ਭਾਰਤ ਘੁੰਮਾਉਣ ਦੇ ਨਾਮ 'ਤੇ 15 ਸਾਲਾ ਕੁੜੀ ਨੂੰ ਬੰਗਲਾਦੇਸ਼ ਤੋਂ ਲਿਆਂਦਾ ਗਿਆ ਤੇ ਫਿਰ ਕਿਵੇਂ ਵੇਸਵਾਗਮਨੀ ਦੇ ਅੱਡੇ 'ਤੇ ਵੇਚ ਦਿੱਤਾ

ਕੁੜੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹੈਦਰਾਬਾਦ ਪੁਲਿਸ ਕੋਲ ਇੱਕ ਕੁੜੀ ਨੂੰ ਝੂਠ ਬੋਲ ਕੇ ਭਾਰਤ ਲਿਆਉਣ ਅਤੇ ਵੇਸਵਾਗਮੀ 'ਚ ਢੱਕਣ ਦਾ ਮਾਮਲਾ ਸਾਹਮਣੇ ਆਇਆ ਹੈ (ਸੰਕੇਤਕ ਤਸਵੀਰ)
    • ਲੇਖਕ, ਅਮਰੇਂਦਰ ਯਾਰਲਾਗੱਡਾ
    • ਰੋਲ, ਬੀਬੀਸੀ ਪੱਤਰਕਾਰ

"ਉਹ ਮੈਨੂੰ ਭਾਰਤ ਵਿੱਚ ਸੈਰ-ਸਪਾਟੇ ਵਾਲੀਆਂ ਥਾਵਾਂ ਦਿਖਾਉਣ ਦੇ ਬਹਾਨੇ ਇੱਥੇ ਲੈ ਕੇ ਆਏ ਸਨ। ਪਰ ਜਦੋਂ ਮੈਂ ਇੱਥੇ ਪਹੁੰਚੀ ਤਾਂ ਉਨ੍ਹਾਂ ਨੇ ਮੈਨੂੰ ਧਮਕੀ ਦਿੱਤੀ ਅਤੇ ਮੈਨੂੰ ਵੇਸਵਾਗਮਨੀ ਲਈ ਮਜਬੂਰ ਕੀਤਾ।"

ਬੰਗਲਾਦੇਸ਼ ਦੀ ਇੱਕ ਕੁੜੀ ਨੇ ਹੈਦਰਾਬਾਦ ਪੁਲਿਸ ਨੂੰ ਸੰਪਰਕ ਕਰਕੇ ਇਹ ਸ਼ਿਕਾਇਤ ਦਰਜ ਕਰਵਾਈ ਹੈ।

ਪੁਲਿਸ ਨੇ ਇਸ ਮਾਮਲੇ ਦੇ ਸਬੰਧ ਵਿੱਚ ਹੈਦਰਾਬਾਦ ਤੋਂ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੇ ਇੱਕ ਅੰਤਰਰਾਸ਼ਟਰੀ ਮਨੁੱਖੀ ਤਸਕਰੀ ਦੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ।

ਹੈਦਰਾਬਾਦ ਦੇ ਬੰਦਲਾਗੁਡਾ ਡਿਟੈਕਟਿਵ ਇੰਸਪੈਕਟਰ ਬੀ. ਸ਼੍ਰੀਨਿਵਾਸ ਰਾਓ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਕੁੜੀ ਨੂੰ ਬੰਗਲਾਦੇਸ਼ ਭੇਜਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਇਸ ਬਾਰੇ ਵਿਦੇਸ਼ ਮੰਤਰਾਲੇ ਨਾਲ ਗੱਲਬਾਤ ਕਰ ਰਹੇ ਹਾਂ।"

ਕੁੜੀ ਨੂੰ ਕੌਣ ਲਿਆਇਆ ਭਾਰਤ?

ਹੈਦਰਾਬਾਦ ਪੁਲਿਸ

ਤਸਵੀਰ ਸਰੋਤ, Hyderabad Police

ਤਸਵੀਰ ਕੈਪਸ਼ਨ, ਪੁਲਿਸ ਨੇ ਇਸ ਮਾਮਲੇ ਦੇ ਸਬੰਧ ਵਿੱਚ ਹੈਦਰਾਬਾਦ ਤੋਂ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ

15 ਸਾਲ ਦੀ ਕੁੜੀ ਲੰਘੀ 8 ਅਗਸਤ ਨੂੰ ਹੈਦਰਾਬਾਦ ਦੇ ਬੰਦਲਾਗੁਡਾ ਪੁਲਿਸ ਸਟੇਸ਼ਨ ਪਹੁੰਚੀ। ਉਸਨੇ ਦੱਸਿਆ ਕਿ ਉਹ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਨੇੜੇ ਮੀਰਪੁਰ ਥਾਣਾ ਸ਼ਹਿਰ ਦੀ ਰਹਿਣ ਵਾਲੀ ਹੈ।

ਬੱਚੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਉਂਦਿਆਂ ਬੇਨਤੀ ਕੀਤੀ ਕਿ "ਮੈਂ ਇੱਕ ਗਿਰੋਹ ਵਿੱਚ ਫਸ ਗਈ ਹਾਂ, ਕਿਰਪਾ ਕਰਕੇ ਮੈਨੂੰ ਬਚਾ ਲਓ।''

ਉਸਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਸ਼ਹਿਨਾਜ਼ ਫਾਤਿਮਾ, ਹਜ਼ੇਰਾ ਬੇਗਮ ਅਤੇ ਮੁਹੰਮਦ ਸਮੀਰ ਨਾਮ ਦੀਆਂ 2 ਮਹਿਲਾਵਾਂ ਅਤੇ ਇੱਕ ਪੁਰਸ਼ ਨੂੰ ਹੈਦਰਾਬਾਦ ਤੋਂ ਗ੍ਰਿਫ਼ਤਾਰ ਕੀਤਾ ਹੈ।

ਚੰਦਰਯਾਨਗੁਟਾ ਦੇ ਏਸੀਪੀ ਏ. ਸੁਧਾਕਰ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਕਿਹਾ, "ਰੂਪਾ ਨਾਮ ਦੀ ਇੱਕ ਮਹਿਲਾ ਇਸ ਲੜਕੀ ਨੂੰ ਸੈਰ-ਸਪਾਟੇ ਵਾਲੀਆਂ ਥਾਵਾਂ ਦਿਖਾਉਣ ਦੇ ਵਾਅਦੇ ਨਾਲ ਭਾਰਤ ਲੈ ਕੇ ਆਈ ਸੀ। ਲੜਕੀ ਨੇ ਕਿਹਾ ਕਿ ਰੂਪਾ ਨਾਮ ਦੀ ਉਹ ਮਹਿਲਾ ਬੰਗਲਾਦੇਸ਼ ਵਿੱਚ ਉਨ੍ਹਾਂ ਦੇ ਘਰ ਦੇ ਨੇੜੇ ਰਹਿੰਦੀ ਹੈ।''

ਪੁਲਿਸ ਨੇ ਕਿਹਾ ਕਿ ਮਹਿਲਾ ਨੇ ਉਸ ਕੁੜੀ ਨੂੰ ਆਪਣੇ ਘਰ ਦੱਸੇ ਬਿਨਾਂ ਹੀ ਆਪਣੇ ਨਾਲ ਆਉਣ ਲਈ ਲੁਭਾਇਆ।

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਸਾਲ ਫਰਵਰੀ ਵਿੱਚ, ਰੂਪਾ ਨੇ ਉਸ ਕੁੜੀ ਦੇ ਨਾਲ ਇੱਕ ਕਿਸ਼ਤੀ ਵਿੱਚ ਭਾਰਤ-ਬੰਗਲਾਦੇਸ਼ ਸਰਹੱਦ 'ਤੇ ਸੋਨਈ ਨਦੀ ਪਾਰ ਕੀਤੀ।

ਪੁਲਿਸ ਦਾ ਕਹਿਣਾ ਹੈ ਕਿ ਉੱਥੋਂ ਕੁੜੀ ਨੂੰ ਕੋਲਕਾਤਾ ਲਿਆਂਦਾ ਗਿਆ ਸੀ। ਫਿਰ ਉਹ ਰੇਲਗੱਡੀ ਰਾਹੀਂ ਹੈਦਰਾਬਾਦ ਪਹੁੰਚੇ।

ਕੁੜੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ਿਕਾਇਤ ਕਰਨ ਵਾਲੀ ਬੱਚੀ ਨੇ ਦੱਸਿਆ ਕਿ ਉਸਦੀ ਇੱਕ ਗੁਆਂਢਣ ਉਸਨੂੰ ਘੁੰਮਾਉਣ ਦੇ ਬਹਾਨੇ ਭਾਰਤ ਲਿਆਈ 'ਤੇ ਫਿਰ ਧਮਕਾਇਆ (ਸੰਕੇਤਕ ਤਸਵੀਰ)

ਪੁਲਿਸ ਨੇ ਪਾਇਆ ਕਿ ਇੱਥੇ ਕੁੜੀ ਨੂੰ 20,000 ਰੁਪਏ ਵਿੱਚ ਵੇਚ ਦਿੱਤਾ ਗਿਆ ਸੀ।

"ਪਹਿਲਾਂ, ਰੂਪਾ ਨੇ ਕੁੜੀ ਨੂੰ ਸ਼ਹਿਨਾਜ਼ ਫਾਤਿਮਾ ਨਾਮ ਦੀ ਇੱਕ ਡਾਂਸਰ ਨੂੰ ਸੌਂਪ ਦਿੱਤਾ।"

ਏਸੀਪੀ ਸੁਧਾਕਰ ਨੇ ਦੱਸਿਆ, "ਉਨ੍ਹਾਂ ਨੇ ਕੁੜੀ ਨੂੰ ਧਮਕੀ ਦਿੱਤੀ ਅਤੇ ਉਸਨੂੰ ਵੇਸਵਾਗਮਨੀ ਲਈ ਮਜਬੂਰ ਕੀਤਾ। ਕੁੜੀ ਨੇ ਕਿਹਾ ਕਿ ਉਨ੍ਹਾਂ ਨੇ ਧਮਕੀ ਦਿੱਤੀ ਕਿ ਉਹ ਪੁਲਿਸ ਨੂੰ ਕਹਿ ਦੇਣਗੇ ਕਿ ਕੁੜੀ ਗੈਰ-ਕਾਨੂੰਨੀ ਤੌਰ 'ਤੇ ਭਾਰਤ 'ਚ ਦਾਖਲ ਹੋਈ ਹੈ ਅਤੇ ਫਿਰ ਪੁਲਿਸ ਉਸਨੂੰ ਜੇਲ੍ਹ 'ਚ ਬੰਦ ਕਰ ਦੇਵੇਗੀ।''

ਫਿਰ ਸ਼ਹਿਨਾਜ਼ ਫਾਤਿਮਾ ਨੇ ਕੁੜੀ ਨੂੰ ਹਜ਼ੇਰਾ ਬੇਗਮ ਦੇ ਹਵਾਲੇ ਕਰ ਦਿੱਤਾ।

ਹਜ਼ੇਰਾ ਬੇਗਮ, ਮੁਹੰਮਦ ਸਮੀਰ ਨਾਮ ਦੇ ਇੱਕ ਵਿਅਕਤੀ ਦੀ ਮਦਦ ਨਾਲ ਕੁੜੀ ਨੂੰ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਲੈ ਕੇ ਜਾਂਦੀ ਸੀ।

ਪੁਲਿਸ ਨੂੰ ਪਤਾ ਲੱਗਾ ਕਿ ਉਸਨੂੰ ਹੋਟਲਾਂ ਵਿੱਚ ਤਸਕਰੀ ਕੀਤਾ ਜਾ ਰਿਹਾ ਸੀ ਅਤੇ ਵੇਸਵਾਗਮਨੀ ਲਈ ਮਜਬੂਰ ਕੀਤਾ ਜਾ ਰਿਹਾ ਸੀ।

ਪੁਲਿਸ ਦਾ ਕਹਿਣਾ ਹੈ ਕਿ ਸਰਵਰ ਨਾਮ ਦੇ ਇੱਕ ਵਿਅਕਤੀ ਨੇ ਵੀ ਉਨ੍ਹਾਂ ਮੁਲਜ਼ਮਾਂ ਦੀ ਮਦਦ ਕੀਤੀ।

ਬੰਦਲਾਗੁਡਾ ਡਿਟੈਕਟਿਵ ਇੰਸਪੈਕਟਰ ਸ਼੍ਰੀਨਿਵਾਸ ਰਾਓ ਨੇ ਬੀਬੀਸੀ ਨੂੰ ਦੱਸਿਆ, "ਕੁੜੀ ਨੂੰ ਹਰ ਰੋਜ਼ ਹੋਟਲ ਲਿਜਾਇਆ ਜਾਂਦਾ ਸੀ। ਜਦੋਂ ਉਹ ਬੰਦਲਾਗੁਡਾ ਤੋਂ ਜਾ ਰਹੀ ਸੀ ਤਾਂ ਉਹ ਪੁਲਿਸ ਸਟੇਸ਼ਨ ਦੇ ਅੱਗੋਂ ਲੰਘ ਰਹੇ ਸਨ, ਉਸੇ ਵੇਲੇ ਕੁੜੀ ਸਮੀਰ ਦੇ ਹੱਥੋਂ ਭੱਜ ਨਿਕਲੀ ਅਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।''

ਉਨ੍ਹਾਂ ਦੱਸਿਆ ਕਿ ਕੁੜੀ ਨੇ ਪੁਲਿਸ ਨੂੰ ਦੱਸਿਆ ਸੀ ਕਿ ਮੁਲਜ਼ਮ ਲਗਭਗ ਛੇ ਮਹੀਨਿਆਂ ਤੋਂ ਉਸਨੂੰ ਧਮਕੀਆਂ ਦੇ ਰਿਹਾ ਸੀ ਅਤੇ ਦੁਰਵਿਵਹਾਰ ਕਰ ਰਿਹਾ ਸੀ।

ਇਸ ਮਾਮਲੇ ਵਿੱਚ ਪੱਛਮੀ ਬੰਗਾਲ ਦੀਆਂ ਤਿੰਨ ਹੋਰ ਮਹਿਲਾਵਾਂ ਨੂੰ ਵੀ ਡਿਟੇਨ ਕੀਤਾ ਗਿਆ ਹੈ ਅਤੇ ਇੱਕ ਰੈਸਕਿਊ ਹੋਮ ਵਿੱਚ ਰੱਖਿਆ ਗਿਆ ਹੈ।

ਬੀਬੀਸੀ ਨੇ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਵਿੱਚੋਂ ਕੋਈ ਵੀ ਗੱਲਬਾਤ ਨਹੀਂ ਨਹੀਂ ਮਿਲਿਆ।

ਮਨੁੱਖੀ ਤਸਕਰੀ ਦੇ ਪੀੜਤਾਂ ਦੀ ਵਧਦੀ ਗਿਣਤੀ

ਕੁੜੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੁਲਿਸ ਦੇ ਦੱਸੀ ਕਿ ਕੁੜੀ ਨੂੰ ਹਰ ਰੋਜ਼ ਹੋਟਲ ਲਿਜਾਇਆ ਜਾਂਦਾ ਸੀ ਪਰ ਇੱਕ ਦਿਨ ਕੁੜੀ ਮੁਲਜ਼ਮ ਹੱਥੋਂ ਭੱਜ ਨਿਕਲੀ ਅਤੇ ਪੁਲਿਸ ਕੋਲ ਜਾ ਪਹੁੰਚੀ (ਸੰਕੇਤਕ ਤਸਵੀਰ)

ਇਸ ਸਾਲ ਅਪ੍ਰੈਲ ਵਿੱਚ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਦੇਸ਼ ਭਰ ਵਿੱਚ ਮਨੁੱਖੀ ਤਸਕਰੀ ਦੇ ਮਾਮਲਿਆਂ ਦਾ ਡੇਟਾ ਰਾਜ ਸਭਾ ਵਿੱਚ ਪੇਸ਼ ਕੀਤਾ ਸੀ।

ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐਨਸੀਆਰਬੀ) ਨੇ ਰਾਜ ਸਭਾ ਵਿੱਚ ਉਠਾਏ ਗਏ ਇੱਕ ਸਵਾਲ ਦੇ ਜਵਾਬ ਵਿੱਚ ਸਦਨ ਵਿੱਚ ਇਹ ਡੇਟਾ ਪੇਸ਼ ਕੀਤਾ ਸੀ।

ਕੇਂਦਰੀ ਮਹਿਲਾ ਅਤੇ ਬਾਲ ਭਲਾਈ ਮੰਤਰਾਲੇ ਨੇ ਖੁਲਾਸਾ ਕੀਤਾ ਕਿ 2018 ਤੋਂ 2022 ਤੱਕ ਤੇਲੰਗਾਨਾ ਵਿੱਚ 1301 ਕੇਸ ਦਰਜ ਕੀਤੇ ਗਏ ਸਨ।

ਬਹੁਤ ਘੱਟ ਮਾਮਲਿਆਂ 'ਚ ਮਿਲਦੀ ਹੈ ਸਜ਼ਾ

ਤੇਲੰਗਾਨਾ 'ਚ ਮਨੁੱਖੀ ਤਸਕਰੀ ਦੇ ਮਾਮਲੇ

ਪ੍ਰਜਵਲਾ ਸੰਸਥਾ ਦੇ ਸੰਸਥਾਪਕ ਸੁਨੀਤਾ ਕ੍ਰਿਸ਼ਣਨ ਨੇ ਕਿਹਾ ਕਿ ਤੇਲੰਗਾਨਾ ਵਿੱਚ ਵੱਡੀ ਗਿਣਤੀ ਵਿੱਚ ਮਨੁੱਖੀ ਤਸਕਰੀ ਦੇ ਕੇਸ ਦਰਜ ਹੋਣ ਦਾ ਕਾਰਨ ਇੱਥੇ ਪੁਲਿਸ ਪ੍ਰਣਾਲੀ ਮਜ਼ਬੂਤ ਹੈ।

ਉਨ੍ਹਾਂ ਕਿਹਾ, "ਇਹ ਕਿਹਾ ਜਾ ਸਕਦਾ ਹੈ ਕਿ ਦੂਜੇ ਸੂਬਿਆਂ ਦੇ ਮੁਕਾਬਲੇ ਇੱਥੇ ਜ਼ਿਆਦਾ ਕੇਸ ਦਰਜ ਕੀਤੇ ਜਾ ਰਹੇ ਹਨ। ਪਰ ਸਾਨੂੰ ਇਸ ਬਾਰੇ ਸੋਚਣ ਦੀ ਜ਼ਰੂਰਤ ਹੈ ਕਿ ਕਿੰਨੇ ਕੇਸ ਸਾਬਤ ਹੋਏ ਹਨ।''

ਅੰਕੜੇ ਦਰਸਾਉਂਦੇ ਹਨ ਕਿ ਭਾਵੇਂ ਤੇਲੰਗਾਨਾ ਵਿੱਚ ਕੇਸ ਦਰਜ ਕੀਤੇ ਜਾ ਰਹੇ ਹਨ ਪਰ ਸਜ਼ਾ ਦੀ ਦਰ ਬਹੁਤ ਘੱਟ ਹੈ।

ਉਦਾਹਰਣ ਵਜੋਂ, ਸਾਲ 2020 ਵਿੱਚ ਦਰਜ 184 ਮਾਮਲਿਆਂ ਵਿੱਚੋਂ ਸਿਰਫ਼ ਦੋ ਮਾਮਲਿਆਂ ਵਿੱਚ ਹੀ ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ।

ਸਾਲ 2021 ਵਿੱਚ 347 ਮਾਮਲਿਆਂ ਵਿੱਚੋਂ ਇੱਕ ਵੀ ਦੋਸ਼ੀ ਨਹੀਂ ਠਹਿਰਾਇਆ ਗਿਆ। ਸਾਲ 2022 ਵਿੱਚ 391 ਮਾਮਲਿਆਂ ਵਿੱਚੋਂ ਸਿਰਫ਼ ਇੱਕ ਮਾਮਲੇ 'ਚ ਦੋਸ਼ ਸਾਬਿਤ ਹੋਏ।

ਸੁਨੀਤਾ ਕ੍ਰਿਸ਼ਣਨ ਨੇ ਬੀਬੀਸੀ ਨੂੰ ਦੱਸਿਆ ਕਿ ਮਾਮਲਿਆਂ ਨੂੰ ਹੱਲ ਕਰਨ ਲਈ ਵਿਸ਼ੇਸ਼ ਟੀਮਾਂ ਦੀ ਘਾਟ ਹੈ ਅਤੇ ਇਸੇ ਕਾਰਨ ਅਪਰਾਧਿਕ ਮਾਮਲਿਆਂ 'ਚ ਘੱਟ ਸਜ਼ਾਵਾਂ ਮਿਲ ਪਾਉਂਦੀਆਂ ਹਨ।

ਉਨ੍ਹਾਂਕਿਹਾ, "ਹੈਦਰਾਬਾਦ ਸਮੇਤ ਕਈ ਖੇਤਰਾਂ ਵਿੱਚ ਮਨੁੱਖੀ ਤਸਕਰੀ ਵਿਰੋਧੀ ਇਕਾਈਆਂ ਹਨ। ਪਰ ਉੱਥੇ ਕੰਮ ਕਰਨ ਵਾਲੀ ਪੁਲਿਸ ਹਰ ਰੋਜ਼ ਵੱਖ-ਵੱਖ ਡਿਊਟੀਆਂ ਵਿੱਚ ਰੁੱਝੀ ਰਹਿੰਦੀ ਹੈ, ਜਿਸ ਕਾਰਨ ਮਾਮਲਿਆਂ ਨੂੰ ਹੱਲ ਕਰਨਾ ਮੁਸ਼ਕਲ ਹੋ ਜਾਂਦਾ ਹੈ।''

ਤੇਲੰਗਾਨਾ ਦੇ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਮਨੁੱਖੀ ਤਸਕਰੀ ਦੇ ਮਾਮਲਿਆਂ ਨੂੰ ਹੱਲ ਕਰਨ ਵਿੱਚ ਚੇਨ ਲਿੰਕ (ਮਾਮਲੇ ਦੇ ਤਾਰ ਕਿੱਥੇ-ਕਿਥੇ ਜੁੜੇ ਹਨ ਅਤੇ ਕੌਣ-ਕੌਣ ਸ਼ਾਮਲ ਹੈ) ਦੀ ਪਛਾਣ ਕਰਨ ਵਿੱਚ ਗੰਭੀਰ ਦੇਰੀ ਹੋ ਰਹੀ ਹੈ।

ਉਨ੍ਹਾਂ ਦੱਸਿਆ, "ਜਦੋਂ ਲੋਕ ਮਨੁੱਖੀ ਤਸਕਰੀ ਦੇ ਮਾਮਲਿਆਂ ਵਿੱਚ ਗ੍ਰਿਫਤਾਰ ਕੀਤੇ ਜਾਂਦੇ ਹਨ ਤਾਂ ਉਹ ਦੂਜੇ ਦੇਸ਼ਾਂ ਅਤੇ ਹੋਰ ਸੂਬਿਆਂ ਤੋਂ ਹੁੰਦੇ ਹਨ। ਉਨ੍ਹਾਂ ਨੂੰ ਲਿਆਉਣਾ ਅਤੇ ਕੇਸ ਸਾਬਤ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ।''

ਕੀ ਤੁਸੀਂ ਦੱਖਣੀ ਖੇਤਰਾਂ ਨੂੰ ਇਸੇ ਲਈ ਚੁਣਿਆ ਹੈ?

ਕੁੜੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੁਲਿਸ ਮੁਤਾਬਕ, ਕੁੜੀਆਂ ਨੂੰ ਬਿਊਟੀ ਪਾਰਲਰ ਤੇ ਮਸਾਜ ਪਾਰਲਰ ਦੀਆਂ ਨੌਕਰੀਆਂ ਦੀ ਆੜ ਵਿੱਚ ਲਿਆ ਕੇ ਉਨ੍ਹਾਂ ਨੂੰ ਡਰਾ-ਧਮਕਾ ਕੇ ਵੇਸਵਾਗਮਨੀ ਵਿੱਚ ਸੁੱਟਿਆ ਜਾ ਰਿਹਾ ਹੈ (ਸੰਕੇਤਕ ਤਸਵੀਰ)

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਬੰਗਲਾਦੇਸ਼ੀ ਕੁੜੀਆਂ ਨੂੰ ਹੈਦਰਾਬਾਦ ਲਿਆਂਦਾ ਗਿਆ ਹੋਵੇ, ਪਹਿਲਾਂ ਵੀ ਅਜਿਹੀਆਂ ਕੁਝ ਘਟਨਾਵਾਂ ਹੋਈਆਂ ਹਨ।

ਪੁਲਿਸ ਨੇ ਉਸ ਸਮੇਂ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ 2019 ਵਿੱਚ ਪਹਾੜ ਸ਼ਰੀਫ ਪੁਲਿਸ ਸਟੇਸ਼ਨ ਖੇਤਰ ਵਿੱਚ ਹੋਏ ਹਮਲਿਆਂ ਦੌਰਾਨ ਪੰਜ ਬੰਗਲਾਦੇਸ਼ੀ ਮਹਿਲਾਵਾਂ ਨੂੰ ਬਚਾਇਆ ਸੀ।

ਪਿਛਲੇ ਸਾਲ, ਹੈਦਰਾਬਾਦ ਸੀਸੀਐਸ ਪੁਲਿਸ ਦੁਆਰਾ ਕੀਤੇ ਗਏ ਇੱਕ ਸਰਚ ਆਪ੍ਰੇਸ਼ਨ ਵਿੱਚ ਪੁਰਾਣੇ ਸ਼ਹਿਰੀ ਇਲਾਕੇ ਵਿੱਚ 60 ਵਿਦੇਸ਼ੀ ਮਿਲੇ ਸਨ।

ਪੁਲਿਸ ਨੇ ਦੱਸਿਆ ਕਿ ਉਨ੍ਹਾਂ ਵਿੱਚੋਂ 30 ਬੰਗਲਾਦੇਸ਼ੀ ਸਨ, ਜਿਨ੍ਹਾਂ ਵਿੱਚ ਕੁਝ ਮਹਿਲਾਵਾਂ ਵੀ ਸ਼ਾਮਲ ਸਨ।

ਦੱਖਣ ਪੂਰਬੀ ਜ਼ੋਨ ਦੇ ਡੀਸੀਪੀ ਚੈਤੰਨਿਆ ਕੁਮਾਰ ਨੇ ਬੀਬੀਸੀ ਨੂੰ ਦੱਸਿਆ ਕਿ ਨੌਜਵਾਨ ਮਹਿਲਾਵਾਂ ਦੀ ਤਸਕਰੀ ਸਿਰਫ ਹੈਦਰਾਬਾਦ ਤੱਕ ਸੀਮਤ ਨਹੀਂ ਹੈ, ਸਗੋਂ ਬੰਗਲਾਦੇਸ਼ੀ ਮਹਿਲਾਵਾਂ ਅਤੇ ਕੁੜੀਆਂ ਨੂੰ ਚੇੱਨਈ, ਮੁੰਬਈ ਅਤੇ ਬੰਗਲੁਰੂ ਵਿੱਚ ਤਸਕਰੀ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ, "ਇੱਕ ਕਾਰਨ ਇਹ ਜਾਪਦਾ ਹੈ ਕਿ ਉਹ ਪੱਛਮੀ ਬੰਗਾਲ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਅਤੇ ਬੋਲੀ ਨੂੰ ਪਛਾਣਦੀਆਂ ਹਨ। ਜੇਕਰ ਤੁਸੀਂ ਉਨ੍ਹਾਂ ਨੂੰ ਦੱਖਣੀ ਭਾਰਤੀ ਸ਼ਹਿਰਾਂ ਵਿੱਚ ਲਿਆਉਂਦੇ ਹੋ ਤਾਂ ਉਹ ਭਾਸ਼ਾ ਨਹੀਂ ਪਛਾਣ ਸਕਦੀਆਂ।"

ਡੀਸੀਪੀ ਚੈਤੰਨਿਆ ਕੁਮਾਰ ਨੇ ਮਨੁੱਖੀ ਤਸਕਰੀ ਲਈ ਬੰਗਲਾਦੇਸ਼ ਨੂੰ ਚੁਣਨ ਦੇ ਕਾਰਨਾਂ ਦਾ ਵੀ ਵਿਸ਼ਲੇਸ਼ਣ ਕੀਤਾ।

ਉਨ੍ਹਾਂ ਕਿਹਾ, "ਬੰਗਲਾਦੇਸ਼ੀਆਂ ਨੂੰ ਆਸਾਨੀ ਨਾਲ ਵਿਦੇਸ਼ੀ ਨਹੀਂ ਮੰਨਿਆ ਜਾਂਦਾ ਕਿਉਂਕਿ ਉਹ ਭਾਰਤੀਆਂ ਵਰਗੇ ਹੀ ਦਿਖਾਈ ਦਿੰਦੇ ਹਨ। ਹਾਲਾਂਕਿ ਜੇਕਰ ਉਹ ਅਫਰੀਕੀ ਦੇਸ਼ਾਂ ਤੋਂ ਆਉਂਦੇ ਹਨ ਤਾਂ ਉਨ੍ਹਾਂ ਦੀ ਆਸਾਨੀ ਨਾਲ ਪਛਾਣ ਕੀਤੀ ਜਾਂਦੀ ਹੈ। ਇਸੇ ਲਈ ਉਨ੍ਹਾਂ ਨੂੰ ਤਸਕਰੀ ਕਰਕੇ ਵੇਸਵਾਗਮਨੀ ਵਿੱਚ ਫਸਾਇਆ ਜਾ ਰਿਹਾ ਹੈ।''

ਪੁਲਿਸ ਦਾ ਕਹਿਣਾ ਹੈ ਕਿ ਬੰਗਲਾਦੇਸ਼ ਦੀ ਸਥਿਤੀ ਨੂੰ ਦੇਖਦੇ ਹੋਏ ਮਨੁੱਖੀ ਤਸਕਰੀ ਕਰਨ ਵਾਲੇ ਏਜੰਟ ਨੌਕਰੀ ਅਤੇ ਰੁਜ਼ਗਾਰ ਦੇ ਮੌਕਿਆਂ ਦੇ ਨਾਮ 'ਤੇ ਕੁੜੀਆਂ ਅਤੇ ਨੌਜਵਾਨ ਮਹਿਲਾਵਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ।

ਇਹ ਵੀ ਸਾਹਮਣੇ ਆਇਆ ਹੈ ਕਿ ਏਜੰਟ ਨੂੰ ਇਸ ਕੰਮ ਲਈ 20,000 ਤੋਂ 40,000 ਰੁਪਏ ਦੇ ਵਿਚਕਾਰ ਭੁਗਤਾਨ ਕੀਤਾ ਜਾ ਰਿਹਾ ਸੀ।

ਸ਼੍ਰੀਨਿਵਾਸ ਰਾਓ ਸਮਝਾਉਂਦੇ ਹੋਏ ਕਹਿੰਦੇ ਹਨ, "ਉਹ ਉਨ੍ਹਾਂ ਨੂੰ ਬਿਊਟੀ ਪਾਰਲਰ ਅਤੇ ਮਸਾਜ ਪਾਰਲਰ ਦੀਆਂ ਨੌਕਰੀਆਂ ਦੀ ਆੜ ਵਿੱਚ ਲਿਆ ਰਹੇ ਹਨ। ਫਿਰ ਉਹ ਉਨ੍ਹਾਂ ਨੂੰ ਡਰਾ-ਧਮਕਾ ਕੇ ਵੇਸਵਾਗਮਨੀ ਵਿੱਚ ਘਸੀਟ ਰਹੇ ਹਨ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)