ਕਾਲੀ ਮਿਰਚ ਅਤੇ ਜੈਤੂਨ ਦਾ ਤੇਲ: ਉਹ ਤੱਤ ਜੋ ਤੁਹਾਡੇ ਭੋਜਨ ਦੇ ਪੋਸ਼ਕ ਤੱਤਾਂ ਨੂੰ ਕਈ ਗੁਣਾ ਵਧਾ ਦਿੰਦੇ ਹਨ

ਤਸਵੀਰ ਸਰੋਤ, Getty Images
- ਲੇਖਕ, ਜੈਸਮੀਨ ਫੌਕਸ-ਸਕੈਲੀ
ਆਪਣੇ ਭੋਜਨ ਵਿੱਚ ਮਸਾਲੇ ਪਾਉਣਾ ਜਾਂ ਡਰੈਸਿੰਗ (ਤੇਲ-ਸਿਰਕਾ ਆਦਿ) ਮਿਲਾਉਣਾ ਤੁਹਾਨੂੰ ਵਧੇਰੇ ਵਿਟਾਮਿਨ ਅਤੇ ਖਣਿਜ ਸੋਖਣ ਵਿੱਚ ਮਦਦ ਕਰ ਸਕਦਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਭੋਜਨ ਤੋਂ ਮਿਲਣ ਵਾਲੇ ਪੋਸ਼ਕ ਤੱਤਾਂ ਨੂੰ ਵਧਾ ਸਕਦਾ ਹੈ।
ਇਹ ਹਜ਼ਾਰਾਂ ਸਾਲਾਂ ਤੋਂ ਇੱਕ ਕੀਮਤੀ ਮਸਾਲਾ ਰਿਹਾ ਹੈ ਕਿਉਂਕਿ ਇਸ ਵਿੱਚ ਫਿੱਕੇ ਤੋਂ ਫਿੱਕੇ ਭੋਜਨ ਵਿੱਚ ਵੀ ਸੁਆਦ ਭਰਨ ਦੀ ਸਮਰੱਥਾ ਹੈ। ਕਾਲੀ ਮਿਰਚ ਦਾ ਬੂਟਾ ਮੂਲ ਰੂਪ ਵਿੱਚ ਭਾਰਤ ਤੋਂ ਗਿਆ ਹੈ, ਜਿੱਥੇ ਇਹ 3500 ਤੋਂ ਵੀ ਜ਼ਿਆਦਾ ਸਾਲਾਂ ਤੋਂ ਉਗਾਇਆ ਜਾ ਰਿਹਾ ਹੈ। ਇਹ ਪ੍ਰਾਚੀਨ ਵਿਸ਼ਵ ਦੀਆਂ ਸਭ ਤੋਂ ਕੀਮਤੀ ਵਸਤੂਆਂ ਵਿੱਚੋਂ ਇੱਕ ਬਣ ਗਿਆ ਸੀ। ਅੱਜ ਸਾਡੇ ਵਿੱਚੋਂ ਬਹੁਤੇ ਜਣੇ ਬਿਨਾਂ ਸੋਚੇ-ਸਮਝੇ ਇਸ ਨੂੰ ਸਵਾਦ ਲਈ ਆਪਣੇ ਭੋਜਨ ਉੱਤੇ ਛਿੜਕਦੇ ਹਨ।
ਲੇਕਿਨ, ਤੁਹਾਡੇ ਖਾਣੇ ਵਿੱਚ ਕਾਲੀ ਮਿਰਚ ਮਿਲਾਉਣਾ ਸਿਰਫ ਸੁਆਦ ਵਧਾਉਣ ਤੋਂ ਕਿਤੇ ਵੱਧ ਹੋ ਸਕਦਾ ਹੈ। ਇਹ ਤੁਹਾਡੇ ਭੋਜਨ ਤੋਂ ਪ੍ਰਾਪਤ ਹੋਣ ਵਾਲੇ ਪੋਸ਼ਕ ਤੱਤਾਂ ਦੀ ਮਾਤਰਾ ਨੂੰ ਵਧਾ ਸਕਦਾ ਹੈ।
ਮਿਰਚ ਦੇ ਦਾਣਿਆਂ ਵਿੱਚ ਇੱਕ ਅਜਿਹਾ ਰਸਾਇਣ ਹੁੰਦਾ ਹੈ ਜੋ ਵਿਟਾਮਿਨਾਂ ਅਤੇ ਹੋਰ ਪੋਸ਼ਕ ਤੱਤਾਂ ਨੂੰ ਖੂਨ ਦੇ ਪ੍ਰਵਾਹ ਵਿੱਚ ਆਸਾਨੀ ਨਾਲ ਸੋਖਣ ਵਿੱਚ ਮਦਦ ਕਰਦਾ ਹੈ। ਦੇਖਿਆ ਗਿਆ ਹੈ ਕਿ ਦੁੱਧ ਅਤੇ ਜੈਤੂਨ ਦੇ ਤੇਲ ਵਿੱਚ ਪਾਈਆਂ ਜਾਣ ਵਾਲੀਆਂ ਚਰਬੀ ਦੀਆਂ ਨਿੱਕੀਆਂ ਬੂੰਦਾਂ ਵੀ ਸਰੀਰ ਲਈ ਪੋਸ਼ਕ ਤੱਤਾਂ ਦੀ ਉਪਲਬਧਤਾ ਵਿੱਚ ਸੁਧਾਰ ਕਰਦੀਆਂ ਹਨ।
ਵਿਗਿਆਨੀ ਹੁਣ ਇਹਨਾਂ ਪ੍ਰਭਾਵਾਂ ਦੀ ਵਰਤੋਂ ਕਰਕੇ ਨਵੀਂ ਕਿਸਮ ਦੇ ਫੋਰਟੀਫਾਈਡ ਭੋਜਨ ਵਿਕਸਿਤ ਕਰਨ ਅਤੇ ਉਨ੍ਹਾਂ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਿਨ੍ਹਾਂ ਨੂੰ ਸਿਹਤਮੰਦ ਰਹਿਣ ਲਈ ਲੋੜੀਂਦੇ ਪੋਸ਼ਕ ਤੱਤ ਸੋਖਣ ਵਿੱਚ ਮੁਸ਼ਕਲ ਆਉਂਦੀ ਹੈ।
ਸਭ ਤੋਂ ਵੱਧ ਪੋਸ਼ਕ ਤੱਤਾਂ ਵਾਲੇ ਭੋਜਨਾਂ ਦੇ ਨਾਲ ਵੀ ਸਾਨੂੰ ਇੱਕ ਸਮੱਸਿਆ ਇਹ ਆਉਂਦੀ ਹੈ ਕਿ ਕੀ ਸਾਡਾ ਸਰੀਰ ਉਦੋਂ ਵਿਟਾਮਿਨਾਂ ਅਤੇ ਖਣਿਜਾਂ ਨੂੰ ਕੱਢ ਸਕਦਾ ਹੈ ਜਦੋਂ ਉਹ ਸਾਡੀ ਪਾਚਨ ਪ੍ਰਣਾਲੀ ਵਿੱਚੋਂ ਗੁਜ਼ਰਦੇ ਹਨ।
ਮਿੱਠੀ ਮੱਕੀ (ਸਕਵੀਟ ਕੌਰਨ) ਦੀ ਮਿਸਾਲ ਲਓ। ਮੱਕੀ ਦੇ ਦਾਣੇ ਬਿਨਾਂ ਸ਼ੱਕ ਗੁਣਾਂ ਨਾਲ ਭਰਪੂਰ ਹੁੰਦੇ ਹਨ - ਇਹ ਫਾਈਬਰ, ਪ੍ਰੋਟੀਨ, ਵਿਟਾਮਿਨ ਅਤੇ ਪੋਟਾਸ਼ੀਅਮ ਵਰਗੇ ਸੂਖਮ ਪੋਸ਼ਕ ਤੱਤਾਂ ਨਾਲ ਭਰੇ ਹੁੰਦੇ ਹਨ। ਪਰ ਜਿਸ ਕਿਸੇ ਨੇ ਵੀ ਮੱਕੀ ਦੇ ਦਾਣੇ ਖਾਣ ਤੋਂ ਬਾਅਦ ਟਾਇਲਟ ਵੱਲ ਝਾਤ ਮਾਰੀ ਹੋਵੇਗੀ, ਉਹ ਹੈਰਾਨ ਹੋਵੇਗਾ ਕਿ ਉਨ੍ਹਾਂ ਨੇ ਕਿੰਨਾ ਪੋਸ਼ਣ ਸੋਖਿਆ ਹੈ। ਦਾਣੇ ਦੀ ਮੋਮੀ ਬਾਹਰੀ ਪਰਤ ਨੂੰ ਸਾਡੇ ਸਰੀਰ ਲਈ ਤੋੜਨਾ ਔਖਾ ਹੁੰਦਾ ਹੈ, ਖਾਸ ਕਰਕੇ ਜੇ ਅਸੀਂ ਇਸ ਨੂੰ ਪਹਿਲਾਂ ਚੰਗੀ ਤਰ੍ਹਾਂ ਨਹੀਂ ਚਬਾਉਂਦੇ।
ਅਮਰੀਕਾ ਦੀ ਯੂਨੀਵਰਸਿਟੀ ਆਫ ਮੈਸੇਚਿਉਸੇਟਸ ਵਿੱਚ ਫੂਡ ਸਾਇੰਸ ਦੇ ਪ੍ਰੋਫੈਸਰ ਡੇਵਿਡ ਜੂਲੀਅਨ ਮੈਕਲੇਮੈਂਟਸ ਕਹਿੰਦੇ ਹਨ, "ਜਦੋਂ ਤੁਸੀਂ ਮੱਕੀ ਖਾਂਦੇ ਹੋ [ਬਿਨਾਂ ਚੰਗੀ ਤਰ੍ਹਾਂ ਚਬਾਏ] ਤਾਂ ਇਹ ਤੁਹਾਡੇ ਪਾਚਨ ਮਾਰਗ ਜਿਉਂ-ਦੀ-ਤਿਉਂ ਲੰਘ ਕੇ ਤੁਹਾਡੇ ਮਲ ਵਿੱਚ ਪਹੁੰਚ ਜਾਂਦੀ ਹੈ, ਅਤੇ ਅੰਦਰਲੇ ਸਾਰੇ ਪੋਸ਼ਕ ਤੱਤ ਅਜੇ ਵੀ ਉਸੇ ਵਿੱਚ ਫਸੇ ਰਹਿੰਦੇ ਹਨ।"
ਕਿਸਮਤ ਨਾਲ, ਮੱਕੀ ਨੂੰ ਚਬਾ ਕੇ, ਅਸੀਂ ਅੰਦਰਲੇ ਪੋਸ਼ਕ ਤੱਤਾਂ ਨਾਲ ਭਰੇ ਗੁੱਦੇ ਨੂੰ ਮੁਕਤ ਕਰ ਸਕਦੇ ਹਾਂ ਤਾਂ ਜੋ ਇਸਨੂੰ ਪਚਾਇਆ ਜਾ ਸਕੇ।
ਢਾਂਚਾ ਕੀ ਹੈ?
ਇਹ ਮਿਸਾਲ ਖੁਰਾਕ ਬਾਰੇ ਇੱਕ ਸਧਾਰਨ ਸੱਚਾਈ ਨੂੰ ਪੇਸ਼ ਕਰਦੀ ਹੈ - ਪੋਸ਼ਕ ਤੱਤਾਂ ਨੂੰ ਪਚਾਉਣ ਅਤੇ ਸਰੀਰ ਦੇ ਵਰਤਣ ਲਈ, ਉਨ੍ਹਾਂ ਨੂੰ ਪਹਿਲਾਂ ਪ੍ਰੋਟੀਨ, ਕਾਰਬੋਹਾਈਡਰੇਟ, ਚਰਬੀ ਅਤੇ ਹੋਰ ਹਿੱਸਿਆਂ ਦੇ ਗੁੰਝਲਦਾਰ 'ਢਾਂਚੇ' ਤੋਂ ਮੁਕਤ ਹੋਣਾ ਚਾਹੀਦਾ ਹੈ ਜੋ ਭੋਜਨ ਨੂੰ ਉਸਦੀ ਬਣਤਰ ਅਤੇ ਰੂਪ ਦਿੰਦੇ ਹਨ।
ਕੁਝ ਹੋਰ ਰੁਕਾਵਟਾਂ ਵੀ ਹਨ ਜੋ ਵਿਟਾਮਿਨਾਂ ਨੂੰ ਹਜ਼ਮ ਹੋਣ ਤੋਂ ਰੋਕ ਸਕਦੀਆਂ ਹਨ। ਭੋਜਨ ਦੇ ਢਾਂਚੇ ਤੋਂ ਮੁਕਤ ਹੋਣ ਤੋਂ ਬਾਅਦ, ਵਿਟਾਮਿਨਾਂ ਨੂੰ ਪਾਚਨ ਰਸ ਵਿੱਚ ਘੁਲਣ ਵਾਲੇ ਹੋਣੇ ਚਾਹੀਦੇ ਹਨ। ਫਿਰ ਉਹ ਛੋਟੀ ਆਂਦਰ ਤੱਕ ਪਹੁੰਚਣੇ ਚਾਹੀਦੇ ਹਨ, ਜਿੱਥੇ 'ਐਂਟਰੋਸਾਈਟਸ' ਕਹੇ ਜਾਣ ਵਾਲੇ ਵਿਸ਼ੇਸ਼ ਸੈੱਲ ਉਨ੍ਹਾਂ ਨੂੰ ਖੂਨ ਦੇ ਪ੍ਰਵਾਹ ਵਿੱਚ ਲੈ ਜਾਂਦੇ ਹਨ।
ਹਾਲਾਂਕਿ ਬਹੁਤ ਸਾਰੇ ਵਿਟਾਮਿਨ - ਜਿਨ੍ਹਾਂ ਵਿੱਚ ਏ,ਡੀ,ਈ ਅਤੇ ਕੇ ਸ਼ਾਮਲ ਹਨ - ਜੋ ਕਿ ਤੇਲ ਵਿੱਚ ਘੁਲਣਸ਼ੀਲ ਵਿਟਾਮਿਨਾਂ ਵਜੋਂ ਸ਼੍ਰੇਣੀਬੱਧ ਹਨ – ਨੂੰ ਖੂਨ ਵਿੱਚ ਰਲਣ ਲਈ ਮਦਦ ਦੀ ਲੋੜ ਹੁੰਦੀ ਹੈ।
ਮੈਕਲੇਮੈਂਟਸ ਕਹਿੰਦੇ ਹਨ, "ਤੇਲ ਵਿੱਚ ਘੁਲਣਸ਼ੀਲ ਵਿਟਾਮਿਨ ਪਾਣੀ ਵਿੱਚ ਨਹੀਂ ਘੁਲਦੇ, ਇਸ ਲਈ ਜੇਕਰ ਤੁਸੀਂ ਉਹਨਾਂ ਨੂੰ ਖਾਂਦੇ ਹੋ ਅਤੇ ਤੁਹਾਡੇ ਭੋਜਨ ਵਿੱਚ ਕੋਈ ਚਰਬੀ ਨਹੀਂ ਹੈ, ਤਾਂ ਉਹ ਨਹੀਂ ਘੁਲਣਗੇ, ਅਤੇ ਉਹ ਸਿਰਫ਼ ਤੁਹਾਡੇ ਪਾਚਨ ਮਾਰਗ ਰਾਹੀਂ ਹੋ ਕੇ ਮਲ ਰਾਹੀਂ ਬਾਹਰ ਨਿਕਲ ਜਾਣਗੇ।"
ਇੱਥੇ ਭੋਜਨ ਦਾ ਢਾਂਚਾ ਵੀ ਮਦਦ ਕਰ ਸਕਦਾ ਹੈ।

ਤਸਵੀਰ ਸਰੋਤ, Getty Images
ਮੈਕਲੇਮੈਂਟਸ ਕਹਿੰਦੇ ਹਨ, "ਜੇਕਰ ਤੁਸੀਂ ਉਨ੍ਹਾਂ [ਵਿਟਾਮਿਨਾਂ] ਨੂੰ ਕੁਝ ਚਰਬੀ ਦੇ ਨਾਲ ਖਾਂਦੇ ਹੋ, ਤਾਂ ਚਰਬੀ ਟੁੱਟ ਜਾਂਦੀ ਹੈ ਅਤੇ ਇਹ ਤੁਹਾਡੇ ਪਾਚਨ ਮਾਰਗ ਦੇ ਅੰਦਰ 'ਮਾਈਸੇਲਜ਼' ਕਹੇ ਜਾਣ ਵਾਲੇ ਨਿੱਕੇ ਨੈਨੋ-ਆਕਾਰ ਦੇ ਕਣ ਬਣਾਉਂਦੀ ਹੈ।" "ਉਹ ਵਿਟਾਮਿਨਾਂ ਨੂੰ ਆਪਣੇ ਅੰਦਰ ਫਸਾ ਲੈਂਦੇ ਹਨ। ਫਿਰ ਉਹ ਉਨ੍ਹਾਂ ਨੂੰ ਪਾਣੀ ਵਰਗੇ ਪਾਚਨ ਰਸ ਰਾਹੀਂ 'ਐਪੀਥੀਲੀਅਲ' ਸੈੱਲਾਂ ਵਿੱਚ ਲੈ ਜਾਂਦੇ ਹਨ ਜਿੱਥੇ ਉਹ ਸੋਖੇ ਜਾ ਸਕਦੇ ਹਨ।"
ਹਾਲਾਂਕਿ, ਕੁਝ ਅਜਿਹੇ ਲੋਕ ਵੀ ਹਨ ਜਿਨ੍ਹਾਂ ਨੂੰ ਆਪਣੇ ਭੋਜਨ ਤੋਂ ਵਿਟਾਮਿਨ ਸੋਖਣ ਵਿੱਚ ਵਾਧੂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। 'ਮਲ-ਐਬਸੋਰਪਸ਼ਨ ਸਿੰਡਰੋਮ', ਸੌਖੇ ਸ਼ਬਦਾਂ ਵਿੱਚ,ਤੁਸੀਂ ਭਾਵੇਂ ਕਿੰਨਾ ਵੀ ਚੰਗਾ ਜਾਂ ਪੌਸ਼ਟਿਕ ਖਾਣਾ ਖਾ ਲਵੋ, ਤੁਹਾਡਾ ਸਰੀਰ ਉਸ ਦਾ ਫਾਇਦਾ ਨਹੀਂ ਚੁਕ ਸਕਦਾ ਅਤੇ ਉਹ ਪੋਸ਼ਕ ਤੱਤ ਪਖਾਨੇ ਰਾਹੀਂ ਬਾਹਰ ਨਿਕਲ ਜਾਂਦੇ ਹਨ। ਇਹ ਕਈ ਵੱਖ-ਵੱਖ ਕਾਰਨਾਂ ਕਰਕੇ ਹੋ ਸਕਦਾ ਹੈ, ਜਿਨ੍ਹਾਂ ਵਿੱਚ ਸੋਜਸ਼ ਵਾਲੀ ਆਂਦਰ ਦੀ ਬਿਮਾਰੀ (ਆਈਬੀਡ), ਸੀਲੀਏਕ ਰੋਗ, ਰੇਡੀਓਥੈਰੇਪੀ ਅਤੇ ਕੀਮੋਥੈਰੇਪੀ ਸ਼ਾਮਲ ਹਨ। ਕਰੋਨਿਕ ਪੈਨਕ੍ਰੇਟਾਈਟਸ ਵਿੱਚ, ਪੈਨਕ੍ਰੀਅਸ (ਲੂਬੇ) ਦੀ ਇੱਕ ਲੰਬੇ ਸਮੇਂ ਤੱਕ ਚੱਲਣ ਵਾਲੀ ਬਿਮਾਰੀ ਹੈ ਜਿਸ ਵਿੱਚ ਇਸ ਵਿੱਚ ਸੋਜਸ਼ ਰਹਿੰਦੀ ਹੈ। ਸਮੇਂ ਦੇ ਨਾਲ, ਇਹ ਸੋਜਸ਼ ਪੈਨਕ੍ਰੀਅਸ ਨੂੰ ਸਥਾਈ ਤੌਰ 'ਤੇ ਨੁਕਸਾਨ ਪਹੁੰਚਾਉਂਦੀ ਹੈ, ਜਿਸ ਨਾਲ ਇਹ ਸਹੀ ਢੰਗ ਨਾਲ ਕੰਮ ਕਰਨਾ ਬੰਦ ਕਰ ਦਿੰਦਾ ਹੈ।
ਜਿਗਰ ਦੀ ਬਿਮਾਰੀ ਛੋਟੀ ਆਂਦਰ ਵਿੱਚ ਪਿੱਤ (ਬਾਈਲ) ਦੇ ਰਿਸਾਅ ਨੂੰ ਵੀ ਰੋਕ ਸਕਦੀ ਹੈ। ਪਿੱਤ ਚਰਬੀ ਨੂੰ ਪਚਾਉਣ ਵਿੱਚ ਮਦਦ ਕਰਦੀ ਹੈ, ਅਤੇ ਖੁਰਾਕੀ ਚਰਬੀ ਤੋਂ ਬਿਨਾਂ, ਸਰੀਰ ਚਰਬੀ ਵਿੱਚ ਘੁਲਣਸ਼ੀਲ ਵਿਟਾਮਿਨਾਂ ਨੂੰ ਨਹੀਂ ਸੋਖ ਸਕਦਾ।
ਅਜਿਹੇ ਮਾਮਲਿਆਂ ਵਿੱਚ, ਅਕਸਰ ਵਿਟਾਮਿਨ ਸਪਲੀਮੈਂਟ ਲੈਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।
ਸਪਲੀਮੈਂਟਸ ਨਾਲ ਸਮੱਸਿਆ

ਤਸਵੀਰ ਸਰੋਤ, Getty Images
ਹਾਰਵਰਡ ਮੈਡੀਕਲ ਸਕੂਲ ਵਿੱਚ ਮੈਡੀਸਨ ਦੇ ਪ੍ਰੋਫੈਸਰ ਜੋਐਨ ਮੈਨਸਨ, ਜਿਨ੍ਹਾਂ ਨੇ ਵਿਟਾਮਿਨਾਂ ਅਤੇ ਸਪਲੀਮੈਂਟਸ ਦੇ ਵੱਡੇ ਪੱਧਰ 'ਤੇ ਅਧਿਐਨ ਕੀਤੇ ਹਨ , ਕਹਿੰਦੀ ਹੈ, "ਵਿਟਾਮਿਨ ਅਤੇ ਮਿਨਰਲ ਸਪਲੀਮੈਂਟਸ ਦੀ ਵਰਤੋਂ ਹਰ ਕਿਸੇ ਲਈ ਨਹੀਂ ਹੋਣੀ ਚਾਹੀਦੀ ਅਤੇ ਜ਼ਿਆਦਾਤਰ ਲੋਕਾਂ ਨੂੰ ਇਨ੍ਹਾਂ ਦੀ ਲੋੜ ਨਹੀਂ ਹੁੰਦੀ।"
ਇਸ ਦੀ ਬਜਾਏ ਉਹ ਕਹਿੰਦੇ ਹਨ ਕਿ ਇੱਕ ਸਿਹਤਮੰਦ ਸੰਤੁਲਿਤ ਖੁਰਾਕ ਹੀ ਕਾਫ਼ੀ ਹੋਣੀ ਚਾਹੀਦੀ ਹੈ। "ਹਾਲਾਂਕਿ, ਕ੍ਰੋਹਨ ਰੋਗ, ਅਲਸਰੇਟਿਵ ਕੋਲਾਈਟਿਸ ਅਤੇ ਸੀਲੀਏਕ ਰੋਗ ਵਾਲੇ ਲੋਕ ਅਕਸਰ ਚਰਬੀ ਨੂੰ ਸਹੀ ਢੰਗ ਨਾਲ ਸੋਖ ਨਹੀਂ ਸਕਦੇ। ਇਸ ਨਾਲ ਵਿਟਾਮਿਨ ਏ, ਡੀ, ਈ ਅਤੇ ਕੇ ਵਰਗੇ ਚਰਬੀ ਵਿੱਚ ਘੁਲਣਸ਼ੀਲ ਵਿਟਾਮਿਨਾਂ ਦੀ ਕਮੀ ਹੋ ਜਾਂਦੀ ਹੈ। ਇਸ ਲਈ ਅਜਿਹੇ ਮਾਮਲਿਆਂ ਵਿੱਚ ਮਲਟੀਵਿਟਾਮਿਨ ਲੈਣਾ ਬਹੁਤ ਉਚਿਤ ਹੋ ਸਕਦਾ ਹੈ।"
ਪਰ ਵਿਟਾਮਿਨ ਸਪਲੀਮੈਂਟ ਦੇ ਰੂਪ ਵਿੱਚ ਆਸਾਨੀ ਨਾਲ ਨਹੀਂ ਸੋਖੇ ਜਾਂਦੇ। ਇਸ ਲਈ ਇਸ 'ਤੇ ਕਾਬੂ ਪਾਉਣ ਲਈ, ਵਿਗਿਆਨੀ ਸੋਖਣ ਦੀ ਸ਼ਕਤੀ ਨੂੰ ਵਧਾਉਣ ਲਈ ਵਿਟਾਮਿਨ ਪਹੁੰਚਾਉਣ ਦੇ ਨਵੇਂ ਤਰੀਕੇ ਤਿਆਰ ਕਰ ਰਹੇ ਹਨ। ਅਜਿਹਾ ਲਗਦਾ ਹੈ ਕਿ ਇਸਦੀ ਕੁੰਜੀ 'ਨੈਨੋਪਾਰਟੀਕਲਜ਼' ਹਨ ਜੋ ਵਿਟਾਮਿਨਾਂ ਦੇ ਆਲੇ-ਦੁਆਲੇ ਆਪਣੇ ਆਪ ਬਣ ਜਾਂਦੇ ਹਨ। ਮੈਕਲੇਮੈਂਟਸ ਕਹਿੰਦੇ ਹਨ, "ਉਹ (ਵਿਗਿਆਨੀ) ਸਰੀਰ ਪਹਿਲਾਂ ਜੋ ਕੁਝ ਕਰ ਰਿਹਾ ਹੈ ਉਸ ਦੀ ਨਕਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਹੋਰ ਕਿਸਮ ਦੇ ਅਣੂਆਂ ਦੀ ਵਰਤੋਂ ਕਰ ਰਹੇ ਹਨ ਜੋ ਸ਼ਾਇਦ ਆਮ ਤੌਰ 'ਤੇ ਭੋਜਨ ਵਿੱਚ ਨਹੀਂ ਮਿਲਦੇ।"
ਨੈਨੋਪਾਰਟੀਕਲ ਬਹੁਤ ਹੀ ਛੋਟੇ ਹੁੰਦੇ ਹਨ, ਜਿਨ੍ਹਾਂ ਦੀ ਚੌੜਾਈ ਇੱਕ ਤੋਂ 100 ਨੈਨੋਮੀਟਰ (ਐਨਐਮ) ਤੱਕ ਹੁੰਦੀ ਹੈ। ਇਸਨੂੰ ਸਮਝਣ ਲਈ, ਮਨੁੱਖੀ ਵਾਲ ਲਗਭਗ 80,000 ਤੋਂ 100,000 ਨੈਨੋਮੀਟਰ ਮੋਟਾ ਹੁੰਦਾ ਹੈ।
ਇਸ ਦੌਰਾਨ ਕੈਨੇਡਾ ਦੀ ਯੂਨੀਵਰਸਿਟੀ ਆਫ ਅਲਬਰਟਾ ਦੇ ਵਿਗਿਆਨੀਆਂ ਨੇ ਪਾਇਆ ਕਿ ਮਟਰ ਦੇ ਪ੍ਰੋਟੀਨ ਤੋਂ ਬਣੇ ਨੈਨੋਪਾਰਟੀਕਲਜ਼ ਦੇ (ਅੰਦਰ ਵਿਟਾਮਿਨ ਡੀ ਨੂੰ ਲਪੇਟਣ ਨਾਲ ਵੀ ਵਿਟਾਮਿਨ ਦੇ ਸੋਖਣ ਵਿੱਚ ਵਾਧਾ ਹੋਇਆ ਹੈ।
ਇਸ ਦੌਰਾਨ ਮੈਕਲੇਮੈਂਟਸ ਦੀ ਆਪਣੀ ਖੋਜ ਨੇ ਦਿਖਾਇਆ ਹੈ ਕਿ ਬੀਟਾ ਕੈਰੋਟੀਨੋਇਡ - ਵਿਟਾਮਿਨ ਏ ਦਾ ਪੂਰਵਜ - ਦੀਆਂ ਗੋਲੀਆਂ ਨੂੰ ਨੈਨੋ-ਆਕਾਰ ਦੀਆਂ ਚਰਬੀ ਦੀਆਂ ਬੂੰਦਾਂ, ਜਿਨ੍ਹਾਂ ਨੂੰ 'ਲਿਪੋਸੋਮਸ' ਕਿਹਾ ਜਾਂਦਾ ਹੈ, ਦੇ ਘੋਲ ਦੇ ਨਾਲ ਲੈਣ ਨਾਲ ਸਪਲੀਮੈਂਟ ਦੀ "ਬਾਇਓ-ਅਵੇਲੇਬਿਲਿਟੀ" - ਯਾਨੀ ਖੂਨ ਵਿੱਚ ਸੋਖੇ ਜਾਣ ਵਾਲੇ ਵਿਟਾਮਿਨ ਦੀ ਮਾਤਰਾ - ਵਿੱਚ 20% ਤੱਕ ਵਾਧਾ ਹੋ ਸਕਦਾ ਹੈ। ਕੈਰੋਟੀਨੋਇਡਜ਼ ਦੇ ਚੰਗੇ ਸਰੋਤਾਂ ਵਿੱਚ ਚਮਕਦਾਰ ਰੰਗ ਦੇ ਫਲ ਅਤੇ ਸਬਜ਼ੀਆਂ ਜਿਵੇਂ ਕਿ ਗਾਜਰ, ਬਰੋਕਲੀ, ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਟਮਾਟਰ ਸ਼ਾਮਲ ਹਨ। ਇੱਕ ਅਧਿਐਨ ਵਿੱਚ, ਮੈਕਲੇਮੈਂਟਸ ਨੇ ਲੋਕਾਂ ਨੂੰ ਨੈਨੋਪਾਰਟੀਕਲਜ਼ ਦੇ ਨਾਲ ਜਾਂ ਉਨ੍ਹਾਂ ਤੋਂ ਬਿਨਾਂ ਸਲਾਦ ਖਾਣ ਲਈ ਕਿਹਾ। ਸਲਾਦ ਵਿੱਚ 50 ਗ੍ਰਾਮ ਬੇਬੀ ਪਾਲਕ, 50 ਗ੍ਰਾਮ ਰੋਮੇਨ ਲੈਟਸ, 70 ਗ੍ਰਾਮ ਕੱਦੂਕਸ ਕੀਤੀਆਂ ਗਾਜਰਾਂ ਅਤੇ 90 ਗ੍ਰਾਮ ਚੈਰੀ ਟਮਾਟਰ ਸਨ।
ਮੈਕਲੇਮੈਂਟਸ ਕਹਿੰਦੇ ਹਨ, "ਜੇਕਰ ਤੁਸੀਂ ਉਨ੍ਹਾਂ ਨੂੰ ਸਿਰਫ਼ ਸਲਾਦ ਦਿੱਤਾ, ਤਾਂ ਅਸਲ ਵਿੱਚ ਬਹੁਤ ਘੱਟ ਕੈਰੋਟੀਨੋਇਡਜ਼ ਖੂਨ ਦੇ ਪ੍ਰਵਾਹ ਵਿੱਚ ਗਏ ਕਿਉਂਕਿ ਬਿਨਾਂ ਕਿਸੇ ਚਰਬੀ ਦੇ ਵਿਟਾਮਿਨ ਤੁਹਾਡੇ ਪਾਚਨ ਰਸਾਂ ਵਿੱਚ ਨਹੀਂ ਘੁਲਦੇ। "ਲੇਕਿਨ ਫਿਰ ਜੇਕਰ ਅਸੀਂ ਉਨ੍ਹਾਂ ਨੂੰ ਸਲਾਦ ਦੇ ਨਾਲ ਇੱਕ ਅਜਿਹੀ ਸਲਾਦ ਡਰੈਸਿੰਗ ਦਿੱਤੀ ਜਿਸ ਵਿੱਚ ਚਰਬੀ ਦੀਆਂ ਬਹੁਤ ਹੀ ਨਿੱਕੀਆਂ ਬੂੰਦਾਂ ਸਨ, ਤਾਂ ਇਸ ਨਾਲ ਖੂਨ ਦੇ ਪ੍ਰਵਾਹ ਵਿੱਚ ਸੋਖੇ ਜਾਣ ਵਾਲੇ ਕੈਰੋਟੀਨੋਇਡਜ਼ ਦੀ ਮਾਤਰਾ ਬਹੁਤ ਵਧ ਗਈ।"
ਮਸਾਲੇ ਦੀ ਸ਼ਕਤੀ

ਤਸਵੀਰ ਸਰੋਤ, Getty Images
ਇੱਥੇ ਹੀ ਕਾਲੀ ਮਿਰਚ ਕੰਮ ਆਉਂਦੀ ਹੈ। ਜਦੋਂ ਮੈਕਲੇਮੈਂਟਸ ਅਤੇ ਉਨ੍ਹਾਂ ਦੀ ਟੀਮ ਨੇ ਸਲਾਦ ਅਤੇ ਡਰੈਸਿੰਗ ਵਿੱਚ ਕਾਲੀ ਮਿਰਚ ਸ਼ਾਮਲ ਕੀਤੀ, ਤਾਂ ਇਸ ਨੇ ਸੋਖਣ ਦੀ ਸਮਰੱਥਾ ਨੂੰ ਹੋਰ ਵੀ ਵਧਾ ਦਿੱਤਾ।
ਆਂਦਰਾਂ ਦੀ ਪਰਤ ਵਿੱਚ ਸਥਿਤ ਸੈੱਲਾਂ ਵਿੱਚ ਅਕਸਰ ਅਜਿਹੇ 'ਟ੍ਰਾਂਸਪੋਰਟਰ' ਹੁੰਦੇ ਹਨ ਜੋ ਸੋਖੇ ਹੋਏ ਪੋਸ਼ਕ ਤੱਤਾਂ ਨੂੰ ਬਾਹਰ ਕੱਢ ਸਕਦੇ ਹਨ, ਅਤੇ ਉਨ੍ਹਾਂ ਨੂੰ ਵਾਪਸ ਪਾਚਨ ਮਾਰਗ ਵਿੱਚ ਭੇਜ ਸਕਦੇ ਹਨ। ਹਾਲਾਂਕਿ, ਕਾਲੀ ਮਿਰਚ ਵਿੱਚ ਮੌਜੂਦ ਇੱਕ ਰਸਾਇਣ ਇਹਨਾਂ ਟ੍ਰਾਂਸਪੋਰਟਰਾਂ ਨੂੰ ਰੋਕ ਦਿੰਦਾ ਹੈ, ਜਿਸ ਨਾਲ ਵਧੇਰੇ ਵਿਟਾਮਿਨ ਜਾਂ ਕੈਰੋਟੀਨੋਇਡਜ਼ ਤੁਹਾਡੇ ਖੂਨ ਦੇ ਪ੍ਰਵਾਹ ਵਿੱਚ ਸੋਖੇ ਜਾ ਸਕਦੇ ਹਨ।
ਫਿਰ ਮੈਕਲੇਮੈਂਟਸ ਨੂੰ ਇੱਕ ਅਹਿਸਾਸ ਹੋਇਆ - ਇਹ ਤਰੀਕਾ ਹਜ਼ਾਰਾਂ ਸਾਲਾਂ ਤੋਂ ਪਹਿਲਾਂ ਹੀ ਮੌਜੂਦ ਸੀ।
ਉਹ ਕਹਿੰਦੇ ਹਨ, "ਅਸੀਂ ਕਰਕਿਊਮਿਨ (ਹਲਦੀ ਵਿੱਚ ਪਾਇਆ ਜਾਣ ਵਾਲਾ ਇੱਕ ਤੱਤ) ਦੀ ਬਾਇਓ-ਅਵੇਲੇਬਿਲਿਟੀ ਨੂੰ ਸੁਧਾਰਨ ਦੀ ਕੋਸ਼ਿਸ਼ ਵਿੱਚ ਕਈ ਸਾਲ ਕੰਮ ਕੀਤਾ।" "ਅਸੀਂ ਪ੍ਰੋਟੀਨ ਜਾਂ ਚਰਬੀ ਜਾਂ ਕਾਰਬੋਹਾਈਡਰੇਟ ਨਾਲ ਬਣੇ ਇਨ੍ਹਾਂ ਸਾਰੇ ਵੱਖ-ਵੱਖ ਡਿਲੀਵਰੀ ਸਿਸਟਮਾਂ ਦੀ ਤੁਲਨਾ ਕੀਤੀ, ਅਤੇ ਪਤਾ ਲੱਗਿਆ ਕਿ ਸਭ ਤੋਂ ਵਧੀਆ ਚਰਬੀ ਦੀਆਂ ਇਹ ਨਿੱਕੀਆਂ ਬੂੰਦਾਂ ਸਨ ਜੋ ਬਿਲਕੁਲ ਦੁੱਧ ਵਰਗੀਆਂ ਲੱਗਦੀਆਂ ਹਨ ਜਿਸ ਵਿੱਚ ਤੁਸੀਂ ਕਰਕਿਊਮਿਨ ਪਾਉਂਦੇ ਹੋ।"
"ਮੈਂ ਆਪਣੇ ਸ਼ਹਿਰ ਵਿੱਚ ਘੁੰਮ ਰਿਹਾ ਸੀ, ਅਤੇ ਉੱਥੇ ਇਸ 'ਗੋਲਡਨ ਮਿਲਕ' (ਸੁਨਹਿਰੀ ਦੁੱਧ) ਦਾ ਇਸ਼ਤਿਹਾਰ ਲੱਗਿਆ ਹੋਇਆ ਸੀ। ਇਹ ਇੱਕ ਬਹੁਤ ਹੀ ਰਵਾਇਤੀ, ਪ੍ਰਾਚੀਨ ਭਾਰਤੀ ਪੀਣ ਵਾਲਾ ਪਦਾਰਥ ਸੀ। ਅਤੇ ਅਸਲ ਵਿੱਚ ਇਹ ਬਿਲਕੁਲ ਉਹੀ ਫਾਰਮੂਲਾ ਹੈ ਜੋ ਅਸੀਂ ਬਣਾਇਆ ਸੀ, ਪਰ ਉਨ੍ਹਾਂ ਨੇ ਇਹ 1,000 ਸਾਲ ਪਹਿਲਾਂ ਹੀ ਤਿਆਰ ਕਰ ਦਿੱਤਾ ਸੀ।"
ਪ੍ਰਾਚੀਨ ਭਾਰਤੀ ਪੀਣ ਵਾਲੇ ਪਦਾਰਥ ਵਿੱਚ ਹਲਦੀ ਨੂੰ ਦੁੱਧ ਦੇ ਉਤਪਾਦ ਨਾਲ ਮਿਲਾਇਆ ਜਾਂਦਾ ਸੀ, ਜਿਸ ਵਿੱਚ ਕਾਲੀ ਮਿਰਚ ਪਾਈ ਜਾਂਦੀ ਸੀ।
ਮੈਕਲੇਮੈਂਟਸ ਅਤੇ ਉਨ੍ਹਾਂ ਦੇ ਸਾਥੀਆਂ ਨੇ ਦਿਖਾਇਆ ਹੈ ਕਿ ਕਰਕਿਊਮਿਨ ਦੀ ਉੱਚ ਮਾਤਰਾ ਨੂੰ ਗਊ ਦੇ ਦੁੱਧ ਵਿੱਚ ਮਿਲਾਇਆ ਜਾ ਸਕਦਾ ਹੈ ਅਤੇ ਜੇਕਰ ਫਰਿੱਜ ਵਿੱਚ ਰੱਖਿਆ ਜਾਵੇ ਤਾਂ ਇਹ ਘੱਟੋ-ਘੱਟ ਦੋ ਹਫ਼ਤਿਆਂ ਤੱਕ ਸਥਿਰ ਰਹਿੰਦਾ ਹੈ। ਹਾਲ ਹੀ ਵਿੱਚ, ਉਹ ਪੌਦਿਆਂ 'ਤੇ ਅਧਾਰਤ ਦੁੱਧ ਵਿੱਚ ਇਸ ਤੱਤ ਨੂੰ ਸ਼ਾਮਲ ਕਰਨ ਦੇ ਪ੍ਰਯੋਗ ਵੀ ਕਰ ਰਹੇ ਹਨ।
ਸਲਾਦ ਦੀ ਡਰੈਸਿੰਗ ਮਾਇਨੇ ਰੱਖਦੀ

ਤਸਵੀਰ ਸਰੋਤ, Getty Images
ਇਸ ਲਈ, ਵਿਟਾਮਿਨਾਂ ਦੇ ਨਵੇਂ ਤਰੀਕਿਆਂ ਨੂੰ ਪਾਸੇ ਰੱਖਦੇ ਹੋਏ, ਕੀ ਅਜਿਹਾ ਕੁਝ ਹੈ ਜੋ ਅਸੀਂ ਸਾਰੇ ਆਪਣੇ ਵਿਟਾਮਿਨ ਸੋਖਣ ਦੀ ਸਮਰੱਥਾ ਨੂੰ ਵਧਾਉਣ ਲਈ ਕਰ ਸਕਦੇ ਹਾਂ? ਮੈਕਲੇਮੈਂਟਸ ਦੇ ਅਨੁਸਾਰ, ਜੇਕਰ ਤੁਸੀਂ ਵਿਟਾਮਿਨ ਸਪਲੀਮੈਂਟ ਲੈਣ ਜਾ ਰਹੇ ਹੋ, ਤਾਂ ਇਨ੍ਹਾਂ ਨੂੰ ਅਜਿਹੇ ਭੋਜਨ ਦੇ ਨਾਲ ਲੈਣਾ ਚੰਗਾ ਹੋ ਸਕਦਾ ਹੈ ਜਿਸ ਵਿੱਚ ਚਰਬੀ ਹੋਵੇ।
ਉਹ ਕਹਿੰਦੇ ਹਨ, "ਆਦਰਸ਼ਕ ਤੌਰ 'ਤੇ ਤੁਹਾਨੂੰ ਕੋਈ ਅਜਿਹੀ ਚੀਜ਼ ਚਾਹੀਦੀ ਹੈ ਜਿਸ ਵਿੱਚ ਚਰਬੀ ਦੇ ਛੋਟੇ ਕਣ ਹੋਣ, ਜਿਵੇਂ ਕਿ ਦੁੱਧ ਜਾਂ ਦਹੀਂ।"
ਇਹ ਨੋਟ ਕਰਨਾ ਵੀ ਮਹੱਤਵਪੂਰਨ ਹੈ ਕਿ ਜਦੋਂ ਕਿ ਪੌਦੇ ਸਿਹਤਮੰਦ ਵਿਟਾਮਿਨਾਂ ਨਾਲ ਭਰੇ ਹੁੰਦੇ ਹਨ, ਉਹਨਾਂ ਵਿੱਚ ਅਕਸਰ "ਐਂਟੀ-ਨਿਊਟ੍ਰੀਐਂਟਸ" ਵੀ ਹੁੰਦੇ ਹਨ - ਅਜਿਹੇ ਅਣੂ ਜੋ ਕੁਝ ਪੋਸ਼ਕ ਤੱਤਾਂ ਨੂੰ ਸੋਖਣ ਦੀ ਸਰੀਰ ਦੀ ਸਮਰੱਥਾ ਉੱਤੇ ਅਸਰ ਪਾ ਸਕਦੇ ਹਨ। ਮਿਸਾਲ ਵਜੋਂ ਬਰੋਕਲੀ ਅਤੇ ਬ੍ਰਸੇਲਜ਼ ਸਪਾਊਟਸ ਵਿੱਚ 'ਗਲੂਕੋਸੀਨੋਲੇਟਸ' ਹੁੰਦੇ ਹਨ, ਜੋ ਆਇਓਡੀਨ ਦੇ ਸੋਖਣ ਵਿੱਚ ਰੁਕਾਵਟ ਪਾ ਸਕਦੇ ਹਨ। ਇਸੇ ਤਰ੍ਹਾਂ, ਪੱਤੇਦਾਰ ਹਰੀਆਂ ਸਬਜ਼ੀਆਂ 'ਆਕਸਲੇਟਸ' ਕਹੇ ਜਾਣ ਵਾਲੇ ਤੱਤਾਂ ਨਾਲ ਭਰਪੂਰ ਹੁੰਦੀਆਂ ਹਨ ਜੋ ਕੈਲਸ਼ੀਅਮ ਨਾਲ ਜੁੜ ਜਾਂਦੀਆਂ ਹਨ ਅਤੇ ਇਸਨੂੰ ਸੋਖਣ ਤੋਂ ਰੋਕਦੀਆਂ ਹਨ। ਹਾਲਾਂਕਿ, ਜਦੋਂ ਤੱਕ ਵੰਨ-ਸੁਵੰਨੇ ਪੱਤਿਆਂ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਅਜਿਹੇ ਖੁਰਾਕੀ ਤੱਤਾਂ ਦੇ ਸਿਹਤ ਲਾਭ ਕਿਸੇ ਵੀ ਸੰਭਾਵੀ ਨਾਂਹਮੁਖੀ ਪ੍ਰਭਾਵਾਂ ਨਾਲੋਂ ਕਿਤੇ ਜ਼ਿਆਦਾ ਹੁੰਦੇ ਹਨ।
ਅੰਤ ਵਿੱਚ, ਜੇਕਰ ਤੁਸੀਂ ਉਸ ਰਸੀਲੇ ਸਲਾਦ ਦਾ ਆਨੰਦ ਲੈਣ ਜਾ ਰਹੇ ਹੋ, ਤਾਂ ਤੁਹਾਡੀ ਸਲਾਦ ਡਰੈਸਿੰਗ ਜਾਂ ਤੇਲ ਦੀ ਚੋਣ ਬਹੁਤ ਵੱਡਾ ਫਰਕ ਪਾ ਸਕਦੀ ਹੈ। ਮੈਕਲੇਮੈਂਟਸ ਅਤੇ ਯੂਨੀਵਰਸਿਟੀ ਆਫ ਮਿਸੂਰੀ ਦੇ ਉਨ੍ਹਾਂ ਦੇ ਸਾਥੀ ਰੁਓਜੀ ਝਾਂਗ ਦੇ ਇੱਕ ਹਾਲੀਆ ਅਧਿਐਨ ਨੇ ਖੁਲਾਸਾ ਕੀਤਾ ਹੈ ਕਿ ਕੇਲ - ਜੋ ਕਿ ਕੈਰੋਟੀਨੋਇਡਜ਼, ਵਿਟਾਮਿਨ ਸੀ ਅਤੇ ਈ ਨਾਲ ਭਰਪੂਰ ਇੱਕ ਬਹੁਤ ਹੀ ਪੌਸ਼ਟਿਕ ਸਬਜ਼ੀ ਹੈ - ਨੂੰ ਜੈਤੂਨ ਦੇ ਤੇਲ ਵਾਲੀ ਡਰੈਸਿੰਗ ਨਾਲ ਖਾਣ ਨਾਲ ਤੁਹਾਡੇ ਸਰੀਰ ਲਈ ਉਸਦੇ ਪੋਸ਼ਕ ਤੱਤਾਂ ਨੂੰ ਹੋਰ ਵਧੇਰੇ ਮਾਤਰਾ ਵਿੱਚ ਹਾਸਲ ਕਰਨ ਵਿੱਚ ਮਦਦ ਮਿਲ ਸਕਦੀ ਹੈ।
ਇਹ ਖੋਜ ਉਨ੍ਹਾਂ ਕਾਰਨਾਂ ਵਿੱਚੋਂ ਇੱਕ ਹੋ ਸਕਦੀ ਹੈ ਜਿਸ ਕਰਕੇ ਤਾਜ਼ੇ ਫਲਾਂ ਅਤੇ ਸਬਜ਼ੀਆਂ ਦੇ ਨਾਲ ਜੈਤੂਨ ਦੇ ਤੇਲ ਦੀ ਵੱਧ ਮਾਤਰਾ ਵਾਲੀ ਖੁਰਾਕ, ਜਿਵੇਂ ਕਿ ਮੈਡੀਟੇਰੀਅਨ ਖੁਰਾਕ, ਨੂੰ ਅਕਸਰ ਬਹੁਤ ਸਿਹਤਮੰਦ ਮੰਨਿਆ ਜਾਂਦਾ ਹੈ।
ਮੈਕਲੇਮੈਂਟਸ ਕਹਿੰਦੇ ਹਨ, "ਅਸੀਂ ਦੇਖਿਆ ਕਿ ਜੈਤੂਨ ਦੇ ਤੇਲ ਤੋਂ ਬਣੇ ਨੈਨੋਪਾਰਟੀਕਲਜ਼ ਨੇ ਅਸਲ ਵਿੱਚ ਕੈਰੋਟੀਨੋਇਡਜ਼ ਦੀ ਬਾਇਓ-ਅਵੇਲੇਬਿਲਿਟੀ ਨੂੰ ਵਧਾਇਆ ਹੈ, ਜਦੋਂ ਕਿ ਨਾਰੀਅਲ ਦੇ ਤੇਲ ਤੋਂ ਬਣੇ ਕਣਾਂ ਨੇ ਅਜਿਹਾ ਬਿਲਕੁਲ ਨਹੀਂ ਕੀਤਾ।"
"ਇਹ ਇਸ ਲਈ ਹੈ ਕਿਉਂਕਿ ਨਾਰੀਅਲ ਦਾ ਤੇਲ ਬਹੁਤ ਛੋਟੇ 'ਮਾਈਸੇਲਜ਼' ਬਣਾਉਂਦਾ ਹੈ, ਅਤੇ ਕੈਰੋਟੀਨ ਉਹਨਾਂ ਦੇ ਅੰਦਰ ਫਿੱਟ ਹੋਣ ਲਈ ਬਹੁਤ ਵੱਡਾ ਹੁੰਦਾ ਹੈ। ਇਹ ਇੱਕ ਮਿੰਨੀ ਕੂਪਰ ਕਾਰ ਵਿੱਚ ਹਾਥੀ ਨੂੰ ਬਿਠਾਉਣ ਦੀ ਕੋਸ਼ਿਸ਼ ਕਰਨ ਵਰਗਾ ਹੈ - ਕਈ ਵਾਰ ਤੁਹਾਨੂੰ ਵੱਡੇ ਵਾਹਨ ਦੀ ਲੋੜ ਹੁੰਦੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












