ਕਿਸਾਨ ਦਲਵਿੰਦਰ ਸਿੰਘ ਦੀਆਂ ‘ਸੂਰ-ਗੋਲਕਾਂ’

- ਲੇਖਕ, ਸਰਬਜੀਤ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ, ਸ਼ੂਟ ਐਂਡ ਐਡਿਟ: ਗੁਲਸ਼ਨ ਕੁਮਾਰ
ਕੀ ਇੱਕ ਕਨਾਲ ਵਿੱਚੋਂ 42 ਕਿੱਲਿਆਂ ਦੀ ਆਮਦਨ (ਕਰੀਬ 28 ਤੋਂ 30 ਲੱਖ ਰੁਪਏ) ਲੈਣ ਬਾਰੇ ਸੋਚਿਆ ਜਾ ਸਕਦਾ ਹੈ? ਸੁਣ ਕੇ ਥੋੜ੍ਹੀ ਹੈਰਾਨੀ ਹੋਵੇਗੀ।
ਰੋਪੜ ਜ਼ਿਲ੍ਹੇ ਦੇ ਪਿੰਡ ਕਿਸ਼ਨਪੁਰਾ ਦੇ ਕਿਸਾਨ ਦਲਵਿੰਦਰ ਸਿੰਘ ਦੇ ਦਾਅਵੇ ਨੂੰ ਮੰਨੀਏ ਤਾਂ ਉਸ ਨੇ ਇਸ ਨੂੰ ਸੱਚ ਕਰ ਦਿਖਾਇਆ ਹੈ।
ਦਲਵਿੰਦਰ ਸਿੰਘ ਇਹ ਆਮਦਨ ਖੇਤੀ ਤੋਂ ਨਹੀਂ ਬਲਕਿ ਸੂਰ ਪਾਲਣ ਦੇ ਕਿੱਤੇ ਤੋਂ ਪ੍ਰਾਪਤ ਕਰ ਰਹੇ ਹਨ।
ਦਲਵਿੰਦਰ ਸਿੰਘ ਨੇ 2008 ਵਿੱਚ ਇੱਕ ਕਨਾਲ ਵਿੱਚ 10 ਸੂਰੀਆਂ ਨਾਲ, ਸੂਰ ਪਾਲਣ ਦਾ ਕਿੱਤਾ ਸ਼ੁਰੂ ਕੀਤਾ ਸੀ।
ਉਨ੍ਹਾਂ ਦੇ ਫਾਰਮ ਵਿੱਚ 2011 ਤੱਕ ਸੂਰੀਆਂ ਦੀ ਗਿਣਤੀ 60 ਹੋ ਗਈ।
ਇਸ ਵੇਲੇ ਦਲਵਿੰਦਰ ਸਿੰਘ ਦੇ ਫਾਰਮ ਵਿੱਚ ਤਕਰੀਬਨ 300 ਸੂਰ ਹਨ ਅਤੇ ਉਹ ਹਰ ਸਾਲ ਤਕਰੀਬਨ 800 ਸੂਰ ਵੇਚਦੇ ਹਨ।
ਕਿਉਂ ਅਪਣਾਇਆ ਸੂਰ ਪਾਲਨ ਦਾ ਕਿੱਤਾ
ਦਲਵਿੰਦਰ ਸਿੰਘ ਕੋਲ ਢਾਈ ਏਕੜ ਜ਼ਮੀਨ ਹੈ। ਉਨ੍ਹਾਂ ਨੇ ਖੇਤੀ ਦੇ ਨਾਲ-ਨਾਲ ਸਹਾਇਕ ਕਿੱਤੇ ਵਜੋਂ ਪਹਿਲਾਂ ਡੇਅਰੀ ਫਾਰਮਿੰਗ ਵਿੱਚ ਹੱਥ ਅਜ਼ਮਾਇਆ।
ਮਹਿੰਗੀ ਮਜ਼ਦੂਰੀ ਅਤੇ ਵੱਧਦੇ ਖ਼ਰਚਿਆਂ ਕਾਰਨ ਕੁਝ ਸਾਲ ਬਾਅਦ ਦਲਵਿੰਦਰ ਸਿੰਘ ਦਾ ਮਨ ਇਸ ਕਿੱਤੇ ਤੋਂ ਖੱਟਾ ਹੋ ਗਿਆ।

ਇਸ ਤੋਂ ਬਾਅਦ ਉਨ੍ਹਾਂ ਨੇ ਸੂਰ ਪਾਲਣ ਦਾ ਕੰਮ ਸ਼ੁਰੂ ਕੀਤਾ ਜੋ ਹੌਲੀ-ਹੌਲੀ ਉਨ੍ਹਾਂ ਨੂੰ ਰਾਸ ਆਉਣਾ ਸ਼ੁਰ ਹੋ ਗਿਆ।
ਪੰਜਾਬ ਦੇ ਪਸ਼ੂ ਪਾਲਣ ਵਿਭਾਗ ਦੇ ਅੰਕੜਿਆਂ ਵਿੱਚ ਦਲਵਿੰਦਰ ਸਿੰਘ ਦਾ ਸੂਰ ਫਾਰਮ ਸੂਬੇ ਦੇ ਪਹਿਲੇ ਪੰਜ ਫਾਰਮਾਂ ਵਿੱਚ ਸ਼ੁਮਾਰ ਹੈ।
ਪਸ਼ੂ ਪਾਲਣ ਵਿਭਾਗ ਵੱਲੋਂ 2014 ਵਿੱਚ ਉਸ ਨੂੰ ਮੁੱਖ ਮੰਤਰੀ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ।
ਮਜ਼ਦੂਰਾਂ ਦੀ ਘੱਟ ਲੋੜ, ਮੰਡੀਕਰਨ ਦੀ ਸਮੱਸਿਆ ਨਹੀਂ
ਜੇ ਦਲਵਿੰਦਰ ਦੀ ਮੰਨੀਏ ਤਾਂ ਇਸ ਕਿੱਤੇ ਵਿੱਚ ਮਜ਼ਦੂਰਾਂ ਦੀ ਬਹੁਤ ਘੱਟ ਜ਼ਰੂਰਤ ਪੈਂਦੀ ਹੈ ਅਤੇ ਉਸ ਦੇ ਪੂਰੇ ਫਾਰਮ ਨੂੰ ਦੋ ਵਿਅਕਤੀ ਹੀ ਸੰਭਾਲਦੇ ਹਨ।

ਮੰਡੀਕਰਨ ਦੀ ਵੀ ਕੋਈ ਦਿੱਕਤ ਨਹੀਂ ਹੈ ਕਿਉਂਕਿ ਪੰਜਾਬ ਦੇ ਨਾਲ-ਨਾਲ ਨਾਗਾਲੈਂਡ ਦੇ ਵਪਾਰੀ ਉਨ੍ਹਾਂ ਦੇ ਸੂਰਵਾੜੇ ਤੋਂ ਸਿੱਧੀ ਖ਼ਰੀਦ ਕਰਦੇ ਹਨ।
ਸੂਰ ਪਾਲਨ 'ਚ ਪੰਜਾਬ ਗੁਆਂਢੀਆਂ ਸੂਬਿਆਂ ਤੋਂ ਅੱਗੇ
ਸੂਰ ਪਾਲਣ ਬਾਰੇ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਮੁਤਾਬਕ ਸੂਬੇ ਵਿੱਚ ਸੂਰ ਪਾਲਕਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।
ਇਸ ਦਾ ਇੱਕ ਕਾਰਨ ਭਾਰਤ ਵਿੱਚ ਸੂਰ ਦੇ ਮਾਸ ਦੀ ਵੱਧਦੀ ਮੰਗ ਹੈ।
ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ (ਪੋਲਟਰੀ ਤੇ ਪਿੱਗਰੀ) ਦੇ ਡਿਪਟੀ ਡਾਇਰੈਕਟਰ ਪਰਮਜੀਤ ਸਿੰਘ ਸੈਣੀ ਨੇ ਦੱਸਿਆ ਕਿ ਸੂਬੇ ਵਿੱਚ ਇਸ ਸਮੇਂ 450 ਦੇ ਕਰੀਬ ਸੂਰਵਾੜੇ ਹਨ ਅਤੇ ਇਨ੍ਹਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)













