ਜੇਕਰ ਤੁਸੀਂ ਆਪਣੇ ਬਿਸਤਰੇ ਦੀ ਚਾਦਰ ਛੇਤੀ ਨਹੀਂ ਧੋਂਦੇ ਤਾਂ ਇਨ੍ਹਾਂ ਖਤਰਿਆਂ ਬਾਰੇ ਜਾਣ ਲਵੋ

ਤਸਵੀਰ ਸਰੋਤ, Getty Images
- ਲੇਖਕ, ਜੈਸਮੀਨ ਫੌਕਸ-ਸਕੈਲੀ
- ਰੋਲ, ਬੀਬੀਸੀ ਪੱਤਰਕਾਰ
ਅਸੀਂ ਆਪਣੀ ਇੱਕ ਤਿਹਾਈ ਜ਼ਿੰਦਗੀ ਆਪਣੇ ਬਿਸਤਰਿਆਂ ਅਤੇ ਸਰ੍ਹਾਣਿਆਂ ਵਿੱਚ ਬਿਤਾਉਂਦੇ ਹਾਂ। ਜੋ ਕਈ ਅਣਚਾਹੇ ਮਹਿਮਾਨਾਂ ਨੂੰ ਵੀ ਰਹਿਣ ਲਈ ਪੂਰਾ ਵਧੀਆ ਮਾਹੌਲ ਪ੍ਰਦਾਨ ਕਰਦੇ ਹਨ।
ਇੱਕ ਭੱਜ-ਦੌੜ ਵਾਲੇ ਦਿਨ ਤੋਂ ਬਾਅਦ ਇੱਕ ਅਰਾਮਦਾਇਕ ਬਿਸਤਰੇ ਵਿੱਚ ਵੜ ਜਾਣ ਵਰਗਾ ਸੁਖ ਹੋਰ ਸ਼ਾਇਦ ਹੀ ਕੁਝ ਹੋਵੇ। ਸਰ੍ਹਾਣੇ ਉੱਤੇ ਸਿਰ ਰੱਖਣਾ ਅਤੇ ਕੰਬਲ ਚਾਦਰ ਵਿੱਚ ਰੇਸ਼ਮ ਦੇ ਕੀੜੇ ਵਾਂਗ ਸਿਮਟ ਜਾਣਾ।
ਸਾਨੂੰ ਮਨੁੱਖਾਂ ਨੂੰ ਇਹ ਕਿਰਿਆ ਕੁਝ ਜ਼ਿਆਦਾ ਹੀ ਪੰਸਦ ਹੈ।
ਲੇਕਿਨ ਜੇ ਥੋੜ੍ਹਾ ਜਿਹਾ ਗਹੁ ਨਾਲ ਦੇਖੋਂ ਤਾਂ ਤੁਸੀਂ ਘਬਰਾ ਜਾਓਗੇ। ਤੁਹਾਡੇ ਬਿਸਤਰ ਵਿੱਚ ਲੱਖਾਂ ਬੈਕਟੀਰੀਆ, ਉੱਲ੍ਹੀ, ਵਾਇਰਸ ਅਤੇ ਪਿੱਸੂ ਆਦਿ ਰਹਿੰਦੇ ਹਨ। ਤੁਹਾਡਾ ਬਿਸਤਰਾ ਉਨ੍ਹਾਂ ਲਈ ਵੀ ਕਿਸੇ ਸੁਰੰਗ ਤੋਂ ਘੱਟ ਨਹੀਂ ਹੈ। ਇੱਕ ਨਿੱਘੀ ਅਤੇ ਸਲ੍ਹਾਬੀ ਥਾਂ ਜਿੱਥੇ ਉਹ ਬੇਫਿਕਰੀ ਨਾਲ ਵਧ-ਫੁੱਲ ਸਕਦੇ ਹਨ। ਇੱਥੇ ਉਨ੍ਹਾਂ ਪੋਸ਼ਣ ਲਈ ਨੂੰ ਪਸੀਨਾ, ਲਾਰ, ਸਿੱਕਰੀ ਦੇ ਕਣ ਅਤੇ ਭੋਜਨ ਨੇ ਕਣ ਮਿਲਦੇ ਹਨ।
ਹਰ ਰੋਜ਼ ਸਾਡੀ ਚਮੜੀ ਦੇ ਕਰੀਬ 50 ਕਰੋੜ ਸੈਲ ਝੜਦੇ ਹਨ। ਜੇ ਤੁਸੀਂ ਕੋਈ ਡਸਟ ਮਾਈਟ ਹੋ ਤਾਂ ਇਹ ਤੁਹਾਡਾ ਢਿੱਡ ਭਰਨ ਲਈ ਕਾਫ਼ੀ ਹੈ। ਲੇਕਿਨ ਇਹ ਕੀਟ ਤੇ ਇਨ੍ਹਾਂ ਦਾ ਮਲ-ਮੂਤਰ ਸਾਡੇ ਵਿੱਚ ਅਲਰਜੀ, ਦਮਾ ਅਤੇ ਐਗਜ਼ਿਮਾ ਦਾ ਕਾਰਨ ਬਣ ਸਕਦਾ ਹੈ।
ਬਿਸਤਰੇ ਦੀਆਂ ਚਾਦਰਾਂ ਬੈਕਟੀਰੀਆ ਲਈ ਵੀ ਸਵਰਗ ਤੋਂ ਘੱਟ ਨਹੀਂ। ਮਿਸਾਲ ਵਜੋਂ ਸਾਲ 2013 ਵਿੱਚ ਫਰਾਂਸ ਦੇ ਇੱਕ ਇੰਸਟੀਚਿਊਟ ਨੇ ਹਸਪਤਾਲ ਦੀਆਂ ਚਾਦਰਾਂ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਨੇ ਦੇਖਿਆ ਕਿ ਇਨ੍ਹਾਂ ਵਿੱਚ ਮਨੁੱਖੀ ਚਮੜੀ ਉੱਤੇ ਅਕਸਰ ਮਿਲਣ ਵਾਲੇ ਸਟੈਫਲੋਕੋਕੂਸ ਬੈਕਟੀਰੀਆ ਦੀ ਭਰਮਾਰ ਸੀ
ਹਾਲਾਂਕਿ ਇਸ ਦੀਆਂ ਕੁਝ ਪ੍ਰਜਾਤੀਆਂ ਕੋਈ ਨੁਕਸਾਨ ਨਹੀਂ ਕਰਦੀਆਂ ਜਦਕਿ ਕੁਝ ਚਮੜੀ ਦੀ ਲਾਗ, ਐਕਨੇ ਅਤੇ ਨਮੋਨੀਆ ਤੱਕ ਕਰ ਸਕਦੀਆਂ ਹਨ।
ਯੂਨੀਵਰਸਿਟੀ ਆਫ਼ ਵੈਸਟਮਨਿਸਟਰ ਦੇ ਸੂਖਮ ਜੀਵ ਵਿਗਿਆਨੀ ਮਨਲ ਮੁਹੰਮਦ ਜੋ ਇਸ ਅਧਿਐਨ ਵਿੱਚ ਸ਼ਾਮਲ ਸਨ, ਕਹਿੰਦੇ ਹਨ, “ਲੋਕ ਆਪਣੀ ਚਮੜੀ ਦੇ ਹਿੱਸੇ ਵਜੋਂ ਬੈਕਟੀਰੀਆ ਲੈਕੇ ਘੁੰਮਦੇ ਹਨ ਅਤੇ ਬਹੁਤ ਵੱਡੀ ਗਿਣਤੀ ਵਿੱਚ ਇਨ੍ਹਾਂ ਨੂੰ ਛੱਡ ਸਕਦੇ ਹਨ।”
ਉਹ ਕਹਿੰਦੇ ਹਨ ਭਾਵੇਂ ਇਹ ਬੈਕਟੀਰੀਆ ਆਮ ਤੌਰ ਤੇ ਨੁਕਸਾਨ ਨਹੀਂ ਕਰਦੇ ਪਰ ਜੇ ਇਹ ਖੁੱਲ੍ਹੇ ਜ਼ਖਮਾਂ ਥਾਣੀ ਚਮੜੀ ਦੇ ਅੰਦਰ ਚਲੇ ਜਾਣ ਤਾਂ ਗੰਭੀਰ ਬੀਮਾਰੀ ਦਾ ਕਾਰਨ ਬਣ ਸਕਦੇ ਹਨ।
ਹਸਪਤਾਲ ਇਸ ਸੰਬੰਧੀ ਡੇਟਾ ਦਾ ਅਹਿਮ ਸਰੋਤ ਹਨ ਕਿਉਂਕਿ ਉੱਥੇ ਸਾਫ਼ਾਈ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਂਦਾ ਹੈ। ਸਾਲ 2018 ਵਿੱਚ ਨਾਈਜੀਰੀਆ ਦੀ ਇਬਦਾਨ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਅਣ ਧੋਤੀਆਂ ਚਾਦਰਾਂ ਵਿੱਚ ਹੋਰ ਬੀਮਾਰੀ ਜਨਕ ਬੈਕਟੀਰੀਆ ਤੋਂ ਇਲਾਵਾ ਈ-ਕੋਲੀ ਵੀ ਦੇਖਿਆ।
ਬਿਸਤਰਿਆਂ ਵਿੱਚ ਮਿਲਣ ਵਾਲੇ ਹੋਰ ਬੈਕਟੀਰੀਆ, ਪਿਸ਼ਾਬ ਦੇ ਰਸਤੇ ਦੀ ਲਾਗ, ਨਮੂਨੀਆ, ਦਸਤ ਅਤੇ ਮੈਨਿਰਜਾਇਟਸ ਅਤੇ ਸੈਪਸਿਸ ਤੱਕ ਦਾ ਕਾਰਨ ਬਣ ਸਕਦੇ ਹਨ।

ਤਸਵੀਰ ਸਰੋਤ, Getty Images
ਅਜਿਹੀ ਸਥਿਤੀ ਵਿੱਚ ਗੰਦੀਆਂ ਚਾਦਰਾਂ ਲਾਗ ਦਾ ਗੰਭੀਰ ਅਤੇ ਅਸਲੀ ਖ਼ਤਰਾ ਹਨ। ਸਾਲ 2022 ਵਿੱਚ ਸਾਇੰਸਦਾਨਾਂ ਨੇ ਮੌਂਕੀ ਪਾਕਸ ਦੇ ਮਰੀਜ਼ਾਂ ਦੇ ਬਿਸਤਰਿਆਂ ਤੋਂ ਸੈਂਪਲ ਇਕੱਠੇ ਕੀਤੇ। ਉਨ੍ਹਾਂ ਨੇ ਦੇਖਿਆ ਕਿ ਚਾਦਰ ਬਦਲਣ ਦੌਰਾਨ ਇਹ ਬੈਕਟੀਰੀਆ ਹਵਾ ਵਿੱਚ ਰਲ ਜਾਂਦੇ ਹਨ।
ਸਾਲ 2018 ਵਿੱਚ ਬ੍ਰਿਟੇਨ ਦੇ ਇੱਕ ਸਿਹਤ ਕਾਮੇ ਬਾਰੇ ਮੰਨਿਆ ਗਿਆ ਕਿ ਉਸ ਨੂੰ ਮਰੀਜ਼ਾਂ ਦੇ ਬਿਸਤਰੇ ਦੀਆਂ ਚਾਦਰਾਂ ਬਦਲਣ ਕਾਰਨ ਹੀ ਮੌਂਕੀ ਪਾਕਸ ਦੀ ਲਾਗ ਹੋ ਗਈ ਸੀ।
ਘੱਟੋ-ਘੱਟ ਵਿਕਸਿਤ ਦੇਸਾਂ ਵਿੱਚ ਤਾਂ ਇਸ ਲਈ ਤਰ੍ਹਾਂ ਫੈਲਣ ਵਾਲੀ ਲਾਗ ਨੂੰ ਰੋਕਣ ਲਈ ਹਸਪਤਾਲਾਂ ਨੂੰ ਕਠੋਰ ਕਦਮ ਚੁੱਕਣੇ ਪਏ।
ਤੁਹਾਨੂੰ ਸਿਹਤਮੰਦ ਲੋਕਾਂ ਦੇ ਬਿਸਤਰਿਆਂ ਦੇ ਮੁਕਾਬਲੇ ਹਸਪਤਾਲਾਂ ਦੇ ਬਿਸਤਰਿਆਂ, ਜਿੱਥੇ ਮਰੀਜ਼ ਲੇਟੇ ਰਹਿੰਦੇ ਹਨ ਵਿੱਚ ਬੀਮਾਰੀ ਪੈਦਾ ਕਰਨ ਵਾਲੇ ਬੈਕਟੀਰੀਆ ਮਿਲਣ ਦੀ ਸੰਭਾਵਨਾ ਜ਼ਿਆਦਾ ਹੈ।
ਬ੍ਰਿਟੇਨ ਦੀ ਮੈਨਚੈਸਟਰ ਯੂਨੀਵਰਸਿਟੀ ਵਿੱਚ ਲਾਗ ਦੀਆਂ ਬੀਮਾਰੀਆਂ ਦੇ ਪ੍ਰੋਫੈਸਰ ਡੇਵਿਡ ਡੇਨਿੰਗ ਕਹਿੰਦੇ ਹਨ, “ਹਸਪਤਾਲਾਂ ਵਿੱਚ ਉਹ ਚਾਦਰਾਂ ਨੂੰ ਬਹੁਤ ਉੱਚੇ ਤਾਪਮਾਨ ਉੱਤੇ ਧੋਂਦੇ ਹਨ ਤਾਂ ਜੋ ਜਿੰਨੇ ਜ਼ਿਆਦਾ ਹੋ ਸਕਣ ਬੈਕਟੀਰੀਆ ਮਾਰ ਸਕਣ।”
ਡੇਨਿੰਗ ਦੱਸਦੇ ਹਨ ਜਿੱਥੇ ਚਾਦਰਾਂ ਧੋਣ ਨਾਲ ਸੀ. ਡਿਫਿਸਿਲ ਨਾਮ ਦੇ ਬੈਕਟੀਰੀਆ ਅੱਧ ਤੋਂ ਵੱਧ ਮਰ ਜਾਂਦੇ ਹਨ ਪਰ ਉਨ੍ਹਾਂ ਦੇ ਬੈਕਟੀਰੀਅਮ ਨੂੰ ਮਾਰਨਾ ਮੁਸ਼ਕਿਲ ਹੈ। ਲੇਕਿਨ ਹਸਪਤਾਲਾਂ ਵਿੱਚ ਚਾਦਰਾਂ ਧੋਣ ਦੀ ਮਿਆਰੀ ਪ੍ਰਕਿਰਿਆ ਦੇ ਪਾਲਣ ਕਰਕੇ ਇਸ ਬੈਕਟੀਰੀਆ ਤੋਂ ਫੈਲਣ ਵਾਲੀ ਲਾਗ ਵਿੱਚ ਕਮੀ ਆਈ ਹੈ।

ਲੇਕਿਨ ਤੁਹਾਡੇ ਘਰ ਦੇ ਬਿਸਤਰਿਆਂ ਤੇ ਸਰ੍ਹਾਣਿਆਂ ਦਾ ਕੀ? ਸਾਲ 2013 ਵਿੱਚ ਅਮੀਰੀਕੀ ਬੈੱਡ ਨਿਰਮਾਤਾ ਕੰਪਨੀ ਐਮਰੀਸਲੀਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਸਿਰ੍ਹਾਣਿਆਂ ਦੇ ਅਛਾੜਾਂ ਤੋਂ ਨਮੂਨੇ ਲਏ, ਜਿਨ੍ਹਾਂ ਨੂੰ ਇੱਕ ਹਫ਼ਤੇ ਤੋਂ ਧੋਤਾ ਨਹੀਂ ਗਿਆ ਸੀ। ਇਨ੍ਹਾਂ ਉੱਤੇ ਪ੍ਰਤੀ ਵਰਗ ਇੰਚ ਇੱਕ ਔਸਤ ਟੋਇਲਟ ਸੀਟ ਤੋਂ 17,000 ਗੁਣਾਂ ਤੋਂ ਜ਼ਿਆਦਾ ਬੈਕਟੀਰੀਆ ਮਿਲੇ।
ਜਦਕਿ ਸਾਲ 2006 ਵਿੱਚ ਡੇਨਿੰਗ ਅਤੇ ਉਨ੍ਹਾਂ ਦੇ ਸਹਿਕਰਮੀਆਂ ਨੇ ਪਰਿਵਾਰ ਅਤੇ ਦੋਸਤਾਂ ਤੋਂ ਛੇ ਸਿਰ੍ਹਾਣੇ ਇਕੱਠੇ ਕੀਤੇ। ਇਹ ਸਿਰ੍ਹਾਣੇ ਲਗਾਤਾਰ ਵਰਤੇ ਜਾ ਰਹੇ ਸਨ ਅਤੇ 20 ਸਾਲ ਤੋਂ ਡੇਢ ਸਾਲ ਤੱਕ ਪੁਰਾਣੇ ਸਨ। ਸਾਰਿਆਂ ਵਿੱਚ ਉੱਲ੍ਹੀ ਦੀ ਮੌਜੂਦਗੀ ਦੇਖੀ ਗਈ। ਖ਼ਾਸ ਕਰਕੇ ਮਿੱਟੀ ਵਿੱਚ ਮਿਲਣ ਵਾਲੀ ਐਸਪਗਿਲਸ ਫੁਮੀਗੇਟਸ ਉੱਲੀ।

ਤਸਵੀਰ ਸਰੋਤ, Getty Images
ਡੇਨਿੰਗ ਦੱਸਦੇ ਹਨ, “ਸਾਨੂੰ ਲਗਦਾ ਹੈ ਕਿ ਸਿਰ੍ਹਾਣਿਆਂ ਵਿੱਚ ਇੰਨੀ ਜ਼ਿਆਦਾ ਉੱਲ੍ਹੀ ਮਿਲਣ ਦੀ ਵਜ੍ਹਾ ਇਹ ਹੈ ਕਿ ਸਾਡੇ ਸਾਰਿਆਂ ਦੇ ਸਿਰਾਂ ਨੂੰ ਰਾਤ ਨੂੰ ਪਸੀਨਾ ਆਉਂਦਾ ਹੈ। ਡਸਟ ਮਾਈਟਸ ਦਾ ਮਲ-ਮੂਤਰ ਉੱਲ੍ਹੀ ਨੂੰ ਪੋਸ਼ਣ ਦਿੰਦਾ ਹੈ। ਇਸ ਤੋਂ ਇਲਾਵਾ ਜਦੋਂ ਤੁਸੀਂ ਸਿਰ੍ਹਾਣੇ ਉੱਤੇ ਆਪਣਾ ਸਿਰ ਰੱਖਦੇ ਹੋ ਤਾਂ ਇਹ ਹਰ ਸ਼ਾਮ ਨਿੱਘਾ ਵੀ ਹੁੰਦਾ ਹੈ। ਇਸ ਲਈ ਤੁਹਾਡੇ ਕੋਲ ਸਿੱਲ੍ਹ ਵੀ ਹੈ, ਖਾਣਾ ਵੀ ਹੈ ਅਤੇ ਨਿੱਘ ਵੀ ਹੈ।”
ਸਾਡੇ ਵਿੱਚੋਂ ਜ਼ਿਆਦਾਤਰ ਕਦੇ ਹੀ ਆਪਣੇ ਸਿਰ੍ਹਾਣੇ ਧੋਂਦੇ ਹਾਂ। ਫੰਗੀ ਅਰਾਮ ਨਾਲ ਕਈ ਸਾਲ ਤੱਕ ਰਹਿੰਦੀ ਹੈ। ਉਹ ਸਿਰਫ਼ ਉਦੋਂ ਉੱਡਦੀ ਹੈ ਜਦੋਂ ਅਸੀਂ ਸਿਰ੍ਹਾਣੇ ਝਾੜਦੇ ਹਾਂ। ਫਿਰ ਇਹ ਪੂਰੇ ਕਮਰੇ ਵਿੱਚ ਫੈਲ ਜਾਂਦੀ ਹੈ।
ਕੁਝ ਕਿਸਮ ਦੀ ਫੰਗੀ ਤਾਂ 50 ਡਿਗਰੀ ਸੈਲਸੀਅਸ ਤਾਪਮਾਨ ਉੱਤੇ ਵੀ ਬਚ ਜਾਂਦੀ। ਨਤੀਜਾ ਸਿਰ੍ਹਾਣੇ ਧੋਣ ਨਾਲ ਸਗੋਂ ਉਸ ਨੂੰ ਹੋਰ ਨਮੀ ਮਿਲ ਜਾਂਦੀ ਹੈ।
ਕੱਪੜੇ ਪ੍ਰੈੱਸ ਕਰਨ ਨਾਲ ਵੀ ਉਨ੍ਹਾਂ ਦੇ ਬੈਕਟੀਰੀਆ ਵਿੱਚ ਕਮੀ ਆਉਂਦੀ ਹੈ।
ਜਿਸ ਹਿਸਾਬ ਨਾਲ ਲੋਕ ਸੌਣ ਵਿੱਚ ਸਮਾਂ ਬਿਤਾਉਂਦੇ ਹਨ ਅਤੇ ਸਿਰ੍ਹਾਣੇ ਨੂੰ ਮੂੰਹ ਦੇ ਕੋਲ ਰੱਖਦੇ ਹਨ। ਇਹ ਜਾਣਕਾਰੀ ਦਮੇ, ਵਰਗੇ ਸਾਹ ਰੋਗਾਂ ਦੇ ਮਰੀਜ਼ਾਂ ਲਈ ਖਾਸ ਮਹੱਤਵਪੂਰਨ ਹੈ।
ਗੰਭੀਰ ਦਮੇ ਦੇ ਕਰੀਬ ਅੱਧੇ ਮਰੀਜ਼ਾਂ ਨੂੰ ਐਸਪਗਿਲਸ ਫੁਮੀਗੇਟਸ ਉੱਲੀ ਤੋਂ ਵੀ ਅਲਰਜੀ ਹੁੰਦੀ ਹੈ। ਜਿਹੜੇ ਲੋਕਾਂ ਨੂੰ ਪਹਿਲਾਂ ਟੀਬੀ ਰਿਹਾ ਸੀ ਜਾਂ ਜਿਨ੍ਹਾਂ ਨੂੰ ਸਿਗਰਟ ਨੋਸ਼ੀ ਨਾਲ ਜੁੜੀਆਂ ਫੇਫੜਿਆਂ ਦੀਆਂ ਬੀਮਾਰੀਆਂ ਰਹੀਆਂ ਹੋਣ, ਉਨ੍ਹਾਂ ਲਈ ਇਹ ਹੋਰ ਵੀ ਖ਼ਤਰਨਾਕ ਹੈ।
ਕਿਹੜੀਆਂ ਆਦਤਾਂ ਵੱਲ ਧਿਆਨ ਦੀ ਲੋੜ

ਤਸਵੀਰ ਸਰੋਤ, Getty Images
ਡੇਨਿੰਗ ਮੁਤਾਬਕ ਜਿੱਥੇ 99.9 ਫੀਸਦੀ ਤੰਦਰਸੁਤ ਲੋਕ ਜੇ ਇਸ ਫੰਗੀ ਦੇ ਸਪੋਰਸ ਨੂੰ ਸਾਹ ਰਾਹੀਂ ਖਿੱਚ ਵੀ ਲੈਣ ਤਾਂ ਉਨ੍ਹਾਂ ਨੂੰ ਫਰਕ ਨਹੀਂ ਪੈਂਦਾ। ਲੇਕਿਨ ਜਿਨ੍ਹਾਂ ਲੋਕਾਂ ਵਿੱਚ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਕਮਜ਼ੋਰ ਹੈ, ਉਨ੍ਹਾਂ ਲਈ ਇਹ ਗੰਭੀਰ ਖ਼ਤਰਾ ਪੈਦਾ ਕਰ ਸਕਦੀ ਹੈ।
“ਜੇ ਤੁਹਾਨੂੰ ਲਿਊਕੀਮੀਆ ਹੈ, ਜਾਂ ਕੋਈ ਅੰਗ ਬਦਲਵਾਇਆ ਹੈ, ਜਾਂ ਤੁਸੀਂ ਬਦਕਿਸਮਤੀ ਕਾਰਨ ਕੋਵਿਡ ਜਾਂ ਇਨਫਲੂਐਂਜ਼ੇ ਕਾਰਨ ਆਈਸੀਯੂ ਵਿੱਚ ਪਹੁੰਚੇ ਹੋ, ਤਾਂ ਤੁਹਾਨੂੰ ਹਮਲਾਵਰ ਐਸਪਗਿਲੋਸਿਸ ਹੋ ਸਕਦਾ ਹੈ, ਜਦੋਂ ਫੰਗੀ ਤੁਹਾਡੇ ਫੇਫੜਿਆਂ ਵਿੱਚ ਚਲੀ ਜਾਂਦੀ ਹੈ ਅਤੇ ਉਨ੍ਹਾਂ ਦੇ ਤੰਤੂਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ।”
ਜੇ ਸਿਰ੍ਹਾਣੇ ਧੋਣ ਨਾਲ ਕੰਮ ਨਹੀਂ ਬਣਦਾ ਤਾਂ ਤੁਸੀਂ ਕੀ ਕਰ ਸਕਦੇ ਹੋ? ਡੇਨਿੰਗ ਦੇ ਮੁਤਾਬਕ ਜੇ ਤੁਹਾਨੂੰ ਦਮਾ ਹੈ ਜਾਂ ਸਾਈਨਸ ਦੀ ਬੀਮਾਰੀ ਨਹੀਂ ਹੈ ਤਾਂ ਤੁਹਾਨੂੰ ਹਰ ਦੋ ਸਾਲ ਬਾਅਦ ਆਪਣਾ ਸਿਰ੍ਹਾਣਾ ਬਦਲਣਾ ਚਾਹੀਦਾ ਹੈ। ਲੇਕਿਨ ਜਿਨ੍ਹਾਂ ਨੂੰ ਇਹ ਬੀਮਾਰੀਆਂ ਹਨ ਉਨ੍ਹਾਂ ਨੂੰ ਹਰ ਛੇ ਮਹੀਨੇ ਬਾਅਦ, ਅਜਿਹਾ ਕਰਨਾ ਚਾਹੀਦਾ ਹੈ।
ਜਦਕਿ ਬਿਸਤਰੇ ਦੀਆਂ ਚਾਦਰਾਂ ਤੇ ਉਛਾੜ ਜ਼ਿਆਦਾਤਰ ਮਾਹਰ ਇੱਕ ਹਫ਼ਤੇ ਬਾਅਦ ਧੋਣ ਦੀ ਸਿਫ਼ਾਰਿਸ਼ ਕਰਦੇ ਹਨ। ਧੋਣ ਦੇ ਨਾਲ-ਨਾਲ ਚਾਦਰਾਂ ਇਸਤਰੀ ਕਰਨ ਨਾਲ ਵੀ ਬੈਕਟੀਰੀਆ ਦੀ ਮਾਤਰਾ ਵਿੱਚ ਕਮੀ ਆਉਂਦੀ ਹੈ।
ਡੇਨਿੰਗ ਮੁਤਾਬਕ, “ਜੇ ਤੁਹਾਡੇ ਕੋਲ ਕਰਨ ਲਈ ਹੋਰ ਕੁਝ ਨਹੀਂ ਹੈ ਤਾਂ ਤੁਹਾਨੂੰ ਧਿਆਨ ਨਾਲ ਆਪਣੀਆਂ ਚਾਦਰਾਂ ਇਸਤਰੀ ਕਰਨੀਆਂ ਚਾਹੀਦੀਆਂ ਹਨ। ਲੇਕਿਨ ਸਾਡੇ ਸਾਰਿਆਂ ਦੇ ਸਰੀਰ ਵਿੱਚ ਬੈਕਟੀਰੀਆ ਹਨ ਅਤੇ ਇੱਕ ਤੰਦਰੁਸਤ ਇਨਸਾਨ ਨੂੰ ਇਹ ਕੁਝ ਨਹੀਂ ਕਹਿੰਦੇ।”
“ਲੇਕਿਨ ਜੇ ਤੁਸੀਂ ਬੀਮਾਰ ਅਤੇ ਕਮਜ਼ੋਰ ਹੋ ਤਾਂ, ਇਹ ਹੋਰ ਮਹੱਤਵਪੂਰਨ ਹੋ ਸਕਦਾ ਹੈ। ਜੇ ਤੁਹਾਡੇ ਘਰ ਬੱਚਾ ਹੈ ਜੋ ਬਿਸਤਰ ਗਿੱਲਾ ਕਰਦਾ ਰਹਿੰਦਾ ਹੈ ਤਾਂ ਤੁਹਾਨੂੰ ਇਸ ਮਾਮਲੇ ਵਿੱਚ ਹੋਰ ਚੌਕਸ ਹੋਣ ਦੀ ਲੋੜ ਹੈ ਅਤੇ ਉੱਚ ਤਾਪਮਾਨ ਉੱਤੇ ਧੋਣਾ ਚਾਹੀਦਾ ਹੈ।”
ਪਾਲਤੂ ਜਾਨਵਰਾਂ ਨੂੰ ਬਿਸਤਰੇ ਉੱਤੇ ਸੌਣ ਦੇਣ ਨਾਲ ਵੀ ਬੈਕਟੀਰੀਆ ਅਤੇ ਫੰਗੀ ਦੀ ਮਾਤਰਾ ਵਧਦੀ ਹੈ। ਇਸ ਤੋਂ ਇਲਾਵਾ ਬਿਸਤਰੇ ਵਿੱਚ ਜਾਣ ਤੋਂ ਪਹਿਲਾਂ ਇਸ਼ਨਾਨ ਨਾ ਕਰਨਾ, ਗੰਦੀਆਂ ਜੁਰਾਬਾਂ ਲੈ ਕੇ ਬਿਸਤਰੇ ਵਿੱਚ ਵੜ ਜਾਣਾ, ਮੇਕਅੱਪ ਦਾ ਸਮਾਨ ਲੱਗੇ-ਲਗਾਏ ਬਿਸਤਰ ਵਿੱਚ ਜਾਣਾ, ਅਤੇ ਬਿਸਤਰ ਵਿੱਚ ਬੈਠੇ-ਬੈਠੇ ਕੁਝ ਖਾਣ ਦੀ ਆਦਤ ਬਾਰੇ ਵੀ ਸਾਨੂੰ ਧਿਆਨ ਦੇਣਾ ਚਾਹੀਦਾ ਹੈ।
ਡੇਨਿੰਗ ਦੱਸਦੇ ਹਨ,“ਮੈਂ ਨਹੀਂ ਕਹਿ ਰਿਹਾ ਕਿ ਕਿਸੇ ਨੂੰ ਵੀ ਬਿਸਤਰੇ ਵਿੱਚ ਨਹੀਂ ਖਾਣਾ ਚਾਹੀਦਾ ਲੇਕਿਨ ਮੈਂ ਸੋਚਦਾ ਹਾਂ ਕਿ ਜੇ ਤੁਸੀਂ ਖਾਂਦੇ ਹੋ ਤਾਂ ਚਾਦਰਾਂ ਨਿਯਮਤ ਰੂਪ ਵਿੱਚ ਧੋਣਾ ਵੀ ਅਹਿਮ ਹੈ। ਮੈਨੂੰ ਲਗਦਾ ਹੈ ਕਿ ਹਫ਼ਤੇ ਵਿੱਚ ਇੱਕ ਵਾਰ ਧੋਣਾ ਕਾਫ਼ੀ ਨਹੀਂ ਹੋਵੇਗਾ।”
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












