ਗੁਰਮੀਤ ਰਾਮ ਰਹੀਮ ਪੱਤਰਕਾਰ ਕਤਲ ਕੇਸ ਵਿੱਚ ਬਰੀ, 7 ਸਾਲ ਪਹਿਲਾਂ ਹੋਈ ਸੀ ਉਮਰ ਕੈਦ ਦੀ ਸਜ਼ਾ, ਕੀ ਹੈ ਪੂਰਾ ਮਾਮਲਾ

ਗੁਰਮੀਤ ਰਾਮ ਰਹੀਮ ਸਿੰਘ (ਫਾਈਲ ਫੋਟੋ)

ਤਸਵੀਰ ਸਰੋਤ, AFP via Getty Images

ਤਸਵੀਰ ਕੈਪਸ਼ਨ, ਗੁਰਮੀਤ ਰਾਮ ਰਹੀਮ ਸਿੰਘ (ਫਾਈਲ ਫੋਟੋ)
ਪੜ੍ਹਨ ਦਾ ਸਮਾਂ: 5 ਮਿੰਟ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਸਾਲ 2002 ਦੇ ਇੱਕ ਪੱਤਰਕਾਰ ਦੇ ਕਤਲ ਮਾਮਲੇ ਵਿੱਚ ਬਰੀ ਕਰ ਦਿੱਤਾ ਹੈ।

ਖਬਰ ਏਜੰਸੀ ਪੀਟੀਆਈ ਮੁਤਾਬਕ, ਇਹ ਜਾਣਕਾਰੀ ਰਾਮ ਰਹੀਮ ਦੇ ਵਕੀਲ ਜਤਿੰਦਰ ਖੁਰਾਨਾ ਨੇ ਸ਼ਨੀਵਾਰ ਨੂੰ ਦਿੱਤੀ।

ਅਦਾਲਤ ਦਾ ਇਹ ਫੈਸਲਾ ਡੇਰਾ ਮੁਖੀ ਨੂੰ ਦੋਸ਼ੀ ਠਹਿਰਾਏ ਜਾਣ ਅਤੇ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਸੱਤ ਸਾਲ ਬਾਅਦ ਆਇਆ ਹੈ।

ਇਸ ਬਾਰੇ ਗੱਲ ਕਰਦਿਆਂ ਰਾਮ ਰਹੀਮ ਦੇ ਵਕੀਲ ਜਤਿੰਦਰ ਖੁਰਾਨਾ ਨੇ ਕਿਹਾ, "ਅਦਾਲਤ ਨੇ ਉਨ੍ਹਾਂ ਨੂੰ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਮਾਮਲੇ ਵਿੱਚ ਬਰੀ ਕਰ ਦਿੱਤਾ ਹੈ।''

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਕੇਸ 'ਚੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਰੀ ਕੀਤੇ ਜਾਣ 'ਤੇ ਇਸ ਕੇਸ ਨਾਲ ਸ਼ੁਰੂ ਤੋਂ ਜੁੜੇ ਰਹੇ ਐਡਵੋਕੇਟ ਲੇਖ ਰਾਜ ਢੋਟ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਉਹ ਇਸ ਮਾਮਲੇ ਨੂੰ ਸੁਪਰੀਮ ਕੋਰਟ ਵਿੱਚ ਜੋਰ ਸ਼ੋਰ ਨਾਲ ਲੜਨਗੇ।

ਰਾਮ ਰਹੀਮ ਦੇ ਵਕੀਲ ਨੇ ਕੀ ਦੱਸਿਆ

ਰਾਮ ਰਹੀਮ ਦੇ ਵਕੀਲ ਜਤਿੰਦਰ ਖੁਰਾਨਾ

ਤਸਵੀਰ ਸਰੋਤ, PTI

ਤਸਵੀਰ ਕੈਪਸ਼ਨ, ਰਾਮ ਰਹੀਮ ਦੇ ਵਕੀਲ ਜਤਿੰਦਰ ਖੁਰਾਨਾ

ਖ਼ਬਰ ਏਜੰਸੀ ਪੀਟੀਆਈ ਨਾਲ ਗੱਲ ਕਰਦਿਆਂ ਰਾਮ ਰਹੀਮ ਦੇ ਵਕੀਲ ਜਤਿੰਦਰ ਖੁਰਾਨਾ ਨੇ ਦੱਸਿਆ, ''ਅੱਜ ਮਾਣਯੋਗ ਹਾਈਕੋਰਟ ਵਿੱਚ ਛਤਰਪਤੀ ਰਾਮਚੰਦਰ ਕੇਸ ਦਾ ਫੈਸਲਾ ਆਉਣਾ ਸੀ। ਅੱਜ ਇਹ ਕੇਸ ਚੀਫ਼ ਜਸਟਿਸ ਸਾਬ੍ਹ ਦੀ ਬੈਂਚ 'ਤੇ ਲੱਗਿਆ ਸੀ। ਅੱਜ ਮਾਣਯੋਗ ਅਦਾਲਤ ਨੇ ਗੁਰਮੀਤ ਰਾਮ ਰਹੀਮ ਸਿੰਘ ਨੂੰ ਇਸ ਕੇਸ 'ਚ ਬਰੀ ਕਰ ਦਿੱਤਾ ਹੈ।''

''ਜਿਵੇਂ ਕਿ ਅਸੀਂ ਸ਼ੁਰੂ ਤੋਂ ਕਹਿੰਦੇ ਆਏ ਹਾਂ ਕਿ ਗੁਰਮੀਤ ਰਾਮ ਰਹੀਮ ਸਿੰਘ ਦਾ ਇਸ ਕੇਸ ਨਾਲ ਕਿਸੇ ਪ੍ਰਕਾਰ ਦਾ ਕੋਈ ਸਬੰਧ ਨਹੀਂ ਹੈ, ਅੱਜ ਮਾਣਯੋਗ ਹਾਈਕੋਰਟ ਨੇ ਵੀ ਇਹ ਮੰਨਿਆ ਅਤੇ ਇਸਦੇ ਤਹਿਤ ਹੀ ਉਨ੍ਹਾਂ ਨੂੰ ਬਰੀ ਕਰ ਦਿੱਤਾ।''

ਉਨ੍ਹਾਂ ਕਿਹਾ, ''ਇਸ ਮਾਮਲੇ 'ਚ ਜੋ 3 ਹੋਰ ਦੋਸ਼ੀ ਹਨ, ਉਨ੍ਹਾਂ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਗਿਆ ਹੈ।''

ਕੀ ਹੈ ਪੱਤਰਕਾਰ ਰਾਮਚੰਦਰ ਛਤਰਪਤੀ ਕੇਸ

ਪੱਤਰਕਾਰ ਰਾਮਚੰਦਰ ਦੇ ਪੁੱਤਰ ਅੰਸ਼ੁਲ ਛਤਰਪਤੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਨਵਰੀ 2003 ਵਿੱਚ ਪੱਤਰਕਾਰ ਰਾਮਚੰਦਰ ਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਹਾਈ ਕੋਰਟ ਵਿੱਚ ਰਿਟ ਦਾਇਰ ਕਰਕੇ ਛਤਰਪਤੀ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਸੀ
  • 24 ਅਕਤੂਬਰ 2002 ਨੂੰ ਹਰਿਆਣਾ ਦੇ ਸਿਰਸਾ ਵਿਚ ਸੱਚ ਕਹੂੰ ਅਖਬਾਰ ਦੇ ਸੰਪਾਦਕ ਰਾਮ ਚੰਦਰ ਛਤਰਪਤੀ ਨੂੰ ਘਰ ਦੇ ਬਾਹਰ ਬੁਲਾ ਕੇ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ।
  • ਗੋਲੀਆਂ ਲਗਣ ਤੋਂ ਬਾਅਦ ਛਤਰਪਤੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। 21 ਨਵੰਬਰ 2002 ਨੂੰ ਅਪੋਲੋ ਹਸਪਤਾਲ ਵਿੱਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
  • 25 ਅਕਤੂਬਰ 2002 ਨੂੰ ਇਸ ਘਟਨਾ ਦੇ ਵਿਰੋਧ ਵਿੱਚ ਸਿਰਸਾ ਬੰਦ ਰਿਹਾ। ਮੀਡੀਆ ਕਰਮੀਆਂ ਵੱਲੋਂ ਕਈ ਥਾਵਾਂ 'ਤੇ ਧਰਨੇ ਪ੍ਰਦਰਸ਼ਨ ਕੀਤੇ ਗਏ।
  • ਦਸੰਬਰ 2002 ਨੂੰ ਛੱਤਰਪਤੀ ਪਰਿਵਾਰ ਨੇ ਪੁਲਿਸ ਦੀ ਜਾਂਚ ਤੋਂ ਅਸੰਤੁਸ਼ਟ ਹੋ ਕੇ ਮੁੱਖ ਮੰਤਰੀ ਤੋਂ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ। ਪਰਿਵਾਰ ਨੇ ਇਲਜ਼ਾਮ ਲਾਇਆ ਸੀ ਕਿ ਇਸ ਮਾਮਲੇ ਦੇ ਮੁੱਖ ਮੁਲਜ਼ਮ ਤੇ ਸਾਜਿਸ਼ਕਰਤਾ ਨੂੰ ਪੁਲਿਸ ਬਚਾ ਰਹੀ ਹੈ।
  • ਜਨਵਰੀ 2003 ਵਿੱਚ ਪੱਤਰਕਾਰ ਰਾਮਚੰਦਰ ਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਹਾਈ ਕੋਰਟ ਵਿੱਚ ਰਿਟ ਦਾਇਰ ਕਰਕੇ ਛਤਰਪਤੀ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ।
  • ਦਸੰਬਰ 2003 ਵਿੱਚ ਸੀਬੀਆਈ ਨੇ ਪੱਤਰਕਾਰ ਰਾਮ ਚੰਦਰ ਛਤਰਪਤੀ ਅਤੇ ਰਣਜੀਤ ਕਤਲ ਕਾਂਡ ਦੀ ਜਾਂਚ ਸ਼ੁਰੂ ਕੀਤੀ। ਰਣਜੀਤ ਸਿੰਘ ਡੇਰਾ ਪ੍ਰੇਮੀ ਸਨ, ਜਿਨ੍ਹਾਂ ਦਾ ਸਾਲ 2002 ਵਿਚ ਕਤਲ ਹੋ ਗਿਆ ਸੀ, ਉਨ੍ਹਾਂ ਦੇ ਕਤਲ ਦਾ ਇਲਜ਼ਾਮ ਵੀ ਡੇਰੇ ਉੱਤੇ ਲੱਗਿਆ ਸੀ।
  • ਨਵੰਬਰ 2004 ਵਿੱਚ ਦੂਜੀ ਧਿਰ ਦੀ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਨੇ ਡੇਰੇ ਦੀ ਪਟੀਸ਼ਨ ਖਾਰਿਜ ਕਰ ਦਿੱਤੀ ਤੇ ਸੀਬੀਆਈ ਦੀ ਜਾਂਚ ਜਾਰੀ ਰੱਖਣ ਦੇ ਆਦੇਸ਼ ਦਿੱਤੇ।
  • ਸੀਬੀਆਈ ਨੇ ਦੁਬਾਰਾ ਦੋਵਾਂ ਮਾਮਲਿਆਂ (ਰਣਜੀਤ ਤੇ ਪੱਤਰਕਾਰ ਰਾਮਚੰਦਰ ਛਤਰਪਤੀ) ਦੀ ਜਾਂਚ ਸ਼ੁਰੂ ਕਰਕੇ ਡੇਰਾ ਮੁਖੀ ਸਮੇਤ ਕਈ ਹੋਰ ਲੋਕਾਂ ਨੂੰ ਮੁਲਜ਼ਮ ਬਣਾਇਆ। ਜਾਂਚ ਦੇ ਖਿਲਾਫ਼ ਡੇਰੇ ਦੇ ਪ੍ਰੇਮੀਆਂ ਵੱਲੋਂ ਸੀਬੀਆਈ ਅਧਿਕਾਰੀਆਂ ਦੇ ਖ਼ਿਲਾਫ਼ ਚੰਡੀਗੜ੍ਹ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ ਗਿਆ।
  • ਡੇਰੇ ਦੀਆਂ ਸਾਧਵੀਆਂ ਵੱਲੋਂ ਡੇਰਾ ਮੁਖੀ 'ਤੇ ਲਾਏ ਗਏ ਦੋਸ਼ਾਂ ਨੂੰ ਸੀਬੀਆਈ ਪੰਚਕੂਲਾ ਅਦਾਲਤ ਨੇ ਸਹੀ ਕਰਾਰ ਦਿੰਦੇ ਹੋਏ 25 ਅਗਸਤ 2017 ਨੂੰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤਾ।
  • 28 ਅਗਸਤ 2017 ਨੂੰ ਡੇਰਾ ਮੁਖੀ ਨੂੰ ਸਾਧਵੀ ਬਲਾਤਕਾਰ ਮਾਮਲੇ ਵਿੱਚ ਦਸ-ਦਸ ਸਾਲ ਦੀ ਕੈਦ ਸਜ਼ਾ ਸੁਣਾਈ ਗਈ। ਡੇਰਾ ਮੁਖੀ ਹੁਣ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ।
ਗੁਰਮੀਤ ਰਾਮ ਰਹੀਮ ਸਿੰਘ (ਫਾਈਲ ਫੋਟੋ)

ਤਸਵੀਰ ਸਰੋਤ, Hindustan Times via Getty Images

ਤਸਵੀਰ ਕੈਪਸ਼ਨ, 17 ਜਨਵਰੀ 2019 ਨੂੰ ਪੰਚਕੂਲਾ ਦੀ ਸੀਬੀਆਈ ਅਦਾਲਤ ਨੇ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ ਵਿਚ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ
  • ਪੱਤਰਕਾਰ ਰਾਮਚੰਦਰ ਛਤਰਪਤੀ ਮਾਮਲੇ ਵਿੱਚ ਪੰਚਕੂਲਾ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ 11 ਜਨਵਰੀ 2019 ਦੀ ਪੇਸ਼ੀ ਪਾਈ ਗਈ ਸੀ। ਡੇਰਾ ਸੱਚਾ ਸੌਦਾ ਮੁੱਖੀ ਗੁਰਮੀਤ ਰਾਮ ਰਹੀਮ ਵੀਡੀਓ ਕਾਨਫਰੰਸਿੰਗ ਰਾਹੀ ਪੇਸ਼ ਹੋਏ।
  • 17 ਜਨਵਰੀ 2019 ਨੂੰ ਪੰਚਕੂਲਾ ਦੀ ਸੀਬੀਆਈ ਅਦਾਲਤ ਨੇ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ ਵਿਚ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਇਸ ਮਾਮਲੇ ਵਿਚ ਬਾਕੀ ਦੇ ਤਿੰਨ ਦੋਸ਼ੀਆਂ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
  • ਹਰਿਆਣਾ ਦੀ ਸੋਨਾਰੀਆ ਜੇਲ੍ਹ ਵਿਚ ਬੰਦ ਰਾਮ ਰਹੀਮ ਨੂੰ ਵੀਡੀਓ ਕਾਨਫਰੰਸਿੰਗ ਰਾਹੀ ਸਜ਼ਾ ਸੁਣਾਈ ਗਈ ਸੀ। ਇਸ ਮਾਮਲੇ ਦੇ ਦੂਜੇ ਤਿੰਨ ਦੋਸ਼ੀ ਕ੍ਰਿਸ਼ਨ ਕੁਮਾਰ, ਨਿਰਮਲ ਅਤੇ ਕੁਲਦੀਪ ਨੂੰ 11 ਜਨਵਰੀ ਨੂੰ ਗ੍ਰਿਫ਼ਤਾਰ ਕਰਕੇ ਅੰਬਾਲਾ ਜੇਲ੍ਹ ਵਿਚ ਭੇਜ ਦਿੱਤਾ ਸੀ।
  • ਸੀਬੀਆਈ ਦੇ ਵਕੀਲ ਦਾ ਕਹਿਣਾ ਸੀ ਕਿ ਸਾਧਵੀਆਂ ਨਾਲ ਸਰੀਰਕ ਸੋਸ਼ਣ ਦੇ ਮਾਮਲੇ ਵਿਚ 20 ਸਾਲ ਦੀ ਸਜ਼ਾ ਭੁਗਤ ਰਹੇ ਰਾਮ ਰਹੀਮ ਤੇ ਦੋਸ਼ੀਆਂ ਨੂੰ 50-50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਹੈ। ਜੇ ਜੁਰਮਾਨਾ ਨਹੀਂ ਦੇਣਗੇ ਤਾਂ ਦੋ ਸਾਲ ਦੀ ਵਾਧੂ ਸਜ਼ਾ ਭੁਗਤਮੀ ਪਵੇਗੀ।
  • ਇਸ ਮਾਮਲੇ ਦੇ ਮੁੱਖ ਗਵਾਹ ਖੱਟਾ ਸਿੰਘ ਨੇ ਕਿਹਾ ਸੀ ਕਿ 'ਮਾਮਲੇ ਵਿਚ ਹੋਈ ਉਮਰ ਕੈਦ ਕੁਦਰਤੀ ਮੌਤ ਤੱਕ ਹੈ। ਸੀਬੀਆਈ ਦੇ ਵਕੀਲ ਨੇ ਦੱਸਿਆ ਕਿ ਇਹ ਉਮਰ ਕੈਦ ਸਾਧਵੀ ਜਿਨਸੀ ਸੋਸ਼ਣ ਵਿਚ ਹੋਈ 20 ਸਾਲ ਦੀ ਕੈਦ ਤੋਂ ਬਾਅਦ ਸ਼ੁਰੂ ਹੋਵੇਗੀ'।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)