ਟਰੰਪ ਦੇ ਰਾਸ਼ਟਰਪਤੀ ਬਣਨ ਨਾਲ ਭਾਰਤੀਆਂ ਲਈ ਕੀ ਬਦਲੇਗਾ, ਕੀ ਉਨ੍ਹਾਂ ਦੀ ਵੀਜ਼ਾ ਨੀਤੀ ਪਰਵਾਸੀਆਂ ਲਈ ਮੁਸ਼ਕਲ ਪੈਦਾ ਕਰੇਗੀ

ਤਸਵੀਰ ਸਰੋਤ, Getty Images
ਡੌਨਲਡ ਟਰੰਪ ਮੁੜ ਅਮਰੀਕਾ ਵਿੱਚ ਰਾਸ਼ਟਰਪਤੀ ਬਣਨ ਜਾ ਰਹੇ ਹਨ।
ਟਰੰਪ ਦੀ ਇਹ ਜਿੱਤ ਇਤਿਹਾਸਕ ਹੈ ਕਿਉਂਕਿ ਅਮਰੀਕਾ ਦੇ ਇਤਿਹਾਸ ਵਿੱਚ ਅਜਿਹਾ ਸਿਰਫ਼ ਦੂਜੀ ਵਾਰ ਹੋਇਆ ਹੈ ਜਦੋਂ ਰਾਸ਼ਟਰਪਤੀ ਇੱਕ ਚੋਣ ਹਾਰਨ ਤੋਂ ਬਾਅਦ ਫਿਰ ਵ੍ਹਾਈਟ ਹਾਊਸ ਵਿੱਚ ਪਰਤੇ ਹੋਣ।
ਟਰੰਪ 2017 ਤੋਂ 2021 ਤੱਕ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਰਹਿ ਚੁੱਕੇ ਹਨ। ਉਨ੍ਹਾਂ ਦੀਆਂ ਨੀਤੀਆਂ ਪੂਰੀ ਦੁਨੀਆਂ ਜਾਣਦੀ ਹੈ ਅਤੇ ਭਾਰਤ ਦੀ ਨਰਿੰਦਰ ਮੋਦੀ ਸਰਕਾਰ ਕੋਲ ਟਰੰਪ ਨਾਲ ਕਈ ਮੋਰਚਿਆਂ ʼਤੇ ਨਜਿੱਠਣ ਦਾ ਤਜਰਬਾ ਹੈ।
ਇਸ ਵਾਰ ਫਿਰ ਟਰੰਪ ਦੀ ਜਿੱਤ ਦਾ ਭਾਰਤ ’ਤੇ ਕੀ ਅਸਰ ਹੋ ਸਕਦਾ ਹੈ?
ਨਰਿੰਦਰ ਮੋਦੀ ਨੂੰ ਟਰੰਪ ਕਈ ਵਾਰ ਆਪਣਾ ਦੋਸਤ ਦੱਸ ਚੁੱਕੇ ਹਨ ਪਰ ਇਸ ਦੇ ਨਾਲ ਹੀ ਭਾਰਤ ਦੀਆਂ ਨੀਤੀਆਂ ʼਤੇ ਹਮਲਾ ਵੀ ਬੋਲਦੇ ਰਹੇ ਹਨ। ਇਨ੍ਹਾਂ ਚੋਣਾਂ ਵਿੱਚ ਟਰੰਪ ਕਈ ਵਾਰ ਪੀਐੱਮ ਮੋਦੀ ਦਾ ਨਾਮ ਲੈ ਚੁੱਕੇ ਹਨ।
ਕੀ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਭਾਰਤ ਨੂੰ ਲੈ ਕੇ ਰਾਸ਼ਟਰਪਤੀ ਬਾਈਡਨ ਦੀਆਂ ਜੋ ਨੀਤੀਆਂ ਸਨ, ਉਹ ਬਦਲ ਜਾਣਗੀਆਂ?

ਭਾਰਤ ਨਾਲ ਆਰਥਿਕ ਅਤੇ ਕਾਰੋਬਾਰੀ ਰਿਸ਼ਤੇ
ਮੰਨਿਆ ਜਾ ਰਿਹਾ ਹੈ ਕਿ ਡੌਨਲਡ ਟਰੰਪ ਦੀਆਂ ਆਰਥਿਕ ਨੀਤੀਆਂ ʻਅਮਰੀਕਾ ਫਰਸਟʼ ʼਤੇ ਕੇਂਦਰਿਤ ਹੋਣਗੀਆਂ।
ਟਰੰਪ ਨੇ ਆਪਣੇ ਪਹਿਲੇ ਕਾਰਜਾਕਾਲ ਵਿੱਚ ਅਮਰੀਕੀ ਉਦਯੋਗਾਂ ਨੂੰ ਸੁਰੱਖਿਆ ਦੇਣ ਦੀ ਨੀਤੀ ਅਪਨਾਈ ਸੀ।
ਉਨ੍ਹਾਂ ਨੇ ਚੀਨ ਅਤੇ ਭਾਰਤ ਸਣੇ ਕਈ ਦੇਸ਼ਾਂ ਦੇ ਆਯਾਤ ʼਤੇ ਭਾਰੀ ਟੈਰਿਫ ਲਗਾਇਆ ਸੀ।
ਮਿਸਾਲ ਵਜੋਂ ਭਾਰਤ ਨਾਲ ਅਮਰੀਕੀ ਹਾਰਲੇ ਡੇਵਿਡਸਨ ਮੋਟਰਸਾਈਕਲਾਂ ʼਤੇ ਟੈਰਿਫ ਹਟਾਉਣ ਜਾਂ ਘਟਾਉਣ ਨੂੰ ਕਿਹਾ ਸੀ।
ਟਰੰਪ ਨੇ ਅਮਰੀਕਾ ਫਰਸਟ ਦਾ ਨਾਅਰਾ ਦਿੱਤਾ ਹੈ ਅਤੇ ਉਹ ਅਮਰੀਕੀ ਵਸਤਾਂ ਅਤੇ ਸੇਵਾਵਾਂ ਦੇ ਆਯਾਤ ʼਤੇ ਜ਼ਿਆਦਾ ਟੈਰਿਫ ਲਗਾਉਣ ਵਾਲੇ ਦੇਸ਼ਾਂ ਦੇ ਖ਼ਿਲਾਫ਼ ਕਾਰਵਾਈ ਕਰ ਸਕਦੇ ਹਨ। ਭਾਰਤ ਵੀ ਇਸ ਦੇ ਘੇਰੇ ਵਿੱਚ ਆ ਸਕਦਾ ਹੈ।

ਕੌਮਾਂਤਰੀ ਮਾਮਲਿਆਂ ʼਤੇ ਨਜ਼ਰ ਰੱਖਣ ਵਾਲੇ ਪੱਤਰਕਾਰ ਸ਼ਸ਼ਾਂਕ ਮੱਟੂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ʼਤੇ ਲਿਖਿਆ, “ਟਰੰਪ ਦੀ ਨਜ਼ਰ ਵਿੱਚ ਭਾਰਤ ਕਾਰੋਬਾਰੀ ਨਿਯਮਾਂ ਦਾ ਬਹੁਤ ਜ਼ਿਆਦਾ ਉਲੰਘਣ ਕਰਦਾ ਹੈ। ਉਹ ਅਮਰੀਕੀ ਚੀਜ਼ਾਂ ʼਤੇ ਭਾਰਤ ਦਾ ਬਹੁਤ ਜ਼ਿਆਦਾ ਟੈਰਿਫ ਲਗਾਉਣਾ ਪਸੰਦ ਨਹੀਂ ਕਰਦੇ।”
“ਟਰੰਪ ਚਾਹੁੰਦੇ ਹਨ ਕਿ ਉਨ੍ਹਾਂ ਦੇ ਦੇਸ਼ ਤੋਂ ਆਯਾਤ ਹੋਣ ਵਾਲੀਆਂ ਚੀਜ਼ਾਂ ʼਤੇ 20 ਫੀਸਦ ਤੱਕ ਹੀ ਟੈਰਿਫ ਲੱਗੇ।”
ਉਹ ਅੱਗੇ ਲਿਖਦੇ ਹਨ, “ਕੁਝ ਅਰਥ-ਸ਼ਾਸਤਰੀਆਂ ਦਾ ਅੰਦਾਜ਼ਾ ਹੈ ਕਿ ਜੇਕਰ ਟਰੰਪ ਦੇ ਟੈਰਿਫ ਨਿਯਮ ਲਾਗੂ ਹੋਏ ਤਾਂ 2028 ਤੱਕ ਭਾਰਤ ਦੀ ਜੀਡੀਪੀ ਵਿੱਚ 0.1 ਫੀਸਦ ਤੱਕ ਦੀ ਗਿਰਾਵਟ ਆ ਸਕਦੀ ਹੈ।”
“ਭਾਰਤ ਅਤੇ ਅਮਰੀਕਾ ਵਿਚਾਲੇ 200 ਅਰਬ ਡਾਲਰ ਦਾ ਕਾਰੋਬਾਰ ਹੁੰਦਾ ਹੈ। ਜੇਕਰ ਟਰੰਪ ਨੇ ਟੈਰਿਫ ਦੀਆਂ ਦਰਾਂ ਜ਼ਿਆਦਾ ਵਧਾਈਆਂ ਤਾਂ ਭਾਰਤ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ।”
ਟਰੰਪ ਦੀਆਂ ਕਾਰੋਬਾਰੀ ਨੀਤੀਆਂ ਨਾਲ ਭਾਰਤ ਦਾ ਆਯਾਤ ਮਹਿੰਗਾ ਹੋ ਸਕਦਾ ਹੈ। ਇਹ ਮਹਿੰਗਾਈ ਦਰ ਨੂੰ ਵਧਾਏਗਾ ਅਤੇ ਇਸ ਨਾਲ ਵਿਆਜ਼ ਦੀਆਂ ਦਰਾਂ ਵਿੱਚ ਜ਼ਿਆਦਾ ਕਟੌਤੀ ਨਹੀਂ ਹੋ ਸਕੇਗੀ।
ਇਸ ਨਾਲ ਉਪਭੋਗਤਾਵਾਂ ਖ਼ਾਸ ਕਰ ਕੇ ਮੱਧ ਵਰਗ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ ਕਿਉਂਕਿ ਉਨ੍ਹਾਂ ਦੀ ਈਐੱਮਆਈ (ਕਿਸ਼ਤ) ਵਧ ਸਕਦੀ ਹੈ।

ਤਸਵੀਰ ਸਰੋਤ, @RAJNATHSINGH
ਰੱਖਿਆ ਸਬੰਧ
ਡੌਨਲਡ ਟਰੰਪ ਚੀਨ ਦੇ ਕੱਟੜ ਵਿਰੋਧੀ ਮੰਨੇ ਜਾਂਦੇ ਹਨ। ਉਨ੍ਹਾਂ ਦੇ ਪਹਿਲੇ ਕਾਰਜਕਾਲ ਵਿੱਚ ਅਮਰੀਕਾ ਅਤੇ ਚੀਨ ਦੇ ਰਿਸ਼ਤੇ ਕਾਫੀ ਖ਼ਰਾਬ ਹੋ ਗਏ ਸਨ।
ਉਹ ਹਾਲਤ ਭਾਰਤ ਅਤੇ ਅਮਰੀਕਾ ਵਿਚਾਲੇ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗੀ। ਆਪਣੇ ਪਹਿਲੇ ਕਾਰਜਕਾਲ ਦੌਰਾਨ ਉਹ ਕਵਾਡ ਨੂੰ ਮਜ਼ਬੂਤੀ ਦੇਣ ਲਈ ਕਾਫੀ ਸਰਗਰਮ ਨਜ਼ਰ ਆਏ ਸਨ।
ਕਵਾਡ ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਅਮਰੀਕਾ, ਆਸਟ੍ਰੇਲੀਆ, ਭਾਰਤ ਅਤੇ ਜਾਪਾਨ ਦਾ ਗਠਜੋੜ ਹੈ।
ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਭਾਰਤ ਦੇ ਨਾਲ ਹਥਿਆਰਾਂ ਦੇ ਨਿਰਯਾਤ, ਸੰਯੁਕਤ ਸੈਨਾ ਅਭਿਆਸ ਅਤੇ ਟੈਕਨੋਲਾਜੀ ਟ੍ਰਾਂਸਫਰ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਜ਼ਿਆਦਾ ਚੰਗਾ ਤਾਲਮੇਲ ਦਿਖ ਸਕਦਾ ਹੈ।
ਇਹ ਚੀਨ ਅਤੇ ਪਾਕਿਸਤਾਨ ਦੇ ਖ਼ਿਲਾਫ਼ ਭਾਰਤ ਦੀ ਸਥਿਤੀ ਜ਼ਿਆਦਾ ਮਜ਼ਬੂਤ ਕਰ ਸਕਦਾ ਹੈ।
ਅਮਰੀਕੀ ਥਿੰਕ ਟੈਂਕ ‘ਰੈਂਡ ਕਾਰਪੋਰੇਸ਼ਨ’ ਵਿੱਚ ਇੰਡੋ ਪੈਸਿਫਿਕ ਦੇ ਵਿਸ਼ਲੇਸ਼ਕ ਡੇਰੇਕ ਗ੍ਰੋਸਮੈਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ʼਤੇ ਲਿਖਿਆ, “ਟਰੰਪ ਦੇ ਜਿੱਤਣ ਨਾਲ ਭਾਰਤ ਅਤੇ ਅਮਰੀਕਾ ਦੀ ਮੌਜੂਦਾ ਰਣਨੀਤੀ ਜਾਰੀ ਰਹੇਗੀ। ਇਸ ਵਿੱਚ ਜ਼ਿਆਦਾ ਮੁੱਲਾਂ ਦੀ ਗੱਲ ਨਹੀਂ ਹੋਵੇਗੀ।”
“ਕੁੱਲ ਮਿਲਾ ਕੇ ਟਰੰਪ ਦੇ ਰਾਸ਼ਟਰਪਤੀ ਬਣਨ ਨਾਲ ਭਾਰਤ ਨੂੰ ਇਸ ਮਾਮਲੇ 'ਚ ਫਾਇਦਾ ਹੋਵੇਗਾ।”
ਸ਼ਸ਼ਾਂਕ ਮੱਟੂ ਲਿਖਦੇ ਹਨ, “ਟਰੰਪ ਨੇ ਰਾਸ਼ਟਰਪਤੀ ਰਹਿੰਦਿਆਂ ਹੋਇਆ ਭਾਰਤ ਦੇ ਨਾਲ ਵੱਡੇ ਰੱਖਿਆ ਸਮਝੌਤੇ ਕੀਤੇ ਸਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਚੰਗੇ ਸਬੰਧ ਬਣਾਏ ਅਤੇ ਚੀਨ ਦੇ ਖ਼ਿਲਾਫ਼ ਸਖ਼ਤ ਰੁੱਖ਼ ਅਖ਼ਤਿਆਰ ਕੀਤਾ।”

ਟਰੰਪ ਦੀ ਵੀਜ਼ਾ ਨੀਤੀ
ਟਰੰਪ ਦੀਆਂ ਨੀਤੀਆਂ ਪਰਵਾਸੀਆਂ ਲਈ ਕਾਫੀ ਮੁਸ਼ਕਲਾਂ ਪੈਦਾ ਕਰ ਸਕਦੀਆਂ ਹਨ। ਟਰੰਪ ਇਸ ਮਾਮਲੇ ਵਿੱਚ ਕਾਫ਼ੀ ਬੇਬਾਕ ਹਨ ਅਤੇ ਇਹ ਅਮਰੀਕੀ ਚੋਣਾਂ ਦਾ ਅਹਿਮ ਮੁੱਦਾ ਰਿਹਾ ਹੈ।
ਟਰੰਪ ਨੇ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਵਾਪਸ ਦੇਸ਼ ਭੇਜਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗ਼ੈਰ-ਕਾਨੂੰਨੀ ਪਰਵਾਸੀ ਅਮਰੀਕਾ ਦੇ ਲੋਕਾਂ ਦੇ ਰੁਜ਼ਗਾਰ ਖਾ ਰਹੇ ਹਨ।
ਵੱਡੀ ਗਿਣਤੀ ਵਿੱਚ ਭਾਰਤੀ ਅਮਰੀਕਾ ਦੇ ਟੈਕਨੋਲਾਜੀ ਸੈਕਟਰ ਵਿੱਚ ਕੰਮ ਕਰਦੇ ਹਨ ਅਤੇ ਉਹ ਉਥੇ ਐੱਚ-1 ਬੀ ਵੀਜ਼ਾ ʼਤੇ ਜਾਂਦੇ ਹਨ। ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਐੱਚ-1ਬੀ ਵੀਜ਼ਾ ਦੇ ਨਿਯਮਾਂ ਵਿੱਚ ਸਖ਼ਤੀ ਦਿਖਾਈ ਸੀ।
ਇਸ ਦਾ ਭਾਰਤੀ ਪੇਸ਼ੇਵਰਾਂ ਅਤੇ ਟੈਕਨੋਲਾਜੀ ਕੰਪਨੀਆਂ ʼਤੇ ਅਸਰ ਦਿਖਿਆ ਸੀ।
ਜੇਕਰ ਇਹ ਨੀਤੀ ਜਾਰੀ ਰਹੀ ਤਾਂ ਭਾਰਤ ਲਈ ਅਮਰੀਕਾ ਵਿੱਚ ਨੌਕਰੀਆਂ ਦੇ ਮੌਕੇ ਘੱਟ ਹੋਣਗੇ।
ਸਖ਼ਤ ਪਰਵਾਸ ਨੀਤੀ ਭਾਰਤੀ ਟੈਕਨੋਲਾਜੀ ਕੰਪਨੀਆਂ ਨੂੰ ਅਮਰੀਕਾ ਨੂੰ ਛੱਡ ਕੇ ਦੂਜੇ ਦੇਸ਼ਾਂ ਵਿੱਚ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰ ਸਕਦੀ ਹੈ।

ਤਸਵੀਰ ਸਰੋਤ, Getty Images
ਮਨੁੱਖੀ ਅਧਿਕਾਰਾਂ ਦਾ ਮੁੱਦਾ
ਟਰੰਪ ਨੇ ਭਾਰਤ ਵਿੱਚ ਮਨੁੱਖੀ ਅਧਿਕਾਰ ਦੇ ਰਿਕਾਰਡ ʼਤੇ ਹੁਣ ਤੱਕ ਕੁਝ ਨਹੀਂ ਕਿਹਾ ਹੈ। ਇਹ ਭਾਰਤ ਦੀ ਮੋਦੀ ਸਰਕਾਰ ਲਈ ਅਨੁਕੂਲ ਸਥਿਤੀ ਹੈ।
ਕਸ਼ਮੀਰ ਵਿੱਚ ਪੁਲਵਾਮਾ ਹਮਲੇ ਦੌਰਾਨ ਵੀ ਟਰੰਪ ਨੇ ਭਾਰਤ ਦੇ ʻਆਤਮਰੱਖਿਅਕ ਦੇ ਅਧਿਕਾਰʼ ਦਾ ਸਮਰਥਨ ਕੀਤਾ ਸੀ।
ਹਾਲਾਂਕਿ, ਬਾਈਡਨ ਪ੍ਰਸ਼ਾਸਨ ਮਨੁੱਖੀ ਅਧਿਕਾਰ ਅਤੇ ਲੋਕਤੰਤਰ ਦੇ ਸਵਾਲ ʼਤੇ ਭਾਰਤ ਦੇ ਖ਼ਿਲਾਫ਼ ਜ਼ਿਆਦਾ ਬੇਬਾਕ ਰਿਹਾ ਹੈ।
ਕਮਲਾ ਹੈਰਿਸ ਨੇ 2021 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਸੀ, "ਆਪਣੇ-ਆਪਣੇ ਦੇਸ਼ਾਂ ਵਿੱਚ ਅਸੀਂ ਲੋਕਤਾਂਤਰਿਕ ਸਿਧਾਂਤਾਂ ਅਤੇ ਸੰਸਥਾਨਾਂ ਦੀ ਰੱਖਿਆ ਕਰੀਏ ਇਹ ਜ਼ਰੂਰੀ ਹੈ।"
ਡੈਮੋਕ੍ਰੇਟਿਕ ਪਾਰਟੀ ਦੇ ਸ਼ਾਸਨ ਵਿੱਚ ਲੋਕਤੰਤਰ ਅਤੇ ਮਨੁੱਖੀ ਅਧਿਕਾਰ ਦੇ ਮੁੱਦੇ ʼਤੇ ਜ਼ਿਆਦਾ ਜ਼ੋਰ ਰਿਹਾ ਹੈ।
ਟਰੰਪ ਦੀ ਤੁਲਨਾ ਵਿੱਚ ਡੈਮੋਕ੍ਰੇਟਿਕ ਰਾਸ਼ਟਰਪਤੀਆਂ ਲਈ ਇਹ ਜ਼ਿਆਦਾ ਪ੍ਰਾਥਮਿਕਤਾ ਵਾਲੇ ਮੁੱਦੇ ਰਹੇ ਹਨ।
ਚੀਨ, ਪਾਕਿਸਤਾਨ ਅਤੇ ਬੰਗਲਾਦੇਸ਼ ʼਤੇ ਕੀ ਕਰਨਗੇ ਟਰੰਪ
ਟਰੰਪ ਦੀ ਜਿੱਤ ਨਾਲ ਚੀਨ ਦੇ ਖ਼ਿਲਾਫ਼ ਭਾਰਤ ਦੇ ਨਾਲ ਉਨ੍ਹਾਂ ਦਾ ਰਣਨੀਤਕ ਸਹਿਯੋਗ ਹੋਰ ਮਜ਼ਬੂਤ ਹੋਵੇਗਾ।
ਪਰ ਟਰੰਪ ਅਮਰੀਕਾ ਦੇ ਸਹਿਯੋਗੀ ਦੇਸ਼ਾਂ ਖ਼ਿਲਾਫ਼ ਵੀ ਝਗੜਦੇ ਨਜ਼ਰ ਆਏ ਹਨ।
ਸ਼ਸ਼ਾਂਕ ਮੱਟੂ ਇਸ ਮਾਮਲੇ ਵਿੱਚ ਟਰੰਪ ਦੇ ਸ਼ਾਸਨ ਵਿੱਚ ਜਾਪਾਨ ਅਤੇ ਦੱਖਣੀ ਕੋਰੀਆ ਦੇ ਨਾਲ ਰਿਸ਼ਤਿਆਂ ਵਿੱਚ ਤਣਾਅ ਦੀ ਯਾਦ ਦਿਵਾਉਂਦੇ ਹਨ।
ਉਹ ਲਿਖਦੇ ਹਨ, "ਇਹ ਵੀ ਸਾਫ਼ ਨਹੀਂ ਹੈ ਕਿ ਉਹ ਚੀਨ ਖ਼ਿਲਾਫ਼ ਤਾਇਵਾਨ ਦਾ ਬਚਾਅ ਕਰਨਗੇ ਕਿ ਨਹੀਂ। ਇਸ ਤਰ੍ਹਾਂ ਦੇ ਰੁਖ਼ ਨਾਲ ਏਸ਼ੀਆ ਵਿੱਚ ਅਮਰੀਕਾ ਦਾ ਗਠਜੋੜ ਕਮਜ਼ੋਰ ਹੋਵੇਗਾ। ਇਸ ਨਾਲ ਚੀਨ ਦੀ ਸਥਿਤੀ ਮਜ਼ਬੂਤ ਹੋਵੇਗੀ, ਜੋ ਭਾਰਤ ਦੇ ਪੱਖ ਵਿੱਚ ਨਹੀਂ ਹੈ।"
"ਉਨ੍ਹਾਂ ਨੇ ਕਸ਼ਮੀਰ ਦੇ ਮੁੱਦੇ ʼਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਚੋਲਗੀ ਦਾ ਵੀ ਪ੍ਰਸਤਾਵ ਦਿੱਤਾ ਸੀ, ਜੋ ਭਾਰਤ ਨੂੰ ਪਸੰਦ ਨਹੀਂ ਆਇਆ ਸੀ। ਉਨ੍ਹਾਂ ਨੇ ਤਾਲਿਬਾਨ ਨਾਲ ਸਮਝੌਤਾ ਕਰ ਕੇ ਅਫ਼ਗਾਨਿਸਤਾਨ ਤੋਂ ਅਮਰੀਕੀ ਫੌਜਾਂ ਨੂੰ ਬੁਲਾ ਲਿਆ। ਅਮਰੀਕਾ ਦਾ ਇਹ ਦਾਅ ਦੱਖਣੀ ਏਸ਼ੀਆ ਵਿੱਚ ਭਾਰਤ ਦੇ ਹਿੱਤਾਂ ਦੇ ਖ਼ਿਲਾਫ਼ ਪਿਆ।"
ਬੰਗਲਾਦੇਸ਼ ਦੇ ਸਵਾਲ ʼਤੇ ਟਰੰਪ ਨੇ ਖੁੱਲ੍ਹ ਕੇ ਭਾਰਤ ਦਾ ਸਾਥ ਦਿੱਤਾ ਹੈ। ਟਰੰਪ ਨੇ ਬੰਗਲਾਦੇਸ਼ ਵਿੱਚ ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਚੁੱਕਿਆ ਸੀ।

ਹਾਲ ਹੀ ਵਿੱਚ ਉਨ੍ਹਾਂ ਨੇ ਬੰਗਲਾਦੇਸ਼ ਵਿੱਚ ਹਿੰਦੂਆਂ, ਈਸਾਈਆਂ ਅਤੇ ਹੋਰ ਘੱਟ ਗਿਣਤੀਆਂ ਖ਼ਿਲਾਫ਼ ਹਿੰਸਾ ʼਤੇ ਸੋਸ਼ਲ ਮੀਡੀਆ ਪਲੇਟਫਾਰਮ ʼਤੇ ਲਿਖਿਆ ਸੀ, "ਮੈਂ ਬੰਗਲਾਦੇਸ਼ ਵਿੱਚ ਹਿੰਦੂਆਂ, ਈਸਾਈਆਂ ਅਤੇ ਹੋਰ ਘੱਟ ਗਿਣਤੀਆਂ ਖ਼ਿਲਾਫ਼ ਹਿੰਸਾ ਅਤੇ ਭੀੜ ਵੱਲੋਂ ਲੁੱਟ ਦੀ ਸਖ਼ਤ ਨਿੰਦਾ ਕਰਦਾ ਹਾਂ। ਇਸ ਵੇਲੇ ਬੰਗਲਾਦੇਸ਼ ਵਿੱਚ ਪੂਰੀ ਤਰ੍ਹਾਂ ਅਰਾਜਕਤਾ ਦੀ ਸਥਿਤੀ ਹੈ।"
ਉਨ੍ਹਾਂ ਨੇ ਲਿਖਿਆ, "ਜੇਕਰ ਮੈਂ ਰਾਸ਼ਟਰਪਤੀ ਰਹਿੰਦਾ ਤਾਂ ਅਜਿਹਾ ਬਿਲਕੁਲ ਨਾ ਹੁੰਦਾ। ਕਮਲਾ ਅਤੇ ਜੋਅ ਬਾਈਡਨ ਨੇ ਪੂਰੀ ਦੁਨੀਆਂ ਅਤੇ ਅਮਰੀਕਾ ਵਿੱਚ ਹਿੰਦੂਆਂ ਦੀ ਅਣਦੇਖੀ ਕੀਤੀ ਹੈ।"
"ਇਜ਼ਰਾਈਲ ਤੋਂ ਲੈ ਕੇ ਯੂਕਰੇਨ ਤੱਕ ਉਨ੍ਹਾਂ ਦੀ ਨੀਤੀ ਡਰਾਉਣੀ ਰਹੀ ਹੈ। ਪਰ ਅਸੀਂ ਅਮਰੀਕਾ ਨੂੰ ਇੱਕ ਵਾਰ ਫਿਰ ਮਜ਼ਬੂਤ ਬਣਾਵਾਂਗੇ ਅਤੇ ਸ਼ਾਂਤੀ ਲਿਆਵਾਂਗੇ।"
ਉਨ੍ਹਾਂ ਨੇ ਅੱਗੇ ਲਿਖਿਆ, "ਅਸੀਂ ਰੈਡੀਕਲ ਲੈਫਟ ਦੇ ਧਰਮ ਵਿਰੋਧੀ ਏਜੰਡੇ ਨਾਲ ਹਿੰਦੂ ਅਮਰੀਕੀਆਂ ਨੂੰ ਬਚਾਵਾਂਗੇ। ਆਪਣੇ ਸ਼ਾਸਨ ਵਿੱਚ ਮੈਂ ਭਾਰਤ ਅਤੇ ਦੋਸਤ ਨਰਿੰਦਰ ਮੋਦੀ ਦੇ ਨਾਲ ਸਬੰਧਾਂ ਨੂੰ ਹੋਰ ਮਜ਼ਬੂਤ ਕਰਾਂਗਾ।"
ਜਿੱਥੋਂ ਤੱਕ ਪਾਕਿਸਤਾਨ ਦਾ ਸਵਾਲ ਹੈ ਤਾਂ ਮਾਹਰਾਂ ਦੀ ਨਜ਼ਰ ਵਿੱਚ ਅਮਰੀਕਾ ਇੰਡੋ-ਪੈਸਿਫਿਕ ਨੀਤੀ ਵਿੱਚ ਇਸ ਨੂੰ ਲੈ ਕੇ ਉਲਝਣ ਵਾਲੀ ਸਥਿਤੀ ਨਜ਼ਰ ਆਉਂਦੀ ਹੈ।
ਥਿੰਕ ਟੈਂਕ ʻਦਿ ਵਿਲਸਨ ਸੈਂਟਰʼ ਦੇ ਦੱਖਣ ਏਸ਼ੀਆਈ ਨਿਰਦੇਸ਼ਕ ਮਾਈਕਲ ਕੁਗਲਮੈਨ ਨੇ ਲਿਖਿਆ ਹੈ, "ਅਮਰੀਕੀ ਅਧਿਕਾਰੀ ਇਸ ਗੱਲ ਨੂੰ ਲੈ ਕੇ ਭਰਮ ਦੀ ਸਥਿਤੀ ਵਿੱਚ ਹਨ। ਅਮਰੀਕਾ ਦੀ ਇੰਡੋ-ਪੈਸਿਫਿਕ ਨੀਤੀ ਵਿੱਚ ਪਾਕਿਸਤਾਨ ਦੀ ਥਾਂ ਕਿੱਥੇ ਹੈ?"
"ਪਾਕਿਸਤਾਨ ਚੀਨ ਦਾ ਦੋਸਤ ਹੈ ਅਤੇ ਅਮਰੀਕਾ ਹੁਣ ਅਫ਼ਗਾਨਿਸਤਾਨ ਨੂੰ ਆਪਣੀ ਰਣਨੀਤੀ ਦਾ ਹਿੱਸਾ ਨਹੀਂ ਮੰਨਦਾ ਹੈ, ਕਿਉਂਕਿ ਉੱਥੇ ਤਾਲਿਬਾਨ ਹੈ।"
ਮਾਈਕਲ ਕੁਗਲਮੈਨ ਨਾਲ ਜਦੋਂ ਭਾਰਤ ਅਤੇ ਰੂਸ ਦੇ ਰਿਸ਼ਤਿਆਂ ʼਤੇ ਅਮਰੀਕੀ ਨਜ਼ਰੀਏ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਟਰੰਪ ਰੂਸ ਅਤੇ ਭਾਰਤ ਦੇ ਰਿਸ਼ਤਿਆਂ ਪ੍ਰਤੀ ਜ਼ਿਆਦਾ ਉਦਾਰ ਹੋ ਸਕਦੇ ਹਨ।
ਪਰ ਭਾਰਤ ਦੇ ਨਾਲ ਕਾਰੋਬਾਰ ਅਤੇ ਟੈਰਿਫ ਦੇ ਮੁੱਦੇ ʼਤੇ ਉਹ ਸਖ਼ਤ ਰੁਖ਼ ਅਪਣਾ ਸਕਦੇ ਹਨ।

ਤਸਵੀਰ ਸਰੋਤ, @REALDONALDTRUMP
ਟਰੰਪ ਦਾ ਕਸ਼ਮੀਰ ʼਤੇ ਰੁਖ਼
ਟਰੰਪ ਦਾ ਰੁਖ਼ ਪਾਕਿਸਤਾਨ ਨੂੰ ਲੈ ਕੇ ਕੀ ਹੋਵੇਗਾ, ਇਸ ਨਾਲ ਵੀ ਭਾਰਤ ਦੇ ਹਿੱਤ ਜੁੜੇ ਹਨ। 2019 ਦੇ ਜੁਲਾਈ ਮਹੀਨੇ ਵਿੱਚ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਮਰੀਕਾ ਦੌਰੇ ʼਤੇ ਸਨ।
ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਡੌਨਲਡ ਟਰੰਪ ਵ੍ਹਾਈਟ ਹਾਊਸ ਵਿੱਚ ਇਮਰਾਨ ਖ਼ਾਨ ਦਾ ਸੁਆਗਤ ਕਰ ਰਹੇ ਸਨ।
ਉਸੇ ਦੌਰਾਨ ਟਰੰਪ ਨੇ ਕਸ਼ਮੀਰ ʼਤੇ ਵਿਚੋਲਗੀ ਦੀ ਗੱਲ ਕਹੀ ਸੀ। ਟਰੰਪ ਨੇ ਇੱਥੋਂ ਤੱਕ ਦਾਅਵਾ ਕਰ ਦਿੱਤਾ ਸੀ ਕਿ ਪੀਐੱਮ ਮੋਦੀ ਵੀ ਚਾਹੁੰਦੇ ਹਨ ਕਿ ਉਹ ਕਸ਼ਮੀਰ ʼਤੇ ਵਿਚੋਲਗੀ ਕਰਨ।
ਭਾਰਤ ਨੇ ਟਰੰਪ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਪੀਐੱਮ ਮੋਦੀ ਨੇ ਟਰੰਪ ਨਾਲ ਅਜਿਹਾ ਕੁਝ ਨਹੀਂ ਕਿਹਾ ਸੀ।
ਅਜਿਹਾ ਦਹਾਕਿਆਂ ਬਾਅਦ ਹੋਇਆ ਸੀ, ਜਦੋਂ ਕੋਈ ਅਮਰੀਕੀ ਰਾਸ਼ਟਰਪਤੀ ਨੇ ਕਸ਼ਮੀਰ ʼਤੇ ਵਿਚੋਲਗੀ ਦੀ ਗੱਲ ਕੀਤੀ ਸੀ।
ਪਾਕਿਸਤਾਨ ਨੇ ਟਰੰਪ ਦੇ ਇਸ ਬਿਆਨ ਦਾ ਸੁਆਗਤ ਕੀਤਾ ਸੀ ਜਦ ਕਿ ਭਾਰਤ ਲਈ ਇਹ ਅਸਹਿਜ ਕਰਨ ਵਾਲਾ ਸੀ। ਭਾਰਤ ਦੀ ਅਧਿਕਾਰਤ ਲਾਈਨ ਹੈ ਕਿ ਕਸ਼ਮੀਰ ʼਤੇ ਕਿਸੇ ਦੀ ਵਿਚੋਲਗੀ ਨੂੰ ਸਵੀਕਾਰ ਨਹੀਂ ਕਰਾਂਗੇ।

ਤਸਵੀਰ ਸਰੋਤ, Getty Images
ਪਾਕਿਸਤਾਨ ਦੇ ਸੀਨੈਟਰ ਮੁਸ਼ਾਹਿਦ ਹੁਸੈਨ ਸਈਅਦ ਮੰਨਦੇ ਹਨ ਕਿ ਟਰੰਪ ਦਾ ਆਉਣਾ ਪਾਕਿਸਤਾਨ ਦੇ ਹੱਕ ਵਿੱਚ ਹੋਵੇਗਾ।
ਉਨ੍ਹਾਂ ਨੇ ਦਿ ਇੰਡੀਪੈਂਡੇਂਟ ਉਰਦੂ ਨੂੰ ਕਿਹਾ, "ਮੇਰੇ ਹਿਸਾਬ ਨਾਲ ਟਰੰਪ ਪਾਕਿਸਤਾਨ ਲਈ ਬਿਹਤਰ ਹੋਣਗੇ। ਇਜ਼ਰਾਈਲ ਦੇ ਮਾਮਲੇ ਵਿੱਚ ਕੋਈ ਫਰਕ ਨਹੀਂ ਹੋਵੇਗਾ। ਟਰੰਪ ਨਵੀਂ ਜੰਗ ਸ਼ੁਰੂ ਨਹੀਂ ਕਰਨਗੇ।"
"ਅਫ਼ਗਾਨਿਸਤਾਨ ਤੋਂ ਉਨ੍ਹਾਂ ਨੇ ਆਪਣੇ ਸੈਨਿਕਾਂ ਨੂੰ ਬੁਲਾ ਲਿਆ। ਇਹ ਕੰਮ ਨਾ ਓਬਾਮਾ ਕਰ ਸਕਦੇ ਸਨ ਅਤੇ ਨਾ ਬਾਈਡਨ। ਯੂਕਰੇਨ ਦੀ ਜੰਗ ਵੀ ਟਰੰਪ ਖ਼ਤਮ ਕਰਨਗੇ। ਟਰੰਪ ਪਿਛਲੇ 25 ਸਾਲਾਂ ਵਿੱਚ ਪਹਿਲੇ ਅਮਰੀਕੀ ਰਾਸ਼ਟਰਪਤੀ ਹਨ, ਜਿਨ੍ਹਾਂ ਨੇ ਕਸ਼ਮੀਰ ʼਤੇ ਵਿਚੋਲਗੀ ਦੀ ਗੱਲ ਕਹੀ। ਇਸ ਲਈ ਪਹਿਲਾਂ ਬਿਲ ਕਲਿੰਟਨ ਨੇ ਕਸ਼ਮੀਰ ਦਾ ਜ਼ਿਕਰ ਕੀਤਾ ਸੀ।"
ਹੁਸੈਨ ਨੇ ਕਿਹਾ, "ਅਤੀਤ ਵਿੱਚ ਵੀ ਰਿਪਬਲਿਕਨ ਪਾਰਟੀ ਪਾਕਿਸਤਾਨ ਦੇ ਕਰੀਬ ਰਹੀ ਹੈ। ਅਮਰੀਕਾ ਵਿੱਚ ਰਿਪਬਲਿਕਨ ਪਾਰਟੀ ਦੀ ਸਰਕਾਰ ਪਾਕਿਸਤਾਨ ਦੇ ਨਾਲ ਹਮੇਸ਼ਾ ਰਹੀ ਹੈ।"
"ਇੰਦਰਾ ਗਾਂਧੀ ਬੰਗਲਾਦੇਸ਼ ਵੱਖ ਕਰਨ ਤੋਂ ਬਾਅਦ ਪਾਕਿਸਤਾਨ ʼਤੇ ਵੀ ਹਮਲਾ ਕਰਨਾ ਚਾਹੁੰਦੀ ਸੀ ਪਰ ਰਾਸ਼ਟਰਪਤੀ ਨਿਕਸਨ ਨੇ ਅਜਿਹਾ ਨਹੀਂ ਹੋਣ ਦਿੱਤਾ ਸੀ। ਸਾਡੇ ਕੋਲੋਂ ਅਮਰੀਕਾ ਨਾਲ ਆਪਣੇ ਫਾਇਦੇ ਲਈ ਸਹੀ ਢੰਗ ਨਾਲ ਤੋਲ-ਮੋਲ ਨਹੀਂ ਹੋ ਰਿਹਾ।"
"ਅਮਰੀਕਾ ਨੇ ਇਸ ਇਲਾਕੇ ਵਿੱਚ ਦੋ ਅਹਿਮ ਫ਼ੈਸਲੇ ਕੀਤੇ ਸਨ। ਇੱਕ ਇਹ ਕਿ ਉਨ੍ਹਾਂ ਬਿਹਤਰੀਨ ਸਾਥੀ ਅਤੇ ਰਣਨੀਤਕ ਭਾਈਵਾਲ ਭਾਰਤ ਹੈ ਅਤੇ ਦੂਜਾ ਇਹ ਕਿ ਉਨ੍ਹਾਂ ਦਾ ਦੁਸ਼ਮਣ ਚੀਨ ਹੈ। ਅਜਿਹੇ ਵਿੱਚ ਸਾਨੂੰ ਫ਼ੈਸਲਾ ਲੈਣਾ ਹੋਵੇਗਾ ਕਿ ਕੀ ਕਰਨਾ ਹੈ।"
"ਚੀਨ ਸਾਡੇ ਨਾਲ ਚੱਟਾਨ ਵਾਂਗ ਖੜ੍ਹਾ ਹੈ ਪਰ ਅਮਰੀਕਾ ਨੂੰ ਜਦੋਂ ਸਾਡੀ ਲੋੜ ਪੈਂਦੀ ਹੈ ਤਾਂ ਸ਼ਰਤ ਨਾਲ ਸਾਡੇ ਨਾਲ ਆਉਂਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












