ਲੱਖਾਂ ਲਗਾ ਕੇ ਬੱਚੇ ਵਿਦੇਸ਼ ਭੇਜਣ ਦੀ ਥਾਂ ਬਰਨਾਲਾ ਦੇ ਪਰਿਵਾਰ ਨੇ ਲਗਾਇਆ ਦੁੱਧ ਦਾ ਪ੍ਰੋਸੈਸਿੰਗ ਪਲਾਂਟ, ਦੁੱਧ-ਘਿਓ ਵੇਚ ਕੇ ਖੱਟ ਰਹੇ ਚੰਗਾ ਮੁਨਾਫ਼ਾ

ਜਸਵੀਰ ਸਿੰਘ ਅਤੇ ਸੁਖਦੇਵ ਸਿੰਘ
ਤਸਵੀਰ ਕੈਪਸ਼ਨ, ਜਸਵੀਰ ਸਿੰਘ ਅਤੇ ਸੁਖਦੇਵ ਸਿੰਘ ਦੋਵਾਂ ਭਰਾਵਾਂ ਨੇ ਰਲ ਕੇ ਦੁੱਧ ਦਾ ਪ੍ਰੋਸੈਸਿੰਗ ਪਲਾਂਟ ਲਗਾਇਆ ਹੈ
    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ

"ਚਾਰ ਬੱਚਿਆਂ ਨੂੰ ਬਾਹਰ ਭੇਜਣ ਵਿੱਚ ਘੱਟੋ ਘੱਟ 1 ਕਰੋੜ ਰੁਪਏ ਖਰਚਾ ਆਉਣਾ ਸੀ। ਇਸ ਲਈ ਅਸੀਂ ਸੋਚਿਆ ਇੰਨੇ ਪੈਸੇ ਲਾ ਕੇ ਇੱਥੇ ਹੀ ਕੋਈ ਧੰਦਾ ਸ਼ੁਰੂ ਕਰੀਏ।"

ਬਰਨਾਲਾ ਜ਼ਿਲ੍ਹੇ ਦੇ ਕਿਸਾਨ ਜਸਵੀਰ ਸਿੰਘ ਦੱਸਦੇ ਹਨ ਕਿ ਇਸੇ ਸੋਚ ਨਾਲ ਉਨ੍ਹਾਂ ਪਰਵਾਸ ਦੀ ਥਾਂ ਦੁੱਧ ਦਾ ਪ੍ਰੋਸੈਸਿੰਗ ਪਲਾਂਟ ਲਗਾਉਣ ਦਾ ਫ਼ੈਸਲਾ ਲਿਆ।

ਭਾਰਤੀ ਫੌਜ ਵਿੱਚੋਂ ਸੇਵਾ ਮੁਕਤ ਹੋਏ ਕਿਸਾਨ ਜਸਵੀਰ ਸਿੰਘ ਨੇ ਆਪਣੇ ਵੱਡੇ ਭਰਾ ਨਾਲ ਸਾਂਝੇ ਤੌਰ ਉੱਤੇ 1000 ਲੀਟਰ ਦੀ ਸਮਰੱਥਾ ਵਾਲਾ ਦੁੱਧ ਦਾ ਪ੍ਰੋਸੈਸਿੰਗ ਪਲਾਂਟ ਲਗਾਇਆ ਹੈ। ਇਸੇ ਸਾਲ ਅਗਸਤ ਵਿੱਚ ਲਗਾਏ ਗਏ ਪਲਾਂਟ ਵਿੱਚ ਉਹ ਦੁੱਧ ਤੋਂ ਕਈ ਉਤਪਾਦ ਖ਼ੁਦ ਤਿਆਰ ਕਰਕੇ ਵੇਚਦੇ ਹਨ।

ਘਰ ਦੇ ਬਜ਼ੁਰਗਾਂ ਤੋਂ ਲੈ ਕੇ ਔਰਤਾਂ ਅਤੇ ਨੌਜਵਾਨ ਸਾਰੇ ਪੂਰਾ ਦਿਨ ਪ੍ਰੋਸੈਸਿੰਗ ਪਲਾਂਟ ਵਿੱਚ ਮਿਹਨਤ ਕਰਦੇ ਹਨ।

ਪਰਿਵਾਰ ਨੂੰ ਪਹਿਲਾਂ ਇਕੱਲੇ ਡੇਅਰੀ ਫਾਰਮਿੰਗ ਅਤੇ ਦੁੱਧ ਦੀ ਵਿਕਰੀ ਤੋਂ ਹੀ ਲਗਭਗ ਡੇਢ ਲੱਖ ਰੁਪਏ ਦੀ ਆਮਦਨ ਹੁੰਦੀ ਸੀ ਅਤੇ ਹੁਣ ਆਮਦਨ ਇਸ ਤੋਂ ਵੀ ਵੱਧ ਗਈ ਹੈ।

ਮਾਹਰਾਂ ਮੁਤਾਬਕ ਦੁੱਧ ਤੋਂ ਉਤਪਾਦ ਤਿਆਰ ਕਰਕੇ ਵੇਚਣ ਨਾਲ ਮੁਨਾਫ਼ਾ ਤਿੰਨ ਗੁਣਾ ਵੱਧ ਜਾਂਦਾ ਹੈ।

ਘਿਉ ਅਤੇ ਪਿੰਨੀਆਂ
ਤਸਵੀਰ ਕੈਪਸ਼ਨ, ਉਹ ਦੁੱਧ ਤੋਂ ਦਹੀ, ਘਿਓ, ਖੋਆ, ਖੋਏ ਦੀਆਂ ਪਿੰਨੀਆਂ ਅਤੇ ਪਨੀਰ ਬਣਾ ਕੇ ਵੇਚਦੇ ਹਨ

ਦੁੱਧ ਤੋਂ ਕਿਹੜੇ ਉਤਪਾਦ ਤਿਆਰ ਕਰਕੇ ਵੇਚਦੇ ਹਨ

ਵੀਡੀਓ ਕੈਪਸ਼ਨ, ਬਰਨਾਲਾ ਦੇ ਪਰਿਵਾਰ ਨੇ ਲੱਖਾਂ ਲਗਾ ਕੇ ਬੱਚੇ ਵਿਦੇਸ਼ ਭੇਜਣ ਦੀ ਥਾਂ ਲਗਾਇਆ ਦੁੱਧ ਦਾ ਪ੍ਰੋਸੈਸਿੰਗ ਪਲਾਂਟ

ਜਸਵੀਰ ਸਿੰਘ ਅਤੇ ਉਨ੍ਹਾਂ ਦੇ ਵੱਡੇ ਭਰਾ ਦੁੱਧ ਤੋਂ ਦਹੀ, ਘਿਓ, ਖੋਆ, ਖੋਏ ਦੀਆਂ ਪਿੰਨੀਆਂ ਅਤੇ ਪਨੀਰ ਬਣਾ ਕੇ ਵੇਚਦੇ ਹਨ। ਇਸ ਤੋਂ ਇਲਾਵਾ ਉਹ ਪੰਜੀਰੀ ਅਤੇ ਅਲਸੀ ਦੀਆਂ ਪਿੰਨੀਆਂ ਵੀ ਬਣਾਉਂਦੇ ਹਨ।

ਦੋਵੇਂ ਭਰਾ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੂੰ ਪੰਜਾਬ ਤੋਂ ਇਲਾਵਾ ਦੇਸ਼ ਦੇ ਹੋਰਨਾਂ ਸੂਬਿਆਂ ਅਤੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਵੀ ਆਰਡਰ ਦਿੰਦੇ ਹਨ।

ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਜ਼ਿਆਦਾਤਰ ਖੋਏ ਦੀਆਂ ਪਿੰਨੀਆਂ ਦੇ ਆਰਡਰ ਦਿੰਦੇ ਹਨ।

ਸੁਖਦੇਵ ਸਿੰਘ ਕਹਿੰਦੇ ਹਨ, "ਢਾਈ ਤੋਂ ਤਿੰਨ ਕੁਇੰਟਲ ਦੁੱਧ ਸਾਡੇ ਆਪਣੇ ਘਰ ਦਾ ਹੀ ਹੁੰਦਾ ਹੈ। ਬਾਕੀ ਅਸੀਂ ਆਪਣੇ ਪਿੰਡ ਤੋਂ ਖ਼ਰੀਦਦੇ ਹਾਂ।"

ਸੁਖਦੇਵ ਸਿੰਘ
ਇਹ ਵੀ ਪੜ੍ਹੋ-

ਇਹ ਸਹਾਇਕ ਧੰਦਾ ਕਿਵੇਂ ਸ਼ੁਰੂ ਕੀਤਾ

ਜਸਵੀਰ ਸਿੰਘ

ਜਸਵੀਰ ਸਿੰਘ ਦੇ ਵੱਡੇ ਭਰਾ ਨੇ ਪਹਿਲਾਂ ਪਿੰਡ ਵਿੱਚ ਡੇਅਰੀ ਫਾਰਮਿੰਗ ਦਾ ਸਹਾਇਕ ਧੰਦਾ ਸ਼ੁਰੂ ਕੀਤਾ ਸੀ। ਫਿਰ ਕੁਝ ਸਾਲ ਪਹਿਲਾਂ ਜਦੋਂ ਜਸਵੀਰ ਸੇਵਾ ਮੁਕਤ ਹੋ ਕੇ ਘਰ ਆਏ ਤਾਂ, ਦੋਵਾਂ ਭਰਾਵਾਂ ਨੇ ਪਿੰਡ ਵਿੱਚ ਡੇਅਰੀ ਖੋਲ੍ਹ ਲਈ।

ਮਗਰੋਂ ਦੋਵੇਂ ਭਰਾ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ, ਲੁਧਿਆਣਾ ਦੇ ਸੰਪਰਕ ਵਿੱਚ ਆਏ। ਯੂਨੀਵਰਸਿਟੀ ਨੇ ਦੋਵਾਂ ਭਰਾਵਾਂ ਦਾ ਦੁੱਧ ਦੀ ਪ੍ਰੋਸੈਸਿੰਗ ਯੂਨਿਟ ਲਾਉਣ ਵਿੱਚ ਮਾਰਗਦਰਸ਼ਨ ਕੀਤਾ।

ਜਸਵੀਰ ਸਿੰਘ ਕਹਿੰਦੇ ਹਨ, "ਪਹਿਲਾਂ ਅਸੀਂ ਡੇਅਰੀ ਉੱਤੇ ਵੀ ਦੁੱਧ ਤੋਂ ਦਹੀ, ਲੱਸੀ, ਖੋਆ ਅਤੇ ਪਨੀਰ ਬਣਾ ਕੇ ਵੇਚਦੇ ਸੀ। ਫਿਰ ਸਾਡੇ ਕੋਲ ਯੂਨੀਵਰਸਿਟੀ ਦੀ ਟੀਮ ਆਈ ਅਤੇ ਪ੍ਰੋਸੈਸਿੰਗ ਪਲਾਂਟ ਲਗਾਉਣ ਦੀ ਗੱਲ ਸ਼ੁਰੂ ਹੋ ਗਈ।"

ਉਹ ਕਹਿੰਦੇ ਹਨ, "ਪਹਿਲਾਂ ਮੈਂ ਯੂਨੀਵਰਸਿਟੀ ਤੋਂ ਇੱਕ ਹਫ਼ਤੇ ਦੀ ਸਿਖਲਾਈ ਲਈ ਅਤੇ ਫਿਰ ਯੂਨੀਵਰਸਿਟੀ ਦੇ ਮਾਰਗ ਦਰਸ਼ਨ ਨਾਲ ਪਲਾਂਟ ਲਗਾ ਲਿਆ।"

ਪਰਵਾਸ ਤੋਂ ਟਾਲਾ ਵੱਟਿਆ

ਜਸਵੀਰ ਸਿੰਘ ਕਹਿੰਦੇ ਹਨ, "ਅਸੀਂ ਦੋ ਭਰਾ ਹਾਂ। ਮੇਰੇ ਦੋ ਮੁੰਡੇ ਹਨ ਅਤੇ ਮੇਰੇ ਵੱਡੇ ਭਰਾ ਦਾ ਇੱਕ ਮੁੰਡਾ ਅਤੇ ਇੱਕ ਕੁੜੀ ਹੈ। ਸਾਡੀ ਸੋਚ ਸੀ ਕਿ ਅਸੀਂ ਬੱਚੇ ਬਾਹਰ ਨਹੀਂ ਭੇਜਣੇ।"

"ਚਾਰ ਬੱਚਿਆਂ ਨੂੰ ਬਾਹਰ ਭੇਜਣ ਵਿੱਚ ਘੱਟੋ-ਘੱਟ 80 ਲੱਖ ਰੁਪਏ ਖਰਚਾ ਆਉਣਾ ਸੀ। ਇਸ ਲਈ ਅਸੀਂ ਸੋਚਿਆ ਇੰਨੇ ਪੈਸੇ ਲਾ ਕੇ ਇੱਥੇ ਹੀ ਕੋਈ ਧੰਦਾ ਸ਼ੁਰੂ ਕਰੀਏ।"

ਸੁਖਦੇਵ ਸਿੰਘ ਕਹਿੰਦੇ ਹਨ, "ਅਸੀਂ ਬੱਚਿਆਂ ਨੂੰ ਵਿਦੇਸ਼ ਭੇਜਣ ਦੀ ਥਾਂ ਇੱਥੇ ਹੀ ਕੋਈ ਕਾਰੋਬਾਰ ਸ਼ੁਰੂ ਕਰਨ ਦੇ ਉਦੇਸ਼ ਨਾਲ ਇਹ ਪ੍ਰੋਸੈਸਿੰਗ ਪਲਾਂਟ ਲਗਾਇਆ ਹੈ।"

ਜਸਵਿੰਦਰ ਕੌਰ
ਤਸਵੀਰ ਕੈਪਸ਼ਨ, ਉਨ੍ਹਾਂ ਦਾ ਮਾਂ ਜਸਵਿੰਦਰ ਕੌਰ ਸਣੇ ਪੂਰਾ ਟੱਬਰ ਮਿਹਨਤ ਕਰਦਾ ਹੈ

ਘਰ ਦੀਆਂ ਸੁਆਣੀਆਂ ਦਾ ਯੋਗਦਾਨ

ਦੋਵੇਂ ਭਰਾਵਾਂ ਦੀ ਬਜ਼ੁਰਗ ਮਾਂ, ਦੋਵਾਂ ਭਰਾਵਾਂ ਦੀਆਂ ਪਤਨੀਆਂ, ਸਾਰਾ ਪਰਿਵਾਰ ਮਿਲ ਕੇ ਪਲਾਂਟ ਵਿੱਚ ਮਿਹਨਤ ਕਰਦਾ ਹੈ। ਦੁੱਧ ਤੋਂ ਤਿਆਰ ਕੀਤੇ ਉਤਪਾਦਾਂ ਦੀ ਪੈਕਿੰਗ ਕਰਨ, ਖੋਆ ਅਤੇ ਪੰਜੀਰੀ ਤਿਆਰ ਕਰਨ, ਪਿੰਨੀਆਂ ਵੱਟਣ, ਸਾਂਭ-ਸੰਭਾਲ ਅਤੇ ਪਲਾਂਟ ਦੀ ਸਾਫ਼ ਸਫਾਈ ਵਿੱਚ ਯੋਗਦਾਨ ਦਿੰਦੀਆਂ ਹਨ।

ਦੋਵੇਂ ਭਰਾਵਾਂ ਦੀ ਮਾਂ ਜਸਵਿੰਦਰ ਕੌਰ ਦਾ ਕਹਿਣਾ ਹੈ, "ਅਸੀਂ ਸਾਰਾ ਪਰਿਵਾਰ ਕੰਮ ਕਰਦੇ ਹਾਂ। ਮੇਰੀਆਂ ਨੂੰਹਾਂ ਵੀ ਹੱਥ ਵਟਾਉਂਦੀਆਂ ਹਨ।"

"ਅਸੀਂ ਸਵੇਰੇ ਚਾਰ ਵਜੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਾਂ ਅਤੇ ਰਾਤ ਦੇ 11 ਵਜੇ ਤੱਕ ਮਿਹਨਤ ਕਰਦੇ ਹਾਂ।"

ਡਾ. ਗੋਪੀਕਾ ਤਲਵਾਰ

ਪਲਾਂਟ ਲਗਾਉਣ ਲਈ ਕਿੰਨਾ ਖਰਚਾ ਆਉਂਦਾ ਹੈ

ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ, ਲੁਧਿਆਣਾ ਦੇ ਡੇਅਰੀ ਅਤੇ ਫੂਡ ਸਾਇੰਸ ਟੈਕਨੋਲੋਜੀ ਵਿਭਾਗ ਦੀ ਪ੍ਰੋਫੈਸਰ ਡਾ. ਗੋਪੀਕਾ ਤਲਵਾਰ ਨੇ ਦੋਵੇਂ ਭਰਾਵਾਂ ਦਾ ਇਸ ਪਲਾਂਟ ਲਗਾਉਣ ਲਈ ਮਾਰਗਦਰਸ਼ਨ ਕੀਤਾ ਹੈ।

ਉਹ ਦੱਸਦੇ ਹਨ, "ਅਸੀਂ ਯੂਨੀਵਰਸਿਟੀ ਦੇ ਇੱਕ ਪ੍ਰਾਜੈਕਟ 'ਫਾਰਮਰ ਫਸਟ' ਤਹਿਤ ਜਸਵੀਰ ਨੂੰ ਮਿਲੇ ਸੀ। ਇਸ ਪ੍ਰਾਜੈਕਟ ਵਿੱਚ ਅਸੀ ਹਮੀਦੀ ਪਿੰਡ ਇੱਕ ਕੈਂਪ ਲਗਾਇਆ ਸੀ। ਇਸ ਕੈਂਪ ਦੌਰਾਨ ਜਸਵੀਰ ਨੇ ਪ੍ਰਾਜੈਕਟ ਵਿੱਚ ਰੁਚੀ ਦਿਖਾਈ ਸੀ। ਫਿਰ ਜਸਵੀਰ ਸਿੰਘ ਸਾਡੇ ਨਾਲ ਜੁੜੇ ਰਹੇ। ਉਨ੍ਹਾਂ ਨੇ ਇੱਥੋਂ ਸਿਖਲਾਈ ਲਈ ਅਤੇ ਫਿਰ ਇਹ ਪਲਾਂਟ ਲਗਾ ਲਿਆ।"

"ਮੌਜੂਦਾ ਸਮੇਂ ਹਜ਼ਾਰ ਲੀਟਰ ਦੀ ਸਮਰੱਥਾ ਵਾਲਾ ਪਲਾਂਟ ਲਗਾਉਣ ਲਈ ਮਸ਼ੀਨਾਂ ਉੱਤੇ ਲਗਭਗ 40 ਲੱਖ ਦਾ ਖਰਚਾ ਆਉਂਦਾ ਹੈ। ਇਸ ਤੋਂ ਇਲਾਵਾ ਇਮਾਰਤ, ਜ਼ਮੀਨ ਅਤੇ ਹੋਰ ਖਰਚੇ ਵੱਖਰੇ ਹਨ।"

ਡਾ. ਗੋਪੀਕਾ ਤਲਵਾਰ ਇਹ ਵੀ ਦੱਸਦੇ ਹਨ ਕਿ ਜਦੋਂ ਦੁੱਧ ਤੋਂ ਉਤਪਾਦ ਤਿਆਰ ਕਰਕੇ ਵਿੱਕ ਜਾਂਦੇ ਹਨ ਤਾਂ ਦੁੱਧ ਤੋਂ ਮੁਨਾਫਾ ਤਿੰਨ ਗੁਣਾ ਵੱਧ ਜਾਂਦਾ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)