ਇੱਕ ਸਾਲ ਦੇ ਬੱਚੇ ਨੇ ਸੱਪ ਨੂੰ ਦੰਦਾਂ ਨਾਲ ਵੱਢਿਆ, ਸੱਪ ਦੀ ਹੋਈ ਮੌਤ, ਡਾਕਟਰ ਨੇ ਕੀ ਦੱਸਿਆ

ਤਸਵੀਰ ਸਰੋਤ, Alok Kumar
- ਲੇਖਕ, ਸੀਟੂ ਤਿਵਾਰੀ
- ਰੋਲ, ਬੀਬੀਸੀ ਪੱਤਰਕਾਰ
ਬਿਹਾਰ ਦੇ ਬੇਤੀਆ ਵਿੱਚ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਸਾਲ ਦੇ ਬੱਚੇ ਨੇ ਕਥਿਤ ਤੌਰ 'ਤੇ ਆਪਣੇ ਦੰਦਾਂ ਨਾਲ ਸੱਪ ਨੂੰ ਵੱਢ ਲਿਆ, ਜਿਸ ਤੋਂ ਬਾਅਦ ਸੱਪ ਦੀ ਮੌਤ ਹੋ ਗਈ।
ਬੱਚੇ ਦੇ ਪਰਿਵਾਰ ਦਾ ਦਾਅਵਾ ਹੈ ਕਿ ਇਹ ਇੱਕ ਜ਼ਹਿਰੀਲਾ ਕੋਬਰਾ ਸੱਪ ਸੀ।
ਲੰਘੇ ਵੀਰਵਾਰ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ, ਇਹ ਬੱਚਾ ਸਥਾਨਕ ਲੋਕਾਂ ਲਈ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ। ਬੱਚਾ ਇਸ ਸਮੇਂ ਸਿਹਤਮੰਦ ਹੈ।
ਇਹ ਮਾਮਲਾ ਬਿਹਾਰ ਦੇ ਪੱਛਮੀ ਚੰਪਾਰਣ ਜ਼ਿਲ੍ਹੇ ਦਾ ਹੈ, ਜਿਸਦਾ ਮੁੱਖ ਦਫਤਰ ਬੇਤੀਆ ਹੈ।
ਬੇਤੀਆ ਦੇ ਮਝੌਲੀਆ ਬਲਾਕ ਵਿੱਚ ਮੋਹਛੀ ਬਨਕਟਵਾ ਨਾਮ ਦਾ ਇੱਕ ਪਿੰਡ ਹੈ। ਇਸ ਪਿੰਡ ਦੇ ਵਸਨੀਕ ਸੁਨੀਲ ਸਾਹ ਆਈਸਕ੍ਰੀਮ ਵੇਚ ਕੇ ਰੋਜ਼ੀ-ਰੋਟੀ ਕਮਾਉਂਦੇ ਹਨ।
ਸੁਨੀਲ ਸਾਹ ਦਾ ਇੱਕ ਸਾਲ ਦਾ ਪੁੱਤਰ ਹੈ - ਗੋਵਿੰਦ ਕੁਮਾਰ। ਗੋਵਿੰਦ ਨੇ ਹੀ ਕਥਿਤ ਤੌਰ 'ਤੇ ਆਪਣੇ ਦੰਦਾਂ ਨਾਲ ਸੱਪ ਨੂੰ ਵੱਢਿਆ ਹੈ।

ਤਸਵੀਰ ਸਰੋਤ, Getty Images
ਗੋਵਿੰਦ ਕੁਮਾਰ ਦੇ ਦਾਦੀ ਮਤਿਸਰੀ ਦੇਵੀ ਦੱਸਦੇ ਹਨ, "ਇਸਦੀ ਮਾਂ ਘਰ ਦੇ ਪਿੱਛੇ ਕੰਮ ਕਰ ਰਹੀ ਸੀ। ਉਹ ਲੱਕੜਾਂ ਨੂੰ ਸਹੀ ਢੰਗ ਨਾਲ ਲਗਾ ਰਹੀ ਸੀ। ਅਚਾਨਕ ਇੱਕ ਸੱਪ ਨਿਕਲ ਆਇਆ। ਗੋਵਿੰਦ ਉੱਥੇ ਹੀ ਬੈਠਾ ਖੇਡ ਰਿਹਾ ਸੀ। ਇਸਨੇ ਸੱਪ ਨੂੰ ਦੇਖਿਆ ਤਾਂ ਉਸ ਨੂੰ ਫੜ੍ਹ ਕੇ ਦੰਦਾਂ ਨਾਲ ਕੱਟ ਲਿਆ। ਸਾਡੀ ਨਜ਼ਰ ਉਦੋਂ ਪਈ। ਉਹ ਗੇਹੁੰਵਨ (ਕੋਬਰਾ) ਸੱਪ ਸੀ।"
"ਸੱਪ ਨੂੰ ਦੰਦਾਂ ਨਾਲ ਕੱਟਣ ਤੋਂ ਬਾਅਦ ਇਹ ਕੁਝ ਸਮੇਂ ਲਈ ਬੇਹੋਸ਼ ਹੋ ਗਿਆ, ਫਿਰ ਅਸੀਂ ਇਸ ਨੂੰ ਮੰਝੌਲੀਆ ਮੁੱਢਲਾ ਸਿਹਤ ਕੇਂਦਰ ਲੈਕੇ ਗਏ ਜਿੱਥੋਂ ਉਸਨੂੰ ਬੇਤੀਆ ਹਸਪਤਾਲ (ਸਰਕਾਰੀ ਮੈਡੀਕਲ ਕਾਲਜ, ਜੀਐਮਸੀਐਚ) ਰੈਫਰ ਕਰ ਦਿੱਤਾ ਗਿਆ। ਬੱਚਾ ਹੁਣ ਤੰਦਰੁਸਤ ਹੈ।"
ਮੰਜੌਲੀਆ ਦੇ ਸਥਾਨਕ ਪੱਤਰਕਾਰ ਨਿਆਜ਼ ਕਹਿੰਦੇ ਹਨ, "ਬੱਚਾ ਸ਼ਨੀਵਾਰ ਸ਼ਾਮ ਨੂੰ ਘਰ ਆ ਗਿਆ ਸੀ। ਉਸ ਬਾਰੇ ਲਗਾਤਾਰ ਚਰਚਾ ਹੋ ਰਹੀ ਹੈ। ਸਾਵਣ ਦੇ ਮਹੀਨੇ ਸੱਪ ਨਿਕਲਣਾ ਇੱਕ ਆਮ ਗੱਲ ਹੈ। ਪਰ ਸਾਡੇ ਇਲਾਕੇ ਵਿੱਚ ਅਜਿਹੀ ਘਟਨਾ ਪਹਿਲੀ ਵਾਰ ਵਾਪਰੀ ਹੈ।"
ਕੀ ਕਾਰਨ ਹੈ?

ਤਸਵੀਰ ਸਰੋਤ, Alok Kumar
ਗੋਵਿੰਦ ਕੁਮਾਰ ਨੂੰ ਵੀਰਵਾਰ ਸ਼ਾਮ ਨੂੰ ਬੇਤੀਆ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਸੀ। ਉਸਦਾ ਇਲਾਜ ਕਰਨ ਵਾਲੇ ਡਾਕਟਰ ਕੁਮਾਰ ਸੌਰਭ ਜੋ ਕਿ ਬਾਲ ਰੋਗ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਹਨ।
ਉਹ ਕਹਿੰਦੇ ਹਨ, "ਜਦੋਂ ਬੱਚਾ ਦਾਖਲ ਹੋਣ ਆਇਆ ਸੀ, ਤਾਂ ਉਸਦਾ ਚਿਹਰਾ ਸੁੱਜਿਆ ਹੋਇਆ ਸੀ, ਖਾਸ ਕਰਕੇ ਮੂੰਹ ਦੇ ਆਲੇ-ਦੁਆਲੇ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸਨੇ ਸੱਪ ਨੂੰ ਮੂੰਹ ਦੇ ਨੇੜੇ ਵੱਢਿਆ ਸੀ ਅਤੇ ਉਸਦਾ ਕੁਝ ਹਿੱਸਾ ਖਾ ਲਿਆ।"
"ਮੇਰੇ ਕੋਲ ਇੱਕੋ ਸਮੇਂ ਦੋ ਤਰ੍ਹਾਂ ਦੇ ਮਾਮਲੇ ਆਏ ਸਨ। ਇੱਕ ਬੱਚਾ ਜਿਸਨੂੰ ਕੋਬਰਾ ਨੇ ਡੰਗ ਮਾਰਿਆ ਸੀ ਅਤੇ ਦੂਜਾ ਬੱਚਾ ਜਿਸਨੇ ਕੋਬਰਾ ਨੂੰ ਵੱਢ ਲਿਆ ਸੀ। ਇਹ ਦੋਵੇਂ ਬੱਚੇ ਪੂਰੀ ਤਰ੍ਹਾਂ ਤੰਦਰੁਸਤ ਹਨ।"
ਡਾਕਟਰ ਕੁਮਾਰ ਸੌਰਭ ਨੇ ਬੀਬੀਸੀ ਨੂੰ ਦੱਸਿਆ, "ਜਦੋਂ ਕੋਬਰਾ ਮਨੁੱਖ ਨੂੰ ਡੰਗ ਮਾਰਦਾ ਹੈ, ਤਾਂ ਇਸਦਾ ਜ਼ਹਿਰ ਸਾਡੇ ਖੂਨ ਵਿੱਚ ਚਲਾ ਜਾਂਦਾ ਹੈ। ਖੂਨ ਵਿੱਚ ਜ਼ਹਿਰ ਦਾਖਲ ਹੋਣ ਨਾਲ ਨਿਊਰੋਟੌਕਸੀਸਿਟੀ ਹੁੰਦੀ ਹੈ, ਜੋ ਸਾਡੀ ਦਿਮਾਗੀ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਮੌਤ ਦੀ ਸੰਭਾਵਨਾ ਬਣਦੀ ਹੈ।"

ਡਾਕਟਰ ਸੌਰਭ ਦੱਸਦੇ ਹਨ, "ਜਦੋਂ ਕੋਈ ਮਨੁੱਖ ਕੋਬਰਾ ਨੂੰ ਕੱਟ ਲੈਂਦਾ ਹੈ, ਤਾਂ ਜ਼ਹਿਰ ਮੂੰਹ ਰਾਹੀਂ ਸਾਡੀ ਪਾਚਨ ਪ੍ਰਣਾਲੀ ਤੱਕ ਪਹੁੰਚਦਾ ਹੈ। ਮਨੁੱਖੀ ਸਰੀਰ ਜ਼ਹਿਰ ਨੂੰ ਬੇਅਸਰ ਕਰ ਦਿੰਦਾ ਹੈ ਅਤੇ ਜ਼ਹਿਰ ਬਾਹਰ ਨਿਕਲ ਜਾਂਦਾ ਹੈ। ਯਾਨੀ, ਜ਼ਹਿਰ ਦੋਵਾਂ ਵਿੱਚ ਕੰਮ ਕਰਦਾ ਹੈ। ਪਰ ਇੱਕ ਮਾਮਲੇ ਵਿੱਚ, ਜ਼ਹਿਰ ਦਿਮਾਗੀ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ, ਜਦਕਿ ਦੂਜੇ ਮਾਮਲੇ ਵਿੱਚ ਮਨੁੱਖੀ ਸਰੀਰ ਜ਼ਹਿਰ ਨੂੰ ਬੇਅਸਰ ਕਰਦਾ ਹੈ।"
ਹਾਲਾਂਕਿ, ਡਾਕਟਰ ਕੁਮਾਰ ਦੱਸਦੇ ਹਨ ਕਿ ਜਦੋਂ ਕੋਈ ਮਨੁੱਖ ਸੱਪ ਨੂੰ ਕੱਟ ਲੈਂਦਾ ਹੈ ਤਾਂ ਇਸਦਾ ਬੁਰਾ ਪ੍ਰਭਾਵ ਵੀ ਪੈ ਸਕਦਾ ਹੈ।
ਉਹ ਦੱਸਦੇ ਹਨ, "ਜਦੋਂ ਕੋਈ ਮਨੁੱਖ ਸੱਪ ਨੂੰ ਕੱਟਦਾ ਹੈ, ਤਾਂ ਸਥਿਤੀ ਹੋਰ ਵੀ ਵਿਗੜ ਸਕਦੀ ਹੈ ਜੇਕਰ ਭੋਜਨ ਨਲੀ ਵਿੱਚ ਕਿਸੇ ਵੀ ਤਰ੍ਹਾਂ ਦਾ ਖੂਨ ਬਲੀਡਿੰਗ ਪੁਆਇੰਟ ਹੋਵੇ - ਜਿਵੇਂ ਕਿ ਅਲਸਰ।"
'ਸਨੇਕ ਬਾਈਟ ਕੈਪੀਟਲ'

ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ, ਹਰ ਸਾਲ ਦੁਨੀਆਂ ਭਰ ਵਿੱਚ 80 ਹਜ਼ਾਰ ਤੋਂ 1 ਲੱਖ 30 ਹਜ਼ਾਰ ਲੋਕ ਸੱਪ ਦੇ ਡੰਗਣ ਨਾਲ ਮਰਦੇ ਹਨ।
ਇਨ੍ਹਾਂ ਵਿੱਚੋਂ, ਭਾਰਤ ਵਿੱਚ ਹਰ ਸਾਲ ਔਸਤਨ 58 ਹਜ਼ਾਰ ਲੋਕ ਮਰਦੇ ਹਨ। ਇਸ ਕਾਰਨ ਭਾਰਤ ਨੂੰ 'ਸਨੇਕ ਬਾਈਟ ਕੈਪੀਟਲ ਆਫ਼ ਦਿ ਵਰਲਡ' ਦਾ ਟੈਗ ਮਿਲਿਆ ਹੈ।
ਬਿਹਾਰ ਸੂਬੇ ਦੇ ਹੈਲਥ ਮੈਨੇਜਮੈਂਟ ਇਨਫਾਰਮੇਸ਼ਨ ਸਿਸਟਮ (ਐਚਐਮਆਈਐਸ) ਤੋਂ ਪ੍ਰਾਪਤ ਅੰਕੜਿਆਂ ਅਨੁਸਾਰ, ਅਪ੍ਰੈਲ 2023 ਤੋਂ ਮਾਰਚ 2024 ਦੇ ਵਿਚਕਾਰ ਸੂਬੇ ਵਿੱਚ ਸੱਪ ਦੇ ਕੱਟਣ ਨਾਲ 934 ਮੌਤਾਂ ਹੋਈਆਂ ਸਨ।
ਇਸ ਦੌਰਾਨ ਸੱਪ ਦੇ ਕੱਟਣ ਕਾਰਨ ਸਰਕਾਰੀ ਹਸਪਤਾਲਾਂ ਵਿੱਚ 17,859 ਮਰੀਜ਼ ਇਲਾਜ ਲਈ ਆਏ।
ਪਰ ਕੇਂਦਰ ਸਰਕਾਰ ਦੀ ਹੀ ਇੱਕ ਰਿਪੋਰਟ ਦੇ ਅਨੁਸਾਰ, ਦੇਸ਼ ਭਰ ਵਿੱਚ ਸੱਪ ਦੇ ਕੱਟਣ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 'ਅੰਡਰ ਰਿਪੋਰਟੇਡ' ਹੈ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸੱਪ ਦੇ ਡੰਗਣ ਦੇ ਜ਼ਿਆਦਾਤਰ ਮਾਮਲਿਆਂ ਵਿੱਚ, ਬਹੁਤ ਘੱਟ ਮਰੀਜ਼ ਹਸਪਤਾਲਾਂ ਤੱਕ ਪਹੁੰਚ ਪਾਉਂਦੇ ਹਨ, ਜਿਸ ਕਾਰਨ ਸੱਪ ਦੇ ਡੰਗਣ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਘੱਟ ਰਿਪੋਰਟ ਹੋ ਪਾਉਂਦੀ ਹੈ।
ਇਸ ਤੋਂ ਇਲਾਵਾ, ਸੱਪ ਦੇ ਡੰਗਣ ਨਾਲ ਹੋਣ ਵਾਲੀਆਂ 70 ਫੀਸਦੀ ਮੌਤਾਂ ਬਿਹਾਰ, ਝਾਰਖੰਡ, ਮੱਧ ਪ੍ਰਦੇਸ਼, ਉਡੀਸ਼ਾ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਤੇਲੰਗਾਨਾ, ਰਾਜਸਥਾਨ ਅਤੇ ਗੁਜਰਾਤ ਵਿੱਚ ਹੁੰਦੀਆਂ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












