ਮੁਰਦੇ ਫੂਕਣ ਤੋਂ ਰੁਜ਼ਗਾਰ ਦੇਣ ਵਾਲੇ ਬਣਨ ਦਾ ਸਫ਼ਰ, ਪਤਨੀ ਦੀ ਪਹਿਲ ਨੇ ਕਿਵੇਂ ਵਰਮੀ ਕੰਪੋਸਟ ਦਾ ਕਾਰੋਬਾਰ ਖੜਾ ਕੀਤਾ

- ਲੇਖਕ, ਕਮਲ ਸੈਣੀ
- ਰੋਲ, ਬੀਬੀਸੀ ਸਹਿਯੋਗੀ
"ਲੋਕ ਹੱਸਦੇ ਹੋਏ ਕਹਿੰਦੇ ਸੀ, ਕੀ ਤੁਸੀਂ ਗੋਹੇ ਨਾਲ ਗੋਹਾ ਹੋਏ ਰਹਿੰਦੇ ਹੋਏ। ਪਰ ਸਾਨੂੰ ਬੁਰਾ ਨਹੀਂ ਸੀ ਲੱਗਦਾ, ਸਾਨੂੰ ਆਪਣੇ ਕੰਮ ਤੱਕ ਮਤਲਬ ਹੁੰਦਾ ਸੀ।"
ਆਪਣੀ ਕਾਮਯਾਬੀ ਦੀ ਕਹਾਣੀ ਦੱਸਦੇ ਹੋਏ ਪਰਮਜੀਤ ਕੌਰ ਕਹਿੰਦੇ ਹਨ ਕਿ ਉਨ੍ਹਾਂ ਨੇ ਸਿਰਫ ਆਪਣੇ ਕੰਮ ਨੂੰ ਪਹਿਲ ਦਿੱਤੀ, ਜਿਸ ਸਦਕਾ ਉਹ ਅੱਜ ਲੱਖਾਂ ਰੁਪਏ ਦਾ ਕਾਰੋਬਾਰ ਖੜ੍ਹਾ ਕਰ ਸਕੇ ਹਨ।
ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿੰਡ ਖਾਨਪੁਰ ਰੋਡਾਨ ਦੀ ਪਰਮਜੀਤ ਕੌਰ ਤੇ ਉਸ ਦੇ ਪਤੀ ਨੇ ਮਿਲ ਕੇ 15-20 ਹਜ਼ਾਰ ਰੁਪਏ ਤੋਂ ਵਰਮੀ ਕੰਪੋਸਟ ਯਾਨੀ ਗੰਡੋਇਆਂ ਦੀ ਖਾਦ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ।
ਵਰਮੀ ਕੰਪੋਸਟ ਦੀ ਵਰਤੋਂ ਜੈਵਿਕ ਖੇਤੀ ਦੇ ਲਈ ਵੀ ਵੱਡੀ ਮਾਤਰਾ 'ਚ ਕੀਤੀ ਜਾਂਦੀ ਹੈ।
ਇੱਕ ਮਜ਼ਦੂਰ ਪਰਿਵਾਰ ਵਿੱਚੋਂ ਉੱਠਿਆ ਇਹ ਜੋੜਾ ਅੱਜ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਸੌਖਾਲਾ ਹੈ ਤੇ ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਸਾਲਾਨਾ ਟਰਨਓਵਰ ਕਰੀਬ 50 ਲੱਖ ਰੁਪਏ ਹੈ।
ਸ਼ਮਸ਼ਾਨਘਾਟ ਵਿੱਚ ਮੁਰਦੇ ਫੂਕਣ ਦਾ ਕੰਮ ਕਰਦੇ ਸੀ ਜਸਮੇਰ

ਪਰਮਜੀਤ ਦੇ ਪਤੀ ਜਸਮੇਰ ਦੱਸਦੇ ਹਨ ਕਿ ਵਰਮੀ ਕੰਪੋਸਟ ਬਣਾਉਣ ਦਾ ਵਿਚਾਰ ਉਨ੍ਹਾਂ ਦੀ ਪਤਨੀ ਦਾ ਸੀ। ਪਰ ਇਸ ਕਾਮਯਾਬੀ ਤੋਂ ਪਹਿਲਾਂ ਦੇ ਮੁਸ਼ਕਲਾਂ ਭਰੇ ਦੌਰ ਨੂੰ ਯਾਦ ਕਰਦੇ ਹੋਏ ਜਸਮੇਰ ਦੱਸਦੇ ਹਨ ਕਿ ਜੇ ਉਹ ਅੱਜ ਚੰਗੇ ਸਮੇਂ ਵਿੱਚ ਹਨ ਤਾਂ ਇਸ ਤੋਂ ਪਹਿਲਾਂ ਉਨ੍ਹਾਂ ਨੇ ਕਾਫੀ ਬੁਰਾ ਸਮਾਂ ਵੀ ਦੇਖਿਆ ਹੈ।
ਜਸਮੇਰ ਦੱਸਦੇ ਹਨ ਕਿ ਉਹ ਦੋਵੇਂ ਪਤੀ-ਪਤਨੀ 10ਵੀਂ ਫੇਲ੍ਹ ਹਨ।
ਉਹ ਕਹਿੰਦੇ ਹਨ, "ਘੱਟ ਪੜ੍ਹੇ ਲਿਖੇ ਹੋਣ ਕਰਕੇ ਮਜ਼ਦੂਰੀ ਕਰਨ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਸੀ। ਮੈਂ ਸ਼ਮਸ਼ਾਨਘਾਟ ਵਿੱਚ ਮੁਰਦੇ ਫੂਕਣ ਦੇ ਕੰਮ ਤੋਂ ਲੈ ਕੇ, ਮੋਚੀ, ਮਾਲੀ, ਖੇਤਾਂ ਵਿੱਚ ਮਜ਼ਦੂਰੀ ਦੇ ਨਾਲ-ਨਾਲ ਨਾਲੀਆਂ ਸਾਫ ਕਰਨ ਦਾ ਵੀ ਕੰਮ ਕੀਤਾ ਹੈ। ਇਹ ਕੰਮ ਮੈਂ ਬਹੁਤ ਘੱਟ ਪੈਸਿਆਂ ਉਪਰ ਕੀਤੇ, ਜਿਸ ਨਾਲ ਔਖਾ ਹੀ ਗੁਜ਼ਾਰਾ ਹੁੰਦਾ ਸੀ। ਪਰ ਉਨ੍ਹਾਂ ਦੀ ਪਤਨੀ ਦੀ ਪਹਿਲ ਨਾਲ ਉਨ੍ਹਾਂ ਦੀ ਕਿਸਮਤ ਬਦਲ ਗਈ।"
ਗੋਹੇ ਤੋਂ ਪੈਸੇ ਬਣਾਉਣ ਦਾ ਤਰੀਕਾ
ਜਸਮੇਰ ਦੱਸਦੇ ਹਨ ਕਿ ਉਨ੍ਹਾਂ ਨੇ ਪਹਿਲਾਂ ਪਸ਼ੂ ਪਾਲਣ ਦਾ ਕੰਮ ਕੀਤਾ।
"ਅਸੀਂ ਪਹਿਲਾਂ ਦੋ ਮੱਝਾਂ ਰੱਖੀਆਂ, ਫਿਰ 12 ਤੇ ਫਿਰ 12 ਤੋਂ 20 ਹੋ ਗਈਆਂ। ਫਿਰ ਸਾਨੂੰ ਗੋਹੇ ਦੀ ਸਮੱਸਿਆ ਆ ਰਹੀ ਸੀ ਤੇ ਲੋਕ ਉਸ ਨੂੰ ਐਦਾਂ ਹੀ ਚੁੱਕ ਕੇ ਲੈ ਜਾਂਦੇ ਸੀ। ਫਿਰ ਪਰਮਜੀਤ ਦੇ ਦਿਮਾਗ ਵਿੱਚ ਗੋਹੇ ਤੋਂ ਵਰਮੀ ਕੰਪੋਸਟ ਖਾਦ ਬਣਾਉਣ ਦਾ ਆਈਡੀਆ ਆਇਆ।"
ਪਰਮਜੀਤ ਕੌਰ ਦੱਸਦੇ ਹਨ ਕਿ ਉਨ੍ਹਾਂ ਨੇ ਜੈਵਿਕ ਖਾਦ ਬਣਾਉਣ ਬਾਰੇ ਕਿਤੇ ਸੁਣਿਆ ਸੀ ਅਤੇ ਫਿਰ ਉਨ੍ਹਾਂ ਦੇ ਵੀ ਖਿਆਲ ਵਿੱਚ ਆਇਆ ਕਿ ਕਿਉਂ ਨਾ ਪਸ਼ੂਆਂ ਦੇ ਗੋਹੇ ਦਾ ਇਸਤੇਮਾਲ ਕਰਕੇ ਖਾਦ ਬਣਾਈ ਜਾਵੇ।
ਉਹ ਦੱਸਦੇ ਹਨ, "ਇਸ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਖਾਸ ਸਿਖਲਾਈ ਗਰਾਮੀਣ ਸਵੈ ਰੁਜ਼ਗਾਰ ਟਰੈਨਿੰਗ ਸੈਂਟਰ ਕੁਰੂਕਸ਼ੇਤਰ ਤੋਂ ਪ੍ਰਾਪਤ ਕੀਤੀ। ਫਿਰ ਅਸੀਂ ਗੰਡੋਏ ਲੈ ਕੇ ਆਏ ਤੇ ਉਸ ਨਾਲ ਖਾਦ ਤਿਆਰ ਕੀਤੀ। "
ਜਸਮੇਰ ਦੱਸਦੇ ਹਨ ਕਿ ਉਨ੍ਹਾਂ ਨੇ 1 ਕੁਇੰਟਲ ਗੰਡੋਇਆਂ ਤੋਂ ਖਾਦ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ।
ਉਹ ਦੱਸਦੇ ਹਨ ਕਿ ਉਨ੍ਹਾਂ ਨੂੰ ਆਪਣਾ ਪਹਿਲੇ ਗਾਹਕ ਦੇ ਲਈ ਕਰੀਬ 6 ਸਾਲ ਇੰਤਜ਼ਾਰ ਕਰਨਾ ਪਿਆ ਪਰ ਅੱਜ ਗਾਹਕਾਂ ਦੀਆਂ ਲਾਈਨਾਂ ਲੱਗੀਆਂ ਹਨ।
'ਲੋਕ ਸਾਡੇ 'ਤੇ ਹੱਸਦੇ ਸੀ'

ਪਰਮਜੀਤ ਕੌਰ ਦੱਸਦੇ ਹਨ ਕਿ ਉਨ੍ਹਾਂ ਦੇ ਪਤੀ ਜਦੋਂ ਮਜ਼ਦੂਰੀ ਦਾ ਕੰਮ ਕਰਦੇ ਸੀ, ਜਿਸ ਵਿੱਚ ਸ਼ਮਸ਼ਾਨਘਾਟ ਵਿੱਚ ਮੁਰਦੇ ਫੂਕਣੇ, ਮੋਚੀ ਦਾ, ਨਾਲੀਆਂ ਸਾਫ਼ ਕਰਨੀਆਂ ਆਦਿ ਤਾਂ ਉਨ੍ਹਾਂ ਨੂੰ ਬਹੁਤ ਬੁਰਾ ਲੱਗਦਾ ਸੀ।
ਉਹ ਦੱਸਦੇ ਹਨ, "ਇਹ ਸਭ ਛੱਡ ਕੇ ਫਿਰ ਅਸੀਂ ਖਾਦ ਦੇ ਕੰਮ ਵਿੱਚ ਆ ਗਏ। ਗੋਹੇ ਤੋਂ ਵਰਮੀ ਕੰਪੋਸਟ ਖਾਦ ਬਣਾਉਣੀ ਤਿਆਰ ਕੀਤੀ। ਜਦੋਂ ਅਸੀਂ ਇਹ ਕੰਮ ਸ਼ੁਰੂ ਕੀਤਾ ਤਾਂ ਲੋਕਾਂ ਨੇ ਬਹੁਤ ਕੁਝ ਕਿਹਾ, ਲੋਕ ਸਾਡੇ ਉਪਰ ਹੱਸਦੇ ਸੀ ਤੇ ਕਹਿੰਦੇ ਸੀ ਕਿ ਤੁਸੀਂ ਗੋਹੇ ਵਿੱਚ ਗੋਹਾ ਹੋਏ ਰਹਿੰਦੇ ਹੋ, ਅਜੇ ਵੀ ਕਹਿੰਦੇ ਹਨ। ਪਰ ਅਸੀਂ ਲੋਕਾਂ ਦੀ ਗੱਲ ਦਾ ਗੁੱਸਾ ਨਹੀਂ ਕੀਤਾ ਸਾਨੂੰ ਆਪਣੇ ਕੰਮ ਤੱਕ ਮਤਲਬ ਹੈ ਤੇ ਅਸੀਂ ਸਿਰਫ ਆਪਣਾ ਕੰਮ ਕਰਦੇ ਹਾਂ।"
ਪਰਮਜੀਤ ਕਹਿੰਦੇ ਹਨ ਕਿ ਉਹ ਆਪਣੇ ਪਤੀ ਨੂੰ ਦੇਖ ਕੇ ਹੁਣ ਬਹੁਤ ਖੁਸ਼ ਹਨ ਕਿ ਉਹ ਹੁਣ ਮਜ਼ਦੂਰੀ ਨਹੀਂ ਕਰਦੇ।
ਔਰਤਾਂ ਲਈ ਖੋਲ੍ਹਿਆ ਰੁਜ਼ਗਾਰ ਦਾ ਰਾਹ

ਜਸਮੇਰ ਦੱਸਦੇ ਹਨ ਕਿ ਉਨ੍ਹਾਂ ਦੀ ਪਤਨੀ ਮਜ਼ਦੂਰਾਂ ਵਿੱਚ ਰਹਿ ਕੇ ਕੰਮ ਦੀ ਦੇਖਰੇਖ ਕਰਦੇ ਹਨ ਅਤੇ ਉਹ ਬਾਹਰ ਮਾਰਕਿਟਿੰਗ ਦਾ ਕੰਮ ਦੇਖਦੇ ਹਨ।
ਜਸਮੇਰ ਦੱਸਦੇ ਹਨ ਕਿ ਉਨ੍ਹਾਂ ਦੀ ਖਾਦ ਹਰਿਆਣਾ ਦੇ ਨਾਲ-ਨਾਲ ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ ਤੇ ਕਸ਼ਮੀਰ ਅਤੇ ਚੰਡੀਗੜ੍ਹ ਸਣੇ ਕਰੀਬ 10 ਸੂਬਿਆਂ ਵਿੱਚ ਸਪਲਾਈ ਹੁੰਦੀ ਹੈ। ਆਪਣੇ ਕਾਰੋਬਾਰ ਵਿੱਚ ਕੀਤੇ ਵਾਧੇ ਨਾਲ ਉਨ੍ਹਾਂ ਨੇ ਔਰਤਾਂ ਲਈ ਰੁਜ਼ਗਾਰ ਦੇ ਵੀ ਰਾਹ ਖੋਲ੍ਹੇ ਹਨ।
ਪਰਮਜੀਤ ਦੱਸਦੇ ਹਨ ਕਿ ਉਨ੍ਹਾਂ ਕੋਲ ਕਰੀਬ 10-15 ਔਰਤਾਂ ਪਿੰਡ ਦੀਆਂ ਹੀ ਕੰਮ ਕਰਦੀਆਂ ਹਨ, ਜਿਨ੍ਹਾਂ ਨੂੰ ਪ੍ਰਤੀ ਦਿਨ 300-350 ਦਿਹਾੜੀ ਦਿੱਤੀ ਜਾਂਦੀ ਹੈ।
ਪਰਮਜੀਤ ਹੋਰਾਂ ਔਰਤਾਂ ਲਈ ਪ੍ਰੇਰਣਾ ਦਾ ਸਰੋਤ ਹਨ, ਉਹ ਕਹਿੰਦੇ ਹਨ ਕਿ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ ਬਸ ਬੰਦਾ ਕੰਮ ਕਰਨ ਵਾਲਾ ਹੋਣਾ ਚਾਹੀਦਾ, ਇਸ ਕਰਕੇ ਔਰਤਾਂ ਕਿਸੇ ਤੋਂ ਪਿੱਛੇ ਨਹੀਂ ਹਨ ਉਹ ਨਾਲ ਵੀ ਕੰਮ ਕਰ ਸਕਦੀਆਂ ਹਨ।
ਸਵੈ-ਸਹਾਇਤਾ ਸਮੂਹ ਦੇ ਜ਼ਿਲ੍ਹਾ ਕਾਰਜਸ਼ੀਲ ਪ੍ਰਬੰਧਕ ਨਰੇਸ਼ ਕੁਮਾਰ ਦਾ ਕਹਿਣਾ ਹੈ ਕਿ ਪਰਮਜੀਤ ਕੌਰ ਨੂੰ ਪਹਿਲਾਂ ਪਸ਼ੂ ਪਾਲਣ ਦੀ ਸਿਖਲਾਈ ਦਿੱਤੀ ਗਈ ਸੀ।
ਉਹ ਕਹਿੰਦੇ ਹਨ, "ਡੇਅਰੀ ਉਤਪਾਦਨ ਦੇ ਕੰਮ ਮਗਰੋਂ ਪਰਮਜੀਤ ਨੂੰ ਗੋਹੇ ਦੀ ਸਮੱਸਿਆ ਤਾਂ ਉਸ ਨੇ ਸੋਚਿਆ ਕਿ ਗੋਹੇ ਤੋਂ ਕਮਾਈ ਕੀਤੀ ਜਾਵੇ, ਫਿਰ ਉਨ੍ਹਾਂ ਨੂੰ ਅਸੀਂ ਵਰਮੀ ਕੰਪੋਸਟ ਖਾਦ ਤਿਆਰ ਕਰਨ ਦੀ ਸਿਖਲਾਈ ਦਿੱਤੀ।"
ਉਹ ਕਹਿੰਦੇ ਹਨ ਕਿ ਇਸ ਸਮੇਂ ਕਈ ਔਰਤਾਂ ਪਰਮਜੀਤ ਨਾਲ ਜੁੜੀਆਂ ਹੋਈਆਂ ਹਨ ਅਤੇ ਸਰਕਾਰ ਵੱਲੋਂ ਹੁਣ ਤੱਕ ਪਰਮਜੀਤ ਕੌਰ ਨੂੰ ਰੁਜ਼ਗਾਰ ਲਈ 3 ਲੱਖ ਰੁਪਏ ਆਰਥਿਕ ਸਹਾਇਤ ਦਿੱਤੀ ਜਾ ਚੁੱਕੀ ਹੈ, ਉੱਥੇ ਹੀ ਉਨ੍ਹਾਂ ਸਬਸਿਡੀ ਦਿੱਤੀ ਗਈ ਬਹੁਤ ਘੱਟ ਵਿਆਜ ਉਪਰ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਅਨੁਸਾਰ ਪੈਸੇ ਪ੍ਰਦਾਨ ਕੀਤੇ ਹਨ।

ਮਜ਼ਦੂਰ ਤੋਂ ਮਾਲਕ ਬਣਨ ਤੱਕ
ਜਸਮੇਰ ਦੱਸਦੇ ਹਨ ਕਿ ਹੁਣ ਉਨ੍ਹਾਂ ਦਾ ਕੰਮ ਹੁਣ ਉਨ੍ਹਾਂ ਦਾ ਕੰਮ ਬਹੁਤ ਵੱਧ ਗਿਆ ਹੈ, ਉਨ੍ਹਾਂ ਦੀ ਸਾਲਾਨਾ ਲਾਗਤ ਲਗਭਗ 1000 ਟਰਾਲੀਆਂ ਗੋਹੇ ਦੀਆਂ ਹੈ।
ਉਹ ਦੱਸਦੇ ਹਨ, "ਇੱਕ ਟਰਾਲੀ ਦੀ ਕੀਮਤ ਲਗਭਗ 3000 ਰੁਪਏ ਹੈ, ਜਦੋਂ ਕਿ ਜੇਕਰ ਅਸੀਂ 1 ਕਿਲੋ ਵਰਮੀਕੰਪੋਸਟ ਖਾਦ ਬਣਾਉਣ ਦੀ ਗੱਲ ਕਰੀਏ ਤਾਂ ਇਸਦੀ ਕੀਮਤ 3 ਰੁਪਏ ਹੈ ਤੇ ਇਸਦੀ ਵਿਕਰੀ 6 ਤੋਂ 10 ਰੁਪਏ ਪ੍ਰਤੀ ਕਿਲੋ ਦੇ ਵਿਚਕਾਰ ਹੈ। ਜੇਕਰ ਇਹ ਥੋਕ ਵਿੱਚ ਜਾਂਦੀ ਹੈ ਤਾਂ ਇਹ 6 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਜਾਂਦੀ ਹੈ, ਜਦੋਂ ਕਿ ਜੇਕਰ ਕੋਈ ਥੋੜ੍ਹਾ ਜਿਹਾ ਚਾਹੁੰਦਾ ਹੈ ਤਾਂ ਇਹ 10 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਜਾਂਦੀ ਹੈ। ਇਹ ਇੱਕ ਕਿਲੋ ਤੋਂ ਲੈ ਕੇ 50 ਕਿਲੋ ਤੱਕ ਦੇ ਪੈਕਿੰਗਾਂ ਵਿੱਚ ਵੇਚੀ ਜਾਂਦੀ ਹੈ।"
ਜਸਮੇਰ ਆਪਣੇ ਔਖੇ ਸਮੇਂ ਨੂੰ ਯਾਦ ਕਰਕੇ ਕਹਿੰਦੇ ਹਨ, "ਕੋਈ ਸਮਾਂ ਸੀ ਮੈਂ ਤਿਉਹਾਰ ਵਾਲੇ ਦਿਨ ਅਫਸਰ ਵੱਲ ਦੇਖਦਾ ਸੀ ਕਿ ਕੋਈ ਮਠਿਆਈ ਦਾ ਡੱਬਾ ਦੇਵੇਗਾ ਪਰ ਹੁਣ ਮੈਂ ਆਪਣੇ ਸਾਰੇ ਮਜ਼ਦੂਰਾਂ ਨੂੰ ਹਰ ਤਿਉਹਾਰ ਉਪਰ ਆਪਣੇ ਹੱਥਾਂ ਨਾਲ ਮਠਿਆਈ ਦਿੰਦਾ ਹਾਂ।"
ਉਹ ਕਹਿੰਦੇ ਹਨ ਜਦੋਂ ਉਨ੍ਹਾਂ ਨੇ ਕੰਮ ਸ਼ੁਰੂ ਕੀਤਾ ਤੇ ਹੋਰ ਲੋਕਾਂ ਨੂੰ ਕੰਮ ਮਿਲਣਾ ਸ਼ੁਰੂ ਹੋਇਆ ਤਾਂ ਉਹ ਪਲ ਬਹੁਤ ਖੁਸ਼ੀ ਦੇਣ ਵਾਲਾ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













