1947 ਦੀ ਵੰਡ : ਭਾਰਤ-ਪਾਕ ਬਟਵਾਰੇ ਲਈ ਜਿਨਾਹ ਸਣੇ ਹੋਰ ਕੌਣ ਕੌਣ ਜ਼ਿੰਮੇਵਾਰ ਸੀ

ਤਸਵੀਰ ਸਰੋਤ, Getty Images
- ਲੇਖਕ, ਮੁਹੰਮਦ ਸੱਜਾਦ
- ਰੋਲ, ਏਐੱਮਯੂ ਵਿੱਚ ਇਤਿਹਾਸ ਦੇ ਪ੍ਰੋਫੈਸਰ
ਭਾਰਤ ਦੀ ਵੰਡ ਲਈ ਕੇਵਲ ਜਿਨਾਹ ਨਹੀਂ ਕਾਂਗਰਸ ਅਤੇ ਹਿੰਦੂ ਮਹਾਂਸਭਾ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।
ਭਾਰਤ ਦੀ ਵੰਡ ਇੱਕ ਮੁਸ਼ਕਿਲ ਮਸਲਾ ਹੈ, ਜਿਸ ਦੇ ਲਈ ਕਿਸੇ ਇੱਕ ਵਿਅਕਤੀ ਨੂੰ ਜ਼ਿੰਮੇਵਾਰ ਠਹਿਰਾਉਣਾ ਨਾਸਮਝੀ ਹੈ।
ਇਸ ਵਿੱਚ ਮੁਸਲਿਮ ਲੀਗ, ਹਿੰਦੂ ਮਹਾਂ ਸਭਾ, ਕਾਂਗਰਸ ਅਤੇ ਬਰਤਾਨਵੀ ਸ਼ਾਸਨ ਸਣੇ ਸਾਰਿਆਂ ਦੀ ਭੂਮਿਕਾ ਹੈ। ਕਿਸੇ ਦੀ ਘੱਟ, ਕਿਸੇ ਦੀ ਵੱਧ, ਇਸ ਬਾਰੇ ਬਹਿਸ ਦੀ ਪੂਰੀ ਗੁੰਜਾਇਸ਼ ਹੈ।
ਇਹ ਸੱਚ ਹੈ ਕਿ ਮੁਸਲਿਮ ਲੀਗ ਨੇ ਵੱਖ ਦੇਸ ਦੀ ਮੰਗ ਕੀਤੀ ਸੀ ਅਤੇ ਉਨ੍ਹਾਂ ਦੀ ਇਹ ਮੰਗ ਪੂਰੀ ਵੀ ਹੋ ਗਈ। ਇਹੀ ਕਾਰਨ ਹੈ ਕਿ ਵੰਡ ਦਾ ਪੂਰਾ ਦੋਸ਼ ਮੁਸਲਮਾਨਾਂ 'ਤੇ ਪਾ ਦਿੱਤਾ ਗਿਆ ਪਰ ਅਜਿਹਾ ਨਹੀਂ ਹੈ।

ਤਸਵੀਰ ਸਰੋਤ, Getty Images
ਕਈ ਮੁਸਲਮਾਨ ਸਨ ਵੰਡ ਦੇ ਵਿਰੋਧੀ
ਸਾਰੇ ਮੁਸਲਮਾਨ ਵੰਡ ਦੇ ਪੱਖ ਵਿੱਚ ਨਹੀਂ ਸਨ ਜਾਂ ਕੇਵਲ ਮੁਸਲਮਾਨ ਹੀ ਇਸਦੇ ਲਈ ਜ਼ਿੰਮੇਵਾਰ ਸਨ। ਮੌਲਾਨਾ ਆਜ਼ਾਦ ਅਤੇ ਖ਼ਾਨ ਅਬਦੁੱਲ ਗੱਫਾਰ ਖ਼ਾਨ ਵੰਡ ਦੇ ਸਭ ਤੋਂ ਵੱਡੇ ਵਿਰੋਧੀ ਸਨ।
ਉਨ੍ਹਾਂ ਨੇ ਇਸ ਦੇ ਖਿਲਾਫ਼ ਵੱਡੇ ਪੱਧਰ 'ਤੇ ਆਵਾਜ਼ ਚੁੱਕੀ ਸੀ ਪਰ ਉਨ੍ਹਾਂ ਤੋਂ ਇਲਾਵਾ ਇਮਾਰਤ-ਏ-ਸ਼ਰੀਆ ਦੇ ਮੌਲਾਨਾ ਸੱਜਾ, ਮੌਲਾਨਾ ਹਾਫਿਜ਼-ਉਰ-ਰਹਿਮਾਨ, ਤੁਫ਼ੈਲ ਅਹਿਮਦ ਮੰਗਲੌਰੀ ਵਰਗੇ ਕਈ ਹੋਰ ਲੋਕ ਸਨ ਜਿਨ੍ਹਾਂ ਨੇ ਬਹੁਤ ਸਰਗਰਮੀ ਨਾਲ ਮੁਸਲਿਮ ਲੀਗ ਦੀ ਵੰਡ ਵਾਲੀ ਸਿਆਸਤ ਦਾ ਵਿਰੋਧ ਕੀਤਾ ਸੀ।

ਤਸਵੀਰ ਸਰੋਤ, Getty Images
ਮੋਤੀਲਾਲ ਨਹਿਰੂ ਕਮੇਟੀ ਦੀਆਂ ਸਿਫਾਰਸ਼ਾਂ
ਇਤਿਹਾਸਕਾਰ ਉਮਾ ਕੌਰਾ ਨੇ ਲਿਖਿਆ ਹੈ ਕਿ ਵੰਡ ਦੀ ਲਾਈਨ ਉਸ ਵੇਲੇ ਡੂੰਘੀ ਹੋ ਗਈ ਜਦੋਂ 1929 ਵਿੱਚ ਮੋਤੀ ਲਾਲ ਨਹਿਰੂ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਹਿੰਦੂ ਮਹਾਂ ਸਭਾ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।
ਮੋਤੀ ਲਾਲ ਨਹਿਰੂ ਕਮੇਟੀ ਨੇ ਹੋਰ ਗੱਲਾਂ ਤੋਂ ਇਲਾਵਾ ਇਸ ਗੱਲ ਦੀ ਵੀ ਸਿਫਾਰਸ਼ ਕੀਤੀ ਸੀ ਕਿ ਸੈਂਟਰਲ ਅਸੈਂਬਲੀ ਵਿੱਚ ਮੁਸਲਮਾਨਾਂ ਦੇ ਲਈ 33 ਫੀਸਦ ਸੀਟਾਂ ਰਾਖਵੀਆਂ ਹੋਣ।
ਆਇਸ਼ਾ ਜਲਾਲ ਨੇ ਲਿਖਿਆ ਹੈ ਕਿ 1938 ਤੱਕ ਜਿਨਾਹ ਮੁਸਲਮਾਨਾਂ ਦੇ ਇਕੱਲੇ ਬੁਲਾਰੇ ਬਣ ਗਏ ਕਿਉਂਕਿ ਕੇਵਲ ਉਹ ਉਨ੍ਹਾਂ ਦੀਆਂ ਮੰਗਾਂ ਨੂੰ ਜ਼ੋਰਦਾਰ ਤਰੀਕੇ ਨਾਲ ਚੁੱਕ ਰਹੇ ਸਨ।
ਦੂਜੇ ਪਾਸੇ ਇਤਿਹਾਸਕਾਰ ਚਾਰੂ ਗੁਪਤਾ ਨੇ ਲਿਖਿਆ, "ਕਾਂਗਰਸ ਦੇ ਅੰਦਰ ਦੇ ਹਿੰਦੂਵਾਦੀ ਅਤੇ ਹਿੰਦੂ ਮਹਾਂ ਸਭਾ ਦੇ ਨੇਤਾ ਜਿਸ ਤਰੀਕੇ ਨਾਲ ਭਾਰਤ ਮਾਤਾ, ਮਾਂ ਬੋਲੀ ਅਤੇ ਗਊ ਮਾਤਾ ਦੇ ਨਾਅਰੇ ਲਗਾ ਰਹੇ ਸਨ ਉਸ ਨਾਲ ਬਹੁਗਿਣਤੀ ਦੇ ਏਕਾਅਧਿਕਾਰ ਦਾ ਮਾਹੌਲ ਬਣ ਰਿਹਾ ਸੀ, ਜਿਸ ਵਿੱਚ ਮੁਸਲਮਾਨਾਂ ਦਾ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰਨਾ ਸੁਭਾਵਿਕ ਸੀ।''
ਇਹ ਵੀ ਗੌਰ ਕਰਨ ਵਾਲੀ ਗੱਲ ਹੈ ਕਿ 1932 ਵਿੱਚ ਗਾਂਧੀ-ਅੰਬੇਡਕਰ ਦੇ ਪੂਣੇ ਪੈਕਟ ਤੋਂ ਬਾਅਦ ਜਦੋਂ 'ਹਰੀਜਨਾਂ' ਦੇ ਲਈ ਸੀਟਾਂ ਰਾਖਵੀਆਂ ਹੋਈਆਂ ਤਾਂ ਸਵਰਨ ਜਾਤੀ ਅਤੇ ਮੁਸਲਮਾਨਾਂ, ਦੋਵਾਂ ਵਿੱਚ ਬੇਚੈਨੀ ਵਧੀ। ਉਨ੍ਹਾਂ ਨੂੰ ਲੱਗਿਆ ਕਿ ਉਨ੍ਹਾਂ ਦਾ ਦਬਦਬਾ ਘੱਟ ਹੋ ਜਾਵੇਗਾ।

ਤਸਵੀਰ ਸਰੋਤ, Getty Images
ਬੰਗਾਲ ਨੇ ਰੱਖੀ ਵੰਡ ਦੀ ਨੀਂਹ
ਇਤਿਹਾਸਕਾਰ ਜੋਇਆ ਚੈਟਰਜੀ ਦਾ ਕਹਿਣਾ ਹੈ ਕਿ 1932 ਤੋਂ ਬਾਅਦ ਬੰਗਾਲ ਵਿੱਚ ਹਿੰਦੂ-ਮੁਸਲਮਾਨਾਂ ਦਾ ਟਕਰਾਅ ਵਧਦਾ ਗਿਆ, ਜੋ ਵੰਡ ਦੀ ਭੂਮਿਕਾ ਤਿਆਰ ਕਰਨ ਲੱਗਾ।
ਦਰਅਸਲ 1905 ਵਿੱਚ ਧਰਮ ਦੇ ਆਧਾਰ 'ਤੇ ਬੰਗਾਲ ਦੀ ਵੰਡ ਕਰਕੇ ਅੰਗਰੇਜ਼ਾਂ ਨੇ ਵੰਡ ਦੀ ਨੀਂਹ ਤਿਆਰ ਕਰ ਦਿੱਤੀ ਸੀ।
ਜੋਇਆ ਲਿਖਦੇ ਹਨ, "ਪੂਰਬੀ ਬੰਗਾਲ ਵਿੱਚ ਫਜ਼ਲ-ਉਲ-ਹੱਕ ਦੀ ਕ੍ਰਿਸ਼ੀ ਪ੍ਰਜਾ ਪਾਰਟੀ ਦਾ ਅਸਰ ਵਧਿਆ ਅਤੇ ਪੂਨਾ ਪੈਕਟ ਤੋਂ ਬਾਅਦ 'ਹਰੀਜਨਾਂ' ਦੇ ਲਈ ਸੀਟਾਂ ਰਾਖਵੀਆਂ ਕੀਤੀਆਂ ਗਈਆਂ।
"ਇਸਦਾ ਅਸਰ ਇਹ ਹੋਇਆ ਕਿ ਕਥਿਤ ਉੱਚ ਜਾਤੀ ਹਿੰਦੂਆਂ ਦਾ ਦਬਦਬਾ ਘਟਣ ਲੱਗਿਆ, ਇਸ ਦੀ ਉਨ੍ਹਾਂ ਨੇ ਕਲਪਨਾ ਵੀ ਨਹੀਂ ਕੀਤੀ ਸੀ। ਇਸਦਾ ਨਤੀਜਾ ਇਹ ਹੋਇਆ ਕਿ ਬੰਗਾਲ ਦੇ ਕਥਿਤ ਉੱਚ ਜਾਤੀ ਦੇ ਲੋਕ ਬਰਤਾਨਵੀ ਰਾਜ ਦੇ ਵਿਰੋਧ ਦੇ ਬਦਲੇ ਮੁਸਲਮਾਨਾਂ ਦੇ ਖਿਲਾਫ਼ ਰੁਖ ਅਖਿਤਆਰ ਕਰਨ ਲੱਗੇ।''
ਵਿਲੀਅਮ ਗੋਲਡ ਨੇ ਲਿਖਿਆ ਹੈ ਕਿ ਉੱਤਰ ਪ੍ਰਦੇਸ਼ ਵਿੱਚ ਕਾਂਗਰਸ ਦੇ ਵੱਡੇ ਆਗੂ, ਪੁਰਸ਼ੋਤਮ ਦਾਸ ਟੰਡਨ, ਸੰਪੂਰਣਾਨੰਦ ਅਤੇ ਗੋਵਿੰਦ ਵੱਲਭ ਪੰਤ ਦਾ ਝੁਕਾਅ ਹਿੰਦੂਵਾਦ ਵੱਲ ਸੀ ਜਿਸ ਕਾਰਨ ਮੁਸਲਮਾਨ ਅਲਗ-ਥਲੱਗ ਮਹਿਸੂਸ ਕਰ ਰਹੇ ਸਨ।
ਪਰ ਦੂਜੇ ਪਾਸੇ ਇਹ ਵੀ ਸੱਚ ਹੈ ਕਿ ਵੰਡ ਵਿੱਚ ਉੱਤਰ ਪ੍ਰਦੇਸ਼ ਦੇ ਮੁਸਲਮਾਨਾਂ ਦੀ ਭੂਮਿਕਾ ਵੀ ਘੱਟ ਨਹੀਂ ਸੀ।

ਤਸਵੀਰ ਸਰੋਤ, Getty Images
ਫਿਰਕਾਪ੍ਰਸਤੀ ਤਾਕਤਾਂ 'ਚ ਹੋੜ ਸੀ
ਫਰਾਂਸਿਸ ਰੌਬਿਨਸਨ ਅਤੇ ਵੈਂਕਟ ਧੁਲਿਪਾਲਾ ਨੇ ਲਿਖਿਆ ਹੈ ਕਿ ਯੂਪੀ ਦੇ ਖਾਨਦਾਨੀ ਰਈਸ ਅਤੇ ਜ਼ਿਮੀਂਦਾਰ ਸਮਾਜ ਵਿੱਚ ਆਪਣੀ ਹੈਸੀਅਤ ਨੂੰ ਹਮੇਸ਼ਾ ਦੇ ਲਈ ਬਣਾਏ ਰੱਖਣਾ ਚਾਹੁੰਦੇ ਸੀ ਅਤੇ ਉਨ੍ਹਾਂ ਨੂੰ ਲੱਗਦਾ ਸੀ ਕਿ ਭਾਰਤ ਵਿੱਚ ਉਨ੍ਹਾਂ ਦਾ ਪੁਰਾਣਾ ਰੁਤਬਾ ਬਰਕਰਾਰ ਨਹੀਂ ਰਹਿ ਸਕੇਗਾ।
ਮੁਸ਼ੀਰੁਲ ਹਸਨ, ਪਾਪਿਆ ਘੋਸ਼ ਅਤੇ ਵਨਿਤਾ ਦਾਮੋਦਰਨ ਜਿਹੇ ਕਈ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ 1937 ਵਿੱਚ ਕਾਂਗਰਸ ਦੀ ਅਗਵਾਈ ਵਿੱਚ ਜਦੋਂ ਸਰਕਾਰ ਬਣੀ ਤਾਂ ਹਿੰਦੂਆਂ ਅਤੇ ਮੁਸਲਮਾਨਾਂ, ਦੋਵੇਂ ਪਾਸੇ ਦੇ ਫਿਰਕੂ ਅਨਸਰਾਂ ਵਿੱਚ ਸੱਤਾ ਦੇ ਵੱਡੇ ਹਿੱਸੇ 'ਤੇ ਕਬਜ਼ਾ ਕਰਨ ਦੀ ਹੋੜ ਲੱਗੀ ਹੋਈ ਸੀ, ਜੋ 1940 ਤੋਂ ਬਾਅਦ ਲਗਾਤਾਰ ਵਧਦੀ ਗਈ।
ਜਦੋਂ ਕਾਂਗਰਸ ਨਾਲ ਜੁੜੇ ਮੁਸਲਮਾਨ ਖੁਦ ਨੂੰ ਅਲੱਗ-ਥਲੱਗ ਮਹਿਸੂਸ ਕਰਨ ਲੱਗੇ ਤਾਂ ਜਿਨਾਹ ਦੀ ਮੁਸਲਿਮ ਲੀਗ ਨੇ ਆਪਣੀ ਸਿਆਸਤ ਚਮਕਾਉਣ ਦੇ ਲਈ ਇਸ ਦਾ ਪੂਰਾ ਫਾਇਦਾ ਚੁੱਕਿਆ।

ਤਸਵੀਰ ਸਰੋਤ, Getty Images
ਗੌਰ ਕਰਨ ਵਾਲੀ ਗੱਲ ਹੈ ਕਿ ਅੰਗਰੇਜ਼ਾਂ ਨੇ ਮੁਸਲਿਮ ਲੀਗ ਅਤੇ ਹਿੰਦੂ ਮਹਾਂਸਭਾ ਦੋਵਾਂ ਨੂੰ ਉਕਸਾਇਆ ਕਿਉਂਕਿ ਉਹ ਉਨ੍ਹਾਂ ਦੇ ਨਾਲ ਨਹੀਂ ਲੜ ਰਹੇ ਸਨ ਜਦਕਿ 1942 ਵਿੱਚ 'ਭਾਰਤ ਛੱਡੋ ਅੰਦੋਲਨ' ਦੌਰਾਨ ਤਕਰੀਬਨ ਸਾਰੇ ਵੱਡੇ ਕਾਂਗਰਸੀ ਨੇਤਾਵਾਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਸੀ, ਅਜਿਹੇ ਵਿੱਚ ਫਿਰਕੂ ਲੋਕਾਂ ਨੂੰ ਸੁਨਹਿਰਾ ਮੌਕਾ ਮਿਲਿਆ।
ਜੇ ਤੁਸੀਂ ਸਮਝਦੇ ਹੋ ਕਿ ਮੁਸਲਿਮ ਲੀਗ ਅਤੇ ਹਿੰਦੂ ਮਹਾਂਸਭਾ ਦੇ ਵਿਚਾਲੇ ਕੋਈ ਝਗੜਾ ਸੀ ਤਾਂ ਤੁਹਾਨੂੰ ਇਹ ਜ਼ਰੂਰ ਜਾਣਨਾ ਪਵੇਗਾ ਕਿ ਜਦੋਂ ਕਾਂਗਰਸ ਦੇ ਨੇਤਾ ਜੇਲ੍ਹ ਵਿੱਚ ਸਨ ਤਾਂ ਬੰਗਾਲ, ਸੂਬਾ ਸਰਹਿੰਦ ਅਤੇ ਸਿੰਧ ਵਿੱਚ ਉਹ ਮਿਲ ਕੇ ਸਰਕਾਰਾਂ ਚਲਾ ਰਹੇ ਸਨ।
ਇਸ ਨਾਲ ਉਨ੍ਹਾਂ ਦੀ ਫਿਰਕੂ ਸਿਆਸਤ ਹੋਰ ਮਜ਼ਬੂਤ ਹੋਈ ਅਤੇ ਗਾਂਧੀ-ਨਹਿਰੂ ਨੇ ਜੋ ਹਿੰਦੂ-ਮੁਸਲਿਮ ਏਕਤਾ ਦੀ ਨੀਂਹ ਰੱਖੀ ਸੀ ਉਹ ਵੀ ਕਮਜ਼ੋਰ ਹੋ ਗਈ।
ਸਮਾਜਵਾਦੀ ਨੇਤਾ ਰਾਮ ਮਨੋਹਰ ਲੋਹੀਆ ਨੇ ਆਪਣੀ ਕਿਤਾਬ 'ਗਿਲਟੀ ਮੈਨ ਆਫ ਪਾਰਟੀਸ਼ਨ' ਵਿੱਚ ਲਿਖਿਆ ਹੈ ਕਿ ਕਈ ਵੱਡੇ ਕਾਂਗਰਸੀ ਨੇਤਾ ਜਿਨ੍ਹਾਂ ਵਿੱਚ ਨਹਿਰੂ ਵੀ ਸ਼ਾਮਿਲ ਸਨ, ਸੱਤਾ ਦੇ ਭੁੱਖੇ ਸਨ ਜਿਨ੍ਹਾਂ ਦੇ ਕਾਰਨ ਦੇਸ ਦੀ ਵੰਡ ਹੋਈ।
(ਇਹ ਇਹ ਰਿਪੋਰਟ ਪਹਿਲੀ ਵਾਰ ਸਾਲ 2018 ਵਿੱਚ ਛਾਪੀ ਗਈ ਸੀ)
(ਬੀਬੀਸੀ ਪੰਜਾਬੀ ਨਾਲ FACEBOOK , INSTAGRAM , TWITTER , WhatsApp ਅਤੇ YouTube 'ਤੇ ਜੁੜੋ।)












