'ਮੈਂ ਪਹਿਲਾਂ ਝੋਨਾ ਤੇ ਸਬਜ਼ੀਆਂ ਬੀਜਦਾ ਸੀ ਪਰ ਹੁਣ...', ਭਾਰਤ 'ਚ ਕਈ ਕਿਸਾਨਾਂ ਦੀ ਕਿਸਮਤ ਬਦਲਣ ਵਾਲੇ 'ਜਾਦੂਈ' ਨੀਲੇ ਫੁੱਲ ਬਾਰੇ ਜਾਣੋ

ਬਟਰਫਲਾਈ ਪੀਅ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਟਰਫਲਾਈ ਪੀਅ ਨੂੰ ਭਾਰਤ ਵਿੱਚ ਅਪਰਾਜਿਤਾ ਵੀ ਕਿਹਾ ਜਾਂਦਾ ਹੈ
    • ਲੇਖਕ, ਪ੍ਰੀਤੀ ਗੁਪਤਾ
    • ਰੋਲ, ਟੈਕਨੋਲੋਜੀ ਰਿਪੋਰਟਰ

"ਕੁਝ ਸਾਲ ਪਹਿਲਾਂ ਤੱਕ ਬਟਰਫਲਾਈ ਪੀਅ ਫੁੱਲ ਮੇਰੇ ਪਿੰਡ ਵਿੱਚ ਸਿਰਫ਼ ਇੱਕ ਆਮ ਬੇਲਦਾਰ ਪੌਦਾ ਹੀ ਸੀ।"

ਇਹ ਕਹਿਣਾ ਹੈ ਉੱਤਰ-ਪੂਰਬੀ ਭਾਰਤੀ ਸੂਬੇ ਅਸਾਮ ਦੇ ਅੰਥੈਗਵਲਾਓ ਪਿੰਡ ਵਿੱਚ ਰਹਿਣ ਵਾਲੇ ਨੀਲਮ ਬ੍ਰਹਮਾ ਦਾ।

ਬਟਰਫਲਾਈ ਪੀਅ, ਜਿਸਨੂੰ ਭਾਰਤ ਵਿੱਚ ਅਪਰਾਜਿਤਾ ਵੀ ਕਿਹਾ ਜਾਂਦਾ ਹੈ, ਬੇਲ ਵਾਂਗ ਉੱਗਦਾ ਹੈ ਅਤੇ ਇਸ 'ਤੇ ਦਿਲ ਖਿੱਚਵੇਂ ਨੀਲੇ ਰੰਗ ਦੇ ਫੁੱਲ ਲੱਗਦੇ ਹਨ।

ਲਗਭਗ ਦੋ ਸਾਲ ਪਹਿਲਾਂ, ਬ੍ਰਹਮਾ ਨੇ ਸੁਣਿਆ ਕਿ ਇਸ ਫੁੱਲ ਨਾਲ ਚਾਹ ਬਣਾਈ ਜਾ ਸਕਦੀ ਹੈ ਜਾਂ ਨੀਲਾ ਰੰਗ ਤਿਆਰ ਕੀਤਾ ਜਾਂਦਾ ਹੈ ਅਤੇ ਸਥਾਨਕ ਔਰਤਾਂ ਇਹ ਫੁੱਲ ਵੇਚ ਕੇ ਪੈਸਾ ਕਮਾ ਰਹੀਆਂ ਹਨ।

ਬ੍ਰਹਮਾ ਨੇ ਵੀ ਉਨ੍ਹਾਂ ਔਰਤਾਂ ਨਾਲ ਜੁੜਨ ਦਾ ਫੈਸਲਾ ਕੀਤਾ।

ਉਹ ਕਹਿੰਦੇ ਹਨ, "ਨਤੀਜਿਆਂ ਨੇ ਮੈਨੂੰ ਵੀ ਹੈਰਾਨ ਕਰ ਦਿੱਤਾ। ਪਹਿਲੀ ਵਾਰ ਜਦੋਂ ਮੈਂ ਸੁੱਕੇ ਫੁੱਲ ਵੇਚ ਕੇ 4500 ਰੁਪਏ ਕਮਾਏ, ਤਾਂ ਮੈ ਤਾਂ ਜਿਵੇਂ ਹੱਕੀ-ਬੱਕੀ ਰਹਿ ਗਈ। ਇਸ ਨਾਲ ਮੇਰੇ ਅੰਦਰ ਵਿਸ਼ਵਾਸ ਜਾਗਿਆ ਕਿ ਮੈਂ ਆਪਣਾ ਭਵਿੱਖ ਸਵਾਰ ਸਕਦੀ ਹਾਂ।"

ਇਸ ਤਜਰਬੇ ਨਾਲ ਇੱਕ ਛੋਟੇ ਕਾਰੋਬਾਰ ਦੀ ਸ਼ੁਰੂਆਤ ਹੋਈ।

ਭਾਰਤ ਵਿੱਚ ਉਦਯੋਗਪਤੀਆਂ ਨੂੰ ਆਕਰਸ਼ਿਤ ਕਰ ਰਿਹਾ ਇਹ ਫੁੱਲ

ਨੀਲਮ ਬ੍ਰਹਮਾ

ਤਸਵੀਰ ਸਰੋਤ, Phungjwa Brahma

ਤਸਵੀਰ ਕੈਪਸ਼ਨ, ਨੀਲਮ ਬ੍ਰਹਮਾ ਫੁੱਲਾਂ ਨੂੰ ਵੇਚ ਕੇ ਆਪਣਾ ਕਾਰੋਬਾਰ ਕਰ ਰਹੇ ਹਨ

ਬ੍ਰਹਮਾ ਨੇ ਕਿਹਾ, "ਮੈਂ ਇੱਕ ਛੋਟੇ ਕਰਜ਼ੇ (ਲੋਨ) ਲਈ ਅਪਲਾਈ ਕੀਤਾ ਅਤੇ ਸੋਲਰ ਡ੍ਰਾਇਰਾਂ ਵਿੱਚ ਨਿਵੇਸ਼ ਕੀਤਾ। ਇਨ੍ਹਾਂ ਮਸ਼ੀਨਾਂ ਨੇ ਮੈਨੂੰ ਤੇਜ਼ੀ ਨਾਲ ਫੁੱਲ ਸੁਕਾਉਣ, ਉਨ੍ਹਾਂ ਦਾ ਰੰਗ ਬਰਕਰਾਰ ਰੱਖਣ ਅਤੇ ਖਰੀਦਦਾਰਾਂ ਵੱਲੋਂ ਮੰਗੀ ਗਈ ਗੁਣਵੱਤਾ ਨੂੰ ਪੂਰਾ ਕਰਨ ਵਿੱਚ ਮਦਦ ਕੀਤੀ।"

ਥਾਈਲੈਂਡ ਅਤੇ ਇੰਡੋਨੇਸ਼ੀਆ ਬਟਰਫਲਾਈ ਪੀਅ ਫੁੱਲਾਂ ਦੀ ਖੇਤੀ ਵਾਲੇ ਪ੍ਰਮੁੱਖ ਦੇਸ਼ ਅਤੇ ਉਪਭੋਗਤਾ ਰਹੇ ਹਨ। ਪਰ ਹੁਣ ਇਸ ਫੁੱਲ ਦੀ ਦੁਨੀਆ ਭਰ ਵਿੱਚ ਮੰਗ ਵੱਧ ਰਹੀ ਹੈ, ਜੋ ਭਾਰਤ ਵਿੱਚ ਉਦਯੋਗਪਤੀਆਂ ਨੂੰ ਵੀ ਆਕਰਸ਼ਿਤ ਕਰ ਰਹੀ ਹੈ।

ਵਾਰਸ਼ਿਕਾ ਰੈੱਡੀ THS Impex (ਟੀਐਚਐਸ ਇਮਪੈਕਸ) ਦੇ ਸੰਸਥਾਪਕ ਹਨ ਜੋ ਕੁਦਰਤੀ ਡਾਈਜ਼ ਅਤੇ ਐਡੀਟਿਵਜ਼ ਬਰਾਮਦ ਕਰਦੇ ਹਨ।

ਉਹ ਸਮਝਾਉਂਦੇ ਹਨ ਕਿ "ਕੁਦਰਤੀ ਰੰਗਾਂ ਦੀ ਗਲੋਬਲ ਮੰਗ ਤੇਜ਼ੀ ਨਾਲ ਵਧ ਰਹੀ ਹੈ।"

ਇਸ ਮੰਗ ਦੇ ਪਿੱਛੇ ਮੁੱਖ ਕਾਰਨ ਹਨ - ਉਪਭੋਗਤਾਵਾਂ ਦੀ ਕੁਦਰਤੀ ਸਮੱਗਰੀ ਵੱਲ ਰੁਚੀ ਅਤੇ ਅਮਰੀਕਾ ਤੇ ਯੂਰਪ ਵਿੱਚ ਸਿੰਥੈਟਿਕ ਫੂਡ ਡਾਈਜ਼ 'ਤੇ ਸਖ਼ਤ ਨਿਯਮ।

ਸਾਲ 2021 ਵਿੱਚ, ਅਮਰੀਕੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫਡੀਏ) ਨੇ ਬਟਰਫਲਾਈ ਪੀਅ ਫੁੱਲ ਨੂੰ ਫੂਡ ਐਡੀਟਿਵ (ਖਾਣ ਵਾਲੇ ਪਦਾਰਥਾਂ ਦੀ ਗੁਣਵੱਤਾ ਵਧਾਉਣ ਲਈ ਮਿਲਾਇਆ ਜਾ ਸਕਣ ਵਾਲਾ ਪਦਾਰਥ) ਵਜੋਂ ਮਨਜ਼ੂਰੀ ਦਿੱਤੀ ਸੀ।

ਹਾਲਾਂਕਿ, ਸਾਲ 2022 ਵਿੱਚ ਯੂਰਪੀਅਨ ਫੂਡ ਸੇਫ਼ਟੀ ਅਥਾਰਟੀ (ਈਐਫਐਸਏ) ਨੇ ਇਸ ਫੁੱਲ ਦੀ ਵਰਤੋਂ ਸਬੰਧੀ ਸੁਰੱਖਿਆ ਚਿੰਤਾਵਾਂ ਜਤਾਈਆਂ ਸਨ।

ਮਹਿਲਾ ਕਿਸਾਨਾਂ ਦੀ ਵੱਡੀ ਗਿਣਤੀ

ਬਟਰਫਲਾਈ ਪੀਅ

ਤਸਵੀਰ ਸਰੋਤ, Impex

ਤਸਵੀਰ ਕੈਪਸ਼ਨ, ਭਾਰਤੀ ਉਦਯੋਗਪਤੀ ਇਸ ਫੁੱਲ ਵਿੱਚ ਸੰਭਾਵਨਾ ਦੇਖ ਰਹੇ ਹਨ ਅਤੇ ਇਸਦੇ ਭਾਰਤੀ ਬਾਜ਼ਾਰ ਨੂੰ ਵਿਕਸਤ ਕਰਨਾ ਚਾਹੁੰਦੇ ਹਨ

ਈਯੂ ਅਤੇ ਯੂਕੇ ਦੋਵੇਂ ਹੀ ਬਟਰਫਲਾਈ ਪੀਅ ਫੁੱਲ ਨੂੰ "ਨਾਵਲ" ਫੂਡ ਵਜੋਂ ਦਰਜ ਕਰਦੇ ਹਨ, ਜਿਸਦਾ ਅਰਥ ਹੈ ਕਿ ਇਸਦੀ ਵਿਆਪਕ ਵਰਤੋਂ ਲਈ ਅਜੇ ਵੀ ਮਨਜ਼ੂਰੀ ਦੀ ਲੋੜ ਹੈ।

ਤਾਂ ਵੀ, ਭਾਰਤੀ ਉਦਯੋਗਪਤੀ ਇਸ ਵਿੱਚ ਸੰਭਾਵਨਾ ਦੇਖ ਰਹੇ ਹਨ ਅਤੇ ਭਾਰਤੀ ਬਾਜ਼ਾਰ ਨੂੰ ਵਿਕਸਤ ਕਰਨਾ ਚਾਹੁੰਦੇ ਹਨ।

ਰੈੱਡੀ ਕਹਿੰਦੇ ਹਨ, "ਇਸ ਨੂੰ ਅਜੇ ਵੀ ਵਪਾਰਕ ਉਤਪਾਦ ਦੀ ਬਜਾਏ ਘਰੇਲੂ ਸਜਾਵਟੀ ਪੌਦਾ ਜਾਂ ਔਸ਼ਧੀ ਪੌਦਾ ਹੀ ਸਮਝਿਆ ਜਾਂਦਾ ਹੈ। ਕੋਈ ਢਾਂਚਾਗਤ ਮਾਰਕੀਟ ਜਾਗਰੂਕਤਾ ਨਹੀਂ, ਨਾ ਸਰਕਾਰੀ ਵਰਗੀਕਰਨ ਹੈ ਅਤੇ ਨਾ ਹੀ ਮਿਆਰੀ ਕੀਮਤ ਨਿਰਧਾਰਣ ਪ੍ਰਣਾਲੀ ਹੈ, ਜਿਸ ਕਾਰਨ ਕਿਸਾਨਾਂ ਨੂੰ ਲਾਭ ਬਾਰੇ ਬੇਭਰੋਸਗੀ ਰਹਿੰਦੀ ਹੈ।"

ਉਹ ਉਤਪਾਦਨ ਮਿਆਰ ਉੱਚੇ ਕਰਨ ਲਈ ਕਿਸਾਨਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ।

ਉਹ ਕਹਿੰਦੇ ਹਨ, "ਅਸੀਂ ਉੱਤਰ ਪ੍ਰਦੇਸ਼ ਵਿੱਚ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਇੱਕ ਸਮੂਹ ਨਾਲ ਕੰਮ ਕਰਦੇ ਹਾਂ, ਜਿਸ ਵਿੱਚ ਵੱਡੀ ਗਿਣਤੀ ਮਹਿਲਾ ਕਿਸਾਨਾਂ ਦੀ ਹੈ।''

"ਅਸੀਂ ਆਧਿਕਾਰਿਕ ਠੇਕੇ ਬਣਾਏ ਹਨ ਅਤੇ ਅਸੀਂ ਖੇਤੀਬਾੜੀ ਸਬੰਧੀ ਪੂਰੀ ਸਹਾਇਤਾ ਦਿੰਦੇ ਹਾਂ, ਜਿਸ ਵਿੱਚ ਖੇਤੀ ਦੇ ਸਭ ਤੋਂ ਵਧੀਆ ਤਰੀਕਿਆਂ, ਸਿੰਚਾਈ ਪ੍ਰਬੰਧਨ ਅਤੇ ਫ਼ਸਲ-ਵਿਸ਼ੇਸ਼ ਤਕਨੀਕਾਂ ਬਾਰੇ ਮਾਰਗਦਰਸ਼ਨ ਸ਼ਾਮਲ ਹੈ।"

ਭਾਰਤ ਵਿੱਚ ਹੋਰ ਲੋਕਾਂ ਨੇ ਵੀ ਇਸ ਵਪਾਰਕ ਮੌਕੇ ਨੂੰ ਪਛਾਣਿਆ ਹੈ।

'ਇਹ ਮੈਨੂੰ ਕਿਸੇ ਜਾਦੂ ਵਾਂਗ ਲੱਗਿਆ'

ਨੀਲੇ ਰੰਗ ਦਾ ਤਰਲ ਪਦਾਰਥ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸ ਫੁੱਲ ਨਾਲ ਖਾਣ-ਪੀਣ ਵਾਲੇ ਪਦਾਰਥਾਂ ਦਾ ਰੰਗ ਨੀਲਾ ਹੋ ਜਾਂਦਾ ਹੈ

ਦਿੱਲੀ ਦੇ ਬਾਹਰਵਾਰ ਰਹਿਣ ਵਾਲੇ ਨਿਤੇਸ਼ ਸਿੰਘ ਕਹਿੰਦੇ ਹਨ, "ਜਦੋਂ ਤੁਸੀਂ ਇਸ ਫੁੱਲ ਨੂੰ ਗਰਮ ਪਾਣੀ ਵਿੱਚ ਭਿਓਂਦੇ ਹੋ, ਤਾਂ ਇਹ ਪਾਣੀ ਨੀਲਾ ਹੋ ਜਾਂਦਾ ਹੈ ਅਤੇ ਜਦੋਂ ਤੁਸੀਂ ਇਸ ਵਿੱਚ ਨਿੰਬੂ ਨਿਚੋੜਦੇ ਹੋ, ਤਾਂ ਇਹ ਜਾਮਣੀ ਹੋ ਜਾਂਦਾ ਹੈ। ਇਹ ਮੈਨੂੰ ਕਿਸੇ ਜਾਦੂ ਵਾਂਗ ਲੱਗਿਆ।''

ਰੈੱਡੀ ਦੀ ਤਰ੍ਹਾਂ, ਉਹ ਵੀ ਸੋਚਦੇ ਸਨ ਕਿ ਇਸ ਫੁੱਲ ਲਈ ਭਾਰਤ ਵਿੱਚ ਕਾਫ਼ੀ ਸੰਭਾਵਨਾ ਹੈ।

ਨਿਤੇਸ਼ ਸਿੰਘ ਕਹਿੰਦੇ ਹਨ, "ਇਹ ਹਜ਼ਾਰਾਂ ਸਾਲਾਂ ਤੋਂ ਇੱਥੇ ਸੀ, ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਸਾਫ਼-ਸੁਥਰਾ, ਸਿਹਤਮੰਦ ਖਾਣਾ ਬਣ ਸਕਦਾ ਹੈ।"

ਇਸ ਲਈ ਸਾਲ 2018 ਵਿੱਚ ਉਨ੍ਹਾਂ ਨੇ ਬਲੂ ਟੀ ਦੀ ਸਥਾਪਨਾ ਕੀਤੀ, ਇਸ ਉਮੀਦ ਨਾਲ ਕਿ ਭਾਰਤੀ ਬਟਰਫਲਾਈ ਪੀਅ ਨਾਲ ਇੱਕ ਭਾਰਤੀ ਬ੍ਰਾਂਡ ਤਿਆਰ ਕੀਤਾ ਜਾਵੇ। ਹਾਲਾਂਕਿ ਸ਼ੁਰੂ ਵਿੱਚ ਉਨ੍ਹਾਂ ਲਈ ਹਾਲਾਤ ਚੰਗੇ ਨਹੀਂ ਰਹੇ।

ਉਹ ਕਹਿੰਦੇ ਹਨ, "ਸ਼ੁਰੂ ਵਿੱਚ ਸਾਨੂੰ ਦਰਾਮਦ ਕਰਨਾ ਪਿਆ ਕਿਉਂਕਿ ਭਾਰਤ ਵਿੱਚ ਸਾਨੂੰ ਵਧੀਆ ਗੁਣਵੱਤਾ ਦੇ ਫੁੱਲ ਨਹੀਂ ਮਿਲੇ। ਇੱਥੇ ਦੇ ਫੁੱਲਾਂ ਵਿੱਚ ਪੰਖੁੜੀਆਂ ਘੱਟ ਸਨ ਅਤੇ ਜਦੋਂ ਉਨ੍ਹਾਂ ਨੂੰ ਧੁੱਪ ਵਿੱਚ ਸੁਕਾਇਆ ਜਾਂਦਾ ਸੀ, ਤਾਂ ਕੁਝ ਵੀ ਨਹੀਂ ਬਚਦਾ ਸੀ। ਸਾਨੂੰ ਅਜਿਹਾ ਫੁੱਲ ਚਾਹੀਦਾ ਸੀ ਜਿਸ ਵਿੱਚ ਵਧੇਰੇ ਰੰਗਦਾਰ ਪਦਾਰਥ ਹੋਵੇ, ਵਧੇਰੇ ਪੰਖੁੜੀਆਂ ਹੋਣ, ਤਾਂ ਜੋ ਸੁਕਾਉਣ ਤੋਂ ਬਾਅਦ ਰੰਗ ਕਾਇਮ ਰਹੇ।"

ਪਿਛਲੇ ਸੱਤ ਸਾਲਾਂ ਦੌਰਾਨ, ਨਿਤੇਸ਼ ਸਿੰਘ ਕਿਸਾਨਾਂ ਨਾਲ ਮਿਲ ਕੇ ਮਾਤਰਾ ਅਤੇ ਗੁਣਵੱਤਾ ਦੋਵੇਂ ਵਧਾਉਣ 'ਤੇ ਕੰਮ ਕਰ ਰਹੇ ਹਨ।

ਪੰਜ ਕਿਸਾਨਾਂ ਨਾਲ ਸ਼ੁਰੂ ਕਰਕੇ, ਹੁਣ ਉਹ ਦੇਸ਼ ਭਰ ਵਿੱਚ 600 ਕਿਸਾਨਾਂ ਨਾਲ ਕੰਮ ਕਰ ਰਹੇ ਹਨ।

ਉਹ ਕਹਿੰਦੇ ਹਨ, "ਟ੍ਰੇਨਿੰਗ ਅਤੇ ਗੁਣਵੱਤਾ ਨਿਯੰਤਰਣ ਸਭ ਤੋਂ ਵੱਡੀਆਂ ਚੁਣੌਤੀਆਂ ਹਨ।"

'ਇੱਕ ਗਲਤੀ ਹੋਈ ਅਤੇ ਇਸ ਦੀ ਕੀਮਤ ਖ਼ਤਮ ਹੋ ਜਾਂਦੀ ਹੈ'

ਬਲੂ ਟੀ

ਤਸਵੀਰ ਸਰੋਤ, Blue Tea

ਤਸਵੀਰ ਕੈਪਸ਼ਨ, ਨਿਤੇਸ਼ ਸਿੰਘ ਨੇ ਭਾਰਤੀ ਬਟਰਫਲਾਈ ਪੀਅ ਨਾਲ ਭਾਰਤੀ ਬ੍ਰਾਂਡ ਤਿਆਰ ਕਰਨ ਲਈ 2018 ਵਿੱਚ ਬਲੂ ਟੀ ਦੀ ਸਥਾਪਨਾ ਕੀਤੀ

ਫੁੱਲ ਤੋੜਨਾ ਇਸ ਪ੍ਰਕਿਰਿਆ ਦਾ ਇੱਕ ਮੁੱਖ ਹਿੱਸਾ ਹੈ। ਇਹ ਕੰਮ ਜ਼ਿਆਦਾਤਰ ਔਰਤਾਂ ਵੱਲੋਂ ਕੀਤਾ ਜਾਂਦਾ ਹੈ।

ਨਿਤੇਸ਼ ਕਹਿੰਦੇ ਹਨ, "ਉਨ੍ਹਾਂ ਦੇ ਹੱਥ ਨਰਮ ਹੁੰਦੇ ਹਨ ਅਤੇ ਉਹ ਸੁਭਾਵਿਕ ਤੌਰ 'ਤੇ ਜਾਣਦੀਆਂ ਹਨ ਕਿ ਨਾਜ਼ੁਕ ਫੁੱਲਾਂ ਨੂੰ ਪੌਦੇ ਨੂੰ ਨੁਕਸਾਨ ਪਹੁੰਚਾਏ ਬਿਨਾਂ ਕਿਵੇਂ ਤੋੜਨਾ ਹੈ। ਇਸ ਲਈ, ਔਰਤਾਂ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਕਿਹੜਾ ਫੁੱਲ ਤੋੜਨਾ ਹੈ।"

ਫਸਲ ਚੁਗਣ ਤੋਂ ਬਾਅਦ ਫੁੱਲਾਂ ਨੂੰ ਸੁਕਾਉਣਾ ਪੈਂਦਾ ਹੈ, ਲਾਜ਼ਮੀ ਹੈ ਕਿ ਇਹ ਕੰਮ ਬਹੁਤ ਧਿਆਨ ਨਾਲ ਹੋਣਾ ਚਾਹੀਦਾ ਹੈ।

ਉਹ ਕਹਿੰਦੇ ਹਨ, "ਇਸ ਫੁੱਲ ਨੂੰ ਸੁਕਾਉਣ ਲਈ ਤਾਪਮਾਨ 'ਤੇ ਨਿਯੰਤਰਣ ਬਹੁਤ ਜ਼ਰੂਰੀ ਹੈ, ਇੱਕ ਗਲਤੀ ਹੋਈ ਅਤੇ ਇਸ ਦੀ ਕੀਮਤ ਖਤਮ ਹੋ ਜਾਂਦੀ ਹੈ।"

ਪਹਿਲਾਂ ਕਿਸਾਨ ਕੁਝ ਹੱਦ ਤੱਕ ਫੁੱਲਾਂ ਨੂੰ ਸੁਕਾਉਣ ਦਾ ਕੰਮ ਕਰਦੇ ਹਨ, ਫਿਰ ਬਲੂ ਟੀ ਉਨ੍ਹਾਂ ਦੀ ਨਮੀ ਦੀ ਜਾਂਚ ਕਰਦਾ ਹੈ ਅਤੇ ਜ਼ਰੂਰਤ ਮੁਤਾਬਕ ਉਨ੍ਹਾਂ ਨੂੰ ਹੋਰ ਸੁਕਾਇਆ ਜਾਂਦਾ ਹੈ।

ਨਿਤੇਸ਼ ਸਿੰਘ ਕਹਿੰਦੇ ਹਨ, "ਅਸੀਂ ਫੁੱਲਾਂ ਨੂੰ ਬਹੁਤ ਹਲਕੇ ਤਾਪਮਾਨ 'ਤੇ ਲੰਮੇ ਸਮੇਂ ਲਈ ਸੁਕਾਉਂਦੇ ਹਾਂ। ਜੇ ਗਰਮੀ ਜ਼ਿਆਦਾ ਹੋ ਜਾਵੇ, ਤਾਂ ਫੁੱਲ ਸੜ ਜਾਂਦਾ ਹੈ ਅਤੇ ਇਸ ਦੀ ਔਸ਼ਧੀ ਗੁਣਵੱਤਾ ਅਤੇ ਰੰਗ ਦੋਵੇਂ ਖਤਮ ਹੋ ਜਾਂਦੇ ਹਨ।"

ਇਸ ਦੇ ਚਟਖ ਰੰਗ ਤੋਂ ਇਲਾਵਾ, ਕੁਝ ਸਬੂਤ ਇਹ ਵੀ ਦਰਸਾਉਂਦੇ ਹਨ ਕਿ ਬਟਰਫਲਾਈ ਪੀਅ ਫੁੱਲਾਂ ਦੇ ਸਿਹਤ ਲਈ ਵੀ ਫਾਇਦੇ ਹੋ ਸਕਦੇ ਹਨ। ਹਾਲਾਂਕਿ, ਇਸ ਬਾਰੇ ਹੋਰ ਖੋਜ ਕਰਨ ਦੀ ਲੋੜ ਹੈ।

ਸਿਹਤ ਲਾਭਾਂ ਸਬੰਧੀ ਹੋਰ ਖੋਜ ਕਰਨ ਦੀ ਲੋੜ

ਬਟਰਫਲਾਈ ਪੀਅ

ਚੇੱਨਈ ਸਥਿਤ ਸ਼੍ਰੀ ਰਾਮਚੰਦਰ ਇੰਸਟੀਟਿਊਟ ਆਫ਼ ਹਾਇਰ ਐਜੂਕੇਸ਼ਨ ਐਂਡ ਰਿਸਰਚ ਦੇ ਐਸੋਸੀਏਟ ਪ੍ਰੋਫੈਸਰ ਵੀ. ਸੁਪ੍ਰੀਆ ਕਹਿੰਦੇ ਹਨ ਕਿ "ਜਦੋਂ ਅਸੀਂ ਸਾਹਿਤ ਦੀ ਸਮੀਖਿਆ ਸ਼ੁਰੂ ਕੀਤੀ, ਤਾਂ ਸਾਨੂੰ ਅਹਿਸਾਸ ਹੋਇਆ ਕਿ ਇਸ ਫੁਲ ਦੀ ਚੰਗੀ ਕਾਰਗੁਜ਼ਾਰੀ ਅਤੇ ਜੜੀ-ਬੂਟੀ ਵਾਲੇ ਗੁਣਾਂ ਦੇ ਬਾਵਜੂਦ ਬਟਰਫਲਾਈ ਪੀਅ 'ਤੇ ਬਹੁਤ ਘੱਟ ਅਧਿਐਨ ਹੋਏ ਹਨ। ਇਸ ਅਬਰੇ ਉਪਲੱਬਧ ਜ਼ਿਆਦਾਤਰ ਖੋਜ ਚੂਹਿਆਂ 'ਤੇ ਕੀਤੀ ਗਈ ਸੀ।"

ਉਨ੍ਹਾਂ ਨੇ ਪ੍ਰੀ-ਡਾਇਬਟੀਜ਼ ਵਾਲੇ ਲੋਕਾਂ 'ਤੇ ਇੱਕ ਛੋਟਾ ਅਧਿਐਨ ਕੀਤਾ ਅਤੇ ਪਾਇਆ ਕਿ ਜਿਨ੍ਹਾਂ ਲੋਕਾਂ ਨੇ ਬਟਰਫਲਾਈ ਪੀਅ ਫੁੱਲਾਂ ਨਾਲ ਬਣੀ ਚਾਹ ਪੀਤੀ, ਉਨ੍ਹਾਂ ਨੇ ਉਨ੍ਹਾਂ ਲੋਕਾਂ ਨਾਲੋਂ ਬਿਹਤਰ ਸ਼ੂਗਰ ਕੰਟਰੋਲ ਦਿਖਾਇਆ ਜਿਨ੍ਹਾਂ ਨੇ ਨਹੀਂ ਪੀਤੀ।

ਸੁਪ੍ਰੀਆ ਕਹਿੰਦੇ ਹਨ, "ਬਟਰਫਲਾਈ ਪੀਅ ਨੂੰ ਵੱਡੇ ਪੱਧਰ 'ਤੇ ਨਜ਼ਰਅੰਦਾਜ਼ ਕੀਤਾ ਗਿਆ ਸੀ। ਪਰ ਹੁਣ, ਖ਼ਾਸ ਕਰਕੇ ਮਨੁੱਖੀ ਟ੍ਰਾਇਲਜ਼ ਤੋਂ ਮਿਲ ਰਹੇ ਸਬੂਤਾਂ ਨਾਲ, ਇਸ ਦੇ ਸਿਹਤ ਲਾਭ ਇਸ ਨੂੰ ਬਹੁਤ ਮਸ਼ਹੂਰ ਬਣਾ ਸਕਦੇ ਹਨ।"

'ਇਸ ਫੁੱਲ ਨੇ ਵਾਕਈ ਬਦਲਾਅ ਲਿਆਂਦਾ ਹੈ'

ਪੁਸ਼ਪਲ ਬਿਸਵਾਸ

ਤਸਵੀਰ ਸਰੋਤ, Pushpal Biswas

ਤਸਵੀਰ ਕੈਪਸ਼ਨ, ਪੁਸ਼ਪਲ ਬਿਸਵਾਸ ਨੇ ਕਿਹਾ ਕਿ ''ਮੇਰੀ ਜ਼ਮੀਨ ਵਧੀ, ਮੇਰਾ ਉਤਪਾਦਨ ਵਧਿਆ ਅਤੇ ਹੌਲੀ-ਹੌਲੀ ਮੇਰੀ ਆਮਦਨ ਵੀ ਵਧ ਗਈ।"

ਪੁਸ਼ਪਲ ਬਿਸਵਾਸ ਕੋਲ ਪੱਛਮੀ ਬੰਗਾਲ ਵਿੱਚ ਖੇਤੀ ਲਈ ਥੋੜ੍ਹੀ ਜਿਹੀ ਜ਼ਮੀਨ ਹੈ। ਉਨ੍ਹਾਂ ਨੂੰ ਬਲੂ ਟੀ ਨੇ ਬਟਰਫਲਾਈ ਪੀਅ ਦੀ ਖੇਤੀ ਨਾਲ ਜਾਣੂ ਕਰਵਾਇਆ।

ਉਹ ਕਹਿੰਦੇ ਹਨ, "ਮੈਂ ਪਹਿਲਾਂ ਚੌਲ ਅਤੇ ਸਬਜ਼ੀਆਂ ਉਗਾਉਂਦਾ ਸੀ। ਪਰ ਕਈ ਵਾਰ ਮੈਂ ਆਪਣੀ ਫ਼ਸਲ ਵੇਚ ਨਹੀਂ ਪਾਉਂਦਾ ਸੀ ਅਤੇ ਨੁਕਸਾਨ ਝੱਲਣਾ ਪੈਂਦਾ ਸੀ।"

ਪਰ ਪਿਛਲੇ ਸੱਤ ਸਾਲਾਂ ਵਿੱਚ, ਇਸ ਨਵੀਂ ਫ਼ਸਲ ਦੇ ਕਾਰਨ ਸਭ ਕੁਝ ਬਦਲ ਗਿਆ ਹੈ।

ਉਹ ਬਟਰਫਲਾਈ ਪੀਅ ਬਾਰੇ ਕਹਿੰਦੇ ਹਨ, "ਇਹ ਉਗਾਉਣ ਵਿੱਚ ਆਸਾਨ ਫ਼ਸਲ ਹੈ।"

ਉਨ੍ਹਾਂ ਕਿਹਾ, "ਵਿਗਿਆਨਕ ਤਰੀਕਿਆਂ ਨਾਲ, ਮੇਰਾ ਉਤਪਾਦਨ 50 ਕਿਲੋਗ੍ਰਾਮ ਤੋਂ ਵਧ ਕੇ 80 ਕਿਲੋਗ੍ਰਾਮ ਹੋ ਗਿਆ ਹੈ। ਜੋ ਪੈਸਾ ਮੈਂ ਕਮਾਇਆ, ਉਸ ਨਾਲ ਮੈਂ ਹੋਰ ਜ਼ਮੀਨ ਲੀਜ਼ 'ਤੇ ਲਈ। ਮੇਰੀ ਜ਼ਮੀਨ ਵਧੀ, ਮੇਰਾ ਉਤਪਾਦਨ ਵਧਿਆ ਅਤੇ ਹੌਲੀ-ਹੌਲੀ ਮੇਰੀ ਆਮਦਨ ਵੀ ਵਧ ਗਈ।"

ਕੁਝ ਭਾਰਤੀ ਭਾਈਚਾਰਿਆਂ ਲਈ, ਇਸ ਫੁੱਲ ਨੇ ਵਾਕਈ ਬਦਲਾਅ ਲਿਆਂਦਾ ਹੈ।

ਬਿਸਵਾਸ ਕਹਿੰਦੇ ਹਨ, "ਪਿਛਲੇ ਕੁਝ ਸਾਲਾਂ ਵਿੱਚ, ਨੇੜਲੇ ਪਿੰਡਾਂ ਦੇ ਕਈ ਲੋਕ ਇਸ ਖੇਤੀ ਲਈ ਸਾਡੇ ਨਾਲ ਜੁੜ ਗਏ ਹਨ।"

"ਇਹ ਹੁਣ ਸਿਰਫ਼ ਖੇਤੀ ਨਹੀਂ ਰਹੀ, ਇਹ ਇੱਕ ਨੈੱਟਵਰਕ, ਇੱਕ ਕਮਿਊਨਿਟੀ, ਇੱਕ ਕਾਰੋਬਾਰੀ ਪਰਿਵਾਰ ਬਣ ਗਿਆ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)