1947 ਦੀ ਵੰਡ: ਭਗਤ ਸਿੰਘ ਦੀ ਭੈਣ ਤੋਂ ਗੁਰਮੁਖੀ ਸਿੱਖਣ ਵਾਲੇ ਹੁਸੈਨ ਨੇ ਸੁਣਾਈਆਂ ਭਗਤ ਸਿੰਘ ਦੇ ਪਿੰਡ ਦੀਆਂ ਬਾਤਾਂ

ਦਿੱਲੀ ਤੋਂ ਪਾਕਿਸਤਾਨ ਰਵਾਨਾ ਹੁੰਦੀ ਹੋਈ ਟਰੇਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਿੱਲੀ ਤੋਂ ਪਾਕਿਸਤਾਨ ਰਵਾਨਾ ਹੁੰਦੀ ਹੋਈ ਟਰੇਨ
    • ਲੇਖਕ, ਮੋਨਾਅ ਰਾਣਾ
    • ਰੋਲ, ਬੀਬੀਸੀ ਪੰਜਾਬੀ ਲਈ

ਪਾਕਿਸਤਾਨੀ ਪੰਜਾਬ ਦੇ ਬਾਬੇ 73 ਵਰ੍ਹੇ ਗੁਜ਼ਰ ਜਾਣ ਦੇ ਬਾਵਜੂਦ ਨਾ ਤਾਂ ਵੰਡ ਵੇਲੇ ਹੋਣ ਵਾਲੇ ਜ਼ੁਲਮਾਂ ਦਾ ਦੁੱਖ ਭੁੱਲ ਸਕੇ ਹਨ ਤੇ ਨਾ ਹੀ ਵੰਡ ਤੋਂ ਪਹਿਲਾਂ ਦੀਆਂ ਮੁਹੱਬਤਾਂ ਨੂੰ ਭੁਲਾ ਸਕੇ ਹਨ।

ਵੰਡ ਵੇਲੇ ਜਿਹੜੇ ਲੋਕ ਜਵਾਨ ਸਨ ਉਨ੍ਹਾਂ ਵਿਚੋਂ ਤਾਂ ਸ਼ਾਇਦ ਹੀ ਕੋਈ ਇਸ ਦੁਨੀਆਂ ਵਿਚ ਹੋਵੇਗਾ ਪਰ ਕੁਝ ਲੋਕ ਜਿਨ੍ਹਾਂ ਦੀਆਂ ਉਮਰਾਂ ਵੰਡ ਵੇਲੇ ਦਸ ਤੋਂ ਪੰਦਰਾ ਵਰ੍ਹਿਆਂ ਦੀ ਸੀ, ਉਨ੍ਹਾਂ ਨੂੰ ਉਹ ਸਾਰਾ ਵੇਲਾ ਯਾਦ ਵੀ ਹੈ ਤੇ ਉਹ ਇਸ ਵੇਲੇ ਨੂੰ ਯਾਦ ਕਰ ਕੇ ਰੋਂਦੇ ਵੀ ਹਨ।

ਸਾਲ 2018 ਵਿੱਚ ਪੰਜਾਬੀ ਲਹਿਰ ਨਾਮੀ ਇਕ ਤਨਜ਼ੀਮ ਨੇ ਆਜ਼ਾਦੀ ਦੇ ਦਿਹਾੜੇ ਮੌਕੇ ਇਨ੍ਹਾਂ ਬਾਬਿਆਂ ਨੂੰ ਫ਼ੈਸਲਾਬਾਦ ਇਕੱਠਾ ਕੀਤਾ ਸੀ। ਇਸ ਮੌਕੇ ਦਾ ਫ਼ਾਇਦਾ ਚੁੱਕਦੇ ਹੋਏ ਮੈਂ ਨੇ ਉਨ੍ਹਾਂ ਨਾਲ਼ ਗੱਲਬਾਤ ਕੀਤੀ ਸੀ।

'ਬਰਛੀ ਦਾ ਨਿਸ਼ਾਨ ਅੱਜ ਵੀ ਮੌਜੂਦ ਹੈ'

ਮੁਹੰਮਦ ਜਮੀਲ ਖ਼ਾਨ ਕੋਈ ਦਸ ਵਰ੍ਹਿਆਂ ਦੇ ਸਨ ਜਦੋਂ ਵੰਡ ਹੋਈ। ਉਹ ਦੱਸਦੇ ਹਨ ਕਿ ਇਹੀ ਕੋਈ ਸਾਉਣ-ਭਾਦੋਂ ਦਾ ਮੌਸਮ ਸੀ ਤੇ ਕੋਈ ਰਾਤ ਦੇ 9-10 ਵਜੇ ਸਨ।

ਉਨ੍ਹਾਂ ਦੇ ਪਿੰਡ 'ਤੇ ਹਮਲਾ ਹੋਇਆ। ਪਹਿਲਾਂ ਤਾਂ ਉਨ੍ਹਾਂ ਨੇ ਔਰਤਾਂ ਨੂੰ ਕਿਹਾ ਕਿ ਉਹ ਅਪਣਾ ਸਾਮਾਨ ਤੇ ਗਹਿਣੇ ਉਨ੍ਹਾਂ ਦੇ ਹਵਾਲੇ ਕਰ ਦੇਣ। ਫ਼ਿਰ ਉਨ੍ਹਾਂ ਨੇ ਔਰਤਾਂ ਦੀਆਂ ਇੱਜ਼ਤਾਂ 'ਤੇ ਹਮਲਾ ਕਰ ਦਿੱਤਾ। ਔਰਤਾਂ ਆਪਣੀ ਇੱਜ਼ਤ ਬਚਾਉਣ ਲਈ ਭੱਜ ਗਈਆਂ ਤੇ ਕਈ ਔਰਤਾਂ ਨੂੰ ਮਾਰਿਆ ਗਿਆ।

ਜਮੀਲ ਖ਼ਾਨ

ਤਸਵੀਰ ਸਰੋਤ, MONAA RANA/BBC

ਤਸਵੀਰ ਕੈਪਸ਼ਨ, ਜਮੀਲ ਖ਼ਾਨ ਨੂੰ ਮੁੜ ਵਸੇਬਾ ਕਰਦਿਆਂ ਕਈ ਸਾਲ ਲੱਗ ਗਏ

ਜਮੀਲ ਖ਼ਾਨ ਨੇ ਨਮ ਅੱਖਾਂ ਨਾਲ ਅਤੇ ਰੋਂਦੀ ਹੋਈ ਆਵਾਜ਼ ਵਿੱਚ ਦੱਸਿਆ ਕਿ ਜਦੋਂ ਕਤਲੋਗ਼ਾਰਤ ਸ਼ੁਰੂ ਹੋਈ ਤੇ ਮਰਨ ਵਾਲਿਆਂ ਵਿੱਚ ਉਨ੍ਹਾਂ ਦੇ ਮਾਪੇ ਵੀ ਸ਼ਾਮਿਲ ਸਨ ਅਤੇ ਉਨ੍ਹਾਂ ਨੂੰ ਵੀ ਬਰਛੀ ਲੱਗੀ ਸੀ ਜਿਸਦਾ ਨਿਸ਼ਾਨ ਅੱਜ ਵੀ ਮੌਜੂਦ ਹੈ।

ਜਮੀਲ ਖ਼ਾਨ ਦੱਸਦੇ ਹਨ ਕਿ ਇੱਕ ਬਜ਼ੁਰਗ ਨੇ ਉਨ੍ਹਾਂ ਦੇ ਜ਼ਖ਼ਮਾਂ 'ਤੇ ਪੱਟੀ ਕੀਤੀ ਤੇ ਦੋ ਤਿੰਨ ਦਿਨ ਬਾਅਦ ਜਦੋਂ ਉਹ ਤੁਰਨ ਦੇ ਕਾਬਲ ਹੋਏ ਤੇ ਉਹ ਰਿਆਸਤ ਮਾਲੇਰਕੋਟਲਾ ਵਿੱਚ ਅਪਣੇ ਵੱਡੇ ਭਰਾ ਕੋਲ ਚਲੇ ਗਏ ਜਿੱਥੇ ਉਹ ਵਿਆਹਿਆ ਹੋਇਆ ਸੀ। ਇੱਕ ਸਾਲ ਉਥੇ ਰਹਿ ਕੇ ਉਹ ਪਾਕਿਸਤਾਨ ਆ ਗਏ।

'ਕੌਮਾਂ ਵਿਚਾਲੇ ਪਿਆਰ ਸੀ'

ਜਮੀਲ ਖ਼ਾਨ ਵੰਡ ਤੋਂ ਪਹਿਲਾਂ ਦਾ ਵੇਲਾ ਯਾਦ ਕਰਦੇ ਹੋਏ ਦੱਸਦੇ ਨੇ ਕਿ ਉਹ ਬੜਾ ਸੋਹਣਾ ਵੇਲਾ ਸੀ। ਕੋਈ ਪ੍ਰੇਸ਼ਾਨੀ ਨਹੀਂ ਸੀ ਉਨ੍ਹਾਂ ਦਾ ਸਾਰਾ ਪਿੰਡ ਮੁਸਲਮਾਨਾਂ ਦਾ ਸੀ ਤੇ ਨਾਲ ਦੇ ਪਿੰਡਾਂ ਵਿਚ ਸਿੱਖ ਤੇ ਹਿੰਦੂ ਵਸਦੇ ਸਨ।

ਇਹ ਵੀ ਪੜ੍ਹੋ꞉

ਬੱਚੇ ਸਾਰੇ ਇਕੋ ਸਕੂਲ ਵਿੱਚ ਪੜ੍ਹਦੇ ਸਨ ਤੇ ਉਨ੍ਹਾਂ ਦੇ ਸਿੱਖ ਮੁਸਲਮਾਨ ਹਿੰਦੂ ਸਾਰੇ ਦੋਸਤ ਸਨ। ਜਦੋਂ ਮੁਸਲਮਾਨਾਂ ਦੇ ਪਿੰਡ ਵਿਚ ਕੋਈ ਵਿਆਹ, ਸ਼ਾਦੀ, ਖ਼ੁਸ਼ੀ ਗ਼ਮੀ ਜਾਂ ਤਿਉਹਾਰ ਹੁੰਦਾ ਸੀ ਤਾਂ ਨਾਲ ਦੇ ਪਿੰਡਾਂ ਦੇ ਸਿੱਖ ਤੇ ਹਿੰਦੂ ਸ਼ਰੀਕ ਹੁੰਦੇ ਸਨ। ਸਾਡੀਆਂ ਔਰਤਾਂ ਵੀ ਆਪਸ ਵਿਚ ਮਿਲਦੀਆਂ ਸਨ ਤੇ ਵਿਆਹ ਸ਼ਾਦੀ 'ਤੇ ਆਉਂਦੀਆਂ ਜਾਂਦੀਆਂ ਸਨ।

ਜਮੀਲ ਖ਼ਾਨ ਕਹਿੰਦੇ ਹਨ, "ਅਸੀਂ ਤਾਂ ਮਿਲ-ਜੁਲ ਕੇ ਬੜਾ ਵਧੀਆ ਰਹਿ ਰਹੇ ਸੀ। ਇਹ ਹਿੰਦੂ ਮੁਸਲਮਾਨਾਂ ਦਾ ਰੌਲ਼ਾ ਤਾਂ ਵੱਡੇ ਲੋਕਾਂ ਯਾਨੀ ਸਿਆਸਤਦਾਨਾਂ ਦਾ ਸੀ।''

The driver of a special train leaving New Delhi Station to relocate six hundred Muslim residents of Delhi to Pakistan following the partition of India, August 1947

ਤਸਵੀਰ ਸਰੋਤ, Keystone Features/Hulton Archive/Getty Images

ਤਸਵੀਰ ਕੈਪਸ਼ਨ, ਅਗਸਤ 1947 ਵੇਲੇ ਦਿੱਲੀ ਤੋਂ ਇੱਕ ਸਪੈਸ਼ਲ ਟਰੇਨ ਲਾਹੌਰ ਵਾਸਤੇ ਰਵਾਨਾ ਹੁੰਦੀ ਹੋਈ

ਉਨ੍ਹਾਂ ਨੇ ਕਿਹਾ ਕਿ ਸਾਡੇ ਪਿੰਡ 'ਤੇ ਹਮਲਾ ਕਰਨ ਵਾਲਿਆਂ ਵਿਚ ਕੋਈ ਸਾਡੇ ਪਿੰਡ ਦਾ ਜਾਣੂ ਬੰਦਾ ਸ਼ਾਮਿਲ ਨਹੀਂ ਸੀ। ਉਹ ਕੋਈ ਬਾਹਰ ਦੇ ਬੰਦੇ ਸਨ ਜਿਹੜੇ ਜੱਥੇ ਬਣਾ ਕੇ ਲੁੱਟਮਾਰ ਤੇ ਕਤਲੋਗ਼ਾਰਤ ਕਰਦੇ ਸਨ।

ਜਮੀਲ ਖ਼ਾਨ ਨੇ ਬੜੇ ਦੁੱਖ ਨਾਲ ਕਿਹਾ ਕਿ ਕੀ ਲੋੜ ਸੀ ਵੰਡ ਕਰਨ ਦੀ ਜੇ ਕਰਨੀ ਵੀ ਸੀ ਤੇ ਕਿਸੇ ਚੰਗੇ ਤਰੀਕੇ ਨਾਲ ਕਰਦੇ ਤਾਂ ਕਿ ਇਹ ਕਤਲੋਗ਼ਾਰਤ ਨਾ ਹੁੰਦੀ।

ਜਮੀਲ ਖ਼ਾਨ ਕਹਿੰਦੇ ਨੇ ਕਿ ਪਾਕਿਸਤਾਨ ਆਉਣ ਤੋਂ ਬਾਅਦ ਵੀ ਉਹ ਬੜਾ ਰੁਲੇ ਤੇ ਬੜੇ ਧੱਕੇ ਖਾਧੇ ਅਤੇ ਬੜੀਆਂ ਮੁਸ਼ਕਲਾਂ ਨਾਲ ਕੋਈ ਪੰਦਰਾ ਵਰ੍ਹਿਆਂ ਵਿੱਚ ਉਨ੍ਹਾਂ ਦਾ ਉਥੇ ਵਸੇਬਾ ਹੋਇਆ ਸੀ।

ਜਮੀਲ ਖ਼ਾਨ ਦਾ ਵਿਆਹ ਵੀ ਰਿਆਸਤ ਮਾਲੇਰਕੋਟਲਾ ਵਿੱਚ ਹੋਇਆ ਸੀ। ਉਹ ਵਹੁਟੀ ਲਿਆਉਣ ਵਾਸਤੇ ਭਾਰਤ ਗਏ ਸਨ।

ਉਹ ਤੇ ਉਨ੍ਹਾਂ ਦੀ ਵਹੁਟੀ ਬਾਅਦ ਵਿੱਚ ਵੀ ਰਿਸ਼ਤੇਦਾਰਾਂ ਨੂੰ ਮਿਲਣ ਆਂਦੇ ਜਾਂਦੇ ਰਹੇ ਹਨ ਪਰ ਕੋਈ 20 ਵਰ੍ਹਿਆਂ ਤੋਂ ਵੀਜ਼ੇ ਦੀਆਂ ਮੁਸ਼ਕਲਾਂ ਕਾਰਨ ਆਉਣਾ-ਜਾਣਾ ਔਖਾ ਹੋ ਗਿਆ।

ਜਮੀਲ ਖ਼ਾਨ ਕਹਿੰਦੇ ਨੇ, "ਉਨ੍ਹਾਂ ਨੂੰ ਸਰਹੱਦ ਪਾਰ ਵਸਣ ਵਾਲਿਆਂ ਨਾਲ ਕੋਈ ਗਿਲਾ ਜਾਂ ਨਫ਼ਰਤ ਨਹੀਂ ਪਰ ਉਹ ਆਪਣੇ ਦੇਸ ਨਾਲੋਂ ਵਿਛੜਨ ਦਾ ਦੁੱਖ ਨਹੀਂ ਭੁੱਲ ਸਕਦੇ।

ਉਹ ਫ਼ਿਰ ਵੀ ਚਾਹੁੰਦੇ ਹਨ ਕਿ ਦੋਵਾਂ ਦੇਸਾਂ ਵਿੱਚ ਆਉਣ-ਜਾਣ ਦੀ ਇਜਾਜ਼ਤ ਹੋਵੇ ਤੇ ਖ਼ਾਸ ਤੌਰ 'ਤੇ ਪੰਜਾਬੀਆਂ ਨੂੰ ਜਿਨ੍ਹਾਂ ਦੀ ਰਹਿਤਲ ਤੇ ਬੋਲੀ ਇਕੋ ਜਿਹੀ ਹੈ।

'ਅਸੀਂ ਵੀ ਭਗਤ ਸਿੰਘ ਜ਼ਿੰਦਾਬਾਦ ਦੇ ਨਾਅਰੇ ਲਾਏ'

ਇਸੇ ਇਕੱਠ ਵਿਚ ਇਕ ਬਜ਼ੁਰਗ ਮੁਹੰਮਦ ਹੁਸੈਨ ਸੀ। ਉਹ ਬੰਗਾ ਦੇ ਰਹਿਣ ਵਾਲੇ ਸਨ ਜਿਹੜਾ ਕਿ ਜੜਾਂਵਾਲਾ ਤਹਿਸੀਲ ਦਾ ਉਹ ਪਿੰਡ ਹੈ ਜਿੱਥੇ ਆਜ਼ਾਦੀ ਦੇ ਮਤਵਾਲੇ ਭਗਤ ਸਿੰਘ ਦਾ ਜਨਮ ਹੋਇਆ ਸੀ।

ਮੁਹੰਮਦ ਹੁਸੈਨ

ਤਸਵੀਰ ਸਰੋਤ, MONAA RANA/BBC

ਤਸਵੀਰ ਕੈਪਸ਼ਨ, ਮੁਹੰਮਦ ਹੁਸੈਨ ਅਨੁਸਾਰ ਉਨ੍ਹਾਂ ਦਾ ਭਗਤ ਸਿੰਘ ਦੇ ਪਰਿਵਾਰ ਨਾਲ ਕਾਫੀ ਪਿਆਰ ਸੀ

ਮੁਹੰਮਦ ਹੁਸੈਨ ਦੱਸਦੇ ਹਨ, "ਉਸ ਜ਼ਮਾਨੇ ਵਿਚ ਅਸੀਂ ਸਾਰੇ ਆਪਸ ਵਿਚ ਬੜੇ ਪਿਆਰ ਮੁਹੱਬਤ ਨਾਲ ਰਹਿੰਦੇ ਸੀ।

ਮੁਹੰਮਦ ਹੁਸੈਨ ਨੂੰ ਯਾਦ ਹੈ ਕਿ ਭਗਤ ਸਿੰਘ ਦੀ ਫਾਂਸੀ 'ਤੇ ਹਰ ਬੰਦਾ ਰੋ ਰਿਹਾ ਸੀ ਭਾਵੇਂ ਉਹ ਸਿੱਖ ਸੀ ਜਾਂ ਮੁਸਲਮਾਨ।

ਸਭ ਇੱਕੋ ਨਾਅਰਾ ਲਗਾ ਰਹੇ ਸੀ ਬਰਤਾਨੀਆ ਸਰਕਾਰ ਮੁਰਦਾਬਾਦ ਤੇ ਭਗਤ ਸਿੰਘ ਜ਼ਿੰਦਾਬਾਦ।

ਮੁਹੰਮਦ ਹੁਸੈਨ ਦੱਸਦੇ ਹਨ, "ਬੰਗਾ ਪਿੰਡ ਵਿਚ ਮੁਸਲਮਾਨਾਂ ਦੇ ਬਸ ਦਸ ਗਿਆਰਾਂ ਖ਼ਾਨਦਾਨ ਸਨ ਤੇ ਸਾਰੇ ਭਗਤ ਸਿੰਘ ਦੀ ਫਾਂਸੀ ਤੋਂ ਦੁਖੀ ਸਨ। ਇਸ ਵੇਲੇ ਨੂੰ ਯਾਦ ਕਰਦੇ ਹੋਏ ਬਾਬਾ ਮੁਹੰਮਦ ਹੁਸੈਨ ਨੇ ਦੱਸਿਆ ਕਿ ਭਗਤ ਸਿੰਘ ਦੀ ਫਾਂਸੀ ਨੇ ਸਭ ਨੂੰ ਇਕੱਠਾ ਕਰ ਦਿੱਤਾ।

ਇਹ ਵੀ ਪੜ੍ਹੋ꞉

"ਚੇਤ ਦੀ ਦਸ ਤਾਰੀਖ਼ ਨੂੰ ਜਦੋਂ ਭਗਤ ਸਿੰਘ ਦਾ ਮੇਲ਼ਾ ਹੁੰਦਾ ਸੀ ਤੇ ਉਸਦੇ ਵਿਚ ਦੂਰ-ਨਜ਼ਦੀਕ ਦੇ ਸਾਰੇ ਜ਼ਿਲ੍ਹਿਆਂ ਤੋਂ ਹਜ਼ਾਰਾਂ ਦੀ ਤਾਦਾਦ ਵਿੱਚ ਹਰ ਮਜ਼੍ਹਬ ਤੇ ਜਾਤੀ ਦੇ ਲੋਕ ਸ਼ਰੀਕ ਹੁੰਦੇ ਸਨ।''

ਮੁਹੰਮਦ ਹੁਸੈਨ ਦੱਸਦੇ ਹਨ, "ਅਸੀਂ ਤਾਂ ਆਪਣੇ ਪਿੰਡ ਬੰਗੇ ਵਿਚ ਬੜੇ ਪਿਆਰ ਮੁਹੱਬਤ ਤੇ ਆਰਾਮ ਨਾਲ ਰਹਿੰਦੇ ਸੀ। ਉਥੋਂ ਦੇ ਹਿੰਦੂ ਤੇ ਸਿੱਖ ਸਾਡੇ ਨਾਲੋਂ ਤਗੜੇ ਤੇ ਅਮੀਰ ਸਨ ਪਰ ਫ਼ਿਰ ਵੀ ਸਾਡਾ ਆਪਸ ਵਿਚ ਬੜਾ ਪਿਆਰ ਸੀ।''

'ਭਗਤ ਸਿੰਘ ਦਾ ਪਰਿਵਾਰ ਸਭ ਕੁਝ ਸਾਡੇ ਲਈ ਛੱਡ ਗਿਆ'

ਮੁਹੰਮਦ ਹੁਸੈਨ ਨੇ ਦੱਸਿਆ, "ਭਗਤ ਸਿੰਘ ਦੇ ਭਰਾਵਾਂ ਤੇ ਪਰਿਵਾਰ ਵਾਲਿਆਂ ਨੂੰ ਖ਼ਬਰ ਸੀ ਕਿ ਵੰਡ ਦੇ ਨਤੀਜੇ ਵਜੋਂ ਇੱਥੋਂ ਦੇ ਸਿੱਖ ਤੇ ਹਿੰਦੂਆਂ ਨੂੰ ਭਾਰਤੀ ਪੰਜਾਬ ਜਾਣਾ ਪਵੇਗਾ ਅਤੇ ਉਥੋਂ ਦੇ ਮੁਸਲਮਾਨਾਂ ਨੂੰ ਇਥੇ ਆਉਣਾ ਪਵੇਗਾ।''

"ਭਗਤ ਸਿੰਘ ਦੇ ਭਰਾਵਾਂ ਨੇ ਪਿੰਡ ਦੇ ਸਭ ਲੋਕਾਂ ਨੂੰ ਦੱਸਿਆ ਪਰ ਕੋਈ ਜਾਣ ਨੂੰ ਤਿਆਰ ਨਹੀਂ ਸੀ ਤੇ ਫ਼ਿਰ ਭਗਤ ਸਿੰਘ ਦੇ ਪਰਿਵਾਰ ਵਾਲੇ ਤਾਂ ਮਹੀਨਾ ਪਹਿਲਾਂ ਹੀ ਚਲੇ ਗਏ ਪਰ ਬਾਕੀ ਲੋਕ ਨਹੀਂ ਗਏ। ਪਰ ਜਦੋਂ ਹਾਲਾਤ ਖ਼ਰਾਬ ਹੋਏ ਤਾਂ ਉਨ੍ਹਾਂ ਨੂੰ ਵੀ ਜਾਣਾ ਪਿਆ।''

Muslim League National Guards on a platform at a railway station in New Delhi, India, August 1947. They are helping with the departure of six hundred Muslim residents of Delhi to Karachi, Pakistan on a special train

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੁਸਲਿਮ ਲੀਗ ਨੈਸ਼ਨਲ ਗਾਰਡਜ਼ ਦੇ ਜਵਾਨ ਮੁਸਲਮਾਨਾਂ ਨੂੰ ਸਪੈਸ਼ਲ ਟਰੇਨ ਰਾਹੀਂ ਪਾਕਿਸਤਾਨ ਲੈ ਜਾਂਦੇ ਹੋਏ

ਮੁਹੰਮਦ ਹੁਸੈਨ ਕਹਿੰਦੇ ਹਨ, "ਅਸੀਂ ਉਨ੍ਹਾਂ ਦੇ ਮੁਜਾਰੇ ਸੀ ਇਸ ਲਈ ਉਨ੍ਹਾਂ ਨੇ ਮੇਰੇ ਬਾਪ ਨੂੰ ਬੁਲਾ ਕਿ ਕਿਹਾ, "ਅਸੀਂ ਤੇ ਇਥੋਂ ਜਾ ਰਹੇ ਹਾਂ ਜੇ ਤੁਸੀਂ ਇਸ ਪਿੰਡ ਵਿੱਚ ਰਹਿਣਾ ਹੈ ਤਾਂ ਸਭ ਕੁਝ ਖੁੱਲ੍ਹਾ ਹੈ, ਅਨਾਜ ਵੀ ਹੈ।

ਪਰ ਮੁਹੰਮਦ ਹੁਸੈਨ ਦੇ ਪਿਓ ਨੇ ਕਿਹਾ, "ਸਾਨੂੰ ਤਾਂ ਤੁਹਾਡੀ ਲੋੜ ਹੈ ਤੁਸੀਂ ਨਾ ਜਾਓ।''

ਪਰ ਰੋਜ਼ ਵਿਗੜਦੇ ਹੋਏ ਹਾਲਾਤ ਕਾਰਨ ਉਹ ਚਲੇ ਗਏ। ਮੁਹੰਮਦ ਹੁਸੈਨ ਕਹਿੰਦੇ ਨੇ ਕਿ ਉਨ੍ਹਾਂ ਦੇ ਪਿੰਡ ਵਿੱਚ ਤਾਂ ਕੋਈ ਖ਼ੂਨ-ਖ਼ਰਾਬਾ ਨਹੀਂ ਹੋਇਆ।

ਉਨ੍ਹਾਂ ਦੱਸਿਆ, "ਜਦੋਂ ਸਾਡੇ ਜ਼ਿਮੀਂਦਾਰ ਆਪਣੇ ਘਰ-ਬਾਰ ਛੱਡ ਕੇ ਚਲੇ ਗਏ ਤੇ ਮੇਰੇ ਪਿਤਾ ਜੀ ਨੇ ਵੀ ਪਿੰਡ ਛੱਡਣ ਦਾ ਫ਼ੈਸਲਾ ਕੀਤਾ।''

"ਜਦੋਂ ਅਸੀਂ ਕੁਝ ਮੀਲ ਦੂਰ ਗਏ ਤੇ ਅਸੀਂ ਬਹੁਤ ਸਾਰੇ ਸਿੱਖਾਂ ਦੀਆਂ ਲਾਸ਼ਾਂ ਵੇਖੀਆਂ। ਉਹ ਦੇਖ ਕੇ ਸਾਨੂੰ ਬੜਾ ਦੁੱਖ ਲੱਗਾ ਤੇ ਅਸੀਂ ਵਾਪਸ ਆਪਣੇ ਪਿੰਡ ਆ ਗਏ।''

'ਮੈਂ ਭਗਤ ਸਿੰਘ ਦੀ ਭੈਣ ਤੋਂ ਗੁਰਮੁਖੀ ਪੜ੍ਹਦਾ ਸੀ'

ਵੰਡ ਤੋਂ ਪਹਿਲੇ ਦੇ ਵੇਲੇ ਨੂੰ ਯਾਦ ਕਰਦੇ ਹੋਏ ਮੁਹੰਮਦ ਹੁਸੈਨ ਕਹਿੰਦੇ ਹਨ, "ਉਹ ਬੜਾ ਚੰਗਾ ਵੇਲਾ ਸੀ ਅਸੀਂ ਬੜੇ ਪਿਆਰ ਮੁਹੱਬਤ ਨਾਲ਼ ਰਹਿੰਦੇ ਸੀ। ਸਿੱਖ ਮੁਸਲਮਾਨ ਸਾਰੇ ਨੌਜਵਾਨ ਇਕੱਠੇ ਸ਼ਰਾਬਾਂ ਪੀਂਦੇ ਸਨ।''

"ਇੱਕ ਦੂਜੇ ਦੇ ਘਰ ਖਾਂਦੇ ਪੀਂਦੇ ਸਨ ਤੇ ਤਿਉਹਾਰਾਂ ਵਿੱਚ ਇਕੱਠੇ ਖ਼ੁਸ਼ੀਆਂ ਮਨਾਉਂਦੇ ਸਨ। ਸਾਨੂੰ ਤਾਂ ਯਾਦ ਨਹੀਂ ਕਿ ਕਦੀ ਸਾਡੇ ਵਿਚਾਲੇ ਕੋਈ ਲੜਾਈ ਝਗੜਾ ਹੋਇਆ ਹੋਵੇ।''

ਆਜ਼ਾਦੀ ਦੇ ਐਲਾਨ ਤੋਂ ਬਾਅਦ ਪੂਰੇ ਪੰਜਾਬ ਵਿੱਚ ਹਿੰਸਾ ਫੈਲ ਗਈ ਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਜ਼ਾਦੀ ਦੇ ਐਲਾਨ ਤੋਂ ਬਾਅਦ ਪੂਰੇ ਪੰਜਾਬ ਵਿੱਚ ਹਿੰਸਾ ਫੈਲ ਗਈ ਸੀ

ਬਾਬੇ ਮੁਹੰਮਦ ਹੁਸੈਨ ਨੇ ਹੋਰ ਵੀ ਕਈ ਮਜ਼ੇਦਾਰ ਯਾਦਾਂ ਦੀ ਪਿਟਾਰੀ ਖੋਲ੍ਹੀ ਤੇ ਦੱਸਿਆ, "ਨਿੱਕੇ ਹੁੰਦੇ ਮੈਂ ਭਗਤ ਸਿੰਘ ਦੀ ਵੱਡੀ ਭੈਣ ਦੇ ਘਰ ਜਾ ਕੇ ਗੁਰਮੁਖੀ ਦਾ ਕਾਇਦਾ ਪੜ੍ਹਦਾ ਹੁੰਦਾ ਸੀ।''

"ਪਰ ਜਦੋਂ ਮੇਰੇ ਪਿਓ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਮੈਨੂੰ ਮਨ੍ਹਾਂ ਕੀਤਾ ਤੇ ਉਰਦੂ ਦਾ ਕਾਇਦਾ ਪੜ੍ਹਨ ਲਈ ਇਕ ਮਦਰੱਸੇ ਵਿੱਚ ਪਾ ਦਿੱਤਾ ਪਰ ਮੇਰਾ ਦਿਲ ਤੇ ਗੁਰਮੁਖੀ ਦਾ ਕਾਇਦਾ ਪੜ੍ਹਨ ਨੂੰ ਹੀ ਕਰਦਾ ਸੀ।''

"ਜਦੋਂ ਮੇਰੇ ਘਰ ਵਾਲਿਆਂ ਤੇ ਉਸਤਾਦ ਨੇ ਡਾਹਡਾ ਮਜਬੂਰ ਕੀਤਾ ਤਾਂ ਮੈਂ ਕਿਹਾ ਕਿ ਜੇ ਤੁਸੀਂ ਮੈਨੂੰ ਗੁਰਮੁਖੀ ਦਾ ਕਾਇਦਾ ਨਹੀਂ ਪੜ੍ਹਨ ਦੇਣਾ ਤਾਂ ਮੈਂ ਪੜ੍ਹਨਾ ਹੀ ਨਹੀਂ, ਤੇ ਫ਼ਿਰ ਮੈਂ ਪੜ੍ਹਾਈ ਹੀ ਛੱਡ ਦਿੱਤੀ।''

'ਬਿਆਸ ਕੰਢੇ ਚਾਰ ਚੁਫ਼ੇਰੇ ਲਾਸ਼ਾਂ ਦੇ ਢੇਰ ਦੇਖੇ'

ਦੋ ਭਰਾਵਾਂ ਦਾ ਕਤਲ ਤੇ ਇੱਕ ਭੈਣ ਨੂੰ ਚੁੱਕ ਕੇ ਲੈ ਜਾਣ ਦਾ ਦੁੱਖ ਜ਼ਿਲ੍ਹਾ ਜਲੰਧਰ ਦੇ ਪਿੰਡ ਫਗਵਾੜਾ ਦੇ ਰਹਿਣ ਵਾਲੇ ਮੁਹੰਮਦ ਸਦੀਕ ਨੇ ਉਦੋਂ ਝੱਲਿਆ ਜਦੋਂ ਉਹ ਕੇਵਲ 9 ਵਰ੍ਹਿਆਂ ਦਾ ਸੀ।

ਬਾਬਾ ਮੁਹੰਮਦ ਸਦੀਕ ਦੱਸਦੇ ਹਨ, "ਮਿਲਜੁਲ ਕੇ ਰਹਿੰਦੇ ਸੀ, ਕੋਈ ਝਗੜਾ ਨਹੀਂ ਸੀ ਤੇ ਪਿਆਰ-ਮੁਹੱਬਤ ਨਾਲ ਵੇਲਾ ਲੰਘ ਰਿਹਾ ਸੀ। ਵੰਡ ਦਾ ਰੌਲਾ ਪਿਆ ਤੇ ਪਤਾ ਲੱਗਿਆ ਕਿ ਰੱਦੋਬਦਲ ਹੋਣਾ ਹੈ।''

ਬਾਬਾ ਮੁਹੰਮਦ ਸਦੀਕ ਅਨੁਸਾਰ ਲੋਕ ਵੰਡ ਤੋਂ ਪਹਿਲਾਂ ਮਿਲਜੁਲ ਕੇ ਰਹਿੰਦੇ ਸਨ

ਤਸਵੀਰ ਸਰੋਤ, MONAA RANA/BBC

ਤਸਵੀਰ ਕੈਪਸ਼ਨ, ਬਾਬਾ ਮੁਹੰਮਦ ਸਦੀਕ ਅਨੁਸਾਰ ਲੋਕ ਵੰਡ ਤੋਂ ਪਹਿਲਾਂ ਮਿਲਜੁਲ ਕੇ ਰਹਿੰਦੇ ਸਨ

"ਉਥੋਂ ਦੇ ਮੁਸਲਮਾਨਾਂ ਨੇ ਪਾਕਿਸਤਾਨੀ ਪੰਜਾਬ ਜਾਣਾ ਹੈ ਤਾਂ ਉੱਥੇ ਵਾਲਿਆਂ ਨੇ ਇਧਰ ਆਉਣਾ ਹੈ। ਬਸ ਫ਼ਿਰ ਜਦੋਂ ਖ਼ਬਰ ਫੈਲੀ ਕਿ ਸਿੱਖਾਂ ਦੇ ਜਥੇ ਬਰਛੇ ਕੱਢ ਕੇ ਕਤਲੋਗ਼ਾਰਤ ਕਰਦੇ ਪਏ।''

"ਸਾਡੇ ਪਿੰਡ ਵਾਲਿਆਂ ਨੇ ਵੀ ਜਿਹੜਾ ਸਾਮਾਨ ਚੁੱਕ ਸਕਦੇ ਸੀ ਚੁੱਕਿਆ ਤੇ ਤੁਰ ਪਏ। ਪੈਦਲ ਤੁਰਦੇ-ਤੁਰਦੇ ਜਦੋਂ ਬਿਆਸ ਦਰਿਆ ਦੇ ਕੋਲ ਪਹੁੰਚੇ ਤਾਂ ਚਾਰ ਚੁਫ਼ੇਰੇ ਲਾਸ਼ਾਂ ਦੇ ਢੇਰ ਲੱਗੇ ਹੋਏ ਸਨ।''

ਹੰਝੂਆਂ ਵਿੱਚ ਦੱਬੀ ਆਵਾਜ਼ ਵਿਚ ਬਾਬੇ ਸਦੀਕ ਨੇ ਕਿਹਾ, ਅਸੀਂ ਸਾਰੇ ਤਾਂ ਭੈਣ-ਭਰਾਵਾਂ ਵਾਂਗ ਰਹਿੰਦੇ ਸੀ। ਨਾ ਜਾਣੇ ਕੀ ਹੋਇਆ ਕਿ ਉਹ ਸਾਡੇ ਖ਼ੂਨ ਦੇ ਪਿਆਸੇ ਹੋ ਗਏ।

ਉਨ੍ਹਾਂ ਨੇ ਦੱਸਿਆ, "ਬਿਆਸ ਦਰਿਆ ਦੇ ਕੰਢੇ ਤੁਰਦੇ ਹੋਏ ਕਈ ਦਿਨ ਹੋ ਗਏ ਸਨ। ਸਾਨੂੰ ਸਿੱਖਾਂ ਦੇ ਇਕ ਜਥੇ ਨੇ ਘੇਰ ਲਿਆ।''

ਫ਼ਿਰ ਉਨ੍ਹਾਂ 'ਤੇ ਗ਼ਮਾਂ ਦਾ ਪਹਾੜ ਟੁੱਟ ਪਿਆ। ਉਨ੍ਹਾਂ ਦੇ ਦੋ ਭਰਾ ਕਤਲ ਹੋ ਗਏ ਤੇ ਜਵਾਨ ਭੈਣ ਨੂੰ ਚੁੱਕ ਕੇ ਲੈ ਗਏ, ਬਾਪ ਜ਼ਖ਼ਮੀ ਹੋ ਗਿਆ। ਕਾਫ਼ੀ ਲੋਕ ਮਾਰੇ ਗਏ ਤੇ ਕਈਆਂ ਨੇ ਭੱਜ ਕੇ ਜਾਨ ਬਚਾਈ।

ਲੁੱਟੇ-ਪੁੱਟੇ ਉਹ ਲੋਕ ਤਿੰਨ ਦਿਨ ਦਾ ਸਫ਼ਰ ਕਰ ਕੇ ਕਸੂਰ ਦੀ ਸਰਹੱਦ 'ਤੇ ਪਹੁੰਚੇ।

ਪਾਕਿਸਤਾਨ ਵਿੱਚ ਵੀ ਸਨ ਚੁਣੌਤੀਆਂ

ਬਾਬ ਸਦੀਕ ਕਹਿੰਦੇ ਨੇ ਕਿ ਉਨ੍ਹਾਂ ਦੇ ਜ਼ਖ਼ਮ ਤਾਂ ਹੁਣ ਵੀ ਹਰੇ ਹਨ ਤੇ ਕਬਰ ਦੀਆਂ ਕੰਧਾਂ ਤੱਕ ਉਹ ਭੁੱਲ ਨਹੀਂ ਸਕਦੇ।

ਜਦੋਂ ਆਜ਼ਾਦੀ ਦਿਹਾੜੇ ਦੀਆਂ ਖ਼ੁਸ਼ੀਆਂ ਮਨਾਈਆਂ ਜਾਂਦੀਆਂ ਹਨ ਤੇ ਉਨ੍ਹਾਂ ਦੇ ਜ਼ਖ਼ਮ ਖੁੱਲ੍ਹ ਜਾਂਦੇ ਹਨ ਤੇ ਇੱਕ ਵਾਰੀ ਫ਼ਿਰ ਲਹੂ ਹੰਝੂਆਂ ਰਾਹੀਂ ਵਗਣ ਲੱਗ ਪੈਂਦਾ ਹੈ।

ਇਹ ਵੀ ਪੜ੍ਹੋ:-

ਬਾਬਾ ਸਦੀਕ ਦੱਸਦੇ ਹਨ ਕਿ ਪਾਕਿਸਤਾਨ ਆ ਕੇ ਵੀ ਉਨ੍ਹਾਂ ਦੀਆਂ ਮੁਸ਼ਕਿਲਾਂ ਆਸਾਨ ਨਹੀਂ ਹੋਈਆਂ।

ਉਹ ਛੋਟੀ ਜਿਹੀ ਉਮਰ ਵਿੱਚ ਹੀ ਆਪਣੇ ਬਾਪ ਨਾਲ਼ ਮਜ਼ਦੂਰੀ ਕਰਨ ਲੱਗ ਪਏ ਤੇ ਬੜੀ ਔਖੀ ਜ਼ਿੰਦਗੀ ਗੁਜਾਰੀ।

ਉਹ ਕਹਿੰਦੇ ਨੇ ਕਿ ਇਸ ਵੰਡ ਨੇ ਉਨ੍ਹਾਂ ਤੋਂ ਉਨ੍ਹਾਂ ਦੇ ਪਿਆਰੇ ਖੋਹ ਲਏ, ਤੇ ਦਿੱਤਾ ਕੁਝ ਵੀ ਨਹੀਂ।

ਅੱਠ ਦਿਨਾਂ ਵਿੱਚ ਪੈਦਲ ਚੱਲ ਕੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਤਹੋਲਕੋਟ ਤੋਂ ਪਾਕਿਸਤਾਨ ਦੇ ਸ਼ਹਿਰ ਕਸੂਰ ਪਹੁੰਚਣ ਵਾਲੇ ਰਾਣਾ ਅਬਦੁੱਲ ਅਜ਼ੀਜ਼ ਕਹਿੰਦੇ ਹਨ ਕਿ ਵੰਡ ਵੇਲੇ ਉਨ੍ਹਾਂ ਦੀ ਉਮਰ ਗਿਆਰਾਂ ਸਾਲਾਂ ਦੀ ਸੀ।

ਉਹ ਕਹਿੰਦੇ ਹਨ ਕਿ ਉਨ੍ਹਾਂ ਦੀਆਂ ਮਾਵਾਂ ਮਾਸੀਆਂ ਨੂੰ ਅਪਣਾ ਘਰ-ਬਾਰ ਛੱਡਣ ਦਾ ਬੜਾ ਦੁਖ ਸੀ ਤੇ ਉਹ ਸਾਰੀ-ਸਾਰੀ ਰਾਤ ਰੋਂਦੀਆਂ ਰਹਿੰਦੀਆਂ ਸਨ।

ਇਸ ਦੇ ਨਾਲ ਹੀ ਵਿਛੜਨ ਵਾਲਿਆਂ ਨੂੰ ਯਾਦ ਕਰਦੀਆਂ ਸਨ ਕਿਉਂਕਿ ਸਫ਼ਰ ਦੀਆਂ ਤਕਲੀਫ਼ਾਂ ਕਾਰਨ ਕਈ ਵਡੇਰੀ ਉਮਰ ਵਾਲੇ ਬਾਬੇ ਤੇ ਬੁੱਢੀਆਂ ਰਾਹ ਵਿੱਚ ਹੀ ਮਰ ਗਈਆਂ ਸਨ।

'ਸਾਡੇ ਗਮ ਤੇ ਖੁਸ਼ੀਆਂ ਸਾਂਝੀਆਂ ਸਨ'

ਰਾਣਾ ਅਬਦੁੱਲਾ ਅਜ਼ੀਜ਼ ਕਹਿੰਦੇ ਹਨ, "ਵੰਡ ਤੋਂ ਪਹਿਲਾਂ ਦਾ ਜ਼ਮਾਨਾ ਬੜਾ ਹੀ ਚੰਗਾ ਸੀ। ਸਾਰੇ ਸਿੱਖ, ਮੁਸਲਮਾਨ ਤੇ ਕਈ ਹੋਰ ਕੌਮਾਂ ਇਕੱਠਿਆਂ ਮਿਲਜੁਲ ਕੇ ਬੜੇ ਪਿਆਰ ਨਾਲ਼ ਰਹਿੰਦੇ ਸਨ। ਕੋਈ ਨਫ਼ਰਤ ਤੇ ਗ਼ੁੱਸਾ ਨਹੀਂ ਸੀ। ਇੱਕ ਦੂਜੇ ਦੇ ਗ਼ਮਾਂ ਤੇ ਖ਼ੁਸ਼ੀਆਂ ਵਿੱਚ ਸ਼ਰੀਕ ਹੁੰਦੇ ਸੀ।''

ਉਹ ਵੱਡਾ ਕਸੂਰਵਾਰ ਸਿਆਸਤਦਾਨਾਂ ਨੂੰ ਸਮਝਦੇ ਨੇ ਤੇ ਕਹਿੰਦੇ ਨੇ, "ਵੱਡੇ ਲੋਕਾਂ ਨੇ ਕਿਉਂ ਪੰਜਾਬ ਦੀ ਧਰਤੀ ਨੂੰ ਤਕਸੀਮ ਕਰ ਕੇ ਸਾਨੂੰ ਜੁਦਾ ਕਰ ਦਿੱਤਾ।''

ਬਾਬਾ ਅਬਦੁੱਲਾ ਅਜ਼ੀਜ਼ ਦੱਸਦੇ ਨੇ ਕਿ ਉਨ੍ਹਾਂ ਨੂੰ ਆਪਣੇ ਯਾਰ ਦੋਸਤ ਅਜੇ ਵੀ ਯਾਦ ਆਉਂਦੇ ਹਨ ਤੇ ਆਪਣੀ ਧਰਤੀ ਦੀ ਖ਼ੁਸ਼ਬੂ ਲੈਣ ਦੀ ਚਾਹ ਅਜੇ ਵੀ ਉਨ੍ਹਾਂ ਦੇ ਦਿਲ ਨੂੰ ਧੂਹ ਪਾਉਂਦੀ ਹੈ।

ਅਗਸਤ 1947 ਵੇਲੇ ਦਿੱਲੀ ਦੇ ਹਾਲਾਤ ਦਰਸ਼ਾਉਂਦੀ ਇੱਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਗਸਤ 1947 ਵੇਲੇ ਦਿੱਲੀ ਦੇ ਹਾਲਾਤ ਦਰਸ਼ਾਉਂਦੀ ਇੱਕ ਤਸਵੀਰ

ਅਬਦੁਲ-ਅਜ਼ੀਜ਼ ਨੇ ਬੜੇ ਦੁਖ ਨਾਲ਼ ਦੱਸਿਆ ਕਿ ਵੰਡ ਤੋਂ ਪਹਿਲਾਂ ਉਨ੍ਹਾਂ ਦਾ ਪਰਿਵਾਰ ਬੜਾ ਸੌਖਾ ਸੀ ਜ਼ਮੀਨ ਜਾਇਦਾਦ ਹਵੇਲੀਆਂ ਡੰਗਰ ਸਭ ਕੁਝ ਬਹੁਤ ਸੀ।

ਪਰ ਜਦੋਂ ਵੰਡ ਤੋਂ ਬਾਅਦ ਉਹ ਪਾਕਿਸਤਾਨ ਆਏ ਤੇ ਉਨ੍ਹਾਂ ਦੇ ਖ਼ਾਨਦਾਨ ਨੂੰ ਬੜੀਆਂ ਤਕਲੀਫ਼ਾਂ ਝੱਲਣੀਆਂ ਪਈਆਂ।

"ਕਈ ਸਾਲ ਮਾਲੀ ਹਾਲਾਤ ਕਾਰਨ ਤੰਗ ਰਹੇ ਤੇ ਫ਼ਿਰ ਹੌਲੀ-ਹੌਲੀ ਬਿਹਤਰੀ ਆਈ ਪਰ ਉਹ ਤੰਗੀ ਤੇ ਤਕਲੀਫ਼ਾਂ ਦਾ ਵੇਲਾ ਨਹੀਂ ਭੁੱਲਦਾ ਤੇ ਨਾ ਹੀ ਵੰਡ ਤੋਂ ਪਹਿਲਾਂ ਦੀ ਖ਼ੁਸ਼ਹਾਲੀ ਭੁੱਲਦੀ ਹੈ।''

ਰਾਜਪੂਤਾਂ ਦਾ ਵੱਡਾ ਨੁਕਸਾਨ ਹੋਇਆ

ਅਬਦੁਲ ਅਜ਼ੀਜ਼ ਕਹਿੰਦੇ ਹਨ ਕਿ ਰਾਜਪੂਤਾਂ ਨੂੰ ਵੰਡ ਦਾ ਡਾਹਡਾ ਨੁਕਸਾਨ ਹੋਇਆ।

"ਜਿਵੇਂ ਦਾਣਿਆਂ ਨੂੰ ਛਿੱਟਾ ਦਿੱਤਾ ਜਾਵੇ ਤੇ ਉਹ ਦੂਰ-ਦੂਰ ਜਾ ਫੈਲਦੇ ਹਨ ਇਸ ਤਰ੍ਹਾਂ ਰਾਜਪੂਤ ਬਰਾਦਰੀ ਵੀ ਵੱਖੋ-ਵੱਖ ਹੋ ਗਈ।''

"ਕਈ ਲੋਕ ਪਾਕਿਸਤਾਨ ਆ ਕੇ ਝੂਠੇ ਰਾਜਪੂਤ ਬਣ ਗਏ ਇਸ ਲਈ ਸਾਨੂੰ ਆਪਣੇ ਬੱਚਿਆਂ 'ਤੇ ਖ਼ਾਸ ਤੌਰ 'ਤੇ ਧੀਆਂ ਲਈ ਅਸਲ ਰਾਜਪੂਤਾਂ ਦੇ ਰਿਸ਼ਤਾ ਲੱਭਣਾ ਬੜਾ ਹੀ ਔਖਾ ਹੋ ਗਿਆ।''

ਉਨ੍ਹਾਂ ਨੇ ਬੜੇ ਦੁਖ ਨਾਲ਼ ਕਿਹਾ ਕਿ ਪੋਨਛਾਲ ਜਦੋਂ ਆਉਂਦਾ ਏ ਤਾਂ ਹੇਠਲੀ ਮਿੱਟੀ ਉਤੇ ਤੇ ਉਤਲੀ ਥੱਲੇ ਚਲੀ ਜਾਂਦੀ ਏ। "ਸਾਡੇ ਨਾਲ਼ ਵੰਡ ਨੇ ਇਹੀ ਕੀਤਾ ਅਸੀਂ ਉੱਥੇ ਸੌਖੇ ਸੀ ਪਰ ਇੱਥੇ ਆ ਕੇ ਰੁਲ਼ ਗਏ।''

Lord Mountbatten, Then Viceroy Of India (Seated, Left) Listening To An Indian Leader From The Village Of Kahuta Complain About Recent Riots Between August 1947 And June 1948

ਤਸਵੀਰ ਸਰੋਤ, Keystone-France/Gamma-Keystone via Getty Images

ਤਸਵੀਰ ਕੈਪਸ਼ਨ, ਲੌਰਡ ਮਾਊਂਟਬੇਟਨ ਵੰਡ ਤੋਂ ਬਾਅਦ ਪੰਜਾਬੀਆਂ ਦੀਆਂ ਹਿੰਸਾ ਨੂੰ ਲੈ ਕੇ ਸ਼ਿਕਾਇਤਾਂ ਸੁਣਦੇ ਹੋਏ

ਬਾਬਾ ਅਬਦੁੱਲ-ਅਜ਼ੀਜ਼ ਕਹਿੰਦੇ ਨੇ ਉਨ੍ਹਾਂ ਦਾ ਵਸ ਨਹੀਂ ਚੱਲਦਾ ਕਿ ਉਹ ਜਾਣ ਤੇ ਆਪਣੀ ਜਨਮ ਭੂਮੀ ਨੂੰ ਵੇਖਣ ਤੇ ਉਥੇ ਦੀ ਮਿੱਟੀ ਦੀ ਖ਼ੁਸ਼ਬੂ ਲੈ ਸਕਣ।

ਉਨ੍ਹਾਂ ਨੇ ਦਰਖ਼ਾਸਤ ਕੀਤੀ ਕਿ ਦੋਵੇਂ ਮੁਲਕਾਂ ਦੀਆਂ ਹਕੂਮਤਾਂ ਨੂੰ ਚਾਹੀਦਾ ਹੈ ਕਿ ਵੱਡੀ ਉਮਰ ਵਾਲਿਆਂ ਲਈ ਵੀਜ਼ੇ ਵਿੱਚ ਨਰਮੀ ਕਰਨ ਤਾਂ ਜੋ ਉੱਥੇ ਦੇ ਲੋਕ ਇਧਰ ਆ ਕੇ ਆਪਣੀ ਜਨਮ ਭੂਮੀ ਵੇਖ ਸਕਣ ਅਤੇ ਆਪਣੀ ਮਿੱਟੀ ਨੂੰ ਚੁੰਮ ਸਕਣ।

'ਵੰਡ ਵੇਲੇ ਮੈਂ ਨਾਨਕਿਆਂ ਦੇ ਪਿੰਡ ਸੀ'

ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਦਸੂਹਾ ਦੇ ਪਿੰਡ ਪੁਨਮਾਂ ਸੱਗਰਾਂ ਤੋਂ ਵੰਡ ਕਾਰਨ ਜਦੋਂ ਮੁਖ਼ਤਾਰ ਅਹਿਮਦ ਪਾਕਿਸਤਾਨ ਦੇ ਪੰਜਾਬ ਆਏ ਤਾਂ ਉਨ੍ਹਾਂ ਦੀ ਉਮਰ ਲਗਭਗ 16-17 ਸਾਲ ਦੀ ਸੀ।

ਉਹ ਕਹਿੰਦੇ ਨੇ ਕਿ ਉਨ੍ਹਾਂ ਦੇ ਪਿੰਡ ਵਿਚ ਸਿੱਖਾਂ ਦੀ ਆਬਾਦੀ ਜ਼ਿਆਦਾ ਸੀ ਤੇ ਮੁਸਲਮਾਨਾਂ ਦੇ ਘਰ ਥੋੜ੍ਹੇ ਸਨ ਪਰ ਫ਼ਿਰ ਵੀ ਪਿਆਰ ਮੁਹੱਬਤ ਬੜਾ ਸੀ।

ਉਨ੍ਹਾਂ ਕਿਹਾ, "ਮੁਸਲਮਾਨਾਂ ਨੂੰ ਸਿੱਖ ਜਾਂ ਕਿਸੇ ਹੋਰ ਕੌਮ ਨੇ ਕਦੀ ਵੀ ਤੰਗ ਨਹੀਂ ਕੀਤਾ ਸੀ ਬਲਕਿ ਅਸੀਂ ਤਾਂ ਮਿਲਜੁਲ ਕੇ ਬੜੇ ਪਿਆਰ ਨਾਲ਼ ਰਹਿੰਦੇ ਸੀ ਤੇ ਹਰ ਗ਼ਮੀ ਖ਼ੁਸ਼ੀ ਵਿਚ ਇਕ ਦੂਜੇ ਦਾ ਸਾਥ ਦਿੰਦੇ ਸੀ, ਵਿਆਹਾਂ-ਸ਼ਾਦੀਆਂ ਵਿੱਚ ਸ਼ਰੀਕ ਹੁੰਦੇ ਸੀ। ਰੰਗ ਨਸਲ ਤੇ ਕੌਮ ਦਾ ਕੋਈ ਭੇਦ-ਭਾਵ ਨਹੀਂ ਹੁੰਦਾ ਸੀ।''

ਮੁਖ਼ਤਾਰ ਅਹਿਮਦ ਨੇ ਦੱਸਿਆ, "ਜਦੋਂ ਵੰਡ ਪਈ ਤੇ ਉਨ੍ਹਾਂ ਦਿਨਾਂ ਵਿਚ ਮੈਂ ਆਪਣੇ ਨਾਨਕਿਆਂ ਦੇ ਪਿੰਡ ਸੀ ਤੇ ਉੱਥੇ ਮੁਸਲਮਾਨਾਂ ਦੀ ਆਬਾਦੀ ਜ਼ਿਆਦਾ ਸੀ ਇਸ ਲਈ ਅਸੀਂ ਖ਼ੈਰ ਨਾਲ਼ ਪਾਕਿਸਤਾਨ ਪਹੁੰਚ ਗਏ ਸੀ।

ਆਜ਼ਾਦੀ ਮਿਲ ਤੋਂ ਬਾਅਦ ਆਖਰੀ ਬਰਤਾਨਵੀ ਵਾਇਸਰੌਏ ਲਾਰਡ ਮਾਊਂਟਬੇਟਨ

ਤਸਵੀਰ ਸਰੋਤ, Universal History Archive/UIG via Getty Images

ਤਸਵੀਰ ਕੈਪਸ਼ਨ, ਆਜ਼ਾਦੀ ਮਿਲਣ ਤੋਂ ਬਾਅਦ ਆਖਰੀ ਬਰਤਾਨਵੀ ਵਾਇਸਰੌਏ ਲਾਰਡ ਮਾਊਂਟਬੇਟਨ

"ਸਫ਼ਰ ਦੀਆਂ ਮੁਸੀਬਤਾਂ ਕਾਰਨ ਮੇਰੇ ਕੁਝ ਵਡੇਰੇ ਰਾਹ ਵਿਚ ਮਰ ਗਏ ਸੀ ਪਰ ਜ਼ਿਆਦਾਤਰ ਉਨ੍ਹਾਂ ਦਾ ਖ਼ਾਨਦਾਨ ਤੇ ਸਾਰੀਆਂ ਔਰਤਾਂ ਖ਼ੈਰ ਨਾਲ਼ ਉਥੇ ਅੱਪੜ ਗਏ ਸਨ।

ਮੁਖ਼ਤਾਰ ਅਹਿਮਦ ਪੜ੍ਹੇ ਲਿਖੇ ਹਨ। ਉਨ੍ਹਾਂ ਨੂੰ ਪੁੱਛਿਆ, "ਕੀ ਤੁਸੀ ਇਸ ਵੰਡ ਨੂੰ ਕਿਵੇਂ ਵੇਖਦੇ ਹੋ?''

ਮੁੜ ਵਸੇਬੇ ਵਿੱਚ ਕਈ ਸਾਲ ਲੱਗੇ

ਉਨ੍ਹਾਂ ਨੇ ਕਿਹਾ, "ਪਹਿਲਾਂ ਤਾਂ ਸਭ ਮਿਲਜੁਲ ਕੇ ਖ਼ੁਸ਼ ਰਹਿੰਦੇ ਸੀ। ਸਿੱਖਾਂ ਦੀਆਂ ਧੀਆਂ ਅਤੇ ਭੈਣਾਂ ਸਾਡੇ ਘਰਾਂ ਵਿੱਚ ਆਉਂਦੀਆਂ ਜਾਂਦੀਆਂ ਸਨ ਤੇ ਸਾਡੀਆਂ ਉਨ੍ਹਾਂ ਵੱਲ।''

"ਸਾਰੇ ਪਿਆਰ ਅਖ਼ਲਾਕ ਤੇ ਇੱਜ਼ਤ ਨਾਲ਼ ਮਿਲਦੇ ਜੁਲਦੇ ਸਨ ਪਰ ਜਦੋਂ ਵੰਡ ਦਾ ਰੌਲ਼ਾ ਪਿਆ ਤੇ ਫ਼ਿਰ ਮਜ਼੍ਹਬ ਦੀ ਬੁਨਿਆਦ 'ਤੇ ਆਪਸ ਵਿਚ ਨਫ਼ਰਤਾਂ ਪੈਦਾ ਹੋ ਗਈਆਂ ਤੇ ਉਨ੍ਹਾਂ ਨਫ਼ਰਤਾਂ ਨੇ ਇਸ ਵੰਡ ਨੂੰ ਖ਼ੂਨੀ ਵੰਡ ਬਣਾ ਦਿੱਤਾ।''

ਮੁਖ਼ਤਾਰ ਅਹਿਮਦ ਕਹਿੰਦੇ ਹਨ, "ਪੂਰਬੀ ਪੰਜਾਬ ਵਿਚੋਂ ਹਿਜ਼ਰਤ ਕਰ ਕੇ ਆਉਣ ਵਾਲੇ ਵਧੇਰੇ ਲੋਕਾਂ ਨੂੰ ਨੁਕਸਾਨ ਹੀ ਹੋਇਆ।'' ਸਦੀਆਂ ਤੋਂ ਮਿਹਨਤ ਕਰ ਕੇ ਜਿਹੜੇ ਘਰ ਬਣਾਏ ਸਨ ਉਹ ਉਜੜ ਗਏ ਸਨ। ਨਵੇਂ ਮੁਲਕ ਵਿੱਚ ਨਾ ਆ ਕੇ ਮੁੜ ਘਰ ਬਨਾਉਣਾ ਬੜਾ ਮੁਸ਼ਕਿਲ ਤੇ ਤਕਲੀਫ਼ ਵਾਲਾ ਕੰਮ ਸੀ ਸਗੋਂ ਇੱਥੇ ਵਸਣ ਲਈ ਉਨ੍ਹਾਂ ਨੂੰ ਕਈ ਸਾਲ ਲੱਗ ਗਏ।

ਵੰਡ ਤੋਂ ਬਾਅਦ ਹਰਮਿੰਦਰ ਸਾਹਿਬ ਦੇ ਲੰਗਰ ਹਾਲ ਦੀ ਇੱਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵੰਡ ਤੋਂ ਬਾਅਦ ਹਰਮਿੰਦਰ ਸਾਹਿਬ ਦੇ ਲੰਗਰ ਹਾਲ ਦੀ ਇੱਕ ਤਸਵੀਰ

ਮੁਖ਼ਤਾਰ ਅਹਿਮਦ ਨੂੰ ਅਜੇ ਵੀ ਆਪਣੇ ਉੱਥੇ ਦੇ ਯਾਰ ਵੇਲੀ ਯਾਦ ਆਉਂਦੇ ਹਨ।

ਬਾਬਾ ਤੁਫ਼ੈਲ ਦੱਸਦੇ ਨੇ ਕਿ ਮਾਲੀ ਤੌਰ 'ਤੇ ਉਹ ਵੰਡ ਤੋਂ ਪਹਿਲਾਂ ਇੰਨੇ ਚੰਗੇ ਨਹੀਂ ਸੀ ਪਰ ਵੰਡ ਤੋਂ ਬਾਅਦ ਜਦੋਂ ਪਾਕਿਸਤਾਨੀ ਪੰਜਾਬ ਵਿਚ ਆਏ ਤਾਂ ਜਲਦ ਹੀ ਉਨ੍ਹਾਂ ਨੂੰ ਜ਼ਮੀਨਾਂ ਮਿਲ ਗਈਆਂ ਤੇ ਉਹ ਥੋੜ੍ਹੇ ਖ਼ੁਸ਼ਹਾਲ ਹੋ ਗਏ।''

ਉਨ੍ਹਾਂ ਦੀ ਕਹਾਣੀ ਬਾਕੀ ਬਾਬਿਆਂ ਦੀਆਂ ਗੱਲਾਂ ਤੋਂ ਹਟ ਕੇ ਸੀ ਕਿਉਂਕਿ ਬਾਕੀ ਤਾਂ ਇਹੀ ਕਹਿੰਦੇ ਹਨ ਕਿ ਵੰਡ ਤੋਂ ਪਹਿਲਾਂ ਉੱਥੇ ਜ਼ਿਆਦਾ ਖ਼ੁਸ਼ਹਾਲ ਸੀ।

'ਸਾਨੂੰ ਵੱਡਿਆਂ ਦੇ ਕਾਰੇ ਦਾ ਦੁਖ ਹੈ'

ਵੰਡ ਦੀਆਂ ਯਾਦਾਂ ਨੂੰ ਇਕੱਠਾ ਕਰਨ ਵਾਲੀ 'ਤਨਜ਼ੀਮ ਪੰਜਾਬੀ ਲਹਿਰ' ਨੇ ਜਦੋਂ ਬਾਬਾ ਤੁਫ਼ੈਲ ਦਾ ਇੰਟਰਵਿਊ ਯੂ ਟਿਊਬ 'ਤੇ ਦਿੱਤਾ ਤਾਂ ਉਨ੍ਹਾਂ ਨੂੰ ਭਾਰਤੀ ਪੰਜਾਬ ਦੇ ਉਨ੍ਹਾਂ ਦੇ ਪਿੰਡ ਭੋਲੇਵਾਲ ਤੋਂ ਫ਼ੋਨ ਕਾਲ਼ ਆਈ।

ਉੱਥੇ ਦੇ ਇਕ ਵਿਅਕਤੀ ਕਰਤਾਰ ਸਿੰਘ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਉੱਥੇ ਆਉਣ। ਬਾਬਾ ਤੁਫ਼ੈਲ ਦੱਸਦੇ ਨੇ ਕਿਹਾ ਕਿ ਉਹ ਆ ਨਹੀਂ ਸਕਦੇ, ਉਨ੍ਹਾਂ ਨੂੰ ਡਰ ਲਗਦਾ ਏ ਕਿਉਂਕਿ ਵੰਡ ਦੇ ਵੇਲੇ ਸਿੱਖਾਂ ਨੇ ਮੁਸਲਮਾਨਾਂ ਨੂੰ ਬੜਾ ਮਾਰਿਆ ਸੀ ਤੇ ਹੁਣ ਵੀ ਇਹੀ ਨਾ ਹੋਵੇ।

ਪਰ ਕਰਤਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਵੱਡਿਆਂ ਨੇ ਜੋ ਕੀਤਾ ਸੀ ਉਸਦਾ ਉਨ੍ਹਾਂ ਨੂੰ ਦੁਖ ਹੈ ਤੇ ਇਸ ਵਾਸਤੇ ਇਸ ਦੁਖ ਨੂੰ ਘੱਟ ਕਰਨ ਲਈ ਉਹ ਉਨ੍ਹਾਂ ਨੂੰ ਬੁਲ਼ਾ ਰਹੇ ਹਨ।

ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ ਵੱਡੀ ਗਿਣਤੀ ਵਿੱਚ ਪੰਜਾਬ ਤੋਂ ਲੋਕ ਦਿੱਲੀ ਪਹੁੰਚੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ ਵੱਡੀ ਗਿਣਤੀ ਵਿੱਚ ਪੰਜਾਬ ਤੋਂ ਲੋਕ ਦਿੱਲੀ ਪਹੁੰਚੇ

'ਪੰਜਾਬੀ ਲਹਿਰ' ਨਾਮੀ ਇਸ ਤਨਜ਼ੀਮ ਨੇ ਇਕ ਵਾਰੀ ਫ਼ਿਰ ਆਜ਼ਾਦੀ ਮਿਲਣ ਦੇ ਸ਼ੁਭ ਅਵਸਰ 'ਤੇ ਵੰਡ ਵੇਲੇ ਦੀਆਂ ਤਕਲੀਫ਼ਾਂ ਸਹਿਣ ਵਾਲਿਆਂ ਨੂੰ ਇਕੱਠਾ ਕੀਤਾ ਸੀ।

'ਨਵੀਂ ਪੀੜ੍ਹੀ ਨੂੰ ਕੁਰਬਾਨੀਆਂ ਦਾ ਅੰਦਾਜ਼ਾ ਨਹੀਂ'

ਪੰਜਾਬੀ ਲਹਿਰ ਦੇ ਕਰਤਾ-ਧਰਤਾ ਬੋਪਿੰਦਰ ਸਿੰਘ ਲਵਲੀ ਇੱਕ ਨੌਜਵਾਨ ਹਨ। ਬੀਬੀਸੀ ਨਾਲ਼ ਗੱਲ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਨਵੀਂ ਪੀੜ੍ਹੀ ਨੂੰ ਬਿਲਕੁਲ ਇਸ ਗੱਲ ਦਾ ਅੰਦਾਜ਼ਾ ਨਹੀਂ ਕਿ ਵੰਡ ਵੇਲੇ ਦੋਵੇਂ ਪਾਸੇ ਹਿਜ਼ਰਤ ਕਰਨ ਵਾਲਿਆਂ ਨੂੰ ਕਿੰਨੀਆਂ ਤਕਲੀਫ਼ਾਂ ਤੇ ਦੁੱਖ ਬਰਦਾਸ਼ਤ ਕਰਨੇ ਪਏ ਤੇ ਇਹ ਆਜ਼ਾਦੀ ਕਿੰਨੀਆਂ ਕੁਰਬਾਨੀਆਂ ਦਾ ਨਤੀਜਾ ਹੈ।''

ਬੋਪਿੰਦਰ ਸਿੰਘ ਕਹਿੰਦੇ ਨੇ ਕਿਹਾ ਕਿ ਆਜ਼ਾਦੀ ਦੀ ਸ਼ਾਮ ਨੂੰ ਜਦੋਂ ਨੌਜਵਾਨ ਪੀੜ੍ਹੀ ਮੋਟਰਸਾਈਕਲਾਂ 'ਤੇ ਕਰਤਬ ਦਿਖਾਉਂਦੀ ਹੋਈ ਜਸ਼ਨ ਮਨਾਉਂਦੀ ਹੈ ਤਾਂ ਉਸ ਵੇਲੇ ਉਨ੍ਹਾਂ ਨੂੰ ਅਹਿਸਾਸ ਤੱਕ ਨਹੀਂ ਹੁੰਦਾ ਕਿ ਜਿਨ੍ਹਾਂ ਨੇ ਵੰਡ ਵਿਚ ਆਪਣੇ ਪਿਆਰੇ ਗੁਆ ਦਿੱਤੇ ਉਹ ਇਸ ਵੇਲੇ ਵੀ ਖ਼ੁਸ਼ੀ ਨਹੀਂ ਗ਼ਮ ਹੀ ਮਨਾਉਂਦੇ ਹਨ।

ਬੋਪਿੰਦਰ ਸਿੰਘ ਲਵਲੀ ਨਨਕਾਣਾ ਸਾਹਿਬ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਦੱਸਿਆ ਕਿ ਜਦੋਂ ਵੰਡ ਹੋਈ ਤਾਂ ਨਨਕਾਣਾ ਸਾਹਿਬ ਦੇ ਕੁਝ ਖ਼ਾਨਦਾਨ ਪਾਕਿਸਤਾਨ ਦੇ ਇਲਾਕੇ ਫ਼ਾਟਾ ਚਲੇ ਗਏ।

ਉੱਥੇ 20 ਵਰ੍ਹੇ ਗੁਜ਼ਾਰ ਕੇ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਪੁਰਬ ਮੌਕੇ ਉਹ ਪਰਿਵਾਰ ਮੁੜ ਨਨਕਾਣਾ ਸਾਹਿਬ ਆ ਗਏ ਤੇ ਬੋਪਿੰਦਰ ਸਿੰਘ ਵੀ ਉਨ੍ਹਾਂ ਖ਼ਾਨਦਾਨਾਂ ਦਾ ਹਿੱਸਾ ਹਨ।

ਬੋਪਿੰਦਰ ਸਿੰਘ ਆਜ਼ਾਦੀ ਵੇਲੇ ਦੇ ਬਜ਼ੁਰਗਾਂ ਦੀਆਂ ਯਾਦਾਂ ਪਾਕਿਸਤਾਨ ਵਿੱਚ ਸਾਂਭ ਰਹੇ ਹਨ

ਤਸਵੀਰ ਸਰੋਤ, MONAA RANA/BBC

ਤਸਵੀਰ ਕੈਪਸ਼ਨ, ਬੋਪਿੰਦਰ ਸਿੰਘ ਆਜ਼ਾਦੀ ਵੇਲੇ ਦੇ ਬਜ਼ੁਰਗਾਂ ਦੀਆਂ ਯਾਦਾਂ ਪਾਕਿਸਤਾਨ ਵਿੱਚ ਸਾਂਭ ਰਹੇ ਹਨ

ਪੰਜਾਬੀ ਲਹਿਰ ਸੰਸਥਾ ਬਨਾਉਣ ਦਾ ਕਾਰਨ ਕੀ ਹੈ? ਬੋਪਿੰਦਰ ਸਿੰਘ ਦੱਸਦੇ ਹਨ ਕਿ ਉਹ ਬਜ਼ੁਰਗ ਜਿਹੜੇ 1930 ਦੇ ਨੇੜੇ-ਤੇੜੇ ਪੈਦਾ ਹੋਏ ਉਨ੍ਹਾਂ ਦੀ ਯਾਦਾਸ਼ਤ ਅਜਿਹੀ ਹੈ ਕਿ ਉਹ ਨਾ ਸਿਰਫ਼ ਇਹ ਦੱਸ ਸਕਦੇ ਨੇ ਕਿ ਵੰਡ ਵੇਲੇ ਉਨ੍ਹਾਂ ਦੇ ਖ਼ਾਨਦਾਨਾਂ 'ਤੇ ਕਿਹੜੀਆਂ ਮੁਸੀਬਤਾਂ ਆਈਆਂ ਬਲਕਿ ਉਨ੍ਹਾਂ ਨੂੰ ਇਹ ਵੀ ਯਾਦ ਹੈ ਕਿ ਵੰਡ ਤੋਂ ਪਹਿਲਾਂ ਉਹ ਕਿਵੇਂ ਰਹਿੰਦੇ ਸਨ।

ਬਜ਼ੁਰਗਾਂ ਕੋਲ ਯਾਦਾਂ ਦਾ ਖ਼ਜ਼ਾਨਾ ਹੈ

ਬੋਪਿੰਦਰ ਸਿੰਘ ਕਹਿੰਦੇ ਹਨ, "ਇਸ ਤਰ੍ਹਾਂ ਦੇ ਬਜ਼ੁਰਗ ਬੜੀ ਘੱਟ ਤਾਦਾਦ ਵਿਚ ਹਨ ਅਤੇ ਜਿਹੜੇ ਅਜੇ ਜ਼ਿੰਦਾ ਹਨ, ਉਹ ਹੋਰ ਪੰਜ ਸੱਤ ਵਰ੍ਹਿਆਂ ਤੱਕ ਜ਼ਿੰਦਾ ਰਹਿ ਸਕਦੇ ਹਨ ਇਸ ਲਈ ਅਸੀਂ ਇਨ੍ਹਾਂ ਬਜ਼ੁਰਗਾਂ ਦੀਆਂ ਯਾਦਾਂ ਰਿਕਾਰਡ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ।''

ਬੋਪਿੰਦਰ ਸਿੰਘ ਕਹਿੰਦੇ ਨੇ ਕਿ ਇਨ੍ਹਾਂ ਬਜ਼ੁਰਗਾਂ ਕੋਲ਼ ਯਾਦਾਂ ਦਾ ਇਕ ਖ਼ਜ਼ਾਨਾ ਹੈ।

"1947 ਤੋਂ ਪਹਿਲਾਂ ਜੋ ਹਾਲਾਤ ਸਨ, ਜੋ ਏਕਤਾ ਸੀ ਪੰਜਾਬੀਆਂ ਦੇ ਵਿਚ ਤੇ ਇਕ ਮਾਂ ਬੋਲੀ ਪੰਜਾਬੀ ਰਾਹੀਂ ਇਹ ਸਾਰੀਆਂ ਕੌਮਾਂ ਸਿੱਖ, ਮੁਸਲਮਾਨ ਤੇ ਹਿੰਦੂ ਸਾਰੇ ਜੁੜੇ ਹੋਏ ਸਨ।''

"ਸਾਡੀਆਂ ਖ਼ੁਸ਼ੀਆਂ ਸਾਂਝੀਆ ਸਨ, ਸਾਡੀਆਂ ਖੇਡਾਂ ਇਕ ਸਨ। ਇਥੋਂ ਤੱਕ ਕਿ ਸਾਡੀਆਂ ਗਾਲ੍ਹਾਂ ਵੀ ਇੱਕ ਸਨ ਤੇ ਫ਼ਿਰ ਅਚਾਨਕ ਕੀ ਹੋਇਆ ਕਿ ਇੰਨੀ ਨਫ਼ਰਤ ਪੈਦਾ ਹੋ ਗਈ।''

2 ਜੂਨ ਨੂੰ ਲਾਰਡ ਮਾਊਂਟਬੇਟਨ ਭਾਰਤੀ ਸਿਆਸਤਦਾਨਾਂ ਨਾਲ ਮੀਟਿੰਗ ਕਰਦੇ ਹੋਏ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2 ਜੂਨ ਨੂੰ ਲਾਰਡ ਮਾਊਂਟਬੇਟਨ ਭਾਰਤੀ ਸਿਆਸਤਦਾਨਾਂ ਨਾਲ ਮੀਟਿੰਗ ਕਰਦੇ ਹੋਏ

ਬੋਪਿੰਦਰ ਸਿੰਘ ਕਹਿੰਦੇ ਹਨ ਕਿ ਇੰਡੀਆ ਦੀਆਂ ਕਿਤਾਬਾਂ ਵਿਚ ਪੜ੍ਹਾਇਆ ਜਾਂਦਾ ਹੈ ਕਿ ਮੁਸਲਮਾਨਾਂ ਨੇ ਸਾਨੂੰ ਮਾਰਿਆ ਤੇ ਪਾਕਿਸਤਾਨ ਦੀਆਂ ਕਿਤਾਬਾਂ ਵਿਚ ਇਹ ਦੱਸਿਆ ਜਾਂਦਾ ਹੈ ਕਿ ਸਿੱਖਾਂ ਤੇ ਹਿੰਦੂਆਂ ਨੇ ਰਲ਼ ਕੇ ਮੁਸਲਮਾਨਾਂ ਨੂੰ ਕੱਟਿਆ ਹੈ।

'ਸਾਡੀ ਕੋਸ਼ਿਸ਼ ਮੁਹੱਬਤ ਜਗਾਉਣ ਦੀ ਹੈ'

"ਕਿਤਾਬਾਂ ਪੜ੍ਹਨ ਨਾਲ਼ ਨਵੀਂ ਪੀੜ੍ਹੀ ਵਿੱਚ ਇਕ ਦੂਜੇ ਵਾਸਤੇ ਇਕ ਨਫ਼ਰਤ ਜਿਹੀ ਪੈਦਾ ਹੋ ਜਾਂਦੀ ਹੈ। ਸਾਡਾ ਮਕਸਦ ਹੈ ਕਿ "ਅਸੀਂ ਨਵੀਂ ਪੀੜ੍ਹੀ ਨੂੰ ਦੱਸੀਏ ਕਿ ਇੱਕ ਵੇਲਾ ਉਹ ਵੀ ਸੀ ਕਿ ਇਹ ਸਾਰੇ ਪਿਆਰ ਮੁਹੱਬਤ ਨਾਲ਼ ਇਕੱਠੇ ਰਹਿੰਦੇ ਸਨ ਤੇ ਪੰਜਾਬੀ ਬੋਲੀ ਨੇ ਸਭ ਨੂੰ ਇਕ ਲੜੀ ਵਿੱਚ ਪਰੋਇਆ ਹੋਇਆ ਸੀ।''

"ਇਹ ਬਜ਼ੁਰਗ ਸਾਡੇ ਕੋਲ ਗਵਾਹ ਹਨ ਅਤੇ ਇਕ ਸਬੂਤ ਹੈ ਕਿ ਪੰਜਾਬੀ ਲੋਕ ਕਿਵੇਂ ਦੋਵੇਂ ਪਾਸੇ ਮਿਲਜੁਲ ਕੇ ਰਹਿੰਦੇ ਸਨ ਤੇ ਜੋ ਇਨ੍ਹਾਂ ਕਿਤਾਬਾਂ ਵਿਚ ਲਿਖਿਆ ਹੈ ਉਹ ਪੂਰਾ ਸੱਚ ਨਹੀਂ।''

ਬੋਪਿੰਦਰ ਸਿੰਘ ਕਹਿੰਦੇ ਹਨ, "ਇਸ ਤਰੀਕੇ ਨਾਲ਼ ਸਾਡੀ ਕੋਸ਼ਿਸ਼ ਹੈ ਕਿ ਪੰਜਾਬੀਆਂ ਦੀ ਨਵੀਂ ਪੀੜ੍ਹੀ ਵਿਚ ਨਫ਼ਰਤ ਨੂੰ ਖ਼ਤਮ ਕਰ ਕੇ ਆਪਸ ਦੇ ਇਸ ਪਿਆਰ ਮੁਹੱਬਤ ਨੂੰ ਜਗਾਇਆ ਜਾਵੇ ਜਿਹੜਾ ਸਦੀਆਂ ਵਿੱਚ ਇਸ ਧਰਤੀ ਦੀ ਪਛਾਣ ਰਹੀ ਹੈ।

ਇਹ ਵੀ ਪੜ੍ਹੋ꞉

ਬੋਪਿੰਦਰ ਸਿੰਘ ਕਹਿੰਦੇ ਨੇ ਕਿ ਉਨ੍ਹਾਂ ਵਾਸਤੇ ਇਹ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਜਦੋਂ ਇਨ੍ਹਾਂ ਬਜ਼ੁਰਗਾਂ ਦੇ ਇੰਟਰਵਿਊ ਯੂ ਟਿਊਬ ਤੇ ਫ਼ੇਸਬੁੱਕ 'ਤੇ ਨਸ਼ਰ ਹੋਏ ਤਾਂ ਕਈ ਵਿਛੜੇ ਹੋਏ ਪਰਿਵਾਰ ਆਪਸ ਵਿਚ ਮਿਲ ਗਏ।

ਕਿਉਂਕਿ ਜਦੋਂ ਵੰਡ ਹੋਈ ਤਾਂ ਕਈ ਖ਼ਾਨਦਾਨ ਵਿਛੜ ਗਏ ਤੇ ਪਾਕਿਸਤਾਨੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਵਸ ਗਏ ਸਨ ਤੇ ਉਹ ਆਪਸ ਵਿਚ ਮਿਲ ਗਏ ਹਨ। ਕੁਝ ਸਾਡੀਆਂ ਮਾਵਾਂ ਜਿਹੜੀਆਂ ਇਥੇ ਰਹਿ ਗਈਆਂ ਸਨ ਹੁਣ ਉਹ ਮੁਸਲਮਾਨ ਹੋ ਗਈਆਂ ਹਨ ਤੇ ਔਲਾਦ ਨੂੰ ਖਾਹਸ਼ ਸੀ ਕਿ ਉਹ ਆਪਣੇ ਭੈਣ-ਭਰਾਵਾਂ ਨਾਲ਼ ਮਿਲ ਸਕਣ।

ਉਨ੍ਹਾਂ ਨੂੰ ਮਿਲਾਉਣ ਦਾ ਕਾਰਨ ਪੰਜਾਬੀ ਲਹਿਰ ਬਣੀ ਹੈ ਤੇ ਇਹ ਸਾਡੇ ਲਈ ਬੜੀ ਖ਼ੁਸ਼ੀ ਤੇ ਸੁੱਖ ਦੀ ਗੱਲ ਹੈ।

(ਇਹ ਮੂਲ ਲੇਖ 15 ਅਗਸਤ 2018 ਨੂੰ ਛਪਿਆ ਸੀ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)