’47 ਦੀ ਭਾਰਤ-ਪਾਕ ਵੰਡ: ‘ਇਕਬਾਲ ਬੀਬੀ ਜਿਸ ਨੂੰ ਸਿੱਖ ਗੁਆਂਢੀ ਨੇ ਦੰਗਿਆਂ ਵਿੱਚ ਬਚਾਇਆ ਤੇ ਸੁਰੱਖਿਅਤ ਬਾਹਰ ਕੱਢਿਆ’

ਤਸਵੀਰ ਸਰੋਤ, Partition Archive
- ਲੇਖਕ, ਅਵਤਾਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
'‘ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਹੋਈ ਹਿੰਸਾ ਦੀ ਅੱਗ ਜਦੋਂ ਹੁਸ਼ਿਆਰਪੁਰ ਪਹੁੰਚੀ ਤਾਂ ਇਕਬਾਲ ਬੀਬੀ ਨੂੰ ਉਨ੍ਹਾਂ ਦੇ ਸਿੱਖ ਗੁਆਂਢੀਆਂ ਨੇ ਨਾ ਸਿਰਫ਼ ਅਗਾਊਂ ਖ਼ਤਰੇ ਦੀ ਇਤਲਾਹ ਦਿੱਤੀ ਸਗੋਂ ਦੰਗਾਈਆਂ ਤੋਂ ਬਚਾਉਂਦਿਆਂ 17 ਕਿਲੋਮੀਟਰ ਮਹਿੰਦੀਪੁਰ ਤੱਕ ਵੀ ਛੱਡ ਕੇ ਆਏ।"
ਸਾਲ 1947 ਵਿੱਚ ਭਾਰਤ-ਪਾਕਿਸਤਾਨ ਦੌਰਾਨ ਵਾਪਰੀ ਇਸ ਘਟਨਾ ਦਾ ਜ਼ਿਕਰ ਕਰਦਿਆਂ ਫ਼ਹਾਦ ਨਾਹਵੀ ਕਹਿੰਦੇ ਹਨ ਕਿ ਇਕਬਾਲ ਬੀਬੀ ਨੂੰ ਜਦੋਂ ਪਿਛਲੇ ਸਮੇਂ ਪਾਕਿਸਤਾਨ ਵਿੱਚ ਉਨ੍ਹਾਂ ਦੀ ਟੀਮ ਮਿਲੀ ਤਾਂ ਉਨ੍ਹਾਂ ਨੇ ਇਹ ਸਾਰੀ ਘਟਨਾ ਆਪਣੀ ਜ਼ੁਬਾਨੀ ਦੱਸੀ ਸੀ।
ਫ਼ਹਾਦ ਅਮਰੀਕਾ ਰਹਿੰਦੇ ਗੁਨੀਤਾ ਸਿੰਘ ਭੱਲਾ ਵੱਲੋਂ ਸ਼ੁਰੂ ਕੀਤੀ ਗਈ ਸੰਸਥਾ ‘ਦਿ 1947 ਪਾਰਟੀਸ਼ਨ ਆਰਕਾਇਵ’ ਲਈ ਕੰਮ ਕਰਦੇ ਹਨ।

ਗੁਨੀਤਾ ਸਿੰਘ ਭੱਲਾ ਦੀ ਸੰਸਥਾ ਨੇ ਭਾਰਤ-ਪਾਕਿਸਤਾਨ ਦੀ ਵੰਡ ਦੌਰਾਨ ਹੋਈ ਹਿੰਸਾ ਅਤੇ ਉਜਾੜੇ ਦੀਆਂ ਇਹੋ ਜਿਹੀਆਂ ਕਰੀਬ 11, 500 ਤੋਂ ਵੱਧ ਕਹਾਣੀਆਂ ਇਕੱਠੀਆਂ ਕੀਤੀਆਂ ਹਨ।
15 ਅਗਸਤ 1947 ਨੂੰ ਜਦੋਂ ਭਾਰਤ ਬਰਤਾਨਵੀਂ ਹਕੂਮਤ ਤੋਂ ਅਜ਼ਾਦ ਹੋਇਆ ਤਾਂ ਇਸ ਇੱਕ ਮੁਲਕ ਨੂੰ ਭਾਰਤ-ਪਾਕਿਸਤਾਨ, ਦੋ ਮੁਲਕਾਂ ਵਿੱਚ ਵੰਡ ਦਿੱਤਾ ਗਿਆ।
ਹਿੰਦੂਆਂ ਤੇ ਸਿੱਖਾਂ ਲਈ ਭਾਰਤ ਅਤੇ ਮੁਸਲਮਾਨਾਂ ਲਈ ਪਾਕਿਸਤਾਨ, ਇਸ ਬਟਵਾਰੇ ਵੇਲ਼ੇ ਹੋਈ ਹਿਜਰਤ ਦੌਰਾਨ ਫਿਰਕੂ ਦੰਗੇ ਭੜਕ ਗਏ ਸਨ।
ਵੰਡ ਦੇ ਇਸ ਦੌਰ ਨੂੰ ਪੰਜਾਬੀ ਲੋਕ ਹੱਲੇ ਆਖਦੇ ਹਨ। ਜਿਨ੍ਹਾਂ ਦੌਰਾਨ 1.5 ਕਰੋੜ ਲੋਕਾਂ ਦਾ ਉਜਾੜਾ ਹੋਇਆ ਅਤੇ 10 ਲੱਖ ਲੋਕ ਮਾਰੇ ਗਏ ਸਨ।
ਇਸ ਵੰਡ ਦੌਰਾਨ ਮੁਸਲਮਾਨਾਂ ਨੂੰ ਭਾਰਤ ਤੋਂ ਪਾਕਿਸਤਾਨ ਜਾਣਾ ਪਿਆ ਅਤੇ ਹਿੰਦੂ-ਸਿੱਖਾਂ ਨੂੰ ਭਾਰਤ ਵਾਲੇ ਪਾਸੇ ਆਉਣਾ ਪਿਆ ।
'ਜਿਨ੍ਹਾਂ ’ਤੇ ਬੀਤੀ, ਉਨ੍ਹਾਂ ਦਾ ਦਾਅਵਾ ਨਕਾਰਿਆ ਨਹੀਂ ਜਾ ਸਕਦਾ’

ਤਸਵੀਰ ਸਰੋਤ, Guneeta Singh Bhalla
ਕਿੱਤੇ ਵੱਜੋਂ ਭੋਤਿਕ ਵਿਗਿਆਨੀ ਗੁਨੀਤਾ ਸਿੰਘ ਭੱਲਾ ਅਕਸਰ ਆਪਣੀ ਦਾਦੀ ਹਰਭਜਨ ਕੌਰ ਭੱਲਾ ਕੋਲੋਂ ਵੰਡ ਦੌਰਾਨ ਹੋਏ ਕਤਲੇਆਮ ਦੀਆਂ ਕਹਾਣੀਆਂ ਸੁਣਦੇ ਸਨ।
ਇੱਕ ਵਾਰ ਜਦੋਂ ਉਹ 2008 ਦੌਰਾਨ ਜਪਾਨ ਵਿੱਚ ਆਪਣੀ ਪੜ੍ਹਾਈ ਸਮੇਂ ਹੀਰੋਸ਼ੀਮਾ ਪੀਸ ਮੈਮੋਰੀਅਲ ਦੇਖਣ ਗਏ ਤਾਂ ਉਨ੍ਹਾਂ ਦੇਖਿਆ ਕਿ ਉੱਥੇ ਪ੍ਰਮਾਣੂ ਬੰਬ ਦੇ ਪੀੜਤਾਂ ਦੀਆਂ ਯਾਦਾਂ ਨੂੰ ਕਿਵੇਂ ਸੰਭਾਲ ਕੇ ਰੱਖਿਆ ਗਿਆ ਹੈ।
ਇਸ ਨੂੰ ਦੇਖ ਕੇ ਉਹਨਾਂ ਨੇ ਭਾਰਤ-ਪਾਕਿਸਤਾਨ ਦੀ ਵੰਡ ਦੇ ਪੀੜਤਾਂ ਅਤੇ ਗਵਾਹਾਂ ਨੂੰ ਰਿਕਾਰਡ ਕਰਨ ਦਾ ਮਨ ਬਣਾਇਆ।

ਗੁਨੀਤਾ ਸਿੰਘ ਭੱਲਾ ਕਹਿੰਦੇ ਹਨ, "ਉੱਥੋਂ ਪਤਾ ਲੱਗਦਾ ਹੈ ਕਿ ਜਿਨ੍ਹਾਂ ਉੱਤੇ ਬੀਤੀ ਹੈ, ਉਨ੍ਹਾਂ ਦੀਆਂ ਗੱਲਾਂ ਨੂੰ ਨਕਾਰਿਆ ਨਹੀਂ ਜਾ ਸਕਦਾ। ਫਿਰ ਮੈਨੂੰ ਲੱਗਿਆ ਕਿ ਸਾਨੂੰ ਵੀ ਵੰਡ ਦੀਆਂ ਯਾਦਾਂ ਨੂੰ ਦਰਜ ਕਰਨ ਲਈ ਅਜਿਹਾ ਹੀ ਕਰਨਾ ਪੈਣਾ ਹੈ। ਜੇਕਰ ਅਸੀਂ ਉਨ੍ਹਾਂ ਲੋਕਾਂ ਦੀਆਂ ਗੱਲਾਂ ਨੂੰ ਰਿਕਾਰਡ ਕਰਾਂਗੇ ਤਾਂ ਉਸ ਨੂੰ ਕੋਈ ਨਕਾਰ ਨਹੀਂ ਸਕੇਗਾ।"
ਗੁਨੀਤਾ ਸਿੰਘ ਭੱਲਾ ਦੇ ਪਿਤਾ ਦਾ ਪਰਿਵਾਰ ਲਾਹੌਰ ਵਿੱਚ ਰਹਿੰਦੇ ਸੀ ਪਰ ਉਨ੍ਹਾਂ ਨੂੰ ਵੰਡ ਦੌਰਾਨ ਭਾਰਤ ਆਉਣਾ ਪਿਆ।
ਗੁਨੀਤਾ ਦੇ ਪਿਤਾ ਭਾਰਤੀ ਫੌਜ ਵਿੱਚ ਸਨ, ਇਸ ਲਈ ਉਹ ਲੁਧਿਆਣਾ, ਜੰਮੂ-ਕਸ਼ਮੀਰ ਅਤੇ ਚੰਡੀਗੜ੍ਹ ਵਰਗੀਆਂ ਥਾਵਾਂ ’ਤੇ ਰਹੇ ਪਰ ਜਦੋ ਉਹ 10 ਸਾਲ ਦੇ ਸਨ ਤਾਂ ਪਰਿਵਾਰ ਸਮੇਤ ਅਮਰੀਕਾ ਚਲੇ ਗਏ।
17 ਦੇਸ਼ਾਂ ਚੋਂ 11 ਹਜ਼ਾਰ ਤੋਂ ਵੱਧ ਕਹਾਣੀਆਂ ਕਿਵੇਂ ਇਕੱਠੀਆਂ ਕੀਤੀਆਂ?

ਤਸਵੀਰ ਸਰੋਤ, Partition Archive
ਗੁਨੀਤਾ ਸਿੰਘ ਭੱਲਾ ਦੀ ਟੀਮ ਨੇ ਭਾਰਤ, ਪਾਕਿਸਤਾਨ, ਅਮਰੀਕਾ, ਕੈਨੇਡਾ ਅਤੇ ਬੰਗਲਾਦੇਸ਼ ਸਮੇਤ 17 ਦੇਸ਼ਾਂ ਵਿੱਚੋਂ 11,500 ਤੋਂ ਵੱਧ ਕਹਾਣੀਆਂ ਵੀਡੀਓ ਅਤੇ ਆਡੀਓ ਦੇ ਰੂਪ ਵਿੱਚ ਇਕੱਠੀਆਂ ਕੀਤੀਆਂ ਹਨ।
ਗੁਨੀਤਾ ਕਹਿੰਦੇ ਹਨ, "ਕੋਈ ਵੀ ਸਾਡੇ ਨਾਲ ਮਿਲ ਇਹ ਕੰਮ ਕਰ ਸਕਦਾ ਹੈ। ਸਭ ਤੋਂ ਪਹਿਲਾਂ ਅਸੀਂ ਲੋਕਾਂ ਨੂੰ ਮੁਫ਼ਤ ਵਰਕਸ਼ਾਪ ਦਿੰਦੇ ਹਾਂ। ਇਸ ਦੌਰਾਨ ਅਸੀਂ ਸਿਖਾਉਂਦੇ ਹਾਂ ਕਿ ਜ਼ੁਬਾਨੀ ਇਤਿਹਾਸ (ਓਰਲ ਹਿਸਟਰੀ) ਲਈ ਇੰਟਰਵਿਊ ਕਿਵੇਂ ਕਰਨੀਆਂ ਹਨ।"
‘ਦਿ 1947 ਪਾਰਟੀਸ਼ਨ ਆਰਕਾਇਵ’ ਲਈ ਜ਼ਿਆਦਾਤਰ ਨੌਜਵਾਨ ਮੁੰਡੇ-ਕੁੜੀਆਂ ਅਤੇ ਖ਼ੋਜਾਰਥੀ ਮੁਫ਼ਤ ਕੰਮ ਕਰਦੇ ਹਨ ਜੋ ਆਪਣੇ ਇਲਾਕਿਆਂ ਵਿੱਚ ਵੰਡ ਦੇ ਗਵਾਹਾਂ ਨੂੰ ਲੱਭਦੇ ਹਨ ਅਤੇ ਉਹਨਾਂ ਦੀਆਂ ਇੰਟਰਵਿਊ ਲੈਂਦੇ ਹਨ।
ਉਹ ਅੱਗੇ ਕਹਿੰਦੇ ਹਨ, "ਅਸੀਂ ਲੋਕਾਂ ਨੂੰ ਉਤਸ਼ਾਹਿਤ ਕਰਦੇ ਹਾਂ ਕਿ ਉਹ ਟ੍ਰੇਨਿੰਗ ਲੈ ਕੇ ਆਪਣੀ ਭਾਸ਼ਾ ਅਤੇ ਆਪਣੇ ਭਾਈਚਾਰੇ ਵਿੱਚ ਬੈਠ ਕੇ ਰਿਕਾਰਡਿੰਗ ਕਰਨ। ਇਸ ਤਰ੍ਹਾਂ ਇੰਟਰਵਿਊ ਲੋਕਾਂ ਦੇ ਤਰੀਕੇ ਨਾਲ ਸਹਿਜ ਮਾਹੌਲ ਵਿੱਚ ਹੁੰਦੀ ਹੈ।"

ਤਿੰਨ ਸੌ ਤੋਂ ਵੱਧ ਕਹਾਣੀਆਂ ਇਕੱਠੀਆਂ ਕਰਨ ਵਾਲਾ ਗੁਰਮੀਤ ਸਿੰਘ
ਬਠਿੰਡਾ ਜ਼ਿਲ੍ਹੇ ਦੇ ਪਿੰਡ ਬਾਲੀਆਂਵਾਲੀ ਦੇ ਗੁਰਮੀਤ ਸਿੰਘ ਸਾਲ 2019 ਤੋਂ ਇਸ ਆਰਕਾਇਵ ਲਈ ਵੰਡ ਦੀਆਂ ਕਹਾਣੀਆਂ ਇਕੱਠੀਆਂ ਕਰ ਰਹੇ ਹਨ।
ਗੁਰਮੀਤ ਸਿੰਘ ਦੱਸਦੇ ਹਨ ਕਿ ਉਹਨਾਂ ਨੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਇਲਾਕੇ ਵਿੱਚੋਂ ਹੁਣ ਤੱਕ 300 ਤੋਂ ਵੱਧ ਲੋਕਾਂ ਦੀ ਇੰਟਰਵਿਊ ਕੀਤੀ ਹੈ।
ਪੈਸੇ ਦੀ ਕਮੀ ਕਾਰਨ ਉਹ ਅਕਸਰ ਹੀ ਪਿੰਡਾਂ ਦੇ ਗੁਰਦੁਆਰਾ ਸਾਹਿਬ ਵਿੱਚ ਰੁਕਦੇ ਹਨ ਅਤੇ ਆਪਣੇ ਮੋਟਰਸਾਈਕਲ ਉੱਤੇ ਇਸ ਲਈ ਸਫ਼ਰ ਕਰਦੇ ਹਨ।
ਗੁਰਮੀਤ ਸਿੰਘ ਕਹਿੰਦੇ ਹਨ,"ਮੇਰੇ ਦਿਲ ਨੂੰ ਤਸੱਲੀ ਹੈ ਕਿ ਮੈਂ ਸਹੀ ਕੰਮ ਕਰ ਰਿਹਾ ਹਾਂ। ਮੈਂ ਆਉਣ ਵਾਲੀ ਪੀੜੀ ਲਈ ਉਹ ਡਾਟਾ ਇਕੱਠਾ ਕਰ ਰਿਹਾ ਹਾਂ ਜੋਂ ਉਹਨਾਂ ਦੇ ਕੰਮ ਆਵੇਗਾ।"

ਗੁਰਮੀਤ ਸਿੰਘ ਦੱਸਦੇ ਹਨ ਕਿ ਇਹ ਵਾਰ ਉਹ ਬਠਿੰਡਾ ਵਿੱਚ ਇੱਕ ਅਜਿਹੇ ਬਜ਼ੁਰਗ ਨੂੰ ਮਿਲੇ, ਜਿਸ ਨੂੰ ਇਹ ਵੀ ਪਤਾ ਨਹੀਂ ਹੈ ਕਿ ਉਹ ਕਿਸ ਧਰਮ ਵਿੱਚ ਪੈਦਾ ਹੋਇਆ ਸੀ।
ਉਹ ਕਹਿੰਦੇ ਹਨ, "1947 ਵਿੱਚ ਇੱਕ ਬੱਚੇ ਨੂੰ ਟੋਕਰੀ ਵਿੱਚ ਪਾ ਕਿ ਛੱਡ ਦਿੱਤਾ ਗਿਆ ਅਤੇ ਅੱਜ ਤੱਕ ਸਾਰੀ ਉਮਰ ਵਿੱਚ ਉਸ ਬਾਪੂ ਨੂੰ ਇਹ ਪਤਾ ਨਹੀਂ ਲੱਗਾ ਕਿ ਉਹ ਸਿੱਖ ਹੈ, ਹਿੰਦੂ ਹੈ ਜਾਂ ਮੁਲਸਮਾਨ ਹੈ।"
"ਉਸ ਨੇ ਮੈਨੂੰ ਆਪਣੀ ਇਹ ਕਹਾਣੀ ਰੋ-ਰੋ ਕੇ ਦੱਸੀ। ਉਸ ਘਟਨਾ ਨੇ ਮੈਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ। ਮੇਰੀ ਕੋਸ਼ਿਸ਼ ਰਹੇਗੀ ਕਿ ਮੈਂ ਉਸ ਬਾਪੂ ਦੇ ਪਰਿਵਾਰ ਨੂੰ ਲੱਭ ਸਕਾ।"
ਉਜਾਗਰ ਸਿੰਘ ਨੇ ਜਦੋਂ ਮੁਸਲਮਾਨ ਪਰਿਵਾਰ ਬਚਾਇਆ ਸੀ

ਇਹ 5 ਅਗਸਤ ਦੀ ਸਵੇਰ ਸੀ ਜਦੋਂ ਗੁਰਮੀਤ ਸਿੰਘ ਪਿੰਡ ਬੂਰਮਾਜਰਾ ਦੇ ਗੁਰਦੁਆਰਾ ਸਾਹਿਬ ਵਿੱਚ ਉਜਾਗਰ ਸਿੰਘ ਦੀ ਇੰਟਰਵਿਊ ਕਰਨ ਜਾਣ ਲਈ ਤਿਆਰ ਹੋ ਰਹੇ ਸਨ।
ਗੁਰਮੀਤ ਸਿੰਘ ਬਠਿੰਡਾ ਤੋਂ ਰੋਪੜ ਦੇ ਇਸ ਪਿੰਡ ਵਿੱਚ 200 ਤੋਂ ਵੱਧ ਕਿਲੋਮੀਟਰ ਦੂਰ ਆਪਣੇ ਮੋਟਰਸਾਇਕਲ 'ਤੇ ਸਫ਼ਰ ਕਰਕੇ ਆਏ ਸਨ।
ਉਹ ਇਸ ਪਿੰਡ ਵਿੱਚ ਉਜਾਗਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਦੀ ਕਹਾਣੀ ਨੂੰ ਰਿਕਾਰਡ ਕਰਨ ਆਏ ਸਨ। ਉਜਾਗਰ ਸਿੰਘ ਬ੍ਰਿਟਿਸ਼ ਆਰਮੀ ਵਿੱਚ ਰਹੇ ਹਨ ਅਤੇ ਉਨ੍ਹਾਂ ਦੀ ਉਮਰ 100 ਸਾਲ ਹੈ।
ਉਜਾਗਰ ਸਿੰਘ ਦੱਸਦੇ ਹਨ ਕਿ 1947 ਦੀ ਹਿੰਸਾ ਦੌਰਾਨ ਉਹਨਾਂ ਦੇ ਪਿੰਡ ਦਾ ਇੱਕ ਮੁਸਲਮਾਨ ਪਰਿਵਾਰ ਬੱਚਿਆਂ ਅਤੇ ਔਰਤਾਂ ਸਮੇਤ ਕਮਾਂਦ (ਗੰਨੇ ਦੇ ਖੇਤ) ਵਿੱਚ ਲੁਕਿਆ ਹੋਇਆ ਸੀ, ਜਿਸ ਨੂੰ ਉਨ੍ਹਾਂ ਨੇ ਦੰਗਾਈਆਂ ਕੋਲੋਂ ਬਚਾਇਆ।
ਉਜਾਗਰ ਸਿੰਘ ਮੁਤਾਬਕ, "ਮੈਂ ਉਨ੍ਹਾਂ ਨੂੰ ਕਿਹਾ ਕਿ ਯਕੀਨ ਰੱਖੋ ਮੈਂ ਖੜ੍ਹਾ ਹਾਂ। ਜੇ ਕੋਈ ਤੁਹਾਨੂੰ ਮਾਰੇਗਾ ਤਾਂ ਪਹਿਲਾਂ ਮੈਂ ਮਰਾਂਗਾ। ਜਦੋਂ ਅਸੀ ਪਿੰਡ ਵੱਲ ਤੁਰੇ ਤਾਂ ਕਰੀਬ 12 ਮੁੰਡੇ ਬਰਛੇ ਚੁੱਕੀ ਖੜ੍ਹੇ ਸਨ। ਮੈਂ ਉਨ੍ਹਾਂ ਮੁੰਡਿਆ ਨੂੰ ਕਿਹਾ ਕਿ ਜੇਕਰ ਤੁਸੀਂ ਇਹਨਾਂ ਨੂੰ ਮਾਰਨਾ ਹੈ ਤਾਂ ਪਹਿਲਾਂ ਮੇਰੇ ਵੱਲ ਵੱਧੋ, ਮੈਂ ਤੁਹਾਨੂੰ ਇਨ੍ਹਾਂ ਵੱਲ ਉਂਗਲ ਨਹੀਂ ਕਰਨ ਦੇਣੀ। ਫਿਰ ਉਹ ਸਹਿਮਤ ਹੋਣ ਤੋਂ ਬਾਅਦ ਮੁੜ ਗਏ ਪਰ ਅਸੀਂ ਦੋ ਬੰਦੇ ਸਾਰੀ ਰਾਤ ਜਾਗ ਕੇ ਉਸ ਪਰਿਵਾਰ ਦੀ ਰਾਖੀ ਕਰਦੇ ਰਹੇ।"

ਕਹਾਣੀਆਂ ਜੋ ਖਤਮ ਨਹੀਂ ਹੁੰਦੀਆਂ .....
ਗੁਨੀਤਾ ਸਿੰਘ ਭੱਲਾ ਕਹਿੰਦੇ ਹਨ ਕਿ ਉਹਨਾਂ ਦੀ ਟੀਮ ਨੂੰ ਬਟਾਲਾ ਦੇ ਭੀਮ ਸੇਨ ਸ਼ਰਮਾ ਨੇ ਇੱਕ ਕਹਾਣੀ ਸੁਣਾਈ ਜੋ ਬਾਅਦ ਵਿੱਚ ਉਹਨਾਂ ਨੂੰ ਕੈਲੀਫੋ਼ਰਨੀਆਂ ਰਹਿੰਦੇ ਪਾਕਿਸਾਤਨ ਦੇ ਨਾਰੋਵਾਲ ਜ਼ਿਲ੍ਹੇ ਦੇ ਇੱਕ ਪਰਿਵਾਰ ਨੇ ਵੀ ਦੱਸੀ।
ਗੁਨੀਤਾ ਦੱਸਦੇ ਹਨ, "ਤਿੰਨ ਔਰਤਾਂ ਪੱਗਾਂ ਬੰਨ੍ਹ ਕੇ ਹੱਥਾਂ ਵਿੱਚ ਹਥਿਆਰ ਲੈ ਕੇ ਘੋੜਿਆਂ ਉਪਰ ਆਈਆਂ ਅਤੇ ਲੋਕਾਂ ਦੇ ਕਾਫ਼ਲਿਆ ਨੂੰ ਦੰਗਾਂਕਾਰੀਆਂ ਤੋਂ ਬਚਾਇਆ ਸੀ। ਉਨ੍ਹਾਂ ਨੂੰ ਉਜਾੜੇ ਦੇ ਸ਼ਿਕਾਰ ਲੋਕਾਂ ਦੀ ਜਾਨ ਬਚਾਉਣ ਲਈ ਕਈਆਂ ਨੂੰ ਮਾਰਨਾ ਵੀ ਪਿਆ।"

ਪੰਜਾਬ ਦੇ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਖ਼ਾਨਪੁਰ ਦੇ ਜਗਜੀਤ ਸਿੰਘ 1947 ਦੀ ਭਾਰਤ-ਪਾਕਿਸਤਾਨ ਵੰਡ ਦੌਰਾਨ ਹੋਈ ਹਿੰਸਾ ਬਾਰੇ ਦੱਸਦਿਆਂ ਕਹਿੰਦੇ ਹਨ ਕਿ ਉਹ ‘ਬਹੁਤ ਮੁਸ਼ੱਕਤ ਤੋਂ ਬਾਅਦ ਵਸੇ’ ਹਨ।
ਜਗਜੀਤ ਸਿੰਘ ਹੁਣ 89 ਸਾਲ ਦੇ ਹਨ ਅਤੇ ਵੰਡ ਸਮੇਂ ਉਹਨਾਂ ਦੀ ਉਮਰ 12 ਸਾਲ ਦੀ ਸੀ।
ਉਹ ਪਾਕਿਸਤਾਨ ਦੇ ਲਾਇਲਪੁਰ ਵਿੱਚ ਪੈਦਾ ਹੋਏ ਸਨ ਅਤੇ ਉਹਨਾਂ ਦਾ ਬਚਪਨ ਚੱਕ-277 ਵਿੱਚ ਬੀਤਿਆ ਪਰ ਉਹਨਾਂ ਨੂੰ ਆਪਣੀਆਂ ਜ਼ਮੀਨਾਂ ਛੱਡ ਕੇ ਭਾਰਤ ਆਉਣਾ ਪਿਆ ਸੀ।
ਜਗਜੀਤ ਸਿੰਘ ਦੱਸਦੇ ਹਨ, "ਹੱਥ ਵਿੱਚ ਬੰਦੂਕ ਲੈ ਕੇ ਮੁਸਲਮਾਨਾਂ ਦਾ ਲੀਡਰ ਘੋੜੀ ਉਪਰ ਆ ਰਿਹਾ ਸੀ ਅਤੇ ਵਾਰ-ਵਾਰ ਕਹਿ ਰਿਹਾ ਸੀ ਕਿ ਮੈਂ ਤਾਂ ਬੱਸ ਇੱਕੋ ਸਿੰਘਣੀ (ਸਿੱਖ ਔਰਤ) ਲੈ ਕੇ ਜਾਣੀ ਹੈ, ਬਾਕੀ ਤੁਸੀਂ ਲੁੱਟ ਮਾਰ ਕਰ ਲਵੋ। ਪਰ ਜਦੋਂ ਉਹ ਦਰਵਾਜ਼ੇ ਕੋਲ ਆਇਆ ਤਾਂ ਪਿੰਡ ਦੇ ਇੱਕ ਫੌਜੀ ਨੇ ਘੋੜੀ ਦੀ ਗਰਦਨ ’ਤੇ ਬਰਛਾ ਮਾਰਿਆ ਅਤੇ ਉਹ ਬੰਦਾ ਹੇਠਾਂ ਸੁੱਟ ਲਿਆ। ਉਸ ਦੀ ਹੀ ਬੰਦੂਕ ਚੁੱਕ ਕੇ ਫਾਇਰ ਸ਼ੁਰੂ ਕਰ ਦਿੱਤੇ...ਫਿਰ ਉਹ ਸਾਰੇ ਉੱਥੋ ਭੱਜ ਗਏ।"
ਵੰਡ ਨੂੰ ਸੰਸਾਰ ਦੇ ਇਤਿਹਾਸ ’ਚ ਦਰਜ ਕਰਵਾਉਣਾ

ਤਸਵੀਰ ਸਰੋਤ, Getty Images
ਇਤਿਹਾਸਕਾਰ ਉਰਵਸ਼ੀ ਬੁਟਾਲੀਆ ਨੇ ਵੰਡ ਬਾਰੇ 'ਦ ਅਦਰ ਸਾਇਡ ਆਫ਼ ਸਾਇਲੈਂਸ' ਨਾਂ ਦੀ ਕਿਤਾਬ ਲਿਖੀ ਹੈ। ਇਸ ਵਿੱਚ ਵੰਡ ਦੌਰਾਨ ਔਰਤਾਂ, ਬੱਚਿਆਂ ਅਤੇ ਦਲਿਤਾਂ ਬਾਰੇ ਕਈ ਅਜਿਹੀਆਂ ਕਹਾਣੀਆਂ ਸਾਹਮਣੇ ਲਿਆਂਦੀਆਂ ਸਨ ਜੋ ਇਸ ਤੋਂ ਪਹਿਲਾ ਆਮ ਪ੍ਰਚਲਿਤ ਬ੍ਰਿਤਾਂਤ ਦਾ ਹਿੱਸਾ ਨਹੀਂ ਸਨ।
ਬੁਟਾਲੀਆ ਕਹਿੰਦੇ ਹਨ ਕਿ ਇਹ ਵੰਡ ਇਤਿਹਾਸ ਦਾ ਉਹ ਪੰਨਾ ਹੈ, ਜਿਸ ਨੂੰ ਬੰਦ ਨਹੀਂ ਕੀਤਾ ਜਾ ਸਕਦਾ।
ਉਰਵਸ਼ੀ ਬੁਟਾਲੀਆ ਮੁਤਾਬਕ, "ਜੋ ਕੰਮ ‘ਦਿ 1947 ਪਾਰਟੀਸ਼ਨ ਆਰਕਾਇਵ’ ਨੇ ਕੀਤਾ ਹੈ, ਉਹ ਕਾਫ਼ੀ ਚੰਗਾ ਯਤਨ ਹੈ ਪਰ ਇਹ ਕਿਸੇ ਇੱਕ ਬੰਦੇ ਦਾ ਕੰਮ ਨਹੀਂ ਹੋਣਾ ਚਾਹੀਦਾ ਸਗੋਂ ਇਸ ਤਰ੍ਹਾਂ ਦਾ ਕੰਮ ਵੱਡੇ ਪੁੱਧਰ ਕੀਤਾ ਜਾਣਾ ਚਾਹੀਦਾ ਹੈ।"
ਹਾਲਾਂਕਿ ਗੁਨੀਤਾ ਸਿੰਘ ਭੱਲਾ ਕਹਿੰਦੇ ਹਨ ਕਿ ਉਹ 1947 ਦੀ ਤ੍ਰਾਸਦੀ ਨੂੰ ਸੰਸਾਰ ਦੇ ਇਤਿਹਾਸ ਵਿੱਚ ਦਰਜ ਕਰਵਾਉਣਾ ਚਾਹੁੰਦੇ ਹਨ, ਜਿਸ ਲਈ ਪਹਿਲਾਂ ਇਸ ਦਾ ਦਸਤਾਵੇਜ਼ੀਕਰਨ ਕਰਨਾ ਪੈਣਾ ਹੈ।
ਗੁਨੀਤਾ ਸਿੰਘ ਭੱਲਾ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਇਹ ਇੱਕ ਵੱਡੀ ਘਟਨਾ ਹੈ ਪਰ ਇਸ ਬਾਰੇ ਸਰਕਾਰਾਂ ਦਾ ਧਿਆਨ ਨਹੀਂ ਦਿੱਤਾ। ਇਸ ਲਈ ਇਹ ਵੱਡੇ ਪੱਧਰ ਉਪਰ ਸੰਸਾਰ ਦੇ ਇਤਿਹਾਸ ਵਿੱਚ ਨਹੀਂ ਆ ਸਕਿਆ।"
"ਅਸੀਂ ਚਾਹੁੰਦੇ ਹਾਂ ਕਿ ਇਹ ਵਿਸ਼ਵ ਵਿੱਚ ਪੜ੍ਹਾਈ ਦੇ ਪਾਠਕ੍ਰਮ ਦਾ ਹਿੱਸਾ ਬਣੇ ਪਰ ਇਸ ਲਈ ਸਭ ਤੋਂ ਪਹਿਲਾਂ ਦਸਤਾਵੇਜੀਕਰਨ ਦਾ ਕੰਮ ਕਰਨਾ ਪੈਣਾ ਹੈ, ਜਿਸ ਉਪਰ ਅਸੀਂ ਲੱਗੇ ਹੋਏ ਹਾਂ।"
-ਕੁਲਵੀਰ ਸਿੰਘ ਤੇ ਮਯੰਕ ਮੌਂਗੀਆ ਦੇ ਸਹਿਯੋਗ ਨਾਲ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ













