ਇਜ਼ਰਾਈਲ-ਗਾਜ਼ਾ: ਟਰੰਪ ਦਾ ਬੋਰਡ ਆਫ਼ ਪੀਸ ਕੀ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਸੱਦਾ ਦਿੱਤਾ ਗਿਆ ਹੈ ਤੇ ਇਹ ਪਲਾਨ ਕਿਵੇਂ ਕੰਮ ਕਰੇਗਾ

ਟਰੰਪ ਅਤੇ ਮੋਦੀ

ਤਸਵੀਰ ਸਰੋਤ, PRAKASH SINGH/AFP via Getty Images

ਤਸਵੀਰ ਕੈਪਸ਼ਨ, ਸੰਯੁਕਤ ਰਾਜ ਅਮਰੀਕਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਗਾਜ਼ਾ ਲਈ ਟਰੰਪ ਪ੍ਰਸ਼ਾਸਨ ਦੇ ਨਵੇਂ 'ਬੋਰਡ ਆਫ਼ ਪੀਸ' ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ

ਸੰਯੁਕਤ ਰਾਜ ਅਮਰੀਕਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਗਾਜ਼ਾ ਲਈ ਟਰੰਪ ਪ੍ਰਸ਼ਾਸਨ ਦੇ ਨਵੇਂ 'ਬੋਰਡ ਆਫ਼ ਪੀਸ' ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ।

ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਆਪਣੇ ਅਧਿਕਾਰਤ ਐਕਸ ਹੈਂਡਲ 'ਤੇ ਇਸ ਸਬੰਧੀ ਵ੍ਹਾਈਟ ਹਾਊਸ ਦਾ ਇੱਕ ਪੱਤਰ ਜਾਰੀ ਕੀਤਾ ਹੈ।

ਉਨ੍ਹਾਂ ਲਿਖਿਆ, "ਰਾਸ਼ਟਰਪਤੀ ਟਰੰਪ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਾਜ਼ਾ ਦੇ ਬੋਰਡ ਆਫ਼ ਪੀਸ ਵਿੱਚ ਹਿੱਸਾ ਲੈਣ ਲਈ ਸੱਦਾ ਦੇਣਾ ਮੇਰੇ ਲਈ ਬਹੁਤ ਸਨਮਾਨ ਦੀ ਗੱਲ ਹੈ। ਬੋਰਡ ਸਥਾਈ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਲਈ ਗਾਜ਼ਾ ਵਿੱਚ ਇੱਕ ਪ੍ਰਭਾਵਸ਼ਾਲੀ ਪ੍ਰਸ਼ਾਸਨ ਦਾ ਸਮਰਥਨ ਕਰੇਗਾ।"

ਇਸ ਤੋਂ ਪਹਿਲਾਂ, ਅਕਤੂਬਰ 2025 ਵਿੱਚ ਮਿਸਰ ਦੇ ਸ਼ਰਮ ਅਲ-ਸ਼ੇਖ ਵਿੱਚ ਗਾਜ਼ਾ ਵਿੱਚ ਸ਼ਾਂਤੀ ਲਈ ਇੱਕ ਅੰਤਰਰਾਸ਼ਟਰੀ ਸੰਮੇਲਨ ਆਯੋਜਿਤ ਕੀਤਾ ਗਿਆ ਸੀ। ਇਸ ਵਿੱਚ ਲਗਭਗ 20 ਦੇਸ਼ਾਂ ਦੇ ਆਗੂਆਂ ਅਤੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ।

ਟਰੰਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 29 ਸਤੰਬਰ, 2025 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਗਾਜ਼ਾ ਵਿੱਚ ਸ਼ਾਂਤੀ ਬਹਾਲ ਕਰਨ ਲਈ 20 ਨੁਕਾਤੀ 'ਗਾਜ਼ਾ ਸ਼ਾਂਤੀ ਯੋਜਨਾ' ਦਾ ਐਲਾਨ ਕੀਤਾ ਸੀ

ਇਸ ਸੰਮੇਲਨ ਵਿੱਚ ਵੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸੱਦਾ ਦਿੱਤਾ ਗਿਆ ਸੀ, ਹਾਲਾਂਕਿ ਉਹ ਸ਼ਾਮਲ ਨਹੀਂ ਹੋਏ ਸਨ। ਭਾਰਤ ਵੱਲੋਂ ਇਸ ਵਿੱਚ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਸ਼ਾਮਲ ਹੋਏ ਸਨ।

'ਬੋਰਡ ਆਫ਼ ਪੀਸ' ਕੀ ਹੈ, ਇਹ ਕਿਵੇਂ ਕੰਮ ਕਰੇਗਾ, ਇਸ ਦੇ ਮੈਂਬਰ ਕੌਣ-ਕੌਣ ਹਨ... ਆਓ ਜਾਣਦੇ ਹਾਂ ਅਜਿਹੇ ਹੀ ਕੁਝ ਅਹਿਮ ਸਵਾਲਾਂ ਦੇ ਜਵਾਬ...

ਗਾਜ਼ਾ ਸ਼ਾਂਤੀ ਯੋਜਨਾ ਅਤੇ ਬੋਰਡ ਆਫ਼ ਪੀਸ ਕੀ ਹੈ ਤੇ ਕਿਵੇਂ ਕੰਮ ਕਰੇਗੀ?

ਗਾਜ਼ਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕਾ ਦਾ ਦਾਅਵਾ ਹੈ ਕਿ ਯੋਜਨਾ ਨਾਲ ਸਬੰਧਤ ਉਸ ਦਾ 'ਬੋਰਡ ਆਫ਼ ਪੀਸ' ਇੱਕ ਨਵੇਂ ਅੰਤਰਰਾਸ਼ਟਰੀ ਸ਼ਾਂਤੀ ਸੰਗਠਨ ਵਜੋਂ ਕੰਮ ਕਰੇਗਾ

29 ਸਤੰਬਰ, 2025 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਗਾਜ਼ਾ ਵਿੱਚ ਸ਼ਾਂਤੀ ਬਹਾਲ ਕਰਨ ਲਈ 20 ਨੁਕਾਤੀ 'ਗਾਜ਼ਾ ਸ਼ਾਂਤੀ ਯੋਜਨਾ' ਦਾ ਐਲਾਨ ਕੀਤਾ ਸੀ।

ਅਮਰੀਕਾ ਦਾ ਦਾਅਵਾ ਹੈ ਕਿ ਯੋਜਨਾ ਨਾਲ ਸਬੰਧਤ ਉਸ ਦਾ 'ਬੋਰਡ ਆਫ਼ ਪੀਸ' ਇੱਕ ਨਵੇਂ ਅੰਤਰਰਾਸ਼ਟਰੀ ਸ਼ਾਂਤੀ ਸੰਗਠਨ ਵਜੋਂ ਕੰਮ ਕਰੇਗਾ।

ਇਹ ਬੋਰਡ ਗਾਜ਼ਾ ਦੇ ਅਸਥਾਈ ਸ਼ਾਸਨ ਅਤੇ ਪੁਨਰ ਨਿਰਮਾਣ ਲਈ ਜ਼ਿੰਮੇਵਾਰ ਤਕਨੀਕੀ ਮਾਹਿਰਾਂ ਦੀ ਇੱਕ ਕਮੇਟੀ ਦੇ ਕੰਮ ਦੀ ਨਿਗਰਾਨੀ ਕਰੇਗਾ।

ਅਮਰੀਕਾ ਦੇ ਰਾਸ਼ਟਰਪਤੀ ਇਸ 'ਬੋਰਡ ਆਫ਼ ਪੀਸ' ਦੇ ਚੇਅਰਮੈਨ ਹੋਣਗੇ।

ਵ੍ਹਾਈਟ ਹਾਊਸ ਨੇ ਕਿਹਾ ਕਿ ਐਗਜ਼ਿਕਿਊਟਿਵ ਬੋਰਡ ਦਾ ਹਰੇਕ ਮੈਂਬਰ ਇੱਕ ਅਜਿਹੇ ਵਿਭਾਗ ਦੀ ਜ਼ਿੰਮੇਵਾਰੀ ਸੰਭਾਲੇਗਾ ਜੋ 'ਗਾਜ਼ਾ ਦੀ ਸਥਿਰਤਾ ਲਈ ਅਹਿਮ' ਹੋਵੇਗਾ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਕਿਹੜਾ ਮੈਂਬਰ ਕਿਹੜੀ ਜ਼ਿੰਮੇਵਾਰੀ ਸੰਭਾਲੇਗਾ।

ਕੀ ਬੋਰਡ ਮੈਂਬਰਾਂ ਨੂੰ ਭੁਗਤਾਨ ਵੀ ਕਰਨਾ ਪਵੇਗਾ?

ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਬੋਰਡ ਵਿੱਚ ਸਥਾਈ ਮੈਂਬਰਸ਼ਿਪ ਪ੍ਰਾਪਤ ਕਰਨ ਦੇ ਇੱਛੁਕ ਕਿਸੇ ਵੀ ਦੇਸ਼ ਨੂੰ ਚੰਗੀ ਰਕਮ ਖਰਚ ਕਰਨੀ ਪਵੇਗੀ।

ਰਿਪੋਰਟ ਮੁਤਾਬਕ, ਜੇਕਰ ਕੋਈ ਦੇਸ਼ ਆਪਣੇ ਗਠਨ ਦੇ ਸ਼ੁਰੂਆਤੀ ਤਿੰਨ ਸਾਲਾਂ ਬਾਅਦ ਬੋਰਡ ਵਿੱਚ ਰਹਿਣਾ ਚਾਹੁੰਦਾ ਹੈ, ਤਾਂ ਉਸਨੂੰ ਇੱਕ ਅਰਬ ਡਾਲਰ ਜਾਂ ਲਗਭਗ ਨੌਂ ਹਜ਼ਾਰ ਕਰੋੜ ਰੁਪਏ ਖਰਚ ਕਰਨੇ ਪੈਣਗੇ।

ਨਿਊਯਾਰਕ ਟਾਈਮਜ਼ ਦੇ ਅਨੁਸਾਰ, ਇਹ ਬੋਰਡ ਡੌਨਲਡ ਟਰੰਪ ਦੀ ਗਾਜ਼ਾ ਸ਼ਾਂਤੀ ਯੋਜਨਾ ਦਾ ਹਿੱਸਾ ਹੈ, ਪਰ ਗਾਜ਼ਾ ਦਾ ਬੋਰਡ ਦੇ ਚਾਰਟਰ ਵਿੱਚ ਜ਼ਿਕਰ ਨਹੀਂ ਹੈ।

ਇਸ ਨਾਲ ਬਹੁਤ ਸਾਰੇ ਮਾਹਰ ਇਹ ਕਿਆਸ ਲਗਾ ਰਹੇ ਹਨ ਕਿ ਟਰੰਪ ਦਾ 'ਬੋਰਡ ਆਫ਼ ਪੀਸ' ਸਿਰਫ਼ ਗਾਜ਼ਾ ਤੋਂ ਇਲਾਵਾ ਦੁਨੀਆ ਭਰ ਦੇ ਸੰਘਰਸ਼ਾਂ ਨੂੰ ਖਤਮ ਕਰਨ ਵਿੱਚ ਭੂਮਿਕਾ ਨਿਭਾਉਣ ਦਾ ਇਰਾਦਾ ਰੱਖਦਾ ਹੈ ਅਤੇ ਇਸਦਾ ਮਕਸਦ ਖੁਦ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਬਦਲ ਵਜੋਂ ਪੇਸ਼ ਕਰਨ ਦਾ ਹੈ।

ਫਿਲਹਾਲ ਕੌਣ ਹਨ ਮੈਂਬਰ?

ਬੋਰਡ ਆਫ਼ ਪੀਸ ਦੇ ਮੈਂਬਰ

ਤਸਵੀਰ ਸਰੋਤ, Reuters / Getty Images / EPA

ਤਸਵੀਰ ਕੈਪਸ਼ਨ, ਇਹ ਬੋਰਡ ਗਾਜ਼ਾ ਦੇ ਅਸਥਾਈ ਸ਼ਾਸਨ ਅਤੇ ਪੁਨਰ ਨਿਰਮਾਣ ਲਈ ਜ਼ਿੰਮੇਵਾਰ ਤਕਨੀਕੀ ਮਾਹਿਰਾਂ ਦੀ ਇੱਕ ਕਮੇਟੀ ਦੇ ਕੰਮ ਦੀ ਨਿਗਰਾਨੀ ਕਰੇਗਾ

ਵ੍ਹਾਈਟ ਹਾਊਸ ਨੇ ਗਾਜ਼ਾ ਲਈ ਟਰੰਪ ਸਰਕਾਰ ਦੇ ਨਵੇਂ 'ਬੋਰਡ ਆਫ਼ ਪੀਸ' ਦੇ ਮੈਂਬਰਾਂ ਦੇ ਨਾਮ ਜਾਰੀ ਕਰ ਦਿੱਤੇ ਹਨ।

ਵ੍ਹਾਈਟ ਹਾਊਸ ਨੇ ਕਿਹਾ ਕਿ ਕਾਰਜਕਾਰੀ ਬੋਰਡ ਦਾ ਹਰੇਕ ਮੈਂਬਰ ਇੱਕ ਵਿਭਾਗ ਲਈ ਜ਼ਿੰਮੇਵਾਰ ਹੈ ਜੋ 'ਗਾਜ਼ਾ ਦੀ ਸਥਿਰਤਾ ਲਈ ਮਹੱਤਵਪੂਰਨ' ਹੋਵੇਗਾ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਕਿਹੜਾ ਮੈਂਬਰ ਕਿਹੜੀ ਤਰਜੀਹ ਰੱਖੇਗਾ।

ਹਾਲਾਂਕਿ, ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਹੋਰ ਮੈਂਬਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾਵੇਗਾ।

ਫਿਲਹਾਲ ਇਸ ਬੋਰਡ ਲਈ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਸਰ ਟੋਨੀ ਬਲੇਅਰ, ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ, ਪੂਰਬ ਲਈ ਅਮਰੀਕਾ ਦੇ ਕੇਂਦਰੀ ਵਿਸ਼ੇਸ਼ ਦੂਤ ਸਟੀਵ ਵਿਟਕੌਫ, ਅਮਰੀਕੀ ਰਾਸ਼ਟਰਪਤੀ ਦੇ ਜਵਾਈ ਜੇਰੇਡ ਕੁਸ਼ਨਰ, ਅਰਬਪਤੀ ਮਾਰਕ ਰੋਵਨ, ਵਿਸ਼ਵ ਬੈਂਕ ਦੇ ਪ੍ਰਧਾਨ ਅਜੇ ਬੰਗਾ, ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰੌਬਰਟ ਗੈਬਰੀਅਲ, ਬੁਲਗਾਰੀਆ ਦੇ ਆਗੂ ਅਤੇ ਸਾਬਕਾ ਸੰਯੁਕਤ ਰਾਸ਼ਟਰ ਮੱਧ ਪੂਰਬ ਰਾਜਦੂਤ ਨਿਕੋਲੇ ਮਲਾਡੇਨੋਵ ਦੇ ਨਾਮਾਂ ਦਾ ਐਲਾਨ ਕੀਤਾ ਗਿਆ ਹੈ।

ਇਜ਼ਰਾਈਲ ਨੂੰ ਕੀ ਇਤਰਾਜ਼?

ਡੌਨਲਡ ਟਰੰਪ - ਬਿਨਯਾਮਿਨ ਨੇਤਨਯਾਹੂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬਿਨਯਾਮਿਨ ਨੇਤਨਯਾਹੂ ਨੇ ਆਪਣੇ ਮੁੱਖ ਸਲਾਹਕਾਰਾਂ ਦੀ ਇੱਕ ਮੀਟਿੰਗ ਬੁਲਾਈ ਹੈ, ਤਾਂ ਜੋ ਗ਼ਜ਼ਾ ਲਈ ਟਰੰਪ ਵਲੋਂ ਪ੍ਰਸਤਾਵਿਤ 'ਬੋਰਡ ਆਫ਼ ਪੀਸ' 'ਤੇ ਚਰਚਾ ਕੀਤੀ ਜਾ ਸਕੇ

ਟਰੰਪ ਦੇ 'ਬੋਰਡ ਆਫ਼ ਪੀਸ' ਵਿੱਚ ਕਤਰ ਅਤੇ ਤੁਰਕੀ ਦੇ ਵਿਦੇਸ਼ ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਜ਼ਰਾਈਲ ਨੇ ਗ਼ਜ਼ਾ ਵਿੱਚ ਤੁਰਕੀ ਦੀ ਕਿਸੇ ਵੀ ਭੂਮਿਕਾ ਦਾ ਵਿਰੋਧ ਕੀਤਾ ਹੈ। ਇਸ ਦੇ ਨਾਲ ਹੀ ਉਹ ਕਤਰ ਨੂੰ ਵੀ ਹਮਾਸ ਦਾ ਸਮਰਥਕ ਮੰਨਦਾ ਹੈ।

ਇਸ ਦਰਮਿਆਨ, ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਇਜ਼ਰਾਈਲੀ ਨਿਊਜ਼ ਚੈਨਲ ਐਨ12 ਨੇ ਦੱਸਿਆ ਹੈ ਕਿ ਬੋਰਡ ਆਫ਼ ਪੀਸ ਵਿੱਚ ਕਤਰ ਅਤੇ ਤੁਰਕੀ ਦੀ ਮੌਜੂਦਗੀ ਬਾਰੇ ਇਜ਼ਰਾਈਲ ਨੂੰ ਪਹਿਲਾਂ ਤੋਂ ਸੂਚਿਤ ਨਹੀਂ ਕੀਤਾ ਗਿਆ ਸੀ।

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬਿਨਯਾਮਿਨ ਨੇਤਨਯਾਹੂ ਨੇ ਆਪਣੇ ਮੁੱਖ ਸਲਾਹਕਾਰਾਂ ਦੀ ਇੱਕ ਮੀਟਿੰਗ ਬੁਲਾਈ ਹੈ, ਤਾਂ ਜੋ ਗ਼ਜ਼ਾ ਲਈ ਟਰੰਪ ਵਲੋਂ ਪ੍ਰਸਤਾਵਿਤ 'ਬੋਰਡ ਆਫ਼ ਪੀਸ' 'ਤੇ ਚਰਚਾ ਕੀਤੀ ਜਾ ਸਕੇ। ਇਹ ਮੀਟਿੰਗ ਅਜਿਹੇ ਸਮੇਂ ਹੋਈ ਹੈ, ਜਦੋਂ ਇਜ਼ਰਾਈਲ ਨੇ ਕਿਹਾ ਕਿ ਬੋਰਡ ਦੇ ਢਾਂਚੇ ਸਬੰਧੀ ਹੋਈ ਗੱਲਬਾਤ ਵਿੱਚ ਉਸਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ।

ਵ੍ਹਾਈਟ ਹਾਊਸ ਵੱਲੋਂ ਜਾਰੀ ਇੱਕ ਬਿਆਨ ਦੇ ਅਨੁਸਾਰ, 'ਗਾਜ਼ਾ ਐਗਜ਼ਿਕਿਊਟਿਵ ਬੋਰਡ' ਜ਼ਮੀਨ 'ਤੇ ਹੋਣ ਵਾਲੇ ਸਾਰੇ ਕਾਰਜਾਂ ਦੀ ਨਿਗਰਾਨੀ ਕਰੇਗਾ, ਜੋ ਇੱਕ ਹੋਰ ਪ੍ਰਸ਼ਾਸਕੀ ਸੰਸਥਾ - ਨੇਸ਼ਨਲ ਕਮੇਟੀ ਫ਼ਾਰ ਦ ਐਡਮਿਨਿਸਟ੍ਰੇਸ਼ਨ ਆਫ਼ ਗਾਜ਼ਾ - ਦੇ ਅਧੀਨ ਕੀਤੇ ਜਾਣਗੇ।

ਗਾਜ਼ਾ ਸ਼ਾਂਤੀ ਪ੍ਰਸਤਾਵ ਦੀਆਂ ਮੁੱਖ ਗੱਲਾਂ?

9 ਅਕਤੂਬਰ ਨੂੰ ਗਾਜ਼ਾ ਪੱਟੀ ਸਰਹੱਦ 'ਤੇ ਤਾਇਨਾਤ ਇਜ਼ਰਾਈਲੀ ਟੈਂਕ

ਤਸਵੀਰ ਸਰੋਤ, Amir Levy/Getty Images

ਤਸਵੀਰ ਕੈਪਸ਼ਨ, 9 ਅਕਤੂਬਰ ਨੂੰ ਗਾਜ਼ਾ ਪੱਟੀ ਸਰਹੱਦ 'ਤੇ ਤਾਇਨਾਤ ਇਜ਼ਰਾਈਲੀ ਟੈਂਕ
  • 20 ਨੁਕਤਿਆਂ ਦੇ ਇਸ ਪ੍ਰਸਤਾਵ ਵਿੱਚ ਗਾਜ਼ਾ ਵਿੱਚ ਫੌਜੀ ਕਾਰਵਾਈਆਂ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ ਗਈ ਹੈ।
  • ਪ੍ਰਸਤਾਵ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਿਉਂਦੇ ਅਤੇ ਮਰੇ ਹੋਏ ਬੰਧਕਾਂ ਦੀਆਂ ਲਾਸ਼ਾਂ ਦੀ ਪੜਾਅਵਾਰ ਵਾਪਸੀ ਤੱਕ ਸਥਿਤੀ ਜਿਉਂ ਦੀ ਤਿਉਂ ਲਾਗੂ ਰਹੇਗੀ।
  • ਇਸ ਯੋਜਨਾ ਦੇ ਅਨੁਸਾਰ, ਹਮਾਸ ਆਪਣੇ ਹਥਿਆਰ ਸਮਰਪਣ ਕਰ ਦੇਵੇਗਾ ਅਤੇ ਇਸਦੀਆਂ ਸੁਰੰਗਾਂ ਅਤੇ ਹਥਿਆਰ ਬਣਾਉਣ ਦੀਆਂ ਸਹੂਲਤਾਂ ਨੂੰ ਤਬਾਹ ਕਰ ਦਿੱਤਾ ਜਾਵੇਗਾ।
  • ਇਸ ਦੇ ਨਾਲ ਹੀ ਰਿਹਾਅ ਕੀਤੇ ਗਏ ਹਰੇਕ ਇਜ਼ਰਾਈਲੀ ਬੰਧਕ ਲਈ, ਇਜ਼ਰਾਈਲ 15 ਗਾਜ਼ਾ ਵਾਸੀਆਂ ਦੀਆਂ ਲਾਸ਼ਾਂ ਵਾਪਸ ਕਰੇਗਾ।
  • ਯੋਜਨਾ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਿਵੇਂ ਹੀ ਦੋਵੇਂ ਧਿਰਾਂ ਪ੍ਰਸਤਾਵ 'ਤੇ ਸਹਿਮਤ ਹੁੰਦੀਆਂ ਹਨ, "ਗਾਜ਼ਾ ਪੱਟੀ ਨੂੰ ਤੁਰੰਤ ਪੂਰੀ ਸਹਾਇਤਾ ਭੇਜੀ ਜਾਵੇਗੀ।"
  • ਸ਼ਾਂਤੀ ਯੋਜਨਾ ਵਿੱਚ ਗਾਜ਼ਾ ਵਿੱਚ ਤੁਰੰਤ ਜੰਗਬੰਦੀ, ਇਜ਼ਰਾਈਲੀ ਫੌਜਾਂ ਦੀ ਵਾਪਸੀ, ਬਾਕੀ ਬਚੇ ਸਾਰੇ ਬੰਧਕਾਂ ਦੀ ਰਿਹਾਈ, ਹਮਾਸ ਦਾ ਆਤਮ ਸਮਰਪਣ ਅਤੇ ਫਲਸਤੀਨੀ ਖੇਤਰਾਂ ਵਿੱਚ ਇੱਕ ਨਵੀਂ ਸਰਕਾਰ ਵੱਲ ਇੱਕ ਰੋਡਮੈਪ ਸ਼ਾਮਲ ਹੈ।

ਇਜ਼ਰਾਈਲ-ਗਾਜ਼ਾ ਜੰਗ

7 ਅਕਤੂਬਰ 2023 ਨੂੰ ਦੱਖਣੀ ਇਜ਼ਰਾਈਲ 'ਤੇ ਹਮਾਸ ਦੀ ਅਗਵਾਈ ਵਾਲੇ ਹਮਲੇ ਦੌਰਾਨ ਲਗਭਗ 1,200 ਹੋਰ ਲੋਕ ਮਾਰੇ ਗਏ ਸਨ ਅਤੇ 251 ਨੂੰ ਬੰਧਕ ਬਣਾ ਲਿਆ ਗਿਆ ਸੀ।

ਇਜ਼ਰਾਈਲ ਨੇ ਇਸ ਹਮਲੇ ਦਾ ਜਵਾਬ ਗਾਜ਼ਾ ਵਿੱਚ ਇੱਕ ਫੌਜੀ ਮੁਹਿੰਮ ਸ਼ੁਰੂ ਕਰਕੇ ਦਿੱਤਾ। ਗ਼ਜ਼ਾ ਦੇ ਹਮਾਸ ਸੰਚਾਲਿਤ ਸਿਹਤ ਮੰਤਰਾਲੇ ਦੇ ਅਨੁਸਾਰ, 71,430 ਤੋਂ ਵੱਧ ਲੋਕ ਮਾਰੇ ਗਏ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)