'ਇੱਕ ਦਿਨ ਉਹ ਹਿੰਦੁਸਤਾਨ ਦਾ ਹੀਰਾ ਸੀ, ਹੁਣ ਹਰ ਪਾਸਿਓਂ ਗੱਦਾਰ-ਗੱਦਾਰ ਦੇ ਨਾਅਰੇ ਲੱਗਣ ਲੱਗ ਪਏ': ਏਆਰ ਰਹਿਮਾਨ 'ਤੇ ਮੁਹੰਮਦ ਹਨੀਫ਼ ਦਾ ਵਲੌਗ

ਤਸਵੀਰ ਸਰੋਤ, Getty Images
- ਲੇਖਕ, ਮੁਹੰਮਦ ਹਨੀਫ਼
- ਰੋਲ, ਸੀਨੀਅਰ ਪੱਤਰਕਾਰ ਤੇ ਲੇਖਕ
ਏਆਰ ਰਹਿਮਾਨ ਵੀ ਸੋਚਦਾ ਹੋਣਾ ਕਿ ਮੈਂ ਇੱਕ ਇੰਟਰਵਿਊ ਵਿੱਚ ਦਿਲ ਦੀ ਗੱਲ ਕਰਕੇ ਪਤਾ ਨਹੀਂ ਕਿਹੜੀ ਮੁਸੀਬਤ ਵਿੱਚ ਪੈ ਗਿਆ। ਇੱਕ ਦਿਨ ਉਹ ਹਿੰਦੁਸਤਾਨ ਦਾ ਹੀਰਾ ਸੀ ਸਾਰੇ ਜੱਗ ਵਿੱਚ ਧੁੰਮਾ ਸਨ। ਫਿਲਮ ਫੇਅਰ, ਨੈਸ਼ਨਲ ਐਵਾਰਡ, ਗੋਲਡਨ ਗਲੋਬ, ਆਸਕਰ ਵਾਲੇ ਐਵਾਰਡ ਦੇ ਦੇ ਕੇ ਥੱਕ ਚੁੱਕੇ ਸਨ।
ਇੰਡੀਆ ਦੀ ਸੋਫਟ ਪਾਵਰ ਦਾ ਸਭ ਤੋਂ ਵੱਡਾ ਸਿੰਬਲ ਸੀ। ਪੂਰੀ ਦੁਨੀਆਂ ਵਿੱਚ ਆਪਣਾ ਮਿਊਜ਼ਿਕ ਸੁਣਾਉਂਦਾ ਸੀ, ਲੋਕਾਂ ਨੂੰ ਨਚਵਾਉਂਦਾ ਸੀ ਤੇ ਫੇਰ 'ਮਾਂ ਤੁਝੇ ਸਲਾਮ' ਵਾਲਾ ਗੀਤ ਗਾ ਕੇ ਇੰਡੀਆ ਦਾ ਝੰਡਾ ਪੂਰੀ ਦੁਨੀਆਂ ਦੇ ਵਿੱਚ ਗੱਡੀ ਜਾਂਦਾ ਸੀ।
ਇੰਟਰਵਿਊ ਦੇ ਵਿੱਚ ਇਹ ਕਹਿ ਬੈਠਾ ਕਿ ਬਾਲੀਵੁੱਡ ਵਿੱਚ ਪਾਵਰ ਚੇਂਜ ਹੋ ਗਈ ਹੈ, ਮੈਨੂੰ ਹੁਣ ਕੰਮ ਘੱਟ ਮਿਲਦਾ। ਹੋ ਸਕਦਾ ਇਸ ਦੀ ਵਜ੍ਹਾ ਕਮਿਊਨਲ ਵੀ ਹੋਵੇ। ਹੁਣ ਸਾਰੇ ਉਸ ਦੇ ਪਿੱਛੇ ਪੈ ਗਏ ਹਨ ਕਿ ਜਿਸ ਤੂੰ ਥਾਲੀ 'ਚੋਂ ਖਾਨਾ ਉਸ ਦੇ ਵਿੱਚ ਹੀ ਛੇਕ ਕਰਦਾ। ਹਰ ਪਾਸਿਓਂ ਗੱਦਾਰ ਗੱਦਾਰ ਦੇ ਨਾਰੇ ਲੱਗਣ ਲੱਗ ਪਏ ਹਨ।
ਉਹ ਮਾਫੀ ਵੀ ਮੰਗ ਬੈਠਾ ਹੈ ਫਿਰ ਵੀ ਲੋਕ ਕਹਿ ਰਹੇ ਹਨ ਕਿ ਜੇਕਰ ਤੈਨੂੰ ਇੰਡੀਆ ਪਸੰਦ ਨਹੀਂ ਤਾਂ ਇਥੋਂ ਦਫਾ ਹੋ ਜਾ। ਉਨ੍ਹਾਂ ਨੇ ਇੰਟਰਵਿਊ ਦੇ ਵਿੱਚ ਇੱਕ ਹੋਰ ਗੱਲ ਕੀਤੀ ਜਿਹੜੀ ਕਿਸੇ ਨੂੰ ਯਾਦ ਨਹੀਂ ਰਹੀ ਜਾਂ ਜਿਹੜੀ ਕਿਸੇ ਨੇ ਸੁਣੀ ਨਹੀਂ, ਉਨ੍ਹਾਂ ਨੇ ਕਿਹਾ ਕਿ ਜਦੋਂ ਮੈਂ ਨਵਾਂ ਨਵਾਂ ਮੁੰਬਈ ਆਇਆ ਸਾਂ ਤਾਂ ਮੈਨੂੰ ਹਿੰਦੀ ਨਹੀਂ ਸੀ ਆਉਂਦੀ ਤੇ ਤਾਮਿਲਾਂ ਲਈ ਹਿੰਦੀ ਸਿੱਖਣਾ ਵੈਸੇ ਵੀ ਬਹੁਤ ਔਖਾ ਕੰਮ ਹੁੰਦਾ।
ਪਰ ਸੁਭਾਸ਼ ਘਈ ਸਾਹਿਬ ਨੇ ਮੈਨੂੰ ਸਮਝਾਇਆ ਕਿ ਜੇ ਤੂੰ ਇੱਥੇ ਰਹਿ ਕੇ ਕੰਮ ਕਰਨਾ ਤਾਂ ਤੂੰ ਹਿੰਦੀ ਸਿੱਖ ਲੈ ਅਤੇ ਮੈਂ ਕਿਹਾ ਕਿ ਮੈਂ ਹਿੰਦੀ ਵੀ ਸਿੱਖਾਂਗਾ ਤੇ ਇੱਕ ਕਦਮ ਅੱਗੇ ਜਾ ਕੇ ਉਰਦੂ ਵੀ ਸਿੱਖ ਲਵਾਂਗਾ। ਫਿਰ ਕਹਿੰਦਾ ਉਸ ਤੋਂ ਬਾਅਦ ਮੈਂ ਪੰਜਾਬੀ ਵੀ ਸਿੱਖ ਲਈ ਕਿਉਂਕਿ ਮੈਨੂੰ ਉਸਤਾਦ ਨੁਸਰਤ ਫਤਿਹ ਅਲੀ ਖਾਨ ਬਹੁਤ ਪਸੰਦ ਸੀ।
ਮੇਰੇ ਦਿਲੋਂ ਨਿਕਲਿਆ ਕਿ ਇਹ ਹੁੰਦਾ ਸੱਚਾ ਫਨਕਾਰ, ਇਹ ਹੈ ਕੌਮਾਂ ਨੂੰ ਜੋੜਨ ਦਾ ਸਹੀ ਤਰੀਕਾ। ਸਾਡੇ ਹਰ ਮੂਡ, ਹਰ ਖੁਸ਼ੀ, ਹਰ ਗਮ, ਹਰ ਜਸ਼ਨ, ਹਰ ਮਾਤਮ, ਹਰ ਉਦਾਸੀ ਲਈ ਏਆਰ ਰਹਿਮਾਨ ਦਾ ਕੋਈ ਨਾ ਕੋਈ ਗਾਣਾ ਮੌਜੂਦ ਹੈ। ਹਰ ਜ਼ੁਬਾਨ ਵਿੱਚ ਮੌਜੂਦ ਹੈ।
ਨਾਲ ਉਨ੍ਹਾਂ ਨੇ ਗੱਲ ਕੀਤੀ ਕਿ ਬਾਲੀਵੁੱਡ ਦੇ ਜਿਹੜੇ ਪੁਰਾਣੇ ਡਾਇਰੈਕਟਰ ਅਨੁਰਾਗ ਕਸ਼ਯਪ ਅਤੇ ਸੁਭਾਸ਼ ਘਈ, ਰਾਮ ਗੋਪਾਲ ਵਰਮਾ ਸਾਰੇ ਕਰਦੇ ਆਏ ਹਨ ਉਹ ਕਹਿੰਦੇ ਹਨ ਪਹਿਲੇ ਫਿਲਮਾਂ ਫਨਕਾਰ ਬਣਾਉਂਦੇ ਸਨ, ਹੁਣ ਕਿਹੜੀ ਫਿਲਮ ਬਣੇਗੀ ਤੇ ਕਿਸ ਤਰ੍ਹਾਂ ਦੀ ਬਣੇਗੀ ਇਹ ਫੈਸਲੇ ਸੇਠਾਂ ਦੇ ਬੋਰਡ ਰੂਮ ਵਿੱਚ ਹੁੰਦੇ ਨੇ ਤੇ ਇਹ ਸਾਰੇ ਫੈਸਲੇ ਹੁਣ ਅਕਾਊਂਟੈਂਟ ਕਰਦੇ ਹਨ।

ਨਾਲ ਇਹ ਵੀ ਕਹਿ ਬੈਠੇ ਕਿ ਹੋ ਸਕਦਾ ਕਿ ਬਾਲੀਵੁੱਡ ਦੇ ਵਿੱਚ ਕਮਿਊਨੀਲਿਜ਼ਮ ਵੀ ਆ ਗਿਆ ਹੋਵੇ ਤੇ ਜੇ ਸਿਆਸਤ ਵਿੱਚ ਆ ਗਿਆ, ਸਰਾਫ਼ਤ ਵਿੱਚ ਆ ਗਿਆ, ਪ੍ਰੋਪਰਟੀ ਮਾਰਕੀਟ ਵਿੱਚ ਮੌਜੂਦ ਹੈ, ਹਰ ਧੰਦੇ ਵਿੱਚ ਮੌਜੂਦ ਹੈ ਤਾਂ ਹੋ ਸਕਦਾ ਹੈ ਥੋੜਾ ਬਹੁਤਾ ਬਾਲੀਵੁੱਡ ਵਿੱਚ ਵੀ ਆ ਗਿਆ ਹੋਵੇ।
ਜਿਹੜੇ ਉਨਾਂ ਨੂੰ ਨਾਂ ਸ਼ੁਕਰ ਤੇ ਗੱਦਾਰ ਕਹੀ ਜਾ ਰਹੇ ਹਨ, ਉਹ ਅਸਲ ਵਿੱਚ ਇਹ ਕਹਿਣਾ ਚਾਹੁੰਦੇ ਹਨ ਕਿ ਸਾਨੂੰ ਪਤਾ ਹੈ ਤੇਰਾ ਨਾਮ ਅੱਲਾ ਰੱਖਾ ਰਹਿਮਾਨ ਹੈ। ਤੂੰ ਸ਼ੁਕਰ ਕਰ ਅਸੀਂ ਤੈਨੂੰ ਬੰਦੇ ਮਾਤਰਮ ਗਾਉਣ ਦਈ ਦਾ, ਤੂੰ ਬਸ ਗਾਇਆ ਕਰ, ਵਜਾਇਆ ਕਰ ਪਰ ਤੇਰੀ ਇਹ ਜੁਰਅਤ ਕਿਵੇਂ ਹੋਈ ਕਿ ਤੂੰ ਮੂੰਹ ਖੋਲਿਆ?
ਜਿਹੜੇ ਕੋਈ ਜ਼ਿਆਦਾ ਪੜੇ ਲਿਖੇ ਹਨ ਉਹ ਫਰਮਾ ਰਹੇ ਹਨ ਕਿ ਮਸਲਾ ਇਹ ਹੈ ਕਿ ਏਆਰ ਰਹਿਮਾਨ ਵਿੱਚ ਹੁਣ ਗੱਲ ਨਹੀਂ ਰਹੀ, ਉਸ ਦਾ ਮਿਊਜਿਕ ਥੋੜਾ ਹੰਭ ਗਿਆ ਹੈ, ਗਾਣੇ ਹਿਟ ਨਹੀਂ ਹੋ ਰਹੇ।
ਲੇਕਿਨ ਕੰਮ ਦਾ ਤੇ ਏਆਰ ਰਹਿਮਾਨ ਨੂੰ ਕੋਈ ਘਾਟਾ ਨਹੀਂ, ਸਭ ਤੋਂ ਵੱਡੀ ਰਾਮਾਇਣ 'ਤੇ ਫਿਲਮ ਬਣ ਰਹੀ ਹੈ ਉਸਦਾ ਮਿਊਜਿਕ ਉਹ ਦੇ ਰਿਹਾ ਹੈ, ਕਈ ਇੰਟਰਨੈਸ਼ਨਲ ਫਿਲਮਾਂ ਦੇ ਮਿਊਜਿਕ ਵੀ ਦਈ ਜਾ ਰਿਹਾ ਹੈ। ਅਜੇ ਕਿੰਨਾ ਕੁ ਟਾਈਮ ਹੋਇਆ ਕਿ ਇੱਕ ਫਿਲਮ ਚਮਕੀਲਾ ਆਈ ਸੀ, ਤੇ ਮਿਊਜ਼ਿਕ ਏਆਰ ਰਹਿਮਾਨ ਨੇ ਹੀ ਦਿੱਤਾ ਸੀ ਤੇ ਸਾਰੇ ਪੰਜਾਬ 'ਚ ''ਮੈਂ ਹੂੰ ਪੰਜਾਬ ਮੈਂ ਹੂੰ ਪੰਜਾਬ'' ਗਾ ਰਹੇ ਸਨ, ਉਦੋਂ ਤਾਂ ਕਿਸੇ ਨੇ ਨਹੀਂ ਆਖਿਆ ਕਿ ਤੂੰ ਤਾਮਿਲ ਹੈ ਤੂੰ ਤਾਮਿਲ ਹੈ, ਤੂੰ ਪੰਜਾਬੀ ਫਿਲਮ ਦਾ ਮਿਊਜਿਕ ਕਿਉਂ ਦੇ ਰਿਹਾ ਹੈ।
ਜੇ ਤੁਸੀਂ ਗੱਦਾਰ-ਗੱਦਾਰ ਦਾ ਰਾਗ ਅਲਾਪਣਾ ਤੇ ਅਲਾਪੀ ਜਾਵੋ, ਪਹਿਲਾ ਪੰਜ ਮਿੰਟ ਰੁਕ ਕੇ ਏਆਰ ਰਹਿਮਾਨ ਦਾ ਕੋਈ ਗਾਣਾ ਸੁਣ ਲਓ, ਜਿਹੜਾ ਵੀ ਪਸੰਦ ਹੋਵੇ, ਹਰ ਕਿਸੇ ਨੂੰ ਕੋਈ ਨਾਂ ਕੋਈ ਗਾਣਾ ਉਨ੍ਹਾਂ ਦਾ ਪਸੰਦ ਹੈ ਹੀ। ਜੇ ਤੁਹਾਨੂੰ ਉਨ੍ਹਾਂ ਦਾ ਕੋਈ ਵੀ ਗਾਣਾ ਪਸੰਦ ਨਹੀਂ ਹੈ ਤਾਂ ਫਿਰ ਤੁਸੀਂ ਆਪਣਾ ਬੇਸੂਰਾ ਰਾਗ ਗਾਈ ਜਾਓ। ਏਆਰ ਰਹਿਮਾਨ ਅਤੇ ਤੁਹਾਡਾ ਸਾਰਿਆਂ ਦਾ ਰੱਬ ਰਾਖਾ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













