ਐੱਮਐੱਸ ਸਵਾਮੀਨਾਥਨ: ਉਹ ਵਿਗਿਆਨੀ ਜਿਸ ਨੇ ਭਾਰਤ ਨੂੰ ਭੁੱਖਮਰੀ ਤੋਂ ਬਚਾਇਆ ਤੇ ਪੰਜਾਬ-ਹਰਿਆਣਾ ਨੂੰ ਅਨਾਜ ਭੰਡਾਰਾਂ 'ਚ ਤਬਦੀਲ ਕੀਤਾ

ਤਸਵੀਰ ਸਰੋਤ, The India Today Group via Getty Images
- ਲੇਖਕ, ਸੁਧਾ ਜੀ. ਤਿਲਕ
- ਰੋਲ, ਬੀਬੀਸੀ ਸਹਿਯੋਗੀ
ਇਹ ਸਾਲ 1965 ਸੀ।
ਦਿੱਲੀ ਦੇ ਬਾਹਰਵਾਰ ਇੱਕ ਛੋਟੇ ਜਿਹੇ ਪਿੰਡ ਜੌਂਟੀ ਵਿੱਚ ਐਤਵਾਰ ਦਾ ਇੱਕ ਦਿਨ ਸੀ, ਜਦੋਂ ਇੱਕ ਤਜਰਬੇਕਾਰ ਭਾਰਤੀ ਕਿਸਾਨ ਨੇ ਇੱਕ ਖੇਤੀਬਾੜੀ ਵਿਗਿਆਨੀ ਵੱਲ ਆਪਣਾ ਹੱਥ ਵਧਾਇਆ।
ਉਨ੍ਹਾਂ ਕਿਹਾ, "ਡਾਕਟਰ ਸਾਬ੍ਹ, ਅਸੀਂ ਤੁਹਾਡੇ ਬੀਜ ਲਵਾਂਗੇ।''
ਉਹ ਵਿਗਿਆਨੀ ਸਨ ਐੱਮਐੱਸ ਸਵਾਮੀਨਾਥਨ - ਜਿਨ੍ਹਾਂ ਨੂੰ ਬਾਅਦ ਵਿੱਚ ਟਾਈਮ ਮੈਗਜ਼ੀਨ ਦੁਆਰਾ "ਹਰੀ ਕ੍ਰਾਂਤੀ ਦਾ ਗੌਡਫਾਦਰ" ਕਿਹਾ ਗਿਆ ਅਤੇ ਗਾਂਧੀ ਅਤੇ ਟੈਗੋਰ ਦੇ ਨਾਲ 20ਵੀਂ ਸਦੀ ਦੇ ਭਾਰਤ ਦੇ ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀਆਂ ਵਿੱਚੋਂ ਇੱਕ ਦਾ ਦਰਜਾ ਦਿੱਤਾ ਗਿਆ।
ਜਦੋਂ ਸਵਾਮੀਨਾਥਨ ਨੇ ਉਸ ਕਿਸਾਨ ਨੂੰ ਪੁੱਛਿਆ ਕਿ ਉਹ ਅਜਿਹੀ ਕਿਹੜੀ ਗੱਲ ਸੀ ਜਿਸ ਕਾਰਨ ਉਹ ਉਨ੍ਹਾਂ ਤੋਂ ਪ੍ਰਯੋਗਾਤਮਕ ਉੱਚ-ਉਪਜ ਦੇਣ ਵਾਲੀ ਕਣਕ ਲੈਣ ਲਈ ਤਿਆਰ ਹੋ ਗਏ, ਤਾਂ ਉਸ ਵਿਅਕਤੀ ਨੇ ਜਵਾਬ ਦਿੱਤਾ ਕਿ ਜੇ ਕੋਈ ਐਤਵਾਰ ਨੂੰ ਵੀ ਆਪਣੇ ਕੰਮ ਲਈ ਇੱਕ ਤੋਂ ਦੂਜੇ ਖੇਤ ਫਿਰ ਰਿਹਾ ਹੈ, ਇਸ ਦਾ ਮਤਲਬ ਹੈ ਕਿ ਉਹ ਸਿਰਫ਼ ਮੁਨਾਫ਼ੇ ਲਈ ਅਜਿਹਾ ਨਹੀਂ ਕਰ ਰਿਹਾ ਸਗੋਂ ਉਹ ਆਪਣੇ ਸਿਧਾਤਾਂ 'ਤੇ ਕੰਮ ਕਰ ਰਿਹਾ ਹੈ - ਅਤੇ ਇਹ ਉਸਦਾ ਵਿਸ਼ਵਾਸ ਜਿੱਤਣ ਲਈ ਕਾਫ਼ੀ ਸੀ।
ਉਸ ਕਿਸਾਨ ਦਾ ਵਿਸ਼ਵਾਸ ਭਾਰਤ ਦੀ ਕਿਸਮਤ ਬਦਲਣ ਵਾਲਾ ਬਣਿਆ। ਜਿਵੇਂ ਕਿ ਪ੍ਰਿਯੰਬਦਾ ਜੈਕੁਮਾਰ ਦੀ ਨਵੀਂ ਜੀਵਨੀ, "ਦਿ ਮੈਨ ਹੂ ਫੈਡ ਇੰਡੀਆ" ਵਿੱਚ ਦਰਸਾਇਆ ਗਿਆ ਹੈ, ਕਿਸਾਨ ਦੇ ਇਸ ਭਰੋਸੇ ਨੇ ਭਾਰਤ ਦੀ ਕਿਸਮਤ ਬਦਲ ਦਿੱਤੀ।
ਜਿਵੇਂ ਕਿ ਪ੍ਰਿਯੰਬਦਾ ਜੈਕੁਮਾਰ ਦੀ ਨਵੀਂ ਜੀਵਨੀ 'ਦਿ ਮੈਨ ਹੂ ਫੈਡ ਇੰਡੀਆ' ਦਰਸਾਉਂਦੀ ਹੈ, ਸਵਾਮੀਨਾਥਨ ਦਾ ਜੀਵਨ ਇੱਕ ਦੇਸ਼ ਦੀ 'ਸ਼ਿਪ-ਟੂ-ਮਾਊਥ' (ਸਮੁੰਦਰੀ ਜਹਾਜ਼ਾਂ ਤੋਂ ਮਿਲਣ ਵਾਲੀ - ਉਸ ਵੇਲੇ ਭਾਰਤ 'ਚ ਲੋਕਾਂ ਦਾ ਢਿੱਡ ਭਰਨ ਲਈ ਅਨਾਜ ਸਮੁੰਦਰੀ ਜਹਾਜ਼ਾਂ ਰਾਹੀਂ ਦਰਾਮਦ ਕੀਤਾ ਜਾਂਦਾ ਸੀ) ਹੋਂਦ ਤੋਂ ਭੋਜਨ ਵਿੱਚ ਆਤਮ-ਨਿਰਭਰਤਾ ਤੱਕ ਦੀ ਛਾਲ ਦੀ ਕਹਾਣੀ ਵਾਂਗ ਹੈ—ਜਿਸ ਨੇ ਨਾ ਸਿਰਫ਼ ਭਾਰਤ ਸਗੋਂ ਏਸ਼ੀਆ ਦੇ ਭੋਜਨ ਸੁਰੱਖਿਆ ਪ੍ਰਤੀ ਦ੍ਰਿਸ਼ਟੀਕੋਣ ਨੂੰ ਵੀ ਨਵਾਂ ਰੂਪ ਦਿੱਤਾ।
ਬੰਗਾਲ ਅਕਾਲ, ਜਿਸ ਨੇ ਤੀਹ ਲੱਖ ਤੋਂ ਵੱਧ ਲੋਕਾਂ ਦੀ ਜਾਨ ਲੈ ਲਈ

ਤਸਵੀਰ ਸਰੋਤ, Getty Images
ਸਾਲਾਂ ਦੀਆਂ ਬਸਤੀਵਾਦੀ ਨੀਤੀਆਂ ਨੇ ਭਾਰਤੀ ਖੇਤੀਬਾੜੀ ਨੂੰ ਸੁਸਤ ਕਰ ਦਿੱਤਾ ਸੀ - ਘੱਟ ਉਪਜ, ਬੰਜਰ ਮਿੱਟੀ ਅਤੇ ਲੱਖਾਂ ਕਿਸਾਨ ਬੇਜ਼ਮੀਨੇ ਹੋ ਗਏ ਸਨ ਜਾਂ ਕਰਜ਼ੇ ਵਿੱਚ ਡੁੱਬੇ ਹੋਏ ਸਨ। 1960 ਦੇ ਦਹਾਕੇ ਦੇ ਅੱਧ ਤੱਕ ਔਸਤ ਭਾਰਤੀ ਪ੍ਰਤੀ ਦਿਨ ਸਿਰਫ਼ 417 ਗ੍ਰਾਮ ਭੋਜਨ 'ਤੇ ਗੁਜ਼ਾਰਾ ਕਰਦਾ ਸੀ, ਜੋ ਕਿ ਅਮਰੀਕਾ ਤੋਂ ਹੁੰਦੀ ਕਣਕ ਦੀ ਅਨਿਯਮਿਤ ਦਰਾਮਦ 'ਤੇ ਨਿਰਭਰ ਸੀ - ਅਨਾਜ ਦੀ ਸ਼ਿਪਮੈਂਟ ਲਈ ਰੋਜ਼ਾਨਾ ਉਡੀਕ ਕਰਨਾ ਦੇਸ਼ ਲਈ ਜਿਵੇਂ ਇੱਕ ਸਦਮਾ ਤੇ ਸਮੱਸਿਆ ਬਣ ਗਈ ਸੀ।
ਭੋਜਨ ਦੀ ਘਾਟ ਇੰਨੀ ਗੰਭੀਰ ਸੀ ਕਿ ਉਸ ਸਮੇਂ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦੀ ਥਾਂ ਸ਼ਕਰਕੰਦੀ ਖਾਣ, ਅਤੇ ਦੇਸ਼ ਦੇ ਵੱਡੇ ਹਿੱਸੇ ਦਾ ਮੁੱਖ ਭੋਜਨ ਚੌਲ ਤਾਂ ਜਿਵੇਂ ਦੇਖਣ ਨੂੰ ਵੀ ਨਹੀਂ ਮਿਲਦੇ ਸਨ।
'ਹਰੀ ਕ੍ਰਾਂਤੀ' ਨੇ ਸੁੱਕੇ ਖੇਤਾਂ ਨੂੰ ਸੁਨਹਿਰੀ ਫਸਲਾਂ ਨਾਲ ਭਰ ਦਿੱਤਾ, ਕੁਝ ਹੀ ਸਾਲਾਂ ਵਿੱਚ ਕਣਕ ਦੇ ਉਤਪਾਦਨ ਨੂੰ ਦੁੱਗਣਾ ਕਰ ਦਿੱਤਾ, ਅਤੇ ਅਕਾਲ ਦੇ ਕੰਢੇ ਖੜ੍ਹੇ ਇੱਕ ਦੇਸ਼ ਨੂੰ ਅਨਾਜ ਦਾ ਭੰਡਾਰ ਬਣਾ ਦਿੱਤਾ, ਜੋ ਕਿ ਏਸ਼ੀਆ ਦੀਆਂ ਭੋਜਨ ਮਹਾਂਸ਼ਕਤੀਆਂ ਵਿੱਚੋਂ ਇੱਕ ਬਣ ਗਿਆ। ਇਹ ਵਿਗਿਆਨ ਸੀ ਜੋ ਜਿਉਂਦੇ ਰਹਿਣ ਦੀ ਸੇਵਾ ਵਿੱਚ ਕੀਤਾ ਗਿਆ ਸੀ ਅਤੇ ਸਵਾਮੀਨਾਥਨ ਨੇ ਇਸ ਦੀ ਅਗਵਾਈ ਕੀਤੀ ਸੀ।
1925 ਵਿੱਚ ਤਾਮਿਲਨਾਡੂ ਦੇ ਕੁੰਭਕੋਣਮ ਵਿੱਚ ਜਨਮੇ ਸਵਾਮੀਨਾਥਨ ਇੱਕ ਜ਼ਿਮੀਂਦਾਰ ਪਰਿਵਾਰ ਵਿੱਚ ਵੱਡੇ ਹੋਏ, ਜੋ ਸਿੱਖਿਆ ਅਤੇ ਸੇਵਾ ਨੂੰ ਮਹੱਤਵ ਦਿੰਦੇ ਸਨ। ਪਰਿਵਾਰ ਨੂੰ ਉਮੀਦ ਸੀ ਕਿ ਉਹ ਦਵਾਈਆਂ ਸਬੰਧੀ ਪੜ੍ਹਾਈ ਕਰਨਗੇ, ਪਰ 1943 ਦੇ ਬੰਗਾਲ ਅਕਾਲ ਨੇ ਉਨ੍ਹਾਂ ਨੂੰ ਹਿਲਾ ਕੇ ਰੱਖ ਦਿੱਤਾ। ਇਸ ਅਕਾਲ ਨੇ ਤੀਹ ਲੱਖ ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਸੀ।
ਹਰੀ ਕ੍ਰਾਂਤੀ

ਤਸਵੀਰ ਸਰੋਤ, NARINDER NANU/AFP via Getty Images
ਉਨ੍ਹਾਂ ਨੇ ਆਪਣੇ ਜੀਵਨੀਕਾਰ ਨੂੰ ਦੱਸਿਆ, "ਮੈਂ ਇੱਕ ਵਿਗਿਆਨੀ ਬਣਨ ਦਾ ਫੈਸਲਾ ਕੀਤਾ ਤਾਂ ਜੋ ਅਸੀਂ 'ਸਮਾਰਟ' ਫਸਲਾਂ ਉਗਾ ਸਕੀਏ ਜੋ ਸਾਨੂੰ ਵਧੇਰੇ ਭੋਜਨ ਦੇਣ... ਜੇਕਰ ਦਵਾਈ ਕੁਝ ਜਾਨਾਂ ਬਚਾ ਸਕਦੀ ਹੈ, ਤਾਂ ਖੇਤੀਬਾੜੀ ਲੱਖਾਂ ਲੋਕਾਂ ਨੂੰ ਬਚਾ ਸਕਦੀ ਹੈ।"
ਇਸ ਲਈ ਉਨ੍ਹਾਂ ਨੇ ਪੌਦਿਆਂ ਦੇ ਜੈਨੇਟਿਕਸ ਸਬੰਧੀ ਪੜ੍ਹਾਈ ਕੀਤੀ, ਕੈਂਬਰਿਜ ਤੋਂ ਪੀਐੱਚਡੀ ਕੀਤੀ ਅਤੇ ਫਿਰ ਨੀਦਰਲੈਂਡਜ਼ ਅਤੇ ਫਿਲੀਪੀਨਜ਼ ਵਿੱਚ ਅੰਤਰਰਾਸ਼ਟਰੀ ਚੌਲ ਖੋਜ ਸੰਸਥਾ (ਆਈਆਰਆਰਆਈ) ਵਿੱਚ ਕੰਮ ਕੀਤਾ। ਮੈਕਸੀਕੋ ਵਿੱਚ ਉਹ ਅਮਰੀਕੀ ਖੇਤੀਬਾੜੀ ਵਿਗਿਆਨੀ ਅਤੇ ਨੋਬਲ ਪੁਰਸਕਾਰ ਜੇਤੂ ਨੌਰਮਨ ਬੋਰਲੌਗ ਨੂੰ ਮਿਲੇ, ਜਿਨ੍ਹਾਂ ਦੀ ਉੱਚ-ਉਪਜ ਦੇਣ ਵਾਲੀ ਨਿੱਕੇ ਦਾਣਿਆਂ ਵਾਲੀ ਕਣਕ ਦੀ ਕਿਸਮ ਹਰੀ ਕ੍ਰਾਂਤੀ ਦੀ ਰੀੜ੍ਹ ਦੀ ਹੱਡੀ ਬਣ ਗਈ।
ਸਾਲ 1963 ਵਿੱਚ, ਸਵਾਮੀਨਾਥਨ ਨੇ ਬੋਰਲੌਗ ਨੂੰ ਮਨਾ ਲਿਆ ਕਿ ਉਹ ਭਾਰਤ ਨੂੰ ਮੈਕਸੀਕਨ ਕਣਕ ਦੀਆਂ ਕਿਸਮਾਂ ਭੇਜਣ।
ਤਿੰਨ ਸਾਲ ਬਾਅਦ, ਦੇਸ਼ ਭਰ 'ਚ ਕੀਤੇ ਜਾਣ ਵਾਲੇ ਪ੍ਰਯੋਗ ਦੇ ਹਿੱਸੇ ਵਜੋਂ ਭਾਰਤ ਨੇ 18,000 ਟਨ ਬੀਜ ਦਰਾਮਦ ਕੀਤੇ। ਸਵਾਮੀਨਾਥਨ ਨੇ ਇਨ੍ਹਾਂ ਨੂੰ ਭਾਰਤੀ ਸਥਿਤੀਆਂ ਦੇ ਅਨੁਸਾਰ ਢਾਲਿਆ ਅਤੇ ਸੁਧਾਰਿਆ, ਸੁਨਹਿਰੀ ਰੰਗ ਦੀਆਂ ਕਿਸਮਾਂ ਵਿਕਸਤ ਕੀਤੀਆਂ, ਜੋ ਸਥਾਨਕ ਕਣਕ ਨਾਲੋਂ ਦੋ ਤੋਂ ਤਿੰਨ ਗੁਣਾ ਵੱਧ ਝਾੜ ਦਿੰਦੀਆਂ ਸਨ ਅਤੇ ਬਿਮਾਰੀਆਂ ਅਤੇ ਕੀੜਿਆਂ ਪ੍ਰਤੀ ਵੀ ਰੋਧਕ ਸਨ।
ਪੰਜਾਬ ਅਤੇ ਹਰਿਆਣਾ ਬਣੇ ਅਨਾਜ ਦੇ ਭੰਡਾਰ

ਤਸਵੀਰ ਸਰੋਤ, AFP via Getty Images
ਜੈਕੁਮਾਰ ਲਿਖਦੇ ਹਨ ਕਿ ਬੀਜਾਂ ਦੀ ਦਰਾਮਦ ਅਤੇ ਵੰਡ ਬਿਲਕੁਲ ਵੀ ਸੁਚਾਰੂ ਨਹੀਂ ਸੀ।
ਨੌਕਰਸ਼ਾਹਾਂ ਨੂੰ ਡਰ ਸੀ ਕਿ ਇਸ ਦੇ ਲਈ ਵਿਦੇਸ਼ੀ ਜਰਮਪਲਾਜ਼ਮ 'ਤੇ ਨਿਰਭਰ ਰਹਿਣਾ ਪਵੇਗਾ, ਲੌਜਿਸਟਿਕਸ ਨੇ ਸ਼ਿਪਿੰਗ ਅਤੇ ਕਸਟਮ ਨੂੰ ਹੌਲੀ ਕਰ ਦਿੱਤਾ, ਅਤੇ ਕਿਸਾਨ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਤੇ ਜਾਣੀਆਂ-ਪਛਾਣੀਆਂ ਕਿਸਮਾਂ ਨਾਲ ਹੀ ਜੁੜੇ ਰਹੇ।
ਸਵਾਮੀਨਾਥਨ ਨੇ ਇਨ੍ਹਾਂ ਚੁਣੌਤੀਆਂ ਨੂੰ ਡੇਟਾ ਅਤੇ ਵਕਾਲਤ ਨਾਲ ਹੱਲ ਕੀਤਾ - ਉਹ ਆਪਣੇ ਪਰਿਵਾਰ ਨਾਲ ਨਿੱਜੀ ਤੌਰ 'ਤੇ ਖੇਤਾਂ ਦਾ ਦੌਰਾ ਕਰਦੇ ਤੇ ਖੁਦ ਕਿਸਾਨਾਂ ਨੂੰ ਬੀਜ ਦਿੰਦੇ। ਪੰਜਾਬ ਵਿੱਚ ਬਿਜਾਈ ਦੇ ਸੀਜ਼ਨ ਦੌਰਾਨ ਬੀਜਾਂ ਦੀ ਤੇਜ਼ੀ ਨਾਲ ਵੰਡ ਲਈ ਉਨ੍ਹਾਂ ਨੇ ਕੈਦੀਆਂ ਨੂੰ ਵੀ ਭਰਤੀ ਕੀਤਾ ਤਾਂ ਜੋ ਉਹ ਬੀਜਾਂ ਦੇ ਪੈਕੇਟ ਸਿਲਾਈ ਕਰ ਸਕਣ।
ਹਾਲਾਂਕਿ ਮੈਕਸੀਕਨ ਛੋਟੇ ਦਾਣੇ ਵਾਲੀ ਕਣਕ ਲਾਲ ਸੀ, ਸਵਾਮੀਨਾਥਨ ਨੇ ਇਹ ਯਕੀਨੀ ਬਣਾਇਆ ਕਿ ਇਹ ਹਾਈਬ੍ਰਿਡ ਕਿਸਮਾਂ ਨਾਨ ਅਤੇ ਰੋਟੀ ਵਰਗੀਆਂ ਭਾਰਤੀ ਰੋਟੀਆਂ ਦੇ ਅਨੁਕੂਲ ਸੁਨਹਿਰੀ ਰੰਗ ਦੀਆਂ ਹੋਣ।
ਇਨ੍ਹਾਂ ਨੂੰ ਕਲਿਆਣ ਸੋਨਾ ਅਤੇ ਸੋਨਾਲੀਕਾ ਨਾਮ ਦਿੱਤਾ ਗਿਆ - ਭਾਵ ਸੋਨੇ ਵਰਗੀਆਂ ਸੁਨਹਿਰੀ - ਇਨ੍ਹਾਂ ਉੱਚ-ਉਪਜ ਦੇਣ ਵਾਲੇ ਅਨਾਜਾਂ ਨੇ ਉੱਤਰੀ ਭਾਰਤੀ ਸੂਬਿਆਂ ਪੰਜਾਬ ਅਤੇ ਹਰਿਆਣਾ ਨੂੰ ਅਨਾਜ ਭੰਡਾਰਾਂ ਵਿੱਚ ਬਦਲਣ ਵਿੱਚ ਮਦਦ ਕੀਤੀ।
ਇੱਕ ਚਮਤਕਾਰ, ਜਿਸ ਨੇ ਇੱਕ ਪੀੜ੍ਹੀ ਨੂੰ ਬਚਾ ਲਿਆ

ਤਸਵੀਰ ਸਰੋਤ, Pallava Bagla/Corbis via Getty Images
ਸਵਾਮੀਨਾਥਨ ਦੇ ਪ੍ਰਯੋਗਾਂ ਨੇ ਭਾਰਤ ਨੂੰ ਤੇਜ਼ੀ ਨਾਲ ਆਤਮਨਿਰਭਰਤਾ ਵੱਲ ਵਧਾਇਆ। ਸਾਲ 1971 ਤੱਕ ਉਪਜ ਦੁੱਗਣੀ ਹੋ ਗਈ, ਸਿਰਫ਼ ਚਾਰ ਸਾਲਾਂ ਵਿੱਚ ਅਕਾਲ ਦੀ ਸਥਿਤੀ ਨੂੰ ਵਾਧੂ ਅਨਾਜ ਵਾਲੀ ਸਥਿਤੀ ਵਿੱਚ ਬਦਲ ਦਿੱਤਾ। ਇਹ ਇੱਕ ਚਮਤਕਾਰ ਸੀ, ਜਿਸ ਨੇ ਇੱਕ ਪੀੜ੍ਹੀ ਨੂੰ ਬਚਾ ਲਿਆ।
ਜੈਕੁਮਾਰ ਦੇ ਅਨੁਸਾਰ, ਸਵਾਮੀਨਾਥਨ ਦੀ ਫਿਲਾਸਫੀ ਸੀ - "ਕਿਸਾਨ-ਪਹਿਲਾਂ"।
ਉਨ੍ਹਾਂ ਆਪਣੇ ਜੀਵਨੀਕਾਰ ਨੂੰ ਦੱਸਿਆ, "ਕੀ ਤੁਸੀਂ ਜਾਣਦੇ ਹੋ ਕਿ ਖੇਤ ਵੀ ਇੱਕ ਪ੍ਰਯੋਗਸ਼ਾਲਾ ਹੈ? ਅਤੇ ਕਿਸਾਨ ਅਸਲ ਵਿਗਿਆਨੀ ਹਨ? ਉਹ ਮੇਰੇ ਨਾਲੋਂ ਬਹੁਤ ਜ਼ਿਆਦਾ ਜਾਣਦੇ ਹਨ।''
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਗਿਆਨੀਆਂ ਨੂੰ ਹੱਲ ਪੇਸ਼ ਕਰਨ ਤੋਂ ਪਹਿਲਾਂ ਕਿਸਾਨ ਦੀ ਗੱਲ ਸੁਣਨੀ ਚਾਹੀਦੀ ਹੈ। ਉਨ੍ਹਾਂ ਨੇ ਖੁਦ ਮਿੱਟੀ ਦੀ ਨਮੀ, ਬੀਜਾਂ ਦੀਆਂ ਕੀਮਤਾਂ ਅਤੇ ਕੀੜਿਆਂ ਆਦਿ ਬਾਰੇ ਜਾਣਨ ਲਈ ਕਈ ਵੀਕਐਂਡ ਬਿਤਾਏ ਸਨ।
ਓਡੀਸ਼ਾ ਵਿੱਚ ਉਨ੍ਹਾਂ ਨੇ ਚੌਲਾਂ ਦੀਆਂ ਕਿਸਮਾਂ ਨੂੰ ਸੁਧਾਰਨ ਲਈ ਕਬਾਇਲੀ ਮਹਿਲਾਵਾਂ ਨਾਲ ਕੰਮ ਕੀਤਾ। ਤਾਮਿਲਨਾਡੂ ਦੇ ਸੁੱਕੇ ਖੇਤਰਾਂ ਵਿੱਚ ਉਨ੍ਹਾਂ ਨੇ ਅਜਿਹੀਆਂ ਫਸਲਾਂ ਨੂੰ ਉਤਸ਼ਾਹਿਤ ਕੀਤਾ ਜੋ ਨਮਕ ਪ੍ਰਤੀ ਸਹਿਣਸ਼ੀਲ ਸਨ।
ਪੰਜਾਬ ਵਿੱਚ ਉਨ੍ਹਾਂ ਨੇ ਖਦਸ਼ੇ ਪ੍ਰਗਟਾਉਣ ਵਾਲੇ ਕਿਸਾਨਾਂ ਨੂੰ ਕਿਹਾ ਕਿ ਇੱਕਲੇ ਵਿਗਿਆਨ ਭੁੱਖਮਰੀ ਨੂੰ ਖਤਮ ਨਹੀਂ ਕਰੇਗਾ, "ਵਿਗਿਆਨ ਨੂੰ ਕਰੂਣਾ ਦੇ ਨਾਲ ਚੱਲਣਾ ਚਾਹੀਦਾ ਹੈ''।
ਭਾਰਤ ਤੋਂ ਬਾਹਰ ਵੀ ਪ੍ਰਭਾਵ

ਤਸਵੀਰ ਸਰੋਤ, Hindustan Times via Getty Images
ਸਵਾਮੀਨਾਥਨ ਭਾਰਤੀ ਖੇਤੀਬਾੜੀ ਨੂੰ ਦਰਪੇਸ਼ ਚੁਣੌਤੀਆਂ ਤੋਂ ਚੰਗੀ ਤਰ੍ਹਾਂ ਜਾਣੂ ਸਨ। ਰਾਸ਼ਟਰੀ ਕਿਸਾਨ ਕਮਿਸ਼ਨ ਦੇ ਚੇਅਰਮੈਨ ਹੋਣ ਦੇ ਨਾਤੇ ਉਨ੍ਹਾਂ ਨੇ 2004 ਅਤੇ 2006 ਦੇ ਵਿਚਕਾਰ ਪੰਜ ਰਿਪੋਰਟਾਂ ਦੀ ਨਿਗਰਾਨੀ ਕੀਤੀ, ਜਿਸਦੇ ਨਤੀਜੇ ਵਜੋਂ ਇੱਕ ਅੰਤਿਮ ਰਿਪੋਰਟ ਆਈ ਜਿਸ ਵਿੱਚ ਕਿਸਾਨੀ ਸੰਕਟ ਅਤੇ ਵਧਦੀਆਂ ਖੁਦਕੁਸ਼ੀਆਂ ਦੀਆਂ ਜੜ੍ਹਾਂ ਦੀ ਜਾਂਚ ਕੀਤੀ ਗਈ, ਜਿਸ ਵਿੱਚ ਇੱਕ ਵਿਆਪਕ ਰਾਸ਼ਟਰੀ ਕਿਸਾਨ ਨੀਤੀ ਦੀ ਮੰਗ ਕੀਤੀ ਗਈ।
1990 ਦੇ ਦਹਾਕੇ ਦੇ ਅਖੀਰ ਵਿੱਚ ਵੀ ਉਹ ਕਿਸਾਨਾਂ ਦੇ ਨਾਲ ਖੜ੍ਹੇ ਸਨ - ਜਦੋਂ ਉਨ੍ਹਾਂ ਦੀ ਆਪਣੀ ਉਮਰ 98 ਸਾਲ ਸੀ। ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਵਿੱਚ ਵਿਵਾਦਪੂਰਨ ਖੇਤੀਬਾੜੀ ਸੁਧਾਰਾਂ ਦਾ ਵਿਰੋਧ ਕਰਨ ਵਾਲਿਆਂ ਦਾ ਖੁੱਲ੍ਹ ਕੇ ਸਮਰਥਨ ਕੀਤਾ।
ਸਵਾਮੀਨਾਥਨ ਦਾ ਪ੍ਰਭਾਵ ਭਾਰਤ ਤੋਂ ਵੀ ਬਾਹਰ ਤੱਕ ਫੈਲਿਆ ਹੋਇਆ ਸੀ।
1980 ਦੇ ਦਹਾਕੇ ਵਿੱਚ ਫਿਲੀਪੀਨਜ਼ ਵਿੱਚ ਆਈਆਰਆਰਆਈ ਦੇ ਪਹਿਲੇ ਭਾਰਤੀ ਡਾਇਰੈਕਟਰ ਜਨਰਲ ਹੋਣ ਦੇ ਨਾਤੇ ਉਨ੍ਹਾਂ ਨੇ ਦੱਖਣ-ਪੂਰਬੀ ਏਸ਼ੀਆ ਵਿੱਚ ਉੱਚ-ਉਪਜ ਵਾਲੇ ਚੌਲਾਂ ਦਾ ਪ੍ਰਸਾਰ ਕੀਤਾ, ਜਿਸ ਨਾਲ ਇੰਡੋਨੇਸ਼ੀਆ, ਵੀਅਤਨਾਮ ਅਤੇ ਫਿਲੀਪੀਨਜ਼ ਵਿੱਚ ਉਤਪਾਦਨ ਵਿੱਚ ਵਾਧਾ ਹੋਇਆ।
ਮਲੇਸ਼ੀਆ ਤੋਂ ਈਰਾਨ ਤੱਕ ਅਤੇ ਮਿਸਰ ਤੋਂ ਤਨਜ਼ਾਨੀਆ ਤੱਕ, ਉਨ੍ਹਾਂ ਨੇ ਸਰਕਾਰਾਂ ਨੂੰ ਇਸ ਸਬੰਧੀ ਸਲਾਹ ਦਿੱਤੀ, ਕੰਬੋਡੀਆ ਦੇ ਰਾਈਸ ਜੀਨ ਬੈਂਕ ਨੂੰ ਦੁਬਾਰਾ ਬਣਾਉਣ ਵਿੱਚ ਮਦਦ ਕੀਤੀ, ਉੱਤਰੀ ਕੋਰੀਆਈ ਮਹਿਲਾ ਕਿਸਾਨਾਂ ਨੂੰ ਸਿਖਲਾਈ ਦਿੱਤੀ, ਇਥੋਪੀਆ ਦੇ ਸੋਕੇ ਦੌਰਾਨ ਅਫਰੀਕੀ ਖੇਤੀਬਾੜੀ ਮਾਹਿਰਾਂ ਦੀ ਸਹਾਇਤਾ ਕੀਤੀ ਅਤੇ ਏਸ਼ੀਆ ਭਰ ਵਿੱਚ ਪੀੜ੍ਹੀਆਂ ਦਾ ਮਾਰਗਦਰਸ਼ਨ ਕੀਤਾ। ਉਨ੍ਹਾਂ ਦੇ ਕੰਮ ਨੇ ਚੀਨ ਦੇ ਹਾਈਬ੍ਰਿਡ-ਰਾਈਸ ਪ੍ਰੋਗਰਾਮ ਨੂੰ ਵੀ ਆਕਾਰ ਦਿੱਤਾ ਅਤੇ ਅਫਰੀਕਾ ਦੀ ਹਰੀ ਕ੍ਰਾਂਤੀ ਨੂੰ ਤੇਜ਼ ਕੀਤਾ।
ਸਾਲ 1987 ਵਿੱਚ ਉਹ ਵਿਸ਼ਵ ਖੁਰਾਕ ਪੁਰਸਕਾਰ ਕਰਨ ਵਾਲੇ ਪਹਿਲੇ ਵਿਅਕਤੀ ਬਣੇ। ਭੁੱਖਮਰੀ ਨੂੰ ਖਤਮ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਲਈ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਨੇ ਉਨ੍ਹਾਂ ਨੂੰ ਇੱਕ "ਲਿਵਿੰਗ ਲੀਜੈਂਡ" ਵਜੋਂ ਸਨਮਾਨਿਤ ਕੀਤਾ।
ਚੇਨਈ ਸਥਿਤ ਐੱਮਐੱਸ ਸਵਾਮੀਨਾਥਨ ਰਿਸਰਚ ਫਾਊਂਡੇਸ਼ਨ ਰਾਹੀਂ ਉਨ੍ਹਾਂ ਦੇ ਬਾਅਦ ਦੇ ਕੰਮ ਜੈਵ ਵਿਭਿੰਨਤਾ, ਤੱਟਵਰਤੀ ਇਲਾਕਿਆਂ ਲਈ ਕੰਮ 'ਤੇ ਕੇਂਦਰਿਤ ਰਹੇ, ਜਿਸ ਨੂੰ ਉਨ੍ਹਾਂ ਨੇ "ਗਰੀਬ-ਪੱਖੀ, ਮਹਿਲਾਵਾਂ-ਪੱਖੀ, ਕੁਦਰਤ-ਪੱਖੀ" ਵਿਕਾਸ ਮਾਡਲ ਕਿਹਾ।
ਸਦਾਬਹਾਰ ਕ੍ਰਾਂਤੀ

ਤਸਵੀਰ ਸਰੋਤ, AFP via Getty Images
ਹਰੀ ਕ੍ਰਾਂਤੀ ਦੀ ਸਫਲਤਾ ਕੁਝ ਮਾੜੇ ਨਤੀਜੇ ਵੀ ਨਿਕਲੇ: ਤੀਬਰ ਖੇਤੀ ਨੇ ਭੂਮੀਗਤ ਪਾਣੀ ਨੂੰ ਘਟਾ ਦਿੱਤਾ, ਮਿੱਟੀ ਦੀ ਗੁਣਵੱਤਾ ਘਟੀ, ਅਤੇ ਕੀਟਨਾਸ਼ਕਾਂ ਨਾਲ ਖੇਤਾਂ ਨੂੰ ਦੂਸ਼ਿਤ ਕੀਤਾ, ਜਦਕਿ ਸਿਰਫ ਕਣਕ ਅਤੇ ਚੌਲਾਂ ਦੀ ਖੇਤੀ ਨੇ ਜੈਵ ਵਿਭਿੰਨਤਾ ਨੂੰ ਤਬਾਹ ਕਰ ਦਿੱਤਾ ਅਤੇ ਜਲਵਾਯੂ ਸਬੰਧੀ ਸੰਵੇਦਨਸ਼ੀਲਤਾ ਨੂੰ ਵਧਾਇਆ, ਖਾਸ ਕਰਕੇ ਪੰਜਾਬ ਅਤੇ ਹਰਿਆਣਾ ਵਿੱਚ।
ਸਵਾਮੀਨਾਥਨ ਨੇ ਇਨ੍ਹਾਂ ਜੋਖਮਾਂ ਨੂੰ ਸਵੀਕਾਰ ਕੀਤਾ ਅਤੇ 1990 ਦੇ ਦਹਾਕੇ ਵਿੱਚ "ਸਦਾਬਹਾਰ ਕ੍ਰਾਂਤੀ" - ਵਾਤਾਵਰਣ ਨੂੰ ਨੁਕਸਾਨ ਪਹੁੰਚਾਏ ਬਿਨ੍ਹਾਂ ਉੱਚ ਉਤਪਾਦਕਤਾ - ਦੀ ਮੰਗ ਕੀਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਭਵਿੱਖ ਦੀ ਤਰੱਕੀ ਖਾਦਾਂ 'ਤੇ ਨਹੀਂ, ਸਗੋਂ ਪਾਣੀ, ਮਿੱਟੀ ਅਤੇ ਬੀਜਾਂ ਦੀ ਸੰਭਾਲ 'ਤੇ ਨਿਰਭਰ ਕਰੇਗੀ।
ਇੱਕ ਦੁਰਲੱਭ ਜਨਤਕ ਸ਼ਖਸੀਅਤ, ਜਿਸਨੇ ਡੇਟਾ ਨੂੰ ਹਮਦਰਦੀ ਨਾਲ ਜੋੜਿਆ। ਉਨ੍ਹਾਂ ਨੇ ਆਪਣੇ 1971 ਦੇ ਰੈਮਨ ਮੈਗਸੇਸੇ ਪੁਰਸਕਾਰ ਦਾ ਜ਼ਿਆਦਾਤਰ ਹਿੱਸਾ ਪੇਂਡੂ ਸਕਾਲਰਸ਼ਿਪਾਂ ਨੂੰ ਦਾਨ ਕਰ ਦਿੱਤਾ ਅਤੇ ਬਾਅਦ ਵਿੱਚ ਕਿਸਾਨਾਂ ਲਈ ਲਿੰਗ ਸਮਾਨਤਾ ਅਤੇ 'ਐਗ੍ਰੀ-ਟੈਕ' ਵਰਗੇ ਸ਼ਬਦਾਂ ਦੇ ਪ੍ਰਸਿੱਧ ਹੋਣ ਤੋਂ ਵੀ ਪਹਿਲਾਂ ਡਿਜੀਟਲ ਸਾਖਰਤਾ ਨੂੰ ਉਤਸ਼ਾਹਿਤ ਕੀਤਾ।
ਉਨ੍ਹਾਂ ਦੇ ਪ੍ਰਭਾਵ 'ਤੇ ਵਿਚਾਰ ਕਰਦੇ ਹੋਏ ਓਡੀਸ਼ਾ ਦੇ ਸਾਬਕਾ ਮੁੱਖ ਮੰਤਰੀ ਨਵੀਨ ਪਟਨਾਇਕ ਕਹਿੰਦੇ ਹਨ: "ਉਨ੍ਹਾਂ ਦੀ ਵਿਰਾਸਤ ਸਾਨੂੰ ਯਾਦ ਦਿਵਾਉਂਦੀ ਹੈ ਕਿ ਭੁੱਖਮਰੀ ਤੋਂ ਆਜ਼ਾਦੀ ਸਭ ਤੋਂ ਵੱਡੀ ਆਜ਼ਾਦੀ ਹੈ।"
ਸਵਾਮੀਨਾਥਨ ਦੇ ਜੀਵਨ ਵਿੱਚ, ਵਿਗਿਆਨ ਅਤੇ ਦਇਆ ਨੇ ਮਿਲ ਕੇ ਲੱਖਾਂ ਲੋਕਾਂ ਨੂੰ ਇਹ ਆਜ਼ਾਦੀ ਦਿੱਤੀ। ਸਾਲ 2023 ਵਿੱਚ 98 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ, ਪਰ ਆਪਣੇ ਪਿੱਛੇ ਉਹ ਟਿਕਾਊ, ਕਿਸਾਨ-ਕੇਂਦ੍ਰਿਤ ਖੇਤੀਬਾੜੀ ਵਿੱਚ ਇੱਕ ਅਜਿਹੀ ਵਿਰਾਸਤ ਛੱਡ ਗਏ, ਜੋ ਅਮਿੱਟ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












