ਹਫ਼ਤੇ ’ਚ ਹਰ ਦਿਨ ਇੱਕੋ ਸਮੇਂ ਸੌਣਾ ਕਿੳਂ ਜ਼ਰੂਰੀ ਹੈ

ਤਸਵੀਰ ਸਰੋਤ, Getty Images
- ਲੇਖਕ, ਫਿਲਿਪਾ ਰੌਕਸਬੀ
- ਰੋਲ, ਬੀਬੀਸੀ ਸਿਹਤ ਪੱਤਰਕਾਰ
ਤੁਹਾਡੇ ਕੰਮ ਅਤੇ ਆਰਾਮ ਦੇ ਦਿਨਾਂ ਵਿੱਚ ਤੁਹਾਡੇ ਸੌਣ ਦੇ ਸਮੇਂ ਵਿੱਚ ਥੋੜ੍ਹਾ ਜਿਹਾ ਅੰਤਰ ਤੁਹਾਡੇ ਸਰੀਰ ਦੇ ਬੈਕਟੀਰੀਆ ਵਿੱਚ ਸਿਹਤ ਲਈ ਮਾੜੇ ਬਦਲਾਅ ਲਿਆ ਸਕਦਾ ਹੈ।
ਯੂਕੇ ਦੇ ਖੋਜਾਰਥੀਆਂ ਵੱਲੋਂ ਕੀਤੀ ਇੱਕ ਖੋਜ ਮੁਤਾਬਕ ਇਸ ਦਾ ਇੱਕ ਕਾਰਨ ‘ਸੋਸ਼ਲ ਜੈਟਲੈਗ’ ਵਾਲੇ ਲੋਕਾਂ ਦੀ ਮਾੜੀ ਖ਼ੁਰਾਕ ਹੋਣਾ ਹੋ ਸਕਦਾ ਹੈ।
ਵੀਕਐਂਡ ਦੇ ਮੁਕਾਬਲੇ, ਹਫ਼ਤੇ ਵਿੱਚ ਵੱਖਰੇ ਸਮੇਂ ਉੱਤੇ ਸੌਣ ਅਤੇ ਜਾਗਣ ਨੂੰ ‘ਸੋਸ਼ਲ ਜੈਟਲੈਗ’ ਕਿਹਾ ਜਾਂਦਾ ਹੈ।

ਤਸਵੀਰ ਸਰੋਤ, Getty Images
ਨੀਂਦ ਦਾ ਫ਼ਰਕ ਬੈਕਟੀਰੀਆ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ
ਇਸ ਗੱਲ ਤੋਂ ਸਭ ਜਾਣੂ ਹਨ ਕਿ ਬੇਨਿਅਮੀ ਨੀਂਦ, ਖਾਸ ਕਰਕੇ ਵੱਖੋ-ਵੱਖਰੀਆਂ ਸ਼ਿਫਟਾਂ ਵਿੱਚ ਕੰਮ ਕਰਨ ਦੇ ਸਰੀਰ ਉੱਤੇ ਮਾੜੇ ਪ੍ਰਭਾਵ ਹੋ ਸਕਦੇ ਹਨ।
ਆਪਣੇ ਸੌਣ ਅਤੇ ਉੱਠਣ ਦਾ ਇੱਕ ਨੇਮਬੱਧ ਸਮਾਂ ਰੱਖ ਕੇ ਅਤੇ ਇੱਕ ਚੰਗੀ ਖੁਰਾਕ ਖਾ ਕੇ ਅਸੀਂ ਆਪਣੇ ਆਪ ਨੂੰ ਬਿਮਾਰੀਆਂ ਦੇ ਖਤਰੇ ਤੋਂ ਬਚਾ ਸਕਦੇ ਹਾਂ।
ਕਿੰਗਸ ਕਾਲਜ ਆਫ਼ ਲੰਡਨ ਵੱਲੋਂ ਕੀਤੀ ਗਈ ਇੱਕ ਖੋਜ ਵਿੱਚ ਲਗਭਗ 1000 ਲੋਕਾਂ ਨੇ ਹਿੱਸਾ ਲਿਆ।
ਇਸ ਵਿੱਚ ਇਹ ਸਾਹਮਣੇ ਆਇਆ ਕਿ ਤੁਹਾਡੀ ਰਾਤ ਦੀ ਨੀਂਦ ਵਿੱਚ ਆਮ ਹਫ਼ਤੇ ਨਾਲੋਂ 90 ਮਿੰਟ ਦਾ ਫ਼ਰਕ ਵੀ ਤੁਹਾਡੇ ਢਿੱਡ ਵਿਚਲੇ ਬੈਕਟੀਰੀਆ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਤੁਹਾਡੇ ਪਾਚਨ ਤੰਤਰ ਵਿੱਚ ਕਈ ਕਿਸਮ ਦੇ ਵੱਖਰੇ ਬੈਕਟੀਰੀਆ ਦਾ ਹੋਣਾ ਬਹੁਤ ਜ਼ਰੂਰੀ ਹੈ। ਕੁਝ ਬੈਕਟੀਰੀਆ ਬਾਕੀਆਂ ਨਾਲੋਂ ਬਿਹਤਰ ਹੁੰਦੇ ਹਨ, ਪਰ ਇਨ੍ਹਾਂ ਦਾ ਸਹੀ ਮਿਸ਼ਰਣ ਹੋਣ ਨਾਲ ਕਈ ਬਿਮਾਰੀਆਂ ਦੂਰ ਕੀਤੀਆਂ ਜਾ ਸਕਦੀਆਂ ਹਨ।
ਇਸ ਖੋਜ ਦੀ ਲੇਖਿਕਾ ਕੇਟ ਬਰਮਿੰਘਮ ਹੈਲਥ ਸਾਇੰਸ ਕੰਪਨੀ ‘ਜ਼ੋ’ ਵਿੱਚ ਸੀਨੀਅਰ ‘ਨਿਊਟਰੀਸ਼ਨ ਸਾਇੰਟਿਸਟ’ ਹਨ। ਉਨ੍ਹਾਂ ਮੁਤਾਬਕ, “ਸੋਸ਼ਲ ਜੈਟਲੈਗ ਬੈਕਟੀਰੀਆ ਦੀ ਮਾਈਕਰੋਬਾਇਟਾ ਪ੍ਰਜਾਤੀ ਦੇ ਤੁਹਾਡੀ ਸਿਹਤ ਨਾਲ ਸਬੰਧ ਅਨੁਕੂਲ ਨਹੀਂ ਹਨ।’’

ਇਹ ਵੀ ਪੜ੍ਹੋ:

ਮਾੜੀ ਨੀਂਦ ਸਾਡੀ ਚੋਣ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ

ਤਸਵੀਰ ਸਰੋਤ, Getty Images
ਇਹ ਕਿਹਾ ਜਾਂਦਾ ਹੈ ਕਿ ਯੂਕੇ ਦੀ 40 ਫੀਸਦੀ ਤੋਂ ਵੱਧ ਅਬਾਦੀ ਇਸ ਤੋਂ ਪ੍ਰਭਾਵਿਤ ਹੈ ਅਤੇ ਇਹ ਕਿਸ਼ੋਰ ਅਵਸਥਾ ਵਾਲੇ ਬੱਚਿਆਂ ਅਤੇ 18 ਸਾਲਾਂ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਆਮ ਹੈ ਤੇ ਉਮਰ ਦੇ ਨਾਲ ਇਸ ਵਿੱਚ ਸੁਧਾਰ ਆਉਂਦਾ ਹੈ।
ਇਸ ਖੋਜ ਵਿੱਚ ਹਿੱਸਾ ਲੈਣ ਵਾਲੇ, ਯੂਰੋਪੀਅਨ ਜਰਨਲ ਆਫ਼ ਨਿਊਟਰੀਸ਼ਨ ਨੇ ਖੂਨ ਅਤੇ ਨੀਂਦ ਦੀ ਜਾਂਚ ਕਰਵਾਈ, ਸਟੂਲ ਸੈਂਪਲ ਰਖਵਾਏ ਅਤੇ ਜੋ ਵੀ ਕੁਝ ਖਾਧਾ ਉਸ ਦੀ ਜਾਣਕਾਰੀ ਨੂੰ ਰਿਕਾਰਡ ਵਿੱਚ ਰੱਖਿਆ।
ਇਸ ਖੋਜ ਵਿੱਚ ਸੋਸ਼ਲ ਜੈਟਲੈਗ ਦੇ ਸ਼ਿਕਾਰ ਲੋਕਾਂ ਦੇ ਚਿਪਸ ਅਤੇ ਪੀਣ ਵਾਲੇ ਮਿੱਠੇ ਪਦਾਰਥਾਂ ਦੀ ਸੰਭਾਵਨਾ ਆਮ ਨਾਲੋਂ 16 ਫੀਸਦ ਵੱਧ ਨਿਕਲੀ ਅਤੇ ਇਹ ਵੀ ਸਾਹਮਣੇ ਆਇਆ ਕਿ ਇਹ ਲੋਕ ਫਲ ਜਾਂ ਹੋਰ ਪੌਸ਼ਟਿਕ ਚੀਜ਼ਾਂ ਘੱਟ ਖਾਂਦੇ ਹਨ।
ਪਿਛਲੀ ਖੋਜ ਵਿੱਚ ਇਹ ਸਾਹਮਣੇ ਆਇਆ ਕਿ ‘ਸੋਸ਼ਲ ਜੈਟਲੈਗ’ ਵਾਲੇ ਲੋਕ ਇੱਕੋ ਸਮੇਂ ਉੱਤੇ ਸੌਣ ਵਾਲਿਆਂ ਨਾਲੋਂ ਘੱਟ ਫਾਈਬਰ ਖਾਂਦੇ ਹਨ। ਹੋਰ ਖੋਜਾਂ ਵਿੱਚ ਇਹ ਸਾਹਮਣੇ ਆਇਆ ਕਿ ‘ਸੋਸ਼ਲ ਜੈਟਲੈਗ’ ਦਾ ਸਬੰਧ ਭਾਰ ਵਧਣ, ਬਿਮਾਰੀਆਂ ਅਤੇ ਦਿਮਾਗੀ ਤਣਾਅ ਨਾਲ ਵੀ ਹੈ।
ਡਾ. ਬਰਮਿੰਘਮ ਕਹਿੰਦੇ ਹਨ, “ਮਾੜੀ ਨੀਂਦ ਤੁਹਾਡੀ ਚੋਣ ਨੂੰ ਵੀ ਪ੍ਰਭਾਵਤ ਕਰਦੀ ਹੈ, ਇਹ ਲੋਕ ਵੱਧ ਸ਼ੂਗਰ ਅਤੇ ਵੱਧ ਕਾਰਬੋਹਾਈਡਰੇਟ ਵਾਲੇ ਖਾਣੇ ਦੀ ਚੋਣ ਕਰਦੇ ਹਨ।’’
ਗੈਰ ਸਿਹਤਮੰਦ ਖ਼ੁਰਾਕ ਢਿੱਡ ਵਿਚਲੇ ਖਾਸ ਬੈਕਟੀਰੀਆ ਦੀ ਹੋਂਦ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਖੋਜਾਰਥੀਆਂ ਦੇ ਸਾਹਮਣੇ ਆਇਆ ਕਿ ਮਾਈਕਰੋਬਾਇਟਾ ਦੀਆਂ ਛੇ ਪ੍ਰਜਾਤੀਆਂ ਵਿੱਚੋਂ ਤਿੰਨ ਪ੍ਰਜਾਤੀਆਂ ਜਿਹੜੀਆਂ ਕਿ ‘ਸੋਸ਼ਲ ਜੈਟਲੈਗ’ ਵਾਲੇ ਸਮੂਹ ਦੇ ਢਿੱਡ ਵਿੱਚ ਵੱਧ ਮਾਤਰਾ ਵਿੱਚ ਸਨ, ਉਸ ਦਾ ਸਬੰਧ ਮਾੜੀ ਖੁਰਾਕ, ਮੋਟਾਪਾ, ਵੱਧ ਇਨਫੈਕਸ਼ਨ ਅਤੇ ਦਿਲ ਦੇ ਦੌਰੇ ਨਾਲ ਹੈ।
ਨੀਂਦ, ਖ਼ੁਰਾਕ ਅਤੇ ਢਿੱਡ ਦੇ ਬੈਕਟੀਰੀਆ ਦਾ ਸਬੰਧ ਬੜਾ ਗੁੰਝਲਦਾਰ ਹੈ ਅਤੇ ਖੋਜਾਰਥੀਆਂ ਮੁਤਾਬਕ ਹਾਲੇ ਬਹੁਤ ਕੁਝ ਜਾਣਨਾ ਬਾਕੀ ਹੈ।
ਇਸ ਦੌਰਾਨ ਉਨ੍ਹਾਂ ਦੀ ਸਲਾਹ ਹੈ ਕਿ ਹਫ਼ਤੇ ਦੇ ਹਰ ਦਿਨ ਨੇਮ ਨਾਲ ਨੀਂਦ ਲਓ।
ਕਿੰਗਸ ਕਾਲਜ ਆਫ ਲੰਡਨ ਦੀ ਡਾ. ਸਾਰਾਹ ਬੇਰੀ ਕਹਿੰਦੇ ਹਨ, “ਨਿਯਮਿਤ ਤੌਰ ‘ਤੇ ਸੌਣਾ ਅਤੇ ਹਰ ਦਿਨ ਸਹੀ ਸਮੇਂ ਉੱਤੇ ਜਾਗਣਾ ਇੱਕ ਅਜਿਹਾ ਜੀਵਨ ਢੰਗ ਹੈ ਜਿਸ ਨੂੰ ਅਸੀਂ ਸਾਰੇ ਅਪਣਾ ਸਕਦੇ ਹਾਂ, ਜੋ ਕਿ ਮਾਇਕਰੋਬਾਇੳਮ ਬੈਕਟੀਰੀਆ ਰਾਹੀਂ ਤੁਹਾਡੀ ਸਿਹਤ ਉੱਤੇ ਚੰਗਾ ਅਸਰ ਪਾ ਸਕਦਾ ਹੈ।’’
ਸਿਹਤਮੰਦ ਖ਼ੁਰਾਕ ਕੀ ਹੁੰਦੀ ਹੈ

ਤਸਵੀਰ ਸਰੋਤ, Getty Images
ਯੂਕੇ ਦੀ ਨੈਸ਼ਨਲ ਹੈਲਥ ਸਰਵਿਸ ਸਿਹਤਮੰਦ ਖ਼ੁਰਾਕ ਬਾਰੇ ਇਹ ਸੁਝਾਅ ਦਿੰਦੀ ਹੈ...
- ਦਿਨ ਵਿੱਚ ਵੱਖ-ਵੱਖ ਕਿਸਮਾਂ ਦੇ ਫਲ ਅਤੇ ਸਬਜ਼ੀਆਂਂ ਘੱਟੋ-ਘੱਟ ਪੰਜ ਹਿੱਸਿਆਂ ਵਿੱਚ ਖਾੳ
- ਭੋਜਨ ਵਿੱਚ ਵੱਧ ਫਾਈਬਰ ਵਾਲੇ ਪਦਾਰਥ ਜਿਵੇਂ ਆਲੂ, ਬਰੈੱਡ, ਚੌਲ, ਪਾਸਤਾ ਸ਼ਾਮਲ ਕਰੋ
- ਘੱਟ ਖੰਡ ਅਤੇ ਘੱਟ ਚਰਬੀ ਵਾਲੀਆਂ ਦੁੱਧ ਨਾਲ ਬਣੀਆਂ ਚੀਜ਼ਾਂ ਜਾਂ ਇਨ੍ਹਾਂ ਦੇ ਬਦਲ ਦੀ ਵਰਤੋ ਕਰੋ
- ਫਲੀਆਂ, ਦਾਲਾਂ, ਮੱਛੀ, ਆਂਡੇ, ਮੀਟ ਅਤੇ ਹੋਰ ਪ੍ਰੋਟੀਨ ਵਾਲੀਆਂ ਵਸਤਾਂ ਖਾੳ
- ਅਨਸੈਚੂਰੇਟਡ ਤੇਲ ਦੀ ਵਰਤੋਂ ਕਰੋ ਅਤੇ ਇਸ ਦੀ ਵਰਤੋਂ ਘੱਟ ਮਾਤਰਾ ਵਿੱਚ ਕਰੋ
- ਦਿਨ ਵਿੱਚ ਘੱਟੋ-ਘੱਟ ਛੇ ਤੋਂ ਅੱਠ ਗਲਾਸ ਪਾਣੀ ਪੀੳ














