ ਬਾਰੇ ਕੀ ਸਮਝਿਆ? ਉਨ੍ਹਾਂ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ?

ਮੁਹੰਮਦ ਅਲੀ ਜਿਨਾਹ ਅਤੇ ਗਾਂਧੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੁਹੰਮਦ ਅਲੀ ਜਿਨਾਹ ਅਤੇ ਗਾਂਧੀ ਇੱਕ ਮੁਲਾਕਾਤ ਦੌਰਾਨ।

ਸੈਮ ਡੈਲਰਿੰਪਲ: ਖੈਰ, ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵੱਡਾ ਸਵਾਲ ਹੈ। ਪਰ ਮੈਨੂੰ ਲੱਗਦਾ ਹੈ ਕਿ ਇੱਕ ਗੱਲ ਜਿਸਨੇ ਮੈਨੂੰ ਸਭ ਤੋਂ ਵੱਧ ਹੈਰਾਨ ਕੀਤਾ ਉਹ ਇਹ ਹੈ ਕਿ 1920 ਅਤੇ 1940 ਦੇ ਦਹਾਕੇ ਦੇ ਵਿਚਕਾਰ, ਉਹਨਾਂ ਦੇ ਰਾਜਨੀਤਿਕ ਵਿਚਾਰਾਂ ਵਿੱਚ ਬਦਲਾਅ ਆਇਆ। ਸਾਲ 1920 ਦੇ ਦਹਾਕੇ ਦੇ ਜਿਨਾਹ ਨੂੰ ਸਰੋਜਨੀ ਨਾਇਡੂ ਹਿੰਦੂ- ਮੁਸਲਿਮ ਏਕਤਾ ਦੇ ਸਭ ਤੋਂ ਵੱਡੇ ਝੰਡਾਬਰਦਾਰ ਵਜੋਂ ਮਸ਼ਹੂਰ ਕਰਦੇ ਹਨ ਪਰ 1940 ਦੇ ਦਹਾਕੇ ਤੱਕ ਉਹ ਪਾਕਿਸਤਾਨ ਬਣਾ ਰਹੇ ਹਨ।

ਇਸੇ ਤਰ੍ਹਾਂ, ਤੁਸੀਂ ਜਾਣਦੇ ਹੋ, ਕਿ 1920 ਦੇ ਦਹਾਕੇ ਵਿੱਚ ਜਦੋਂ ਗਾਂਧੀ ਦੱਖਣੀ ਅਫ਼ਰੀਕਾ ਤੋਂ ਵਾਪਸ ਆਏ ਸਨ ਤਾਂ ਉਹ ਬਹੁਤ ਹੀ ਵੱਖਰੇ ਸਨ। ਉਹਨਾਂ ਦਾ ਆਪਣੀ ਹਿੰਦੂ ਪਛਾਣ ਵੱਲ ਝੁਕਾਅ ਸੀ ਅਤੇ ਉਹ ਜਿਨਾਹ ਵਰਗੇ ਲੋਕਾਂ ਨੂੰ ਦੂਰ ਕਰਦੇ ਹਨ। ਪਰ ਫਿਰ 1940 ਦੇ ਦਹਾਕੇ ਤੱਕ ਉਹ ਬੰਗਾਲ ਵਿੱਚ ਸ਼ਾਂਤੀ ਮਾਰਚਾਂ ਦੀ ਅਗਵਾਈ ਕਰਦੇ ਹਨ ਅਤੇ ਇਕੱਲੇ ਹੀ ਬੰਗਾਲ ਵਿੱਚ ਵੰਡ ਦੀ ਹਿੰਸਾ ਨੂੰ ਸ਼ਾਂਤ ਕਰ ਰਹੇ ਹੁੰਦੇ ਹਨ।

ਇਹਨਾਂ ਲੋਕਾਂ ਨੂੰ ਆਪਣੇ ਰਾਜਨੀਤਿਕ ਜੀਵਨ ਦੌਰਾਨ ਬਹੁਤ ਸਾਰੇ ਪਰਿਵਰਤਨਾਂ ਵਿੱਚੋਂ ਗੁਜ਼ਰਦਾ ਪਿਆ।

ਸਵਾਲ: ਇਨ੍ਹਾਂ ਪੰਜ ਵੰਡਾਂ ਦੀ ਵਿਰਾਸਤ ਨੇ ਹੁਣ ਤੱਕ ਏਸ਼ੀਆ ਦੀ ਰਾਜਨੀਤੀ ਅਤੇ ਸੱਭਿਆਚਾਰ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ?

ਸੈਮ ਡੈਲਰਿੰਪਲ: ਮੈਨੂੰ ਲੱਗਦਾ ਹੈ ਕਿ ਏਸ਼ੀਆ ਦੇ ਬਹੁਤ ਸਾਰੇ ਮੁੱਖ ਮਸਲਿਆਂ ਦੀਆਂ ਜੜ੍ਹਾਂ ਇਸ ਵੰਡ ਵਿੱਚ ਪਈਆਂ ਹਨ। ਮਿਆਂਮਾਰ ਵਿੱਚ ਰੋਹਿੰਗਿਆ ਕਤਲੇਆਮ, ਕਸ਼ਮੀਰ ਤੇ ਬਲੋਚਸਤਾਨ ਦੇ ਮਸਲੇ, ਇੰਡੀਆ ਦੇ ਨੌਰਥ ਈਸਟ ਦਾ ਮੁੱਦਾ, ਯਮਨ ਅਤੇ ਮੀਆਂਮਾਰ ਦੇ ਗ੍ਰਹਿ ਯੁੱਧ ਅਤੇ ਬੰਗਲਾਦੇਸ਼ ਦੇ ਚਟਗਾਂਵ ਵਰਗੇ ਮਸਲਿਆਂ ਦੀ ਸ਼ੁਰੂਆਤ ਇਹਨਾਂ ਵੰਡਾਂ ਤੋਂ ਹੀ ਹੁੰਦੀ ਹੈ।

ਅੱਜ ਤੁਸੀਂ ਪੁਲਾੜ ਤੋਂ ਚੀਨ ਦੀ ਮਹਾਨ ਕੰਧ ਨੂੰ ਅਸਲ ਵਿੱਚ ਨਹੀਂ ਦੇਖ ਸਕਦੇ, ਪਰ ਤੁਸੀਂ ਭਾਰਤ-ਪਾਕਿਸਤਾਨ ਸਰਹੱਦ ਨੂੰ ਦੇਖ ਸਕਦੇ ਹੋ।

ਮਿਆਂਮਾਰ ਤੇ ਰੋਹਿੰਗਿਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਿਆਂਮਾਰ ਤੋਂ ਹਜ਼ਾਰਾਂ ਰੋਹਿੰਗਿਆ ਭੱਜ ਚੁੱਕੇ ਹਨ (ਪੁਰਾਣੀ ਫੋਟੋ)

ਸਵਾਲ: ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਵੰਡ ਹਾਲੇ ਵੀ ਲੋਕਾਂ ਦਾ 'ਸ਼ਿਕਾਰ' ਕਰ ਰਹੀ ਹੈ?

ਸੈਮ ਡੈਲਰਿੰਪਲ: ਹਾਂ, ਮੈਨੂੰ ਲੱਗਦਾ ਹੈ ਕਿ ਇਹ ਵੰਡ ਹਾਲੇ ਖਤਮ ਨਹੀਂ ਹੋਈ ਹੈ। ਇਹ ਇੱਕ ਨਿਰੰਤਰ ਪ੍ਰਕਿਰਿਆ ਹੈ। ਹਾਲ ਹੀ ਵਿੱਚ ਭਾਰਤ-ਪਾਕਿਸਤਾਨ ਵਿਚਕਾਰ ਤਣਾਅ ਹੋਇਆ ਜਿਸ ਕਾਰਨ ਵਾਹਗਾ ਸਰਹੱਦ ਬੰਦ ਹੋ ਗਈ। ਮਿਆਂਮਾਰ ਵਿੱਚ ਰੋਹਿੰਗਿਆ ਘੱਟ ਗਿਣਤੀ 'ਤੇ ਹਮਲਾ ਚੱਲ ਰਹੇ ਹਨ। ਇਸਦਾ ਬਹੁਤ ਸਾਰਾ ਸਬੰਧ ਇਸ ਖੇਤਰ ਵਿੱਚ ਪਛਾਣ ਦੇ ਮੁੱਦੇ ਨਾਲ ਜੁੜਿਆ ਹੋਇਆ ਹੈ।

ਸਵਾਲ: ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਸ ਕਿਤਾਬ ਵਿੱਚ ਬ੍ਰਿਟਿਸ਼ ਸਾਮਰਾਜ ਬਾਰੇ ਆਲੋਚਨਾਤਮਕ ਹੋ?

ਸੈਮ ਡੈਲਰਿੰਪਲ: ਹਾਂ, ਜਦੋਂ ਤੁਸੀਂ ਕਿਤਾਬ ਖੋਲਦੇ ਹੋ ਤਾਂ ਤੁਸੀਂ ਦੇਖੋਗੇ ਕਿ ਬਹੁਤ ਕੁਝ ਹੈ। 'ਭਾਰਤ ਛੱਡੋ ਅੰਦੋਲਨ' ਦੌਰਾਨ ਗੋਲੀਬਾਰੀ ਕਰਨਾ। ਕਿਤਾਬ ਵਿੱਚ ਬ੍ਰਿਟਿਸ਼ ਲੋਕਾਂ ਵੱਲੋਂ ਕੀਤੀਆਂ ਹਰ ਤਰ੍ਹਾਂ ਦੀਆਂ ਭਿਆਨਕ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ।

ਬ੍ਰਿਟਿਸ਼ ਲੋਕਾਂ ਦਾ ਅਜਿਹੀ ਹਿੰਸਾ 'ਤੇ ਏਕਾਧਿਕਾਰ ਨਹੀਂ ਹੈ ਸਗੋਂ ਇੱਕ ਵੱਡੀ ਤ੍ਰਾਸਦੀ ਇਹ ਹੈ ਕਿ ਕਿਵੇਂ ਉਹੀ ਬਸਤੀਵਾਦੀ ਭਾਵਨਾ ਬਾਅਦ ਵਿੱਚ ਉੱਤਰਾਧਿਕਾਰੀ ਸਰਕਾਰਾਂ ਵੱਲੋਂ ਦੁਹਰਾਈ ਗਈ।

ਤੁਹਾਨੂੰ ਸਿਰਫ਼ 1971 ਦੀਆਂ ਘਟਨਾਵਾਂ ਨੂੰ ਦੇਖਣ ਦੀ ਲੋੜ ਹੈ ਕਿ ਕਿਵੇਂ ਪਾਕਿਸਤਾਨ ਨੇ ਆਪਣੇ ਹੀ ਭਾਈਚਾਰੇ ਦੇ ਲੋਕਾਂ ਖਿਲਾਫ਼ ਹਿੰਸਾ ਕੀਤੀ ਜੋ ਹੁਣ ਬੰਗਲਾਦੇਸ਼ ਵਿੱਚ ਹਨ।

ਇਹ ਸਭ ਬਸਤੀਵਾਦੀ ਰਵੱਈਆ ਬਾਅਦ ਵਿੱਚ ਬਸਤੀਵਾਦੀ ਸਰਕਾਰਾਂ ਨੇ ਅਪਣਾਇਆ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)