ਮਿਲਖਾ ਪਰਿਵਾਰ ਦੀ ਤੀਜੀ ਪੀੜ੍ਹੀ ਓਲੰਪਿਕ ਮੈਡਲ ਦੇ ਅਧੁਰੇ ਸੁਪਨੇ ਨੂੰ ਪੂਰਾ ਕਰਨ ਲਈ ਕਿਹੜੀਆਂ ਕੋਸ਼ਿਸ਼ਾਂ ਕਰ ਰਹੀ

ਜੀਵ ਮਿਲਖਾ ਸਿੰਘ ਅਤੇ ਹਰਜੈ ਮਿਲਖਾ ਸਿੰਘ

ਤਸਵੀਰ ਸਰੋਤ, Saurabh Duggal

    • ਲੇਖਕ, ਸੌਰਭ ਦੁੱਗਲ
    • ਰੋਲ, ਖੇਡ ਪੱਤਰਕਾਰ

1960 ਦੀਆਂ ਰੋਮ ਓਲੰਪਿਕ ਦਾ ਅਧੂਰਾ ਅਧਿਆਏ ਮਿਲਖਾ ਸਿੰਘ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਵਿੱਚੋਂ ਲੰਘਿਆ ਹੈ—ਦੌੜ ਦੇ ਟਰੈਕ ਤੋਂ ਲੈ ਕੇ ਗੋਲਫ ਕੋਰਸ ਤੱਕ, ਦਿਲ ਟੁੱਟਣ ਤੋਂ ਲੈ ਕੇ ਉਮੀਦ ਤੱਕ। ਇਹ ਉਮੀਦ ਹੁਣ ਪਰਿਵਾਰ ਦੇ ਸਭ ਤੋਂ ਛੋਟੇ ਮੈਂਬਰ, 15 ਸਾਲਾ ਹਰਜੈ ਮਿਲਖਾ ਸਿੰਘ ਅੱਗੇ ਲਿਜਾ ਰਹੇ ਹਨ।

ਹਰਜੈ ਨੇ 2025 ਦਾ ਅੰਤ ਜੂਨੀਅਰ ਅੰਡਰ-18 ਵਰਗ ਵਿੱਚ ਭਾਰਤ ਦੇ ਨੰਬਰ ਇੱਕ ਖਿਡਾਰੀ ਵਜੋਂ ਕੀਤਾ ਹੈ।

'ਫਲਾਇੰਗ ਸਿੱਖ' ਮਿਲਖਾ ਸਿੰਘ ਰੋਮ ਵਿੱਚ 400 ਮੀਟਰ ਦੇ ਫਾਈਨਲ ਵਿੱਚ ਬਹੁਤ ਹੀ ਮਾਮੂਲੀ ਫਰਕ ਨਾਲ ਓਲੰਪਿਕ ਤਗਮੇ ਤੋਂ ਖੁੰਝ ਗਏ ਸਨ। ਉਹ ਦਰਦ ਉਨ੍ਹਾਂ ਨੇ ਕਦੇ ਨਹੀਂ ਭੁਲਾਇਆ।

ਉਨ੍ਹਾਂ ਦੇ ਬੇਟੇ ਜੀਵ ਮਿਲਖਾ ਸਿੰਘ ਨੇ ਯਾਦ ਕਰਦਿਆਂ ਦੱਸਿਆ, "ਜਦੋਂ ਮੈਂ ਵੱਡਾ ਹੋ ਰਿਹਾ ਸੀ, ਤਾਂ ਮੇਰੇ ਪਿਤਾ ਨਾਲ 1960 ਦੀਆਂ ਰੋਮ ਓਲੰਪਿਕ ਵਿੱਚ ਬਹੁਤ ਮਾਮੂਲੀ ਫਰਕ ਨਾਲ ਤਗਮਾ ਗੁਆਉਣ ਬਾਰੇ ਹਮੇਸ਼ਾ ਗੱਲ ਹੁੰਦੀ ਸੀ। ਭਾਵੇਂ ਉਨ੍ਹਾਂ ਨੇ ਭਾਰਤੀ ਖੇਡ ਇਤਿਹਾਸ ਦੇ ਪੰਨਿਆਂ ਵਿੱਚ ਆਪਣਾ ਨਾਮ ਦਰਜ ਕਰਵਾਇਆ, ਪਰ ਓਲੰਪਿਕ ਤਗਮੇ ਦੇ ਹੱਥੋਂ ਨਿਕਲ ਜਾਣ ਦਾ ਦਰਦ ਹਮੇਸ਼ਾ ਉਨ੍ਹਾਂ ਦੇ ਨਾਲ ਰਿਹਾ।"

ਓਲੰਪਿਕ ਦੀਆਂ ਉਹ ਕਹਾਣੀਆਂ ਜੀਵ ਲਈ ਬਹੁਤ ਨਿੱਜੀ ਬਣ ਗਈਆਂ, ਜਿਨ੍ਹਾਂ ਨੇ ਖੇਡ, ਕੁਰਬਾਨੀ ਅਤੇ ਕਿਸਮਤ ਬਾਰੇ ਉਨ੍ਹਾਂ ਦੀ ਸਮਝ ਦੀ ਘਾੜਤ ਨੂੰ ਘੜਿਆ।

ਉਹ ਭਾਰਤ ਦੇ ਸਭ ਤੋਂ ਸਫਲ ਪੇਸ਼ੇਵਰ ਗੋਲਫਰ ਬਣੇ, ਜਿਨ੍ਹਾਂ ਨੇ 2008-09 ਦੇ ਆਪਣੇ ਸਿਖਰਲੇ ਸਾਲਾਂ ਦੌਰਾਨ ਏਸ਼ੀਅਨ ਟੂਰ 'ਤੇ ਦਬਦਬਾ ਬਣਾਇਆ ਅਤੇ 2009 ਵਿੱਚ 28ਵੇਂ ਸਥਾਨ ਉੱਤੇ ਰਹਿੰਦਿਆਂ ਆਪਣੇ ਗੌਲਫ਼ ਜੀਵਨ ਦੀ ਸਰਵੋਤਮ ਵਿਸ਼ਵ ਰੈਂਕਿੰਗ ਹਾਸਲ ਕੀਤੀ।

54 ਸਾਲਾ ਜੀਵ ਯੂਰਪੀਅਨ, ਏਸ਼ੀਅਨ ਅਤੇ ਜਾਪਾਨ ਟੂਰ ਦਾ ਜੇਤੂ ਰਹੇ ਹਨ, ਅਤੇ ਇੱਕ ਸਮੇਂ ਉਹ ਸਭ ਤੋਂ ਉੱਚੀ ਰੈਂਕਿੰਗ ਵਾਲੇ ਭਾਰਤੀ ਗੋਲਫਰ ਸੀ।

ਲੇਕਿਨ ਬਦਕਿਸਮਤੀ ਨਾਲ ਜੀਵ ਦੇ ਸੁਨਹਿਰੇ ਸਾਲਾਂ ਦੌਰਾਨ ਗੋਲਫ਼ ਓਲੰਪਿਕ ਖੇਡਾਂ ਦਾ ਹਿੱਸਾ ਨਹੀਂ ਸੀ। ਜੀਵ ਨੇ ਕਿਹਾ, "ਜੇਕਰ 2008 ਵਿੱਚ ਗੋਲਫ ਓਲੰਪਿਕ ਦਾ ਹਿੱਸਾ ਹੁੰਦਾ, ਜਦੋਂ ਮੈਂ ਦੁਨੀਆ ਦੇ ਚੋਟੀ ਦੇ ਖਿਡਾਰੀਆਂ ਵਿੱਚ ਸ਼ਾਮਲ ਸੀ, ਤਾਂ ਮੈਂ ਯਕੀਨੀ ਤੌਰ 'ਤੇ ਤਗਮੇ ਦੀ ਦੌੜ ਵਿੱਚ ਹੁੰਦਾ। ਬਦਕਿਸਮਤੀ ਨਾਲ, ਉਸ ਸਮੇਂ ਓਲੰਪਿਕ ਵਿੱਚ ਗੋਲਫ ਸ਼ਾਮਲ ਨਹੀਂ ਸੀ।"

ਜਦੋਂ 2016 ਵਿੱਚ ਰੀਓ ਓਲੰਪਿਕ ਵਿੱਚ ਗੋਲਫ ਨੂੰ ਓਲੰਪਿਕ ਵਿੱਚ ਸ਼ਾਮਲ ਕੀਤਾ ਗਿਆ ਸੀ, ਤਦ ਤੱਕ ਜੀਵ ਆਪਣੇ ਸਿਖਰਲੇ ਦੌਰ ਤੋਂ ਅੱਗੇ ਨਿਕਲ ਚੁੱਕ ਸੀ। ਉਹ ਉਸ ਓਲੰਪਿਕ ਮੌਕੇ ਨੂੰ, ਜਿਸਦੀ ਉਨ੍ਹਾਂ ਨੇ ਲੰਬੇ ਸਮੇਂ ਤੋਂ ਕਲਪਨਾ ਕੀਤੀ ਸੀ, ਹੱਥੋਂ ਨਿਕਲਦਾ ਦੇਖ ਰਹੇ ਸੀ।

2026 ਦੀ ਸ਼ੁਰੂਆਤ ਵਿੱਚ, ਉਸ ਅਧੂਰੇ ਓਲੰਪਿਕ ਸੁਪਨੇ ਨੂੰ ਇੱਕ ਨਵੀਂ ਉਮੀਦ ਜੀਵ ਦੇ ਮੁੱਛ-ਫੁੱਟ ਪੁੱਤਰ, ਹਰਜੈ ਮਿਲਖਾ ਸਿੰਘ ਦੇ ਰੂਪ ਵਿੱਚ ਮਿਲੀ ਹੈ। ਪਿਛਲੇ ਸਾਲ, ਹਰਜੈ ਨੇ ਭਾਰਤ ਦੇ ਸਭ ਤੋਂ ਹੋਣਹਾਰ ਨੌਜਵਾਨ ਗੋਲਫਰਾਂ ਵਿੱਚੋਂ ਇੱਕ ਵਜੋਂ ਰਾਸ਼ਟਰੀ ਪੱਧਰ 'ਤੇ ਆਪਣੀ ਪਛਾਣ ਬਣਾਈ।

ਜੀਵ ਲਈ, ਇਹ ਸਿਰਫ਼ ਇੱਕ ਮਾਣਮੱਤੇ ਪਿਤਾ ਵਜੋਂ ਆਪਣੇ ਪੁੱਤਰ ਨੂੰ ਸਫਲ ਹੁੰਦੇ ਦੇਖਣਾ ਹੀ ਨਹੀਂ ਹੈ; ਇਹ ਉਸ ਸਫ਼ਰ ਦਾ ਅਗਲਾ ਪੜਾਅ ਹੈ ਜੋ ਪੀੜ੍ਹੀਆਂ ਪਹਿਲਾਂ ਸ਼ੁਰੂ ਹੋਇਆ ਸੀ।

ਜੀਵ ਨੇ ਕਿਹਾ, "ਮੈਨੂੰ ਇੱਕ ਪਿਤਾ ਵਜੋਂ ਬਹੁਤ ਮਾਣ ਹੋਵੇਗਾ ਜੇਕਰ ਮੇਰਾ ਪੁੱਤਰ ਮੇਰੇ ਪਿਤਾ ਦੇ ਓਲੰਪਿਕ ਪੋਡੀਅਮ ਦੇ ਸੁਪਨੇ ਨੂੰ ਪੂਰਾ ਕਰ ਸਕਿਆ।"

ਕੋਲੰਬੋ: ਜਿੱਥੇ ਇਤਿਹਾਸ ਦਾ ਚੱਕਰ ਪੂਰਾ ਹੋਇਆ

ਜੀਵ ਮਿਲਖਾ ਸਿੰਘ ਦੇ ਸਨਮਾਨਾਂ ਨਾਲ ਸਜੀ ਕੰਧ

ਤਸਵੀਰ ਸਰੋਤ, Saurabh Duggal

ਤਸਵੀਰ ਕੈਪਸ਼ਨ, ਜੀਵ ਮਿਲਖਾ ਸਿੰਘ ਦੇ ਸਨਮਾਨਾਂ ਨਾਲ ਸਜੀ ਕੰਧ

ਪਿਛਲੇ ਮਹੀਨੇ, ਜੀਵ ਨੇ ਸ਼੍ਰੀਲੰਕਾ ਦੇ ਰਾਇਲ ਕੋਲੰਬੋ ਗੋਲਫ ਕੋਰਸ ਵਿਖੇ ਇੰਡੀਅਨ ਗੋਲਫ ਪ੍ਰੀਮੀਅਰ ਲੀਗ (ਆਈਜੀਪੀਐੱਲ) ਇਨਵੀਟੇਸ਼ਨਲ ਜਿੱਤ ਕੇ 13 ਸਾਲਾਂ ਦਾ ਖਿਤਾਬੀ ਸੋਕਾ ਚੁੱਕਿਆ। ਇਸ ਜਿੱਤ ਦੀ ਡੂੰਘੀ ਭਾਵੁਕ ਅਹਿਮੀਅਤ ਸੀ।

ਜੀਵ ਨੇ ਕਿਹਾ, "ਇਹ ਉਹ ਕੋਲੰਬੋ ਹੈ ਜਿੱਥੇ ਮੇਰੇ ਪਿਤਾ ਅਤੇ ਮਾਤਾ ਮਿਲੇ ਸਨ ਅਤੇ ਉਨ੍ਹਾਂ ਦਾ ਪਿਆਰ ਪਰਵਾਨ ਚੜ੍ਹਿਆ ਸੀ। ਇਸ ਲਈ, ਇਸ ਜਿੱਤ ਦੇ ਸਥਾਨ ਨੇ ਇਸ ਨੂੰ ਹੋਰ ਵੀ ਖਾਸ ਅਤੇ ਭਾਵੁਕ ਬਣਾ ਦਿੱਤਾ। ਜਦੋਂ 2021 ਵਿੱਚ ਕੋਵਿਡ ਦੌਰਾਨ ਮੇਰੇ ਮਾਤਾ-ਪਿਤਾ ਦੋਵਾਂ ਦੀ ਮੌਤ ਹੋ ਗਈ ਸੀ, ਉਸ ਤੋਂ ਬਾਅਦ ਮੇਰੇ ਲਈ ਖੇਡ 'ਤੇ ਧਿਆਨ ਕੇਂਦਰਿਤ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਸੀ ਅਤੇ ਮੈਂ ਭਾਵੁਕ ਤੌਰ 'ਤੇ ਟੁੱਟ ਗਿਆ ਸੀ।

ਮਾਪਿਆਂ ਦੀ ਮੌਤ ਤੋਂ ਬਾਅਦ ਮਿਲੀ ਇਹ ਪਹਿਲੀ ਜਿੱਤ ਉਨ੍ਹਾਂ ਲਈ ਖਾਸ ਹੈ। ਉਹ ਦੱਸਦੇ ਹਨ, "ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਇਹ ਮੇਰੀ ਪਹਿਲੀ ਜਿੱਤ ਹੈ। ਇਸ ਲਈ, ਇਹ ਜਿੱਤ ਮੇਰੇ ਲਈ ਖਾਸ ਹੈ। ਮੈਂ ਟਰਾਫੀ ਨੂੰ ਸਾਡੀ ਚੰਡੀਗੜ੍ਹ ਵਾਲੀ ਰਿਹਾਇਸ਼ 'ਤੇ ਉਨ੍ਹਾਂ ਦੀਆਂ ਤਸਵੀਰਾਂ ਦੇ ਸਾਹਮਣੇ ਰੱਖਿਆ ਹੈ।"

ਇਸ ਪਲ ਨੂੰ ਹੋਰ ਵੀ ਯਾਦਗਾਰ ਬਣਾਉਣ ਵਾਲੀ ਗੱਲ ਇਹ ਸੀ ਕਿ ਹਰਜੈ ਨੇ ਇਸ ਟੂਰਨਾਮੈਂਟ ਵਿੱਚ ਆਪਣੇ ਪਿਤਾ ਦੇ ਨਾਲ ਹਿੱਸਾ ਲਿਆ ਅਤੇ 18ਵੇਂ ਸਥਾਨ 'ਤੇ ਰਹੇ।

ਜੀਵ ਨੇ ਕਿਹਾ, "ਹਰਜੈ ਦੇ ਨਾਲ ਖੇਡਣਾ ਮੇਰੇ ਲਈ ਵੀ ਖਾਸ ਸੀ ਅਤੇ ਮੇਰੀ ਜਿੱਤ ਨੇ ਉਸਨੂੰ ਇਹ ਅਹਿਸਾਸ ਕਰਵਾਇਆ ਕਿ ਉਸਨੇ ਅਜੇ ਬਹੁਤ ਲੰਬਾ ਸਫ਼ਰ ਤੈਅ ਕਰਨਾ ਹੈ। ਮੈਂ ਚਾਹੁੰਦਾ ਹਾਂ ਕਿ ਉਹ ਆਉਣ ਵਾਲੇ ਸਾਲਾਂ ਵਿੱਚ ਮੇਰੇ ਤੋਂ ਵੀ ਅੱਗੇ ਨਿਕਲ ਜਾਵੇ।"

ਜੀਵ ਮਿਲਖਾ ਸਿੰਘ ਦੀ ਪੁੱਤਰ ਦੀ ਕੋਚਿੰਗ ਬਾਰੇ ਟਿੱਪਣੀ

ਚੈਂਪੀਅਨ ਬਣਨ ਦਾ ਸੁਫ਼ਨਾ ਤੇ ਮਿਲਖਾ ਪਰਿਵਾਰ ਦੀ ਤੀਜੀ ਪੀੜ੍ਹੀ

ਹਰਜੈ ਨੇ ਦੱਸਿਆ, "ਮੇਰੀ ਗੋਲਫ਼ ਨਾਲ ਜਾਣ-ਪਛਾਣ ਮੇਰੀ ਦਾਦੀ ਨੇ ਕਰਵਾਈ ਸੀ, ਜੋ ਮੈਨੂੰ ਪੰਜ ਸਾਲ ਦੀ ਉਮਰ ਵਿੱਚ ਚੰਡੀਗੜ੍ਹ ਗੋਲਫ ਕੋਰਸ ਲੈ ਕੇ ਗਏ ਸੀ। ਕਿਸੇ ਵੀ ਹੋਰ ਬੱਚੇ ਵਾਂਗ, ਮੇਰਾ ਰੁਝਾਨ ਕਈ ਵੱਖ-ਵੱਖ ਖੇਡਾਂ ਵੱਲ ਸੀ। ਲੇਕਿਨ ਆਪਣੇ ਪਿਤਾ ਨੂੰ ਲਗਾਤਾਰ ਗੋਲਫ਼ ਖੇਡਦੇ ਦੇਖ ਕੇ, ਅਖੀਰ ਮੈਨੂੰ ਗੋਲਫ ਹੀ ਮੇਰਾ ਅਸਲੀ ਸ਼ੌਕ ਲੱਗਿਆ।"

ਆਪਣੇ ਪਰਿਵਾਰ ਦੀ ਖੇਡ ਵਿਰਾਸਤ ਦਾ ਭਾਰ ਹਰਜੈ ਨੂੰ ਹੌਲੀ-ਹੌਲੀ ਸਮਝ ਆਉਣਾ ਸ਼ੁਰੂ ਹੋਇਆ।

ਹਰਜੈ ਕਹਿੰਦੇ ਹਨ, "ਜਦੋਂ ਮੈਂ ਛੋਟਾ ਸੀ, ਤਾਂ ਮੈਂ ਆਪਣੇ ਪਰਿਵਾਰ ਦੀ ਖੇਡ ਵਿਰਾਸਤ ਦੀ ਗੰਭੀਰਤਾ ਨੂੰ ਪੂਰੀ ਤਰ੍ਹਾਂ ਨਹੀਂ ਸਮਝਦਾ ਸੀ। ਲਗਭਗ ਤਿੰਨ ਸਾਲ ਪਹਿਲਾਂ ਮੈਨੂੰ ਆਪਣੇ ਦਾਦਾ ਮਿਲਖਾ ਸਿੰਘ ਅਤੇ ਆਪਣੇ ਪਿਤਾ ਜੀਵ ਮਿਲਖਾ ਸਿੰਘ ਦੀਆਂ ਖੇਡ ਪ੍ਰਾਪਤੀਆਂ ਦੀ ਮਹੱਤਤਾ ਦਾ ਅਹਿਸਾਸ ਹੋਣ ਲੱਗਾ। ਮੈਂ ਇਸ ਪਰਿਵਾਰਕ ਖੇਡ ਵਿਰਾਸਤ ਵਿੱਚ ਹੋਰ ਯੋਗਦਾਨ ਪਾਉਣਾ ਚਾਹੁੰਦਾ ਹਾਂ। ਓਲੰਪਿਕ ਯਕੀਨੀ ਤੌਰ 'ਤੇ ਮੇਰੇ ਦਿਮਾਗ ਵਿੱਚ ਹੈ—ਮੈਂ ਉੱਥੇ ਖੇਡਣਾ ਚਾਹੁੰਦਾ ਹਾਂ ਅਤੇ ਵਧੀਆ ਖੇਡ ਦਿਖਾਉਣੀ ਚਾਹੁੰਦਾ ਹਾਂ।"

ਹਰਜੈ ਸਿੰਘ ਆਪਣੀ ਟਰਾਫ਼ੀ ਦੇ ਨਾਲ
ਤਸਵੀਰ ਕੈਪਸ਼ਨ, ਹਰਜੈ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਗੌਲਫ਼ ਨਾਲ ਜਾਣ-ਪਛਾਣ ਉਨ੍ਹਾਂ ਦੀ ਦਾਦੀ ਨੇ ਕਰਵਾਈ

ਹਰਜੈ ਦ੍ਰੋਣਾਚਾਰੀਆ ਐਵਾਰਡੀ ਜੈਸੀ ਗਰੇਵਾਲ ਦੀ ਦੇਖ-ਰੇਖ ਹੇਠ ਸਿਖਲਾਈ ਲੈਂਦੇ ਹਨ। ਉਨ੍ਹਾਂ ਦੇ ਪ੍ਰੇਰਣਾ ਸਰੋਤ ਵਿਸ਼ਵ ਦੇ ਅਵੱਲ ਦਰਜੇ ਦੇ ਖਿਡਾਰੀ ਸਕੌਟੀ ਸ਼ੈਫਲਰ ਹਨ।

ਜੀਵ ਨੇ ਆਪਣੇ ਪੁੱਤਰ ਦੇ ਵਿਕਾਸ ਲਈ ਬੜਾ ਸੋਚਿਆ-ਸਮਝਿਆ ਤਰੀਕਾ ਅਪਣਾਇਆ ਹੈ।

ਜੀਵ ਨੇ ਸਮਝਾਇਆ, "ਹਰਜੈ ਵਧੀਆ ਕਰ ਰਿਹਾ ਹੈ ਅਤੇ ਬਹੁਤ ਮਿਹਨਤੀ ਹੈ। ਉਸਦੀ ਤਰੱਕੀ ਉਸੇ ਯੋਜਨਾ ਦੇ ਅਨੁਸਾਰ ਹੋ ਰਹੀ ਹੈ ਜੋ ਮੈਂ ਉਸਦੇ ਲਈ ਸੋਚੀ ਸੀ। ਉਸਦੇ ਆਪਣੇ ਕੋਚ ਹਨ ਜੋ ਉਸਨੂੰ ਸਿਖਲਾਈ ਦੇ ਰਹੇ ਹਨ, ਅਤੇ ਮੈਂ ਉਸਦੀ ਕੋਚਿੰਗ ਪ੍ਰਕਿਰਿਆ ਵਿੱਚ ਦਖਲ ਨਹੀਂ ਦੇ ਰਿਹਾ ਹਾਂ। ਹਾਲਾਂਕਿ, ਜਿਵੇਂ-ਜਿਵੇਂ ਉਹ ਵੱਡਾ ਹੋਵੇਗਾ, ਉਹ ਹੌਲੀ-ਹੌਲੀ ਮਾਨਸਿਕ ਮਜ਼ਬੂਤੀ ਅਤੇ ਦਿਮਾਗੀ ਖੇਡ ਲਈ ਮੇਰੀ ਅਗਵਾਈ ਹੇਠ ਆਵੇਗਾ।"

"ਪੇਸ਼ੇਵਰ ਜੀਵਨ ਦੇ ਉਤਰਾਅ-ਚੜ੍ਹਾਅ ਦੇਖ ਚੁੱਕੇ ਇੱਕ ਪੇਸ਼ੇਵਰ ਗੌਲਫਰ ਵਜੋਂ, ਮੇਰਾ ਮੰਨਣਾ ਹੈ ਕਿ ਮੈਂ ਗੌਲਫ਼ ਦੇ ਮੈਦਾਨ ਵਿੱਚ, ਟੂਰਨਾਮੈਂਟਾਂ ਦੌਰਾਨ ਅਤੇ ਵੱਡੇ ਮੁਕਾਬਲਿਆਂ ਦੀ ਤਿਆਰੀ ਦੌਰਾਨ ਦਬਾਅ ਨੂੰ ਸੰਭਾਲਣ ਵਿੱਚ ਉਸਦੀ ਬਿਹਤਰ ਅਗਵਾਈ ਕਰ ਸਕਦਾ ਹਾਂ।"

ਭਵਿੱਖ ਦੀ ਰੂਪ ਰੇਖਾ ਸਪੱਸ਼ਟ ਹੈ। ਜੀਵ ਨੇ ਅੱਗੇ ਕਿਹਾ, "ਹੁਣ ਹਰਜੈ ਲਈ ਕੌਮਾਂਤਰੀ ਪੱਧਰ 'ਤੇ ਮੁਕਾਬਲਾ ਕਰਨ ਅਤੇ ਜੂਨੀਅਰ ਸ਼੍ਰੇਣੀ ਵਿੱਚ ਸਰਵੋਤਮ ਖਿਡਾਰੀਆਂ ਦੇ ਵਿਰੁੱਧ ਆਪਣੇ ਆਪ ਨੂੰ ਪਰਖਣ ਦਾ ਸਹੀ ਸਮਾਂ ਹੈ। ਮੈਂ ਚਾਹੁੰਦਾ ਹਾਂ ਕਿ ਉਹ ਇਸ ਸਾਲ ਪੀਜੀਏ ਜੂਨੀਅਰ ਈਵੈਂਟਸ ਅਤੇ ਜੂਨੀਅਰ ਬ੍ਰਿਟਿਸ਼ ਓਪਨ ਵਿੱਚ ਖੇਡੇ।"

'ਭਾਗ ਮਿਲਖਾ ਭਾਗ' ਤੋਂ ਪ੍ਰੇਰਨਾ

ਮਿਲਖਾ ਸਿੰਘ 'ਤੇ ਬਣੀ ਫਿਲਮ, 'ਭਾਗ ਮਿਲਖਾ ਭਾਗ' ਨੇ ਨੌਜਵਾਨ ਪੀੜ੍ਹੀ ਨੂੰ ਇਸ ਮਹਾਨ ਅਥਲੀਟ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ। ਬਹੁਤ ਘੱਟ ਖਿਡਾਰੀਆਂ ਨੂੰ ਅਜਿਹੀ ਮਾਨਤਾ ਮਿਲੀ ਹੈ, ਜੋ ਆਜ਼ਾਦੀ ਤੋਂ ਪਹਿਲਾਂ ਦੇ ਦੌਰ ਤੋਂ ਲੈ ਕੇ ਅੱਜ ਤੱਕ ਦੀਆਂ ਪੀੜ੍ਹੀਆਂ ਤੱਕ ਫੈਲੀ ਹੋਈ ਹੈ।

ਹਰਜੈ ਦੀ ਮਾਂ ਕੁਦਰਤ ਨੇ ਕਿਹਾ, "ਅੱਜ ਵੀ ਹਰਜੈ 'ਭਾਗ ਮਿਲਖਾ ਭਾਗ' ਦੇਖਦਾ ਹੈ। ਸੰਘਰਸ਼, ਮੁਸ਼ਕਲਾਂ 'ਤੇ ਕਾਬੂ ਪਾਉਣ ਅਤੇ ਮਹਾਨਤਾ ਹਾਸਲ ਕਰਨ ਦੀ ਕਹਾਣੀ—ਜਿਸ ਨੇ ਮਿਲਖਾ ਸਿੰਘ ਨੂੰ ਭਾਰਤੀ ਖੇਡਾਂ ਦੀਆਂ ਮਹਾਨ ਹਸਤੀਆਂ ਵਿੱਚੋਂ ਇੱਕ ਬਣਾਇਆ—ਹਰਜੈ ਸਮੇਤ ਨੌਜਵਾਨ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹਿੰਦੀ ਹੈ। ਕਈ ਵਾਰ ਮੈਂ ਉਸਨੂੰ ਫਿਲਮ ਦੇ ਕੁਝ ਹਿੱਸੇ ਦੇਖਦੇ ਹੋਏ ਦੇਖਿਆ ਹੈ, ਅਤੇ ਇਹ ਉਸਨੂੰ ਆਪਣੀ ਖੇਡ ਯਾਤਰਾ ਵਿੱਚ ਵਧੀਆ ਕਰਨ ਲਈ ਪ੍ਰੇਰਿਤ ਕਰਦੀ ਹੈ।"

ਹਰਜੈ ਨੇ ਇਸ ਸਾਲ ਆਪਣੀ 10ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਦੇਣੀ ਹੈ। ਇੱਕ ਨੌਜਵਾਨ ਖਿਡਾਰੀ ਦੇ ਰਾਹ ਵਿੱਚ ਕੁਰਬਾਨੀਆਂ ਦੀ ਲੋੜ ਹੁੰਦੀ ਹੈ, ਅਤੇ ਸਿੱਖਿਆ ਇੱਕ ਅਜਿਹਾ ਖੇਤਰ ਰਿਹਾ ਹੈ ਜਿਸ ਵਿੱਚ ਤਾਲਮੇਲ ਬਿਠਾਉਣ ਦੀ ਲੋੜ ਹੁੰਦੀ ਹੈ।

ਕੁਦਰਤ ਨੇ ਕਿਹਾ, "ਗੋਲਫ ਪ੍ਰਤੀ ਆਪਣੀ ਵਚਨਬੱਧਤਾ ਕਾਰਨ, ਉਹ ਨਿਯਮਤ ਤੌਰ 'ਤੇ ਸਕੂਲ ਨਹੀਂ ਜਾ ਸਕਿਆ। ਅਸੀਂ ਸਕੂਲ ਦੇ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਉਸ ਨੂੰ ਸਹਿਯੋਗ ਦਿੱਤਾ ਅਤੇ ਖੇਡ ਪ੍ਰਤੀ ਉਸ ਦੇ ਜਜ਼ਬੇ ਦੀ ਹਮਾਇਤ ਕੀਤੀ।"

ਇੱਕ ਪੜ੍ਹੇ-ਲਿਖੇ ਪਰਿਵਾਰ ਤੋਂ ਹੋਣ ਦੇ ਨਾਤੇ, ਕੁਦਰਤ, ਉੱਠਣ ਵਾਲੇ ਸਵਾਲਾਂ ਨੂੰ ਸਮਝਦੇ ਹਨ।

ਉਹ ਕਹਿੰਦੇ ਹਨ, "ਮੇਰੇ ਪੇਕੇ ਪਰਿਵਾਰ ਦੇ ਲੋਕ ਅਕਸਰ ਪੁੱਛਦੇ ਹਨ ਕਿ ਖੇਡ ਤਾਂ ਠੀਕ ਹੈ, ਪਰ ਉਸਦੀ ਬੋਰਡ ਦੀ ਤਿਆਰੀ ਕਿਵੇਂ ਚੱਲ ਰਹੀ ਹੈ। ਹਰਜੈ ਦਾ ਧਿਆਨ ਸਪੱਸ਼ਟ ਤੌਰ 'ਤੇ ਗੋਲਫ 'ਤੇ ਹੈ, ਅਤੇ ਮੈਂ ਉਸ 'ਤੇ ਪੜ੍ਹਾਈ ਦਾ ਕੋਈ ਦਬਾਅ ਨਹੀਂ ਪਾ ਰਹੀ।"

ਕੁਦਰਤ ਦੇ ਪਿਤਾ ਹਰਿਆਣਾ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਵਜੋਂ ਸੇਵਾ ਨਿਭਾ ਚੁੱਕੇ ਹਨ, ਅਤੇ ਉਹ ਆਈਏਐਸ ਅਤੇ ਆਈਪੀਐਸ ਅਫਸਰਾਂ ਦੇ ਪਰਿਵਾਰ ਨਾਲ ਸਬੰਧ ਰੱਖਦੇ ਹਨ।

ਰੋਮ ਓਲੰਪਿਕ ਵਿੱਚ ਮਿਲਖਾ ਸਿੰਘ ਦੇ ਦਿਲ ਟੁੱਟਣ ਦੇ ਪੈਂਹਠ ਸਾਲਾਂ ਬਾਅਦ, ਉਨ੍ਹਾਂ ਦਾ ਪੋਤਾ ਉਹ ਕੋਸ਼ਿਸ਼ ਕਰਨ ਲਈ ਤਿਆਰ ਹੈ ਜਿਸ ਤੋਂ ਪਰਿਵਾਰ ਦਾ ਪਹਿਲਾ 'ਮਿਲਖਾ' ਖੁੰਝ ਗਿਆ ਸੀ—ਇੱਕ ਓਲੰਪਿਕ ਤਗਮਾ। ਖੇਡ ਭਾਵੇਂ ਐਥਲੈਟਿਕਸ ਤੋਂ ਬਦਲ ਕੇ ਗੋਲਫ ਹੋ ਗਈ ਹੈ, ਪਰ ਸੁਪਨਾ ਉਹੀ ਹੈ।

ਚੰਡੀਗੜ੍ਹ ਵਿੱਚ ਮਿਲਖਾ ਸਿੰਘ ਦੀ ਰਿਹਾਇਸ਼ ਵਿੱਚ ਕਦਮ ਰੱਖੋ ਅਤੇ ਕੰਧਾਂ ਬੋਲਣ ਲੱਗਦੀਆਂ ਹਨ। ਪਹਿਲੀ ਕੰਧ 'ਫਲਾਇੰਗ ਸਿੱਖ' ਦੀਆਂ ਤੇਜ਼ ਦੌੜਦੀਆਂ ਤਸਵੀਰਾਂ ਨਾਲ ਤੁਹਾਡਾ ਸਵਾਗਤ ਕਰਦੀ ਹੈ, ਨਾਲ ਹੀ ਉਹ ਬੈਜ ਹਨ ਜੋ ਉਨ੍ਹਾਂ ਕਈ ਟਰੈਕਾਂ ਦੀ ਯਾਦ ਦਿਵਾਉਂਦੇ ਹਨ ਜਿਨ੍ਹਾਂ 'ਤੇ ਉਹ ਕਦੇ ਭਾਰਤ ਲਈ ਦੌੜੇ ਸਨ।

ਨੇੜੇ ਹੀ, ਇੱਕ ਹੋਰ ਕੰਧ ਇੱਕ ਵੱਖਰੀ ਕਹਾਣੀ ਦੱਸਦੀ ਹੈ—ਜੀਵ ਮਿਲਖਾ ਸਿੰਘ ਦੀ ਗੋਲਫ ਵਿੱਚ ਸ਼ਾਨਦਾਰ ਯਾਤਰਾ ਦੀ, ਜਿੱਤੇ ਹੋਏ ਮੈਦਾਨਾਂ ਅਤੇ ਹਾਸਲ ਕੀਤੇ ਝੰਡਿਆਂ ਦੀ। ਤੀਜੀ ਕੰਧ ਖਾਮੋਸ਼ੀ ਵਿੱਚ ਇੰਤਜ਼ਾਰ ਕਰ ਰਹੀ ਹੈ, ਜੋ ਅਜੇ ਸਾਹਮਣੇ ਆਉਣ ਵਾਲੇ ਭਵਿੱਖ ਲਈ ਰਾਖਵੀਂ ਹੈ।

ਕੁਦਰਤ, ਜੋ ਇਹ ਯਕੀਨੀ ਬਣਾਉਂਦੇ ਹਨ ਕਿ ਪੁੱਤਰ ਹਰਜੈ ਦੇ ਉੱਤਮਤਾ ਹਾਸਲ ਕਰਨ ਦੇ ਜਜ਼ਬੇ ਵਿੱਚ ਅਨੁਸ਼ਾਸਨ ਨਾਲ ਕਦੇ ਸਮਝੌਤਾ ਨਾ ਹੋਵੇ।

ਉਨ੍ਹਾਂ ਨੇ ਕਿਹਾ, "ਹਰਜੈ ਨੇ ਅਜੇ ਬਹੁਤ ਲੰਬਾ ਸਫ਼ਰ ਤੈਅ ਕਰਨਾ ਹੈ। ਉਸਨੇ ਹੁਣੇ ਹੀ ਆਪਣੀ ਯਾਤਰਾ ਸ਼ੁਰੂ ਕੀਤੀ ਹੈ, ਇਸ ਲਈ ਉਸਨੂੰ ਇੱਕ ਅਜਿਹੀ ਕੰਧ ਲਈ ਇੰਤਜ਼ਾਰ ਕਰਨਾ ਪਏਗਾ ਜੋ ਉਸਦੀਆਂ ਜਿੱਤਾਂ ਨੂੰ ਦਰਸਾਉਂਦੀ ਹੋਵੇ।"

ਹਰਜੈ ਲਈ, ਇਹ ਯਾਤਰਾ ਸਿਰਫ਼ ਨਿੱਜੀ ਸਫ਼ਲਤਾ ਬਾਰੇ ਨਹੀਂ ਹੈ। ਇਹ ਉਸ ਕਹਾਣੀ ਨੂੰ ਪੂਰਾ ਕਰਨ ਬਾਰੇ ਹੈ ਜੋ 1960 ਵਿੱਚ ਰੋਮ ਦੇ ਇੱਕ ਟਰੈਕ ਤੋਂ ਸ਼ੁਰੂ ਹੋਈ ਸੀ। ਜੀਵ ਦੇ ਵਿਸ਼ਵ ਪੱਧਰੀ ਗੋਲਫ ਜੀਵਨ ਰਾਹੀਂ ਜਾਰੀ ਰਹੀ, ਅਤੇ ਹੁਣ ਪੁੱਤਰ ਦੇ ਨੌਜਵਾਨ ਮੋਢਿਆਂ 'ਤੇ ਟਿਕੀ ਹੋਈ ਹੈ।

ਤਿੰਨ ਪੀੜ੍ਹੀਆਂ, ਓਲੰਪਿਕ ਇੱਕ ਅਧੂਰਾ ਸੁਪਨਾ, ਅਤੇ ਇੱਕ 15 ਸਾਲਾ ਨੌਜਵਾਨ ਜੋ ਪਹਿਲਾਂ ਹੀ ਆਪਣੇ ਅੱਗੇ ਆਉਣ ਵਾਲੇ ਭਾਰ ਨੂੰ ਸਮਝਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)