'ਮੈਨੂੰ ਲੱਗਦਾ ਹੈ ਕਿ ਇਹ ਅਪਰਾਧ ਕਿਸੇ ਫ਼ਿਲਮੀ ਕਹਾਣੀ ਵਰਗਾ ਹੈ', ਨਾਬਾਲਗ ਕੁੜੀਆਂ ਦੇ ਅੰਡਾਣੂ ਵੇਚਣ ਦਾ ਧੰਦਾ ਕਿਵੇਂ ਸਾਹਮਣੇ ਆਇਆ

- ਲੇਖਕ, ਫਣਿੰਦਰ ਦਹਾਲ
- ਰੋਲ, ਬੀਬੀਸੀ ਨੇਪਾਲੀ, ਕਾਠਮਾਂਡੂ
ਨੇਪਾਲ ਦੀ ਰਾਜਧਾਨੀ ਕਾਠਮਾਂਡੂ ਵਿੱਚ ਰਹਿਣ ਵਾਲੇ ਕੁਨਸਾਂਗ ਕਦੇ-ਕਦਾਈਂ ਆਪਣੀ 17 ਸਾਲਾ ਭੈਣ ਦੋਲਮਾ ਦੇ ਮੋਬਾਈਲ ਫੋਨ ਅਤੇ ਸੋਸ਼ਲ ਮੀਡੀਆ ਅਕਾਊਂਟਸ ਚੈਕ ਕਰ ਲੈਂਦੇ ਸਨ।
ਦੋਲਮਾ ਦੇ ਸਨੈਪਚੈਟ ਅਕਾਊਂਟ 'ਤੇ ਇੱਕ ਪੋਸਟ ਅਤੇ ਇੰਸਟਾਗ੍ਰਾਮ 'ਤੇ ਕਈ ਸੁਨੇਹਿਆਂ ਨੇ 21 ਸਾਲਾ ਵੱਡੀ ਭੈਣ ਕੁਨਸਾਂਗ ਦਾ ਧਿਆਨ ਆਪਣੇ ਵੱਲ ਖਿੱਚਿਆ।
ਕੁਨਸਾਂਗ ਨੇ ਬੀਬੀਸੀ ਨੂੰ ਦੱਸਿਆ, "ਮੈਂ ਇੱਕ ਬਾਂਹ ਵਿੱਚ ਇੱਕ ਨਾੜੀ 'ਚ ਲਗਾਈ ਜਾਣ ਵਾਲੀ ਡ੍ਰਿੱਪ ਵਰਗੀ ਕੋਈ ਚੀਜ਼ ਦੇਖੀ। ਇਹ ਸਿਰਫ਼ ਇੱਕ ਸਕਿੰਟ ਲਈ ਸੀ। ਮੈਂ ਇਸ ਬਾਰੇ ਜਾਣਨ ਲਈ ਉਤਸੁਕ ਸੀ ਅਤੇ ਮੈਂ ਇਸਦਾ ਪਤਾ ਲਗਾਇਆ।''
ਉਸ ਤੋਂ ਬਾਅਦ, ਕੁਨਸਾਂਗ ਨੂੰ ਜੋ ਮਿਲਿਆ ਉਸ ਨੇ ਉਨ੍ਹਾਂ ਨੂੰ ਹੈਰਾਨ ਕਰ ਦਿੱਤਾ।

ਤਸਵੀਰ ਸਰੋਤ, John Elk III via Getty Images
ਮਾਮਲਾ ਕਿਵੇਂ ਸਾਹਮਣੇ ਆਇਆ
ਕੁਨਸਾਂਗ ਨੇ ਦੱਸਿਆ, "ਮੈਨੂੰ ਪਤਾ ਲੱਗਾ ਕਿ ਮੇਰੀ ਭੈਣ ਅਤੇ ਉਸਦੀ ਸਭ ਤੋਂ ਨਜ਼ਦੀਕੀ ਦੋਸਤ (ਜੈਸਮੀਨ) ਕਿਸੇ ਹੋਰ ਕੁੜੀ ਨਾਲ ਗੱਲਬਾਤ ਕਰ ਰਹੇ ਸਨ। ਉਹ ਐੱਗ ਡੋਨੇਸ਼ਨ ਅਤੇ ਕਲੀਨਿਕ ਵਿਜ਼ਿਟ ਵਰਗੇ ਮੁੱਦਿਆਂ 'ਤੇ ਚਰਚਾ ਕਰ ਰਹੇ ਸਨ। ਉਹ ਕੁੜੀ, ਜੋ ਇੱਕ ਏਜੰਟ ਸੀ, ਮੇਰੀ ਭੈਣ ਦੀ ਦੋਸਤ ਦੀ ਸਹੇਲੀ ਸੀ।"
ਇੰਟਰਨੈੱਟ 'ਤੇ ਇਸ ਬਾਰੇ ਖੋਜ ਕਰਨ ਤੋਂ ਬਾਅਦ ਕੁਨਸਾਂਗ ਨੂੰ ਲੱਗਾ ਕਿ ਉਨ੍ਹਾਂ ਦੀ ਭੈਣ ਅਤੇ ਉਸਦੀ ਇੱਕ ਕਰੀਬੀ ਦੋਸਤ ਆਈਵੀਆਈ ਕਲੀਨਿਕਾਂ ਦੇ ਝਾਂਸੇ 'ਚ ਫਸ ਗਏ ਹਨ।
ਉਹ ਨਾਬਾਲਗ ਕੁੜੀਆਂ ਨੂੰ ਵਿਚੋਲਿਆਂ ਰਾਹੀਂ ਪੈਸੇ ਦੇ ਬਦਲੇ ਆਪਣੇ ਅੰਡਾਣੂ ਵੇਚਣ ਲਈ ਮਨਾ ਰਹੇ ਸਨ।
ਜੋ ਜੋੜੇ ਬੱਚਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸਫਲ ਨਹੀਂ ਹੋ ਰਹੇ, ਉਹ ਬੱਚੇ ਲਈ ਕਿਸੇ ਵੀ ਆਈਵੀਐੱਫ ਸੈਂਟਰ ਨੂੰ ਦਾਨ ਕੀਤੇ ਗਏ ਅੰਡਾਣੂ ਅਤੇ ਸ਼ੁਕਰਾਣੂ ਦੇ ਫਿਊਜ਼ਨ ਦਾ ਸਹਾਰਾ ਵੀ ਲੈਂਦੇ ਹਨ।

ਪੁਲਿਸ ਕੋਲ ਪਹੁੰਚਿਆ ਪਰਿਵਾਰ
ਦੋਲਮਾ ਦੀ ਸਭ ਤੋਂ ਚੰਗੀ ਦੋਸਤ ਜੈਸਮੀਨ ਹੈ। ਜੈਸਮੀਨ ਨੂੰ ਵੀ ਉਨ੍ਹਾਂ ਦੇ ਐੱਗ ਵੇਚਣ ਲਈ ਲੁਭਾਇਆ ਗਿਆ ਸੀ। ਇਸ ਮਾਮਲੇ ਵਿੱਚ ਸ਼ੱਕੀ ਮਹਿਲਾ ਏਜੰਟ ਨੂੰ ਫ਼ੋਨ ਕਰਨ ਅਤੇ ਗੱਲ ਕਰਨ ਤੋਂ ਬਾਅਦ ਦੋਵੇਂ ਪਰਿਵਾਰ ਪੁਲਿਸ ਕੋਲ ਪਹੁੰਚੇ।
ਦੋਲਮਾ ਦੇ ਪਿਤਾ, ਨੋਰਬੂ (39 ਸਾਲਾ) ਨੇ ਕਿਹਾ, "ਕੁੜੀਆਂ 17 ਸਾਲ ਦੀਆਂ ਹਨ, ਪਰ (ਸ਼ੱਕੀ) ਏਜੰਟ ਉਨ੍ਹਾਂ ਦੇ 22 ਸਾਲ ਦਾ ਦੱਸ ਕੇ ਕਲੀਨਿਕ ਲੈ ਗਈ। ਉਨ੍ਹਾਂ ਨੂੰ ਜਾਅਲੀ ਨਾਮ ਦਿੱਤੇ ਗਏ। ਕਲੀਨਿਕ ਦੇ ਡਾਕਟਰ ਨੇ ਸਾਨੂੰ ਕਿਹਾ ਕਿ ਸਾਡੇ ਕੋਲ ਉਨ੍ਹਾਂ ਤੋਂ ਪੁੱਛਗਿੱਛ ਕਰਨ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ।"
ਉਨ੍ਹਾਂ ਅੱਗੇ ਦੱਸਿਆ, "ਫਿਰ ਅਸੀਂ ਮਨੁੱਖੀ ਅੰਗਾਂ ਦੀ ਤਸਕਰੀ ਸਬੰਧੀ ਬਿਊਰੋ ਕੋਲ ਗਏ। ਇਹ ਉਨ੍ਹਾਂ ਲਈ ਵੀ ਇੱਕ ਨਵਾਂ ਮਾਮਲਾ ਸੀ। ਉਹ ਇਸ ਮਾਮਲੇ ਬਾਰੇ ਜਾਣ ਕੇ ਹੈਰਾਨ ਰਹਿ ਗਏ। ਸਾਨੂੰ ਨਹੀਂ ਪਤਾ ਕਿ ਇਨਸਾਫ਼ ਮਿਲਣ ਵਿੱਚ ਕਿੰਨਾ ਸਮਾਂ ਲੱਗੇਗਾ।''
ਕੁਝ ਦਿਨਾਂ ਦੇ ਅੰਦਰ ਹੀ ਇਹ ਮਾਮਲਾ ਸਥਾਨਕ ਮੀਡੀਆ ਤੱਕ ਪਹੁੰਚ ਗਿਆ ਅਤੇ ਜਿਸ ਨਾਲ ਜਨਤਾ ਦਾ ਗੁੱਸਾ ਭੜਕ ਗਿਆ। ਇਸ ਗੱਲ ਨੇ ਉਦਯੋਗ ਲਈ ਤੁਰੰਤ ਕਾਨੂੰਨ ਬਣਾਉਣ ਦੀ ਜ਼ਰੂਰਤ ਨੂੰ ਉਜਾਗਰ ਕੀਤਾ।

ਨੇਪਾਲ ਵਿੱਚ ਵਿਸ਼ੇਸ਼ ਸਿਹਤ ਸੇਵਾਵਾਂ ਨਾਲ ਜੁੜੇ ਅਤੇ ਸਿਹਤ ਤੇ ਆਬਾਦੀ ਮੰਤਰਾਲੇ ਦੁਆਰਾ ਮਾਨਤਾ ਪ੍ਰਾਪਤ ਜਾਂ ਮਾਨਤਾ ਦੀ ਉਡੀਕ ਕਰ ਰਹੇ 50 ਤੋਂ ਵੱਧ ਫਰਟੀਲਿਟੀ ਕਲੀਨਿਕ ਹਨ। ਇਸ ਮਾਮਲੇ ਨੇ ਅਜਿਹੇ ਕਲੀਨਿਕਾਂ ਨਾਲ ਜੁੜੀਆਂ ਕਾਨੂੰਨੀ ਖਾਮੀਆਂ ਅਤੇ ਮਾੜੀ ਨਿਗਰਾਨੀ ਨੂੰ ਵੀ ਉਜਾਗਰ ਕੀਤਾ ਹੈ।
ਅਧਿਕਾਰੀਆਂ ਨੇ ਬੀਬੀਸੀ ਨੂੰ ਦੱਸਿਆ, "ਅਜਿਹੇ ਬਹੁਤ ਸਾਰੇ ਕਲੀਨਿਕ ਲਾਇਸੈਂਸਾਂ ਤੋਂ ਬਿਨਾਂ ਹੀ ਕੰਮ ਕਰ ਰਹੇ ਹਨ।"
ਨੇਪਾਲ ਦੇ ਸਿਹਤ ਮੰਤਰੀ ਨੇ ਬੀਬੀਸੀ ਨੂੰ ਦੱਸਿਆ ਕਿ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਇਹ ਯਕੀਨੀ ਬਣਾਏਗੀ ਕਿ ਫਰਟੀਲਿਟੀ ਦੇ ਇਲਾਜ ਕਾਨੂੰਨੀ ਅਤੇ ਨੈਤਿਕ ਤੌਰ 'ਤੇ ਕੀਤੇ ਜਾਣ।
ਜੁਲਾਈ ਦੇ ਅੱਧ ਵਿੱਚ ਨੇਪਾਲ ਸਰਕਾਰ ਨੇ ਐਲਾਨ ਕੀਤਾ ਕਿ ਉਹ ਆਈਵੀਐਫ ਕਲੀਨਿਕਾਂ ਨੂੰ ਚਲਾਉਣ ਲਈ ਅਪਣਾਏ ਗਏ ਮਿਆਰਾਂ ਦੀ ਜਾਂਚ ਸ਼ੁਰੂ ਕਰੇਗੀ।
ਨਾਬਾਲਗਾਂ ਦਾ ਸ਼ੋਸ਼ਣ ਅਤੇ ਜਾਅਲੀ ਰਿਕਾਰਡ

ਚੰਦਰ ਕੁਬਰ ਖਾਪੁੰਗ ਨੇਪਾਲ ਪੁਲਿਸ ਦੇ ਕੇਂਦਰੀ ਜਾਂਚ ਬਿਊਰੋ (ਸੀਆਈਬੀ) ਦੇ ਪ੍ਰਮੁੱਖ ਹਨ। ਇਹ ਮਾਮਲਾ ਹੁਣ ਮਨੁੱਖੀ ਅੰਗ ਤਸਕਰੀ ਬਿਊਰੋ (ਹਿਊਮਨ ਆਰਗਨ ਟ੍ਰੈਫਿਕਿੰਗ ਬਿਓਰੋ) ਤੋਂ ਉਨ੍ਹਾਂ ਕੋਲ ਆ ਗਿਆ ਹੈ।
ਚੰਦਰ ਕੁਬਰ ਖਾਪੁੰਗ ਨੇ ਕਿਹਾ ਕਿ ਇਹ ਮੰਨਿਆ ਜਾਂਦਾ ਹੈ ਕਿ ਵਿਚੋਲੇ ਨੂੰ ਹਰੇਕ ਐਗ ਰਿਟਰੀਵਲ ਲਈ ਲਗਭਗ 330 ਡਾਲਰ ਮਿਲਦੇ ਸਨ, ਜਿਸ ਦਾ ਬਹੁਤ ਛੋਟਾ ਹਿੱਸਾ ਕੁੜੀਆਂ ਨੂੰ ਦਿੱਤਾ ਜਾਂਦਾ ਸੀ।
ਉਨ੍ਹਾਂ ਕਿਹਾ, "18 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਦੇ ਅੰਡਾਣੂ ਉਨ੍ਹਾਂ ਦੇ ਮਾਪਿਆਂ ਜਾਂ ਸਰਪ੍ਰਸਤਾਂ ਦੀ ਇਜਾਜ਼ਤ ਤੋਂ ਬਿਨਾਂ ਲਏ ਗਏ। ਅਸੀਂ ਇਹ ਵੀ ਪਾਇਆ ਕਿ ਕੁੜੀਆਂ ਨੂੰ ਇੱਕ ਦਰਦਨਾਕ ਪ੍ਰਕਿਰਿਆ ਵਿੱਚੋਂ ਗੁਜ਼ਰਨਾ ਪਿਆ। ਅੰਡਕੋਸ਼ ਵਿੱਚ ਅੰਡਾਣੂ ਨੂੰ ਪੂਰੀ ਤਰ੍ਹਾਂ ਵਿਕਸਤ ਕਰਨ ਲਈ ਉਨ੍ਹਾਂ ਨੂੰ 10 ਦਿਨਾਂ ਤੱਕ ਟੀਕੇ ਲਗਾਏ ਗਏ।''
"ਫਿਰ ਅੰਡਾਣੂ ਕੱਢਣ ਲਈ ਸਰਜਰੀ ਕੀਤੀ ਗਈ। ਇਹ ਸਰਜਰੀ ਵੀ ਮਾਪਿਆਂ ਦੀ ਸਹਿਮਤੀ ਤੋਂ ਬਿਨਾਂ ਕੀਤੀ ਗਈ, ਜਿਸ ਵਿੱਚ ਗੰਭੀਰ ਸਿਹਤ ਪੇਚੀਦਗੀਆਂ ਦਾ ਜੋਖਮ ਵੀ ਸੀ।"
ਪੁਲਿਸ ਦਾ ਕਹਿਣਾ ਹੈ ਕਿ ਹਸਪਤਾਲ ਦੇ ਰਿਕਾਰਡਾਂ 'ਚ ਫਰਜੀਵਾੜਾ ਕੀਤਾ ਗਿਆ, ਜਿਸ ਵਿੱਚ ਜਾਅਲੀ ਨਾਮ ਅਤੇ ਉਮਰ ਦਰਜ ਕੀਤੀ ਗਈ ਸੀ। ਕੁਝ ਕੁੜੀਆਂ, ਜਿਨ੍ਹਾਂ ਨੂੰ ਅੰਡਾਣੂ ਦਾਨ ਕਰਨ ਲਈ ਭੁਗਤਾਨ ਕੀਤਾ ਗਿਆ ਸੀ, ਬਾਅਦ ਵਿੱਚ ਅੰਡਾਣੂਆਂ ਲਈ ਹੋਰ ਕੁੜੀਆਂ ਲਈ ਖੁਦ ਏਜੰਟ ਬਣ ਗਈਆਂ।
ਸੀਨੀਅਰ ਪੁਲਿਸ ਸੁਪਰੀਟੇਂਡੈਂਟ ਹੋਬਿੰਦਰਾ ਬੋਗਾਤੀ ਨੇ ਇਸ ਪ੍ਰਕਿਰਿਆ ਨੂੰ ਦਰਦਨਾਕ ਅਤੇ ਅਨੈਤਿਕ ਦੱਸਿਆ।
ਉਨ੍ਹਾਂ ਕਿਹਾ, "ਨਾਬਾਲਗਾਂ ਨੂੰ ਅਜਿਹੇ ਜੋਖਮ ਵਿੱਚ ਪਾਉਣਾ ਘਿਣਾਉਣਾ ਕੰਮ ਹੈ।''
ਇਸ ਮਾਮਲੇ ਵਿੱਚ ਜੁਲਾਈ ਮਹੀਨੇ ਵਿੱਚ ਤਿੰਨ ਡਾਕਟਰਾਂ ਸਮੇਤ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰ ਬਾਅਦ ਵਿੱਚ ਉਨ੍ਹਾਂ ਸਾਰਿਆਂ ਨੂੰ ਮਾਮਲੇ ਦੀ ਜਾਂਚ ਪੂਰੀ ਹੋਣ ਤੱਕ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।
ਕਾਨੂੰਨ ਦੀ ਘਾਟ

ਤਸਵੀਰ ਸਰੋਤ, Getty Images
ਨੇਪਾਲ ਵਿੱਚ ਮੌਜੂਦਾ ਸਮੇਂ ਅੰਡਾਣੂ ਜਾਂ ਸ਼ੁਕਰਾਣੂ ਦਾਨ ਕਰਨ ਲਈ ਕੋਈ ਉਮਰ ਸੀਮਾ ਤੈਅ ਨਹੀਂ ਹੈ। ਇਸ ਲਈ ਪੁਲਿਸ ਨੇਪਾਲ ਵਿੱਚ 2018 ਦੇ ਬਾਲ ਕਾਨੂੰਨ ਦੇ ਤਹਿਤ ਇਸ ਮਾਮਲੇ ਦੀ ਪੈਰਵੀ ਕਰ ਰਹੀ ਹੈ।
ਇਹ ਕਾਨੂੰਨ ਕਹਿੰਦਾ ਹੈ ਕਿ ਬੱਚਿਆਂ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਜਾਂ ਇਲਾਜ ਦੇ ਉਦੇਸ਼ ਲਈ ਉਨ੍ਹਾਂ ਦੀ ਵਰਤੋਂ ਕਰਨ 'ਤੇ ਲਗਭਗ 550 ਡਾਲਰ ਦਾ ਜੁਰਮਾਨਾ ਅਤੇ ਵੱਧ ਤੋਂ ਵੱਧ ਤਿੰਨ ਸਾਲ ਦੀ ਕੈਦ ਹੋ ਸਕਦੀ ਹੈ।
ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਨੇਪਾਲ ਵਿੱਚ 50 ਤੋਂ ਵੱਧ ਫਰਟੀਲਿਟੀ ਕਲੀਨਿਕ ਕੰਮ ਕਰ ਰਹੇ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਗੈਰ-ਰਜਿਸਟਰਡ ਮੰਨੇ ਜਾਂਦੇ ਹਨ ਕਿਉਂਕਿ ਦੇਸ਼ ਵਿੱਚ ਉਨ੍ਹਾਂ 'ਤੇ ਕਾਨੂੰਨੀ ਨਿਗਰਾਨੀ ਕਮਜ਼ੋਰ ਹੈ।
ਸਾਲ 2020 ਵਿੱਚ ਆਈਵੀਐਫ ਨੂੰ ਜਨਤਕ ਸਿਹਤ ਨਿਯਮ ਦੇ ਤਹਿਤ ਸਿਹਤ ਮੰਤਰਾਲੇ ਦੇ ਅਧੀਨ ਇੱਕ ਵਿਸ਼ੇਸ਼ ਡਾਕਟਰੀ ਸੇਵਾ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਸੀ।
ਇਸ ਦੇ ਤਹਿਤ, ਅਜਿਹੀਆਂ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਨੂੰ ਦੇਖਭਾਲ ਦੇ ਮਿਆਰ ਨੂੰ ਬਣਾਈ ਰੱਖਣ ਲਈ ਨਿਯਮਿਤ ਤੌਰ 'ਤੇ ਆਪਣੇ ਲਾਇਸੈਂਸਾਂ ਨੂੰ ਰਿਨਿਊ ਕਰਾਉਣਾ ਲਾਜ਼ਮੀ ਹੈ। ਹਾਲਾਂਕਿ, ਕੁਝ ਲੋਕ ਕਹਿੰਦੇ ਹਨ ਕਿ ਦੇਸ਼ ਵਿੱਚ ਨਿਯਮ ਸਖ਼ਤੀ ਨਾਲ ਲਾਗੂ ਨਹੀਂ ਹਨ।
ਨੇਪਾਲੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਈਵੀਐਫ ਕਲੀਨਿਕਾਂ ਵਿੱਚ ਅੰਡਾਣੂ ਵੇਚਣ ਦਾ ਕਾਰੋਬਾਰ ਬਹੁਤ ਵੱਡਾ ਹੈ।
ਕਾਠਮਾਂਡੂ ਦੇ ਪਰੋਪਕਾਰ ਮੈਟਰਨਿਟੀ ਐਂਡ ਵੂਮੈਨ ਹਾਸਪਿਟਲ ਦੇ ਡਾਇਰੈਕਟਰ ਡਾਕਟਰ ਸ਼੍ਰੀ ਪ੍ਰਸਾਦ ਅਧਿਕਾਰੀ ਨੇ ਕਿਹਾ, "ਸਾਡੇ ਕੋਲ ਕੋਈ ਕਾਨੂੰਨ ਨਹੀਂ ਹੈ ਜੋ ਇਹ ਨਿਰਧਾਰਤ ਕਰਦਾ ਹੋਵੇ ਕਿ ਅੰਡਾਣੂ ਜਾਂ ਸ਼ੁਕਰਾਣੂ ਦਾਨ ਕਰਨ ਜਾਂ ਲੈਣ ਵੇਲੇ ਕਿਹੜੀਆਂ ਮਿਆਰੀ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਇਸ ਕਾਰਨ ਬਹੁਤ ਵਿਵਸਥਾ ਵਿਗੜੀ ਹੋਈ ਹੈ।''
ਉਨ੍ਹਾਂ ਇਹ ਵੀ ਕਿਹਾ ਕਿ ਨੇਪਾਲ ਵਿੱਚ ਅਜਿਹੇ ਕਾਨੂੰਨ ਹੋਣੇ ਚਾਹੀਦੇ ਹਨ ਜਿਨ੍ਹਾਂ ਦੇ ਤਹਿਤ ਸਿਰਫ਼ ਬਾਲਗ ਹੀ ਪੂਰੀ ਡਾਕਟਰੀ ਜਾਂਚ ਤੋਂ ਬਾਅਦ ਅਜਿਹਾ ਦਾਨ ਕਰ ਸਕਣ।
ਗਾਇਨੀਕੋਲੋਜਿਸਟ ਡਾਕਟਰ ਭੋਲਾ ਰਿਜਾਲ ਕਹਿੰਦੇ ਹਨ, "ਅਸੀਂ ਲੰਬੇ ਸਮੇਂ ਤੋਂ ਸਰਕਾਰ ਤੋਂ ਮੰਗ ਕਰ ਰਹੇ ਹਾਂ ਕਿ ਇੱਕ ਦਿਸ਼ਾ-ਨਿਰਦੇਸ਼ ਲੈ ਕੇ ਆਇਆ ਜਾਵੇ।''
ਡਾਕਟਰ ਭੋਲਾ ਰਿਜਾਲ ਨੇ ਸਾਲ 2004 ਵਿੱਚ ਨੇਪਾਲ ਵਿੱਚ ਪਹਿਲੀ ਆਈਵੀਐਫ ਡਿਲੀਵਰੀ ਕੀਤੀ ਸੀ। ਉਹ ਇਸ ਖੇਤਰ ਵਿੱਚ ਸਖ਼ਤ ਕਾਨੂੰਨਾਂ ਦੀ ਮੰਗ ਕਰ ਰਹੇ ਹਨ।
ਉਹ ਕਹਿੰਦੇ ਹਨ, "ਸਾਨੂੰ ਅਜਿਹੀਆਂ ਨੀਤੀਆਂ ਲਿਆਉਣੀਆਂ ਪੈਣਗੀਆਂ ਜੋ ਇਹ ਯਕੀਨੀ ਬਣਾਉਣ ਕਿ ਸਾਡੀਆਂ ਸੇਵਾਵਾਂ ਨੇਪਾਲ ਦੇ ਵਾਂਝੇ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਲੋੜਵੰਦ ਲੋਕਾਂ ਤੱਕ ਪਹੁੰਚਣ।"
ਨੇਪਾਲ ਦੇ ਸਿਹਤ ਅਤੇ ਆਬਾਦੀ ਮੰਤਰੀ ਪ੍ਰਦੀਪ ਪੌਡੇਲ ਨੇ ਕਿਹਾ ਕਿ ਇਸ ਕਥਿਤ ਘਟਨਾ ਨੇ ਸਿਹਤ ਖੇਤਰ ਵਿੱਚ ਸ਼ਾਸਨ ਵਿਵਸਥਾ ਬਾਰੇ ਗੰਭੀਰ ਚਿੰਤਾਵਾਂ ਪੈਦਾ ਕੀਤੀਆਂ ਹਨ।
ਉਨ੍ਹਾਂ ਕਿਹਾ ਬੀਬੀਸੀ ਨੂੰ ਦੱਸਿਆ, "ਅਸੀਂ ਪਹਿਲਾਂ ਹੀ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੌਜੂਦਾ ਕਮੀਆਂ ਨੂੰ ਦੂਰ ਕਰਨ ਲਈ ਜਲਦ ਹੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਾਂਗੇ।''
ਉਨ੍ਹਾਂ ਕਿਹਾ ਕਿ ਸਰਕਾਰ ਦਾਨੀਆਂ ਲਈ ਉਮਰ ਸੀਮਾ ਦਾ ਫੈਸਲਾ ਕਰਦੇ ਸਮੇਂ, ਨੇਪਾਲ 'ਚ ਕਾਨੂੰਨੀ ਤੌਰ 'ਤੇ ਵਿਆਹ ਲਈ ਘੱਟੋ-ਘੱਟ ਉਮਰ (20 ਸਾਲ) ਨੂੰ ਵੀ ਧਿਆਨ ਵਿੱਚ ਰੱਖੇਗੀ।
ਹੋਰ ਦੇਸ਼ਾਂ ਵਿੱਚ ਕੀ ਕਾਨੂੰਨ ਹੈ?

ਤਸਵੀਰ ਸਰੋਤ, Getty Images
ਕਈ ਦੇਸ਼ਾਂ ਵਿੱਚ ਅੰਡਾਣੂ ਅਤੇ ਸ਼ੁਕਰਾਣੂ ਦਾਨ ਸੰਬੰਧੀ ਸਖ਼ਤ ਨਿਯਮ ਹਨ।
ਭਾਰਤ ਵਿੱਚ, ਰਿਪ੍ਰੋਡਕਟਿਵ ਤਕਨਾਲੋਜੀ ਨਾਲ ਸਬੰਧਤ 2021 ਦੇ ਕਾਨੂੰਨ ਦੇ ਤਹਿਤ ਸਿਰਫ਼ 23 ਤੋਂ 35 ਸਾਲ ਦੀਆਂ ਮਹਿਲਾਵਾਂ ਹੀ ਅੰਡਾਣੂ ਦਾਨ ਕਰ ਸਕਦੀਆਂ ਹਨ, ਜਦਕਿ ਸਿਰਫ਼ 21 ਤੋਂ 55 ਸਾਲ ਦੀ ਉਮਰ ਦੇ ਮਰਦ ਹੀ ਸ਼ੁਕਰਾਣੂ ਦਾਨ ਕਰ ਸਕਦੇ ਹਨ।
ਭਾਰਤ ਵਿੱਚ, ਇੱਕ ਮਹਿਲਾ ਸਿਰਫ਼ ਇੱਕ ਵਾਰ ਅੰਡਾਣੂ ਦਾਨ ਕਰ ਸਕਦੀ ਹੈ ਅਤੇ ਵਿਚੋਲਿਆਂ ਰਾਹੀਂ ਦਾਨੀਆਂ ਦੀ ਭਾਲ ਕਰਨਾ ਇੱਕ ਅਪਰਾਧ ਹੈ।
ਇਸ ਅਪਰਾਧ ਦੇ ਨਤੀਜੇ ਵਜੋਂ ਵੱਧ ਤੋਂ ਵੱਧ ਅੱਠ ਸਾਲ ਦੀ ਕੈਦ ਅਤੇ ਲਗਭਗ 23,000 ਡਾਲਰ ਦਾ ਜੁਰਮਾਨਾ ਹੋ ਸਕਦਾ ਹੈ।
ਬ੍ਰਿਟੇਨ ਵਿੱਚ ਸਿਰਫ਼ 36 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਤੋਂ ਹੀ ਅੰਡਾਣੂ ਦਾਨ ਲਏ ਜਾ ਸਕਦੇ ਹਨ ਅਤੇ ਸਿਰਫ਼ 46 ਸਾਲ ਤੋਂ ਘੱਟ ਉਮਰ ਦੇ ਮਰਦਾਂ ਤੋਂ ਹੀ ਸ਼ੁਕਰਾਣੂ ਲਏ ਜਾ ਸਕਦੇ ਹਨ।
ਉੱਥੇ ਗੇਮੇਟਸ ਜਾਂ ਭਰੂਣ ਵਰਗੀਆਂ ਚੀਜ਼ਾਂ ਦੇ ਦਾਨ ਦੇ ਬਦਲੇ ਜੇਕਰ ਕੋਈ ਵਿਅਕਤੀ ਜਾਂ ਲਾਇਸੈਂਸ ਧਾਰਕ ਪੈਸੇ ਜਾਂ ਹੋਰ ਲਾਭ ਦਿੰਦਾ ਹੈ, ਤਾਂ ਇਸਨੂੰ ਅਪਰਾਧ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ।
ਹਿਊਮਨ ਫਰਟੀਲਾਈਜ਼ੇਸ਼ਨ ਐਂਡ ਐਂਬਰਿਓਲਾਜੀ ਅਥਾਰਿਟੀ (ਐਚਐਫਈਏ) ਦੇ ਨਿਯਮਾਂ ਅਨੁਸਾਰ, ਮਾਮਲੇ ਵਿੱਚ ਦੋਸ਼ੀ ਪਾਏ ਜਾਣ 'ਤੇ ਕੈਦ ਜਾਂ ਜੁਰਮਾਨਾ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ।
ਹਾਲਾਂਕਿ, ਬ੍ਰਿਟੇਨ ਵਿੱਚ ਅੰਡਾਣੂ ਦਾਨ ਕਰਨ ਵਾਲੀਆਂ ਔਰਤਾਂ ਨੂੰ ਹਰੇਕ ਪ੍ਰਕਿਰਿਆ ਲਈ 1,300 ਡਾਲਰ ਤੋਂ ਵੱਧ ਦਾ ਭੁਗਤਾਨ ਕੀਤਾ ਜਾਂਦਾ ਹੈ, ਜਿਸ ਵਿੱਚ ਉਨ੍ਹਾਂ ਦੀ ਯਾਤਰਾ, ਰਿਹਾਇਸ਼ ਅਤੇ ਹੋਰ ਖਰਚੇ ਸ਼ਾਮਲ ਹਨ।
ਅਮਰੀਕਾ ਵਿੱਚ, ਅੰਡਾਣੂ ਦਾਨ ਕਰਨ ਵਾਲੀ ਔਰਤ ਨੂੰ ਕਾਨੂੰਨੀ ਤੌਰ 'ਤੇ ਬਾਲਗ ਹੋਣਾ ਚਾਹੀਦਾ ਹੈ। ਇਸ ਲਈ, 21 ਤੋਂ 34 ਸਾਲ ਦੀ ਉਮਰ ਦੀ ਔਰਤ ਨੂੰ ਸਭ ਤੋਂ ਢੁਕਵਾਂ ਮੰਨਿਆ ਜਾਂਦਾ ਹੈ। ਉਹ ਇੰਨੀ ਜਵਾਨ ਹੋਣੀ ਚਾਹੀਦੀ ਹੈ ਕਿ ਭਵਿੱਖ ਵਿੱਚ ਬੱਚੇ ਵਿੱਚ ਬਜ਼ੁਰਗ ਮਾਪਿਆਂ ਨਾਲ ਜੁੜੇ ਸਿਹਤ ਜੋਖਮਾਂ ਨੂੰ ਘਟਾ ਸਕੇ।
ਇਸ ਦੇ ਨਾਲ, ਦਾਨ ਕਰਨ ਵਾਲੀ ਔਰਤ ਸਿਹਤ ਵਿੱਚ ਚੰਗੀ ਹੋਣੀ ਚਾਹੀਦੀ ਹੈ ਅਤੇ ਉਸਨੂੰ ਕੋਈ ਜੈਨੇਟਿਕ ਬਿਮਾਰੀ ਨਹੀਂ ਹੋਣੀ ਚਾਹੀਦੀ, ਜੋ ਪਹਿਲਾਂ ਹੀ ਪਛਾਣੀ ਗਈ ਹੋਵੇ।
ਅਮਰੀਕਨ ਸੋਸਾਇਟੀ ਫਾਰ ਰੀਪ੍ਰੋਡਕਟਿਵ ਮੈਡੀਸਨ ਦੇ ਅਨੁਸਾਰ, ਇਹ ਬਿਹਤਰ ਹੈ ਜੇਕਰ ਅੰਡੇ ਦਾਨ ਕਰਨ ਵਾਲੀਆਂ ਔਰਤਾਂ ਵਿੱਚ ਪਹਿਲਾਂ ਹੀ ਬੱਚੇ ਪੈਦਾ ਕਰਨ ਦੀ ਸਮਰੱਥਾ ਸਾਬਤ ਹੋ ਚੁੱਕੀ ਹੋਵੇ, ਹਾਲਾਂਕਿ ਇਹ ਜ਼ਰੂਰੀ ਨਹੀਂ ਹੈ।
ਮਾਨਸਿਕ ਅਤੇ ਸਰੀਰਕ ਦੁੱਖ

ਤਸਵੀਰ ਸਰੋਤ, NurPhoto via Getty Images
ਨੋਰਬੂ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਇਹ ਯਕੀਨੀ ਬਣਾਉਣ ਲਈ ਲੜ ਰਹੇ ਹਨ ਕਿ ਭਵਿੱਖ ਵਿੱਚ ਕਿਸੇ ਹੋਰ ਨਾਲ ਅਜਿਹਾ ਨਾ ਹੋਵੇ।
ਉਨ੍ਹਾਂ ਕਿਹਾ, "ਸਾਨੂੰ ਆਪਣੀ ਮਰਜ਼ੀ ਦੇ ਵਿਰੁੱਧ ਇਸ ਸਥਿਤੀ ਦਾ ਸਾਹਮਣਾ ਕਰਨਾ ਪਿਆ। ਪਰ ਅਸੀਂ ਚਾਹੁੰਦੇ ਹਾਂ ਕਿ ਜਵਾਨ ਕੁੜੀਆਂ ਸੁਰੱਖਿਅਤ ਰਹਿਣ। ਸਾਨੂੰ ਡਰ ਸੀ ਕਿ ਏਜੰਟ ਹੋਰ ਜਵਾਨ ਕੁੜੀਆਂ ਦਾ ਵੀ ਸ਼ੋਸ਼ਣ ਕਰ ਸਕਦੇ ਹਨ, ਇਸ ਲਈ ਅਸੀਂ ਪੁਲਿਸ ਕੋਲ ਆਏ।"
ਨੋਰਬੂ ਨੂੰ ਇਹ ਵੀ ਚਿੰਤਾ ਹੈ ਕਿ ਜੇਕਰ ਉਨ੍ਹਾਂ ਦੀ ਪਛਾਣ ਜਨਤਕ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਸਮਾਜਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਇਸ ਘਟਨਾ ਤੋਂ ਬਾਅਦ ਮੇਰਾ ਪਰਿਵਾਰ ਬਹੁਤ ਤਣਾਅ ਵਿੱਚ ਹੈ। ਮੇਰੀ ਪਤਨੀ ਨੂੰ ਦੁਬਾਰਾ ਬਲੱਡ ਪ੍ਰੈਸ਼ਰ ਦੀ ਦਵਾਈ ਲੈਣੀ ਪੈ ਰਹੀ ਹੈ।"
"ਮੇਰੀ ਧੀ ਵੀ ਮਾਨਸਿਕ ਤਣਾਅ ਵਿੱਚ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਹ ਬਹੁਤ ਜ਼ਿਆਦਾ ਸੋਚ ਰਹੀ ਹੈ ਅਤੇ ਇਸ ਨਾਲ ਡਿਪਰੈਸ਼ਨ ਹੋ ਸਕਦਾ ਹੈ। ਸਾਨੂੰ ਅਜੇ ਤੱਕ ਪੂਰੀ ਮੈਡੀਕਲ ਰਿਪੋਰਟ ਨਹੀਂ ਮਿਲੀ ਹੈ।"
ਨੋਰਬੂ ਕਹਿੰਦੇ ਹਨ ਕਿ ਸਰਕਾਰ ਨੂੰ ਆਈਵੀਐਫ ਸੈਂਟਰਾਂ ਵਿੱਚ ਬੇਨਿਯਮੀਆਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਲਿਆਉਣੇ ਚਾਹੀਦੇ ਹਨ।
ਉਨ੍ਹਾਂ ਕਿਹਾ, "ਮੈਂ ਹਾਲ ਹੀ ਵਿੱਚ ਹਸਪਤਾਲ ਵਿੱਚ ਡਾਕਟਰ ਨੂੰ ਕਿਹਾ ਸੀ ਕਿ ਜੇਕਰ 16 ਤੋਂ 17 ਸਾਲ ਦੀਆਂ ਕੁੜੀਆਂ ਤੋਂ ਅੰਡਾਣੂ ਕੱਢੇ ਜਾ ਰਹੇ ਹਨ ਤਾਂ ਨੇਪਾਲ ਵਿੱਚ ਕੋਈ ਵੀ ਨਾਬਾਲਗ ਕੁੜੀ ਸੁਰੱਖਿਅਤ ਨਹੀਂ ਹੈ।"
"ਅਤੇ ਜੇਕਰ ਨਾਬਾਲਗ ਕੁੜੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਮੈਨੂੰ ਯਕੀਨ ਹੈ ਕਿ 20 ਤੋਂ 35 ਸਾਲ ਦੀਆਂ ਔਰਤਾਂ ਵੀ ਵੱਡੀ ਗਿਣਤੀ ਵਿੱਚ ਇਸ ਵਿੱਚ ਸ਼ਾਮਲ ਹਨ। ਇਹ ਕਲੀਨਿਕ ਭਾਰੀ ਮੁਨਾਫ਼ਾ ਕਮਾ ਰਹੇ ਹਨ।"
ਕੁਨਸਾਂਗ ਵੀ ਅਜਿਹੀਆਂ ਘਟਨਾਵਾਂ ਤੋਂ ਚਿੰਤਤ ਹਨ।
ਉਨ੍ਹਾਂ ਕਿਹਾ, "ਨਾਬਾਲਗ ਕੁੜੀਆਂ ਨੂੰ ਸ਼ਾਮਲ ਕਰਨਾ ਇੱਕ ਬਹੁਤ ਹੀ ਅਨੈਤਿਕ ਅਤੇ ਘਿਣਾਉਣਾ ਅਪਰਾਧ ਹੈ। ਇਹ ਫਿਲਮਾਂ ਵਿੱਚ ਦਿਖਾਏ ਗਏ ਅਪਰਾਧ ਵਾਂਗ ਲੱਗਦਾ ਹੈ। ਇਸਦੇ ਦੋਸ਼ੀਆਂ ਨੂੰ ਜੇਲ੍ਹ ਵਿੱਚ ਸੁੱਟ ਦੇਣਾ ਚਾਹੀਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












