ਕੀ ਭਾਰਤ ਹਿੰਦ ਮਹਾਸਾਗਰ ਵਿੱਚ ਇੱਕ ਜਸੂਸੀ ਸਟੇਸ਼ਨ ਤਿਆਰ ਕਰ ਰਿਹਾ ਹੈ, ਹੁਣ ਤੱਕ ਕੀ ਖੁਲਾਸੇ ਹੋਏ

ਭਾਰਤ ਨੇ ਮੌਰੀਸ਼ਸ ਦੇ ਇੱਕ ਛੋਟੇ ਟਾਪੂ ਉੱਤੇ 3 ਕਿਲੋਮੀਟਰ ਲੰਬਾ ਰਨਵੇਅ ਬਣਵਾਇਆ ਹੈ

ਤਸਵੀਰ ਸਰੋਤ, Billy Henri

ਤਸਵੀਰ ਕੈਪਸ਼ਨ, ਮੌਰੀਸ਼ਸ ਦਾ ਐਗਾਲੇਗਾ ਟਾਪੂ
    • ਲੇਖਕ, ਜੈਕਬ ਇਵਾਨਸ
    • ਰੋਲ, ਬੀਬੀਸੀ ਪੱਤਰਕਾਰ

ਹਿੰਦ ਮਹਾਸਾਗਰ ਦੇ ਇੱਕ ਛੋਟੇ ਜਿਹੇ ਟਾਪੂ ਐਗਾਲੇਗਾ ਦੇ ਰਹਿਣ ਵਾਲੇ ਅਰਨੌਡ ਪੌਲ ਕਦੇ ਵੀ ਆਪਣੇ ਟਾਪੂ ਨੂੰ ਛੱਡਣਾ ਨਹੀਂ ਚਾਹੁੰਦੇ ਸੀ ਪਰ ਹੁਣ ਉਨ੍ਹਾਂ ਨੇ ਇਰਾਦਾ ਬਦਲ ਲਿਆ ਹੈ।

ਇਸ ਸਾਲ ਆਪਣੇ ਘਰ ਅੰਦਰ ਫੌਜੀ ਦਖ਼ਲ ਤੋਂ ਨਾਖੁਸ਼ ਹੋ ਕੇ ਉਹ ਆਪਣੇ ਬੈਗ ਪੈਕ ਕਰ ਕੇ ਚਲੇ ਗਏ।

ਐਗਾਲੇਗਾ ਟਾਪੂ ’ਤੇ ਹੁਣ ਤੱਕ ਸਿਰਫ 350 ਲੋਕ ਰਹਿੰਦੇ ਸਨ, ਜੋ ਮੱਛੀ ਪਾਲਣ ਅਤੇ ਨਾਰੀਅਲ ਉਗਾਉਣ ਦਾ ਕੰਮ ਕਰਦੇ ਸਨ। ਐਗਾਲੇਗਾ ’ਤੇ ਬਾਕੀ ਦਾ ਭੋਜਨ ਸਾਲ ਵਿੱਚ ਚਾਰ ਵਾਰ ਦੱਖਣ ਵੱਲ 1,100 ਕਿਲੋਮੀਟਰ (680 ਮੀਲ) ਦੂਰ ਮੌਰੀਸ਼ਸ ਦੀ ਰਾਜਧਾਨੀ ਤੋਂ ਸਮੁੰਦਰ ਜਹਾਜ਼ ਰਾਹੀਂ ਪਹੁੰਚਾਇਆ ਜਾਂਦਾ ਸੀ।

ਇਥੇ ਛੋਟੇ ਹਵਾਈ ਰਨਵੇਅ ਦੀ ਵਰਤੋਂ ਐਮਰਜੈਂਸੀ ਸਿਹਤ ਸੇਵਾਵਾਂ ਨੂੰ ਛੱਡ ਕੇ ਘੱਟ ਹੀ ਕੀਤੀ ਜਾਂਦੀ ਸੀ।

ਪਰ 2015 ਵਿੱਚ ਇੱਕ ਟਾਪੂ ਦੇਸ਼ ਮੌਰੀਸ਼ਸ, ਜਿਸਦਾ ਐਗਾਲੇਗਾ ਟਾਪੂ ਇੱਕ ਹਿੱਸਾ ਹੈ, ਨੇ ਇੱਕ ਸਮਝੌਤੇ 'ਤੇ ਦਸਤਖ਼ਤ ਕੀਤੇ। ਇਸ ਨਾਲ ਭਾਰਤ ਨੂੰ ਇੱਕ ਵਿਸ਼ਾਲ 3,000 ਮੀਟਰ ਰਨਵੇਅ ਅਤੇ ਉੱਥੇ ਇੱਕ ਵੱਡਾ ਨਵਾਂ ਜੇਟੀ ਬਣਾਉਣ ਦੀ ਆਗਿਆ ਦਿੱਤੀ ਗਈ, ਜੋ ਸਮੁੰਦਰੀ ਸੁਰੱਖਿਆ ’ਤੇ ਦੋਵਾਂ ਦੇਸ਼ਾਂ ਦਰਮਿਆਨ ਵੱਧ ਰਹੇ ਦੁਵੱਲੇ ਸਬੰਧਾਂ ਵਿੱਚ ਸਹਿਯੋਗ ਦਾ ਇੱਕ ਹਿੱਸਾ ਬਣੇਗਾ।

ਹਾਲਾਂਕਿ ਕੁਝ ਐਗਾਲੇਗਾ ਵਾਸੀਆਂ ਨੂੰ ਡਰ ਹੈ ਕਿ ਉਨ੍ਹਾਂ ਦਾ ਟਾਪੂ ਪੂਰੀ ਤਰ੍ਹਾਂ ਫੌਜੀ ਢਾਂਚੇ ਵਿੱਚ ਬਦਲ ਸਕਦਾ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

44 ਸਾਲਾ ਪੌਲੇ ਇੱਕ ਹੱਥੀ ਕੰਮ ਕਰਨ ਵਾਲੇ ਵਿਅਕਤੀ ਹਨ ਅਤੇ ਉਹ ਇੱਕ ਰੇਗੇ ਸੰਗੀਤਕਾਰ ਹਨ। ਉਨ੍ਹਾਂ ਨੇ ਇਸ ਪ੍ਰੋਜੈਕਟ ਦੇ ਵਿਰੁੱਧ ਇੱਕ ਮੁਹਿੰਮ ਦੀ ਅਗਵਾਈ ਕੀਤੀ ਹੈ।

ਉਹ ਕਹਿੰਦੇ ਹਨ,“ਮੈਂ ਆਪਣੇ ਟਾਪੂ ਨੂੰ ਪਿਆਰ ਕਰਦਾ ਹਾਂ ਅਤੇ ਮੇਰਾ ਟਾਪੂ ਮੈਨੂੰ ਪਿਆਰ ਕਰਦਾ ਹੈ। ਪਰ ਜਦੋਂ ਇਸਦੇ ਅਸਲ ਕਹਾਣੀ ਬਾਰੇ ਖੁਲਾਸਾ ਕੀਤਾ ਗਿਆ ਤਾਂ ਮੈਨੂੰ ਪਤਾ ਸੀ ਕਿ ਮੈਨੂੰ ਇੱਥੋਂ ਚਲੇ ਜਾਣਾ ਚਾਹੀਦਾ ਹੈ।”

ਪੌਲੇ

ਤਸਵੀਰ ਸਰੋਤ, Arnaud Poulay

ਤਸਵੀਰ ਕੈਪਸ਼ਨ, ਅਰੁਨਾਦ ਪਾਊਲੇਅ ਨਵੇਂ ਉਸਾਰੀ ਦੇ ਕੰਮ ਦੀ ਆਲੋਚਨਾ ਕਰਦੇ ਰਹੇ ਹਨ

5 ਸਾਲਾਂ ਵਿੱਚ ਬਦਲ ਗਿਆ ਐਗਾਲੇਗਾ ਟਾਪੂ

ਦੱਖਣ-ਪੱਛਮੀ ਹਿੰਦ ਮਹਾਸਾਗਰ ਵਿੱਚ ਐਗਾਲੇਗਾ 25 ਵਰਗ ਕਿਲੋਮੀਟਰ ਵਿੱਚ ਦੋ ਛੋਟੇ ਟਾਪੂਆਂ ਵਿੱਚ ਫੈਲਿਆ ਹੋਇਆ ਹੈ। ਸਮੁੰਦਰੀ ਆਵਾਜਾਈ ਦੀ ਨਿਗਰਾਨੀ ਕਰਨ ਲਈ ਇਹ ਭਾਰਤ ਲਈ ਇੱਕ ਚੰਗਾ ਸਥਾਨ ਹੋਵੇਗਾ। ਇਸ ਸਾਲ ਜੁਲਾਈ ਵਿੱਚ ਲਈਆਂ ਗਈਆਂ ਤਸਵੀਰਾਂ ਦੱਸਦੀਆਂ ਹਨ ਕਿ ਇਹ 2019 ਦੀਆਂ ਸੈਟੇਲਾਈਟ ਤਸਵੀਰਾਂ ਨਾਲੋਂ ਕਿੰਨਾ ਬਦਲ ਗਿਆ ਹੈ।

ਖਜੂਰ ਦੇ ਦਰੱਖ਼ਤਾਂ ਵਿਚਾਲੇ ਰਨਵੇਅ ਲਈ ਇੱਕ ਰਸਤਾ ਬਣਾਇਆ ਹੈ, ਜੋ ਉੱਤਰੀ ਟਾਪੂ ਨਾਲ ਲੱਗਦੇ ਦੋ ਮੁੱਖ ਪਿੰਡਾਂ, ਉੱਤਰ ਵਿੱਚ ਲਾ ਫੋਰਚੇ ਅਤੇ ਦੱਖਣ ਵਿੱਚ ਵਿੰਗਟ-ਸਿਨਕ ਦੇ ਵਿਚਕਾਰ ਫੈਲਿਆ ਹੋਇਆ ਹੈ।

ਆਸਟਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੇ ਪੀਐਚਡੀ ਵਿਦਵਾਨ ਸੈਮੂਅਲ ਬੈਸ਼ਫੀਲਡ ਦੇ ਅਨੁਸਾਰ ਦੋ 60 ਮੀਟਰ ਚੌੜ੍ਹੀਆਂ ਇਮਾਰਤਾਂ ਨੂੰ ਇੱਕ ਟਾਰਮੈਕ ਐਪਰਨ ’ਤੇ ਬਣਿਆ ਦੇਖਿਆ ਜਾ ਸਕਦਾ ਹੈ, ਜਿਨ੍ਹਾਂ ਵਿੱਚੋਂ ਘੱਟੋ-ਘੱਟ ਇੱਕ ਭਾਰਤੀ ਜਲ ਸੈਨਾ ਦੇ P-8I ਜਹਾਜ਼ ਨੂੰ ਖੜ੍ਹਾਉਣ ਲਈ ਥਾਂ ਹੋ ਸਕਦੀ ਹੈ।

P-8I ਇੱਕ ਬੋਇੰਗ 737 ਹੈ। ਇਸ ਨੂੰ ਪਣਡੁੱਬੀਆਂ ਦਾ ਸ਼ਿਕਾਰ ਕਰਨ ਅਤੇ ਸੰਭਾਵੀ ਤੌਰ ’ਤੇ ਉਹਨਾਂ ਉੱਤੇ ਹਮਲਾ ਕਰਨ ਅਤੇ ਸਮੁੰਦਰੀ ਸੰਚਾਰ ਦੀ ਨਿਗਰਾਨੀ ਕਰਨ ਲਈ ਸੋਧਿਆ ਗਿਆ ਹੈ। ਟਾਪੂ ਵਾਸੀਆਂ ਨੇ ਪਹਿਲਾਂ ਹੀ ਹਵਾਈ ਪੱਟੀ ’ਤੇ ਜਹਾਜ਼ ਦੀਆਂ ਤਸਵੀਰਾਂ ਖਿੱਚ ਲਈਆਂ ਹਨ।

ਬੈਸ਼ਫੀਲਡ ਉੱਤਰ-ਪੱਛਮ ਵੱਲ ਸਮੁੰਦਰ ਵਿੱਚ ਨਿਕਲਣ ਵਾਲੀ ਇੱਕ ਨਵੀਂ ਜੇਟੀ ਬਾਰੇ ਕਹਿੰਦੇ ਹਨ ਕਿ ਇਸ ਨੂੰ ਭਾਰਤੀ ਤੱਟ ਅਤੇ ਗਸ਼ਤ ਵਾਲੇ ਜਹਾਜ਼ਾਂ ਦੇ ਨਾਲ-ਨਾਲ ਐਗਾਲੇਗਾ ਨੂੰ ਸਪਲਾਈ ਲਿਆਉਣ ਵਾਲੇ ਜਹਾਜ਼ ਦੁਆਰਾ ਵਰਤਿਆ ਜਾ ਸਕਦਾ ਹੈ।

ਉਹ ਕਹਿੰਦੇ ਹਨ,"ਜਿਵੇਂ ਜਿਵੇਂ ਨਵੀਆਂ ਉਪਗ੍ਰਹਿ ਤਸਵੀਰਾਂ ਉਪਲਬਧ ਹੋਣਗੀਆਂ, ਅਸੀਂ ਹਿੰਦ ਮਹਾਸਾਗਰ ਵਿੱਚ ਐਗਾਲੇਗਾ ਦੀ ਭੂਮਿਕਾ ਨੂੰ ਚੰਗੀ ਤਰ੍ਹਾਂ ਸਮਝ ਸਕਾਂਗੇ।"

ਇੰਟਰਨੈਸ਼ਨਲ ਇੰਸਟੀਚਿਊਟ ਫਾਰ ਸਟ੍ਰੈਟੇਜਿਕ ਸਟੱਡੀਜ਼ ਨੇ ਇਸ ਸਹੂਲਤ ਨੂੰ ਇੱਕ ‘ਨਿਗਰਾਨੀ ਸਟੇਸ਼ਨ’ ਦੇ ਰੂਪ ਵਿੱਚ ਦਰਸਾਇਆ ਹੈ। ਇਹ ਵੀ ਕਿਹਾ ਗਿਆ ਹੈ ਕਿ ਇਸ ਵਿੱਚ ਭਾਰਤੀ ਉਪਕਰਣਾਂ ਦੇ ਸਮਾਨ ਤੱਟਵਰਤੀ ਰਡਾਰ ਨਿਗਰਾਨੀ ਪ੍ਰਣਾਲੀ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਭਾਰਤ ਅਤੇ ਮੌਰੀਸ਼ਸ ਸਰਕਾਰ ਨਹੀਂ ਦੇ ਰਹੀ ਜਵਾਬ

ਭਾਰਤ

ਤਸਵੀਰ ਸਰੋਤ, L'association les Amis d'Agalega

ਤਸਵੀਰ ਕੈਪਸ਼ਨ, ਐਗਾਲੇਗਾ ਦੇ ਨਵੇਂ ਰਨਵੇਅ ਉੱਤੇ ਭਾਰਤੀ ਸਮੁੰਦਰੀ ਫੌਜ ਦਾ P-8I ਏਅਰਕਰਾਫਟ

ਭਾਰਤ ਸਰਕਾਰ ਨੇ ਐਗਾਲੇਗਾ ਬਾਰੇ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਬੀਬੀਸੀ ਨੂੰ ਪਹਿਲਾਂ ਦਿੱਤੇ ਬਿਆਨਾਂ ਦਾ ਹਵਾਲਾ ਦਿੱਤਾ। ਇਨ੍ਹਾਂ ਵਿੱਚੋਂ ਇੱਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਮੌਰੀਸ਼ਸ ਸਮੁੰਦਰੀ ਸੁਰੱਖਿਆ ਵਿੱਚ “ਕੁਦਰਤੀ ਭਾਈਵਾਲ” ਹਨ, ਜੋ ਹਿੰਦ ਮਹਾਸਾਗਰ ਖੇਤਰ ਵਿੱਚ ਰਵਾਇਤੀ ਅਤੇ ਗੈਰ-ਰਵਾਇਤੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ।

1970 ਦੇ ਦਹਾਕੇ ਤੋਂ ਦੋਵਾਂ ਦੇਸ਼ਾਂ ਵਿਚਕਾਰ ਗੂੜ੍ਹੇ ਰੱਖਿਆ ਸਬੰਧ ਰਹੇ ਹਨ। ਦੇਸ਼ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ, ਇਸ ਦੇ ਤੱਟ ਰੱਖਿਅਕ ਮੁਖੀ ਅਤੇ ਪੁਲਿਸ ਹੈਲੀਕਾਪਟਰ ਸਕੁਐਡਰਨ ਦੇ ਮੁਖੀ ਸਾਰੇ ਭਾਰਤੀ ਨਾਗਰਿਕ ਹਨ ਅਤੇ ਭਾਰਤ ਦੀ ਬਾਹਰੀ ਖੁਫੀਆ ਏਜੰਸੀ, ਜਲ ਸੈਨਾ ਅਤੇ ਹਵਾਈ ਸੈਨਾ ਦੇ ਅਧਿਕਾਰੀ ਵੀ ਹਨ।

ਕਿੰਗਜ਼ ਕਾਲਜ ਲੰਡਨ ਦੇ ਇੰਡੀਆ ਇੰਸਟੀਚਿਊਟ ਦੇ ਪ੍ਰੋ. ਹਰਸ਼ ਪੰਤ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਚਾਹੁੰਦੀਆਂ ਹਨ ਕਿ ਇਸ ਸਹੂਲਤ ਨੂੰ "ਕਿਸੇ ਵੀ ਸਪੱਸ਼ਟ ਫੌਜੀ ਵਰਤੋਂ ਨਾਲੋਂ ਸਮਰੱਥਾ ਨਿਰਮਾਣ ਲਈ ਵਧੇਰੇ ਦੇਖਿਆ ਜਾਣਾ ਚਾਹੀਦਾ ਹੈ।"

ਹਾਲਾਂਕਿ, ਇਹ ਇਹ ਲੁਕਿਆ ਨਹੀਂ ਹੈ ਕਿ ਭਾਰਤ ਅਤੇ ਇਸਦੇ ਪੱਛਮੀ ਸਹਿਯੋਗੀ ਹਿੰਦ ਮਹਾਸਾਗਰ ਵਿੱਚ ਚੀਨ ਦੀ ਵਧਦੀ ਮੌਜੂਦਗੀ ਤੋਂ ਚਿੰਤਤ ਹਨ।

ਟਾਪੂ ਵਾਸੀਆਂ ਨੂੰ ਘਰ ਉਜੜਨ ਦਾ ਡਰ

ਹਾਲਾਂਕਿ ਕਿਸੇ ਵੀ ਵੱਡੇ ਦੇਸ਼ ਦੁਆਰਾ ਕਿਸੇ ਛੋਟੇ ਸਹਿਯੋਗੀ ਦੇ ਖੇਤਰ ਵਿੱਚ ਇੱਕ ਫੌਜੀ ਚੌਕੀ ਸਥਾਪਤ ਕਰਨਾ ਅਸਾਧਾਰਨ ਗੱਲ ਨਹੀਂ ਹੈ, ਪਰ ਐਗਾਲੇਗਾ ਦੇ ਨਿਰਮਾਣ ਕਾਰਜ ਨੇ ਕੁਝ ਟਾਪੂ ਵਾਸੀਆਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ।

ਟਾਪੂ ਵਾਸੀਆਂ ਦਾ ਕਹਿਣਾ ਹੈ ਕਿ ਟਾਪੂ ਦੇ ਕੁਝ ਖਜੂਰਾਂ ਦੇ ਰੁੱਖਾਂ ਨਾਲ ਘਿਰੇ ਸਫੈਦ-ਰੇਤ ਵਾਲੇ ਸਮੁੰਦਰ ਤੱਟਾਂ ਸਮੇਤ ਬਹੁਤ ਸਾਰੇ ਖੇਤਰਾਂ ਨੂੰ ਪਹਿਲਾਂ ਹੀ ਘੇਰ ਲਿਆ ਗਿਆ ਹੈ।

ਇਹ ਅਫਵਾਹਾਂ ਵੀ ਲਗਾਤਾਰ ਫੈਲ ਰਹੀਆਂ ਹਨ ਕਿ ਲਾ ਫੋਰਚੇ ਪਿੰਡ ਨੂੰ ਅਤੇ ਉਸਦੇ ਆਲੇ ਦੁਆਲੇ ਦੇ ਹਿੱਸੇ ਨੂੰ ਭਾਰਤੀ ਬੁਨਿਆਦੀ ਢਾਂਚੇ ਦੁਆਰਾ ਨਿਗਲ ਲਿਆ ਜਾਵੇਗਾ ਅਤੇ ਉੱਥੇ ਰਹਿਣ ਵਾਲੇ 10 ਪਰਿਵਾਰਾਂ ਨੂੰ ਜ਼ਬਰਦਸਤੀ ਬਾਹਰ ਕੱਢ ਦਿੱਤਾ ਜਾਵੇਗਾ।

ਐਗਾਲੇਗਾ ਦੀ ਐਸੋਸੀਏਸ਼ਨ ਆਫ ਫ੍ਰੈਂਡਜ਼ ਦੇ ਪ੍ਰਧਾਨ ਲਾਵਲ ਸੂਪਰਾਮਨੀਅਨ ਕਹਿੰਦੇ ਹਨ,"ਇਹ ਭਾਰਤੀਆਂ ਲਈ ਹੋਵੇਗਾ ਤੇ ਪੂਰੀ ਤਰ੍ਹਾਂ ਪਾਬੰਦੀਸ਼ੁਦਾ ਖੇਤਰ ਬਣ ਜਾਵੇਗਾ।"

ਉਹਨਾਂ ਨੂੰ ਡਰ ਹੈ ਕਿ "ਐਗਾਲੇਗਾ ਚਾਗੋਸ ਟਾਪੂਆਂ ਦੀ ਕਹਾਣੀ ਬਣ ਜਾਵੇਗਾ।” ਅਜਿਹੀ ਚਿੰਤਾ 26 ਸਾਲਾ ਬਿਲੀ ਹੈਨਰੀ ਨੇ ਵੀ ਜਤਾਈ ਹੈ, ਜੋ ਇੱਕ ਚਾਗੋਸ ਟਾਪੂਆਂ ਤੋਂ ਕੱਢੀ ਗਈ ਇੱਕ ਔਰਤ ਦਾ ਪੁੱਤਰ ਹੈ। ਉਹ ਹੁਣ ਐਗਾਲੇਗਾ ਵਿੱਚ ਰਹਿੰਦਾ ਹੈ।

ਹੈਨਰੀ ਕਹਿੰਦੇ ਹਨ,“ਮੇਰੀ ਮਾਂ ਨੇ ਆਪਣਾ ਟਾਪੂ ਖੋਹ ਦਿੱਤਾ, ਮੇਰੇ ਪਿਤਾ ਹੁਣ ਅਗਲੇ ਹੋਣਗੇ।”

ਅਗਾਲੇਗਾ

ਤਸਵੀਰ ਸਰੋਤ, Yohan Henri

ਐਗਾਲੇਗਾ ਦੇ ਬਹੁਤ ਸਾਰੇ ਵਸਨੀਕ ਅਜਿਹੇ ਪਰਿਵਾਰਾਂ ਵਿੱਚੋਂ ਹਨ ਜੋ 2,000 ਕਿਲੋਮੀਟਰ ਦੂਰ ਪੂਰਬ ਵੱਲ ਸਥਿਤ ਚਾਗੋਸ ਟਾਪੂਆਂ ਤੋਂ ਬੇਦਖਲ ਕੀਤੇ ਗਏ ਹਨ।

ਉਸ ਇਲਾਕੇ ਨੂੰ ਯੂਕੇ ਸਰਕਾਰ ਨੇ 1965 ਵਿੱਚ ਬ੍ਰਿਟਿਸ਼ ਖੇਤਰ ਐਲਾਨ ਦਿੱਤਾ ਸੀ ਅਤੇ ਅਮਰੀਕਾ ਨੂੰ ਸਭ ਤੋਂ ਵੱਡੇ ਟਾਪੂ, ਡਿਏਗੋ ਗਾਰਸੀਆ ’ਤੇ ਇੱਕ ਸੰਚਾਰ ਸਟੇਸ਼ਨ ਬਣਾਉਣ ਲਈ ਇਜਾਜ਼ਤ ਦਿੱਤੀ। ਇਹ ਹੌਲੀ-ਹੌਲੀ ਇੱਕ ਪੂਰੀ ਤਰ੍ਹਾਂ ਵਿਕਸਤ ਫੌਜੀ ਅੱਡਾ ਬਣ ਗਿਆ।

ਬਿਲੀ ਹੈਨਰੀ ਨੂੰ ਡਰ ਹੈ ਕਿ ਸਰਕਾਰ, ਜੋ ਐਗਾਲੇਗਾ ਦੀ ਸਾਰੀ ਜ਼ਮੀਨ ਦੀ ਮਾਲਕ ਹੈ, ਉਥੋਂ ਦੇ ਹਾਲਾਤਾਂ ਨੂੰ ਇੰਨੇ ਤਰਸਯੋਗ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹਰ ਕੋਈ ਉਥੋਂ ਛੱਡ ਕੇ ਚਲਿਆ ਜਾਵੇ।

ਉਸ ਨੇ ਸਿਹਤ ਸੰਭਾਲ ਅਤੇ ਸਿੱਖਿਆ ਨਾਲ ਜੁੜੀਆਂ ਸਮੱਸਿਆਵਾਂ, ਸਥਾਨਕ ਆਰਥਿਕਤਾ ਵਿੱਚ ਸੀਮਤ ਨਿਵੇਸ਼, ਰੁਜ਼ਗਾਰ ਦੇ ਮੌਕਿਆਂ ਦੀ ਘਾਟ ਅਤੇ ਸਥਾਨਕ ਲੋਕਾਂ ਦੁਆਰਾ ਆਪਣੇ ਕਾਰੋਬਾਰ ਖੋਲ੍ਹਣ 'ਤੇ ਪਾਬੰਦੀ ਵੱਲ ਇਸ਼ਾਰਾ ਕੀਤਾ ਹੈ।

ਭਾਰਤ ਅਤੇ ਮੌਰੀਸ਼ਸ ਸਰਕਾਰ ਕੀ ਕਹਿੰਦੀ ਹੈ?

ਮੌਰਿਸ਼ਸ

ਮੌਰੀਸ਼ਸ ਸਰਕਾਰ ਦੇ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ ਕਿ ਕਿਸੇ ਵੀ ਵਿਅਕਤੀ ਨੂੰ ਟਾਪੂ ਛੱਡਣ ਲਈ ਨਹੀਂ ਕਿਹਾ ਜਾਵੇਗਾ।

ਸਥਾਨਕ ਲੋਕਾਂ ਨੂੰ ਸਿਰਫ ਹਵਾਈ ਅੱਡੇ ਅਤੇ ਬੰਦਰਗਾਹ ਵਿੱਚ ਦਾਖਲ ਹੋਣ ਤੋਂ ਰੋਕਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਹੂਲਤਾਂ ਨਾਲ ਦੇਸ਼ ਨੂੰ ਸਮੁੰਦਰੀ ਡਾਕੂਆਂ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਗੈਰ-ਨਿਯੰਤਰਿਤ ਮੱਛੀ ਫੜਨ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲੇਗੀ।

ਮੌਰੀਸ਼ਸ ਨੇ ਐਗਾਲੇਗਾ ਵਿੱਚ ਕੋਈ ਸੈਨਾ ਅੱਡਾ ਹੋਣ ਤੋਂ ਵੀ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਰਾਸ਼ਟਰੀ ਪੁਲਿਸ ਦਾ ਇੱਥੇ ਪੂਰਾ ਕੰਟਰੋਲ ਹੈ।

ਹਾਲਾਂਕਿ, ਇਹ ਮੰਨਿਆ ਗਿਆ ਹੈ ਕਿ ਭਾਰਤ ਨਵੀਆਂ ਸਹੂਲਤਾਂ ਦੇ "ਰੱਖ-ਰਖਾਅ ਅਤੇ ਸੰਚਾਲਨ" ਵਿੱਚ ਸਹਾਇਤਾ ਕਰੇਗਾ, ਜੋ ਕਿ ਭਾਰਤੀ ਖਰਚੇ 'ਤੇ ਬਣਾਈਆਂ ਗਈਆਂ ਸਨ।

ਮੌਰੀਸ਼ਸ ਅਤੇ ਭਾਰਤ ਸਰਕਾਰਾਂ ਦਾ ਕਹਿਣਾ ਹੈ ਕਿ ਸਮੁੰਦਰੀ ਅਤੇ ਹਵਾਈ ਆਵਾਜਾਈ ਵਿੱਚ ਸੁਧਾਰ ਟਾਪੂ ਵਾਸੀਆਂ ਨੂੰ ਲਾਭ ਪਹੁੰਚਾਉਣ ਅਤੇ ਉਹਨਾਂ ਨੂੰ ਗਰੀਬੀ ਤੋਂ ਬਾਹਰ ਕੱਢਣ ਵਿੱਚ ਮਦਦ ਕਰਨ ਲਈ ਤਿਆਰ ਕੀਤੇ ਗਏ ਸਨ। ਪਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਹੋਇਆ ਹੈ, ਹਰ ਸਾਲ ਮੌਰੀਸ਼ਸ ਦੇ ਮੁੱਖ ਟਾਪੂ ਲਈ ਅਜੇ ਵੀ ਸਿਰਫ ਚਾਰ ਕਿਸ਼ਤੀਆਂ ਹਨ ਅਤੇ ਕੋਈ ਯਾਤਰੀ ਉਡਾਣਾਂ ਨਹੀਂ ਹਨ।

ਹਸਪਤਾਲਾਂ ਵਿੱਚ ਜਾਣ ’ਤੇ ਵੀ ਲੱਗੀ ਪਾਬੰਦੀ

ਐਗਾਲੇਗਾ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਭਾਰਤ ਵੱਲੋਂ ਬਣਾਏ ਗਏ ਇੱਕ ਨਵੇਂ ਹਸਪਤਾਲ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ ਹੈ, ਜਦੋਂਕਿ ਮੌਰੀਸ਼ਸ ਸਰਕਾਰ ਦੇ ਇੱਕ ਪ੍ਰੈਸ ਰਿਲੀਜ਼ ਵਿੱਚ ਇਸ ਦੇ ਅਪ੍ਰੇਸ਼ਨ ਥੀਏਟਰਾਂ, ਐਕਸ-ਰੇਅ ਮਸ਼ੀਨਾਂ ਅਤੇ ਦੰਦਾਂ ਦੇ ਉਪਕਰਨਾਂ ਦੀ ਕਾਫੀ ਤਾਰੀਫ਼ ਕੀਤੀ ਸੀ।

ਬਿਲੀ ਹੈਨਰੀ ਦਾ ਕਹਿਣਾ ਹੈ ਕਿ ਖਾਣਾ ਪਕਾਉਣ ਵੇਲੇ ਤੇਲ ਵਿੱਚ ਝੁਲਸੇ ਗਏ ਇੱਕ ਪੀੜਤ ਲੜਕੇ ਨੂੰ ਅਕਤੂਬਰ ਵਿੱਚ ਹਸਪਤਾਲ ਅੰਦਰ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਜਦਕਿ ਉਸ ਦਾ ਉੱਤਰੀ ਟਾਪੂ ਦੇ ਸਿਹਤ ਕੇਂਦਰ ਵਿੱਚ ਇਲਾਜ ਹੋਣ ਦੀ ਸਖ਼ਤ ਲੋੜ ਸੀ।

ਉਹ ਕਹਿੰਦੇ ਹਨ,“ਇਹ ਸਿਰਫ ਭਾਰਤੀਆਂ ਲਈ ਹੈ!”

ਜ਼ਖਮੀ ਲੜਕੇ ਅਤੇ ਉਸਦੇ ਮਾਤਾ-ਪਿਤਾ ਨੂੰ ਇਥੋਂ ਦੀ ਬਜਾਏ ਮੌਰੀਸ਼ਸ ਦੇ ਮੁੱਖ ਟਾਪੂ ’ਤੇ ਲਿਜਾਇਆ ਗਿਆ। ਲਾਵਲ ਸੂਪਰਾਮਨੀਅਨ ਦਾ ਕਹਿਣਾ ਹੈ ਕਿ ਪੀੜਤ ਲੜਕਾ ਅਜੇ ਵੀ ਉੱਥੇ ਹਸਪਤਾਲ ਵਿੱਚ ਹੀ ਹੈ ਅਤੇ ਜਦੋ ਤੱਕ ਅਗਲੀ ਕਿਸ਼ਤੀ ਐਗਾਲੇਗਾ ਲਈ ਰਵਾਨਾ ਨਹੀਂ ਹੋ ਜਾਂਦੀ ਉਦੋਂ ਤੱਕ ਪਰਿਵਾਰ ਮੁੱਖ ਟਾਪੂ 'ਤੇ ਹੀ ਰਹੇਗਾ।

ਜਦੋਂ ਮੌਰੀਸ਼ਸ ਸਰਕਾਰ ਤੋਂ ਜ਼ਖ਼ਮੀ ਲੜਕੇ ਦੀ ਹਾਲਾਤਾਂ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਭਾਰਤ ਸਰਕਾਰ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਮੌਰੀਸ਼ਸ ਦੇ ਪ੍ਰਧਾਨ ਮੰਤਰੀ ਨੇ ਸੰਸਦ ਵਿੱਚ ਕੀ ਕਿਹਾ?

ਮੌਰੀਸ਼ਸ ਦੀ ਸੰਸਦ ਵਿੱਚ ਹਾਲ ਹੀ 'ਚ ਦਿੱਤੇ ਇੱਕ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਨਾਥ ਨੇ ਕਿਹਾ ਕਿ ਐਗਾਲੇਗਾ ਦਾ ਸਮਾਜਿਕ-ਆਰਥਿਕ ਵਿਕਾਸ ਉਨ੍ਹਾਂ ਦੀ ਸਰਕਾਰ ਦੇ ਏਜੰਡੇ ਵਿੱਚ ਪਹਿਲਾਂ ਨਾਲੋਂ ਵੱਧ ਮਹੱਤਵਪੂਰਨ ਹੈ।

ਉਹਨਾਂ ਨੇ ਕਿਹਾ ਕਿ ਟਾਪੂ ਦੇ ਵਸਨੀਕਾਂ ਲਈ ਸਿਹਤ ਅਤੇ ਸਿੱਖਿਆ, ਆਵਾਜਾਈ ਸਾਧਨ ਅਤੇ ਮਨੋਰੰਜਨ ਸਹੂਲਤਾਂ ਵਿੱਚ ਸੁਧਾਰ ਕਰਨ ਅਤੇ ਮੱਛੀ ਪਾਲਣ ਦੇ ਖੇਤਰ ਨੂੰ ਵਿਕਸਤ ਕਰਨ ਅਤੇ ਨਾਰੀਅਲ ਦੇ ਉਪ-ਉਤਪਾਦ ਬਣਾਉਣ ਲਈ ਇੱਕ "ਮਾਸਟਰ ਪਲਾਨ" ਤਿਆਰ ਕੀਤਾ ਗਿਆ ਹੈ।

ਪਰ ਨਾ ਤਾਂ ਭਾਰਤ ਅਤੇ ਨਾ ਹੀ ਮੌਰੀਸ਼ਸ ਨੇ 2015 ਦੇ ਸਮਝੌਤਾ ਬਾਰੇ ਵੇਰਵੇ ਪ੍ਰਕਾਸ਼ਿਤ ਕੀਤੇ ਹਨ, ਇਸ ਲਈ ਭਵਿੱਖ ਲਈ ਉਨ੍ਹਾਂ ਦੀਆਂ ਯੋਜਨਾਵਾਂ ਕੀ ਹਨ, ਇਸ ਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)