104 ਸੈਟਲਾਈਟ ਪੁਲਾੜ ਵਿੱਚ ਭੇਜਣ ਵਾਲੀ ਇਹ ਔਰਤ ਹੁਣ ਭਾਰਤ ਲਈ ਮਨੁੱਖ ਪੁਲਾੜ ਭੇਜੇਗੀ

ਤਸਵੀਰ ਸਰੋਤ, Imran qureshi/bbc
- ਲੇਖਕ, ਇਮਰਾਨ ਕੁਰੈਸ਼ੀ
- ਰੋਲ, ਬੀਬੀਸੀ ਲਈ
ਔਰਤਾਂ ਨੇ ਇੰਡੀਅਨ ਸਪੇਸ ਰਿਸਰਚ ਓਰਗਨਾਈਜ਼ੇਸ਼ਨ ਵਿੱਚ ਮੱਲਾਂ ਮਾਰੀਆਂ ਹਨ ਅਤੇ ਕਈ ਅਹਿਮ ਅਹੁਦਿਆਂ 'ਤੇ ਕਾਬਿਜ਼ ਹੋਈਆਂ ਹਨ।
ਪਰ ਇਸ ਵਾਰ ਇਸਰੋ ਵੱਲੋਂ ਇੱਕ ਬੇਹੱਦ ਅਹਿਮ ਅਹੁਦੇ ਲਈ ਇੱਕ ਔਰਤ ਦੀ ਚੋਣ ਕੀਤੀ ਗਈ ਹੈ। ਇਹ ਅਹੁਦੇ ਨਾਲ ਮਨੁੱਖ ਨੂੰ ਪੁਲਾੜ ਪਹੁੰਚਾਉਣ ਵਰਗੇ ਅਹਿਮ ਪ੍ਰੋਜੈਕਟ ਦੀਆਂ ਜ਼ਿੰਮੇਵਾਰੀਆਂ ਹਨ।
ਇਹ ਇਸਰੋ ਵਿੱਚ ਇੱਕ ਵੱਡਾ ਫੇਰਬਦਲ ਹੈ। ਡਾ. ਲਲਿਤਾਅੰਬਿਕਾ ਵੀ ਆਰ ਉਸ ਪ੍ਰੋਜੈਕਟ ਨੂੰ ਲੀਡ ਕਰਨਗੇ ਜਿਸਨੇ ਪਿਛਲੇ ਮਹੀਨੇ ਹੀ ਕਰੂ ਇਸਕੇਪ ਸਿਸਟਮ ਦਾ ਕਾਮਯਾਬ ਟੈਸਟ ਕੀਤਾ ਜੋ ਮਨੁੱਖਾਂ ਦੇ ਪੁਲਾੜ ਵਿੱਚ ਜਾਣ ਲਈ ਕਾਫੀ ਅਹਿਮ ਹੈ।
ਇਹ ਵੀ ਪੜ੍ਹੋ:
ਇਸ ਪਹਿਲੇ ਪੈਡ ਅਬੋਰਟ ਟੈਸਟ ਨੂੰ ਸ਼੍ਰੀਹਰੀਕੋਟਾ ਲਾਂਚ ਪੈਡ 'ਤੇ ਕੀਤਾ ਗਿਆ ਜਿਸ ਨਾਲ ਮਿਸ਼ਨ ਰੱਦ ਹੋਣ ਦੇ ਹਾਲਾਤ ਵਿੱਚ ਕਰੂ ਕੇਬਿਨ ਨੂੰ ਆਸਾਨੀ ਨਾਲ ਬਾਹਰ ਲਿਆਇਆ ਜਾ ਸਕਦਾ ਹੈ।
ਲੰਬਾ ਤਕਨੀਕੀ ਅਤੇ ਪ੍ਰਬੰਧਕੀ ਤਜ਼ਰਬਾ
ਇਸਰੋ ਨੇ ਦੱਸਿਆ ਸੀ ਕਿ ਇਸ ਟੈਸਟ ਦੌਰਾਨ 300 ਸੈਂਸਰ ਲਗਾਏ ਗਏ ਸਨ ਤਾਂ ਜੋ ਟੈਸਟ ਫਲਾਈਟ ਦੌਰਾਨ ਮਿਸ਼ਨ ਦੀ ਗਤੀਵਿਧੀ ਨੂੰ ਰਿਕਾਰਡ ਕੀਤਾ ਜਾ ਸਕੇ।
ਇਸਰੋ ਦੇ ਚੇਅਰਮੈਨ ਕੈਲਾਸਾਵਾਦੀਵੋ ਸੀਵਾਨ ਨੇ ਬੀਬੀਸੀ ਨੂੰ ਦੱਸਿਆ, ਡਾ. ਅੰਬਿਕਾ ਨੂੰ ਨਾ ਸਿਰਫ ਤਕਨੀਕੀ ਸਗੋਂ ਪ੍ਰਬੰਧਕ ਤਜੁਰਬਾ ਵੀ ਹੈ ਅਤੇ ਇਸਰੋ ਨੇ ਕਦੇ ਮਰਦਾਂ ਤੇ ਔਰਤਾਂ ਵਿੱਚ ਵਿਕਤਰਾ ਨਹੀਂ ਕੀਤਾ। ਇੱਥੇ ਹਮੇਸ਼ਾ ਦੋਹਾਂ ਨੂੰ ਬਰਾਬਰ ਤਰਜੀਹ ਦਿੱਤੀ ਗਈ ਹੈ।''
ਡਾ. ਸੀਵਾਨ ਨੇ ਇੱਕ ਹੋਰ ਮਹਿਲਾ ਵਿਗਿਆਨੀ ਡਾ. ਅਨੁਰਾਧਾ ਟੀਕੇ ਦਾ ਨਾਂ ਵੀ ਲਿਆ ਜੋ ਹੁਣ ਸੈਟਲਾਈਟ ਕਮਿਊਨੀਕੇਸ਼ਨ ਪ੍ਰੋਗਰਾਮ ਨੂੰ ਲੀਡ ਕਰਨਗੇ।

ਤਸਵੀਰ ਸਰੋਤ, Imran qureshi/bbc
"ਅਸੀਂ ਬਰਾਬਰੀ ਦਾ ਮੌਕਾ ਦੇਣਾ ਚਾਹੁੰਦੇ ਹਾਂ ਅਤੇ ਦੋਵੇਂ ਕਾਫੀ ਤਾਕਤਵਰ ਔਰਤਾਂ ਹਨ।''
ਡਾ. ਲਲਿਤਾਅੰਬਿਕਾ ਨੇ ਵਿਕਰਮ ਸਾਰਾਭਾਈ ਸਪੇਸ ਸੈਂਟਰ ਦੀ ਡਿਪਟੀ ਡਾਇਰੈਕਟਰ ਵਜੋਂ ਸੇਵਾ ਨਿਭਾਈ ਹੈ।
ਉਸ ਸੈਂਟਰ ਵਿੱਚ ਉਨ੍ਹਾਂ ਨੇ ਉਸ ਟੀਮ ਨੂੰ ਲੀਡ ਕੀਤਾ ਜਿਸਨੇ 104 ਸੈਟਲਾਈਟਾਂ ਨੂੰ ਲਾਂਚ ਕੀਤਾ ਸੀ ਜਿਸ ਨਾਲ ਕੌਮਾਂਤਰੀ ਪੱਧਰ 'ਤੇ ਉਨ੍ਹਾਂ ਦੀ ਪਛਾਣ ਬਣੀ।
ਇਸ ਤੋਂ ਪਿਛਲਾ ਰਿਕਾਰਡ ਰੂਸ ਦਾ 37 ਸੈਟਸਲਾਈਟਾਂ ਲਾਂਚ ਕਰਨ ਦਾ ਸੀ।
ਭਾਰਤ ਦੇ ਮਿਸ਼ਨ ਦੀ ਕਾਮਯਾਬੀ ਦਾ ਅੰਦਾਜ਼ਾ ਇਸ ਗੱਲ ਨਾਲ ਲਗਾਇਆ ਜਾ ਸਕਦਾ ਹੈ ਕਿ ਕੋਈ ਵੀ ਸੈਟਲਾਈਟ ਆਪਸ ਵਿੱਚ ਨਹੀਂ ਟਕਰਾਈ ਹੈ।
ਕਈ ਏਜੰਸੀਆਂ ਨਾਲ ਹੋਵੇਗਾ ਤਾਲਮੇਲ
ਡਾ. ਸੀਵਾਨ ਨੇ ਕਿਹਾ, "ਇੱਕ ਵਾਰ ਮਨੁੱਖ ਭੇਜਣ ਦੇ ਮਿਸ਼ਨ ਨੂੰ ਮਨਜ਼ੂਰੀ ਮਿਲ ਗਈ ਤਾਂ ਇਹ ਵਿਭਾਗ ਨੋਡਲ ਏਜੰਸੀ ਵਾਂਗ ਕੰਮ ਕਰੇਗਾ ਕਿਉਂਕਿ ਇਸ ਨੂੰ ਕਈ ਸਰਕਾਰੀ ਏਜੰਸੀਆਂ ਨਾਲ ਤਾਲਮੇਲ ਕਰਨਾ ਪਵੇਗਾ।''
ਇਹ ਵੀ ਪੜ੍ਹੋ:
ਇਸਰੋ ਨੂੰ ਮਨੁੱਖੀ ਮਿਸ਼ਨ ਲਈ ਭਾਰਤੀ ਹਵਾਈ ਫੌਜ, ਡੀਆਰਡੀਓ ਅਤੇ ਹੋਰ ਏਜੰਸੀਆਂ ਨਾਲ ਤਕਨੀਕ ਦੇ ਵਿਕਾਸ ਲਈ ਮਦਦ ਲੈਣੀ ਪਵੇਗੀ। ਰਾਕੇਸ਼ ਸ਼ਰਮਾ ਪਹਿਲੇ ਭਾਰਤੀ ਬਣੇ ਸਨ ਜੋ 1984 ਵਿੱਚ ਸੋਵੀਅਤ ਰੂਸ ਦੇ ਮਿਸ਼ਨ ਤਹਿਤ ਪੁਲਾੜ ਵਿੱਚ ਗਏ ਸਨ।

ਤਸਵੀਰ ਸਰੋਤ, iSro/bbc
ਮਨੁੱਖ ਭੇਜਣ ਦੇ ਮਿਸ਼ਨ ਨੂੰ ਅਜੇ ਕੁਝ ਵਕਤ ਲੱਗ ਸਕਦਾ ਹੈ ਕਿਉਂਕਿ ਭਾਰਤ ਦਾ ਧਿਆਨ ਇਸ ਵੇਲੇ ਸਪੇਸ ਤਕਨੀਕ ਨੂੰ ਆਰਥਿਕ ਵਿਕਾਸ ਲਈ ਇਸਤੇਮਾਲ ਕਰਨ ਵੱਲ ਹੈ।
ਭਾਰਤ ਦੇ ਸਪੇਸ ਪ੍ਰੋਗਰਾਮ ਦੇ ਸੰਸਥਾਪਕ ਵਿਕਰਮ ਸਾਰਾਭਾਈ ਨੇ ਵੀ ਭਾਰਤ ਲਈ ਇਹੀ ਸੁਫਨਾ ਦੇਖਿਆ ਸੀ ਜਿਨ੍ਹਾਂ ਦੇ ਜਨਮ ਦੀ ਸ਼ਤਾਬਦੀ ਇਸ ਸਾਲ ਮਨਾਈ ਜਾ ਰਹੀ ਹੈ।
ਭਾਰਤ ਦਾ ਕਫਾਇਤੀ ਤਕਨੀਕ ਵੱਲ ਜ਼ੋਰ
ਭਾਰਤ ਇਸ ਵੇਲੇ ਸਿੱਖਿਆ, ਸੰਚਾਰ ਅਤੇ ਰਿਮੋਟ ਸੈਂਸਿੰਗ ਲਈ ਸੈਟਲਾਈਟ ਲਾਂਚ ਕਰ ਰਿਹਾ ਹੈ ਪਰ ਹੁਣ ਭਾਰਤ ਨਵਾਂ ਮੋੜ ਲੈ ਰਿਹਾ ਹੈ।
ਹੁਣ ਭਾਰਤ ਪੋਲਰ ਸੈਟਲਾਈਟ ਲਾਂਚ ਵਿਹੀਕਲ 'ਤੇ ਆਪਣੀ ਨਿਰਭਰਤਾ ਘਟਾ ਰਿਹਾ ਹੈ। ਵੱਡੀਆਂ ਸੈਟਲਾਈਟਾਂ ਜੀਓ ਸਿਨਕਰੋਨਸ ਸੈਟਲਾਈਟ ਲਾਂਚ ਵਿਹੀਕਲ ਜ਼ਰੀਏ ਲਾਂਚ ਕਰਨ ਵੱਲ ਧਿਆਨ ਦਿੱਤਾ ਜਾ ਰਿਹਾ ਹੈ।
ਇਸਰੋ ਹੁਣ 2019 ਵਿਚਾਲੇ ਇਸਰੋ ਸਮੌਲ ਸੈਟਲਾਈਟ ਲਾਂਚ ਵਿਹੀਕਲ ਬਣਾਉਣ ਜਾ ਰਿਹਾ ਹੈ।

ਤਸਵੀਰ ਸਰੋਤ, iSro/bbc
ਡਾ. ਸੀਵਾਨ ਨੇ ਦੱਸਿਆ, "ਵੱਡੇ ਲਾਂਚ ਵਿਹੀਕਲ ਤੇ ਛੋਟੀਆਂ ਸੈਟਲਾਈਟਾਂ ਲਾਂਚ ਕਰਨਾ ਕਾਫੀ ਖਰਚੀਲਾ ਹੈ। ਨਿੱਜੀ ਖੇਤਰ ਤੋਂ ਛੇਤੀ ਸੈਟਲਾਈਟ ਲਾਂਚ ਕਰਨ ਦੀ ਮੰਗ ਕੀਤੀ ਜਾਂਦੀ ਹੈ।''
"ਸਮੌਲ ਸੈਟਲਾਈਟ ਲਾਂਚ ਵਿਹੀਕਲ ਨਾਲ ਲਾਗਤ ਮੌਜੂਦਾ ਲਾਗਤ ਦਾ ਦਸਵੇਂ ਹਿੱਸੇ ਦੇ ਬਰਾਬਰ ਰਹਿ ਜਾਵੇਗੀ। ਇਸ ਵਿਹੀਕਲ ਨੂੰ ਤਿਆਰ ਕਰਨ ਲਈ ਸਿਰਫ਼ ਤਿੰਨ ਤੋਂ ਛੇ ਲੋਕਾਂ ਦੀ ਲੋੜ ਪਵੇਗੀ।''
ਉਨ੍ਹਾਂ ਕਿਹਾ, "ਐਸਐਸਐੱਲਵੀ ਦੀ ਕਾਫੀ ਮੰਗ ਹੈ। 500-700 ਕਿਲੋਗ੍ਰਾਮ ਦੀ ਸੈਟਲਾਈਟ ਨੂੰ ਲਾਂਚ ਕਰਨ ਲਈ 72 ਘੰਟਿਆਂ ਦਾ ਵਕਤ ਲੱਗਦਾ ਹੈ। ਅਜਿਹੀ ਸੈਟਲਾਈਟ ਕਿਸੇ ਵੀ ਦੇਸ ਤੱਕ ਲੈ ਜਾ ਕੇ ਲਾਂਚ ਕੀਤਾ ਜਾ ਸਕਦੀ ਹੈ। ਪਹਿਲੀ ਫਲਾਈਟ ਮਈ ਜਾਂ ਜੂਨ ਵਿੱਚ ਲਾਂਚ ਕੀਤੀ ਜਾਵੇਗੀ।''
ਡਾ. ਸੀਵਾਨ ਅਨੁਸਾਰ ਮੁੜ ਤੋਂ ਇਸਤੇਮਾਲ ਕਰਨ ਵਾਲਾ ਵਿਹੀਕਲ ਵਾਲੇ ਪ੍ਰੋਜੈਕਟ ਵਿੱਚ ਅਜੇ ਵਕਤ ਲਗੇਗਾ ਕਿਉਂਕਿ ਅਜੇ ਤਕੀਨੀਕ ਬਾਰੇ ਟੈਸਟ ਕੀਤੇ ਜਾ ਰਹੇ ਹਨ। ਜੇ ਮੁੜ ਤੋਂ ਇਸਤੇਮਾਲ ਕਰਨ ਵਾਲੇ ਸਪੇਸ ਵਿਹੀਕਲ ਵਿਕਸਿਤ ਹੋ ਗਏ ਤਾਂ ਸੈਟਲਾਈਟ ਲਾਂਚ ਕਰਨ ਦੀ ਲਾਗਤ ਪੰਜਾਹ ਫੀਸਦ ਘੱਟ ਹੋ ਜਾਵੇਗੀ।
ਆਮਤੌਰ 'ਤੇ ਸੈਟਲਾਈਟ ਲਾਂਚ ਕੀਤੀ ਜਾਂਦੀ ਹੈ ਤਾਂ ਕਈ ਹਿੱਸੇ ਟੁੱਟ ਕੇ ਸਮੁੰਦਰ ਵਿੱਚ ਡਿੱਗ ਜਾਂਦੇ ਹਨ ਜਾਂ ਸੜ ਜਾਂਦੇ ਹਨ ਪਰ ਮੁੜ ਲਾਂਚ ਕਰਨ ਵਾਲਾ ਵਿਹੀਕਲ ਅਜਿਹੀ ਸਮੱਸਿਆਵਾਂ ਨੂੰ ਖਤਮ ਕਰੇਗਾ ਅਤੇ ਕਾਫੀ ਕਿਫਾਇਤੀ ਹੋਵੇਗਾ।












