ਅਜਿਹਾ ਟਾਪੂ ਜਿਸ 'ਤੇ ਮਹਿਜ਼ 3 ਲੋਕ ਪਰ 200 ਭੇਡਾਂ ਰਹਿੰਦੀਆਂ ਹਨ, ਇਸ ਖਾਸ ਟਾਪੂ 'ਤੇ ਲੋਕਾਂ ਨੂੰ ਰਹਿਣ ਦਾ ਸੱਦਾ ਕਿਉਂ ਦਿੱਤਾ ਜਾ ਰਿਹਾ ਹੈ?

ਗਵਿਨੇਡ
ਤਸਵੀਰ ਕੈਪਸ਼ਨ, ਗਵਿਨੇਡ ਵਿੱਚ ਸਿਰਫ਼ ਤਿੰਨ ਲੋਕ ਰਹਿੰਦੇ ਹਨ
    • ਲੇਖਕ, ਨਾਥਨ ਬੇਵਨ
    • ਰੋਲ, ਬੀਬੀਸੀ ਪੱਤਰਕਾਰ

ਗਵਿਨੇਡ ਵਿੱਚ ਲਲਿਨ ਪੇਂਨਸੂਏਲਾ ਨੇੜੇ ਇੱਕ ਛੋਟਾ ਜਿਹਾ ਟਾਪੂ ਹੈ, ਜਿੱਥੇ ਭੇਡਾਂ ਦੀ ਗਿਣਤੀ ਲੋਕਾਂ ਤੋਂ ਵੱਧ ਹੈ।

ਹੁਣ ਉੱਥੇ ਰਹਿਣ ਅਤੇ ਕੰਮ ਕਰਨ ਲਈ ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ ਜੋ ਕੁਦਰਤ ਪ੍ਰੇਮੀ ਹਨ ਅਤੇ ਉੱਥੇ ਰਹਿ ਸਕਣ।

ਯਨਸ ਏਨਲੀ, ਜਿਸਨੂੰ ਬਾਰਡਸੀ ਆਈਲੈਂਡ ਵੀ ਕਿਹਾ ਜਾਂਦਾ ਹੈ, ਇੱਕ ਦੂਰ-ਦੁਰਾਡੇ ਵਾਲਾ ਟਾਪੂ ਹੈ ਜਿੱਥੇ ਲਗਾਤਾਰ ਹਵਾਵਾਂ ਚੱਲਦੀਆਂ ਹਨ ਅਤੇ ਸਮੁੰਦਰ ਤੋਂ ਉੱਠਦੇ ਪਾਣੀ ਦੇ ਛਿੱਟੇ ਪੈਂਦੇ ਰਹਿੰਦੇ ਹਨ।

ਇੱਥੇ ਨਾ ਤਾਂ ਬਿਜਲੀ ਹੈ ਅਤੇ ਨਾ ਹੀ ਕੋਈ ਨੈੱਟਵਰਕ ਹੈ। ਅਜਿਹੇ ਵਰਤਮਾਨ ਵਿੱਚ ਉੱਥੇ ਸਿਰਫ਼ 3 ਲੋਕ ਰਹਿ ਰਹੇ ਹਨ।

ਸਾਲ 2023 ਵਿੱਚ ਇਹ ਟਾਪੂ ਯੂਰਪ ਦਾ ਪਹਿਲਾ 'ਇੰਟਰਨੈਸ਼ਨਲ ਡਾਰਕ ਸਕਾਈ ਸੈਂਚੂਰੀ' ਬਣ ਗਿਆ ਸੀ, ਜਿਸ ਦਾ ਅਰਥ ਹੈ ਕਿ ਰਾਤ ਸਮੇਂ ਇਸ ਦਾ ਅਸਮਾਨ ਸਾਫ਼ ਅਤੇ ਪ੍ਰਦੂਸ਼ਣ-ਮੁਕਤ ਹੈ। ਇਸ ਨੂੰ ਹੁਣ ਸੁਰੱਖਿਅਤ ਰੱਖ ਦਿੱਤਾ ਗਿਆ ਹੈ।

ਇੱਥੋਂ ਦਾ ਰਾਤ ਵੇਲੇ ਤਾਰਿਆਂ ਨਾਲ ਭਰਿਆ ਦ੍ਰਿਸ਼ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਰੱਖਿਆ ਜਾ ਰਿਹਾ ਹੈ।

ਟਾਪੂ ਉੱਤੇ ਰਹਿਣ ਆਉਣ ਦਾ ਸੱਦਾ

ਟਾਪੂ

ਤਸਵੀਰ ਸਰੋਤ, Amanda Ruggeri

ਤਸਵੀਰ ਕੈਪਸ਼ਨ, ਇਸ ਟਾਪੂ ਉੱਤੇ ਭੇਡਾਂ ਦੀ ਗਿਣਤੀ ਮਨੁੱਖਾਂ ਨਾਲੋਂ ਵੱਧ ਹੈ

ਹੁਣ ਲਗਭਗ 20 ਸਾਲਾਂ ਬਾਅਦ, ਇਸ ਟਾਪੂ ਨੂੰ ਚਲਾਉਣ ਵਾਲੇ ਟਰੱਸਟ ਨੇ ਇੱਕ ਪਰਿਵਾਰ ਜਾਂ ਜੋੜੇ ਨੂੰ ਇੱਥੇ ਆ ਕੇ ਰਹਿਣ ਦਾ ਸੱਦਾ ਦਿੱਤਾ ਹੈ, ਜੋ ਕਿ ਉਨ੍ਹਾਂ ਲਈ "ਜੀਵਨ ਭਰ ਦਾ ਵਿਲੱਖਣ ਮੌਕਾ" ਹੋ ਸਕਦਾ ਹੈ।

ਬਾਰਡਸੀ ਆਈਲੈਂਡ ਟਰੱਸਟ ਦਾ ਕਹਿਣਾ ਹੈ ਕਿ ਜੋ ਕੋਈ ਵੀ ਉੱਥੇ ਰਹਿਣ ਵਿੱਚ ਦਿਲਚਸਪੀ ਰੱਖਦੇ ਹਨ, ਉਹ ਅੱਗੇ ਆਵੇ। ਚੁਣੇ ਗਏ ਵਿਅਕਤੀ ਜਾਂ ਪਰਿਵਾਰ ਸਤੰਬਰ 2026 ਵਿੱਚ ਟਾਪੂ 'ਤੇ ਵੱਸ ਜਾਣਗੇ।

ਇੱਕ ਵਾਰ ਸੈਟਲ ਹੋਣ ਤੋਂ ਬਾਅਦ ਨਵੇਂ ਨਿਵਾਸੀ 200 ਭੇਡਾਂ ਅਤੇ 25 ਵੈਲਸ਼ ਕਾਲੀਆਂ ਗਾਵਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਸੰਭਾਲਣਗੇ।

ਉਨ੍ਹਾਂ ਨਾਲ ਮੌਜੂਦਾ ਸਥਾਨਕ ਵਾਸੀ ਕਿਸਾਨ ਗੈਰੇਥ ਰੌਬਰਟਸ (ਐਬਰਡਨ) ਵੀ ਸ਼ਾਮਲ ਹੋਣਗੇ।

ਟਰੱਸਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਿਆਨ ਸਟੇਸੀ ਨੇ ਕਿਹਾ, "ਗੈਰੇਥ ਅਤੇ ਉਨ੍ਹਾਂ ਦਾ ਪਰਿਵਾਰ 2007 ਤੋਂ ਉੱਥੇ ਰਹਿ ਰਹੇ ਹਨ ਅਤੇ ਉਹ ਹੁਣ ਟਾਪੂ ਤੋਂ ਚੰਗੀ ਤਰ੍ਹਾਂ ਜਾਣੂ ਹਨ। ਉਹ ਉੱਥੇ ਰਹਿਣ ਦੀਆਂ ਚੁਣੌਤੀਆਂ ਅਤੇ ਫਾਇਦਿਆਂ ਨੂੰ ਵੀ ਸਮਝਦੇ ਹਨ।"

ਉਨ੍ਹਾਂ ਨੇ ਅੱਗੇ ਕਿਹਾ ਕਿ ਰੌਬਰਟਸ ਹੀ ਨਵੇਂ ਨਿਵਾਸੀਆਂ ਦੀ ਅਗਵਾਈ ਕਰਨਗੇ।

ਇਹ ਵੀ ਪੜ੍ਹੋ-

ਟਾਪੂ ਦੀ ਵਿਲੱਖਣਤਾ

ਇਹ ਟਾਪੂ ਸਿਰਫ 440 ਏਕੜ (0.69 ਵਰਗ ਮੀਲ) ਵਿੱਚ ਫੈਲਿਆ ਹੋਇਆ ਹੈ ਅਤੇ ਇੱਕ ਰਾਸ਼ਟਰੀ ਕੁਦਰਤ ਸੰਭਾਲ ਖੇਤਰ ਦੇ ਨਾਲ-ਨਾਲ ਵਿਸ਼ੇਸ਼ ਵਿਗਿਆਨਕ ਮਹੱਤਵ ਵਾਲੀ ਜਗ੍ਹਾ (ਐੱਸਐੱਸਐੱਸਆਈ) ਹੈ।

'ਅੰਤਰਰਾਸ਼ਟਰੀ ਡਾਰਕ ਸਕਾਈ ਸੈਂਚੂਰੀ' ਦਾ ਸਰਟੀਫਿਕੇਟ ਪ੍ਰਾਪਤ ਕਰਨ ਦੇ ਨਾਲ ਹੀ ਇਹ ਟਾਪੂ ਦੁਨੀਆਂ ਭਰ ਦੇ 16 ਹੋਰ ਸਥਾਨਾਂ ਵਿੱਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਨੂੰ ਧਰਤੀ 'ਤੇ ਸਭ ਤੋਂ ਦੂਰ-ਦੁਰਾਡੇ ਅਤੇ ਸਭ ਤੋਂ ਹਨ੍ਹੇਰੇ ਜਾਂ ਹਨ੍ਹੇਰੇ ਵਾਲੇ ਸਥਾਨਾਂ ਵਜੋਂ ਮਾਨਤਾ ਪ੍ਰਾਪਤ ਹੈ।

ਕੁਝ ਅਸਥਾਈ ਨਿਵਾਸੀ (ਵਾਰਡਨ) ਵੀ ਹਨ ਜੋ ਸਾਲ ਦੇ ਇੱਕ ਖਾਸ ਸਮੇਂ ਲਈ ਉੱਥੇ ਰਹਿੰਦੇ ਹਨ, ਇਸ ਲਈ ਸਿਆਨ ਇਸ ਨੂੰ 'ਬਹੁਤ ਜੀਵੰਤ ਭਾਈਚਾਰਾ' ਕਹਿੰਦੇ ਹਨ।

ਉਨ੍ਹਾਂ ਕਿਹਾ, "ਮੈਂ ਖੁਦ ਉੱਥੇ ਤਿੰਨ ਸਾਲਾਂ ਤੋਂ ਰਹਿ ਰਹੀ ਹਾਂ; ਇਹ ਰਹਿਣ ਲਈ ਇੱਕ ਸ਼ਾਨਦਾਰ ਜਗ੍ਹਾ ਹੈ।''

ਕਿਉਂ ਮਸ਼ਹੂਰ ਹੈ ਇਹ ਟਾਪੂ?

ਟਾਪੂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟਾਪੂ ਉੱਤੇ ਹੁਣ ਕੁਦਰਤ ਪ੍ਰੇਮੀਆਂ ਨੂੰ ਰਹਿਣ ਆਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ
  • ਇੱਥੇ ਘਰ ਵਿੱਚ ਨਾ ਵਾਈ-ਫਾਈ ਹੈ ਅਤੇ ਨਾ ਹੀ ਬਿਜਲੀ, ਪਾਣੀ ਵੀ ਸਿੱਧਾ ਖੂਹ ਤੋਂ ਆਉਂਦਾ ਹੈ।
  • ਇਹ ਟਾਪੂ ਲਗਭਗ ਡੇਢ ਮੀਲ ਲੰਬਾ ਅਤੇ ਲਗਭਗ ਅੱਧਾ ਮੀਲ ਚੌੜਾ ਹੈ।
  • ਇਸ ਟਾਪੂ ਨੂੰ "20,000 ਸੰਤਾਂ ਦੀ ਕਬਰ" ਵਜੋਂ ਜਾਣਿਆ ਜਾਂਦਾ ਹੈ, ਜੋ ਕਿ ਮੱਧਯੁਗ ਦੇ ਸਮੇਂ ਤੋਂ ਮਸ਼ਹੂਰ ਰਿਹਾ ਹੈ। ਉਸ ਸਮੇਂ ਇਹ ਮੰਨਿਆ ਜਾਂਦਾ ਸੀ ਕਿ ਤਿੰਨ ਵਾਰ ਇਸ ਟਾਪੂ ਦੀ ਯਾਤਰਾ ਕਰਨਾ ਅਧਿਆਤਮਿਕ ਤੌਰ 'ਤੇ ਰੋਮ ਦੀ ਯਾਤਰਾ ਕਰਨ ਜਿੰਨਾ ਹੀ ਮਹੱਤਵ ਰੱਖਦਾ ਸੀ।
  • ਦੂਜੀ ਸਦੀ ਈਸਾ ਪੂਰਵ ਤੋਂ ਹੀ ਸ਼ਰਧਾਲੂ, ਸਮੁੰਦਰੀ ਡਾਕੂ, ਮਛੇਰੇ ਅਤੇ ਕਿਸਾਨ ਇਸ ਟਾਪੂ ਦਾ ਦੌਰਾ ਕਰਦੇ ਰਹੇ ਹਨ।
  • ਇੱਥੇ 200 ਭੇਡਾਂ ਰਹਿੰਦੀਆਂ ਹਨ।
  • 1821 ਵਿੱਚ ਬਣਿਆ ਲਾਈਟਹਾਊਸ ਅਜੇ ਵੀ ਟਾਪੂ ਦੇ ਦੱਖਣੀ ਹਿੱਸੇ 'ਤੇ ਖੜ੍ਹਾ ਹੈ।
  • ਇਹ ਯੂਰਪ ਦੀ ਪਹਿਲੀ ਡਾਰਕ ਸਕਾਈ ਸੈੰਕਚੂਰੀ ਹੈ
  • ਇਹ ਮੈਂਕਸ ਸ਼ੀਅਰਵਾਟਰ ਪੰਛੀਆਂ ਦੇ 30,000 ਜੋੜਿਆਂ ਦਾ ਵੀ ਘਰ ਹੈ।
  • ਇਸ ਨੂੰ ਮੱਧ ਯੁੱਗ ਦੌਰਾਨ ਬ੍ਰਿਟੇਨ ਦੇ ਸਭ ਤੋਂ ਪਵਿੱਤਰ ਸਥਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ, ਯਨਸ ਏਨਲੀ ਨੂੰ '20,000 ਸੰਤਾਂ ਦਾ ਟਾਪੂ' ਵੀ ਕਿਹਾ ਜਾਂਦਾ ਹੈ।
  • ਇਸ ਟਾਪੂ ਨੂੰ ਦੁਨੀਆਂ ਭਰ ਦੇ ਉਨ੍ਹਾਂ ਸ਼ਰਧਾਲੂਆਂ ਦਾ ਅੰਤਿਮ ਆਰਾਮ ਸਥਾਨ ਕਿਹਾ ਜਾਂਦਾ ਹੈ, ਜੋ ਮੁਕਤੀ ਦੀ ਭਾਲ ਕਰਦੇ ਹਨ। ਸਾਲ 1990 ਦੇ ਦਹਾਕੇ ਵਿੱਚ ਇੱਥੇ ਕੀਤੀ ਗਈ ਖੁਦਾਈ ਵਿੱਚ ਕਈ ਮੱਧਯੁਗੀ ਕਬਰਾਂ ਮਿਲੀਆਂ ਸਨ।
ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)