ਰੋਹਿੰਗਿਆ ਸ਼ਰਨਾਰਥੀਆਂ ਨੂੰ ਮਿਲਣ ਜਾਵੇਗੀ ਗੁਰਮੇਹਰ ਕੌਰ

ਤਸਵੀਰ ਸਰੋਤ, You Tube
- ਲੇਖਕ, ਪਾਲ ਸਿੰਘ ਨੌਲੀ
- ਰੋਲ, ਬੀਬੀਸੀ ਨਿਊਜ਼ ਪੰਜਾਬੀ ਲਈ
ਟਾਈਮ ਮੈਗਜ਼ੀਨ ਦੀ ਨੈਕਸਟ ਜਨਰੇਸ਼ਨ ਲੀਡਰ ਗੁਰਮੇਹਰ ਕੌਰ ਨੇ ਕਿਹਾ ਕਿ ਉਹ ਰੋਹਿੰਗਿਆ ਮੁਸਲਮਾਨਾਂ ਨੂੰ ਮਿਲਣ ਜਾਵੇਗੀ। ਇਸ ਬਾਰੇ ਉਹ ਆਪਣਾ ਪ੍ਰੋਗਰਾਮ ਬਣਾ ਰਹੀ ਹੈ।
ਜਲੰਧਰ ਵਿੱਚ ਇੱਕ ਸਮਾਗਮ ਵਿੱਚ ਹਿੱਸਾ ਲੇਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਰੋਹਿੰਗਿਆ ਦਾ ਸੰਕਟ ਕਿਸੇ ਧਰਮ ਨਾਲ ਜੁੜਿਆ ਹੋਇਆ ਮਸਲਾ ਨਹੀਂ ਹੈ।
ਸਗੋਂ ਰੋਹਿੰਗਿਆ ਸ਼ਰਨਾਰਥੀਆਂ ਦੀ ਮੱਦਦ ਮਾਨਵਤਾ ਦੇ ਨਾਂਅ 'ਤੇ ਕੀਤੀ ਜਾਣੀ ਚਾਹੀਦੀ ਹੈ।
ਗੁਰਮੇਹਰ ਨੇ ਕਿਹਾ ਕਿ ਉਨ੍ਹਾਂ ਵਿਚਾਰਿਆਂ ਕੋਲ ਕੁਝ ਵੀ ਨਹੀਂ ਹੈ। ਉਨ੍ਹਾਂ ਨਾਲ ਸ਼ਰਨਾਰਥੀਆਂ ਵਾਲਾ ਵਿਵਹਾਰ ਕਰਨਾ ਚਾਹੀਦਾ ਹੈ।

ਤਸਵੀਰ ਸਰੋਤ, EPA
ਉਜੜ ਕੇ ਆ ਰਹੇ ਰੋਹਿੰਗਿਆ ਕੋਲ ਨਾ ਰਹਿਣ ਲਈ ਛੱਤ ਹੈ ਨਾ ਕੁਝ ਖਾਣ ਲਈ ਹੈ।
ਗੁਰਮੇਹਰ ਨੇ ਦੱਸਿਆ ਕਿ ਉਹ ਰੋਹਿੰਗਿਆ ਦੀ ਮੱਦਦ ਕਰ ਰਹੀ ਸਿੱਖ ਜੱਥੇਬੰਦੀ ਨਾਲ ਇਸ ਮਹੀਨੇ ਦੇ ਆਖੀਰ ਵਿੱਚ ਜਾਣ ਦਾ ਪ੍ਰੋਗਰਾਮ ਬਣਾਏਗੀ।
ਅਜੇ ਇਸ ਬਾਰੇ ਤੈਅ ਕਰਨਾ ਹੈ ਕਿ ਕਿਸ ਤਰ੍ਹਾਂ ਜਾਣਾ ਹੈ ਤੇ ਕਿਹੜਾ ਕੰਮ ਕਰਨਾ ਹੈ।
'ਕਈਆਂ ਨੇ ਕਿਹਾ ਕੁੜੀ ਅਜੇ ਨਿਆਣੀ ਹੈ'
ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਬਾਰੇ ਟਿੱਪਣੀ ਕਰਦਿਆਂ ਗੁਰਮੇਹਰ ਨੇ ਕਿਹਾ ਕਿ ਉਨ੍ਹਾਂ ਨੇ ਬੀਤੇ ਸਮੇਂ ਵਿੱਚ ਕਈ ਵਾਰ ਵੀਡੀਓ ਪਾਈਆਂ ਸਨ ਤਾਂ ਬਹੁਤ ਸਾਰਿਆਂ ਨੇ ਉਨ੍ਹਾਂ ਨੂੰ ਗਲਤ ਕਿਹਾ ਸੀ।
ਕਈਆਂ ਨੇ ਕਿਹਾ ਸੀ ਕਿ ਕੁੜੀ ਤਾਂ ਅਜੇ ਨਿਆਣੀ ਹੈ ।
ਪਰ ਹੁਣ ਉਹ ਗੱਲਾਂ ਇੱਕ ਇੱਕ ਕਰਕੇ ਸਹੀ ਸਾਬਿਤ ਹੋ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਗੁਰਮੇਹਰ ਕੌਰ ਦੁਆਰਾ ਨੇ ਵੀਡੀਓ ਵਿੱਚ ਦੇਸ ਵਿੱਚ ਫੈਲਾਈ ਜਾ ਰਹੀ ਨਫ਼ਰਤ ਦਾ ਮੁੱਦਾ ਵੀ ਉਠਾਇਆ ਸੀ।
ਉਨ੍ਹਾਂ ਬੋਲਣ ਅਤੇ ਪ੍ਰਗਟਾਵੇ ਦੇ ਮੁੱਦੇ ਨੂੰ ਵੀ ਗੰਭੀਰਤਾ ਨਾਲ ਚੁੱਕਿਆ ਸੀ।

ਗੁਰਮੇਹਰ ਨੇ ਕਿਹਾ, "ਲੰਮੇ ਸਮੇਂ ਤੋਂ ਮੈਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਰਹਿੰਦਾ ਸੀ ਕਿ ਮੈਂ ਜੋ ਕਹਿ ਰਹੀ ਹਾਂ ਉਹ ਸਾਰਾ ਕੁਝ ਸਹੀ ਹੈ।"
ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਇਹ ਹਲਫ਼ੀਆ ਬਿਆਨ ਦਿੱਤਾ ਹੋਇਆ ਕਿ ਰੋਹਿੰਗਿਆ ਦੇਸ ਦੀ ਸੁਰਖਿਆ ਲਈ ਖਤਰਾ ਬਣ ਸਕਦੇ ਹਨ।












