ਸੱਪ ਕਿੰਨੀ ਵਾਰ ਤੇ ਕਿਉਂ ਕੰਜ ਉਤਾਰਦਾ ਹੈ, ਜੇਕਰ ਤੁਸੀਂ ਸੱਪ ਨੂੰ ਅਜਿਹਾ ਕਰਦੇ ਵੇਖੋਗੇ ਤਾਂ ਕੀ ਉਹ ਡੰਗੇਗਾ

ਤਸਵੀਰ ਸਰੋਤ, Getty Images
- ਲੇਖਕ, ਲਕੋਜੋ ਸ਼੍ਰੀਨਿਵਾਸ
- ਰੋਲ, ਬੀਬੀਸੀ ਪੱਤਰਕਾਰ
ਆਮ ਕਰੇਕ ਲੋਕਾਂ ਤੋਂ ਤੁਸੀਂ ਇਹ ਜ਼ਰੂਰ ਸੁਣਿਆ ਹੋਵੇਗਾ ਕਿ ਜੇਕਰ ਤੁਸੀਂ ਸੱਪ ਨੂੰ ਆਪਣੇ ਹੱਥ ਵਿੱਚ ਫੜਦੇ ਹੋ, ਤਾਂ ਤੁਹਾਡਾ ਸਰੀਰ ਜ਼ਹਿਰੀਲਾ ਹੋ ਜਾਵੇਗਾ, ਜੇਕਰ ਤੁਸੀਂ ਕਿਸੇ ਸੱਪ ਨੂੰ ਆਪਣੀ ਕੰਜ ਉਤਾਰਦਿਆਂ ਦੇਖਦੇ ਹੋ, ਤਾਂ ਸੱਪ ਤੁਹਾਡੇ 'ਤੇ ਹਮਲਾ ਕਰ ਦੇਵੇਗਾ। ਆਖੀਰ ਅਸਲੀਅਤ ਕੀ ਹੈ?
ਕੀ ਸਾਰੀਆਂ ਕਿਸਮਾਂ ਦੇ ਸੱਪ ਆਪਣੀ ਕੰਜ ਉਤਾਰਦੇ ਹਨ? ਸੱਪ ਕਿੰਨੀ ਵਾਰ ਆਪਣੀ ਕੰਜ ਉਤਾਰਦੇ ਹਨ? ਉਹ ਆਪਣੀ ਕੰਜ ਕਿਉਂ ਉਤਾਰਦੇ ਹਨ? ਜੇਕਰ ਸੱਪ ਆਪਣੀ ਕੰਜ ਨਹੀਂ ਉਤਾਰਦੇ ਤਾਂ ਕੀ ਹੋਵੇਗਾ?

ਸਭ ਸਵਾਲਾਂ ਦੇ ਜਵਾਬ ਜਾਣਨ ਲਈ, ਬੀਬੀਸੀ ਨੇ ਆਂਧਰਾ ਯੂਨੀਵਰਸਿਟੀ ਦੇ ਪ੍ਰੋਫੈਸਰ ਸੀ. ਮੰਜੁਲਤਾ ਅਤੇ ਪੂਰਬੀ ਘਾਟ ਜੰਗਲਾਤ ਜੀਵ ਵਿਗਿਆਨ ਸੰਸਥਾ ਦੇ ਮੂਰਥੀ ਗਾਂਧੀ ਨਾਲ ਗੱਲਬਾਤ ਕੀਤੀ।
ਪ੍ਰੋਫੈਸਰ ਮੰਜੁਲਤਾ ਕਹਿੰਦੇ ਹਨ ਕਿ ਸੱਪ ਲਈ ਆਪਣੀ ਕੰਜ ਉਤਾਰਨਾ ਇੱਕ ਕੁਦਰਤੀ ਕਿਰਿਆ ਹੈ।
ਸੱਪ ਵੱਲੋਂ ਛੱਡੀ ਚਮੜੀ ਨੂੰ ਆਮ ਕਰਕੇ ਕੰਜ ਕਿਹਾ ਜਾਂਦਾ ਹੈ।

ਉਹ ਕਹਿੰਦੇ ਹਨ, "ਇਹ ਮਨੁੱਖਾਂ ਵਿੱਚ ਵੀ ਹੁੰਦਾ ਹੈ। ਪਰ ਕਿਉਂਕਿ ਅਸੀਂ ਹਰ ਰੋਜ਼ ਨਹਾਉਂਦੇ ਹਾਂ, ਸਾਨੂੰ ਚਮੜੀ ਦੇ ਉਤਰਨ ਦਾ ਧਿਆਨ ਨਹੀਂ ਆਉਂਦਾ। ਪਰ ਸੱਪਾਂ ਵਿੱਚ ਪੁਰਾਣੀ ਕੰਜ ਦਾ ਉਤਰਨਾ ਅਤੇ ਨਵੀਂ ਕੰਜ ਦਾ ਆਉਣਾ ਇੱਕੋ-ਸਮੇਂ ਹੁੰਦਾ ਹੈ। ਸੱਪ ਵਿੱਚ ਜਦੋਂ ਨਵੀਂ ਚਮੜੀ ਬਣ ਜਾਂਦੀ ਹੈ ਤੇ ਪੁਰਾਣੀ ਕੰਜ ਉਤਰ ਜਾਂਦੀ ਹੈ ਅਤੇ ਕੰਜ ਵਜੋਂ ਉਤਰਦਾ ਹੈ।"
ਉਹ ਕਹਿੰਦੇ ਹਨ, "ਜਿਵੇਂ-ਜਿਵੇਂ ਅਸੀਂ ਵੱਡੇ ਹੁੰਦੇ ਹਾਂ, ਉਹ ਕੱਪੜੇ ਜੋ ਅਸੀਂ ਪਹਿਲਾਂ ਪਹਿਨਦੇ ਸੀ, ਸਾਡੇ ਮੇਚ ਨਹੀਂ ਰਹਿੰਦੇ। ਸਾਨੂੰ ਨਵੇਂ ਕੱਪੜਿਆਂ ਦੀ ਲੋੜ ਹੁੰਦੀ ਹੈ ਜੋ ਕਿ ਸਾਨੂੰ ਫਿੱਟ ਬੈਠਦੇ ਹੋਣ, ਜਦੋਂ ਸੱਪ ਦੇ ਸਰੀਰ ਦੀ ਕੰਜ ਕੱਸਣੀ ਸ਼ੁਰੂ ਹੋ ਜਾਂਦੀ ਹੈ, ਤਾਂ ਹੇਠਾਂ ਨਵੀਂ ਕੰਜ ਬਣ ਜਾਂਦੀ ਹੈ। ਫਿਰ ਪੁਰਾਣੀ ਕੰਜ ਉਤਰ ਜਾਂਦੀ ਹੈ।"
ਸੱਪ ਆਪਣੀ ਕੰਜ ਕਿਵੇਂ ਉਤਾਰਦਾ ਹੈ?
ਜਦੋਂ ਸੱਪ ਆਪਣੀ ਪੁਰਾਣੀ ਕੰਜ ਨੂੰ ਉਤਾਰਨਾ ਚਾਹੁੰਦਾ ਹੈ, ਤਾਂ ਉਹ ਕਿਸੇ ਸੰਵੇਦਨਸ਼ੀਲ ਥਾਂ 'ਤੇ ਆਪਣਾ ਸਿਰ ਰਗੜਨਾ ਸ਼ੁਰੂ ਕਰ ਦਿੰਦਾ ਹੈ। ਇਸ ਨਾਲ ਕੰਜ ਵਿੱਚ ਇੱਕ ਦਰਾੜ ਬਣ ਜਾਂਦੀ ਅਤੇ ਫਿਰ ਸੱਪ ਆਪਣੇ ਸਰੀਰ ਨੂੰ ਬਾਹਰ ਕੱਢਣ ਲੱਗ ਜਾਂਦਾ ਹੈ। ਇਸ ਪ੍ਰਕਿਰਿਆ ਨਾਲ ਸੱਪ ਪੁਰਾਣੀ ਕੰਜ ਨੂੰ ਪੂਰੀ ਤਰ੍ਹਾਂ ਉਤਾਰ ਦਿੰਦਾ ਹੈ ਅਤੇ ਨਵੀਂ ਕੰਜ ਹਾਸਲ ਕਰ ਲੈਂਦਾ ਹੈ।
ਪ੍ਰੋਫੈਸਰ ਮੰਜੁਲਤਾ ਕਹਿੰਦੇ ਹਨ, "ਸੱਪ ਆਪਣੀ ਪੂਰੀ ਜ਼ਿੰਦਗੀ ਹੌਲੀ-ਹੌਲੀ ਵਧਦਾ ਰਹਿੰਦਾ ਹੈ। ਜਿਵੇਂ-ਜਿਵੇਂ ਸਰੀਰ ਵਧਦਾ ਹੈ, ਕੰਜ ਵਿੱਚ ਕੁਦਰਤੀ ਤੌਰ 'ਤੇ ਕਸਾਵਟ ਆਉਣ ਲੱਗ ਜਾਂਦੀ ਹੈ। ਸੱਪ ਆਪਣੇ ਸਰੀਰ ਤੋਂ ਕੱਸੀ ਹੋਈ ਕੰਜ ਨੂੰ ਉਤਾਰ ਦਿੰਦਾ ਹੈ।"
ਉਹ ਕਹਿੰਦੇ ਹਨ ਕਿ ਦੁਨੀਆ ਵਿੱਚ ਸੱਪਾਂ ਦੀ ਕੋਈ ਵੀ ਪ੍ਰਜਾਤੀ ਨਹੀਂ ਹੈ ਜੋ ਆਪਣੀ ਕੰਜ ਨਹੀਂ ਉਤਾਰਦੀ, ਅਤੇ ਇਸ ਵੇਲੇ ਦੁਨੀਆ ਵਿੱਚ ਸੱਪਾਂ ਦੀਆਂ 3,000 ਪ੍ਰਜਾਤੀਆਂ ਹਨ ਜੋ ਆਪਣੀ ਕੰਜ ਉਤਾਰਦੀਆਂ ਹਨ।
ਪ੍ਰੋਫੈਸਰ ਮੰਜੁਲਤਾ ਕਹਿੰਦੇ ਹਨ, "ਕੰਜ ਨੂੰ ਹਟਾਉਣ ਦੀ ਪ੍ਰਕਿਰਿਆ ਨੂੰ 'ਮੋਲਟਿੰਗ' ਕਿਹਾ ਜਾਂਦਾ ਹੈ। ਇਹ ਰੋਗਾਣੂਆਂ ਅਤੇ ਪ੍ਰਦੂਸ਼ਣ ਕਾਰਨ ਮੋਟੀ ਹੋ ਗਈ ਹੁੰਦੀ ਹੈ। ਸਮੇਂ ਦੇ ਨਾਲ, ਸੱਪ ਆਪਣੀ ਪੂਰੀ ਕੰਜ ਨੂੰ ਇੱਕੋ ਸਮੇਂ ਛੱਡ ਦਿੰਦਾ ਹੈ। ਇਹ ਪ੍ਰਕਿਰਿਆ ਸੱਪਾਂ ਨੂੰ ਰੋਗਾਣੂਆਂ ਅਤੇ ਪ੍ਰਦੂਸ਼ਣ ਤੋਂ ਆਪਣੇ ਆਪ ਨੂੰ ਬਚਾਉਣ ਵਿੱਚ ਮਦਦ ਕਰਦੀ ਹੈ।"

ਸੱਪ ਆਪਣੀ ਕੰਜ ਕਿਉਂ ਉਤਾਰਦਾ ਹੈ?
ਮੂਰਤੀ ਗਾਂਧੀ ਮਹੰਤੀ ਕਹਿੰਦੇ ਹਨ, "ਜਦੋਂ ਸੱਪ ਨੂੰ ਮਹਿਸੂਸ ਹੁੰਦਾ ਹੈ ਕਿ ਉਸਦੇ ਸਰੀਰ 'ਤੇ ਨਵੀਂ ਕੰਜ ਬਣ ਗਈ ਹੈ, ਤਾਂ ਉਹ ਤੁਰੰਤ ਆਪਣੀ ਪੁਰਾਣੀ ਕੰਜ ਨੂੰ ਉਤਾਰਨ ਦੀ ਕੋਸ਼ਿਸ਼ ਕਰਨ ਲਗ ਪੈਂਦਾ ਹੈ।"
ਉਹ ਕਹਿੰਦੇ ਹਨ, "ਕਿਉਂਕਿ ਨਵੀਂ ਕੰਜ ਸੱਪ ਦੀਆਂ ਅੱਖਾਂ ਦੇ ਨੇੜੇ ਬਣੀ ਹੁੰਦੀ ਹੈ। ਇਸ ਕਾਰਨ ਸੱਪ ਨੂੰ ਵੇਖਣ ਵਿੱਚ ਮੁਸ਼ਕਲ ਆਉਣ ਲੱਗ ਪੈਂਦੀ ਹੈ। ਸੱਪ ਦੀਆਂ ਅੱਖਾਂ ਨੀਲੀਆਂ ਹੋ ਜਾਂਦੀਆਂ ਹਨ। ਇਸ ਮਗਰੋਂ ਸੱਪ ਤੁਰੰਤ ਆਪਣੀ ਪੁਰਾਣੀ ਕੰਜ ਉਤਾਰਨਾ ਚਾਹੁੰਦਾ ਹੈ।"
ਜਦੋਂ ਸੱਪ ਆਪਣੀ ਖੁੱਡ ਵਿੱਚੋਂ ਬਾਹਰ ਆਉਂਦਾ ਹੈ, ਤਾਂ ਇਸਦਾ ਮਤਲਬ ਹੈ ਕਿ ਉਹ ਖ਼ਤਰੇ ਵਿੱਚ ਹੈ। ਖੁੱਡ ਵਿੱਚੋਂ ਬਾਹਰ ਆਉਣ ਤੋਂ ਬਾਅਦ, ਸੱਪ ਕਿਸੇ ਹੱਦ ਤੱਕ ਉਤਸ਼ਾਹਿਤ ਨਜ਼ਰੀ ਪੈਂਦਾ ਹੈ। ਖੁੱਡ ਵਿੱਚੋਂ ਬਾਹਰ ਆਉਣ ਵਾਲੇ ਸੱਪ ਕੋਲ ਕੋਈ ਭੋਜਨ ਨਹੀਂ ਹੁੰਦਾ, ਇਸ ਲਈ ਉਹ ਭੋਜਨ ਦੀ ਭਾਲ ਵਿੱਚ ਕਾਹਲੀ ਵਿੱਚ ਭਟਕ ਰਿਹਾ ਹੁੰਦਾ ਹੈ।"

ਕੀ ਸੱਪ ਹਮਲਾ ਕਰ ਸਕਦਾ ਹੈ?

ਤਸਵੀਰ ਸਰੋਤ, Getty Images
ਮੂਰਤੀ ਗਾਂਧੀ ਮਹੰਤੀ ਕਹਿੰਦੇ ਹਨ, "ਸੱਪ ਨੂੰ ਸਰੀਰ 'ਤੇ ਪੁਰਾਣੀ ਕੰਜ ਹੋਣ 'ਤੇ ਬੇਆਰਾਮੀ ਮਹਿਸੂਸ ਹੁੰਦੀ ਹੈ। ਸੱਪ ਵਧੇਰਾ ਸਮਾਂ ਹਨੇਰੇ ਵਾਲੀ ਥਾਂ 'ਤੇ ਰਹਿੰਦੇ ਹਨ ਅਤੇ ਕਿਸੇ 'ਤੇ ਹਮਲਾ ਨਹੀਂ ਕਰਦੇ। ਜੇਕਰ ਤੁਸੀਂ ਉਸ ਸਮੇਂ ਸੱਪ ਨੂੰ ਪਰੇਸ਼ਾਨ ਕਰਦੇ ਹੋ, ਤਾਂ ਸੱਪ ਹਮਲਾ ਕਰ ਸਕਦਾ ਹੈ।
ਜੇਕਰ ਸੱਪ ਦੀਆਂ ਅੱਖਾਂ ਦੇ ਨੇੜੇ ਕੰਜ ਸਹੀ ਢੰਗ ਨਾਲ ਨਹੀਂ ਉਤਰਦੀ, ਤਾਂ ਇਹ ਸੱਪ ਲਈ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ। ਇਸ ਕਰਕੇ ਜਦੋਂ ਸੱਪ ਆਪਣੀ ਕੰਜ ਉਤਾਰਦਾ ਹੈ, ਜੇਕਰ ਸੱਪ ਕੋਈ ਆਵਾਜ਼ ਸੁਣਦਾ ਹੈ, ਤਾਂ ਕੁਦਰਤੀ ਤੌਰ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਇਹੀ ਆਮ ਕਰੇਕ ਕਿਹਾ ਜਾਂਦਾ ਹੈ।"
ਸੱਪ ਕਿੰਨੀ ਵਾਰ ਕੰਜ ਉਤਾਰਦਾ ਹੈ?
ਦੁਨੀਆਂ ਵਿੱਚ ਸੱਪਾਂ ਦੀਆਂ ਲਗਭਗ ਸਾਰੀਆਂ ਕਿਸਮਾਂ ਆਪਣੀ ਕੰਜ ਉਤਾਰਦੀਆਂ ਹਨ। ਦੋ ਜਾਂ ਤਿੰਨ ਹਫ਼ਤੇ ਦਾ ਸੱਪ ਮਹੀਨੇ ਵਿੱਚ ਤਿੰਨ ਜਾਂ ਚਾਰ ਵਾਰ ਆਪਣੀ ਕੰਜ ਉਤਾਰਦਾ ਹੈ। ਵੱਡੇ ਸੱਪ ਸਾਲ ਵਿੱਚ ਇੱਕ ਜਾਂ ਦੋ ਵਾਰ ਆਪਣੀ ਕੰਜ ਉਤਾਰਦੇ ਹਨ।
ਮੂਰਤੀ ਗਾਂਧੀ ਕਹਿੰਦੇ ਹਨ, "ਸੱਪ ਦੇ ਆਪਣੀ ਕੰਜ ਉਤਾਰਨ ਦੀ ਕੋਈ ਨਿਰਧਾਰਤ ਗਿਣਤੀ ਨਹੀਂ ਹੈ। ਉਹ ਕਿੰਨੀ ਵਾਰ ਆਪਣੀ ਕੰਜ ਉਤਾਰੇਗਾ, ਇਹ ਸੱਪ ਦੇ ਭੋਜਨ, ਨਿਵਾਸ ਸਥਾਨ, ਤਾਪਮਾਨ ਅਤੇ ਨਮੀ ਦੇ ਆਧਾਰ 'ਤੇ ਵੱਖ-ਵੱਖ ਹੁੰਦਾ ਹੈ। ਸੱਪ ਦੀ ਕਿਸਮ ਵੀ ਇੱਕ ਵੱਡਾ ਕਾਰਕ ਹੈ।"
ਉਹ ਕਹਿੰਦੇ ਹਨ ਕਿ ਸੱਪ ਹੀ ਇੱਕੋ ਇੱਕ ਜੀਵ ਹਨ ਜੋ ਆਪਣੀਆਂ ਅੱਖਾਂ ਤੋਂ ਲੈ ਕੇ ਪੂਛ ਤੱਕ ਆਪਣੇ ਪੂਰੇ ਸਰੀਰ ਦੀ ਕੰਜ ਇੱਕੋ ਵਾਰ ਉਤਾਰਦਾ ਹੈ।

ਤਸਵੀਰ ਸਰੋਤ, Getty Images
ਸੱਪ ਨੂੰ ਕਿਵੇਂ ਪਤਾ ਲੱਗਦਾ ਹੈ ਕਿ ਆਪਣੀ ਕੰਜ ਕਦੋਂ ਉਤਾਰਨੀ ਹੈ?
ਸੱਪ ਦੀ ਕੰਜ ਪੁਰਾਣੀ ਹੋ ਜਾਂਦੀ ਹੈ, ਤਾਂ ਇਹ ਸੱਪ ਲਈ ਬੇਅਰਾਮੀ ਦਾ ਕਾਰਨ ਬਣਦੀ ਹੈ। ਸੱਪ ਦਾ ਸਰੀਰ ਤੁਰੰਤ ਕੰਜ ਉਤਾਰਨ ਲਈ ਸੰਕੇਤ ਭੇਜਦਾ ਹੈ। ਸੱਪ ਕੰਜ ਨੂੰ ਉਤਾਰਨ ਲਈ ਜੱਦੋਜਹਿਦ ਸ਼ੁਰੂ ਕਰ ਦਿੰਦਾ ਹੈ।
ਮੂਰਤੀ ਗਾਂਧੀ ਮਹੰਤੀ ਕਹਿੰਦੇ ਹਨ, "ਸੱਪ ਦਾ ਕੰਜ ਛੱਡਣਾ ਇੱਕ ਬਹੁਤ ਹੀ ਕੁਦਰਤੀ ਪ੍ਰਕਿਰਿਆ ਹੈ। ਜੇਕਰ ਸੱਪ ਆਪਣੀ ਕੰਜ ਨਹੀਂ ਛੱਡਦਾ, ਤਾਂ ਇਹ ਸਮਝਿਆ ਜਾ ਸਕਦਾ ਹੈ ਕਿ ਉਸਦੀ ਸਿਹਤ ਠੀਕ ਨਹੀਂ ਹੈ। ਆਪਣੀ ਕੰਜ ਛੱਡੇ ਬਿਨਾਂ, ਸੱਪ ਸਰਗਰਮ ਨਹੀਂ ਰਹੇਗਾ। ਸੱਪ ਨੂੰ ਚਮੜੀ ਦੇ ਰੋਗ ਹੋਣ ਦੀ ਸੰਭਾਵਨਾ ਹੈ। ਜੇਕਰ ਇਹ ਜਾਰੀ ਰਿਹਾ, ਤਾਂ ਇਹ ਸੱਪ ਦੀ ਜਾਨ ਲਈ ਵੀ ਖ਼ਤਰਨਾਕ ਹੋ ਸਕਦਾ ਹੈ।"
ਮੂਰਤੀ ਗਾਂਧੀ ਮਹੰਤੀ ਕਹਿੰਦੇ ਹਨ ਕਿ ਜੇਕਰ ਤੁਸੀਂ ਕਿਸੇ ਸੱਪ ਦੇ ਕੰਜ ਉਤਰਨ 'ਤੇ ਸੱਪ ਦੀ ਮਦਦ ਕਰਨ ਦੇ ਇਰਾਦੇ ਨਾਲ ਉਸ ਕੋਲ ਜਾਂਦੇ ਹੋ, ਤਾਂ ਵੀ ਸੰਭਾਵਨਾ ਹੈ ਕਿ ਸੱਪ ਤੁਹਾਡੇ 'ਤੇ ਹਮਲਾ ਕਰ ਦੇਵੇ।
ਕੀ ਸੱਪ ਨੂੰ ਛੂਹਣ ਨਾਲ ਜ਼ਹਿਰ ਫੈਲ ਸਕਦਾ ਹੈ?

ਤਸਵੀਰ ਸਰੋਤ, Getty Images
ਪ੍ਰੋਫੈਸਰ ਮੰਜੁਲਤਾ ਕਹਿੰਦੇ ਹਨ ਕਿ ਇਹ ਕਹਿਣਾ ਗਲਤ ਹੈ ਕਿ ਸੱਪ ਨੂੰ ਸਿਰਫ਼ ਛੂਹਣ ਨਾਲ ਹੀ ਜ਼ਹਿਰ ਫੈਲ ਸਕਦਾ ਹੈ।
ਉਹ ਕਹਿੰਦੇ ਹਨ, "ਸੱਪ ਵੱਲੋਂ ਛੱਡੀ ਕੰਜ ਨੂੰ ਛੂਹਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਇਸ ਵਿੱਚ ਡੈੱਡ ਸੈੱਲ (ਮਰੇ ਹੋਏ ਸੈੱਲ) ਹੁੰਦੇ ਹਨ। ਇਸ ਵਿੱਚ ਜ਼ਹਿਰ ਨਹੀਂ ਹੁੰਦਾ।"
ਮੰਜੁਲਤਾ ਕਹਿੰਦੇ ਹਨ, "ਭਾਵੇਂ ਸੱਪ ਕਿਸੇ ਜਗ੍ਹਾ ਤੋਂ ਬਾਹਰ ਆ ਜਾਵੇ, ਉਸ ਜਗ੍ਹਾ 'ਤੇ ਸਾਵਧਾਨੀ ਵਰਤਣੀ ਚਾਹੀਦੀ ਹੈ।"
ਉਹ ਕਹਿੰਦੇ ਹਨ, "ਕਿਉਂਕਿ ਉਹ ਜਗ੍ਹਾ ਜਿੱਥੇ ਸੱਪ ਰਹਿੰਦਾ ਸੀ ਉਹ ਸੱਪ ਦਾ ਨਿਵਾਸ ਸਥਾਨ ਹੈ। ਇਸ ਲਈ, ਸੱਪ ਦੇ ਜਗ੍ਹਾ 'ਤੇ ਲੰਬੇ ਸਮੇਂ ਤੱਕ ਰਹਿਣ ਦੀ ਸੰਭਾਵਨਾ ਹੈ। ਜੇਕਰ ਤੁਸੀਂ ਸੱਪ ਦੇਖਦੇ ਹੋ, ਤਾਂ ਤੁਸੀਂ ਉਸ ਜਗ੍ਹਾ 'ਤੇ ਧੂੰਆਂ ਬਾਲ ਸਕਦੇ ਹੋ ਅਤੇ ਕਿਸੇ ਹੋਰ ਜਗ੍ਹਾ ਭੇਜ ਸਕਦੇ ਹੋ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












