ਪਟਕੇ ਤੋਂ ਬਿਨਾਂ ਅਖਾੜੇ 'ਚ ਉਤਰਨ ਤੋਂ ਨਾਂਹ ਕਰਨ ਵਾਲੇ ਪਹਿਲਵਾਨ ਜੱਸਾ ਪੱਟੀ ਨੇ ਹੁਣ ਕੀ ਕਿਹਾ

ਤਸਵੀਰ ਸਰੋਤ, ravinder singh robin/BBC
- ਲੇਖਕ, ਰਵਿੰਦਰ ਸਿੰਘ ਰੌਬਿਨ
- ਰੋਲ, ਬੀਬੀਸੀ ਪੰਜਾਬੀ ਦੇ ਲਈ
ਪੰਜਾਬ ਦੀ ਰਵਾਇਤੀ ਖੇਡ ਦੰਗਲ (ਕੁਸ਼ਤੀ) ਵਿੱਚ ਆਪਣਾ ਭਵਿੱਖ ਬਣਾਉਣ ਲਈ ਜਸਕੰਵਰ ਸਿੰਘ ਉਰਫ਼ ਜੱਸਾ ਪੱਟੀ ਪੰਜਾਬ ਦੇ ਨੌਜਵਾਨਾਂ ਲਈ ਉਮੀਦ ਦੀ ਕਿਰਨ ਹਨ।
ਪੰਜਾਬ ਦੇ ਸਰਹੱਦੀ ਇਲਾਕੇ ਤਰਨਤਾਰਨ ਵਿੱਚ ਜੰਮੇ ਜਸਕੰਵਰ ਸਿੰਘ ਮੀਡੀਆ ਵਿੱਚ ਆਉਣ ਤੋਂ ਬਾਅਦ ਪਹਿਲਾਂ ਨਾਲੋਂ ਵੀ ਵੱਧ ਰੁੱਝ ਗਏ ਹਨ। ਜੱਸਾ ਪੱਟੀ ਜਿੱਥੇ ਵੀ ਕੁਸ਼ਤੀ ਲਈ ਜਾਂਦੇ ਹਨ ਉੱਥੇ ਉਨ੍ਹਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਜਾ ਰਿਹਾ ਹੈ।
ਹਰ ਉਮਰ ਵਰਗ ਦੇ ਲੋਕ ਆਪਣੇ 'ਹੀਰੋ' ਦੇ ਨਾਲ ਸੈਲਫੀ ਲੈਣ ਦੀ ਇੱਛਾ ਜਤਾਉਂਦੇ ਹਨ।
ਪੰਜਾਬ ਦੇ ਇਸ ਪਹਿਲਵਾਨ ਨੂੰ ਪਹਿਲਾਂ ਬਹੁਤੇ ਲੋਕ ਨਹੀਂ ਜਾਣਦੇ ਸਨ। ਜੱਸਾ ਪੱਟੀ ਉਸ ਵੇਲੇ ਸੁਰਖੀਆਂ ਵਿੱਚ ਆਏ ਜਦੋਂ ਉਨ੍ਹਾਂ ਨੇ ਤੁਰਕੀ ਵਿੱਚ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੌਰਾਨ ਪਹਿਲੇ ਹੀ ਮੁਕਾਬਲੇ ਵਿੱਚ ਸਿਰ ਤੋਂ ਪਟਕਾ ਲਾਹ ਕੇ ਖੇਡਣ ਤੋਂ ਇਨਕਾਰ ਕਰ ਦਿੱਤਾ। ਇਸ ਕਾਰਨ ਉਹ ਟੂਰਨਾਮੈਂਟ ਵਿੱਚ ਅੱਗੇ ਨਹੀਂ ਖੇਡ ਸਕੇ।
ਇਹ ਵੀ ਪੜ੍ਹੋ:
ਜੱਸਾ ਕਹਿੰਦੇ ਹਨ ਕਿ ਰਿਵਾਇਤੀ ਦੰਗਲ ਨੇ ਨਾ ਸਿਰਫ਼ ਉਨ੍ਹਾਂ ਨੂੰ ਜਿਉਣ ਦਾ ਰਾਹ ਵਿਖਾਇਆ ਸਗੋਂ ਇਸਦੇ ਜ਼ਰੀਏ ਉਹ ਲਗਾਤਾਰ ਆਪਣੇ ਪ੍ਰਸ਼ੰਸਕਾਂ ਨਾਲ ਸਪੰਰਕ ਵਿੱਚ ਵੀ ਬਣੇ ਰਹਿੰਦੇ ਹਨ।
ਜਦੋਂ ਉਹ ਕਿਸੇ ਪਿੰਡ ਵਿੱਚ ਜਾਂਦੇ ਹਨ ਤਾਂ ਦੰਗਲ ਦੇ ਦੌਰਾਨ ਉਨ੍ਹਾਂ ਦੇ ਨਾਮ ਦਾ ਐਲਾਨ ਹੁੰਦੇ ਹੀ ਉੱਥੇ ਦੇ ਮਾਹੌਲ ਵਿੱਚ ਇੱਕ ਲਹਿਰ ਦੌੜ ਜਾਂਦੀ ਹੈ।

ਤਸਵੀਰ ਸਰੋਤ, Ravinder singh robin/bbc
ਜੱਸਾ ਮੁਤਾਬਕ, "28 ਜੁਲਾਈ ਨੂੰ ਯੂਕਰੇਨ ਦੇ ਪਹਿਲਵਾਨ ਖ਼ਿਲਾਫ਼ ਮੁਕਾਬਲੇ ਲਈ ਜਦੋਂ ਮੈਂ ਮੈਦਾਨ ਵਿੱਚ ਉਤਰਿਆ ਤਾਂ ਪ੍ਰਬੰਧਕਾਂ ਨੇ ਕਿਹਾ ਕਿ ਮੈਚ ਖੇਡਣ ਲਈ ਉਨ੍ਹਾਂ ਨੂੰ ਪਟਕਾ ਲਾਹੁਣਾ ਪਵੇਗਾ। ਜਿਸ ਤੋਂ ਮੈਂ ਨਾਂਹ ਕਰ ਦਿੱਤੀ ਅਤੇ ਇਹ ਫ਼ੈਸਲਾ ਲੈਣ ਲਈ ਮੈਨੂੰ ਸਿਰਫ਼ ਇੱਕ ਸੈਕਿੰਡ ਲੱਗਿਆ। ਮੈਂ ਆਪਣਾ ਸਿਰ ਢੱਕਣ ਲਈ ਸਿਰਫ਼ ਇੱਕ ਕੱਪੜਾ ਹੀ ਤਾਂ ਬੰਨਿਆ ਸੀ ਨਾ ਕਿ ਪਲਾਸਟਿਕ, ਲੋਹਾ ਜਾਂ ਲੱਕੜੀ, ਜਿਸ ਨਾਲ ਮੇਰੇ ਸਾਹਮਣੇ ਵਾਲੇ ਖਿਡਾਰੀ ਨੂੰ ਕੋਈ ਨੁਕਸਾਨ ਪਹੁੰਚਦਾ। ਮੈਨੂੰ ਪਟਕੇ ਸਮੇਤ ਖੇਡਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਸੀ।"
ਇਹ ਵੀ ਪੜ੍ਹੋ:
ਕੀ ਹੈ ਜੱਸਾ ਦੀ ਰੁਟੀਨ?
ਜੱਸਾ ਪੱਟੀ ਕਹਿੰਦੇ ਹਨ, "ਪਿਛਲੇ ਸਾਲ ਮੈਂ 80 ਮੁਕਾਬਲੇ ਖੇਡੇ ਅਤੇ ਉਸ ਦੌਰਾਨ 45 ਲੱਖ ਰੁਪਏ ਕਮਾਏ ਪਰ ਖੇਡ ਦੇ ਦੌਰਾਨ ਸ਼ੁਰੂ ਤੋਂ ਹੀ ਮੈਂ ਪਟਕਾ ਨਹੀਂ ਉਤਾਰਿਆ ਜਾਂ ਈਵੈਂਟ ਦੇ ਪ੍ਰਬੰਧਕਾਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਔਰਤਾਂ ਦੀ ਤਰ੍ਹਾਂ ਬਾਲ ਬੰਨ੍ਹ ਕੇ ਖੇਡੇ।''
ਜੱਸਾ ਪੱਟੀ ਨੂੰ ਪੂਰੇ ਸਬੇ ਦੀਆਂ ਰੈਸਲਿੰਗ ਸੰਸਥਾਵਾਂ ਵੱਲੋਂ ਵਾਲੇ ਕੁਸ਼ਤੀ ਲਈ ਸੱਦੇ ਮਿਲਣੇ ਅਚਾਨਕ ਵਧ ਗਏ ਹਨ।
ਆਪਣੇ ਦਿਨ ਦੀ ਰੁਟੀਨ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਵੇਰੇ ਉਹ ਘਰ ਤੋਂ ਨਿਕਲ ਕੇ ਪ੍ਰੈਕਟਿਸ ਲਈ ਜਿਮ ਜਾਂਦੇ ਹਨ, ਇਸ ਤੋਂ ਬਾਅਦ ਪਹਿਲਾਂ ਤੋਂ ਤੈਅ ਦੰਗਲਾਂ ਲਈ ਵੱਖ-ਵੱਖ ਪਿੰਡਾਂ ਵਿੱਚ ਜਾਂਦੇ ਹਨ।

ਤਸਵੀਰ ਸਰੋਤ, Ravinder singh robin/bbc
ਜੱਸਾ ਪੱਟੀ ਦੇ ਪ੍ਰਸ਼ੰਸਕ ਐਨੇ ਵਧ ਗਏ ਹਨ ਕਿ ਜਦੋਂ ਵੀ ਉਹ ਕੁਸ਼ਤੀ ਖ਼ਤਮ ਕਰਦੇ ਹਨ ਉਨ੍ਹਾਂ ਦੇ ਕੁਝ ਜੂਨੀਅਰ ਪਹਿਲਵਾਨ ਚਾਰੇ ਪਾਸਿਆਂ ਉਨ੍ਹਾਂ ਨੂੰ ਘੇਰ ਲੈਂਦੇ ਹਨ ਅਤੇ ਪਿੰਡ ਦੇ ਖੂਹ ਵਿੱਚੋਂ ਕੱਢੇ ਗਏ ਤਾਜ਼ਾ ਪਾਣੀ ਨਾਲ ਨਹਾਉਂਦੇ ਹਨ ਅਤੇ ਕਈ ਆਪਣੇ 'ਗੁਰੂ' ਲਈ ਬਾਦਾਮ ਸ਼ੇਕ ਬਣਾ ਕੇ ਲਿਆਉਂਦੇ ਹਨ।
ਉਹ ਕਹਿੰਦੇ ਹਨ, "ਮੈਂ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕਰਦਾ ਅਤੇ ਉਹ ਸਭ ਕਰਨ ਦਿੰਦਾ ਹਾਂ ਜੋ ਉਹ ਚਾਹੁੰਦੇ ਹਨ, ਅਕਸਰ ਉਨ੍ਹਾਂ ਨੂੰ ਪਹਿਲਵਾਨੀ ਦੇ ਗੁਰ ਸਿਖਾਉਂਦਾ ਹਾਂ।''

ਤਸਵੀਰ ਸਰੋਤ, Ravinder singh robin/bbc
ਉਨ੍ਹਾਂ ਨੇ ਕਦੇ ਇਹ ਨਹੀਂ ਸੋਚਿਆ ਸੀ ਕਿ ਪਟਕਾ ਨਾ ਲਾਹੁਣ ਨੂੰ ਐਨਾ ਵਧਾ-ਚੜ੍ਹਾ ਦਿੱਤਾ ਜਾਵੇਗਾ ਅਤੇ ਮੀਡੀਆ ਵਾਲੇ ਉਨ੍ਹਾਂ ਦੇ ਇੰਟਰਵਿਊ ਲਈ ਉਨ੍ਹਾਂ ਦੇ ਪਿੱਛੇ ਭੱਜਣਗੇ।
ਉਹ ਕਹਿੰਦੇ ਹਨ, "ਮੈਂ ਕੁਸ਼ਤੀ ਦੌਰਾਨ ਪਟਕਾ ਬੰਨਦਾ ਹਾਂ ਤਾਂ ਕਿ ਮੇਰੇ ਬਾਲ ਮੂੰਹ ਅਤੇ ਅੱਖਾਂ ਦੇ ਸਾਹਮਣੇ ਨਾ ਆਉਣ।"
ਉਨ੍ਹਾਂ ਨੇ ਇਹ ਸਾਫ਼ ਕੀਤਾ ਕਿ ਇਸਦੇ ਪਿੱਛੇ ਕੋਈ ਅੰਧਵਿਸ਼ਵਾਸ ਨਹੀਂ ਹੈ।
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਨਵੀਂ ਪੀੜ੍ਹੀ ਨੂੰ ਕੁਸ਼ਤੀ ਸਿਖਾਉਣ ਲਈ ਉਨ੍ਹਾਂ ਨੇ ਕੋਈ ਸਕੂਲ ਖੋਲ੍ਹਿਆ ਹੈ ਤਾਂ ਉਨ੍ਹਾਂ ਨੇ ਕਿਹਾ, "ਮੈਂ ਤਾਂ ਖ਼ੁਦ ਅਜੇ ਕੁਸ਼ਤੀ ਸਿੱਖ ਰਿਹਾ ਹਾਂ, ਮੇਰਾ ਕੋਈ ਚੇਲਾ ਨਹੀਂ ਹੈ।"
ਇਹ ਵੀ ਪੜ੍ਹੋ:
ਕੌਮਾਂਤਰੀ ਪਹਿਲਵਾਨ ਰਹਿ ਚੁੱਕੇ ਜਸਕੰਵਰ ਦੇ ਪਿਤਾ ਸਲਵਿੰਦਰ ਸਿੰਘ ਕਹਿੰਦੇ ਹਨ ਕਿ ਮੁਕਾਬਲੇ ਦੌਰਾਨ ਪਹਿਲਵਾਨ ਨੂੰ ਸਿਰ ਢਕਣ ਦੀ ਇਜਾਜ਼ਤ ਹੁੰਦੀ ਹੈ ਕਿਉਂਕਿ ਇਸ ਨਾਲ ਉਸਦੇ ਸਾਹਮਣੇ ਵਾਲੇ ਖਿਡਾਰੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ ਅਤੇ ਇਸੇ ਤਰ੍ਹਾਂ ਸਿਰ ਢੱਕਣ ਲਈ ਜਸਕੰਵਰ ਵੀ ਪਟਕਾ ਬੰਨਦੇ ਹਨ।
ਜੱਸਾ ਨੇ ਦੱਸਿਆ ਕਿ ਉਨ੍ਹਾਂ ਦੇ ਕੋਚ ਨੇ ਇਸ ਮਸਲੇ (ਪਟਕਾ ਬੰਨ ਕੇ ਖੇਡਣ ਦੀ ਇਜਾਜ਼ਤ ਨਾ ਦੇਣਾ) ਨੂੰ ਪ੍ਰਬੰਧਕਾਂ ਸਾਹਮਣੇ ਚੁੱਕਿਆ ਸੀ ਪਰ ਇਸ ਨਾਲ ਵੀ ਇਸ ਮਾਮਲੇ ਦਾ ਹੱਲ ਨਹੀਂ ਨਿਕਲਿਆ। ਜਸਕੰਵਰ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਦੇ ਕੋਚ ਨੇ ਹੁਣ ਇਹ ਮਾਮਲਾ ਭਾਰਤੀ ਕੁਸ਼ਤੀ ਸੰਘ ਦੇ ਸਾਹਮਣੇ ਚੁੱਕਿਆ ਹੈ ਤਾਂ ਜੋ ਭਵਿੱਖ ਵਿੱਚ ਅਜਿਹੇ ਹਾਲਾਤ ਪੈਦਾ ਹੋਣ ਤੋਂ ਰੋਕੇ ਜਾ ਸਕਣ।












