ਕਰੁਣਾਨਿਧੀ: ਬ੍ਰਾਹਮਣਵਾਦ ਖ਼ਿਲਾਫ਼ ਲੜਨ ਵਾਲਾ ਸਿਆਸਤ ਦਾ ਬਾਬਾ ਬੋਹੜ

- ਲੇਖਕ, ਮੁਰਲੀਧਰਨ ਕਾਸ਼ੀਵਿਸ਼ਵਨਾਥਨ
- ਰੋਲ, ਬੀਬੀਸੀ ਪੱਤਰਕਾਰ
ਪੰਜ ਵਾਰ ਤਮਿਲਨਾਡੂ ਦੇ ਮੁੱਖ ਮੰਤਰੀ ਰਹੇ ਐੱਮ ਕਰੁਣਾਨਿਧੀ ਨੂੰ ਕਲਾਇੰਗਰ (ਕਲਾਕਾਰ) ਵਜੋਂ ਜਾਣਿਆ ਜਾਂਦਾ ਸੀ।
ਤਮਿਲ ਨਾਡੂ ਨੂੰ ਸਮਾਜਿਕ ਅਤੇ ਆਰਥਿਕ ਤੌਰ 'ਤੇ ਭਾਰਤ ਦਾ ਵਿਕਸਿਤ ਸੂਬਾ ਬਣਾਉਣ ਵਿੱਚ ਐੱਮ ਕਰੁਣਾਨਿਧੀ ਦਾ ਵੱਡਾ ਹੱਥ ਸੀ। ਭਾਰਤ ਦੀ ਸਿਆਸਤ ਵਿੱਚ ਵੀ ਉਨ੍ਹਾਂ ਦੀਆਂ ਉਪਲਬਧੀਆਂ ਬੇਹੱਦ ਖ਼ਾਸ ਹਨ।
ਪੰਜ ਵਾਰ ਮੁੱਖ ਮੰਤਰੀ ਰਹੇ ਤਮਿਲ ਨਾਡੂ ਦੀ ਸਿਆਸਤ ਦੇ ਬਾਬਾ ਬੋਹੜ ਕਰੁਣਾਨਿਧੀ 60 ਸਾਲ ਤੋਂ ਵਿਧਾਇਕ ਸਨ ਅਤੇ ਇੱਕ ਵੀ ਵਾਰ ਚੋਣ ਨਹੀਂ ਹਾਰੇ ਹਨ। ਕਰੁਣਾਨਿਧੀ ਦਾ ਜਨਮ ਤਮਿਲ ਨਾਡੂ ਦੇ ਜ਼ਿਲ੍ਹਾ ਨਾਗਾਪਟੀਨਮ ਵਿੱਚ 3 ਜੂਨ 1924 ਵਿੱਚ ਹੋਇਆ ਸੀ।
ਇਹ ਵੀ ਪੜ੍ਹੋ:
ਮੁਥਵੇਲ ਕਰੁਣਾਨਿਧੀ ਨੂੰ ਬਚਪਨ ਤੋਂ ਹੀ ਲਿਖਣ ਦਾ ਸ਼ੌਕ ਸੀ। ਉਹ 'ਜਸਟਿਸ ਪਾਰਟੀ' ਦੇ ਆਗੂ ਅਜ਼ਗਿਰੀਸਵਾਮੀ ਦੇ ਭਾਸ਼ਣਾਂ ਤੋਂ ਬਹੁਤ ਪ੍ਰਭਾਵਿਤ ਸਨ ਅਤੇ ਉਨ੍ਹਾਂ ਦੇ ਭਾਸ਼ਣਾਂ ਨੇ ਹੀ ਕਰੁਣਾਨਿਧੀ ਨੂੰ ਸਿਆਸਤ ਵੱਲ ਪ੍ਰੇਰਿਆ।
ਕਰੁਣਾਨਿਧੀ ਅੱਲ੍ਹੜ ਉਮਰ ਵਿੱਚ ਹੀ ਸਰਗਰਮ ਹੋਣਾ ਸ਼ੁਰੂ ਹੋ ਗਏ ਸਨ। ਉਨ੍ਹਾਂ ਨੇ ਸਕੂਲਾਂ ਵਿੱਚ ਜ਼ਰੂਰੀ ਕੀਤੇ ਗਏ ਹਿੰਦੀ ਸਿਲੇਬਸ ਖ਼ਿਲਾਫ਼ ਉਸ ਵੇਲੇ ਮਦਰਾਸ ਪ੍ਰੈਜ਼ੀਡੈਂਸੀ ਵਿੱਚ ਹੋਏ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ ਸੀ।

17 ਸਾਲ ਦੀ ਉਮਰ ਤੱਕ ਕਾਫੀ ਸਰਗਰਮ ਹੋ ਚੁੱਕੇ ਕਰੁਣਾਨਿਧੀ ਨੇ ਵਿਦਿਆਰਥੀਆਂ ਦੀ ਐਸੋਸੀਏਸ਼ਨ ਬਣਾਈ। ਇਸ ਐਸੋਸੀਏਸ਼ਨ ਦਾ ਨਾਂ ਰੱਖਿਆ ਤਮਿਲ ਸਟੂਡੈਂਟਜ਼ਸ ਫੋਰਮ। ਉਨ੍ਹਾਂ ਨੇ ਹੱਥਲਿਖਤ ਮੈਗਜ਼ੀਨ ਦੀ ਵੀ ਸੰਪਾਦਨਾ ਕੀਤੀ।
1940 ਦੇ ਦਹਾਕੇ ਵਿੱਚ ਕਰੁਣਾਨਿਧੀ ਦੀ ਮੁਲਾਕਾਤ ਉਨ੍ਹਾਂ ਦੇ ਮਾਰਗ ਦਰਸ਼ਕ ਸੀ ਐੱਨ ਅੰਨਾਦੁਰਾਈ ਨਾਲ ਹੋਈ।
ਜਦੋਂ ਅੰਨਾਦੁਰਾਈ ਪੇਰੀਆਰ ਈ ਵੀ ਰਾਮਸਵਾਮੀ ਦੀ 'ਡਰਾਵੀਡਾਰ ਕਾਜ਼ਾਗਮ' ਤੋਂ ਵੱਖ ਹੋਏ ਤੇ ਆਪਣੀ ਪਾਰਟੀ ਡਰਾਵੀਡਾਰ ਮੁਨੇਤਰਾ ਕਾਜ਼ਾਗਮ (ਡੀਐੱਮਕੇ) ਬਣਾਈ। ਉਸ ਵੇਲੇ ਕਰੁਣਾਨਿਧੀ ਅੰਨਾਦੁਰਾਈ ਦੇ ਕਾਫੀ ਕਰੀਬ ਆ ਗਏ।
25 ਸਾਲ ਦੀ ਉਮਰ ਵਿੱਚ ਕਰੁਣਾਨਿਧੀ ਡੀਐੱਮਕੇ ਦੀ ਪ੍ਰਾਪੋਗੈਂਡਾ ਟੀਮ ਵਿੱਚ ਸ਼ਾਮਿਲ ਹੋ ਗਏ।
ਉਸ ਵੇਲੇ ਕਰੁਣਾਨਿਧੀ ਨੇ ਫਿਲਮਾਂ ਲਈ ਸੰਵਾਦ ਲਿਖਣੇ ਸ਼ੁਰੂ ਕੀਤੇ। ਸਭ ਤੋਂ ਪਹਿਲਾਂ ਉਨ੍ਹਾਂ ਨੇ ਤਮਿਲ ਫਿਲਮ ਰਾਜਾਕੁਮਾਰੀ ਲਈ ਸੰਵਾਦ ਲਿਖੇ। ਉਨ੍ਹਾਂ ਨੇ ਇਸ ਕਿੱਤੇ ਵਿੱਚ ਕਾਫੀ ਕਾਮਯਾਬੀ ਹਾਸਿਲ ਕੀਤੀ।

ਕਰੁਣਾਨਿਧੀ ਦੇ ਵਧੇਰੇ ਡਾਇਲਾਗ ਵਿਕਾਸ ਅਤੇ ਸਮਾਜਿਕ ਤਬਦੀਲੀ ਹੁੰਦੇ ਸਨ। 1952 ਵਿੱਚ ਆਈ ਫਿਲਮ 'ਪਾਰਸਕਥੀ' ਦੇ ਜ਼ੋਰਦਾਰ ਡਾਇਲਾਗ ਕਰੁਣਾਨਿਧੀ ਨੇ ਲਿਖੇ ਸਨ। ਉਹ ਫਿਲਮ ਤਮਿਲ ਫਿਲਮ ਇੰਡਸਟਰੀ ਵਿੱਚ ਮੀਲ ਦਾ ਪੱਥਰ ਸਾਬਿਤ ਹੋਈ ਸੀ।
ਉਨ੍ਹਾਂ ਸ਼ਾਨਦਾਰ ਡਾਇਲਾਗਜ਼ ਨੇ ਅੰਧਵਿਸ਼ਵਾਸ, ਧਾਰਮਿਕਤਾ ਅਤੇ ਉਸ ਵੇਲੇ ਦੇ ਸਮਾਜਿਕ ਢਾਂਚੇ 'ਤੇ ਸਿੱਧੇ ਸਵਾਲ ਕੀਤੇ ਸਨ।
ਤਮਿਲ ਨਾਡੂ ਵਿੱਚ ਇੱਕ ਥਾਂ ਕਾਲਾਕੁੱਦੀ ਦਾ ਨਾਂ ਦਰਮਾਇਪੁਰਮ ਵਜੋਂ ਬਦਲਣ ਦਾ ਵਿਰੋਧ ਕਰਨ ਲਈ ਕਰੁਣਾਨਿਧੀ ਨੂੰ 6 ਮਹੀਨੇ ਜੇਲ੍ਹ ਜਾਣਾ ਪਿਆ ਪਰ ਪਾਰਟੀ ਵਿੱਚ ਕਰੁਣਾਨਿਧੀ ਦਾ ਕੱਦ ਹੁਣ ਵਧਦਾ ਜਾ ਰਿਹਾ ਸੀ।
ਕਰੁਣਾਨਿਧੀ ਨੇ ਮੁੜ ਤੋਂ ਮੁਰਾਸੋਲੀ ਅਖ਼ਬਾਰ ਛਾਪਣਾ ਸ਼ੁਰੂ ਕੀਤਾ। ਇਸ ਅਖ਼ਬਾਰ ਵਿੱਚ ਕਰੁਣਾਨਿਧੀ ਆਪਣੇ ਵਿਚਾਰ ਲਿਖਦੇ ਸਨ। ਇਹ ਅਖ਼ਬਾਰ ਅੱਗੇ ਜਾ ਕੇ ਡੀਐਮਕੇ ਦੇ ਪ੍ਰਚਾਰ ਦਾ ਮੁੱਖ ਜ਼ਰੀਆ ਬਣਿਆ।
ਕਦੇ ਕੋਈ ਚੋਣ ਨਹੀਂ ਹਾਰੀ
ਕਰੁਣਾਨਿਧੀ ਨੇ ਪਹਿਲੀ ਵਾਰ 1957 ਵਿੱਚ ਚੋਣ ਲੜੀ ਸੀ। ਉਸ ਚੋਣ ਵਿੱਚ ਕਰੁਣਾਨਿਧੀ ਕੁਲੀਥਲਾਈ ਤੋਂ ਵਿਧਾਇਕ ਬਣੇ। ਆਖ਼ਰੀ ਵਾਰ ਉਨ੍ਹਾਂ ਨੇ 2016 ਵਿੱਚ ਥੀਰੂਵਾਰੂਰ ਤੋਂ ਚੋਣ ਜਿੱਤੀ। ਇਸ ਵਿਧਾਨ ਸਭਾ ਹਲਕੇ ਵਿੱਚ ਉਨ੍ਹਾਂ ਦਾ ਜੱਦੀ ਸ਼ਹਿਰ ਵੀ ਆਉਂਦਾ ਹੈ।

ਕਰੁਣਾਨਿਧੀ ਨੇ ਕੁੱਲ 13 ਵਾਰ ਚੋਣ ਲੜੀ ਅਤੇ ਹਰ ਚੋਣ ਵਿੱਚ ਜਿੱਤ ਹਾਸਿਲ ਕੀਤੀ। 1967 ਵਿੱਚ ਡੀਐੱਮਕੇ ਨੇ ਤਮਿਲਨਾਡੂ ਵਿੱਚ ਪਹਿਲੀ ਵਾਰ ਸਰਕਾਰ ਬਣਾਈ। ਉਸ ਸਰਕਾਰ ਵਿੱਚ ਕਰੁਣਾਨਿਧੀ ਪਬਲਿਕ ਵਰਕਸ ਤੇ ਆਵਾਜਾਈ ਮੰਤਰੀ ਬਣੇ।
ਆਵਾਜਾਈ ਮੰਤਰੀ ਵਜੋਂ ਕਰੁਣਾਨਿਧੀ ਨੇ ਸਾਰੀਆਂ ਨਿੱਜੀ ਬੱਸਾਂ ਨੂੰ ਸਰਕਾਰ ਦੇ ਅਧੀਨ ਲਿਆਂਦਾ ਅਤੇ ਦੂਰ ਦਰਾਡੇ ਦੇ ਪਿੰਡਾਂ ਤੱਕ ਵੀ ਬੱਸ ਸੇਵਾ ਨੂੰ ਪਹੁੰਚਾਇਆ ਸੀ। ਇਹ ਉਨ੍ਹਾਂ ਦੀ ਸਭ ਤੋਂ ਵੱਡੀ ਉਪਲਬਧੀ ਮੰਨੀ ਜਾਂਦੀ ਹੈ।
1969 ਵਿੱਚ ਸੀ ਐੱਨ ਅੰਨਾਦੁਰਾਈ ਦੀ ਮੌਤ ਤੋਂ ਬਾਅਦ ਉਹ ਮੁੱਖ ਮੰਤਰੀ ਬਣੇ। ਇੱਥੋਂ ਤਮਿਲ ਨਾਡੂ ਦੀ ਸਿਆਸਤ ਦਾ ਨਵਾਂ ਅਧਿਆਇ ਸ਼ੁਰੂ ਹੋਇਆ ਸੀ।
ਇਹ ਵੀ ਪੜ੍ਹੋ:
ਮੁੱਖ ਮੰਤਰੀ ਵਜੋਂ ਪ੍ਰਾਪਤੀਆਂ
ਕਰੁਣਾਨਿਧੀ ਦੀ ਸਭ ਤੋਂ ਵੱਡੀ ਉਪਲਬਧੀ ਮੰਨੀ ਜਾਂਦੀ ਹੈ ਕਿ ਉਨ੍ਹਾਂ ਨੇ ਇੱਕ ਕਾਨੂੰਨ ਬਣਾਇਆ ਜਿਸਦੇ ਤਹਿਤ ਪੰਜ ਮੈਂਬਰਾਂ ਦਾ ਪਰਿਵਾਰ 15 ਏਕੜ ਤੋਂ ਵੱਧ ਜ਼ਮੀਨ ਦਾ ਮਾਲਕ ਨਹੀਂ ਬਣ ਸਕਦਾ। ਇਸ ਤੋਂ ਪਹਿਲਾਂ ਇੱਕ ਵਿਅਕਤੀ 30 ਏਕੜ ਜ਼ਮੀਨ ਦਾ ਮਾਲਕ ਬਣ ਸਕਦਾ ਸੀ।

ਸਿੱਖਿਆ ਅਤੇ ਨੌਕਰੀਆਂ ਲਈ ਪਛੜੀਆਂ ਜਾਤੀਆਂ ਲਈ ਰਾਖਵੇਂਕਰਨ ਨੂੰ 25 ਤੋਂ 31 ਫੀਸਦ ਕੀਤਾ ਗਿਆ। ਇੱਕ ਕਾਨੂੰਨ ਲਿਆਂਦਾ ਗਿਆ ਜਿਸ ਦੇ ਤਹਿਤ ਸਾਰੀਆਂ ਜਾਤਾਂ ਦੇ ਲੋਕਾਂ ਨੂੰ ਮੰਦਿਰ ਦਾ ਪੁਜਾਰੀ ਬਣਨ ਦਾ ਮੌਕਾ ਮਿਲਿਆ।
19ਵੀਂ ਸ਼ਤਾਬਦੀ ਵਿੱਚ ਇੱਕ ਤਮਿਲ ਕਵੀ ਮਾਨੋਨਮਾਨੀਅਮ ਸੁੰਦਾਰਨਾਰ ਵੱਲੋਂ ਲਿਖੀ ਗਈ ਕਵਿਤਾ ਨੂੰ ਤਮਿਲ ਤਰਾਨਾ ਬਣਾਇਆ ਗਿਆ ਜਿਸ ਨੂੰ ਸਾਰੇ ਸਰਕਾਰੀ ਸਮਾਗਮਾਂ ਤੇ ਸਕੂਲਾਂ ਵਿੱਚ ਗਾਉਣਾ ਜ਼ਰੂਰੀ ਕੀਤਾ ਗਿਆ।
ਕਰੁਣਾਨਿਧੀ ਨੇ ਕਾਨੂੰਨ ਪਾਸ ਕਰਕੇ ਕੁੜੀਆਂ ਨੂੰ ਮਾਪਿਆਂ ਦੀ ਜਾਇਦਾਦ ਵਿੱਚ ਬਰਾਬਰੀ ਦਾ ਭਾਗੀਦਾਰ ਬਣਾਇਆ। ਇਸ ਦੇ ਨਾਲ ਹੀ ਸਰਕਾਰੀ ਨੌਕਰੀਆਂ ਵਿੱਚ ਔਰਤਾਂ ਲਈ 30 ਫੀਸਦ ਰਾਖਵਾਂਕਰਨ ਵੀ ਕੀਤਾ।
ਕਰੁਣਾਨਿਧੀ ਦੇ ਸਾਸ਼ਨ ਦੌਰਾਨ ਖੇਤੀ ਲਈ ਬਿਜਲੀ ਬਿਲਕੁਲ ਮੁਫ਼ਤ ਕਰ ਕਰ ਦਿੱਤੀ ਗਈ। ਉਨ੍ਹਾਂ ਨੇ ਸਭ ਤੋਂ ਵੱਧ ਪਛੜੀਆਂ ਜਾਤਾਂ ਦੀ ਇੱਕ ਸ਼੍ਰੇਣੀ ਬਣਾਈ ਅਤੇ ਉਨ੍ਹਾਂ ਨੂੰ ਪਛੜੀਆਂ ਜਾਤਾਂ ਅਤੇ ਐਸ/ਐਸਟੀ ਤੋਂ ਵੱਖਰੇ ਤੌਰ 'ਤੇ ਨੌਕਰੀਆਂ ਵਿੱਚ 20 ਫੀਸਦ ਦਾ ਰਾਖਵਾਂਕਰਨ ਦਿੱਤਾ।

ਚੇਨੱਈ ਲਈ ਮੈਟਰੋ ਟਰੇਨ, ਰਾਸ਼ਨ ਵਿੱਚ ਚਾਵਲਾਂ ਦੀ ਕੀਮਤ ਇੱਕ ਰੁਪਏ ਫੀ ਕਿਲੋ ਕਰਨਾ, ਸਥਾਨਕ ਸਰਕਾਰੀ ਨੌਕਰੀਆਂ ਵਿੱਚ ਔਰਤਾਂ ਲਈ 33 ਫੀਸਦ ਰਾਖਵਾਂਕਰਨ ਕਰਨਾ, ਲੋਕਾਂ ਲਈ ਮੁਫ਼ਤ ਬੀਮਾ ਯੋਜਨਾ, ਦਲਿਤਾਂ ਲਈ ਮੁਫ਼ਤ ਮਕਾਨ, ਹੱਥ ਨਾਲ ਖਿੱਚਣ ਵਾਲੇ ਰਿਕਸ਼ੇ 'ਤੇ ਪਾਬੰਦੀ ਲਾਉਣਾ ਕਰੁਣਾਨਿਧੀ ਦੇ ਮੁੱਖ ਮੰਤਰੀ ਵਜੋਂ 19 ਸਾਲ ਦੇ ਕਾਰਜਕਾਲ ਦੀਆਂ ਖ਼ਾਸ ਪ੍ਰਾਪਤੀਆਂ ਮੰਨੀਆਂ ਜਾਂਦੀਆਂ ਹਨ।
ਕਰੁਣਾਨਿਧੀ ਨੇ ਸਮਾਥੂਵਾਪੁਰਮ ਨਾਂ ਦੀ ਇੱਕ ਹਾਊਸਿੰਗ ਯੋਜਨਾ ਸ਼ੁਰੂ ਕੀਤੀ ਜਿਸ ਦੇ ਤਹਿਤ ਦਲਿਤਾਂ ਅਤੇ ਦੂਜੀਆਂ ਜਾਤਾਂ ਵਾਲੇ ਲੋਕਾਂ ਨੂੰ ਸਿਰਫ਼ ਇਸੇ ਸ਼ਰਤ 'ਤੇ ਮੁਫ਼ਤ ਘਰ ਦਿੱਤੇ ਕਿ ਉਹ ਆਪਣੇ ਜਾਤ ਅਧਾਰਿਤ ਸਾਰੇ ਵਿਤਕਰੇ ਖ਼ਤਮ ਕਰ ਦੇਣਗੇ।
ਰਾਖਵਾਂਕਰਨ ਕਿਵੇਂ ਲਾਗੂ ਕੀਤਾ
ਕਰੁਣਨਿਧੀ ਨੇ ਵੀਪੀ ਸਿੰਘ ਸਰਕਾਰ ਵੱਲੋਂ ਮੰਡਲ ਪੈਨਲ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਇਨ੍ਹਾਂ ਸਿਫਾਰਿਸ਼ਾਂ ਤਹਿਤ ਪਛੜੀਆਂ ਜਾਤਾਂ ਨੂੰ ਕੇਂਦਰ ਸਰਕਾਰ ਦੀਆਂ ਨੌਕਰੀਆਂ ਵਿੱਚ ਰਾਖਵਾਂਕਰਨ ਹਾਸਿਲ ਹੋਇਆ।

ਤਸਵੀਰ ਸਰੋਤ, Getty Images
ਕਰੁਣਾਨਿਧੀ ਦੀ ਪੰਜਾਹ ਸਾਲਾਂ ਦੀ ਲੀਡਰਸ਼ਿਪ ਦੌਰਾਨ ਡੀਐਮਕੇ ਨੂੰ ਦੋ ਵਾਰ ਵੰਡ ਦਾ ਸਾਹਮਣਾ ਕਰਨਾ ਪਿਆ।
ਐਮ ਜੀ ਰਾਮਾਚੰਦਰਨ ਨੇ ਅੰਨਾ ਡੀਐੱਮਕੇ ਦੇ ਨਾਂ ਨਾਲ ਵੱਖਰੀ ਪਾਰਟੀ ਬਣਾ ਲਈ ਅਤੇ ਅਗਲੀਆਂ ਚੋਣਾਂ ਵਿੱਚ ਸੱਤਾ ਹਾਸਿਲ ਕਰ ਲਈ।
1993 ਵਿੱਚ ਵਾਇਕੋ ਨੇ ਡੀਐਮਕੇ ਤੋਂ ਵੱਖ ਹੋ ਕੇ ਐੱਮਡੀਐੱਮਕੇ ਬਣਾ ਲਈ। ਕਰੁਣਾਨਿਧੀ ਨੇ ਇਸ ਹਾਲਾਤ ਤੋਂ ਵੀ ਪਾਰਟੀ ਨੂੰ ਉਭਾਰ ਲਿਆ ਅਤੇ ਮੁੜ ਸੱਤਾ 'ਤੇ ਕਾਬਿਜ਼ ਹੋਏ।
ਇਹ ਵੀ ਪੜ੍ਹੋ:
ਕੌਮੀ ਸਿਆਸਤ ਵਿੱਚ ਭੂਮਿਕਾ
ਕਰੁਣਾਨਿਧੀ ਨੇ ਕੌਮੀ ਸਿਆਸਤ ਵਿੱਚ ਆਪਣੀ ਸ਼ੁਰੂਆਤ 1989 ਵਿੱਚ ਕੀਤੀ ਜਦੋਂ ਉਨ੍ਹਾਂ ਨੇ ਵੀਪੀ ਸਿੰਘ ਦੇ ਨੈਸ਼ਨਲ ਫਰੰਟ ਨਾਲ ਗਠਜੋੜ ਕੀਤਾ। ਕਰੁਣਾਨਿਧੀ ਦੀ ਲੀਡਰਸ਼ਿਪ ਵਿੱਚ ਹੀ ਡੀਐੱਮਕੇ 1998 ਤੋਂ 2014 ਤੱਕ ਕੇਂਦਰ ਸਰਕਾਰ ਦਾ ਹਿੱਸਾ ਰਹੀ।
ਮਨਮੋਹਨ ਸਿੰਘ ਦੀ ਅਗਵਾਈ ਵਿੱਚ ਯੂਪੀਏ ਦੀ ਪਹਿਲੇ ਕਾਰਜਕਾਲ ਦੌਰਾਨ ਤਮਿਲ ਨਾਡੂ ਤੋਂ 12 ਕੈਬਨਿਟ ਮੰਤਰੀ ਬਣੇ।
ਡੀਐੱਮਕੇ ਟੈਲੀ ਕਮਿਊਨਿਕੇਸ਼ਨ ਵਰਗੇ ਅਹਿਮ ਮੰਤਰਾਲੇ ਹਾਸਿਲ ਕਰਨ ਵਿੱਚ ਕਾਮਯਾਬ ਹੋਈ। ਇਸ ਤੋਂ ਪਹਿਲਾਂ ਕੇਂਦਰੀ ਕੈਬਨਿਟ ਵਿੱਚ ਤਮਿਲਨਾਡੂ ਨੂੰ ਮਾੜੀ ਨੁਮਾਇੰਦਗੀ ਹੀ ਮਿਲਦੀ ਰਹੀ ਸੀ।
ਕੇਂਦਰ ਸਰਕਾਰਾਂ ਵਿੱਚ ਭਾਗੀਦਾਰ ਬਣਨ ਕਾਰਨ ਕਰੁਣਾਨਿਧੀ ਨੂੰ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ।

ਖ਼ਾਸਕਰ ਭਾਜਪਾ ਨਾਲ ਗਠਜੋੜ ਤੋਂ ਬਾਅਦ ਕਾਰਨ ਕਰੁਣਾਨਿਧੀ ਦੀ ਕਾਫੀ ਆਲੋਚਨਾ ਹੋਈ।
ਕਰੁਣਾਨਿਧੀ ਦੇ ਪਰਿਵਾਰਕ ਮੈਂਬਰਾਂ ਦਾ ਸਰਕਾਰਾਂ ਅਤੇ ਪਾਰਟੀ ਵਿੱਚ ਰਸੂਖ਼ ਹੋਣ ਦੀ ਕਾਫੀ ਨਿੰਦਾ ਹੋਈ। ਉਨ੍ਹਾਂ ਦੀ 2009 ਦੀ ਸ਼੍ਰੀਲੰਕਾ ਦੀ ਅੰਦਰੂਨੀ ਖਾਨਾਜੰਗੀ ਦੇ ਆਖ਼ਰੀ ਦੌਰ ਦੌਰਾਨ ਤਮਿਲ ਲੋਕਾਂ ਨੂੰ ਬਚਾਉਣ ਲਈ ਕੇਂਦਰ ਸਰਕਾਰ ਤੇ ਦਬਾਅ ਬਣਾਉਣ ਵਿੱਚ ਨਾਕਾਮ ਹੋਣ 'ਤੇ ਵੀ ਆਲੋਚਨਾ ਹੋਈ। ਕਰੁਣਾਨਿਧੀ ਉਸ ਵੇਲੇ ਕੇਂਦਰ ਸਰਕਾਰ ਦਾ ਹਿੱਸਾ ਸਨ।
ਕਰੁਣਾਨਿਧੀ ਨੇ ਭਾਰਤ ਵਿੱਚ ਸੂਬੇ ਦੀ ਖੁਦਮੁਖ਼ਤਿਆਰੀ ਦੀ ਵੀ ਹਮਾਇਤੀ ਕੀਤੀ ਅਤੇ ਇਸ ਦਿਸ਼ਾ ਵੱਲ ਕਦਮ ਵੀ ਚੁੱਕੇ। ਸੂਬੇ ਤੇ ਕੇਂਦਰ ਸਰਕਾਰ ਦੇ ਰਿਸ਼ਤਿਆਂ ਬਾਰੇ 1969 ਵਿੱਚ ਕਰੁਣਾਨਿਧੀ ਸਰਕਾਰ ਵੱਲੋਂ ਕਮੇਟੀ ਬਣਾਈ ਗਈ। ਇਹ ਸੂਬਿਆਂ ਦੀ ਖੁਦਮੁਖਤਿਆਰੀ ਹਾਸਲ ਕਰਨ ਵਿੱਚ ਯੋਗਦਾਨ ਪਾਉਣ ਵਜੋਂ ਸੀ।

ਕਰੁਣਾਨਿਧੀ ਕਾਰਨ ਹੀ ਮੁੱਖ ਮੰਤਰੀਆਂ ਨੂੰ ਆਜ਼ਾਦੀ ਦੇ ਦਿਹਾੜੇ ਮੌਕੇ ਤਿਰੰਗਾ ਲਹਿਰਾਉਣ ਦਾ ਹੱਕ ਮਿਲਿਆ ਸੀ।
ਸਿਨੇਮਾ ਵਿੱਚ ਯੋਗਦਾਨ
1947 ਤੋਂ ਲੈ ਕੇ 2011 ਤੱਕ 64 ਸਾਲ ਦੇ ਖੱਪੇ ਦੌਰਾਨ ਕਰੁਣਾਨਿਧੀ ਨੇ ਕਈ ਫਿਲਮਾਂ ਲਈ ਸੰਵਾਦ ਲਿਖੇ ਸਨ। ਉਨ੍ਹਾਂ ਨੇ ਕੁਝ ਟੀਵੀ ਲੜੀਵਾਰ ਵੀ ਲਿਖੇ ਸਨ।
ਜਦੋਂ ਉਹ ਬਿਮਾਰ ਪਏ ਤਾਂ ਉਹ ਟੈਲੀ ਸੀਰੀਜ਼ ਰਾਮਨੁਜਮ ਦੇ ਡਾਇਲਾਗ ਲਿਖ ਰਹੇ ਸਨ। ਇਹ ਸੀਰੀਜ਼ ਧਾਰਮਿਕ ਸੁਧਾਰਕ ਦੇ ਜੀਵਨ 'ਤੇ ਆਧਾਰਿਤ ਸੀ।
ਲੇਖਕ ਅਤੇ ਪੱਤਰਕਾਰ ਵਜੋਂ ਵੀ ਕਰੁਣਾਨਿਧੀ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਨੇ 2 ਲੱਖ ਤੋਂ ਵੱਧ ਪੰਨੇ ਲਿਖੇ ਹਨ। ਆਪਣੀ ਪਾਰਟੀ ਦੇ ਅਖ਼ਬਾਰ ਮੁਰਾਸੋਲੀ ਵਿੱਚ ਉਨ੍ਹਾਂ ਨੇ ਇੱਕ ਲੈਟਰ ਸੀਰੀਜ਼ ਲਿਖੀ ਜੋ ਹੁਣ ਤੱਕ ਦੀ ਸਭ ਤੋਂ ਵੱਡੀ ਸੀਰੀਜ਼ ਹੈ।













