ਔਸਕਰ ਬੋਰਡ ਨੇ ਵਾਇਨਸਟੀਨ ਨੂੰ ਦਿਖਾਇਆ ਬਾਹਰ ਦਾ ਰਾਹ

ਤਸਵੀਰ ਸਰੋਤ, Getty Images
ਹਾਲੀਵੁੱਡ ਦੇ ਮਸ਼ਹੂਰ ਫਿਲਮ ਨਿਰਮਾਤਾ ਹਾਰਵੀ ਵਾਇਨਸਟੀਨ ਦਾ ਬਲਾਤਕਾਰ ਸਕੈਂਡਲ ਮਾਮਲਾ ਹੋਰਭਖ਼ਦਾ ਜਾ ਰਿਹਾ ਹੈ। ਅਮਰੀਕੀ ਅਦਾਕਾਰਾ ਰੋਜ਼ ਮੈਕਗੋਵਾਨ ਨੇ ਸ਼ੁੱਕਰਵਾਰ ਨੂੰ ਉਨ੍ਹਾਂ 'ਤੇ ਬਲਾਤਕਾਰ ਦੇ ਦੋਸ਼ ਲਗਾਏ ਹਨ। ਹੁਣ ਦੋ ਹੋਰ ਮਹਿਲਾਵਾਂ ਵਾਇਨਸਟੀਨ ਦੇ ਖਿਲਾਫ਼ ਬੋਲ ਰਹੀਆਂ ਹਨ।
ਬ੍ਰਿਟਿਸ਼ ਅਦਾਕਾਰਾ ਲਾਈਸੈੱਟ ਐਂਥਨੀ ਨੇ ਕਿਹਾ ਹੈ ਕਿ 1980 ਵਿੱਚ ਵਾਇਨਸਟੀਨ ਨੇ ਉਹਨਾਂ 'ਤੇ ਲੰਡਨ ਵਿੱਚ ਹਮਲਾ ਕੀਤਾ ਸੀ।
ਦੂਜੀ ਮਹਿਲਾ ਜਿਸ ਦੀ ਪਛਾਣ ਨਹੀਂ ਹੋ ਸਕੀ ਹੈ, ਦਾ ਦਾਅਵਾ ਹੈ ਕਿ 1992 ਵਿੱਚ ਵਾਇਨਸਟੀਨ ਨੇ ਉਹਨਾਂ ਦਾ ਬਲਾਤਕਾਰ ਕੀਤਾ ਸੀ।
'ਦ ਅਕੈਡਮੀ ਆਫ ਮੋਸ਼ਨ ਪਿੱਕਚਰਜ਼ ਆਰਟਸ ਐਂਡ ਸਾਇੰਸਿਸ' ਨੇ ਵਾਇਨਸਟੀਨ ਨੂੰ ਕੱਢਣ ਲਈ ਵੋਟ ਕੀਤਾ ਹੈ।
ਹਾਲਾਂਕਿ ਵਾਇਨਸਟੀਨ ਮੁਤਾਬਕ ਉਹਨਾਂ ਨੇ ਜਿੰਨੇ ਵੀ ਸ਼ਰੀਰਕ ਸੰਬੰਧ ਬਣਾਏ, ਉਹ ਆਪਸੀ ਰਜ਼ਾਮੰਦੀ ਨਾਲ ਹੋਏ ਸਨ।
ਫਿਲਹਾਲ ਲੰਡਨ ਅਤੇ ਨਿਊ ਯੌਰਕ ਦੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਬੀਤੇ ਕੁਝ ਦਿਨਾਂ 'ਚ ਵਾਇਨਸਟੀਨ 'ਤੇ ਕਈ ਮਹਿਲਾਵਾਂ ਨੇ ਬਲਾਤਕਾਰ ਦੇ ਦੋਸ਼ ਲਗਾਏ ਹਨ। ਇਨ੍ਹਾਂ 'ਚੋਂ ਕਈ ਮਹਿਲਾਵਾਂ ਹੁਣ ਕਾਫ਼ੀ ਚਰਚਾ 'ਚ ਹਨ।
ਹਾਲਾਂਕਿ ਜਦੋਂ ਉਨ੍ਹਾਂ ਦਾ ਸ਼ੋਸਣ ਹੋਇਆ ਉਦੋਂ ਉਹ ਫਿਲਮਾਂ 'ਚ ਆਪਣੀ ਪਛਾਣ ਬਣਾਉਣ ਲਈ ਸੰਘਰਸ਼ ਕਰ ਰਹੀਆਂ ਸਨ।

ਤਸਵੀਰ ਸਰੋਤ, Dimitrios Kambouris/Getty Images
ਬੀਬੀਸੀ ਨਾਲ ਗੱਲ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਡੇਮੋਕ੍ਰੇਟਿਕ ਉਮੀਦਵਾਰ ਰਹੀ ਹਿਲੇਰੀ ਕਲਿੰਟਨ ਨੇ ਕਿਹਾ ਕਿ ਇਨ੍ਹਾਂ ਦੋਸ਼ਾਂ ਦੇ ਬਾਰੇ ਜਾਣ ਕੇ ਉਨ੍ਹਾਂ ਨੂੰ ਧੱਕਾ ਲੱਗਿਆ ਹੈ।
ਉਨ੍ਹਾਂ ਕਿਹਾ, ਜਿਹੜੀਆਂ ਕਹਾਣੀਆਂ ਸਾਹਮਣੇ ਆਈਆਂ ਹਨ ਉਹ ਦਿਲ ਤੋੜਨ ਵਾਲੀਆਂ ਹਨ। ਵਾਇਨਸਟੀਨ ਨੇ ਡੇਮੋਕ੍ਰੇਟਿਕ ਪਾਰਟੀ ਨੂੰ ਵੱਡਾ ਚੰਦਾ ਦਿੱਤਾ ਸੀ।
ਕੌਣ ਹਨ ਹਾਰਵੀ ਵਾਇਨਸਟੀਨ ?

ਤਸਵੀਰ ਸਰੋਤ, Frazer Harrison/Getty Images
ਹਾਰਵੀ ਵਾਇਨਸਟੀਨ ਹਾਲੀਵੁੱਡ ਦੇ ਇੱਕ ਮਸ਼ਹੂਰ ਨਿਰਮਾਤਾ ਹਨ। 65 ਸਾਲ ਦੇ ਵਾਇਨਸਟੀਨ 'ਪਲਪ ਫ਼ਿਕਸ਼ਨ' ਅਤੇ 'ਕਲਕਰਜ਼' ਜਿਹੀਆਂ ਮਸ਼ਹੂਰ ਫਿਲਮਾਂ ਬਣਾਉਣ ਵਾਲੀ ਫ਼ਿਲਮ ਕੰਪਨੀ ਮੀਰਾਮੈਕਸ ਦੇ ਸਹਿ-ਬਾਨੀ ਹਨ।
ਉਨ੍ਹਾਂ ਨੂੰ 'ਸ਼ੇਕਸਪੀਅਰ ਇਨ ਲਵ' ਬਣਾਉਣ ਲਈ ਔਸਕਰ ਐਵਾਰਡ ਵੀ ਮਿਲ ਚੁੱਕਿਆ ਹੈ।
ਬਰਤਾਨਵੀ ਫਿਲਮ ਇੰਡਸਟਰੀ 'ਚ ਯੋਗਦਾਨ ਲਈ ਉਨ੍ਹਾਂ ਨੂੰ 2004 'ਚ ਬਰਤਾਨੀ ਰਾਜ ਪਰਿਵਾਰ ਵੱਲੋਂ ਸੀਬੀਈ ਦੀ ਮਾਨਕ ਉਪਾਧੀ ਵੀ ਦਿੱਤੀ ਗਈ ਸੀ।
ਹਾਰਵੀ ਵਾਇਨਸਟੀਨ ਨੇ ਦੋ ਵਿਆਹ ਕੀਤੇ ਹਨ। 41 ਸਾਲ ਦੀ ਬਰਤਾਨਵੀ ਅਦਾਕਾਰਾ ਅਤੇ ਫ਼ੈਸ਼ਨ ਡਿਜ਼ਾਈਨਰ ਜੌਰਜੀਨਾ ਚੈਪਮੈਨ 2007 ਤੋਂ ਉਨ੍ਹਾਂ ਦੀ ਪਤਨੀ ਹਨ।
ਹਾਲਾਂਕਿ ਬਲਾਤਕਾਰ ਦੇ ਦੋਸ਼ਾਂ ਤੋਂ ਬਾਅਦ ਚੈਪਮੈਨ ਨੇ ਉਨ੍ਹਾਂ ਤੋਂ ਵੱਖਰੇ ਹੋਣ ਦਾ ਐਲਾਨ ਕਰ ਦਿੱਤਾ ਹੈ।
ਕੀ ਹਨ ਦੋਸ਼
ਵਾਇਨਸਟੀਨ 'ਤੇ ਫ਼ਿਲਮ ਜਗਤ ਨਾਲ ਜੁੜੀਆਂ ਕਈ ਮਹਿਲਾਵਾਂ ਨੇ ਬਲਾਤਕਾਰ ਦੇ ਦੋਸ਼ ਲਗਾਏ ਹਨ।
49 ਸਾਲ ਦੀ ਅਭਿਨੇਤਰੀ ਏਸ਼ਲੀ ਜੁਡ ਨੇ ਨਿਊਯਾਰਕ ਟਾਇਮਜ਼ ਨੂੰ ਦੱਸਿਆ ਕਿ ਵਾਇਨਸਟੀਨ ਨਾਲ ਉਨ੍ਹਾਂ ਫਿਲਮ 'ਤੇ ਚਰਚਾ ਕਰਨੀ ਸੀ ਅਤੇ ਉਨ੍ਹਾਂ ਨੂੰ ਹੋਟਲ ਦੇ ਕਮਰੇ 'ਚ ਸੱਦਿਆ ਗਿਆ ਜਿੱਥੇ ਵਾਇਨਸਟੀਨ ਨੇ ਉਨ੍ਹਾਂ ਦਾ ਬਲਾਤਕਾਰ ਕੀਤਾ।

ਤਸਵੀਰ ਸਰੋਤ, Getty Images
ਅਜਿਹਾ ਹੀ ਦੋਸ਼ ਇਤਾਲਵੀ ਮੂਲ ਦੀ ਅਦਾਕਾਰਾ ਏਸ਼ਿਆ ਅਰਜੇਂਟੋ ਨੇ ਲਗਾਇਆ ਹੈ।
ਏਸ਼ਿਆ ਨੇ ਨਿਊ ਯੌਰਕਰ ਨੂੰ ਦੱਸਿਆ ਕਿ ਜਦੋਂ ਉਹ 21 ਸਾਲ ਦੀ ਸੀ ਉਦੋਂ ਵਾਇਨਸਟੀਨ ਨੇ ਆਪਣੇ ਹੋਟਲ 'ਚ ਬੁਲਾਇਆ ਸੀ।
ਏਸ਼ਿਆ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੱਗਿਆ ਸੀ ਕਿ ਉਨ੍ਹਾਂ ਨੂੰ ਪਾਰਟੀ 'ਚ ਸੱਦਿਆ ਗਿਆ ਹੈ ਪਰ ਉੱਥੇ ਸਿਰਫ਼ ਵਾਇਨਸਟੀਨ ਹੀ ਸਨ।
ਏਸ਼ਿਆ ਮੁਤਾਬਕ ਵਾਇਨਸਟੀਨ ਨੇ ਉਨ੍ਹਾਂ ਨਾਲ ਜ਼ਬਰਦਸਤੀ ਓਰਲ ਸੈਕਸ ਕੀਤਾ।
ਹਾਲਾਂਕਿ ਏਸ਼ਿਆ ਨੇ ਇਹ ਵੀ ਕਿਹਾ ਕਿ ਬਾਅਦ 'ਚ ਉਨ੍ਹਾਂ ਅਤੇ ਵਾਇਨਸਟੀਨ ਦੇ ਵਿਚਾਲੇ ਸਹਿਮਤੀ ਨਾਲ ਸੈਕਸ ਸਬੰਧ ਵੀ ਰਹੇ, ਪਰ ਇਹ ਇੱਕਤਰਫ਼ਾ ਸਨ।

ਤਸਵੀਰ ਸਰੋਤ, VALERY HACHE/GETTY IMAGES
ਅਦਾਕਾਰਾ ਬਣਨ ਦੀ ਚਾਹਤ ਰੱਖਣ ਵਾਲੀ ਲੂਸਿਆ ਇਵਾਂਸ ਨੇ ਆਪਣੇ ਦੋਸ਼ਾਂ 'ਚ ਕਿਹਾ ਕਿ 2004 'ਚ ਨਿਊਯਾਰਕ ਦੇ ਇੱਕ ਕਲੱਬ 'ਚ ਉਨ੍ਹਾਂ ਦੀ ਮੁਲਾਕਾਤ ਵਾਇਨਸਟੀਨ ਨਾਲ ਹੋਈ ਅਤੇ ਆਪਣੀ ਕੰਪਨੀ ਮੀਰਾਮੈਕਸ ਦੇ ਦਫ਼ਤਰ ਬੁਲਾ ਲਿਆ।
ਲੂਸਿਆ ਦਾ ਕਹਿਣਾ ਹੈ ਕਿ ਵਾਇਨਸਟੀਨ ਦਫ਼ਤਰ 'ਚ ਇੱਕਲੇ ਸਨ ਅਤੇ ਉੱਥੇ ਉਨ੍ਹਾਂ ਬਲਾਤਕਾਰ ਕੀਤਾ।
ਮਸ਼ਹੂਰ ਅਦਾਕਾਰਾ ਗਵੀਨੇਥ ਪੌਲਤਰੋਵ ਨੇ ਨਿਊ ਯਾਰਕ ਟਾਇਮਜ਼ ਨੂੰ ਕਿਹਾ ਕਿ 1995 'ਚ ਜਦੋਂ ਉਹ 22 ਸਾਲ ਦੀ ਸੀ ਤਾਂ ਉਨ੍ਹਾਂ ਨੂੰ ਵੀ ਵਾਇਨਸਟੀਨ ਨੇ ਹੋਟਲ 'ਚ ਬੁਲਾਇਆ ਸੀ।

ਤਸਵੀਰ ਸਰੋਤ, Nicholas Hunt/Getty Images
ਵਾਇਨਸਟੀਨ ਨੇ ਉਨ੍ਹਾਂ ਨੂੰ ਮਸਾਜ ਦੇਣ ਲਈ ਆਖਿਆ ਸੀ ਪਰ ਪੌਲਤਰੋਵ ਨੇ ਇਨਕਾਰ ਕਰ ਦਿੱਤਾ।
ਪੌਲਤਰੋਵ ਨੇ ਇਸ ਬਾਰੇ ਆਪਣੇ ਬੁਆਏ ਫਰੈਂਡ ਰਹੇ ਬ੍ਰੈਡ ਪਿਟ ਨੂੰ ਦੱਸਿਆ ਸੀ, ਜਿੰਨ੍ਹਾਂ ਨੇ ਵਾਇਨਸਟੀਨ ਨਾਲ ਇਸ ਬਾਰੇ ਗੱਲਬਾਤ ਕੀਤੀ।
ਕੁਝ ਦਿਨਾਂ ਬਾਅਦ ਵਾਇਨਸਟੀਨ ਨੇ ਪੌਲਤਰੋਵ ਨੂੰ ਕਿਹਾ ਕਿ ਉਹ ਇਸ ਬਾਰੇ ਕਿਸੇ ਨੂੰ ਨਾ ਦੱਸਣ।

ਤਸਵੀਰ ਸਰੋਤ, Monica Schipper/Getty Images
1990 ਦੇ ਦਹਾਕੇ 'ਚ ਹੀ ਮਸ਼ਹੂਰ ਅਦਾਕਾਰਾ ਏਂਜਲੀਨਾ ਜੋਲੀ ਨੇ ਨਿਊ ਯਾਰਕ ਟਾਇਮਜ਼ ਨੂੰ ਕਿਹਾ ਕਿ ਜਦੋਂ ਉਹ ਇੱਕ ਵਾਰ ਵਾਇਨਸਟੀਨ ਦੇ ਨਾਲ ਹੋਟਲ ਦੇ ਕਮਰੇ 'ਚ ਸੀ ਤਾਂ ਉਨ੍ਹਾਂ ਨੂੰ ਬੁਰਾ ਅਨੁਭਵ ਹੋਇਆ ਸੀ।
ਜਿਸ ਤੋਂ ਬਾਅਦ ਉਨ੍ਹਾਂ ਤੈਅ ਕਰ ਲਿਆ ਕਿ ਉਹ ਕਦੇ ਉਨ੍ਹਾਂ ਨਾਲ ਕੰਮ ਨਹੀਂ ਕਰਨਗੇ। ਉਨ੍ਹਾਂ ਮੁਤਾਬਕ ਉਨ੍ਹਾਂ ਨੇ ਹੋਰ ਅਭਿਨੇਤਰੀਆਂ ਨੂੰ ਵੀ ਇਸ ਸਬੰਧੀ ਖ਼ਬਰਦਾਰ ਕੀਤਾ ਸੀ।
ਇੱਕ ਅਦਾਕਾਰਾ ਨੇ ਪਛਾਣ ਛੁਪਾਉਂਦੇ ਹੋਏ ਨਿਊ ਯੌਰਕਰ ਨੂੰ ਦੱਸਿਆ ਕਿ ਵਾਇਨਸਟੀਨ ਨੇ ਉਨ੍ਹਾਂ ਨਾਲ ਬਲਾਤਕਾਰ ਕੀਤਾ।
ਹਾਲਾਂਕਿ ਅਭਿਨੇਤਰੀ ਨੇ ਇਹ ਵੀ ਕਿਹਾ ਕਿ ਆਪਣੇ ਕਰੀਅਰ ਨੂੰ ਹੋਣ ਵਾਲੇ ਨੁਕਸਾਨ ਕਰਕੇ ਉਨ੍ਹਾਂ ਮਾਮਲਾ ਦਰਜ ਨਹੀਂ ਕਰਵਾਇਆ ਸੀ।
ਇਸ ਤੋਂ ਇਲਾਵਾ ਕਈ ਬਰਤਾਨਵੀ ਅਤੇ ਅਮਰੀਕੀ ਅਭਿਨੇਤਰੀਆਂ ਨੇ ਵੀ ਹਾਰਵੀ 'ਤੇ ਬਲਾਤਕਾਰ ਦੇ ਦੋਸ਼ ਲਗਾਏ ਸਨ। ਇਹ ਸੈਕਸ ਸਕੈਂਡਲ ਨਵੀਂਆਂ ਅਦਾਕਾਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।












