ਸ਼ੰਘਾਈ ਵਿੱਚ ਸਿੱਖਾਂ ਦੇ ਵਸਣ ਅਤੇ ਉਜਾੜੇ ਦੀ ਕਹਾਣੀ

ਵੀਡੀਓ ਕੈਪਸ਼ਨ, ਅਜਿਹਾ ਕੀ ਹੋਇਆ ਕਿ ਇਨ੍ਹਾਂ ਪੰਜਾਬੀ ਸਿੱਖਾਂ ਨੂੰ ਸ਼ੰਘਈ ਛੱਡਣਾ ਪਿਆ
    • ਲੇਖਕ, ਵਿਨੀਤ ਖਰੇ
    • ਰੋਲ, ਬੀਬੀਸੀ ਪੱਤਰਕਾਰ

ਕੰਮ ਅਤੇ ਚੰਗੇ ਮੌਕਿਆਂ ਦੀ ਤਲਾਸ਼ ਵਿੱਚ ਸਿੱਖ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਗਏ ਹਨ। ਇਸੇ ਤਰ੍ਹਾਂ ਸਾਲ 1884 ਵਿੱਚ ਸਿੱਖ ਸ਼ੰਘਾਈ ਪਹੁੰਚੇ। ਸ਼ੰਘਾਈ ਵਿੱਚ ਰਹਿਣ ਵਾਲੇ ਛਾਓ ਯਿਨ ਬੀਜਿੰਗ ਦੇ ਸ਼ਿੰਘੂਆ ਯੂਨੀਵਰਸਟੀ ਵਿੱਚ ਆਧੁਨਿਕ ਭਾਰਤੀ ਇਤਿਹਾਸ ਅਤੇ ਭਾਰਤ ਚੀਨ ਸਬੰਧਾਂ ਬਾਰੇ ਪੜ੍ਹਾਉਂਦੇ ਹਨ।

ਪਿਛਲੇ ਸਾਲ ਉਨ੍ਹਾਂ ਨੇ ਸ਼ੰਘਾਈ ਦੇ ਸਿੱਖਾਂ 'ਤੇ ਇੱਕ ਕਿਤਾਬ ਲਿਖੀ- 'ਫਰੋਮ ਪੁਲਿਸਮੈਨ ਟੂ ਰੈਵੋਲਿਊਸ਼ਨਰੀਜ਼, ਸਿੱਖ ਡਾਇਸਪੋਰਾ ਇਨ ਗਲੋਬਲ ਸ਼ੰਘਾਈ'।

ਇਹ ਵੀ ਪੜ੍ਹੋ:

ਇਹ ਕਿਤਾਬ ਉਨ੍ਹਾਂ ਸਿੱਖਾਂ ਦੀ ਕਹਾਣੀ ਹੈ ਜਿਹੜੇ 1884 ਵਿੱਚ ਪੰਜਾਬ ਤੋਂ ਸ਼ੰਘਾਈ ਪਹੁੰਚੇ, ਕਿਵੇਂ ਉਨ੍ਹਾਂ ਨੂੰ ਸ਼ੰਘਾਈ ਪੁਲਿਸ ਫੋਰਸ ਵਿੱਚ ਨੌਕਰੀ ਮਿਲੀ ਅਤੇ ਕਿਹੜੇ ਹਾਲਾਤਾਂ ਵਿੱਚ ਉਨ੍ਹਾਂ ਨੂੰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸ਼ੰਘਾਈ ਛੱਡਣਾ ਪਿਆ।

ਸ਼ੰਘਾਈ, ਸਿੱਖ

ਤਸਵੀਰ ਸਰੋਤ, From Policemen to revolutionaries

ਤਸਵੀਰ ਕੈਪਸ਼ਨ, ਹਾਂਗਕਾਂਗ ਵਿੱਚ ਸਿੱਖ ਅਤੇ ਚੀਨੀ ਪੁਲਿਸ ਕਰਮੀ

ਛਾਓ ਯਾਨ ਦੇ ਮੁਤਾਬਕ ਇੱਕ ਸਮਾਂ ਸੀ ਜਦੋਂ ਸ਼ੰਘਾਈ ਵਿੱਚ ਕਰੀਬ ਢਾਈ ਹਜ਼ਾਰ ਸਿੱਖ ਰਹਿੰਦੇ ਸਨ ਪਰ ਅੱਜ ਲੱਭਣ 'ਤੇ ਵੀ ਉਨ੍ਹਾਂ ਨੂੰ ਸਿੱਖ ਨਜ਼ਰ ਨਹੀਂ ਆਉਂਦੇ। ਅਜਿਹਾ ਕਿਉਂ ਹੈ ਇਸ ਸਵਾਲ ਦਾ ਸਿੱਧਾ ਜਵਾਬ ਉਨ੍ਹਾਂ ਕੋਲ ਵੀ ਨਹੀਂ ਹੈ।

ਸਿੰਗਾਪੁਰ ਵਿੱਚ ਸਿੱਖਾਂ ਦੀ ਇੱਕ ਵੱਡੀ ਜਨ ਸੰਖਿਆ ਦੇਖ ਕੇ ਉਨ੍ਹਾਂ ਨੇ ਸ਼ੰਘਾਈ, ਸਿੰਗਾਪੁਰ ਅਤੇ ਹਾਂਗਕਾਂਗ ਸਿੱਖ ਭਾਈਚਾਰੇ ਬਾਰੇ ਕਿਤਾਬ ਲਿਖਣ ਬਾਰੇ ਸੋਚਿਆ।

ਯਾਨ ਮੁਤਾਬਕ ਸਾਲ 1884 ਵਿੱਚ ਸਭ ਤੋਂ ਪਹਿਲਾਂ ਸ਼ੰਘਾਈ ਵਿੱਚ ਸਿੱਖ ਹਾਂਗਕਾਂਗ ਤੋਂ ਪਹੁੰਚੇ ਨਾ ਕਿ ਪੰਜਾਬ ਤੋਂ। ਉਨ੍ਹਾਂ ਦੀ ਤਦਾਦ 30 ਦੇ ਕਰੀਬ ਸੀ। ਹਾਂਗਕਾਂਗ ਵਿੱਚ ਇਹ ਸਿੱਖ ਪੁਲਿਸ ਵਿਭਾਗ ਵਿੱਚ ਕੰਮ ਕਰਦੇ ਸਨ।

ਬ੍ਰਿਟੇਨ ਦੇ ਅਧਿਕਾਰੀਆਂ ਨੇ ਇਨ੍ਹਾਂ ਸਿੱਖਾਂ ਨੂੰ ਸ਼ੰਘਾਈ ਵਿੱਚ ਨੌਕਰੀ ਦਿੱਤੀ ਅਤੇ ਇਹ ਲੋਕ ਪੁਲਿਸ ਕਰਮੀ ਅਤੇ ਵਾਚਮੈਨ ਦੇ ਤੌਰ 'ਤੇ ਕੰਮ ਕਰਨ ਲੱਗੇ।

ਇਹ ਸਿੱਖ ਪੁਲਿਸ ਕਰਮੀ ਜਲਦੀ ਹੀ ਸਾਲ 1854 ਵਿੱਚ ਬਣੀ ਸ਼ੰਘਾਈ ਮਿਉਂਨਸੀਪਲ ਪੁਲਿਸ ਦਾ ਮਹੱਤਵਪੂਰਨ ਹਿੱਸਾ ਬਣ ਗਏ।

ਸ਼ੰਘਾਈ, ਸਿੱਖ

ਤਸਵੀਰ ਸਰੋਤ, From Policemen to revolutionaries

ਤਸਵੀਰ ਕੈਪਸ਼ਨ, ਸਿੰਗਾਪੁਰ ਵਿੱਚ ਇੱਕ ਸਿੱਖ ਪੁਲਿਸਕਰਮੀ (1900 ਦੇ ਆਲੇ-ਦੁਆਲੇ)

ਛਾਓ ਯਾਨ ਕਹਿੰਦੇ ਹਨ, "ਸ਼ੰਘਾਈ ਵਿੱਚ ਇਨ੍ਹਾਂ ਸਿੱਖਾਂ ਨੂੰ ਪੁਰਾਣੀਆਂ ਨੌਕਰੀਆਂ ਤੋਂ ਕਿਤੇ ਵੱਧ ਤਨਖ਼ਾਹ ਮਿਲਦੀ ਸੀ। ਇੱਥੇ ਵੱਡੀ ਗਿਣਤੀ ਵਿੱਚ ਸਿੱਖ ਆਉਣੇ ਸ਼ੁਰੂ ਹੋ ਗਏ।"

ਸ਼ੰਘਾਈ ਦੇ ਸਥਾਨਕ ਲੋਕਾਂ ਨੇ ਜਦੋਂ ਸਿੱਖਾਂ ਨੂੰ ਆਪਣੇ ਸ਼ਹਿਰ ਵਿੱਚ ਪੁਲਿਸ ਵਾਲਿਆਂ ਦੀ ਵਰਦੀ 'ਚ ਦੇਖਿਆ ਤਾਂ ਉਨ੍ਹਾਂ ਦੀ ਪ੍ਰਤੀਕਿਰਿਆ ਮਿਲੀ-ਜੁਲੀ ਸੀ।

ਛਾਓ ਯਾਨ ਦੱਸਦੇ ਹਨ, "ਬ੍ਰਿਟੇਨ ਸਰਕਾਰ ਨੂੰ ਲੱਗਿਆ ਕਿ ਸ਼ੰਘਾਈ ਦੇ ਸਥਾਨਕ ਲੋਕ ਸਿੱਖਾਂ ਦੀ ਪੱਗ, ਲੰਬੀ ਦਾੜ੍ਹੀ, ਅਜੀਬ ਜਿਹੇ ਦਿਖਣ ਵਾਲਾ ਪਹਿਰਾਵੇ ਤੋਂ ਡਰਦੇ ਸਨ। ਉੱਧਰ ਕਈ ਲੋਕਾਂ ਨੇ ਇਨ੍ਹਾਂ ਸਿੱਖ ਪੁਲਿਸ ਵਾਲਿਆਂ ਦਾ ਸਵਾਗਤ ਕੀਤਾ ਕਿਉਂਕਿ ਉਹ ਚੀਨੀ ਪੁਲਿਸ ਵਾਲਿਆਂ ਨਾਲੋਂ ਘੱਟ ਭ੍ਰਿਸ਼ਟ ਸੀ।

ਕਿਤਾਬ ਦੇ ਮੁਤਾਬਕ ਚੀਨ ਦੇ ਅਪਰਾਧੀ ਚੀਨੀ ਪੁਲਿਸ ਵਾਲਿਆਂ ਤੋਂ ਨਹੀਂ ਡਰਦੇ ਸਨ। ਉਨ੍ਹਾਂ ਨੂੰ ਨੀਵੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਸੀ। ਇੱਥੇ ਤੱਕ ਕਿ ਉਨ੍ਹਾਂ ਦੀ ਬੇਇੱਜ਼ਤੀ ਵੀ ਕੀਤੀ ਜਾਂਦੀ ਸੀ।

ਸਾਲ 1880 ਦੇ ਨੇੜੇ ਸ਼ੰਘਾਈ ਵਿੱਚ ਬ੍ਰਿਟੇਨ, ਫਰਾਂਸ ਵਰਗੇ ਦੇਸ ਆਪਸ ਵਿੱਚ ਸਹਿਯੋਗ ਕਰ ਰਹੇ ਸਨ।

ਸ਼ੰਘਾਈ, ਸਿੱਖ

ਤਸਵੀਰ ਸਰੋਤ, From Policemen to revolutionaries

ਤਸਵੀਰ ਕੈਪਸ਼ਨ, ਲੂਜ਼ਾ ਪੁਲਿਸ ਸਕੂਲ ਵਿੱਚ ਸਿੱਖ ਪੁਲਿਸ ਕਰਮੀ

ਇਹ ਦੌਰ ਪਹਿਲਾਂ ਓਪੀਅਮ ਯੁੱਧ ਤੋਂ ਬਾਅਦ ਦਾ ਦੌਰ ਸੀ ਜਦੋਂ ਮੁੱਖ ਰੂਪ ਤੋਂ ਬ੍ਰਿਟੇਨ, ਫਰੈਂਚ ਅਤੇ ਅਮਰੀਕਾ ਦੇ ਨਾਲ ਲੜਾਈ ਵਿੱਚ ਹਾਰ ਤੋਂ ਬਾਅਦ ਚੀਨ ਨੂੰ ਜੇਤੂ ਫੌਜਾਂ ਨੂੰ ਆਰਥਿਕ ਰਿਆਇਤਾਂ ਦੇਣੀਆਂ ਪਈਆਂ ਸਨ।

ਛਾਓ ਯਾਨ ਦੱਸਦੇ ਹਨ, "ਜਦੋਂ ਚੀਨ ਦੇ ਲੋਕਾਂ ਨੇ ਫਰਾਂਸ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਤਾਂ ਬ੍ਰਿਟੇਨ ਦੇ ਅਧਿਕਾਰੀਆਂ ਨੂੰ ਇਸ ਨਾਲ ਚਿੰਤਾ ਹੋਈ। ਉਨ੍ਹਾਂ ਨੇ ਸ਼ੰਘਾਈ ਦੀ ਸੁਰੱਖਿਆ ਮਜ਼ਬੂਤ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੂੰ ਪਤਾ ਲੱਗਾ ਕਿ ਅੰਗਰੇਜ਼ਾਂ ਨੂੰ ਸ਼ੰਘਾਈ ਵਿੱਚ ਪੁਲਿਸ ਵਿਭਾਗ 'ਚ ਨੌਕਰੀ ਦੇਣਾ ਕਾਫ਼ੀ ਮਹਿੰਗਾ ਸੀ। ਉਨ੍ਹਾਂ ਨੂੰ ਸਥਾਨਕ ਚੀਨੀ ਪੁਲਿਸ ਵਾਲਿਆਂ 'ਤੇ ਵੀ ਭਰੋਸਾ ਨਹੀਂ ਸੀ, ਕਿ ਕਿਤੇ ਲੜਾਈ ਦੌਰਾਨ ਉਹ ਧੋਖਾ ਨਾ ਦੇ ਦੇਣ। ਉਦੋਂ ਉਨ੍ਹਾਂ ਨੇ ਹਾਂਗਕਾਂਗ ਤੋਂ ਪੁਲਿਸ ਵਿਭਾਗ ਵਿੱਚ ਸਿੱਖਾਂ ਦੀ ਭਰਤੀ ਸ਼ੁਰੂ ਕੀਤੀ, ਕਿਉਂਕਿ ਹਾਂਗਕਾਂਗ ਸ਼ੰਘਾਈ ਦੇ ਨੇੜੇ ਸੀ।"

ਸ਼ੰਘਾਈ, ਸਿੱਖ

ਤਸਵੀਰ ਸਰੋਤ, From Policemen to revolutionaries

ਤਸਵੀਰ ਕੈਪਸ਼ਨ, ਸ਼ੰਘਾਈ ਦੇ ਨੌਰਥ ਸਿਚੁਆਨ ਰੋਡ 'ਤੇ ਸਿੱਖ ਗੁਰਦੁਆਰਾ-ਸਾਲ 1910 ਦੇ ਨੇੜੇ

ਹਾਂਗਕਾਂਗ ਦੇ ਸਿੱਖ ਪੁਲਿਸ ਵਾਲਿਆਂ ਨੂੰ ਚੀਨੀ ਲੋਕਾਂ ਦੇ ਨਾਲ ਵਿਹਾਰ ਦਾ ਤਜਰਬਾ ਵੀ ਸੀ।

ਸ਼ੁਰੂਆਤ ਵਿੱਚ ਕਰੀਬ 30 ਸਿੱਖ ਸ਼ੰਘਾਈ ਆਏ ਪਰ ਹੌਲੀ-ਹੌਲੀ ਉਨ੍ਹਾਂ ਦੀ ਗਿਣਤੀ ਵਧਣ ਲੱਗੀ। ਇਸਦਾ ਕਾਰਨ ਇਹ ਵੀ ਸੀ ਕਿ ਪੰਜਾਬ ਅਤੇ ਪੰਜਾਬ ਤੋਂ ਬਾਹਰ ਸੰਦੇਸ਼ ਗਿਆ ਕਿ ਸ਼ੰਘਾਈ ਵਿਚ ਸਰਕਾਰ ਦੂਜੀਆਂ ਥਾਵਾਂ ਦੇ ਮੁਕਾਬਲੇ ਬਹੁਤ ਚੰਗੇ ਪੈਸੇ ਦੇ ਰਹੀ ਹੈ, ਇਸ ਲਈ ਕਈ ਸਿੱਖ ਖ਼ੁਦ ਸ਼ੰਘਾਈ ਪਹੁੰਚਣ ਲੱਗੇ।

ਇਹ ਵੀ ਪੜ੍ਹੋ:

ਕਿਤਾਬ ਮੁਤਾਬਕ ਸਾਲ 1906 ਵਿੱਚ ਸ਼ੰਘਾਈ ਮਿਊਨਸੀਪਲ ਕਾਰਪੋਰੇਸ਼ਨ (ਐਮਐਮਸੀ) ਨੇ ਪਹਿਲੇ ਗੁਰਦੁਆਰੇ ਨੂੰ ਇਜਾਜ਼ਤ ਦਿੱਤੀ। ਲੋਕਾਂ ਨੂੰ ਹਾਂਗਕਾਂਗ ਭੇਜਿਆ ਗਿਆ ਤਾਂ ਜੋ ਉੱਥੇ ਬਣੇ ਗੁਰਦੁਆਰੇ ਤੋਂ ਜਾਣਕਾਰੀ ਹਾਸਲ ਕੀਤੀ ਜਾ ਸਕੇ ਅਤੇ ਆਖ਼ਰਕਾਰ ਜੂਨ 1908 'ਚ ਉੱਤਰੀ ਸਿਚੁਆਨ ਵਿੱਚ ਇੱਕ ਗੁਰਦੁਆਰਾ ਬਣਿਆ।

ਸ਼ੰਘਾਈ, ਸਿੱਖ

ਤਸਵੀਰ ਸਰੋਤ, From Policemen to revolutionaries

ਤਸਵੀਰ ਕੈਪਸ਼ਨ, ਸਾਲ 1920 ਦੇ ਨੇੜੇ ਹਾਗਖਾਊ

ਕਿਤਾਬ ਦੇ ਮੁਤਾਬਕ, "ਐਮਐਮਸੀ ਨੂੰ ਉਮੀਦ ਸੀ ਕਿ ਇਸ ਗੁਰਦੁਆਰੇ ਤੋਂ ਸ਼ੰਘਾਈ ਦੇ ਸਾਰੇ ਸਿੱਖਾਂ ਜਿਵੇਂ ਪੁਲਿਸਕਰਮੀਆਂ, ਵਾਚਮੈਨ ਅਤੇ ਬੇਰੁਜ਼ਗਾਰਾਂ 'ਤੇ ਸ਼ਾਸਨ ਕਰਨ ਵਿੱਚ ਮਦਦ ਮਿਲੇਗੀ...ਇਸ ਗੁਰਦੁਆਰੇ ਵਿੱਚ ਗਰੀਬ ਅਤੇ ਬੇਘਰ ਸਿੱਖਾਂ ਨੂੰ ਥਾਂ ਦਿੱਤੀ ਜਾਂਦੀ ਸੀ। ਸਿੱਖਾਂ ਵਿਚਾਲੇ ਵਿਵਾਦਾਂ ਨੂੰ ਕਿਸੇ ਅਦਾਲਤ ਦੀ ਥਾਂ ਇੱਥੇ ਹੀ ਹੱਲ ਕੀਤਾ ਜਾਂਦਾ ਸੀ।"

ਛਾਓ ਯਾਨ ਮੁਤਾਬਕ ਸ਼ੁਰੂਆਤ ਵਿੱਚ ਸਿੱਖ ਸ਼ੰਘਾਈ 'ਚ ਬਰਤਾਨਵੀ ਸਰਕਾਰ ਦੇ ਵਫ਼ਾਦਾਰ ਸਨ। ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਹਾਲਾਤ ਬਦਲੇ। ਖਾਸ ਕਰਕੇ ਕਾਮਾਗਾਟਾਮਾਰੂ ਘਟਨਾ ਤੋਂ ਬਾਅਦ।

ਸਾਲ 1914 ਵਿੱਚ ਹੌਂਗਕਾਂਗ ਤੋਂ ਕੈਨੇਡਾ ਪੁੱਜੇ ਜਾਪਾਨੀ ਸਟੀਮਸ਼ਿਪ ਕਾਮਾਗਾਟਾਮਾਰੂ ਨੂੰ ਵੈਂਕੂਵਰ ਵਿੱਚ ਵੜਨ ਨਹੀਂ ਦਿੱਤਾ ਗਿਆ ਅਤੇ ਉਸ ਨੂੰ ਵਾਪਿਸ ਭਾਰਤ ਭੇਜ ਦਿੱਤਾ ਗਿਆ ਸੀ।

ਇਸ ਸਟੀਮਸ਼ਿਪ ਵਿੱਚ ਕਈ ਸਿੱਖ ਵੀ ਸਨ। ਇਸ ਨਾਲ ਸਿੱਖ ਕਾਫ਼ੀ ਨਾਰਾਜ਼ ਹੋਏ।

ਵੈਂਕੁਵਰ ਦੇ ਨੇੜੇ ਕਾਮਾਗਾਟਾਮਾਰੂ ਜਹਾਜ਼-ਸਾਲ 1914

ਤਸਵੀਰ ਸਰੋਤ, From Policemen to revolutionaries

ਤਸਵੀਰ ਕੈਪਸ਼ਨ, ਵੈਂਕੁਵਰ ਦੇ ਨੇੜੇ ਕਾਮਾਗਾਟਾਮਾਰੂ ਜਹਾਜ਼-ਸਾਲ 1914

ਛਾਓ ਯਾਨ ਕਹਿੰਦੇ ਹਨ,''ਕਈ ਸਿੱਖ ਸੈਨਫਰਾਂਸਿਸਕੋ ਵਿੱਚ ਗਦਰ ਅੰਦੋਲਨ 'ਚ ਸ਼ਾਮਲ ਹੋ ਗਏ। ਸੈਨਫਰਾਂਸਿਸਕੋ ਅਤੇ ਪੰਜਾਬ ਵਿਚਾਲੇ ਸਿੱਧਾ ਸ਼ਿਪਿੰਗ ਸੰਪਰਕ ਨਾ ਹੋਣ ਕਾਰਨ ਸ਼ੰਘਾਈ ਅੰਦੋਲਨਕਾਰੀਆਂ ਲਈ ਮਹੱਤਵਪੂਰਨ ਸਥਾਨ ਬਣ ਗਿਆ।''

ਗਦਰ ਅੰਦੋਲਨ ਦਾ ਮਕਸਦ ਸੀ ਭਾਰਤ ਤੋਂ ਬਰਤਾਨੀ ਸ਼ਾਸਨ ਨੂੰ ਖ਼ਤਮ ਕਰਨਾ।

ਕਿਤਾਬ ਵਿੱਚ ਇੱਕ ਬੁੱਧਾ ਸਿੰਘ ਦਾ ਜ਼ਿਕਰ ਹੈ ਜਿਨ੍ਹਾਂ ਨੂੰ ਯਾਨ ਨੇ ਆਪਣੀ ਕਿਤਾਬ ਵਿੱਚ ਸ਼ੰਘਾਈ ਪੁਲਿਸ ਫੋਰਸ 'ਚ ਸਭ ਤੋਂ ਪ੍ਰਭਾਵਸ਼ਾਲੀ ਸਿੱਖ ਦੱਸਿਆ ਹੈ ਪਰ ਕਿਤਾਬ ਵਿੱਚ ਉਨ੍ਹਾਂ ਦੀ ਕੋਈ ਤਸਵੀਰ ਨਹੀਂ ਹੈ। ਇੱਕ ਸੇਵਾ ਮੁਕਤ ਸਿੱਖ ਪੁਲਿਸ ਕਰਮਚਾਰੀ ਅਤੇ ਕ੍ਰਾਂਤੀਕਾਰੀ ਨੇ 6 ਅਪ੍ਰੈਲ 1927 ਦੀ ਸਵੇਰ ਬੁੱਧਾ ਸਿੰਘ ਦਾ ਕਤਲ ਕਰ ਦਿੱਤਾ।

उत्तरी अमरीका में पहुंचे पहले सिख अप्रवासी - साल 1907

ਤਸਵੀਰ ਸਰੋਤ, From Policemen to revolutionaries

ਤਸਵੀਰ ਕੈਪਸ਼ਨ, ਉੱਤਰੀ ਅਮਰੀਕਾ ਵਿੱਚ ਪਹੁੰਚੇ ਪਹਿਲੇ ਸਿੱਖ ਅਪਰਵਾਸੀ-ਸਾਲ 1907

ਛਾਓ ਯਾਨ ਦੱਸਦੇ ਹਨ, "ਬੁੱਧਾ ਸਿੰਘ ਬ੍ਰਿਟੇਨ ਸਰਕਾਰ ਦੇ ਬਹੁਤ ਵਫਾਦਾਰ ਸੀ। ਉਨ੍ਹਾਂ ਨੇ ਸਿੱਖ ਗੁਰਦੁਆਰੇ ਵਿੱਚ ਏਜੰਟ ਭੇਜੇ ਤਾਂ ਜੋ ਵਿਦੇਸ਼ ਤੋਂ ਆਏ ਅਤੇ ਸ਼ੰਘਾਈ ਵਿੱਚ ਲੁਕੇ ਸਿੱਖ ਕ੍ਰਾਂਤੀਕਾਰੀਆਂ ਨੇ ਨੈੱਟਵਰਕ ਦਾ ਪਤਾ ਲਗਾਇਆ ਜਾ ਸਕੇ। ਉਹ ਇਨ੍ਹਾਂ ਕ੍ਰਾਂਤੀਕਾਰੀਆਂ ਦੀ ਪਛਾਣ, ਉਨ੍ਹਾਂ ਦਾ ਪਤਾ ਬਰਤਾਨਵੀ ਅਧਿਕਾਰੀਆਂ ਨੂੰ ਦੱਸ ਦਿੰਦੇ ਸਨ ਜਿਸ ਨਾਲ ਉਨ੍ਹਾਂ ਦਾ ਪਤਾ ਕਰਨਾ ਸੌਖਾ ਹੋ ਜਾਂਦਾ ਸੀ। ਬੁੱਧਾ ਸਿੰਘ ਦੇ ਕਾਰਨ ਸ਼ੰਘਾਈ ਵਿੱਚ ਗਦਰ ਅੰਦੋਲਨ ਫੇਲ ਹੋ ਗਿਆ।"

1916 ਅਤੇ 1949 ਦੇ ਵਿਚਾਲੇ ਦੋ ਗੱਲਾਂ ਹੋਈਆਂ। ਰੂਸ ਵਿੱਚ ਕ੍ਰਾਂਤੀ ਦੇ ਕਾਰਨ ਕਈ ਸਿੱਖਾਂ ਨੇ ਸਿਧਾਂਤਕ ਪ੍ਰੇਰਣਾ ਦੇ ਲਈ ਰੂਸ ਦਾ ਰੁਖ਼ ਕੀਤਾ। ਉੱਧਰ ਚੀਨੀ ਰਾਸ਼ਟਰਵਾਦੀਆਂ ਨੇ ਬਰਤਾਨਵੀ ਸ਼ਾਸਕਾਂ ਨੂੰ ਬਾਹਰ ਖਦੇੜਨ ਲਈ ਸਿੱਖਾਂ ਦਾ ਹੱਥ ਫੜਿਆ।

ਸਾਲ 1927 ਦੇ ਨੇੜੇ ਸ਼ੰਘਾਈ ਇੱਕ ਤਰ੍ਹਾਂ ਐਮਐਮਸੀ ਅਤੇ ਬ੍ਰਿਟੇਨ ਵਿਰੋਧੀ ਵੱਖ-ਵੱਖ ਗੁੱਟਾਂ ਜਿਵੇਂ ਗਦਰ ਪਾਰਟੀ, ਚੀਨੀ ਰਾਸ਼ਟਰਵਾਦੀਆਂ ਆਦਿ ਵਿਚਾਲੇ ਅਖਾੜਾ ਬਣ ਗਿਆ ਸੀ।

ਹਾਨਖਾਊ ਵਿੱਚ ਸਿੱਖ ਪੁਲਿਸ ਕਰਮੀ-ਸਾਲ 1920

ਤਸਵੀਰ ਸਰੋਤ, From Policemen to revolutionaries

ਤਸਵੀਰ ਕੈਪਸ਼ਨ, ਹਾਨਖਾਊ ਵਿੱਚ ਸਿੱਖ ਪੁਲਿਸ ਕਰਮੀ-ਸਾਲ 1920

ਸਾਲ 1941 'ਚ ਜਾਪਾਨੀ ਫੌਜਾਂ ਨੇ ਸ਼ੰਘਾਈ 'ਤੇ ਕਬਜ਼ਾ ਕਰ ਲਿਆ। ਇਸ ਨਾਲ ਸ਼ੰਘਾਈ 'ਤੇ ਬ੍ਰਿਟੇਨ ਦਾ ਅਸਰ ਖ਼ਤਮ ਹੋ ਗਿਆ।

ਦੁਸ਼ਮਣ ਦਾ ਦੁਸ਼ਮਣ ਦੋਸਤ ਹੁੰਦਾ ਹੈ ਇਸ ਲਈ ਜਾਪਾਨੀ ਅਧਿਕਾਰੀਆਂ ਨੇ ਸਿੱਖਾਂ ਦਾ ਹੱਥ ਫੜਿਆ।

ਛਾਓ ਯਾਨ ਕਹਿੰਦੇ ਹਨ, "ਸ਼ੰਘਾਈ ਵਿੱਚ ਸੁਭਾਸ਼ ਚੰਦਰ ਬੋਸ ਵੀ ਆਏ ਅਤੇ ਇੱਥੇ ਸਿੱਖਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਸਿੱਖਾਂ ਨੂੰ ਇੰਡੀਅਨ ਨੈਸ਼ਨਲ ਆਰਮੀ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਸਿੱਖਾਂ ਨਾਲ ਵਾਅਦਾ ਕੀਤਾ ਕਿ ਉਨ੍ਹਾਂ ਨੂੰ ਵਾਪਿਸ ਭਾਰਤ ਲੈ ਕੇ ਜਾਣਗੇ।''

1943 ਵਿੱਚ ਸਿੰਗਾਪੁਰ ਪਹੁੰਚੇ ਸੁਭਾਸ਼ ਚੰਦਰ ਬੋਸ

ਤਸਵੀਰ ਸਰੋਤ, From Policemen to revolutionaries

ਤਸਵੀਰ ਕੈਪਸ਼ਨ, 1943 ਵਿੱਚ ਸਿੰਗਾਪੁਰ ਪਹੁੰਚੇ ਸੁਭਾਸ਼ ਚੰਦਰ ਬੋਸ

ਸਾਲ 1949 ਵਿੱਚ ਇੱਕ ਵਾਰ ਮੁੜ ਹਾਲਾਤ ਬਦਲੇ ਅਤੇ ਸ਼ਹਿਰ 'ਤੇ ਰਾਸ਼ਟਰਵਾਦੀਆਂ ਦਾ ਕਬਜ਼ਾ ਹੋ ਗਿਆ।

ਇਹ ਵੀ ਪੜ੍ਹੋ:

ਯਾਨ ਦੱਸਦੇ ਹਨ, "ਚੀਨੀ ਰਾਸ਼ਟਰਵਾਦੀ ਕਦੇ ਵੀ ਭਾਰਤੀਆਂ ਜਾਂ ਸਿੱਖਾਂ ਨੂੰ ਪੁਲਿਸ ਵਾਲਿਆਂ ਦੇ ਤੌਰ 'ਤੇ ਨੌਕਰੀ ਨਹੀਂ ਕਰਨ ਦਿੰਦੇ ਸੀ। ਇਸ ਲਈ ਸਿੱਖਾਂ ਕੋਲ ਇੱਥੇ ਕੋਈ ਨੌਕਰੀ ਨਹੀਂ ਰਹੀ ਅਤੇ ਉਨ੍ਹਾਂ ਨੂੰ ਸ਼ੰਘਾਈ ਛੱਡ ਕੇ ਆਸਟਰੇਲੀਆ, ਅਮਰੀਕਾ ਅਤੇ ਕੈਨੇਡਾ ਵਰਗੇ ਦੇਸਾਂ ਵਿੱਚ ਜਾਣਾ ਪਿਆ। ਇਹੀ ਹੈ ਸ਼ੰਘਾਈ ਵਿੱਚ ਸਿੱਖਾਂ ਦੀ ਕਹਾਣੀ।''

(ਇਹ ਕਹਾਣੀ ਵਿੱਚ ਵਰਤੀਆਂ ਗਈਆਂ ਸਾਰੀਆਂ ਤਸਵੀਰਾਂ ਲੇਖਕ ਦੀ ਕਿਤਾਬ ਵਿੱਚੋਂ ਲਈਆਂ ਗਈਆਂ ਹਨ।)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)