ਨੋਬਲ ਪੁਰਸਕਾਰ ਜੇਤੂ ਵੀਐੱਸ ਨਾਇਪਾਲ ਨੇ ਜਦੋਂ ਕੀਤੀ ਸੀ ਖੁਦਕੁਸ਼ੀ ਦੀ ਕੋਸ਼ਿਸ਼

ਤਸਵੀਰ ਸਰੋਤ, COLIN MCPHERSON
ਸਾਹਿਤ ਦੇ ਨੋਬਲ ਪੁਰਸਕਾਰ ਜੇਤੂ ਅਤੇ ਮਸ਼ਹੂਰ ਲੇਖਕ ਵੀਐੱਸ ਨਾਇਪਾਲ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦਾ ਪੂਰਾ ਨਾਮ ਵਿਦਿਆਧਰ ਸੂਰਜਪ੍ਰਸਾਦ ਸੀ।
ਉਨ੍ਹਾਂ ਦੇ ਪਰਿਵਾਰ ਨੇ ਜਾਣਕਾਰੀ ਦਿੱਤੀ ਕਿ 85 ਸਾਲ ਦੇ ਨਾਇਪਾਲ ਨੇ ਲੰਡਨ ਸਥਿਤ ਆਪਣੇ ਘਰ ਵਿੱਚ ਆਖਰੀ ਸਾਹ ਲਏ।
ਭਾਰਤੀ ਮੂਲ ਦੇ ਨਾਇਪਾਲ ਦਾ ਜਨਮ 17 ਅਗਸਤ 1932 ਵਿੱਚ ਤ੍ਰਿਨੀਦਾਦ ਵਿੱਚ ਹੋਇਆ ਸੀ। ਉਨ੍ਹਾਂ ਨੇ ਆਕਸਫਰਡ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਸੀ।
ਸਾਹਿਤ ਦੀ ਦੁਨੀਆਂ ਵਿੱਚ ਨਾਮ ਕਮਾਉਣ ਤੋਂ ਪਹਿਲਾਂ ਉਨ੍ਹਾਂ ਬੀਬੀਸੀ ਲਈ ਵੀ ਕੰਮ ਕੀਤਾ ਸੀ।
ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਪਤਨੀ ਨੇ ਕਿਹਾ, ''ਉਨ੍ਹਾਂ ਰਚਨਾਤਮਕਾ ਭਰੀ ਜਿੰਦਗੀ ਗੁਜ਼ਾਰੀ। ਆਖਰੀ ਸਮੇਂ ਵਿੱਚ ਉਹ ਉਨ੍ਹਾਂ ਸਾਰਿਆਂ ਨਾਲ ਸਨ ਜਿਨ੍ਹਾ ਨੂੰ ਉਹ ਪਿਆਰ ਕਰਦੇ ਸਨ।''
ਇਹ ਵੀ ਪੜ੍ਹੋ:

ਤਸਵੀਰ ਸਰੋਤ, NICK HARVEY
ਮਜ਼ਦੂਰ ਪਰਿਵਾਰ ਨਾਲ ਸਬੰਧ
ਵੀਐੱਸ ਨਾਇਪਾਲ ਦੇ ਪੁਰਖੇ ਮਜ਼ਦੂਰ ਵਜੋਂ ਭਾਰਤ ਤੋਂ ਤ੍ਰਿਨੀਦਾਦ ਪਰਵਾਸ ਕਰਕੇ ਆਏ ਸਨ।
ਨਾਇਪਾਲ ਦੇ ਪਿਤਾ ਸੀਪਰਸਾਦ ਤ੍ਰਿਨੀਦਾਦ ਗਾਰਡੀਅਨ ਦੇ ਪੱਤਰਕਾਰ ਸਨ। ਉਹ ਸ਼ੇਕਸ਼ਪੀਅਰ ਅਤੇ ਡਿਕਨਸ ਦੇ ਪ੍ਰਸ਼ੰਸਕ ਵੀ ਸਨ। ਇਹ ਵੀ ਇੱਕ ਕਾਰਨ ਸੀ ਕਿ ਨਾਇਪਾਲ ਦਾ ਸਾਹਿਤ ਵੱਲ ਰੂਚੀ ਜਾਗੀ।
ਉਨ੍ਹਾਂ ਦੀ ਪਹਿਲੀ ਕਿਤਾਬ 'ਦਿ ਮਿਸਟਿਕ ਮੈਸਰ' ਸਾਲ 1951 ਵਿੱਚ ਪ੍ਰਕਾਸ਼ਿਤ ਹੋਈ ਸੀ। ਚਰਚਿਤ ਨਾਵਲ 'ਅ ਹਾਊਸ ਫਾਰ ਮਿਸਟਰ ਬਿਸਵਾਸ' ਲਿਖਣ ਵਿੱਚ ਉਨ੍ਹਾਂ ਨੂੰ ਤਿੰਨ ਸਾਲ ਤੋ ਜ਼ਿਆਦਾ ਸਮਾਂ ਲੱਗਾ।

ਤਸਵੀਰ ਸਰੋਤ, RUTH POLLACK
ਨਾਇਪਾਲ ਨੂੰ ਸਾਲ 1971 ਵਿੱਚ ਬੁਕਰ ਪ੍ਰਾਈਜ਼ ਅਤੇ ਸਾਲ 2001 ਵਿੱਚ ਸਾਹਿਤ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
'ਏ ਬੇਂਡ ਇਨ ਰਿਵਰ' ਅਤੇ 'ਅ ਹਾਊਸ ਫਾਰ ਮਿਸਟਰ ਬਿਸਵਾਸ' ਉਨ੍ਹਾਂ ਦੀਆਂ ਚਰਤਿਚ ਕਿਤਾਬਾਂ ਹਨ।
ਵੀਐੱਸ ਨਾਇਪਾਲ ਨੇ ਕਿਹਾ ਸੀ ਕਿ ਉਹ ਭਾਰਤ ਬਾਰੇ ਹੋਰ ਨਹੀਂ ਲਿਖਣਗੇ
ਮਸ਼ਹੂਰ ਨਾਟਕ ਕਾਰ ਰਿਰੀਸ਼ ਕਰਨਾਡ ਨੇ ਅੱਜ ਤੋਂ 6 ਸਾਲ ਪਹਿਲਾਂ ਨਾਇਪਾਲ ਦੀ ਕਰੜੀ ਆਲੋਚਨਾ ਕੀਤੀ ਸੀ।
ਕਰਨਾਡ ਨੇ ਕਿਹਾ ਸੀ ਕਿ ਨਾਇਪਾਲ ਨੂੰ ਭਾਰਤੀ ਇਤਿਹਾਸ ਵਿੱਚ ਮੁਸਲਮਾਨਾਂ ਦੇ ਯੋਗਦਾਨ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਕਰਨਾਡ ਨੇ ਬਾਬਰੀ ਮਸਜਿਦ ਦੇ ਢਾਹੇ ਜਾਣ ਮਗਰੋਂ ਵੀਐੱਸ ਨਾਇਪਾਲ ਵੱਲੋਂ ਕਥਿਤ ਤੌਰ 'ਤੇ ਭਾਜਪਾ ਦੇ ਹੈੱਡਕੁਆਟਰ ਜਾਣ ਕਾਰਨ ਵੀ ਉਨ੍ਹਾਂ ਦੀ ਆਲੋਚਨਾ ਕੀਤੀ ਸੀ।

ਤਸਵੀਰ ਸਰੋਤ, GERRY PENNY/EPA/REX/SHUTTERSTOCK
ਗਿਰੀਸ਼ ਕਰਨਾਡ ਵੱਲੋਂ ਇਸ ਤਰ੍ਹਾਂ ਆਲੋਚਨਾ ਹੋਣ ਤੋਂ ਬਾਅਦ ਉਨ੍ਹਾਂ ਕਿਹਾ ਸੀ ਕਿ ਭਾਰਤ ਉੱਤੇ ਹੁਣ ਬਹੁਤ ਲਿਖ ਲਿਆ, ਹੁਣ ਹੋਰ ਨਹੀਂ ਲਿਖਣਾ।
ਉਨ੍ਹਾਂ ਨੇ ਕਿਹਾ ਸੀ, ''ਮੈਂ ਭਾਰਤ ਬਾਰੇ ਕਾਫੀ ਲਿਖਿਆ ਹੈ। ਭਾਰਤ ਬਾਰੇ ਮੈਂ ਚਾਰ ਕਿਤਾਬਾਂ, ਦੋ ਨਾਵਲ ਅਤੇ ਬਹੁਤ ਸਾਰੇ ਲੇਖ ਲਿਖੇ ਹਨ। ਹੁਣ ਹੋਰ ਨਹੀਂ।''
ਬੰਗਲਾਦੇਸ ਦੀ ਲੇਖਿਕਾ ਤਸਲੀਮਾ ਨਸਰੀਨ ਨੇ ਵੀ ਵੀਐੱਸ ਨਾਇਪਾਲ ਨੂੰ ਮੁਸਲਿਮ ਵਿਰੋਧੀ ਕਰਾਰ ਦਿੱਤਾ ਸੀ।
ਆਲੋਚਕ ਵੀ ਤੇ ਪ੍ਰਸ਼ੰਸਕ ਵੀ
ਉਨ੍ਹਾਂ ਦੇ ਕਈ ਆਲੋਚਕਾਂ ਦਾ ਇਲਜ਼ਾਮ ਸੀ ਕਿ ਨਾਇਪਾਲ ਦੀਆਂ ਲਿਖਤਾਂ ਇੱਕ ਪਾਸੜ ਹਨ। ਆਲੋਚਕ ਨਾਇਪਾਲ ਦੀਆਂ ਸਾਹਿਤਕ ਰਚਨਵਾਂ ਦੇ ਮੁਰੀਦ ਤਾਂ ਸਨ ਪਰ ਉਨ੍ਹਾਂ ਨੂੰ ਇੱਕ ਨਫ਼ਰਤ ਦੀ ਭਾਵਨਾ ਵਾਲਾ ਇਨਸਾਨ ਵੀ ਕਹਿੰਦੇ ਸਨ।
ਨੋਬਲ ਪੁਰਸਕਾਰ ਜੇਤੂ ਡੇਰੇਕ ਵਾਲਕੋਟ ਨੇ ਨਾਇਪਾਲ ਦੀਆਂ ਲਿਖਤਾਂ ਨੂੰ ਖੂਬਸੂਰਤ ਤਾਂ ਦੱਸਿਆ ਨਾਲ ਉਨ੍ਹਾਂ ਦੀਆਂ ਨੀਗਰੋ ਲੋਕਾਂ ਪ੍ਰਤੀ ਨਫ਼ਰਤ ਦਾ ਵੀ ਜ਼ਿਕਰ ਕਰਦੇ ਹਨ।

ਤਸਵੀਰ ਸਰੋਤ, JOHN MINIHAN
ਨਾਇਪਾਲ ਨੇ ਇਸਲਾਮ ਦੀ ਕਾਫੀ ਆਲੋਚਨਾ ਵੀ ਕੀਤੀ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਇਸਲਾਮ ਨੇ ਲੋਕਾਂ ਨੂੰ ਗੁਲਾਮ ਬਣਾਇਆ ਅਤੇ ਦੂਜੀਆਂ ਸੱਭਿਆਚਾਰਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ।
ਸਿੱਖਿਆ ਦੇ ਖੇਤਰ ਨਾਲ ਜੁੜੇ ਐਡਵਰਡ ਨੇ ਕਿਹਾ ਸੀ ਕਿ ਨਾਇਪਾਲ ਇਸਲਾਮ ਦੇ ਖਿਲਾਫ ਵਿਚਾਰ ਰੱਖਣ ਵਾਲਾ ਸ਼ਖਸ ਪੂਰੇ ਸੱਭਿਆਰ ਉੱਤੇ ਹੀ ਉਂਗਲ ਚੁੱਕ ਦੇਵੇਗਾ ਇਹ ਵਿਸ਼ਵਾਸ਼ ਕਰਨਾ ਮੁਸ਼ਕਲ ਹੈ
ਜਦੋਂ ਸਲਮਾਨ ਰੁਸ਼ਦੀ 'ਦਿ ਸੈਟੇਨਿਕ ਵਰਸਸ' ਲਿਖ ਕੇ ਵਿਵਾਦਾਂ ਵਿੱਚ ਘਿਰੇ ਤਾਂ ਨਾਇਪਾਲ ਨੇ ਉਨ੍ਹਾਂ ਖਿਲਾਫ਼ ਜਾਰੀ ਹੋਏ ਫਤਨੇ ਬਾਰੇ ਕਿਹਾ ਸੀ ਕਿ ਇਹ 'ਸਾਹਿਤਕ ਆਲੋਚਨਾ ਦੀ ਹੱਦ ਹੈ'। ਇਸ ਤੋਂ ਬਾਅਦ ਉਹ ਹਸਣ ਲੱਗੇ।
ਇਹ ਵੀ ਪੜ੍ਹੋ:

ਤਸਵੀਰ ਸਰੋਤ, MEAGER
ਖੁਦਕੁਸ਼ੀ ਦੀ ਕੋਸ਼ਿਸ਼
ਕਾਲਜ ਦੇ ਦਿਨਾਂ ਵਿੱਚ ਉਹ ਸਮਾਂ ਵੀ ਆਇਆ ਜਦੋਂ ਨਾਇਪਾਲ ਡਿਪਰੈਸ਼ਨ ਦਾ ਸ਼ਿਕਾਰ ਹੋਏ। ਇਸੇ ਦੌਰਾਨ ਉਹ ਸਪੇਨ ਗਏ ਸਨ ਜਿੱਥੇ ਉਨ੍ਹ ਪੈਸਿਆਂ ਦੀ ਕਮੀ ਤੋਂ ਜੂਝਣ ਲੱਗੇ। ਮਾਯੂਸੀ ਵਿੱਚ ਉਨ੍ਹਾਂ ਖੁਦਕੁਸ਼ੀ ਦੀ ਨਾਕਾਮ ਕੋਸ਼ਿਸ਼ ਕੀਤੀ।
ਇਨ੍ਹਾਂ ਦਿਨਾਂ ਵਿੱਚ ਉਨ੍ਹਾਂ ਦੇ ਪਿਤਾ ਨਾਇਪਾਲ ਲਈ ਸਹਾਰਾ ਬਣੇ। ਉਹ ਆਪਣੇ ਪਿਤਾ ਨਾਲ ਚਿੱਠੀਆਂ ਰਾਹੀਂ ਸੰਪਰਕ ਵਿੱਚ ਰਹਿੰਦੇ ਸਨ।
ਨਾਇਪਾਲ ਨੇ ਬਾਅਦ ਵਿੱਚ ਸਾਲ 1999 ਵਿੱਚ ਇਨ੍ਹਾਂ ਚਿੱਠੀਆਂ ਨੂੰ 'ਲੈਟਰਜ਼ ਬਿਟਵੀਨ ਫਾਦਰ ਐਂਡ ਏ ਸਨ' ਦੇ ਸ਼ੀਰਸ਼ਕ ਹੇਠ ਛਾਪਿਆ।












