'ਸੇਕਰਡ ਗੇਮਜ਼' ਵਿਚ ਉਹ ਪਤੀ-ਪਤਨੀ ਦਾ ਲਵ ਸੀਨ ਸੀ, ਮੈਂ ਸ਼ਰਮਿੰਦਾ ਨਹੀਂ ਹਾਂ'- ਬਲਾਗ

ਤਸਵੀਰ ਸਰੋਤ, Rajshri Deshpande
- ਲੇਖਕ, ਦਿਵਿਆ ਆਰਿਆ
- ਰੋਲ, ਬੀਬੀਸੀ ਪੱਤਰਕਾਰ
ਇੱਕ ਔਰਤ ਨੇ ਆਪਣੇ ਬਲਾਊਜ਼ ਦੇ ਬਟਨ ਖੋਲ੍ਹੇ ਅਤੇ ਉਸਦੀ ਪੂਰੀ ਛਾਤੀ ਦਿਖ ਗਈ। ਫਿਰ ਉਸ ਨੇ ਇੱਕ ਮਰਦ ਨਾਲ ਸੈਕਸ ਕੀਤਾ ਅਤੇ ਉਸਦੇ ਨੇੜੇ ਲੰਮੀ ਪੈ ਗਈ।
ਕੁੱਲ ਤੀਹ-ਚਾਲੀ ਸੈਕਿੰਡ ਦਾ ਇਹ ਵੀਡੀਓ ਵੱਟਸਐਪ ਜ਼ਰੀਏ ਵਾਇਰਲ ਹੋ ਗਿਆ ਅਤੇ ਉਸ ਔਰਤ ਨੂੰ ਪੋਰਨ ਸਟਾਰ ਕਿਹਾ ਜਾਣ ਲੱਗਾ।
ਯੂ-ਟਿਊਬ 'ਤੇ ਉਸ ਸੀਨ ਤੋਂ ਇਲਾਵਾ ਉਸਦੇ 10 ਸੈਕਿੰਡ ਦੇ ਛੋਟੇ-ਛੋਟੇ ਕਲਿੱਪ ਅਪਲੋਡ ਹੋਏ ਜਿਹੜੇ ਹਜ਼ਾਰਾਂ ਵਾਰ ਦੇਖੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ:
ਇੱਥੋਂ ਤੱਕ ਕਿ ਇਹ ਵੀਡੀਓ ਘੁੰਮ ਕੇ ਉਸ ਅਦਾਕਾਰਾ ਦੇ ਜਾਣ-ਪਛਾਣ ਵਾਲਿਆਂ ਕੋਲ ਪੁੱਜ ਗਿਆ ਅਤੇ ਉਨ੍ਹਾਂ ਨੇ ਅੱਗੇ ਉਸ ਨੂੰ ਹੀ ਭੇਜ ਦਿੱਤਾ। ਇਹ ਦੱਸਣ ਲਈ ਕਿ ਇਹ ਵੀਡੀਓ ਸ਼ਰ੍ਹੇਆਮ ਵੰਡਿਆ ਜਾ ਰਿਹਾ ਹੈ।
ਇਹ ਪੋਰਨ ਵੀਡੀਓ ਨਹੀਂ ਹੈ। ਇਹ ਸੀਨ 'ਨੈੱਟਫਲਿਕਸ' 'ਤੇ ਰਿਲੀਜ਼ ਹੋਈ ਸੀਰੀਜ਼ 'ਸੇਕਰਡ ਗੇਮਜ਼' ਵਿੱਚ ਆਉਂਦਾ ਹੈ।
'ਸੇਕਰਡ ਗੇਮਜ਼' ਇੱਕ ਸੀਰੀਜ਼ ਹੈ ਸਟ੍ਰੀਮਿੰਗ ਐਪ ਨੈੱਟਫਲਿਕਸ ਉੱਤੇ ਕਈ ਐਪੀਸੋਡਜ਼ ਰਾਹੀਂ ਦਿਖਾਈ ਜਾ ਰਹੀ। ਇਹ ਨੈੱਟਫਲਿਕਸ ਵੱਲੋਂ ਤਿਆਰ ਕੀਤੀ ਗਈ ਪਹਿਲੀ ਭਾਰਤੀ ਓਰੀਜਨਲ ਸੀਰੀਜ਼ ਹੈ।

ਤਸਵੀਰ ਸਰੋਤ, SACRED GAMES/FACEBOOK
ਪਤੀ ਦੀ ਭੂਮਿਕਾ ਵਿੱਚ ਨਵਾਜ਼ੂਦੀਨ ਸਿੱਦੀਕੀ ਅਤੇ ਪਤਨੀ ਦੀ ਭੂਮਿਕਾ ਵਿੱਚ ਰਾਜਸ਼੍ਰੀ ਦੇਸ਼ਪਾਂਡੇ ਵਿਚਾਲੇ ਰਿਸ਼ਤੇ ਅਸਹਿਜ ਜਿਹੇ ਰਹੇ ਹਨ।
ਨਵਾਜ਼ੂਦੀਨ ਸਿੱਦੀਕੀ ਦਾ ਕਿਰਦਾਰ ਬਿਸਤਰੇ 'ਤੇ ਲਗਭਗ 'ਹਿੰਸਕ' ਰੂਪ ਲੈਂਦਾ ਰਿਹਾ ਹੈ।
"ਮੈਂ ਕਿਉਂ ਸ਼ਰਮਿੰਦਾ ਹੋਵਾਂ?"
ਪਰ ਹਾਲਾਤ ਬਦਲਦੇ ਹਨ ਅਤੇ ਦੋਵਾਂ ਵਿੱਚ ਪਿਆਰ ਹੁੰਦਾ ਹੈ। ਇਹ ਸੀਨ ਉਹੀ ਬਦਲਾਅ ਦਿਖਾਉਂਦਾ ਹੈ। ਇਸ ਵਿੱਚ ਉਨ੍ਹਾਂ ਦਾ ਇੱਕ-ਦੂਜੇ ਦੇ ਕਰੀਬ ਆਉਣਾ ਇੱਕ ਵੱਖਰਾ ਆਕਰਸ਼ਨ ਹੈ।

ਤਸਵੀਰ ਸਰੋਤ, Rajshri Deshpande
ਪਰ ਸੀਨ ਵਿੱਚੋਂ ਕਹਾਣੀ ਕੱਢ ਲਵੋ ਤਾਂ ਸਿਰਫ਼ ਉਹੀ ਰਹਿ ਜਾਵੇਗਾ। ਖੁੱਲ੍ਹੀ ਹੋਈ ਛਾਤੀ ਅਤੇ ਸੈਕਸ।
ਰਾਜਸ਼੍ਰੀ ਦੇ ਫੋਨ ਵਿੱਚ, ਕਹਾਣੀ ਦੇ ਜ਼ਿਕਰ ਤੋਂ ਬਿਨਾਂ, ਉਨ੍ਹਾਂ ਦਾ ਹੀ ਕੁਝ ਸੈਕਿੰਡ ਦਾ ਵੀਡੀਓ ਜਦੋਂ ਉਨ੍ਹਾਂ ਦੇ ਹੀ ਜਾਣਨ ਵਾਲਿਆਂ ਨੇ ਭੇਜਿਆ ਤਾਂ ਬਹੁਤ ਬੁਰਾ ਲੱਗਿਆ।
"ਮੈਨੂੰ ਬੁਰਾ ਲੱਗਿਆ। ਮੈਨੂੰ ਸ਼ਰਮ ਨਹੀਂ ਆਈ। ਬੁਰਾ ਲੱਗਿਆ। ਮੈਂ ਕਿਉਂ ਸ਼ਰਮਿੰਦਾ ਹੋਵਾਂ?"
ਇਹ ਵੀ ਪੜ੍ਹੋ:
ਉਨ੍ਹਾਂ ਨੂੰ ਆਪਣੇ ਕਿਰਦਾਰ ਅਤੇ ਕਹਾਣੀ ਵਿੱਚ ਉਸ ਕਿਰਦਾਰ ਦੇ ਇਸ ਸੀਨ ਦੀ ਲੋੜ 'ਤੇ ਪੂਰਾ ਯਕੀਨ ਸੀ।
ਯਕੀਨ ਸੀ ਕਿ ਉਨ੍ਹਾਂ ਨੇ ਕੁਝ ਗ਼ਲਤ ਨਹੀਂ ਕੀਤਾ। ਔਰਤ ਨੂੰ ਚੀਜ਼ ਦੀ ਤਰ੍ਹਾਂ ਨਹੀਂ ਦਿਖਾਇਆ। ਉਸਦੇ ਸਰੀਰ ਦੇ ਵੱਖ-ਵੱਖ ਹਿੱਸਿਆਂ 'ਤੇ ਕੈਮਰਾ 'ਜ਼ੂਮ' ਨਹੀਂ ਹੋਇਆ

ਤਸਵੀਰ ਸਰੋਤ, Netflix
ਕਹਾਣੀ ਵਿੱਚ ਸੀਨ ਦੀ ਲੋੜ
ਦੋਹਰੇ ਮਤਲਬ ਵਾਲੇ ਭੱਦੇ ਸ਼ਬਦਾਂ ਦੇ ਗਾਣਿਆਂ ਦੀ ਵਰਤੋਂ ਨਹੀਂ ਕੀਤੀ ਗਈ।
ਸਿਰਫ਼ ਉਤੇਜਿਤ ਕਰਨ ਲਈ ਔਰਤ ਨੂੰ ਬੇਇੱਜ਼ਤ ਨਹੀਂ ਕੀਤਾ ਗਿਆ।
ਸਾਧਾਰਨ ਤਰੀਕੇ ਨਾਲ ਪਤੀ-ਪਤਨੀ ਦੇ ਪ੍ਰੇਮ ਪ੍ਰਸੰਗ ਨੂੰ ਦਿਖਾਇਆ ਗਿਆ ਹੈ।

ਤਸਵੀਰ ਸਰੋਤ, Netflix
''ਮੈਂ ਜਾਣਦੀ ਹਾਂ ਕਿ ਸਰੀਰ ਦਿਖਾਉਣ ਦੀ ਆਜ਼ਾਦੀ ਨੂੰ ਜ਼ਿੰਮੇਦਾਰੀ ਨਾਲ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ। ਮੇਰੀ ਨੀਅਤ ਠੀਕ ਸੀ, ਮੈਂ ਕੁਝ ਗ਼ਲਤ ਨਹੀਂ ਕੀਤਾ।"
ਪਰ ਰਾਜਸ਼੍ਰੀ ਨੂੰ ਬੁਰਾ ਲੱਗਿਆ। ਸਿਰਫ਼ ਇਸ ਲਈ ਨਹੀਂ ਕਿ ਇਹ ਵੀਡੀਓ ਪੋਰਨ ਦੀ ਤਰ੍ਹਾਂ ਦਿਖਾਇਆ ਜਾ ਰਿਹਾ ਹੈ, ਉਸਦੇ ਲਈ ਤਾਂ ਉਹ ਕੁਝ ਹੱਦ ਤੱਕ ਤਿਆਰ ਸੀ ਪਰ ਇਸ ਲਈ ਕਿ ਉਸ ਨੂੰ ਵੰਡਿਆ ਜਾ ਰਿਹਾ ਹੈ।
ਵਾਇਰਲ ਤਾਂ ਬਹੁਤ ਕੁਝ ਹੋ ਜਾਂਦਾ ਹੈ। ਕਿਸੇ ਦਾ ਅੱਖ ਮਾਰਨਾ ਵੀ ਵਾਇਰਲ ਹੋ ਸਕਦਾ ਹੈ।
ਪਰ ਇਹ ਵੀਡੀਓ ਕੁਝ ਵੱਖਰੀ ਹੈ। ਤੀਹ-ਚਾਲੀ ਸੈਕਿੰਡ ਦੇ ਸੀਨ ਦੇ ਇੱਕ ਹਿੱਸੇ ਨੂੰ 'ਪੌਜ਼' ਕਰਕੇ ਉਸਦੇ ਛੋਟੇ ਵੀਡੀਓ ਅਤੇ ਤਸਵੀਰ ਬਣਾ ਕੇ ਵੰਡੀ ਜਾ ਰਹੀ ਹੈ।
ਵੀਡੀਓ 'ਚ ਸੀਨ ਕੱਟ ਕੇ ਕੀਤਾ ਗਿਆ ਪੇਸ਼
"ਜੇਕਰ ਅਜਿਹਾ ਕੁਝ ਤੁਹਾਡੇ ਕੋਲ ਆਏ ਤਾਂ ਉਸਦੇ ਨਾਲ ਕੀ ਕਰਨਾ ਹੈ, ਇਹ ਸੋਚਣਾ ਜ਼ਰੂਰੀ ਹੈ। ਤਕਨੀਕ ਇੱਕ ਹਥਿਆਰ ਹੈ, ਉਸਦੀ ਵਰਤੋਂ ਮਾਰਨ ਲਈ ਵੀ ਕੀਤੀ ਜਾ ਸਕਦੀ ਹੈ ਅਤੇ ਬਚਾਉਣ ਲਈ ਵੀ। "
ਮਸਲਾ ਦਰਅਸਲ ਇਹੀ ਹੈ। ਇਸ ਨੂੰ ਵੰਡਣਾ।

ਤਸਵੀਰ ਸਰੋਤ, Getty Images
ਫ਼ਿਲਮਾਂ ਅਤੇ ਟੈਲੀਵਿਜ਼ਨ ਸੀਰੀਅਲਾਂ ਵਿੱਚ ਔਰਤ ਦੇ ਸਰੀਰ ਨੂੰ ਖੁੱਲ੍ਹੇ ਤਰੀਕੇ ਨਾਲ ਵਿਖਾਇਆ ਜਾਂਦਾ ਰਿਹਾ ਹੈ।
ਕਦੀ ਇਹ ਕਹਾਣੀ ਲਈ ਜ਼ਰੂਰੀ ਹੁੰਦਾ ਹੈ ਅਤੇ ਕਈ ਵਾਰ ਨਹੀਂ ਵੀ। ਪਰ ਹਮੇਸ਼ਾ, ਇਹ ਦੇਖਿਆ ਬਹੁਤ ਜਾਂਦਾ ਹੈ।
ਪੋਰਨ ਦੀ ਤਰ੍ਹਾਂ। ਰੈਫਰੈਂਸ ਦੇ ਬਿਨਾਂ। ਇੰਟਰਨੈੱਟ 'ਤੇ ਛੋਟੇ-ਛੋਟੇ ਕਲਿੱਪ ਕੱਟ ਕੇ। ਦੁੱਖ ਵਾਲੀ ਗੱਲ ਇਹ ਹੈ ਕਿ ਸਵਾਲ ਦੇਖਣ ਵਾਲੇ ਤੋਂ ਨਹੀਂ ਹੁੰਦੇ।
ਇਹ ਵੀ ਪੜ੍ਹੋ:
ਪਰ ਇਹ ਦੇਖਣ ਵਾਲੇ, ਮਜ਼ੇ ਲੈਣ ਵਾਲੇ, ਆਨੰਦ ਮਹਿਸੂਸ ਕਰਨ ਵਾਲੇ ਉਸ ਔਰਤ ਨੂੰ ਪੋਰਨ ਸਟਾਰ ਮੰਨਣ ਅਤੇ ਕਹਿਣ ਵਿੱਚ ਹਿਚਕਚਾਉਂਦੇ ਨਹੀਂ ਹਨ।
'ਐਂਗਰੀ ਇੰਡੀਅਨ ਗੌਡੈੱਸ' ਅਤੇ 'ਐਸ ਦੁਰਗਾ' ਵਿੱਚ ਅਦਾਕਾਰੀ ਕਰ ਚੁੱਕੀ ਰਾਜਸ਼੍ਰੀ ਪਾਂਡੇ, ਵੱਡੇ ਪਰਦੇ ਦੇ ਆਪਣੇ ਇਨ੍ਹਾਂ ਕਿਰਦਾਰਾਂ ਦੀ ਤਰ੍ਹਾਂ, ਅਸਲ ਜ਼ਿੰਦਗੀ ਵਿੱਚ ਵੀ ਚੁੱਪ ਰਹਿਣ ਵਾਲਿਆਂ ਵਿੱਚੋਂ ਨਹੀਂ ਹੈ।
"ਬੋਲਣਾ ਜ਼ਰੂਰੀ ਹੈ, ਤਾਂ ਹੀ ਬਦਲਾਅ ਦੀ ਉਮੀਦ ਰਹਿੰਦੀ ਹੈ, ਪੰਜ ਲੋਕ ਵੀ ਆਪਣੀ ਸੋਚ ਬਦਲਣ ਤਾਂ ਇਹ ਵੱਡੀ ਉਪਲਬਧੀ ਹੋਵੇਗੀ।''
ਉਹ ਬੋਲੀ, ਤਾਂ ਮੈਂ ਵੀ ਲਿਖ ਰਹੀ ਹਾਂ। ਤੁਸੀਂ ਪੜ੍ਹ ਰਹੇ ਹੋ। ਅਤੇ ਵੱਟਸਐਪ 'ਤੇ ਇਨ੍ਹਾਂ ਵੀਡੀਓਜ਼ ਦੇ ਨਾਲ ਔਰਤਾਂ ਨੂੰ ਸ਼ਰਮਿੰਦਾ ਕਰਨ ਵਾਲੇ ਥੋੜ੍ਹਾ ਠਹਿਰ ਕੇ ਸੋਚ ਵੀ ਲੈਣ।












