ਆਵਾਰਾ ਕੁੱਤੇ ਕਿਸ ਨੂੰ ਤੇ ਕਿਉਂ ਨਿਸ਼ਾਨਾ ਬਣਾਉਂਦੇ ਹਨ, ਜੇ ਕੋਈ ਆਵਾਰਾ ਕੁੱਤਾ ਤੁਹਾਡੇ ਪਿੱਛੇ ਪੈ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ

ਕੁੱਤੇ

ਤਸਵੀਰ ਸਰੋਤ, Getty Images

    • ਲੇਖਕ, ਮੋਹਨ
    • ਰੋਲ, ਬੀਬੀਸੀ ਪੱਤਰਕਾਰ

ਦਿੱਲੀ ਵਿੱਚ ਇੱਕ ਵਿਦਿਆਰਥੀ ਦੀ ਆਵਾਰਾ ਕੁੱਤੇ ਦੇ ਕੱਟਣ ਤੋਂ ਬਾਅਦ ਰੇਬੀਜ਼ ਨਾਲ ਮੌਤ ਹੋ ਗਈ। ਇਸ ਤੋਂ ਬਾਅਦ, ਸੁਪਰੀਮ ਕੋਰਟ ਨੇ ਆਵਾਰਾ ਕੁੱਤਿਆਂ ਦੇ ਮੁੱਦੇ ਦਾ ਨੋਟਿਸ ਲਿਆ ਅਤੇ ਕੁਝ ਨਿਰਦੇਸ਼ ਦਿੱਤੇ। ਜਿਸ ਮਗਰੋਂ, ਇਸ ਮੁੱਦੇ 'ਤੇ ਸਾਰੇ ਪਾਸੇ ਚਰਚਾ ਸ਼ੁਰੂ ਹੋ ਗਈ।

ਮਾਹਰਾਂ ਦੇ ਅਨੁਸਾਰ, ਕੁਝ ਥਾਵਾਂ 'ਤੇ ਕੁੱਤਿਆਂ ਦਾ ਟੀਕਾਕਰਨ ਚੱਲ ਰਿਹਾ ਹੈ, ਪਰ ਕਈ ਸ਼ਹਿਰਾਂ ਵਿੱਚ ਕੁੱਤਿਆਂ ਦੀ ਗਿਣਤੀ ਬਾਰੇ ਕੋਈ ਸਪੱਸ਼ਟ ਅੰਕੜਾ ਉਪਲਬਧ ਨਹੀਂ ਹੈ।

ਚੇੱਨਈ ਦੇ ਸੇਵਾਮੁਕਤ ਸਿਹਤ ਨਿਰਦੇਸ਼ਕ, ਕਾਟੀ ਸੈਮੀ ਨੇ ਕਿਹਾ ਕਿ ਆਵਾਰਾ ਅਤੇ ਪਾਲਤੂ ਕੁੱਤਿਆਂ ਵਿੱਚ ਬਹੁਤਾ ਅੰਤਰ ਨਹੀਂ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਇਤਿਹਾਸਕ ਤੌਰ 'ਤੇ, ਕੁੱਤੇ ਮਨੁੱਖਾਂ ਦੇ ਸਭ ਤੋਂ ਕਰੀਬੀ ਜਾਨਵਰ ਰਹੇ ਹਨ।

ਕਾਟੀ ਸੈਮੀ ਕਹਿੰਦੇ ਹਨ, "ਕੁੱਤੇ ਉਦੋਂ ਤੋਂ ਹੀ ਮਨੁੱਖਾਂ ਦੀ ਮਦਦ ਕਰ ਰਹੇ ਹਨ, ਜਦੋਂ ਤੋਂ ਮਨੁੱਖਾਂ ਨੇ ਭੋਜਨ ਦੀ ਭਾਲ ਸ਼ੁਰੂ ਕੀਤੀ ਹੈ। ਪਰ ਸੱਭਿਆਚਾਰਕ ਤਬਦੀਲੀਆਂ ਅਤੇ ਸ਼ਹਿਰੀਕਰਨ ਵਰਗੇ ਕਾਰਕਾਂ ਕਾਰਨ ਵੱਡੇ ਸ਼ਹਿਰਾਂ ਵਿੱਚ ਕੁੱਤਿਆਂ ਨੂੰ ਖੁੱਲ੍ਹੇ ਵਿੱਚ ਇਕੱਲੇ ਰਹਿਣਾ ਪੈਂਦਾ ਹੈ।"

ਸ਼੍ਰੀਦੇਵੀ

ਤਸਵੀਰ ਸਰੋਤ, SRIDEVI

ਤਸਵੀਰ ਕੈਪਸ਼ਨ, ਸ਼੍ਰੀਦੇਵੀ ਨੇ ਕੁੱਤਿਆਂ ਦੇ ਵਿਵਹਾਰ ਸਬੰਧੀ ਅਧਿਐਨ ਕੀਤਾ ਹੈ

ਕੁੱਤਿਆਂ ਦੇ ਵਿਵਹਾਰ ਦਾ ਅਧਿਐਨ ਕਰਨ ਵਾਲੇ ਸ਼੍ਰੀਦੇਵੀ ਕਹਿੰਦੇ ਹਨ ਕਿ ਸਾਰੇ ਆਵਾਰਾ ਕੁੱਤੇ ਹਮਲਾਵਰ ਵਿਵਹਾਰ ਨਹੀਂ ਕਰਦੇ। ਇਸਦੇ ਨਾਲ ਹੀ ਉਨ੍ਹਾਂ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਮਨੁੱਖਾਂ ਨੂੰ ਆਵਾਰਾ ਕੁੱਤਿਆਂ ਨਾਲ ਕਿਵੇਂ ਵਿਵਹਾਰ ਕਰਨਾ ਚਾਹੀਦਾ ਹੈ।

ਇਨ੍ਹਾਂ ਦੋ ਮਾਹਰਾਂ ਨਾਲ ਕੀਤੀ ਗਈ ਗੱਲਬਾਤ ਦੇ ਆਧਾਰ 'ਤੇ, ਕੁੱਤਿਆਂ ਦੇ ਵਿਵਹਾਰ ਬਾਰੇ ਮੁੱਖ 8 ਸਵਾਲਾਂ ਦੇ ਜਵਾਬ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਰਿਪੋਰਟ ਵਿੱਚ ਇਹ ਜਾਣਕਾਰੀ ਸੰਖੇਪ ਵਿੱਚ ਪੇਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ-

1. ਅਵਾਰਾ ਕੁੱਤੇ ਹਮਲਾਵਰ ਵਿਵਹਾਰ ਕਿਉਂ ਕਰਦੇ ਹਨ?

ਕੁੱਤਾ

ਤਸਵੀਰ ਸਰੋਤ, Getty Images

ਕੁੱਤਿਆਂ ਦੀਆਂ ਕੁਝ ਜ਼ਰੂਰਤਾਂ ਹੁੰਦੀਆਂ ਹਨ। ਸਹੀ ਪੋਸ਼ਣ, ਘੁੰਮਣ-ਫਿਰਣ ਦੀ ਆਜ਼ਾਦੀ ਅਤੇ ਕੁਝ ਜੈਵਿਕ ਜ਼ਰੂਰਤਾਂ ਸਭ ਤੋਂ ਮਹੱਤਵਪੂਰਨ ਹਨ।

ਪਾਲਤੂ ਕੁੱਤਿਆਂ ਨੂੰ ਪੌਸ਼ਟਿਕ ਭੋਜਨ ਮਿਲ ਸਕਦਾ ਹੈ, ਪਰ ਉਨ੍ਹਾਂ ਨੂੰ ਘੁੰਮਣ ਦੀ ਆਜ਼ਾਦੀ ਜਾਂ ਉਨ੍ਹਾਂ ਦੀਆਂ ਜੈਵਿਕ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਸਾਧਨ ਨਹੀਂ ਮਿਲਦੇ।

ਇਸ ਕਾਰਨ, ਕਈ ਵਾਰ ਪਾਲਤੂ ਕੁੱਤੇ ਵੀ ਹਮਲਾਵਰ ਵਿਵਹਾਰ ਕਰਦੇ ਹਨ।

ਨਾਲ ਹੀ, ਗਲ਼ੀ ਦੇ ਕੁੱਤਿਆਂ ਦੀਆਂ ਸਰੀਰਕ ਅਤੇ ਜੈਵਿਕ ਜ਼ਰੂਰਤਾਂ ਤਾਂ ਪੂਰੀਆਂ ਹੋ ਜਾਂਦੀਆਂ ਹਨ, ਪਰ ਉਨ੍ਹਾਂ ਨੂੰ ਲੋੜੀਂਦਾ ਪੋਸ਼ਣ ਨਹੀਂ ਮਿਲ ਪਾਉਂਦਾ। ਨਤੀਜੇ ਵਜੋਂ, ਉਹ ਭੁੱਖ ਕਾਰਨ ਹਮਲਾਵਰ ਹੋ ਜਾਂਦੇ ਹਨ।

2. ਕੁੱਤੇ ਕਿਸ ਆਧਾਰ 'ਤੇ ਨਿਸ਼ਾਨਾ ਬਣਾਉਂਦੇ ਹਨ?

ਕੁੱਤੇ

ਅਵਾਰਾ ਕੁੱਤੇ ਸਭ ਤੋਂ ਪਹਿਲਾਂ ਬਾਲਗਾਂ ਨੂੰ ਨਿਸ਼ਾਨਾ ਨਹੀਂ ਬਣਾਉਂਦੇ। ਸਗੋਂ, ਛੋਟੇ ਬੱਚੇ ਹੀ ਨਿਸ਼ਾਨਾ ਬਣਦੇ ਹਨ। ਜਦੋਂ ਕੋਈ ਅਵਾਰਾ ਕੁੱਤਾ ਕਿਸੇ ਬਾਲਗ ਦਾ ਪਿੱਛਾ ਕਰਦਾ ਹੈ, ਤਾਂ ਜੇਕਰ ਉਹ (ਬਾਲਗ) ਥੋੜ੍ਹੀ ਜਿਹੀ ਆਵਾਜ਼ ਕਰਦੇ ਹਨ ਜਾਂ ਹਮਲਾ ਕਰਦੇ ਹਨ ਤਾਂ ਕੁੱਤੇ ਤੁਰੰਤ ਪਿੱਛੇ ਹਟ ਜਾਂਦੇ ਹਨ।

ਇਸੇ ਕਰਕੇ ਅਵਾਰਾ ਕੁੱਤੇ ਸਭ ਤੋਂ ਪਹਿਲਾਂ ਛੋਟੇ ਬੱਚਿਆਂ ਨੂੰ ਨਿਸ਼ਾਨਾ ਬਣਾਉਂਦੇ ਹਨ, ਕਿਉਂਕਿ ਉਹ ਤੁਰੰਤ ਵਿਰੋਧ ਜਾਂ ਪ੍ਰਤੀਕਿਰਿਆ ਨਹੀਂ ਕਰ ਸਕਦੇ।

ਪਾਲਤੂ ਕੁੱਤਿਆਂ ਕੋਲ ਉਨ੍ਹਾਂ ਦੀ ਦੇਖਭਾਲ ਕਰਨ ਲਈ ਮਾਲਕ ਹੁੰਦੇ ਹਨ। ਪਰ ਗਲ਼ੀ ਦੇ ਕੁੱਤਿਆਂ ਨੂੰ ਇਸ ਤਰ੍ਹਾਂ ਦਾ ਪਿਆਰ ਨਹੀਂ ਮਿਲਦਾ। ਜੇਕਰ ਕੋਈ ਅਵਾਰਾ ਕੁੱਤਿਆਂ 'ਤੇ ਤਰਸ ਕਰੇ, ਤਾਂ ਉਨ੍ਹਾਂ ਦੇ ਹਮਲਾ ਨਾ ਕਰਨ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।

ਸਿਰਫ਼ ਭੁੱਖ ਕਾਰਨ ਹੀ ਨਹੀਂ, ਅਵਾਰਾ ਕੁੱਤੇ ਕਈ ਵਾਰ ਲਾਲਚ ਕਾਰਨ ਵੀ ਲੋਕਾਂ ਪ੍ਰਤੀ ਹਮਲਾਵਰ ਵਿਵਹਾਰ ਕਰਦੇ ਹਨ।

ਮਾਨਸੂਨ ਅਤੇ ਹੜ੍ਹ ਵਰਗੀਆਂ ਮੁਸ਼ਕਿਲ ਸਥਿਤੀਆਂ ਦੌਰਾਨ ਅਵਾਰਾ ਕੁੱਤਿਆਂ ਲਈ ਭੋਜਨ ਪ੍ਰਾਪਤ ਕਰਨਾ ਮੁਸ਼ਕਲ ਹੋ ਜਾਂਦਾ ਹੈ। ਅਜਿਹੇ ਸਮੇਂ ਉਹ ਡੇਰੇ ਹੋਏ ਹੁੰਦੇ ਹਨ। ਇਸ ਕਾਰਨ, ਉਨ੍ਹਾਂ ਵੱਲੋਂ ਲੋਕਾਂ 'ਤੇ ਹਮਲਾ ਕਰਨ ਜਾਂ ਪਿੱਛਾ ਕਰਨ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।

ਇਹ ਵੀ ਪੜ੍ਹੋ-

3. ਅਵਾਰਾ ਕੁੱਤੇ ਝੁੰਡਾਂ ਵਿੱਚ ਕਿਉਂ ਘੁੰਮਦੇ ਹਨ?

ਅਵਾਰਾ ਕੁੱਤਿਆਂ ਵਿੱਚ ਝੁੰਡ ਵਾਲੀ ਮਾਨਸਿਕਤਾ ਆਮ ਹੈ। ਖਾਣ ਤੋਂ ਲੈ ਕੇ ਘੁੰਮਣ ਤੱਕ, ਉਹ ਸਭ ਕੁਝ ਇਕੱਠੇ ਕਰਦੇ ਹਨ। ਨਤੀਜੇ ਵਜੋਂ, ਇੱਕ ਅਵਾਰਾ ਕੁੱਤਾ, ਇੱਕਲੇ ਦੀ ਬਜਾਏ ਸਮੂਹ ਵਿੱਚ ਵਧੇਰੇ ਹਮਲਾਵਰ ਵਿਵਹਾਰ ਕਰਦਾ ਹੈ।

4. ਕੀ ਸਾਰੇ ਅਵਾਰਾ ਕੁੱਤੇ ਖ਼ਤਰਨਾਕ ਹੁੰਦੇ ਹਨ?

ਇਹ ਕੋਈ ਸਧਾਰਨ ਗੱਲ ਨਹੀਂ ਹੈ। ਸਾਰੇ ਅਵਾਰਾ ਕੁੱਤੇ ਹਮਲਾਵਰ ਵਿਵਹਾਰ ਨਹੀਂ ਕਰਦੇ। ਮਨੁੱਖੀ ਜੀਵਨ ਸ਼ੈਲੀ ਬਦਲ ਗਈ ਹੈ। ਨਤੀਜੇ ਵਜੋਂ, ਕੁੱਤੇ ਮਨੁੱਖੀ ਦਖਲਅੰਦਾਜ਼ੀ ਤੋਂ ਬਿਨ੍ਹਾਂ ਰਹਿੰਦੇ ਹਨ।

ਅਵਾਰਾ ਕੁੱਤੇ ਸ਼ਾਇਦ ਆਪਣਾ ਇਲਾਕਾ ਨਹੀਂ ਛੱਡਦੇ, ਪਰ ਉਨ੍ਹਾਂ ਦਾ ਵਿਵਹਾਰ ਕਈ ਕਾਰਕਾਂ ਦੁਆਰਾ ਨਿਰਧਾਰਤ ਹੁੰਦਾ ਹੈ, ਜਿਵੇਂ ਕਿ ਭੋਜਨ, ਜਗ੍ਹਾ ਅਤੇ ਦਬਦਬਾ (ਉਨ੍ਹਾਂ ਕੁੱਤਿਆਂ ਦਾ ਦਬਦਬਾ)।

5. ਕੁੱਤੇ ਆਪਣੀਆਂ ਸੀਮਾਵਾਂ ਕਿਵੇਂ ਨਿਰਧਾਰਤ ਕਰਦੇ ਹਨ?

ਕੁੱਤਾ

ਤਸਵੀਰ ਸਰੋਤ, Getty Images

ਅਵਾਰਾ ਕੁੱਤੇ ਭੋਜਨ ਦੀ ਉਪਲੱਬਧਤਾ ਦੇ ਅਧਾਰ 'ਤੇ ਸੀਮਾਵਾਂ ਨਿਰਧਾਰਤ ਕਰਦੇ ਹਨ। ਜੇਕਰ ਕਿਸੇ ਜਗ੍ਹਾ 'ਤੇ ਭੋਜਨ ਦੀ ਨਿਰੰਤਰ ਸਪਲਾਈ ਹੁੰਦੀ ਹੈ, ਤਾਂ ਉਹ ਉੱਥੇ ਹੀ ਰਹਿੰਦੇ ਹਨ।

ਪਰ ਜੇਕਰ ਭੋਜਨ ਦੀ ਸਪਲਾਈ ਬੰਦ ਹੋ ਜਾਂਦੀ ਹੈ, ਤਾਂ ਉਹ ਕਿਤੇ ਹੋਰ ਚਲੇ ਜਾਂਦੇ ਹਨ। ਜੇਕਰ ਕਿਸੇ ਜਗ੍ਹਾ 'ਤੇ ਕੁੱਤਿਆਂ ਲਈ ਭੋਜਨ ਨਹੀਂ ਹੈ, ਤਾਂ ਕੁੱਤੇ ਉੱਥੇ ਕਿਉਂ ਹੀ ਰੁਕਣਗੇ।

6. ਕੁੱਤੇ ਵਾਹਨਾਂ ਦਾ ਪਿੱਛਾ ਕਿਉਂ ਕਰਦੇ ਹਨ?

ਅਵਾਰਾ ਕੁੱਤਿਆਂ ਦੇ ਅਨੁਭਵ ਸ਼ਾਇਦ ਬਹੁਤ ਚੰਗੇ ਨਹੀਂ ਹੁੰਦੇ। ਬਚਪਨ ਦੇ ਮਾੜੇ ਅਨੁਭਵ ਉਨ੍ਹਾਂ ਦੇ ਵਿਵਹਾਰ ਨੂੰ ਪ੍ਰਭਾਵਿਤ ਕਰਦੇ ਹਨ।

ਕੁੱਤਿਆਂ ਦੇ ਵਾਹਨਾਂ ਨਾਲ ਟਕਰਾਉਣ ਜਾਂ ਮਨੁੱਖਾਂ ਦੁਆਰਾ ਹਮਲਾ ਕਰਨ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।

ਭਾਵ, ਜੇਕਰ ਕੋਈ ਕੁੱਤੇ 'ਤੇ ਪੱਥਰ ਸੁੱਟਦਾ ਹੈ, ਤਾਂ ਉਹ ਕੁੱਤਾ ਉਸ ਵਿਅਕਤੀ ਪ੍ਰਤੀ ਹਮਲਾਵਰ ਵਿਵਹਾਰ ਕਰੇਗਾ।

ਜੇਕਰ ਕੋਈ ਵਾਹਨ ਕਿਸੇ ਕੁੱਤੇ ਨੂੰ ਜਾਂ ਕਿਸੇ ਸਮੂਹ ਦੇ ਕਿਸੇ ਹੋਰ ਕੁੱਤੇ ਨੂੰ ਟੱਕਰ ਮਾਰ ਦਿੰਦਾ ਹੈ, ਤਾਂ ਕੁੱਤੇ ਵਾਹਨਾਂ ਦਾ ਪਿੱਛਾ ਕਰਦੇ ਹਨ। ਇਹ ਉਨ੍ਹਾਂ ਦਾ ਵਿਵਹਾਰ ਨਹੀਂ ਹੈ, ਕਿਉਂਕਿ ਇਹ ਉਨ੍ਹਾਂ ਦੇ ਅਨੁਭਵਾਂ 'ਤੇ ਨਿਰਭਰ ਕਰਦਾ ਹੈ।

7. ਕੀ ਅਵਾਰਾ ਕੁੱਤਿਆਂ ਦੀ ਸਰੀਰਕ ਭਾਸ਼ਾ ਸਮਝੀ ਜਾ ਸਕਦੀ ਹੈ?

ਕੁੱਤੇ

ਤਸਵੀਰ ਸਰੋਤ, Getty Images

ਜਾਨਵਰ ਆਪਣੀ ਸਰੀਰਕ ਭਾਸ਼ਾ ਰਾਹੀਂ ਸੰਚਾਰ ਕਰਦੇ ਹਨ। ਅਵਾਰਾ ਕੁੱਤਿਆਂ ਨਾਲ ਕਦੇ ਵੀ ਪਾਲਤੂ ਜਾਨਵਰਾਂ ਵਾਂਗ ਵਿਵਹਾਰ ਨਾ ਕਰੋ।

ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਕੋਈ ਉਨ੍ਹਾਂ ਦੀ ਜਗ੍ਹਾ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਉਹ ਉਨ੍ਹਾਂ ਦਾ ਪਿੱਛਾ ਕਰਨ ਜਾਂ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਹਨ।

ਤੁਹਾਨੂੰ ਕੁੱਤਿਆਂ ਦੀ ਸਰੀਰਕ ਭਾਸ਼ਾ ਨੂੰ ਸਮਝਣਾ ਚਾਹੀਦਾ ਹੈ ਅਤੇ ਉਸ ਅਨੁਸਾਰ ਵਿਵਹਾਰ ਕਰਨਾ ਚਾਹੀਦਾ ਹੈ। ਜੇਕਰ ਕੁੱਤਿਆਂ ਦਾ ਸਮੂਹ ਹੈ, ਤਾਂ ਬਿਹਤਰ ਹੈ ਕਿ ਤੁਸੀਂ ਉਨ੍ਹਾਂ ਤੋਂ ਦੂਰੀ ਬਣਾ ਕੇ ਰੱਖੋ।

8. ਜੇਕਰ ਅਵਾਰਾ ਕੁੱਤੇ ਤੁਹਾਡਾ ਪਿੱਛਾ ਕਰਦੇ ਹਨ ਤਾਂ ਕੀ ਕਰਨਾ ਚਾਹੀਦਾ ਹੈ?

ਕੁੱਤਾ

ਤਸਵੀਰ ਸਰੋਤ, Getty Images

ਜੇ ਤੁਸੀਂ ਸਾਈਕਲ ਚਲਾ ਰਹੇ ਹੋ ਅਤੇ ਕੋਈ ਕੁੱਤਾ ਤੁਹਾਡਾ ਪਿੱਛਾ ਕਰ ਰਿਹਾ ਹੈ, ਤਾਂ ਤੁਹਾਨੂੰ ਥੋੜ੍ਹਾ ਤੇਜ਼ੀ ਨਾਲ ਦੂਰ ਹੋ ਜਾਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਕੁੱਤਾ ਰੁਕ ਜਾਵੇਗਾ।

ਤੁਰਦੇ ਸਮੇਂ ਆਪਣੇ ਨਾਲ ਇੱਕ ਡੰਡਾ ਜਾਂ ਕੋਈ ਹੋਰ ਚੀਜ਼ ਰੱਖਣਾ ਮਦਦਗਾਰ ਹੁੰਦਾ ਹੈ। ਜ਼ਿਆਦਾਤਰ ਕੁੱਤੇ ਹਮਲਾ ਨਹੀਂ ਕਰਦੇ, ਉਹ ਸਿਰਫ਼ ਡਰ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ।

ਜੇ ਤੁਸੀਂ ਰੌਲਾ ਪਾਉਂਦੇ ਹੋ ਜਾਂ ਉਨ੍ਹਾਂ ਨੂੰ ਕੁਝ ਅਜਿਹਾ ਦਿਖਾਉਂਦੇ ਹੋ ਜੋ ਉਨ੍ਹਾਂ ਨੂੰ ਖ਼ਤਰਨਾਕ ਲੱਗੇ, ਤਾਂ ਕੁੱਤੇ ਪਿੱਛੇ ਹਟ ਜਾਣਗੇ।

ਭੌਂਕਣਾ ਪਹਿਲਾ ਸੰਕੇਤ ਹੈ ਕਿ ਉਹ ਆਮ ਨਹੀਂ ਹਨ। ਸਾਨੂੰ ਆਪਣੀ ਸਥਿਤੀ ਨੂੰ ਸਮਝਣਾ ਪਵੇਗਾ ਅਤੇ ਉਸ ਅਨੁਸਾਰ ਕੰਮ ਕਰਨਾ ਪਵੇਗਾ।

ਬੱਚਿਆਂ ਨੂੰ ਇਕੱਲੇ ਨਹੀਂ ਛੱਡਣਾ ਚਾਹੀਦਾ। ਜ਼ਿਆਦਾਤਰ ਕੁੱਤੇ ਇੱਕਲੇ ਬੱਚਿਆਂ 'ਤੇ ਹਮਲਾ ਕਰ ਦਿੰਦੇ ਹਨ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)