ਪਾਰਕਰ ਸੋਲਰ ਪਰੋਬ꞉ ਸੂਰਜ ਨੂੰ 'ਹੱਥ ਲਾਉਣ' ਲਈ ਰਵਾਨਾ ਹੋਏ ਨਾਸਾ ਦੇ ਮਿਸ਼ਨ ਬਾਰੇ ਜਾਣੋ

ਤਸਵੀਰ ਸਰੋਤ, Getty Images
ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਆਪਣਾ ਸੂਰਜ ਦੇ ਸਭ ਤੋਂ ਨਜ਼ਦੀਕ ਜਾਣ ਵਾਲਾ ਮਿਸ਼ਨ ਭੇਜ ਦਿੱਤਾ ਹੈ।
ਇਹ ਪਰੋਬ ਹੁਣ ਤੱਕ ਦਾ ਸਭ ਤੋਂ ਤੇਜ਼ ਗਤੀ ਨਾਲ ਸੂਰਜ ਵੱਲ ਵਧਣ ਵਾਲਾ ਰਾਕਟ ਹੈ। ਇਸ ਮਿਸ਼ਨ ਰਾਹੀਂ ਸੂਰਜ ਬਾਰੇ ਕਈ ਰਹਿਸ ਖੁੱਲ੍ਹਣ ਦੀ ਉਮੀਦ ਕੀਤੀ ਜਾ ਰਹੀ ਹੈ।
ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਜੀਵਤ ਵਿਅਕਤੀ ਦੇ ਨਾਮ ਉੱਤੇ ਨਾਸਾ ਨੇ ਆਪਣੇ ਮਿਸ਼ਨ ਦਾ ਨਾਮਕਰਨ ਕੀਤਾ ਹੈ।
ਇਸ ਰਾਕਟ ਦਾ ਨਾਮ 91 ਸਾਲਾ ਪੁਲਾੜ ਭੌਤਿਕ ਵਿਗਿਆਨੀ ਇਊਜੀਨ ਪਾਰਕਰ ਦੇ ਨਾਮ ਉੱਤੇ ਕੀਤਾ ਗਿਆ ਹੈ, ਜਿਨ੍ਹਾਂ ਨੇ ਸਾਲ 1958 ਵਿੱਚ ਪਹਿਲੀ ਵਾਰ ਸੂਰਜੀ ਹਨੇਰੀਆਂ ਬਾਰੇ ਜ਼ਿਕਰ ਕੀਤਾ ਸੀ।
ਇਹ ਵੀ ਪੜ੍ਹੋ꞉
ਉਨ੍ਹਾਂ ਨੇ ਲਾਂਚ ਨੂੰ ਦੇਖਦੇ ਹੋਏ ਕਿਹਾ, "ਵਾਹ, ਅਸੀਂ ਚੱਲੇ! ਆਉਂਣ ਵਾਲੇ ਕਈ ਸਾਲਾਂ ਤੱਕ ਅਸੀਂ ਸਿੱਖਦੇ ਰਹਾਂਗੇ।"
ਇਸ ਮਿਸ਼ਨ ਨੂੰ ਲਿਜਾਣ ਵਾਲੇ ਰਾਕਟ ਡੈਲਟਾ-IV ਨੇ ਸਥਾਨਕ ਸਮੇਂ ਅਨੁਸਾਰ ਸਵੇਰੇ ਸਾਢੇ ਤਿੰਨ ਵਜੇ ਅਤੇ ਵਿਸ਼ਵੀ ਔਸਤ ਸਮੇਂ ਮੁਤਾਬਕ ਸਵੇਰੇ ਸਾਢੇ ਸੱਤ ਵਜੇ ਉਡਾਣ ਭਰੀ।
ਇੱਕ ਦਿਨ ਪਹਿਲਾਂ ਵੀ ਇਸ ਨੂੰ ਉਡਾਣ ਦੀ ਕੋਸ਼ਿਸ਼ ਕੀਤੀ ਗਈ ਸੀ ਜੋ ਕਿ ਐਨ ਸਮੇਂ ਸਿਰ ਕਿਸੇ ਤਕਨੀਕੀ ਗੜਬੜਈ ਕਰਕੇ ਟਾਲਣੀ ਪਈ ਸੀ।

ਤਸਵੀਰ ਸਰੋਤ, Getty Images
ਮਿਸ਼ਨ ਕੀ ਕਰੇਗਾ?
ਪਰੋਬ ਨੂੰ ਡੈਲਟਾ-IV ਸਿੱਧਾ ਸੂਰਜ ਦੇ ਬਾਹਰੀ ਵਾਤਾਵਰਨ ਵਿੱਚ ਸਿੱਟੇਗਾ ਜਿਸ ਨੂੰ ਕੋਰੋਨਾ ਕਿਹਾ ਜਾਂਦਾ ਹੈ।
ਛੇ ਹਫਤਿਆਂ ਵਿੱਚ ਰਾਕਟ ਸ਼ੁੱਕਰ ਕੋਲੋਂ ਲੰਘੇਗਾ ਅਤੇ ਉਸ ਤੋਂ ਛੇ ਮਹੀਨੇ ਬਾਅਦ ਸੂਰਜ ਨੂੰ ਮਿਲੇਗਾ।

ਤਸਵੀਰ ਸਰੋਤ, Getty Images
ਮਿਸ਼ਨ ਸੱਤ ਸਾਲਾਂ ਦੌਰਾਨ ਸੂਰਜ ਦੇ 24 ਚੱਕਰ ਲਾਵੇਗਾ ਅਤੇ ਇਸਦੇ ਕੋਰੋਨਾ ਦਾ ਅਧਿਐਨ ਕਰੇਗਾ। ਮੰਨਿਆ ਜਾਂਦਾ ਹੈ ਕਿ ਇਹੀ ਉਹ ਖੇਤਰ ਹੈ ਜਿੱਥੇ ਧਰਤੀ ਨੂੰ ਪ੍ਰਭਾਵਿਤ ਕਰਨ ਵਾਲੀਆਂ ਜ਼ਿਆਦਾਤਰ ਗਤੀਵਿਧੀਆਂ ਹੁੰਦੀਆਂ ਹਨ।
ਮਿਸ਼ਨ ਇਸ ਵਾਤਾਵਰਨ ਵਿੱਚ ਦਾਖਲ ਹੋ ਕੇ ਨਮੂਨੇ ਇਕੱਠੇ ਕਰੇਗਾ। ਉਸ ਸਮੇਂ ਇਸ ਦੀ ਸੂਰਜ ਤੋਂ ਦੂਰੀ 60 ਲੱਖ 16 ਹਜ਼ਾਰ ਕਿਲੋਮੀਟਰ ਹੋਵੇਗੀ।

ਤਸਵੀਰ ਸਰੋਤ, Getty Images
ਜਾਨ ਹਾਪਕਿਨਸ ਅਪਲਾਈਡ ਫਿਜ਼ਿਕਸ ਪ੍ਰਯੋਗਸ਼ਾਲਾ ਦੇ ਡਾ਼ ਨਿੱਕੀ ਫੌਕਸ ਨੇ ਬੀਬੀਸੀ ਨੂੰ ਦੱਸਿਆ, "ਇਹ ਸੁਣਨ ਨੂੰ ਬਹੁਤਾ ਨਜ਼ਦੀਕ ਨਹੀਂ ਲਗਦਾ ਪਰ ਕਲਪਨਾ ਕਰੋ ਧਰਤੀ ਸੂਰਜ ਤੋਂ ਇੱਕ ਮੀਟਰ ਦੀ ਦੂਰੀ 'ਤੇ ਹੋਵੇ। ਪਾਰਕਰ ਸੋਲਰ ਪਰੋਬ ਸੂਰਜ ਤੋਂ ਮਹਿਜ਼ 4 ਸੈਂਟੀਮੀਟਰ ਦੂਰ ਹੋਵੇਗੀ।"
ਉਨ੍ਹਾਂ ਕਿਹਾ, ਇਹ ਇਨਸਾਨ ਵੱਲੋਂ ਬਣਾਈ ਸੂਰਜ ਵੱਲ ਜਾਣ ਵਾਲੀ ਸਭ ਤੋਂ ਤੇਜ਼ ਵਸਤੂ ਹੋਵੇਗੀ। ਇਹ 690, 000 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਸੂਰਜ ਵੱਲ ਵਧੇਗਾ। ਇਹ ਗਤੀ ਇੱਕ ਮਿੰਟ ਵਿੱਚ ਨਿਊ ਯਾਰਕ ਤੋਂ ਟੋਕੀਓ ਪਹੁੰਚਣ ਵਾਂਗ ਹੈ।
ਇਹ ਵੀ ਪੜ੍ਹੋ꞉













