ਕੌਣ ਹੈ ਇਹ ਔਰਤ ਜਿਸ ਪਿੱਛੇ ਲੜ ਰਹੇ ਨੇ ਸਾਊਦੀ ਅਰਬ ਤੇ ਕੈਨੇਡਾ?

ਤਸਵੀਰ ਸਰੋਤ, EPA/AFP
''ਅਸੀਂ ਬਹੁਤ ਚਿੰਤਤ ਹਾਂ ਕਿ ਰੈਫ਼ ਬਾਦਾਵੀ ਦੀ ਭੈਣ ਸਮਰ ਬਾਦਾਵੀ ਨੂੰ ਸਾਊਦੀ ਅਰਬ ਵਿੱਚ ਕੈਦ ਕਰ ਲਿਆ ਗਿਆ ਹੈ। ਇਸ ਔਖੇ ਵੇਲੇ ਵਿੱਚ ਕੈਨੇਡਾ ਬਾਦਾਵੀ ਪਰਿਵਾਰ ਦੇ ਨਾਲ ਹੈ ਅਤੇ ਅਸੀਂ ਰੈਫ਼ ਤੇ ਸਮਰ ਬਾਦਾਵੀ ਦੀ ਆਜ਼ਾਦੀ ਦੀ ਮੰਗ ਕਰਦੇ ਹਾਂ।''
ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟਿਆ ਫਰੀਲੈਂਡ ਨੇ ਦੋ ਅਗਸਤ ਨੂੰ ਇਹ ਟਵੀਟ ਕੀਤਾ ਸੀ, ਜਿਸ ਤੋਂ ਬਾਅਦ ਦੋਵੇਂ ਦੇਸਾਂ ਵਿਚਾਲੇ ਹਵਾਈ ਸੇਵਾਵਾਂ ਬੰਦ ਹੋ ਗਈਆਂ ਤੇ ਸਿਆਸੀ ਸੰਕਟ ਪੈਦਾ ਹੋ ਗਿਆ ਹੈ।
ਆਖਰ ਸਮਰ ਬਾਦਾਵੀ ਕੌਣ ਹਨ ਜਿਨ੍ਹਾਂ ਪਿੱਛੇ ਦੋਵੇਂ ਦੇਸਾਂ ਵਿੱਚ ਤਣਾਅ ਪੈਦਾ ਹੋ ਗਿਆ ਹੈ?
ਇਹ ਵੀ ਪੜ੍ਹੋ:
ਕੌਣ ਹਨ ਸਮਰ ਬਾਦਾਵੀ?
33 ਸਾਲ ਦੀ ਸਮਰ ਬਾਦਾਵੀ ਔਰਤਾਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੀ ਅਮਰੀਕੀ ਸਮਾਜ ਸੇਵਿਕਾ ਹੈ। ਸਮਰ ਨੂੰ 2012 ਵਿੱਚ 'ਇੰਟਰਨੈਸ਼ਨਲ ਵੂਮਨ ਆਫ ਕਰੇਜ' ਦਾ ਐਵਾਰਡ ਦਿੱਤਾ ਗਿਆ ਸੀ।
ਸਮਰ ਸਾਊਦੀ ਅਰਬ ਵਿੱਚ ਔਰਤਾਂ 'ਤੇ ਮਰਦਾਂ ਦੀ ਗਾਰਡੀਅਨਸ਼ਿਪ ਦਾ ਵਿਰੋਧ ਕਰਦੀ ਹੈ।
ਸਮਰ ਦੇ ਭਰਾ ਰੈਫ਼ ਬਾਦਾਵੀ ਵੀ ਸਾਊਦੀ ਅਰਬ ਵਿੱਚ ਇਸਲਾਮ ਦੀ ਆਲੋਚਨਾ ਕਰਨ ਲਈ ਜੇਲ੍ਹ ਜਾ ਚੁੱਕੇ ਹਨ। ਉਨ੍ਹਾਂ ਦੇ ਭਰਾ ਨੂੰ ਵੀ ਇੰਟਰਨੈੱਟ 'ਤੇ ਇਸਲਾਮ ਦੀ ਆਲੋਚਨਾ ਕਰਨ ਲਈ ਸਾਲ 2014 ਵਿੱਚ ਇੱਕ ਹਜ਼ਾਰ ਕੋੜਿਆਂ ਦੇ ਨਾਲ ਦੱਸ ਸਾਲ ਦੀ ਸਜ਼ਾ ਸੁਣਾਈ ਗਈ ਸੀ।

ਤਸਵੀਰ ਸਰੋਤ, EPA
ਕੈਨੇਡਾ ਦੇ ਵਿਦੇਸ਼ ਨੀਤੀ ਮਹਿਕਮੇ ਨੇ ਸਮਰ ਦੀ ਰਿਹਾਈ ਨੂੰ ਲੈ ਕੇ ਟਵੀਟ ਕੀਤਾ, ''ਕੈਨੇਡਾ ਸਿਵਲ ਸੁਸਾਇਟੀ ਵਿੱਚ ਔਰਤਾਂ ਦੇ ਅਧਿਕਾਰਾਂ ਦੀ ਗੱਲ ਕਰਨ ਵਾਲੀ ਸਮਾਜ ਸੇਵਿਕਾ ਸਮਰ ਬਾਦਾਵੀ ਦੀ ਗ੍ਰਿਫਤਾਰੀ ਨੂੰ ਲੈ ਕੇ ਚਿੰਤਤ ਹੈ।''
''ਅਸੀਂ ਸਾਊਦੀ ਅਧਿਕਾਰੀਆਂ ਨੂੰ ਸਮਰ ਅਤੇ ਦੂਜੇ ਸਮਾਜ ਸੇਵਕਾਂ ਨੂੰ ਛੱਡਣ ਦੀ ਅਪੀਲ ਕਰਦੇ ਹਾਂ।''
ਸਾਊਦੀ ਅਰਬ ਦੇ ਵਿਦੇਸ਼ ਮੰਤਰਾਲੇ ਨੇ ਕੈਨੇਡਾ ਦੇ ਟਵੀਟ 'ਤੇ ਪ੍ਰਤਿਕਿਰਿਆ ਦਿੱਤੀ ਹੈ। ਉਨ੍ਹਾਂ ਲਿਖਿਆ, ''ਇਹ ਸਾਊਦੀ ਰਾਜ ਦਾ ਅਪਮਾਨ ਹੈ ਤੇ ਇਸ ਲਈ ਸਖ਼ਤ ਪ੍ਰਤਿਕਿਰਿਆ ਦੀ ਲੋੜ ਹੈ, ਜਿਸ ਨਾਲ ਭਵਿੱਖ ਵਿੱਚ ਕੋਈ ਸਾਊਦੀ ਪ੍ਰਭੂਸੱਤਾ ਵਿੱਚ ਦਖਲ ਨਾ ਦੇਵੇ।''
ਇਹ ਵੀ ਪੜ੍ਹੋ:
ਇਸ ਤੋਂ ਤੁਰੰਤ ਬਾਅਦ ਸਾਊਦੀ ਸਰਕਾਰ ਵੱਲੋਂ ਪ੍ਰਤਿਕਿਰਿਆ ਆਈ ਤੇ ਕੈਨੇਡਾ ਦੇ ਰਾਜਦੂਤ ਨੂੰ ਰਿਆਧ ਛੱਡਣ ਲਈ 24 ਘੰਟਿਆਂ ਦਾ ਸਮਾਂ ਦਿੱਤਾ ਗਿਆ।
ਇਸ ਦੇ ਨਾਲ ਹੀ ਸਾਊਦੀ ਸਰਕਾਰ ਨੇ ਓਟਵਾ ਤੋਂ ਆਪਣੇ ਰਾਜਦੂਤ ਨੂੰ ਵਾਪਸ ਬੁਲਾ ਲਿਆ ਹੈ ਤੇ ਸਾਰੇ ਵਪਾਰ ਤੇ ਨਿਵੇਸ਼ ਨਾਲ ਜੁੜੇ ਸਮਝੌਤਿਆਂ ਨੂੰ ਰੋਕ ਦਿੱਤਾ ਗਿਆ ਹੈ।
ਸਾਊਦੀ ਸਰਕਾਰ ਨੇ ਕੈਨੇਡਾ ਵਿੱਚ ਰਹਿ ਰਹੇ 15 ਹਜ਼ਾਰ ਸਾਊਦੀ ਯੁਨੀਵਰਸਿਟੀ ਸਟੂਡੈਂਟਸ ਦੀ ਸਕਾਲਰਸ਼ਿਪ ਰੋਕ ਦਿੱਤੀ ਹੈ। ਇਸ ਦੇ ਨਾਲ ਹੀ ਸੱਤ ਹਜ਼ਾਰ ਪਰਿਵਾਰਾਂ ਨੂੰ ਦੂਜੇ ਦੇਸਾਂ ਵਿੱਚ ਜਾ ਕੇ ਵਸਣ ਦਾ ਆਦੇਸ਼ ਜਾਰੀ ਕਰ ਦਿੱਤਾ ਹੈ।

ਤਸਵੀਰ ਸਰੋਤ, Getty Images
ਦੋਵੇਂ ਦੇਸਾਂ ਵਿਚਾਲੇ ਸਿਰਫ਼ ਤਿੰਨ ਹਜ਼ਾਰ ਅਮਰੀਕੀ ਡਾਲਰਜ਼ ਦਾ ਵਪਾਰ ਹੈ ਪਰ ਸਾਊਦੀ ਅਰਬ ਤੇ ਕੈਨੇਡਾ ਵਿਚਾਲੇ ਫੌਜੀ ਟਰੱਕਾਂ ਦਾ ਸਮਝੌਤਾ ਹੈ ਜਿਸ ਦੇ ਤਹਿਤ ਕੈਨੇਡਾ ਨੂੰ 15,000 ਮਿਲੀਅਨ ਅਮਰੀਕੀ ਡਾਲਰਾਂ ਵਿੱਚ ਸਾਊਦੀ ਅਰਬ ਨੂੰ ਆਰਮਡ ਟਰੱਕ ਵੇਚਣੇ ਸਨ।
ਕੈਨੇਡਾ ਵਿੱਚ ਨਵੀਂ ਸਰਕਾਰ ਬਣਨ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਲੋਚਨਾਵਾਂ ਖਿਲਾਫ਼ ਕਦਮ ਚੁੱਕਿਆ ਹੈ, ਜੋ ਇੱਕ ਤਾਨਾਸ਼ਾਹੀ ਸਰਕਾਰ ਨੂੰ ਆਰਮਡ ਗੱਡੀਆਂ ਦੇਣ ਨਾਲ ਜੁੜੀ ਸੀ।
ਕੈਨੇਡਾ ਦੇ ਇਤਿਹਾਸ ਵਿੱਚ ਇਹ ਸਭ ਤੋਂ ਵੱਡੇ ਉਤਪਾਦਨ ਨਾਲ ਜੁੜਿਆ ਸੌਦਾ ਸੀ ਜਿਸ ਦੇ ਕਰਕੇ ਤਿੰਨ ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋ ਸਕਦੀਆਂ ਹਨ। ਪਰ ਦੋਵੇਂ ਦੇਸਾਂ ਵਿਚਾਲੇ ਰਿਸ਼ਤਿਆਂ ਦੇ ਕਾਰਨ ਇਸ ਸਮਝੌਤੇ ਦਾ ਭਵਿੱਖ ਸਾਫ਼ ਨਹੀਂ ਹੈ।












