400 ਰੁਪਏ ਦੇ ਆਂਵਲਿਆਂ ਨਾਲ ਸ਼ੁਰੂਆਤ ਕਰਕੇ ਕਾਰੋਬਾਰ ਖੜ੍ਹਾ ਕੀਤਾ, ਵਿਦੇਸ਼ ਤੋਂ ਆਫ਼ਰ ਵੀ ਆਏ ਤੇ ਹੁਣ 300 ਔਰਤਾਂ ਨੂੰ ਦੇ ਰਹੇ ਰੁਜ਼ਗਾਰ

ਊਸ਼ਾ ਰਾਣੀ

ਤਸਵੀਰ ਸਰੋਤ, kamal saini/bbc

    • ਲੇਖਕ, ਕਮਲ ਸੈਣੀ
    • ਰੋਲ, ਬੀਬੀਸੀ ਸਹਿਯੋਗੀ

"ਸਿਰਫ਼ 450 ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤਾ ਗਿਆ ਇਹ ਕੰਮ ਅੱਜ 300 ਤੋਂ ਵੱਧ ਔਰਤਾਂ ਲਈ ਰੁਜ਼ਗਾਰ ਦਾ ਸਾਧਨ ਬਣਿਆ ਹੋਇਆ ਹੈ।"

ਇਹ ਕਹਿਣਾ ਹੈ ਹਰਿਆਣਾ ਦੇ ਕੁਰੂਕਸ਼ੇਤਰ ਦੇ ਸੰਗੋਰ ਪਿੰਡ ਦੇ ਰਹਿਣ ਵਾਲੇ ਊਸ਼ਾ ਰਾਣੀ ਦਾ, ਜਿਨ੍ਹਾਂ ਨੇ 2018 ਵਿੱਚ 450 ਰੁਪਏ ਨਾਲ ਅਚਾਰ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ।

ਅੱਜ ਊਸ਼ਾ ਰਾਣੀ ਦੀ ਕਮਾਈ ਲੱਖਾਂ ਵਿੱਚ ਹੈ।

ਊਸ਼ਾ ਰਾਣੀ

ਤਸਵੀਰ ਸਰੋਤ, Bimal Saini/BBC

ਤਸਵੀਰ ਕੈਪਸ਼ਨ, ਊਸ਼ਾ ਰਾਣੀ ਨੇ ਸਾਲ 2018 'ਚ ਅਚਾਰ-ਚਟਣੀਆਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ

ਉਹ ਦੱਸਦੇ ਹਨ ਕਿ ਕੁਝ ਸਾਲ ਪਹਿਲਾਂ ਉਹ 450 ਰੁਪਏ ਦਾ ਆਂਵਲੇ ਲੈ ਕੇ ਆਏ ਸਨ, ਜਿਸ ਤੋਂ ਉਨ੍ਹਾਂ ਨੇ ਕੁਝ ਉਤਪਾਦ ਬਣਾਏ ਜੋ ਉਨ੍ਹਾਂ ਨੇ ਆਪਣੇ ਜਾਣ-ਪਛਾਣ ਵਾਲਿਆਂ ਨੂੰ ਵੇਚੇ।

ਖਰੀਦਦਾਰਾਂ ਨੂੰ ਉਤਪਾਦ ਬਹੁਤ ਪਸੰਦ ਆਏ ਅਤੇ ਅੱਜ ਉਨ੍ਹਾਂ ਦੇ ਬਣਾਏ ਅਚਾਰ ਤੇ ਚੱਟਣੀਆਂ ਦੀ ਮੰਗ ਵਿਦੇਸ਼ਾਂ 'ਚ ਵੀ ਹੈ।

8ਵੀਂ ਤੋਂ ਬਾਅਦ ਛੱਡਣੀ ਪਈ ਪੜ੍ਹਾਈ

ਊਸ਼ਾ ਰਾਣੀ

ਤਸਵੀਰ ਸਰੋਤ, Bimal Saini/BBC

ਤਸਵੀਰ ਕੈਪਸ਼ਨ, ਊਸ਼ਾ ਰਾਣੀ ਨੂੰ ਆਪਣੇ ਕੰਮ ਲਈ ਕਈ ਪੁਰਸਕਾਰ ਵੀ ਮਿਲੇ ਹਨ

ਊਸ਼ਾ ਰਾਣੀ 8ਵੀਂ ਪਾਸ ਹਨ। ਪਿੰਡ ਵਿੱਚ ਸਕੂਲ ਨਾ ਹੋਣ ਕਾਰਨ ਉਨ੍ਹਾਂ ਨੂੰ ਆਪਣੀ ਪੜ੍ਹਾਈ ਛੱਡਣੀ ਪਈ ਸੀ।

ਉਨ੍ਹਾਂ ਦੱਸਿਆ ਕਿ ਉਹ ਪੜ੍ਹਨਾ ਚਾਹੁੰਦੇ ਸਨ ਪਰ ਉਸ ਸਮੇਂ ਕੁੜੀਆਂ ਨੂੰ ਪੜ੍ਹਾਈ ਲਈ ਪਿੰਡ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ।

"ਉਸ ਸਮੇਂ ਸਾਧਨਾਂ ਦੀ ਕਾਫ਼ੀ ਘਾਟ ਹੁੰਦੀ ਸੀ। ਆਉਣ-ਜਾਣ ਲਈ ਬੱਸਾਂ ਦੀ ਸਹੂਲਤ ਵੀ ਜ਼ਿਆਦਾ ਨਹੀਂ ਸੀ, ਜਿਸ ਕਰਕੇ ਪੜ੍ਹਾਈ ਵਿਚਾਲੇ ਹੀ ਛੱਡਣੀ ਪਈ। ਇਨ੍ਹਾਂ ਸਭ ਮੁਸ਼ਕਲਾਂ ਦੇ ਬਾਵਜੂਦ ਵੀ ਮੈਂ 8ਵੀਂ ਪਾਸ ਕੀਤੀ ਸੀ।"

ਊਸ਼ਾ ਕਹਿੰਦੇ ਹਨ ਕਿ ਉਹ ਬਚਪਨ ਤੋਂ ਹੀ ਕੁਝ ਅਜਿਹਾ ਕਰਨਾ ਚਾਹੁੰਦੇ ਸੀ ਜਿਸ ਨਾਲ ਹੋਰ ਔਰਤਾਂ ਨੂੰ ਵੀ ਰੁਜ਼ਗਾਰ ਮਿਲੇ।

ਇਸ ਲਈ, ਊਸ਼ਾ ਰਾਣੀ 2018 ਵਿੱਚ ਮਹਿਲਾ ਆਜੀਵਿਕਾ ਮਿਸ਼ਨ ਵਿੱਚ ਸ਼ਾਮਲ ਹੋਏ ਅਤੇ ਅਚਾਰ ਬਣਾਉਣਾ ਸ਼ੁਰੂ ਕੀਤਾ। ਅੱਜ ਅਜਿਹੇ 32 ਗਰੁੱਪ ਹਨ ਅਤੇ ਹਰ ਗਰੁੱਪ 'ਚ 10 ਔਰਤਾਂ ਹਨ।

ਊਸ਼ਾ ਰਾਣੀ ਦੱਸਦੇ ਹਨ, "ਜਦੋਂ ਮੈਂ ਇਹ ਕੰਮ ਸ਼ੁਰੂ ਕੀਤਾ ਸੀ ਤਾਂ ਮੈਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਪਿੰਡ ਵਿੱਚ ਪਰਦੇ ਦੀ ਪਰੰਪਰਾ ਸੀ, ਜਿਸ ਕਾਰਨ ਔਰਤਾਂ ਲਈ ਪਿੰਡ ਤੋਂ ਬਾਹਰ ਕੰਮ ਕਰਨ ਜਾਣਾ ਆਸਾਨ ਨਹੀਂ ਸੀ। ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਦੇ ਵਿਰੋਧ ਦੇ ਬਾਵਜੂਦ, ਮੈਂ ਕ੍ਰਿਸ਼ੀ ਵਿਕਾਸ ਕੇਂਦਰ ਸੰਸਥਾ ਤੋਂ ਸਿਖਲਾਈ ਲਈ ਅਤੇ ਆਪਣਾ ਕੰਮ ਸ਼ੁਰੂ ਕੀਤਾ।"

ਜਦੋਂ ਦੱਖਣੀ ਸੂਡਾਨ ਤੋਂ ਆਏ ਸੱਦੇ ਨੂੰ ਕਹਿ ਦਿੱਤੀ ਨਾਂਹ

ਅਚਾਰ ਦਾ ਕਾਰੋਬਾਰ

ਤਸਵੀਰ ਸਰੋਤ, Bimal Saini/BBC

ਊਸ਼ਾ ਰਾਣੀ ਦੱਸਦੇ ਹਨ ਕਿ ਇੱਕ ਵਾਰੀ ਉਨ੍ਹਾਂ ਨੂੰ ਆਪਣਾ ਅਚਾਰ ਵੱਖ-ਵੱਖ ਦੇਸ਼ਾਂ ਦੇ ਰਾਜਦੂਤਾਂ ਨੂੰ ਪੇਸ਼ ਕਰਨ ਦਾ ਮੌਕਾ ਮਿਲਿਆ ਸੀ।

ਉਨ੍ਹਾਂ ਦੱਸਿਆ, "ਅਜੇ ਅਸੀਂ ਵਾਪਸ ਹੀ ਆ ਰਹੇ ਸੀ ਕਿ ਮੈਨੂੰ ਦੱਖਣੀ ਸੂਡਾਨ ਦੇ ਰਾਜਦੂਤ ਦਾ ਫ਼ੋਨ ਆ ਗਿਆ। ਉਨ੍ਹਾਂ ਨੇ ਮੈਨੂੰ ਉੱਥੇ ਸੱਤ ਸਾਲ ਲਈ ਲਿਜਾਣ ਦੀ ਆਫ਼ਰ ਦਿੱਤੀ, ਉਹ ਵੀ ਉਨ੍ਹਾਂ ਦੇ ਖ਼ਰਚੇ 'ਤੇ। ਪਰ ਮੈਂ ਨਾਂਹ ਕਹਿ ਦਿੱਤੀ ਇਹ ਕਹਿ ਕਿ ਮੈਂ ਆਪਣੇ ਦੇਸ਼ ਲਈ ਹੀ ਕੁਝ ਕਰਨਾ ਚਾਹੁੰਦੀ ਹਾਂ।"

ਊਸ਼ਾ ਰਾਣੀ ਨੂੰ ਆਪਣੇ ਕੰਮ ਲਈ ਕਈ ਪੁਰਸਕਾਰ ਵੀ ਮਿਲੇ ਹਨ। ਉਹ ਕਹਿੰਦੇ ਹਨ ਹੈ ਕਿ ਉਨ੍ਹਾਂ ਦੇ ਅਚਾਰ ਦੀ ਮੰਗ ਸਿਰਫ਼ ਭਾਰਤ ਵਿੱਚ ਹੀ ਨਹੀਂ ਸਗੋਂ ਦੂਜੇ ਦੇਸ਼ਾਂ ਵਿੱਚ ਵੀ ਹੈ।

ਭਾਰਤ ਤੋਂ ਵਿਦੇਸ਼ ਗਏ ਨੌਜਵਾਨ ਵੀ ਉਨ੍ਹਾਂ ਦੇ ਅਚਾਰ ਦੇ ਦੀਵਾਨੇ ਹਨ।

ਅਚਾਰਾਂ 'ਚ ਵਰਤਿਆ ਜਾਂਦਾ ਹੈ ਦੇਸੀ ਕੋਲੂ ਦਾ ਤੇਲ

ਦੇਸੀ ਕੋਲੂ

ਤਸਵੀਰ ਸਰੋਤ, Bimal Saini/BBC

ਤਸਵੀਰ ਕੈਪਸ਼ਨ, ਬਲਦ ਨਾਲ ਚੱਲਣ ਵਾਲਾ ਕੋਲੂ ਨਿੰਮ ਅਤੇ ਸ਼ੀਸ਼ਮ ਦੀ ਲੱਕੜ ਤੋਂ ਬਣਿਆ ਹੁੰਦਾ ਹੈ

ਊਸ਼ਾ ਰਾਣੀ ਦੱਸਦੇ ਹਨ ਕਿ ਸਿਹਤ ਠੀਕ ਨਾ ਹੋਣ ਕਰਕੇ ਉਨ੍ਹਾਂ ਨੇ ਆਪਣੀ ਖ਼ੁਰਾਕ 'ਚ ਕੁਝ ਬਦਲਾਅ ਕੀਤੇ ਸਨ।

ਉਨ੍ਹਾਂ ਨੇ ਆਪਣੇ ਖਾਣੇ ਵਿੱਚ ਦੇਸੀ ਕੋਲੂ ਦਾ ਤੇਲ ਸ਼ਾਮਲ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਸਿਹਤ ਵਿੱਚ ਬਦਲਾਅ ਆਇਆ।

ਇਸ ਲਈ, ਉਨ੍ਹਾਂ ਨੇ ਆਪਣੇ ਗਾਹਕਾਂ ਨੂੰ ਸਿਹਤਮੰਦ ਰੱਖਣ ਲਈ ਚੰਗੀ ਗੁਣਵੱਤਾ ਵਾਲੇ ਉਤਪਾਦ ਵੇਚਣ ਦੀ ਕੋਸ਼ਿਸ਼ 'ਚ ਕੋਲੂ ਵਾਲੇ ਤੇਲ ਦਾ ਇਸਤੇਮਾਲ ਕਰਨਾ ਸ਼ੁਰੂ ਕੀਤਾ ਹੈ।

ਊਸ਼ਾ ਰਾਣੀ ਦੇ ਅਨੁਸਾਰ, ਬਲਦ ਨਾਲ ਚੱਲਣ ਵਾਲਾ ਕੋਲੂ ਨਿੰਮ ਅਤੇ ਸ਼ੀਸ਼ਮ ਦੀ ਲੱਕੜ ਤੋਂ ਬਣਿਆ ਹੁੰਦਾ ਹੈ, ਜਿਸ ਕਾਰਨ ਨਿੰਮ ਦੇ ਗੁਣ ਵੀ ਤੇਲ ਵਿੱਚ ਮਿਲ ਜਾਂਦੇ ਹਨ ਅਤੇ ਸਿਹਤ ਲਈ ਲਾਭਦਾਇਕ ਹੁੰਦੇ ਹਨ। ਉਹ ਕਹਿੰਦੇ ਹਨ ਕਿ ਲੱਕੜ ਤੋਂ ਇਲਾਵਾ, ਲੋਹਾ ਜਾਂ ਕਿਸੇ ਹੋਰ ਧਾਤ ਦੀ ਵਰਤੋਂ ਉਨ੍ਹਾਂ ਦੇ ਕੋਲੂ ਵਿੱਚ ਨਹੀਂ ਕੀਤੀ ਗਈ ਹੈ।

ਦੂਜੀਆਂ ਔਰਤਾਂ ਨੂੰ ਵੀ ਮਿਲਣ ਲੱਗਾ ਰੁਜ਼ਗਾਰ

ਕਰਮਜੀਤ ਕੌਰ

ਤਸਵੀਰ ਸਰੋਤ, Bimal Saini/BBC

ਤਸਵੀਰ ਕੈਪਸ਼ਨ, ਕਰਮਜੀਤ ਕੌਰ ਅਚਾਰ ਪੈਕ ਕਰਨ ਦਾ ਕੰਮ ਕਰਦੇ ਹਨ

ਊਸ਼ਾ ਰਾਣੀ ਨਾਲ ਕੰਮ ਕਰਨ ਵਾਲੀਆਂ ਔਰਤਾਂ ਵੀ ਖੁਸ਼ ਹਨ। ਉਹ ਸਵੈ-ਨਿਰਭਰ ਹੋ ਗਈਆਂ ਹਨ ਅਤੇ ਆਪਣੀਆਂ ਜ਼ਰੂਰਤਾਂ ਲਈ ਆਪਣੇ ਪਰਿਵਾਰ ਦੇ ਮਰਦਾਂ 'ਤੇ ਨਿਰਭਰ ਨਹੀਂ ਕਰਦੀਆਂ। ਇਨ੍ਹਾਂ ਔਰਤਾਂ ਵਿੱਚੋਂ ਇੱਕ ਸੁਦੇਸ਼ ਹਨ ਜੋ ਅਚਾਰ ਲਈ ਫਲ ਅਤੇ ਸਬਜ਼ੀਆਂ ਕੱਟਦੇ ਹਨ।

ਸੁਦੇਸ਼ ਦੱਸਦੇ ਹਨ, "ਮੈਨੂੰ ਪ੍ਰਤੀ ਦਿਨ 250 ਰੁਪਏ ਦਿਹਾੜੀ ਮਿਲਦੀ ਹੈ। ਸਾਡੇ ਸਮੂਹ ਵਿੱਚ ਪਿੰਡ ਦੀਆਂ 10 ਤੋਂ 12 ਔਰਤਾਂ ਹਨ ਜੋ ਊਸ਼ਾ ਰਾਣੀ ਨਾਲ ਕੰਮ ਕਰਦੀਆਂ ਹਨ ਅਤੇ ਆਪਣੇ ਪਰਿਵਾਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀਆਂ ਹੁੰਦੀਆਂ ਹਨ।"

ਅਚਾਰ ਦਾ ਕਾਰੋਬਾਰ

ਕਰਮਜੀਤ ਕੌਰ ਅਚਾਰ ਪੈਕ ਕਰਨ ਦਾ ਕੰਮ ਕਰਦੇ ਹਨ। ਉਨ੍ਹਾਂ ਨੂੰ ਵੀ ਪ੍ਰਤੀ ਦਿਨ 250 ਰੁਪਏ ਮਿਲਦੇ ਹਨ।

ਉਨ੍ਹਾਂ ਦਾ ਕਹਿਣਾ ਹੈ, "ਮੇਰੇ ਪਰਿਵਾਰ ਵਿੱਚ ਮੇਰੇ ਪਤੀ ਅਤੇ ਬੱਚੇ ਹਨ। ਪਹਿਲਾਂ, ਮੇਰੇ ਪਤੀ ਇਕੱਲੇ ਹੀ ਕਮਾਉਂਦੇ ਸਨ, ਜਿਸ ਨਾਲ ਖਰਚੇ ਮੁਸ਼ਕਿਲ ਨਾਲ ਪੂਰੇ ਹੁੰਦੇ ਸਨ। ਪਰ ਹੁਣ ਮੇਰੇ ਕਮਾਉਣ ਨਾਲ ਮੈਂ ਆਪਣੇ ਬੱਚਿਆਂ ਦੀ ਟਿਊਸ਼ਨ ਦੀ ਫੀਸ ਦੇਣ ਅਤੇ ਹੋਰ ਬਹੁਤ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਯੋਗ ਹਾਂ।"

ਅਚਾਰ ਦਾ ਕਾਰੋਬਾਰ

ਨਰੇਸ਼ ਕੁਮਾਰ, ਜੋ ਕਿ ਕੁਰੂਕਸ਼ੇਤਰ ਜ਼ਿਲ੍ਹੇ ਦੇ ਅਜੀਵਿਕਾ ਮਿਸ਼ਨ ਦੇ ਅਧਿਕਾਰੀ ਹਨ, ਦਾ ਕਹਿਣਾ ਹੈ ਕਿ ਹਰਿਆਣਾ ਅਜੀਵਿਕਾ ਮਿਸ਼ਨ ਪਿੰਡ ਦੀਆਂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਕੰਮ ਕਰਦਾ ਹੈ।

ਉਹ ਦੱਸਦੇ ਹਨ ਕਿ ਇਸ ਵਿੱਚ, ਔਰਤਾਂ ਦੇ ਸਮੂਹ ਬਣਾਏ ਜਾਂਦੇ ਹਨ ਅਤੇ ਫਿਰ ਔਰਤਾਂ ਦੀ ਦਿਲਚਸਪੀ ਅਨੁਸਾਰ, ਉਨ੍ਹਾਂ ਨੂੰ ਕੰਮ ਦੀ ਸਿਖਲਾਈ ਅਤੇ ਪੈਸੇ ਦਿੱਤੇ ਜਾਂਦੇ ਹਨ ਤਾਂ ਜੋ ਉਹ ਰੁਜ਼ਗਾਰ ਸ਼ੁਰੂ ਕਰ ਸਕਣ।

''ਊਸ਼ਾ ਰਾਣੀ ਵੀ ਉਨ੍ਹਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ 2018 ਵਿੱਚ ਅਚਾਰ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ ਅਤੇ ਅੱਜ ਊਸ਼ਾ ਦੇ ਪਿੰਡ ਦੀਆਂ 300 ਤੋਂ ਵੱਧ ਔਰਤਾਂ ਊਸ਼ਾ ਰਾਣੀ ਨਾਲ ਜੁੜੀਆਂ ਹੋਈਆਂ ਹਨ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)