'ਸਾਡਾ ਘਰ ਹੀ ਨਹੀਂ, ਸਾਰੀ ਉਮਰ ਦੀ ਕਮਾਈ ਰੁੜ੍ਹੀ ਹੈ', ਪਠਾਨਕੋਟ 'ਚ ਢਹਿ-ਢੇਰੀ ਹੋਏ ਘਰ 'ਚ ਰਹਿਣ ਵਾਲੇ ਪਰਿਵਾਰ ਨੇ ਦੱਸੀ ਹੱਡਬੀਤੀ

ਤਸਵੀਰ ਸਰੋਤ, Getty Images
- ਲੇਖਕ, ਗੁਰਪ੍ਰੀਤ ਸਿੰਘ
- ਰੋਲ, ਬੀਬੀਸੀ ਸਹਿਯੋਗੀ
"ਸਾਡੀ ਸਾਰੀ ਉਮਰ ਦੀ ਕਮਾਈ ਹੀ ਰੁੜ੍ਹ ਗਈ ਹੈ। ਮੈਨੂੰ ਕੰਮ ਕਰਦਿਆਂ 26 ਸਾਲ ਹੋ ਗਏ ਹਨ ਅਤੇ ਮੇਰੇ ਪਿਤਾ ਨੂੰ 60 ਸਾਲ, ਅਸੀਂ ਆਪਣੀ ਸਾਰੀ ਜਮ੍ਹਾਂ-ਪੂੰਜੀ ਇਸ ਮਕਾਨ 'ਤੇ ਲਗਾਈ ਸੀ, ਹੁਣ ਸਾਡੇ ਕੋਲ ਕੁਝ ਨਹੀਂ ਬਚਿਆ।"
ਇਹ ਬੋਲ ਹਨ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਕੋਠੇ ਮਨਵਾਲ ਦੇ ਵਸਨੀਕ ਸ਼ਕਤੀ ਕੁਮਾਰ ਦੇ, ਜਿਨ੍ਹਾਂ ਦੀ ਹਾਲੀਆ ਬਰਸਾਤਾਂ 'ਚ 3 ਮੰਜ਼ਿਲਾ ਕੋਠੀ ਢਹਿਢੇਰੀ ਹੋ ਗਈ ਹੈ।
ਇੱਕ ਵੀਡੀਓ ਜਿਸ 'ਚ ਉਨ੍ਹਾਂ ਦਾ ਘਰ ਡਿੱਗਦਾ ਦਿੱਸਦਾ, ਇੰਟਰਨੈੱਟ 'ਤੇ ਖ਼ੂਬ ਵਾਇਰਲ ਹੋ ਰਹੀ ਹੈ।
ਹਾਲਾਂਕਿ ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਉਸ ਘਰ 'ਚ ਰਹਿਣ ਵਾਲੇ ਪਰਿਵਾਰ ਦਾ ਦਾਅਵਾ ਹੈ ਕਿ ਘਰ ਛੱਡਣ ਤੋਂ ਪਹਿਲਾਂ ਉਨ੍ਹਾਂ ਕੋਲ ਇਨ੍ਹਾਂ ਸਮਾਂ ਵੀ ਨਹੀਂ ਸੀ ਕਿ ਉਹ ਪੈਰੀਂ ਜੁੱਤੀ ਪਾ ਸਕਣ।
ਸ਼ਕਤੀ ਕੁਮਾਰ ਦੱਸਦੇ ਹਨ ਕਿ ਉਹ ਆਪਣੇ ਪਿਤਾ ਨਾਲ ਮਿਲ ਕੇ ਘਰ ਦੇ ਥੱਲੇ ਸ਼ਟਰਿੰਗ ਦਾ ਕੰਮ ਕਰਦੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਮਿਸਤਰੀ ਦਾ ਕੰਮ ਕਰਦੇ ਸਨ।
ਇਸ ਘਰ 'ਚ ਵਿੱਚ ਛੇ ਜੀਅ ਰਹਿੰਦੇ ਸਨ, ਜਿਸ ਵਿੱਚ ਸ਼ਕਤੀ ਕੁਮਾਰ ਉਨ੍ਹਾਂ ਦੀ ਪਤਨੀ, ਦੋ ਬੱਚੇ ਅਤੇ ਉਨ੍ਹਾਂ ਦੇ ਮਾਤਾ ਪਿਤਾ ਸ਼ਾਮਲ ਹਨ।
ਇਹ ਘਰ ਢਹਿ ਜਾਣ ਦੇ ਨਾਲ ਸਿਰਫ਼ ਇਸ ਪਰਿਵਾਰ 'ਚ ਹੀ ਨਹੀਂ, ਸਗੋਂ ਪੂਰੇ ਪਿੰਡ 'ਚ ਡਰ ਦਾ ਮਾਹੌਲ ਹੈ।
ਗੁਆਂਢੀ ਵੀ ਆਪਣੇ ਘਰਾਂ ਅੰਦਰ ਜਾਣ ਤੋਂ ਘਬਰਾ ਰਹੇ ਹਨ, ਉਨ੍ਹਾਂ ਨੂੰ ਡਰ ਹੈ ਕੀਤੇ ਉਨ੍ਹਾਂ ਦੇ ਮਕਾਨ ਨਾਲ ਵੀ ਅਜਿਹਾ ਹਾਦਸਾ ਨਾ ਵਾਪਰ ਜਾਵੇਂ।
ਕਿਉਂ ਅਤੇ ਕਦੋਂ ਵਾਪਰਿਆ ਹਾਦਸਾ ?

ਸ਼ਕਤੀ ਕੁਮਾਰ ਦੱਸਦੇ ਹਨ ਕਿ ਉਨ੍ਹਾਂ ਦੇ ਘਰ ਦੇ ਪਿੱਛੇ ਪੁੱਲ ਦਾ ਕੰਮ ਚੱਲ ਰਿਹਾ ਸੀ, ਜਿਸ ਕਾਰਨ ਉੱਥੇ ਉਸਾਰੀ ਦੀ ਸਮੱਗਰੀ ਦਾ ਢੇਰ ਲੱਗਿਆ ਹੋਇਆ ਸੀ।
ਇਹ ਘਟਨਾ 24 ਅਗਸਤ ਨੂੰ ਦੁਪਹਿਰ ਦੇ ਇੱਕ ਵਜੇ ਦੀ ਕਰੀਬ ਵਾਪਰੀ ਸੀ।
ਉਨ੍ਹਾਂ ਨੇ ਦੱਸਿਆ, "ਅਸੀਂ ਕਈ ਵਾਰ ਠੇਕੇਦਾਰ ਨੂੰ ਕਿਹਾ ਕਿ ਉਹ ਢੇਰ ਪੱਧਰਾ ਕਰਵਾ ਲਵੇ, ਪਰ ਉਸ ਨੇ ਕਿਸੇ ਦੀ ਨਹੀਂ ਸੁਣੀ।
"ਅਸੀਂ ਇੱਕ ਦਿਨ ਆਪ ਹੀ ਜੇਸੀਬੀ ਲਵਾ ਕੇ ਜਗ੍ਹਾ ਨੂੰ ਥੋੜ੍ਹਾ ਬਹੁਤ ਪੱਧਰ ਕਰਵਾਇਆ ਸੀ ਪਰ ਉਨ੍ਹਾਂ ਵੱਲੋਂ ਇਸ ਮਸਲੇ 'ਤੇ ਕੋਈ ਗੌਰ ਨਹੀਂ ਕੀਤਾ ਗਿਆ, ਢੇਰ ਕਰਕੇ ਪਾਣੀ ਦਾ ਫਲੋ ਸਾਡੇ ਪਾਸੇ ਆ ਗਿਆ ਅਤੇ ਸਾਡਾ ਘਰ ਵਹਿ ਗਿਆ"
ਸ਼ਕਤੀ ਕੁਮਾਰ ਅੱਗੇ ਕਹਿੰਦੇ ਹਨ, "ਉਨ੍ਹਾਂ ਕਰਕੇ ਮੇਰੀ, ਮੇਰੇ ਪਿਤਾ ਦੀ ਪੂਰੀ ਜ਼ਿੰਦਗੀ ਦੀ ਕਮਾਈ ਰੁੜ੍ਹ ਗਈ। ਅਸੀਂ ਆਪਣੀਆਂ ਜਾਨਾਂ ਕਿਵੇਂ ਬਚਾਈਆਂ ਸਾਨੂੰ ਪਤਾ, ਸਿਰਫ 10 ਮਿੰਟ ਪਹਿਲਾਂ ਅਸੀਂ ਘਰੋਂ ਬਾਹਰ ਨਿਕਲੇ ਸੀ। "
"ਇਹੋ ਜਿਹਾ ਹਾਦਸਾ ਜੇਕਰ ਰਾਤ ਦੇ ਸਮੇਂ ਹੁੰਦਾ, ਤਾਂ ਸਾਨੂੰ ਬਿਲਕੁੱਲ ਵੀ ਟਾਈਮ ਨਹੀਂ ਮਿਲਣਾ ਸੀ।"
"ਸਾਡੇ ਘਰ ਦੇ ਨਾਲ ਸਾਡੀ ਦੁਕਾਨ, ਜਿੱਥੇ ਮੈਂ ਅਤੇ ਮੇਰੇ ਪਿਤਾ ਸ਼ਟਰਿੰਗ ਦਾ ਕੰਮ ਕਰਦੇ ਸੀ ਉਹ ਵੀ ਰੁੜ੍ਹ ਗਈ। ਹੁਣ ਸਾਡੇ ਪੱਲੇ ਕੁਝ ਵੀ ਨਹੀਂ ਬਚਿਆ।"
'...ਜਿਵੇਂ ਰੱਬ ਨੇ ਸਾਨੂੰ ਬਾਂਹ ਫੜ੍ਹ ਕੇ ਬਾਹਰ ਕੱਢ ਲਿਆ ਹੋਵੇ'

ਸ਼ਕਤੀ ਕੁਮਾਰ ਦੇ ਪਿਤਾ ਰਾਮਦਾਸ, ਜਿਨ੍ਹਾਂ ਦੀ ਉਮਰ 80 ਸਾਲ ਹੈ, ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਮਹਿਸੂਸ ਹੋਈਏ ਜਿਵੇਂ ਰੱਬ ਨੇ ਉਨ੍ਹਾਂ ਦੇ ਪਰਿਵਾਰ ਦੀ ਬਾਂਹ ਫੜ੍ਹ ਕੇ ਉਨ੍ਹਾਂ ਨੂੰ ਬਾਹਰ ਕੱਢ ਲਿਆ ਹੋਵੇ।
"ਮੈਂ ਆਪਣੀ ਦੁਕਾਨ ਤੋਂ ਘਰ ਅੰਦਰ ਰੋਟੀ ਖਾਣ ਗਿਆ ਸੀ। ਜਦੋਂ ਮੈਂ ਗਿਆ ਤਾਂ ਮੈਨੂੰ ਕੁਝ ਠੀਕ ਨਹੀਂ ਲੱਗਾ। ਮੈਂ ਸਾਰੇ ਪਰਿਵਾਰ ਨੂੰ ਬਾਹਰ ਨਿਕਲਣ ਲਈ ਕਿਹਾ ਅਤੇ ਮਹਿਜ਼ 10 ਮਿੰਟਾਂ ਬਾਅਦ ਇਹ ਹਾਦਸਾ ਵਾਪਰ ਗਿਆ।"
ਉਨ੍ਹਾਂ ਕਿਹਾ, "ਰੱਬ ਦਾ ਸ਼ੁਕਰ ਹੈ, ਜਿਸ ਨੇ ਸਾਡੀ ਬਾਂਹ ਫੜ੍ਹ ਕੇ ਸਾਨੂੰ ਘਰੋਂ ਬਾਹਰ ਕੱਢ ਲਿਆ ਅਤੇ ਜਾਨੀ ਨੁਕਸਾਨ ਤੋਂ ਬਚਾ ਲਿਆ।
'ਸਾਡੀ ਸਾਰੀ ਉਮਰ ਦੀ ਪੂੰਜੀ ਰੁੜ੍ਹ ਚੁੱਕੀ ਹੈ ਪਰ ਸਾਡੇ 'ਚੋ ਹੁਣ ਕਿਸੇ 'ਚ ਵੀ ਮਕਾਨ ਦੇ ਅੰਦਰ ਜਾਣ ਦੀ ਹਿੰਮਤ ਨਹੀਂ ਹੈ'
ਹਾਦਸੇ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ

ਸ਼ਕਤੀ ਕੁਮਾਰ ਦੇ ਗੁਆਂਢਣ ਪੂਨਮ ਦੇਵੀ ਦੱਸਦੇ ਹਨ ਕਿ ਇਸ ਘਟਨਾ ਦੇ ਵਾਪਰ ਜਾਣ ਮਗਰੋਂ ਉਨ੍ਹਾਂ ਨੂੰ ਰਾਤੀਂ ਨੀਂਦ ਨਹੀਂ ਆਈ।
ਉਨ੍ਹਾਂ ਨੇ ਦੱਸਿਆ, "ਸਾਡੇ ਘਰ ਵੀ ਛੋਟੇ-ਛੋਟੇ ਬੱਚੇ ਹਨ। ਅਸੀਂ ਇਹ ਘਰ ਕਰਜ਼ਾ ਲੈ ਕੇ ਬਣਾਇਆ ਹੈ। ਜੇਕਰ ਇਹ ਰੁੜ੍ਹ ਗਿਆ ਤਾਂ ਸਾਡਾ ਸਭ ਕੁਝ ਰੁੜ੍ਹ ਜਾਣਾ ਹੈ।"
ਉਨ੍ਹਾਂ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਚੋਰੀ ਦੀ ਵੀ ਬਹੁਤ ਸਮੱਸਿਆ ਹੈ।
ਇੱਕ ਸਥਾਨਕ ਨਿਵਾਸੀ ਕਿਰਨ ਕੁਮਾਰੀ ਨੇ ਕਿਹਾ, "ਇੱਥੇ ਸਭ ਇਨ੍ਹੇ ਸਹਿਮੇ ਹੋਏ ਹਨ ਕਿ ਕੋਈ ਵੀ ਆਪਣੇ ਘਰ ਦੇ ਅੰਦਰ ਨਹੀਂ ਜਾ ਰਿਹਾ, ਡਰ ਹੈ ਕਿ ਕਦੇ ਵੀ ਪਾਣੀ ਆਏਗਾ ਅਤੇ ਸਾਨੂੰ ਵਹਾ ਲੈ ਜਾਵੇਗਾ।"
ਕਿਰਨ ਨੇ ਦੱਸਿਆ ਕਿ ਸ਼ਕਤੀ ਕੁਮਾਰ ਦਾ ਘਰ ਢਹਿਣ ਬਾਅਦ ਉਹ ਆਪਣੇ ਵੀ ਘਰ ਦੇ ਅੰਦਰ ਦਾਖ਼ਲ ਨਹੀਂ ਹੋਏ।
ਵੀਡੀਓ ਬਣਾਉਣ ਵਾਲੇ ਰਾਕੇਸ਼ ਕੁਮਾਰ ਨੇ ਕੀ ਦੱਸਿਆ ?

ਸ਼ਕਤੀ ਕੁਮਾਰ ਦੇ ਘਰ ਡਿੱਗਣ ਦੀ ਵੀਡੀਓ ਇੰਟਰਨੈੱਟ ਉੱਤੇ ਕਾਫ਼ੀ ਵਾਇਰਲ ਹੋਈ ਹੈ। ਇਸ ਨੂੰ ਕਮਰੇ 'ਤੇ ਕੈਦ ਕਰਨ ਵਾਲੇ ਰਾਕੇਸ਼ ਕੁਮਾਰ ਨੇ ਦੱਸਿਆ ਜਦੋਂ ਪਾਣੀ ਦਾ ਵਹਿਣ ਘਰ ਵੱਲ ਆਇਆ ਤਾਂ ਉਹ ਮੌਕੇ 'ਤੇ ਮੌਜੂਦ ਹੀ ਸਨ।
ਉਨ੍ਹਾਂ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਦੱਸਿਆ "ਇਨ੍ਹਾਂ ਬਰਸਾਤਾਂ ਤੋਂ ਬਾਅਦ ਇਲਾਕੇ ਦਾ ਹਾਲ ਬਹੁਤ ਮਾੜਾ ਹੈ। ਹਰ ਸਾਲ ਇਨ੍ਹਾਂ ਦਿਨਾਂ 'ਚ ਇਸ ਇਲਾਕੇ ਦੀਆਂ ਖੱਡਾਂ 'ਚ ਪਾਣੀ ਵੜ ਜਾਂਦਾ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਇਸ ਵੱਲ ਧਿਆਨ ਦੇਣ।"
"ਇਸ ਘਰ ਤੋਂ ਅੱਗੇ ਵੀ 10-15 ਘਰ ਹਨ, ਜਿਹੜੇ ਪ੍ਰਭਾਵਿਤ ਹੋ ਸਕਦੇ ਹਨ।"
ਰਾਕੇਸ਼ ਕੁਮਾਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਘਰ ਨੂੰ ਇੱਕ ਪਾਸੇ ਨੂੰ ਲਿਫ਼ਦਾ ਹੋਇਆ ਦੇਖਿਆ ਤਾਂ ਉਨ੍ਹਾਂ ਨੇ ਫ਼ੋਨ ਦੇ ਕੈਮਰੇ 'ਤੇ ਰਿਕਾਰਡਿੰਗ ਸ਼ੁਰੂ ਕਰ ਦਿੱਤੀ।
'ਘਟਨਾ ਵਾਪਰਨ ਦੇ 10-15 ਮਿੰਟ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ ਸੀ ਅਤੇ ਫਿਰ ਉਨ੍ਹਾਂ ਨੇ ਉੱਥੇ ਆ ਕੇ ਲੋਕਾਂ ਨੂੰ ਘਟਨਾ ਵਾਲੀ ਜਗ੍ਹਾ ਤੋਂ ਦੂਰ ਕੀਤਾ।"
ਹੁਣ ਤੱਕ ਕੀ ਕਾਰਵਾਈ ਹੋਈ ?

ਪਠਾਨਕੋਟ ਦੇ ਐੱਸਡੀਐਮ ਰਾਕੇਸ਼ ਮੀਨਾ ਦਾ ਕਹਿਣਾ ਹੈ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਆਪਣੀਆਂ ਟੀਮਾਂ ਨੂੰ ਮੌਕੇ 'ਤੇ ਭੇਜਿਆ।
ਉਨ੍ਹਾਂ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ,"ਉੱਥੋਂ ਦੇ ਲੋਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਦਰਿਆ ਤੋਂ 200 ਮੀਟਰ ਦੂਰ ਰਹਿਣ, ਨਾਲ ਹੀ ਜਿਹੜੀ ਇਮਾਰਤ ਢਹਿ-ਢੇਰੀ ਹੋਈ ਹੈ ਉਸ ਦਾ ਬਣਦਾ ਮੁਆਵਜ਼ਾ ਵੀ ਜਾਰੀ ਕੀਤਾ ਜਾਵੇਗਾ।"
ਉਨ੍ਹਾਂ ਨੇ ਦੱਸਿਆ ਕਿ ਇਹ ਮੁਆਵਜ਼ਾ ਕੁਦਰਤੀ ਆਫ਼ਤ ਪ੍ਰਬੰਧਨ ਐਕਟ ਦੁਆਰਾ ਨਿਰਧਾਰਤ ਕਾਨੂੰਨਾਂ ਅਨੁਸਾਰ ਦਿੱਤਾ ਜਾਵੇਗਾ।
ਉਨ੍ਹਾਂ ਨੇ ਅੱਗੇ ਕਿਹਾ, "ਇਸ ਤੋਂ ਇਲਾਵਾ ਅਸੀਂ ਆਪਣੀਆਂ ਟੀਮਾਂ ਨੂੰ ਉਸ ਦਰਿਆ ਦੇ ਨੇੜੇ ਹੋਰ ਘਰਾਂ ਦਾ ਮੁਲਾਂਕਣ ਕਰਨ ਲਈ ਵੀ ਕਿਹਾ ਹੈ, ਤਾਂ ਜੋ ਜੇਕਰ ਉਨ੍ਹਾਂ ਦੇ ਘਰ ਵੀ ਖ਼ਤਰੇ ਵਿੱਚ ਹਨ, ਤਾਂ ਉਨ੍ਹਾਂ ਨੂੰ ਸੁਰੱਖਿਅਤ ਥਾਂ 'ਤੇ ਲਿਜਾਇਆ ਜਾ ਸਕੇ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












