ਕੀ ਆਈਵੀਐੱਫ ਬਹੁਤ ਮਹਿੰਗਾ ਤੇ ਦਰਦ ਭਰਿਆ ਹੈ...ਸਣੇ ਤੁਹਾਡੇ ਹਰੇਕ ਭੁਲੇਖੇ ਤੇ ਧਾਰਨਾ ਦਾ ਜਵਾਬ

ਤਸਵੀਰ ਸਰੋਤ, Getty Images
ਆਈਵੀਐੱਫ਼ ਬਹੁਤ ਮਹਿੰਗਾ ਹੈ ਅਤੇ ਇਸ ਵਿੱਚ ਬਹੁਤ ਸਾਰੇ ਟੀਕੇ ਲਗਵਾਉਣੇ ਪੈਂਦੇ ਹਨ। ਕਈ ਵਾਰ ਤਾਂ 2-3 ਮਹੀਨਿਆਂ ਲਈ ਬੈੱਡ ਰੈਸਟ ਦੀ ਵੀ ਲੋੜ ਪੈਂਦੀ ਹੈ। ਕੀ ਇਹ ਸਾਰੀਆਂ ਗੱਲਾਂ ਠੀਕ ਵੀ ਹਨ ਜਾਂ ਨਹੀਂ ?
ਆਈਵੀਐੱਫ ਸਬੰਧੀ ਸਾਰਿਆਂ ਦੇ ਹੀ ਮਨਾਂ 'ਚ ਅੱਜਕੱਲ੍ਹ ਬਹੁਤ ਸਾਰੇ ਸ਼ੱਕ ਅਤੇ ਸਵਾਲ ਹਨ ਪਰ ਇਸ ਦੇ ਨਾਲ ਬਹੁਤ ਸਾਰੀਆਂ ਧਾਰਨਾਵਾਂ ਵੀ ਜੁੜੀਆਂ ਹੋਈਆਂ ਹਨ। ਇਹ ਸ਼ੱਕ ਅਤੇ ਅੰਧਵਿਸ਼ਵਾਸ ਹੋਣੇ ਜਾਇਜ਼ ਵੀ ਹਨ।
ਅੱਜ ਦੇ ਇਸ ਲੇਖ ਰਾਹੀਂ ਆਈਵੀਐੱਫ ਬਾਰੇ ਗੱਲ ਕੀਤੀ ਜਾਵੇਗੀ ਅਤੇ ਨਾਲ ਹੀ ਜਾਣਿਆ ਜਾਵੇਗਾ ਕਿ ਕੀ ਆਈਵੀਐੱਫ ਸੁਰੱਖਿਅਤ ਹੈ ਜਾਂ ਫਿਰ ਨਹੀਂ? ਇਸ ਦਾ ਖਰਚਾ ਕਿੰਨਾ ਹੈ ਅਤੇ ਇਸ ਦੀ ਸਫਲਤਾ ਦੀ ਦਰ ਕਿੰਨਾ ਹੈ ?
ਇਨ੍ਹਾਂ ਹੀ ਸਾਰੇ ਸਵਾਲਾਂ ਦੇ ਜਵਾਬ ਇਸਤਰੀ ਰੋਗ ਮਾਹਰ ਡਾ. ਸ਼ਿਵਾਨੀ ਗਰਗ ਦੇ ਰਹੇ ਹਨ।
ਗਰਭਧਾਰਨ ਕਰਨ ਲਈ ਅੱਜਕੱਲ੍ਹ ਕਈ ਤਰੀਕੇ ਉਪਲੱਬਧ ਹਨ। ਜਿੱਥੇ ਕੁਦਰਤੀ ਤਰੀਕਾ ਤਾਂ ਉਪਲੱਬਧ ਹੈ ਹੀ ਉੱਥੇ ਹੀ ਕਈ ਤਰ੍ਹਾਂ ਦੀਆਂ ਦਵਾਈਆਂ ਅਤੇ ਟੀਕੇ ਵੀ ਉਪਲੱਬਧ ਹਨ।

ਬੀਬੀਸੀ ਨਿਊਜ਼ ਪੰਜਾਬੀ ਔਰਤਾਂ ਦੀ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਇੱਕ 'ਹੈਲਥ ਸੀਰੀਜ਼' ‘ਤੁਹਾਡੀ ਸਿਹਤ ਸਾਡੀ ਸੇਧ' ਲੈ ਕੇ ਆਇਆ ਹੈ। ਜਿਸ ਰਾਹੀਂ ਤੁਹਾਨੂੰ ਹਰ ਹਫ਼ਤੇ ਔਰਤਾਂ ਦੀ ਸਿਹਤ ਨਾਲ ਜੁੜੇ ਕਿਸੇ ਨਾ ਕਿਸੇ ਮੁੱਦੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਪ੍ਰੋਡਿਊਸਰ- ਪ੍ਰਿਅੰਕਾ ਧੀਮਾਨ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

ਆਈਵੀਐਫ ਕਦੋਂ ਅਪਣਾਇਆ ਜਾਂਦਾ ਹੈ?
ਆਈਵੀਐੱਫ ਦੀ ਵਰਤੋਂ ਉਦੋਂ ਹੁੰਦੀ ਹੈ ਜਦੋਂ ਜਾਂ ਤਾਂ ਕੁਦਰਤੀ ਢੰਗ ਨਾਲ ਗਰਭਧਾਰਨ ਨਹੀਂ ਹੁੰਦਾ ਹੈ ਜਾਂ ਫਿਰ ਅਸੀਂ ਦੂਜੇ ਕਾਫ਼ੀ ਤਰੀਕੇ ਅਪਣਾ ਕੇ ਦੇਖ ਲਏ ਹਨ ਫਿਰ ਵੀ ਗਰਭਧਾਰਨ ਨਹੀਂ ਹੋ ਰਿਹਾ ਹੈ।
ਜਾਂ ਫਿਰ ਜੇਕਰ ਮਾਂ ਦੀਆਂ ਦੋਵਾਂ ਪਾਸਿਆਂ ਦੀਆਂ ਟਿਊਬਾਂ ਪੂਰੀ ਤਰ੍ਹਾਂ ਨਾਲ ਬੰਦ ਹਨ ਜਾਂ ਅੰਡੇਦਾਨੀ 'ਚ ਅੰਡਾ ਸਹੀ ਸਮੇਂ 'ਤੇ ਫੱਟ ਨਹੀਂ ਰਿਹਾ ਹੈ ਜਾਂ ਫਿਰ ਮਰਦ ਦੇ ਸ਼ਕਰਾਣੂ ਬਹੁਤ ਘੱਟ ਹਨ।
ਇਨ੍ਹਾਂ ਸਥਿਤੀਆਂ 'ਚ ਆਈਵੀਐਫ ਬਾਰੇ ਸੋਚਿਆ ਜਾਂਦਾ ਹੈ। ਅਜਿਹੇ 'ਚ ਆਈਵੀਐੱਫ ਹੀ ਇੱਕ ਅਜਿਹਾ ਤਰੀਕਾ ਹੈ ਜਿਸ 'ਚ ਸਭ ਤੋਂ ਵੱਧ ਗਰਭਧਾਰਨ ਕਰਨ ਦੀ ਸੰਭਾਵਨਾ ਕਾਇਮ ਰਹਿੰਦੀ ਹੈ।

ਆਈਵੀਐੱਫ਼ ਨਾਲ ਜੁੜੀਆਂ ਕੁਝ ਧਾਰਨਾਵਾਂ
ਆਈਵੀਐੱਫ਼ ਦੇ ਨਾਲ ਕਈ ਤਰ੍ਹਾਂ ਦੇ ਮਿੱਥ ਜਾਂ ਧਾਰਨਾਵਾਂ ਜੁੜੀਆਂ ਹਨ।
ਸਭ ਤੋਂ ਪਹਿਲਾ ਮਿੱਥ, ਜਿਸ ਬਾਰੇ ਅਸੀਂ ਇੱਥੇ ਗੱਲ ਕਰਾਂਗੇ ਉਹ ਇਹ ਹੈ ਕਿ ਬਹੁਤ ਸਾਰੇ ਲੋਕਾਂ ਦਾ ਭਰਮ ਹੈ ਕਿ ਆਈਵੀਐੱਫ 'ਚ ਬਹੁਤ ਸਾਰੇ ਇੰਜੈਕਸ਼ਨ ਲਗਵਾਉਣੇ ਪੈਂਦੇ ਹਨ ਅਤੇ ਇਹ ਇੰਜੈਕਸ਼ਨ ਬਹੁਤ ਹੀ ਅਸੁਰੱਖਿਅਤ ਹਨ। ਇਹ ਗੱਲ ਬਿਲਕੁੱਲ ਵੀ ਠੀਕ ਨਹੀਂ ਹੈ। ਇਹ ਸੱਚ ਹੈ ਕਿ ਟੀਕੇ ਲਗਵਾਉਣੇ ਜ਼ਰੂਰ ਪੈਂਦੇ ਹਨ ।

- ਕੁਦਰਤੀ ਢੰਗ ਨਾਲ ਗਰਭਧਾਰਨ ਨਹੀਂ ਹੁੰਦਾ ਤਾਂ ਆਈਵੀਐੱਫ਼ ਦੀ ਵਰਤੋਂ ਹੁੰਦੀ ਹੈ
- 14-15 ਦਿਨਾਂ ਲਈ ਇਹ ਟੀਕੇ ਲੱਗਦੇ ਹਨ।
- ਤੁਸੀਂ ਟੀਕਾ ਲਗਾਉਣਾ ਸਿਖ ਕੇ ਘਰ 'ਚ ਆਪਣੇ ਆਪ ਲਗਾ ਸਕਦੇ ਹੋ
- ਔਰਤ ਦੀ ਉਮਰ 50 ਸਾਲ ਤੋਂ ਵੱਧ ਹੈ ਤਾਂ ਆਈਵੀਐੱਫ਼ ਨਹੀਂ ਕੀਤਾ ਜਾ ਸਕਦਾ ਹੈ
- ਇੱਕ ਆਈਵੀਐੱਫ਼ ਦੀ ਕੀਮਤ 1.5-2 ਲੱਖ ਰੁਪਏ ਤੱਕ ਆਉਂਦੀ ਹੈ।

ਟੀਕੇ ਲੱਗਣ ਦੀ ਪ੍ਰਕਿਰਿਆ ਕੀ ਹੈ?
ਇਹ ਟੀਕੇ ਗਰਭਧਾਰਨ ਕਰਨ ਦਾ ਯਤਨ ਕਰਨ ਵਾਲੀ ਔਰਤ ਨੂੰ ਉਸ ਦੇ ਪੀਰੀਅਡਜ਼ ਤੋਂ ਦੂਜੇ ਦਿਨ ਤੋਂ ਲੱਗਣੇ ਸ਼ੁਰੂ ਹੁੰਦੇ ਹਨ ਅਤੇ ਰੋਜ਼ਾਨਾ ਅਗਲੇ 14-15 ਦਿਨਾਂ ਲਈ ਇਹ ਟੀਕੇ ਲੱਗਦੇ ਹਨ।
ਇਹ ਹਾਰਮੋਨਜ਼ ਇੰਜੈਕਸ਼ਨ ਹੁੰਦੇ ਹਨ। ਇਨ੍ਹਾਂ ਨੂੰ ਲਗਵਾਉਣ ਦੇ ਨਾਲ-ਨਾਲ ਰੋਜ਼ਾਨਾ ਜਾਂ ਫਿਰ ਇੱਕ-ਇੱਕ ਦਿਨ ਛੱਡ ਕੇ ਅਲਟਰਾਸਾਊਂਡ ਕੀਤਾ ਜਾਂਦਾ ਹੈ ਅਤੇ ਬਲੱਡ ਟੈਸਟ ਵੀ ਕੀਤੇ ਜਾਂਦੇ ਹਨ ਤਾਂ ਜੋ ਇਹ ਪਤਾ ਲੱਗ ਸਕੇ ਕਿ ਇਸ ਇੰਜੈਕਸ਼ਨ ਦੀ ਕਿੰਨੀ ਡੋਜ਼ ਹੋਰ ਦੇਣੀ ਹੈ।
ਇਹ ਇੰਜੈਕਸ਼ਨ ਇਸ ਲਈ ਸੁਰੱਖਿਅਤ ਹਨ ਕਿਉਂਕਿ ਇਹ ਸਿਰਫ਼ 14 ਦਿਨ ਲਈ ਲਗਾਏ ਜਾਂਦੇ ਹਨ ਅਤੇ ਲਗਾਤਾਰ ਬਲੱਡ ਟੈਸਟ ਕਰਵਾਏ ਜਾਂਦੇ ਹਨ ਅਤੇ ਅਲਟਰਾਸਾਊਂਡ ਰਾਹੀਂ ਨਿਗਰਾਨੀ ਰੱਖੀ ਜਾਂਦੀ ਹੈ ਕਿ ਕੀ ਕੋਈ ਸਮੱਸਿਆ ਤਾਂ ਨਹੀਂ ਹੈ, ਅੰਡੇ ਦਾ ਆਕਾਰ ਕੀ ਹੈ?
ਕਿਵੇਂ ਅਤੇ ਕਿੱਥੋਂ ਲਗਾਏ ਜਾ ਸਕਦੇ ਹਨ ਇਹ ਇੰਜੈਕਸ਼ਨ?
ਤੁਸੀਂ ਇਹ ਇੰਜੈਕਸ਼ਨ ਹਸਪਤਾਲ ਤੋਂ ਵੀ ਲਗਾ ਸਕਦੇ ਹੋ ਅਤੇ ਕਈ ਵਾਰ ਇਹ ਇੰਜੈਕਸ਼ਨ ਤੁਹਾਨੂੰ ਨਾਲ ਵੀ ਦੇ ਦਿੱਤੇ ਜਾਂਦੇ ਹਨ ਤਾਂ ਜੋ ਤੁਸੀਂ ਇੰਜੈਕਸ਼ਨ ਲਗਾਉਣਾ ਸਿਖ ਕੇ ਘਰ 'ਚ ਆਪਣੇ ਆਪ ਲਗਾ ਸਕਦੇ ਹੋ ਜਾਂ ਫਿਰ ਤੁਹਾਡਾ ਕੋਈ ਆਪਣਾ ਜਿਵੇਂ ਤੁਹਾਡਾ ਪਤੀ ਵੀ ਤੁਹਾਨੂੰ ਲਗਾ ਸਕਦਾ ਹੈ।
ਇਹ ਇੰਜੈਕਸ਼ਨ ਮਹਿੰਗੇ ਹਨ ਅਤੇ ਇਨ੍ਹਾਂ ਦੇ ਕਰਕੇ ਹੀ ਆਈਵੀਐਫ ਦਾ ਖਰਚਾ ਵੱਧ ਕੇ ਆਉਂਦਾ ਹੈ।

ਤਸਵੀਰ ਸਰੋਤ, Getty Images
ਇਹ ਇੰਜੈਕਸ਼ਨ ਲਗਵਾਉਣੇ ਕਿਉਂ ਜਰੂਰੀ ਹਨ?
ਇਹ ਇੰਜੈਕਸ਼ਨ ਲਗਵਾਉਣੇ ਇਸ ਲਈ ਜ਼ਰੂਰੀ ਹਨ ਕਿਉਂਕਿ ਆਮ ਤੌਰ 'ਤੇ ਮਹਿਲਾ ਦੀ ਅੰਡੇਦਾਨੀ ਵਿੱਚ ਮਹੀਨੇ 'ਚ 1 ਜਾਂ 2 ਹੀ ਅੰਡੇ ਬਣਦੇ ਹੈ ਪਰ ਆਈਵੀਐੱਫ਼ ਦੀ ਪ੍ਰਕਿਰਿਆ ਦੌਰਾਨ ਸਾਨੂੰ 10 ਤੋਂ 15 ਅੰਡਿਆਂ ਦੀ ਲੋੜ ਪੈਂਦੀ ਹੈ।
ਇਸ ਲਈ ਅੰਡੇਦਾਨੀ ਨੂੰ ਵਧੇਰੇ ਸਟੀਮਿਓਲੇਟ ਕਰਨ ਲਈ ਇਹ ਇੰਜੈਕਸ਼ਨ ਲਗਾਏ ਜਾਂਦੇ ਹਨ।
ਕਿੱਥੇ ਜਾਂ ਕਿਵੇਂ ਲੱਗਦੇ ਹਨ ਇਹ ਇੰਜੈਕਸ਼ਨ?
ਆਮ ਤੌਰ 'ਤੇ ਇਹ ਇੰਜੈਕਸ਼ਨ ਢਿੱਡ 'ਤੇ ਲਗਾਏ ਜਾਂਦੇ ਹਨ। ਪਰ ਇਸ ਤੋਂ ਇਲਾਵਾ ਬਾਹਾਂ ਜਾਂ ਫਿਰ ਪੱਟਾਂ 'ਤੇ ਵੀ ਲਗਾਏ ਜਾ ਸਕਦੇ ਹਨ।
ਅੱਜਕੱਲ੍ਹ ਜੋ ਇੰਜੈਕਸ਼ਨ ਮਿਲ ਰਹੇ ਹਨ ਉਹ ਬਹੁਤ ਹੀ ਸੁਰੱਖਿਅਤ ਹਨ ਅਤੇ ਇਨ੍ਹਾਂ ਨੂੰ ਲਗਾਉਣ ਮੌਕੇ ਦਰਦ ਵੀ ਨਹੀਂ ਹੁੰਦਾ ਹੈ। ਬਹੁਤ ਛੋਟੇ ਇੰਜੈਕਸ਼ਨ ਦੀ ਸਰਿੰਜ ਨਾਲ ਇਹ ਲਗਾਏ ਜਾ ਸਕਦੇ ਹਨ।
ਇਨ੍ਹਾਂ ਨੂੰ ਲਗਾਉਣ ਲਈ ਪੈਨ ਵੀ ਮਿਲਦੇ ਹਨ। ਇਸ ਨੂੰ ਲਗਾਉਣ ਲੱਗਿਆ ਥੋੜ੍ਹੀ ਜਿਹੀ ਤਕਲੀਫ ਤਾਂ ਜ਼ਰੂਰ ਹੁੰਦੀ ਹੈ ਪਰ ਦਰਦ ਨਹੀਂ ਹੁੰਦਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2

ਕੀ ਆਈਵੀਐੱਫ਼ ਪ੍ਰਕਿਰਿਆ ਦੌਰਾਨ ਲੰਮਾ ਆਰਾਮ ਜ਼ਰੂਰੀ ਹੈ ?
ਮਰੀਜ਼ ਦੇ ਮਨ 'ਚ ਡਰ ਰਹਿੰਦਾ ਹੈ ਕਿ ਜੇਕਰ ਆਈਵੀਐੱਫ ਕਰਵਾਇਆ ਤਾਂ ਉਨ੍ਹਾਂ ਨੂੰ 2-3 ਮਹੀਨੇ ਲਈ ਆਪਣੇ ਕੰਮਕਾਜ ਤੋਂ ਛੁੱਟੀ ਲੈਣੀ ਪਵੇਗੀ।
ਪਰ ਅਜਿਹਾ ਕੁਝ ਨਹੀਂ ਹੈ। ਜਦੋਂ ਵੀ ਆਈਵੀਐੱਫ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਂਦੀ ਹੈ ਤਾਂ ਪਹਿਲੇ 14 ਤੋਂ 15 ਦਿਨਾਂ ਦੌਰਾਨ ਟੀਕੇ ਲੱਗਦੇ ਹਨ। ਇੰਨ੍ਹਾਂ ਟੀਕਿਆਂ ਨੂੰ ਲਗਾਉਣ ਲਈ ਤੁਹਾਨੂੰ ਛੁੱਟੀ ਲੈਣ ਦੀ ਲੋੜ ਨਹੀਂ ਹੁੰਦੀ ਹੈ।
ਤੁਸੀਂ ਆਪਣੇ ਘਰ ਵਿੱਚ ਵੀ ਟੀਕੇ ਲਗਵਾ ਸਕਦੇ ਹੋ। ਸਿਰਫ਼ ਅਲਟਰਾਸਾਊਂਡ ਕਰਵਾਉਣ ਲਈ ਤੁਹਾਨੂੰ ਜ਼ਰੂਰ ਹਸਪਤਾਲ ਆਉਣਾ ਪੈਂਦਾ ਹੈ ਅਤੇ ਉਹ ਵੀ ਤੁਸੀਂ ਆਪਣੇ ਕੰਮਕਾਜ ਦੇ ਨਾਲ-ਨਾਲ ਕਰ ਸਕਦੇ ਹੋ।
ਕੀ ਹੈ ਆਈਵੀਐੱਫ਼ ਦੀ ਪ੍ਰਕਿਰਿਆ ?
ਅਲਟਰਾਸਾਊਂਡ ਦੌਰਾਨ ਜਦੋਂ ਸਾਨੂੰ ਲੱਗਦਾ ਹੈ ਕਿ ਅੰਡੇਦਾਨੀ 'ਚ ਘੱਟ ਤੋਂ ਘੱਟ 14-15 ਵਧੀਆ ਆਕਾਰ ਦੇ ਅੰਡੇ ਬਣ ਚੁੱਕੇ ਹਨ ਤਾਂ ਉਸ ਸਮੇਂ ਅਸੀਂ ਓਕਟੀ ਰਟਰੀਵਲ ਨਾਂ ਦੀ ਪ੍ਰਕਿਰਿਆ ਕਰਦੇ ਹਾਂ।
ਇਹ ਪ੍ਰਕਿਰਿਆ ਹਸਪਤਾਲ 'ਚ ਕੀਤੀ ਜਾਂਦੀ ਹੈ ਅਤੇ ਇਹ ਪ੍ਰਕਿਰਿਆ ਕੁਝ ਬੇਹੋਸ਼ੀ ਦੀ ਹਾਲਤ 'ਚ ਕੀਤੀ ਜਾਂਦੀ ਹੈ। ਇਸ ਨੂੰ ਕਰਨ ਲੱਗਿਆ ਵਧੇਰੇ ਐਨੇਥੀਸੀਆ ਦੇਣ ਦੀ ਲੋੜ ਨਹੀਂ ਪੈਂਦੀ ਹੈ ਕਿਉਂਕਿ ਇਹ 5-10 ਮਿੰਟ ਦਾ ਹੀ ਕੰਮ ਹੁੰਦਾ ਹੈ ਅਤੇ ਇਸ ਦੌਰਾਨ ਜ਼ਿਆਦਾ ਦਰਦ ਵੀ ਮਹਿਸੂਸ ਨਹੀਂ ਹੁੰਦਾ ਹੈ।
ਇਸ ਦੌਰਾਨ ਅੰਡੇਦਾਨੀ 'ਚ ਮੌਜੂਦ ਪਾਣੀ ਅਤੇ ਅੰਡਿਆਂ ਨੂੰ ਲਿਆ ਜਾਂਦਾ ਹੈ ਭਾਵ ਰਟਰੀਵ ਕੀਤਾ ਜਾਂਦਾ ਹੈ। ਇਸ ਪ੍ਰਕਿਰਿਆ ਤੋਂ ਬਾਅਦ ਤੁਹਾਨੂੰ ਸਿਰਫ 10 ਤੋਂ 15 ਮਿੰਟ ਹੀ ਆਰਾਮ ਕਰਨ ਦੀ ਲੋੜ ਪੈਂਦੀ ਹੈ ਅਤੇ ਤੁਸੀਂ ਵਾਪਸ ਆਪਣੇ ਕੰਮ 'ਤੇ ਵੀ ਜਾ ਸਕਦੇ ਹੋ।

ਤਸਵੀਰ ਸਰੋਤ, Getty Images
ਅੰਡਿਆ ਨਾਲ ਕੀ ਕੀਤਾ ਜਾਂਦਾ ਹੈ?
ਜਦੋਂ ਇੱਕ ਵਾਰ ਅੰਡੇਦਾਨੀ 'ਚੋਂ 14-15 ਅੰਡੇ ਲੈ ਲਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਪਤੀ ਦੇ ਸ਼ਕਰਾਣੂਆਂ ਨਾਲ ਮਿਲਾ ਕੇ ਐਂਬਰਿਓ ਬਣਾਇਆ ਜਾਂਦਾ ਹੈ। ਇਹ ਐਂਬਰਿਓ ਲੈਬ 'ਚ ਬਣਾਏ ਜਾਂਦੇ ਹਨ। ਲੈਬ 'ਚ ਅਜਿਹੇ ਹਾਲਾਤ ਬਣਾਏ ਜਾਂਦੇ ਹਨ ਜੋ ਕਿ ਆਮ ਤੌਰ 'ਤੇ ਇੱਕ ਮਹਿਲਾ ਦੇ ਸਰੀਰ ਦੇ ਹੁੰਦੇ ਹਨ।
ਉਸੇ ਤਾਪਮਾਨ 'ਚ ਰੱਖਿਆ ਜਾਂਦਾ ਹੈ ਤਾਂ ਜੋ ਅੰਡੇ ਸ਼ਕਰਾਣੂ ਨਾਲ ਮਿਲ ਕੇ ਐਂਬਰਿਓ ਬਣਾ ਸਕਣ।
ਇੱਕ ਵਾਰ ਐਂਬਰਿਓ ਬਣਨ ਤੋਂ ਬਾਅਦ ਉਨ੍ਹਾਂ ਦੀ ਜਾਂਚ ਕੀਤੀ ਜਾਂਦੀ ਹੈ ਕਿ ਉਹ ਸਹੀ ਬਣੇ ਹਨ ਜਾਂ ਫਿਰ ਨਹੀਂ। ਸਹੀ ਬਣਨ ਦੀ ਸੂਰਤ 'ਚ ਉਨ੍ਹਾਂ ਨੂੰ ਵਾਪਸ ਫੀਮੇਲ ਸਰੀਰ 'ਚ ਰੱਖਿਆ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਐਂਬਰਿਓ ਟਰਾਂਸਫਰ ਕਿਹਾ ਜਾਂਦਾ ਹੈ।
ਇਹ ਪ੍ਰਕਿਰਿਆ ਜਾਂ ਤਾਂ ਉਸੇ ਮਹੀਨੇ ਜਾਂ ਫਿਰ ਅਗਲੇ ਮਹੀਨੇ ਕੀਤੀ ਜਾਂਦੀ ਹੈ।
ਡਾ.ਸ਼ਿਵਾਨੀ ਨੇ ਦੱਸਿਆ ਕਿ ਅਸੀਂ ਵਧੇਰੇ ਤਰਜੀਹ ਅਗਲੇ ਮਹੀਨੇ ਨੂੰ ਹੀ ਦਿੰਦੇ ਹਾਂ। ਐਂਬਰਿਓ ਟਰਾਂਸਫਰ ਦੀ ਪ੍ਰਕਿਰਿਆ ਵੀ ਥੋੜ੍ਹੀ ਬੇਹੋਸ਼ੀ ਦੀ ਹਾਲਤ 'ਚ ਹੁੰਦੀ ਹੈ ਅਤੇ ਕਈ ਵਾਰ ਤਾਂ ਬਿਨ੍ਹਾਂ ਬੇਹੋਸ਼ ਕੀਤਿਆਂ ਵੀ ਇਸ ਪ੍ਰਕਿਰਿਆ ਨੂੰ ਕੀਤਾ ਜਾਂਦਾ ਹੈ।
ਇਸ ਪ੍ਰਕਿਰਿਆ ਦੌਰਾਨ ਵੀ ਦਰਦ ਨਹੀਂ ਹੁੰਦਾ ਹੈ ਅਤੇ ਸਿਰਫ 2-5 ਮਿੰਟ ਦਾ ਹੀ ਸਮਾਂ ਲੱਗਦਾ ਹੈ। ਇੱਕ ਵਾਰ ਐਂਬਰਿਓ ਟਰਾਂਸਫਰ ਕਰਨ ਤੋਂ ਬਾਅਦ ਵੀ ਵੱਧ ਤੋਂ ਵੱਧ 10-15 ਮਿੰਟ ਦਾ ਹੀ ਆਰਾਮ ਜ਼ਰੂਰੀ ਹੁੰਦਾ ਹੈ।
ਇਸ ਲਈ ਇਸ ਮਿੱਥ ਨੂੰ ਆਪਣੇ ਦਿਲੋ ਦਿਮਾਗ 'ਚੋਂ ਕੱਢ ਦੇਣਾ ਚਾਹੀਦਾ ਹੈ ਕਿ ਆਈਵੀਐੱਫ ਕਰਵਾਉਣਾ ਹੈ ਤਾਂ 6-7 ਮਹੀਨੇ ਦਾ ਆਰਾਮ ਚਾਹੀਦਾ ਹੈ।

ਇਹ ਵੀ ਪੜ੍ਹੋ-

ਕੀ ਆਈਵੀਐਫ਼ ਕਰਵਾਉਣ ਦੀ ਵੀ ਕੋਈ ਉਮਰ ਹੈ ?
ਤੀਜੀ ਅਤੇ ਬਹੁਤ ਹੀ ਆਮ ਧਾਰਨਾ ਇਹ ਹੈ ਕਿ ਆਈਵੀਐੱਫ ਕਿਸੇ ਵੀ ਉਮਰ 'ਚ ਕਰਵਾਇਆ ਜਾ ਸਕਦਾ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਪਹਿਲਾਂ ਦੂਜੇ ਬਦਲਾਂ ਰਾਹੀਂ ਗਰਭਧਾਰਨ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਅਤੇ ਜੇਕਰ ਕੋਈ ਵੀ ਸਫਲ ਨਾ ਹੋਵੇ ਤਾਂ ਆਈਵੀਐੱਫ ਤਾਂ ਹੈ ਹੀ। ਆਈਵੀਐੱਫ਼ ਤਾਂ ਕਦੇ ਵੀ ਕਰਵਾਇਆ ਜਾ ਸਕਦਾ ਹੈ।
ਸਾਲ 2020 'ਚ ਆਈਵੀਐੱਫ ਸਬੰਧੀ ਇੱਕ ਬਿੱਲ ਆਇਆ ਹੈ, ਜਿਸ ਅਨੁਸਾਰ ਜੇਕਰ ਆਈਵੀਐੱਫ ਕਰਵਾਉਣ ਵਾਲੀ ਔਰਤ ਦੀ ਉਮਰ 50 ਸਾਲ ਤੋਂ ਵੱਧ ਹੈ ਤਾਂ ਆਈਵੀਐੱਫ਼ ਨਹੀਂ ਕੀਤਾ ਜਾ ਸਕਦਾ ਹੈ। ਭਾਰਤ 'ਚ ਕਾਨੂੰਨੀ ਤੌਰ 'ਤੇ ਇਸ ਦੀ ਇਜਾਜ਼ਤ ਨਹੀਂ ਹੈ। ਇਸ ਲਈ ਸਮਾਂ ਰਹਿੰਦਿਆਂ ਹੀ ਆਈਵੀਐੱਫ ਕਰਵਾਉਣ ਦਾ ਫੈਸਲਾ ਲਿਆ ਜਾਣਾ ਚਾਹੀਦਾ ਹੈ।

ਤਸਵੀਰ ਸਰੋਤ, Getty Images
ਆਈਵੀਐੱਫ਼ ਦੀ ਸਫਲਤਾ ਦਰ ਕਿੰਨੀ ਹੈ ?
ਆਈਵੀਐੱਫ਼ ਨੂੰ ਲੈ ਕੇ ਲੋਕਾਂ 'ਚ ਚੌਥੀ ਧਾਰਨਾ ਇਹ ਹੈ ਕਿ ਭਾਵੇਂ ਹੋਰ ਬਦਲ ਅਸਫ਼ਲ ਹੋ ਜਾਣ ਪਰ ਆਈਵੀਐੱਫ ਤਾਂ ਹੈ ਹੀ, ਕਿਉਂਕਿ ਆਈਵੀਐੱਫ 100% ਸਫਲ ਰਹਿੰਦਾ ਹੈ।
ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਆਈਵੀਐੱਫ ਇੱਕ ਬਣਾਵਟੀ ਪ੍ਰਕਿਰਿਆ ਹੈ ਅਤੇ ਇਸ ਲਈ ਕੁਝ ਵੀ 100 ਫ਼ੀਸਦੀ ਨਹੀਂ ਹੁੰਦਾ ਹੈ। ਇਸ ਦੀ ਸਫਲਤਾ ਦਰ ਲਗਭਗ 40-50% ਹੀ ਹੈ ਅਤੇ ਉਹ ਵੀ ਉਸ ਸਮੇਂ ਜਦੋਂ ਤੁਹਾਡੀ ਉਮਰ 35 ਸਾਲ ਤੋਂ ਘੱਟ ਹੈ।
ਜਿਵੇਂ ਤੁਹਾਡੀ ਉਮਰ 35 ਤੋਂ 40 ਸਾਲ ਜਾਂ ਹਰ ਪੰਜ-ਪੰਜ ਸਾਲ ਜਿਵੇਂ-ਜਿਵੇਂ ਤੁਹਾਡੀ ਉਮਰ ਵੱਧਦੀ ਜਾਂਦੀ ਹੈ ਤਾਂ ਤੁਹਾਡੀ ਆਈਵੀਐੱਫ ਦੀ ਸਫਲਤਾ ਦਰ 10% ਘੱਟਦੀ ਜਾਂਦੀ ਹੈ।
ਇਸ ਲਈ ਆਈਵੀਐੱਫ ਦੀ ਸਭ ਤੋਂ ਵੱਧ ਸਫਲਤਾ ਦਰ ਉਸ ਸਮੇਂ ਆਉਂਦੀ ਹੈ ਜਦੋਂ ਤੁਹਾਡੀ ਉਮਰ 35 ਸਾਲ ਤੋਂ ਘੱਟ ਹੁੰਦੀ ਹੈ।
ਆਈਵੀਐੱਫ ਬਹੁਤ ਮਹਿੰਗਾ ਹੈ?
ਆਈਵੀਐਫ਼ ਨਾਲ ਜੋ ਪੰਜਵੀ ਧਾਰਨਾ ਜੁੜੀ ਹੈ, ਉਹ ਇਹ ਹੈ ਕਿ ਇਹ ਬਹੁਤ ਮਹਿੰਗਾ ਹੈ। ਇਸ ਲਈ ਹਰ ਕੋਈ ਇਸ ਨੂੰ ਅਪਣਾ ਨਹੀਂ ਸਕਦਾ ਹੈ ਅਤੇ ਜੋੜੇ ਗਰਭਧਾਰਨ ਕਰਨ ਲਈ ਕਿਸੇ ਹੋਰ ਬਦਲ ਬਾਰੇ ਪੁੱਛਦੇ ਹਨ।
ਆਈਵੀਐੱਫ ਦੇ ਪਹਿਲੇ ਪੜਾਅ ਜਿਸ 'ਚ ਇੰਜੈਕਸ਼ਨ ਲੱਗਣੇ, ਬਲੱਡ ਟੈਸਟ ਅਤੇ ਅਲਟਰਾਸਾਉਂਡ ਹੋਣਾ, ਅੰਡੇ ਦਾ ਓਕਟੀ ਰਿਟਰੀਵਲ ਹੋਣਾ, ਉਸ ਤੋਂ ਬਾਅਦ ਐਂਬਰਿਓ ਬਣਨਾ, ਐਂਬਰਿਓ ਟਰਾਂਸਫਰ ਹੋਣਾ ਅਤੇ ਬਾਅਦ ਵਿੱਚ ਉਸ ਦੇ ਸਫਲ ਹੋਣ ਦੀ ਜਾਂਚ ਕਰਨਾ ਆਦਿ ਸ਼ਾਮਲ ਹੁੰਦੇ ਹਨ।
ਇਸ ਸਭ ਨੂੰ ਆਈਵੀਐੱਫ ਦਾ ਇੱਕ ਜਾਂ ਪਹਿਲਾ ਚੱਕਰ ਮੰਨਿਆ ਜਾਂਦਾ ਹੈ। ਉਂਝ ਤਾਂ ਇਸ ਦਾ ਖਰਚਾ ਹਰ ਥਾਂ 'ਤੇ ਵੱਖੋ ਵੱਖ ਹੋਵੇਗਾ ਪਰ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਇੱਕ ਆਈਵੀਐੱਫ ਦੀ ਕੀਮਤ 1.5-2 ਲੱਖ ਰੁਪਏ ਤੱਕ ਆਉਂਦੀ ਹੈ।
ਜਦੋਂ ਇੱਕ ਵਾਰ ਸਾਡੇ ਕੋਲ ਐਂਬਰਿਓ ਬਣ ਜਾਂਦੇ ਹਨ ਤਾਂ ਅਸੀਂ ਉਨ੍ਹਾਂ ਨੂੰ ਪ੍ਰੀਜ਼ਰਵ ਕਰ ਲੈਂਦੇ ਹਾਂ, ਮਤਲਬ ਅਸੀਂ ਉਨ੍ਹਾਂ ਨੂੰ ਸੰਭਾਲ ਕੇ ਰੱਖ ਲੈਂਦੇ ਹਾਂ।
ਇਸ ਲਈ ਹਰ ਵਾਰ ਅਗਲੇ ਮਹੀਨੇ ਸਾਰੀ ਪ੍ਰਕਿਰਿਆ ਮੁੜ ਤੋਂ ਨਹੀਂ ਕੀਤੀ ਜਾਂਦੀ ਹੈ। ਇੱਕ ਵਾਰ ਜਦੋਂ ਸਾਡੇ ਕੋਲ ਤੁਹਾਡੇ 14-15 ਐਂਬਰਿਓ ਸੁਰੱਖਿਅਤ ਪਏ ਹੁੰਦੇ ਹਨ ਤਾਂ ਹਰ ਚੱਕਰ 'ਚ ਸਿਰਫ ਉਹ ਐਂਬਰਿਓ ਹੀ ਤੁਹਾਡੇ ਅੰਦਰ ਵਾਪਸ ਪਾਇਆ ਜਾਂਦਾ ਹੈ।
ਵਾਰ-ਵਾਰ ਟੀਕੇ ਜਾਂ ਅਲਟਰਾਸਾਉਂਡ ਕਰਵਾਉਣ ਦੀ ਲੋੜ ਨਹੀਂ ਪੈਂਦੀ ਹੈ, ਸਗੋਂ ਕੁਝ ਦਵਾਈਆਂ ਦੇ ਨਾਲ ਹੀ ਅਗਲੇ ਮਹੀਨੇ ਸਿਰਫ ਐਂਬਰਿਓ ਹੀ ਤੁਹਾਡੇ ਅੰਦਰ ਟਰਾਂਸਫਰ ਕੀਤਾ ਜਾਂਦਾ ਹੈ।
ਜਿਸ ਪੜਾਅ 'ਚ ਸਿਰਫ ਐਂਬਰਿਓ ਟਰਾਂਸਫਰ ਕੀਤਾ ਜਾਂਦਾ ਹੈ, ਉਸ ਪੜਾਅ ਦੀ ਕੀਮਤ 60 ਤੋਂ 80 ਹਜ਼ਾਰ ਰੁਪਏ ਤੱਕ ਆਉਂਦੀ ਹੈ। ਇਸ ਤਰ੍ਹਾਂ ਦੇ ਪੜਾਅ ਭਾਵ ਮਲਟੀਪਲ ਪੜਾਅ ਦੀ ਲੋੜ ਪੈਂਦੀ ਹੈ, ਜਦੋਂ ਤੱਕ ਆਈਵੀਐੱਫ ਸਫਲ ਨਾ ਹੋ ਜਾਵੇ।

ਤਸਵੀਰ ਸਰੋਤ, Getty Images
ਆਈਵੀਐੱਫ਼ ਦੀ ਵਰਤੋਂ ਹੋਰ ਕਿੱਥੇ ਹੁੰਦੀ ਹੈ ?
ਲੋਕਾਂ ਦਾ ਮੰਨਣਾ ਹੈ ਕਿ ਆਈਵੀਐੱਫ ਸਿਰਫ ਗਰਭਧਾਰਨ ਕਰਨ ਦਾ ਤਰੀਕਾ ਹੈ। ਪਰ ਅੱਜ ਦੇ ਸਮੇਂ ਵਿੱਚ ਆਈਵੀਐੱਫ ਦੀ ਹੋਰ ਕਈ ਤਰੀਕਿਆਂ ਨਾਲ ਵਰਤੋਂ ਹੋ ਰਹੀ ਹੈ। ਇਸ ਦਾ ਸਭ ਤੋਂ ਮਹੱਤਵਪੂਰਨ ਉਪਯੋਗ ਇਹ ਹੈ ਕਿ ਕਈ ਜੋੜੇ ਜਿਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹਨ, ਜਿਵੇਂ ਕਿ ਥੈਲੇਸੀਮੀਆ, ਜਿਸ 'ਚ ਖੂਨ ਘੱਟ ਬਣਦਾ ਹੈ।
ਜੇਕਰ ਪਤੀ ਅਤੇ ਪਤਨੀ ਦੋਵਾਂ ਨੂੰ ਹੀ ਘੱਟ ਥੈਲੇਸੀਮੀਆ ਦੀ ਸਮੱਸਿਆ ਹੈ ਤਾਂ ਬੱਚੇ 'ਚ ਗੰਭੀਰ ਥੈਲੇਸੀਮੀਆ ਹੋਣ ਦਾ ਖਤਰਾ ਰਹਿੰਦਾ ਹੈ। ਅਜਿਹੀ ਸਥਿਤੀ 'ਚ ਬੱਚਾ ਬਾਹਰੋਂ ਦਿੱਤੇ ਜਾ ਰਹੇ ਖੂਨ 'ਤੇ ਹੀ ਨਿਰਭਰ ਕਰਦਾ ਹੈ ਅਤੇ ਜੇਕਰ ਖੂਨ ਨਾ ਦਿੱਤਾ ਜਾਵੇ ਤਾਂ ਬੱਚੇ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ।
ਇਸ ਲਈ ਜੇਕਰ ਜੋੜੇ ਨੂੰ ਘੱਟ ਥੈਲੇਸੀਮੀਆ ਦੀ ਸਮੱਸਿਆ ਹੈ ਤਾਂ ਕੁਦਰਤੀ ਤੌਰ 'ਤੇ ਗਰਭਧਾਰਨ ਕਰਨ ਮੌਕੇ 25% ਸੰਭਾਵਨਾ ਰਹਿੰਦੀ ਹੈ ਕਿ ਬੱਚੇ 'ਚ ਗੰਭੀਰ ਥੈਲੇਸੀਮੀਆ ਦੀ ਸਮੱਸਿਆ ਜ਼ਰੂਰ ਹੋਵੇਗੀ।
ਅਜਿਹੇ ਕੇਸ 'ਚ ਅਸੀਂ ਆਈਵੀਐੱਫ ਦੀ ਮਦਦ ਨਾਲ ਵੇਖ ਸਕਦੇ ਹਾਂ ਕਿ ਜੋ ਐਂਬਰਿਓ ਜਾਂ ਬੱਚਾ ਅਸੀਂ ਅੰਦਰ ਪਾ ਰਹੇ ਹਾਂ ਉਸ 'ਚ ਥੈਲੇਸੀਮੀਆ ਦੀ ਸਮੱਸਿਆ ਹੈ ਜਾਂ ਫਿਰ ਨਹੀਂ। ਇਸ ਨਾਲ ਅਸੀਂ ਭਵਿੱਖ 'ਚ ਬੱਚੇ ਨੂੰ ਉਸ ਬਿਮਾਰੀ ਤੋਂ ਬਚਾ ਸਕਦੇ ਹਾਂ।
ਇਸ ਤੋਂ ਇਲਾਵਾ ਆਈਵੀਐਫ ਦੀ ਵਰਤੋਂ ਡਾਊਨਸਿੰਡਰੋਮ 'ਚ ਵੀ ਕੀਤੀ ਜਾ ਸਕਦੀ ਹੈ। ਇਹ ਇੱਕ ਅਜਿਹੀ ਬਿਮਾਰੀ ਹੈ, ਜਿਸ 'ਚ ਅੱਗੇ ਜਾ ਕੇ ਬੱਚੇ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਪ੍ਰਭਾਵਿਤ ਹੁੰਦਾ ਹੈ।
ਆਈਵੀਐੱਫ ਦੀ ਵਰਤੋਂ ਕਰਕੇ ਜਾਂਚ ਕੀਤੀ ਜਾ ਸਕਦੀ ਹੈ ਕਿ ਬੱਚੇ 'ਚ ਡਾਊਨਸਿੰਡਰੋਮ ਦੇ ਲੱਛਣ ਹਨ ਜਾਂ ਫਿਰ ਨਹੀਂ। ਐਂਬਰਿਓ ਟਰਾਂਸਫਰ ਕਰਨ ਤੋਂ ਪਹਿਲਾਂ ਹੀ ਇਹ ਜਾਂਚ ਕੀਤੀ ਜਾਂਦੀ ਹੈ ਤਾਂ ਜੋ ਡਾਊਨਸਿੰਡਰੋਮ ਹੋਣ ਦੀ ਸੰਭਾਵਨਾ ਨਾ ਮਾਤਰ ਹੀ ਰਹੇ।
ਡਾ. ਸ਼ਿਵਾਨੀ ਗਰਗ ਨੇ ਕਿਹਾ ਕਿ ਇਸ ਤਰ੍ਹਾਂ ਦੀ 25 ਤੋਂ 50 ਸਮੱਸਿਆਵਾਂ ਅਜਿਹੀਆਂ ਹੋਣਗੀਆਂ ਜਿਨ੍ਹਾਂ 'ਚ ਆਈਵੀਐੱਫ ਆਪਣੀ ਭੂਮਿਕਾ ਅਦਾ ਕਰਦਾ ਹੈ ਅਤੇ ਬਿਮਾਰੀਆਂ ਹੋਣ ਤੋਂ ਬਚਾ ਵੀ ਸਕਦਾ ਹੈ।
ਇਸ ਤੋਂ ਇਲਾਵਾ ਕਈ ਵਾਰ ਔਰਤਾਂ ਨੂੰ ਘੱਟ ਉਮਰ 'ਚ ਹੀ ਬੱਚੇਦਾਨੀ ਦਾ ਕੈਂਸਰ ਹੋ ਜਾਂਦਾ ਹੈ ਅਤੇ ਇਨ੍ਹਾਂ ਹਾਲਾਤਾਂ 'ਚ ਸਾਨੂੰ ਬਾਹਰੋ ਦਵਾਈਆਂ ਅਤੇ ਸੇਕੇ ਦੇਣੇ ਪੈਂਦੇ ਹਨ , ਜਿਸ ਕਰਕੇ ਅੰਡੇਦਾਨੀ ਦਾ ਨੁਕਸਾਨ ਹੁੰਦਾ ਹੈ ਅਤੇ ਹੋ ਸਕਦਾ ਹੈ ਕਿ ਅੰਡੇ ਵੀ ਨਸ਼ਟ ਹੋ ਜਾਣ।
ਅਜਿਹੇ ਮਾਮਲੇ 'ਚ ਮਾਂ ਦੇ ਅੰਡੇ ਨੂੰ ਪਹਿਲਾਂ ਹੀ ਪ੍ਰੀਜ਼ਰਵ ਕਰਕੇ ਰੱਖ ਲਿਆ ਜਾਵੇ ਅਤੇ ਜਦੋਂ ਕੈਂਸਰ ਦਾ ਇਲਾਜ ਮੁਕੰਮਲ ਹੋ ਜਾਵੇ ਤਾਂ ਮਾਂ ਆਪਣੇ ਹੀ ਅੰਡੇ ਨਾਲ ਗਰਭਧਾਰਨ ਕਰ ਸਕਦੀ ਹੈ।
ਆਈਵੀਐੱਫ ਤੋਂ ਡਰਨ ਦੀ ਲੋੜ ਨਹੀਂ ਹੈ, ਬਲਕਿ ਸਮੇਂ ਸਿਰ ਆਪਣੇ ਡਾਕਟਰ ਤੋਂ ਸਲਾਹ ਲੈਣ ਦੀ ਗੱਲ ਕਹੀ।
ਆਈਵੀਐਫ ਸਬੰਧੀ ਜੋ ਵੀ ਤੁਹਾਡੇ ਮਨ ਅੰਦਰ ਸ਼ੱਕ ਜਾਂ ਅੰਧਵਿਸ਼ਵਾਸ ਘਰ ਕਰੀ ਬੈਠੇ ਹਨ ਉਨ੍ਹਾਂ ਨੂੰ ਆਪਣੇ ਡਾਕਟਰ ਨਾਲ ਗੱਲ ਕਰਕੇ ਦੂਰ ਕਰੋ ਤਾਂ ਜੋ ਤੁਸੀਂ ਸਮਾਂ ਰਹਿੰਦਿਆਂ ਹੀ ਆਪਣਾ ਇਲਾਜ ਕਰਵਾ ਸਕੋ।

ਹੈਲਥ ਸੀਰੀਜ਼ ਦੀਆਂ ਬਾਕੀ ਕਹਾਣੀਆਂ ਪੜ੍ਹੋ

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












