ਬਾਂਝਪਨ ਦੀ ਸਮੱਸਿਆ ਦਾ ਕਿਵੇਂ ਪਤਾ ਲੱਗੇ, ਸੰਭਾਵੀ ਕਾਰਨਾਂ ਤੇ ਇਲਾਜ ਬਾਰੇ ਜਾਣੋ ਮਾਹਰ ਦੀ ਰਾਇ

ਤਸਵੀਰ ਸਰੋਤ, Getty Images
ਬਾਂਝਪਣ ਜਾਂ ਫਿਰ ਇਨਫਰਟਿਲਟੀ ਦੀ ਸਮੱਸਿਆ ਬਹੁਤ ਹੀ ਤੇਜ਼ੀ ਨਾਲ ਵੱਧ ਦੀ ਜਾ ਰਹੀ ਹੈ। ਅੱਜ ਭਾਰਤ 'ਚ ਪੰਜ 'ਚੋਂ ਇੱਕ ਜੋੜੇ ਨੂੰ ਮਾਂ-ਪਿਓ ਬਣਨ 'ਚ ਦਿਕੱਤ ਆ ਰਹੀ ਹੈ।
ਇਨਫਰਟਿਲਟੀ (Infertility) ਦੇ ਵਧਣ ਦੇ ਕੀ ਕਾਰਨ ਹਨ ਅਤੇ ਇਸ ਦਾ ਹੱਲ ਕੀ ਹੋ ਸਕਦਾ ਹੈ। ਇੰਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਇਸਤਰੀ ਰੋਗ ਮਾਹਰ ਹਨ ਡਾ. ਸ਼ਿਵਾਨੀ ਗਰਗ ਹੇਠ ਲਿਖੇ ਤੱਥਾਂ ਨਾਲ ਦੇ ਰਹੇ ਹਨ।
ਮੌਜੂਦਾ ਸਮੇਂ ਬਾਂਝਪਨ ਦੀ ਸਮੱਸਿਆ ਦਿਨੋ ਦਿਨ ਵਧਦੀ ਹੀ ਜਾ ਰਹੀ ਹੈ। ਜਦੋਂ ਵੀ ਕੋਈ ਜੋੜਾ ਇੱਕ ਸਾਲ ਤੋਂ ਪ੍ਰੇਗਨੈਂਸੀ ਜਾਂ ਗਰਭਧਾਰਨ ਕਰਨ ਲਈ ਵਾਰ-ਵਾਰ ਕੋਸ਼ਿਸ਼ ਕਰਦਾ ਹੈ।
ਪਰ ਫਿਰ ਵੀ ਗਰਭਧਾਰਨ ਨਹੀਂ ਹੋ ਪਾ ਰਿਹਾ ਹੈ ਤਾਂ ਡਾਕਟਰੀ ਭਾਸ਼ਾ 'ਚ ਅਜਿਹੀ ਸਥਿਤੀ ਨੂੰ ਇਨਫਰਟਿਲਟੀ ਕਿਹਾ ਜਾਂਦਾ ਹੈ। ਭਾਵ ਉਹ ਜੋੜਾ ਬਾਂਝਪਨ ਦੀ ਸਮੱਸਿਆ ਨਾਲ ਜੂਝ ਰਿਹਾ ਹੈ।
ਬਾਂਝਪਨ ਪਤਾ ਕਿਵੇਂ ਅਤੇ ਕਦੋਂ ਲੱਗ ਸਕਦਾ ਹੈ?
ਡਾ. ਸ਼ਿਵਾਨੀ ਗਰਗ ਦੱਸਦੇ ਹਨ ਕਿ ਉਨ੍ਹਾਂ ਕੋਲ ਕਈ ਵਾਰ ਅਜਿਹੇ ਜੋੜੇ ਵੀ ਆਉਂਦੇ ਹਨ ਜੋ ਕਹਿੰਦੇ ਹਨ ਕਿ ਪਿਛਲੇ 3-4 ਮਹੀਨਿਆਂ ਤੋਂ ਉਹ ਗਰਭਧਾਰਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲ ਰਹੀ ਹੈ।
ਅਜਿਹੀ ਸਥਿਤੀ 'ਚ ਡਾ.ਗਰਗ ਨੇ ਉਨ੍ਹਾਂ ਜੋੜਿਆਂ ਨੂੰ ਸਲਾਹ ਦਿੱਤੀ ਹੈ ਕਿ ਇੰਨ੍ਹੀ ਜਲਦੀ ਦਬਾਅ ਜਾਂ ਤਣਾਅ ਲੈਣ ਦੀ ਜ਼ਰੂਰਤ ਨਹੀਂ ਹੈ। ਸਗੋਂ ਘੱਟ ਤੋਂ ਘੱਟ ਇੱਕ ਸਾਲ ਤੱਕ ਸਹੀ ਸਮੇਂ 'ਤੇ ਗਰਭਧਾਰਨ ਕਰਨ ਲਈ ਯਤਨ ਕਰਨੇ ਚਾਹੀਦੇ ਹਨ।
ਪਰ ਜੇਕਰ ਤੁਹਾਡੀ ਉਮਰ 35 ਸਾਲ ਤੋਂ ਵੱਧ ਹੈ ਤਾਂ 6-7 ਮਹੀਨੇ ਚੰਗੀ ਤਰਾਂ ਕੋਸ਼ਿਸ਼ ਕਰਨ ਤੋਂ ਬਾਅਦ ਤੁਹਾਨੂੰ ਤੁਰੰਤ ਆਪਣੇ ਡਾਕਟਰ ਨਾਲ ਸੰਪਰਕ ਕਾਇਮ ਕਰਨਾ ਚਾਹੀਦਾ ਹੈ ਅਤੇ ਜਲਦੀ ਤੋਂ ਜਲਦੀ ਆਪਣਾ ਇਲਾਜ ਸ਼ੁਰੂ ਕਰਵਾਉਣਾ ਚਾਹੀਦਾ ਹੈ।

ਬਾਂਝਪਨ ਦੇ ਕੀ ਕਾਰਨ ਹਨ?
ਅੱਜ ਦੇ ਸਮੇਂ 'ਚ ਇਹ ਸਮੱਸਿਆ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਇਹ ਇੱਕ ਅੰਧਵਿਸ਼ਵਾਸ ਹੈ ਕਿ ਸਾਰੀ ਇਨਫਰਟਿਲਟੀ ਔਰਤਾਂ ਕਰਕੇ ਹੁੰਦੀ ਹੈ।
ਪਰ ਇਹ ਧਾਰਨਾ ਸਰਾ-ਸਰ ਗਲਤ ਹੈ। ਪੁਰਸ਼ ਅਤੇ ਔਰਤਾਂ 'ਚ ਬਰਾਬਰ ਬਾਂਝਪਨ ਹੁੰਦਾ ਹੈ। ਇਸ ਲਈ ਕਹਿ ਸਕਦੇ ਹਾਂ ਕਿ 50% ਔਰਤਾਂ ਦੇ ਬਾਂਝਪਨ ਅਤੇ 50% ਪੁਰਸ਼ਾਂ ਦੇ ਬਾਂਝਪਨ ਕਰਕੇ ਇਹ ਸਥਿਤੀ ਪੈਦਾ ਹੁੰਦੀ ਹੈ।
ਅੱਜਕਲ ਔਰਤਾਂ ਅਤੇ ਪੁਰਸ਼ਾਂ 'ਚ ਇਨਫਰਟਿਲਟੀ ਬਰਾਬਰ ਹੀ ਵੱਧ ਰਿਹਾ ਹੈ।
ਇਸ ਦਾ ਪਹਿਲਾ ਅਤੇ ਅਹਿਮ ਕਾਰਨ ਸਾਡਾ ਖਾਣ-ਪੀਣ ਅਤੇ ਰਹਿਣ-ਸਹਿਣ ਹੈ। ਵਧੇਰੇ ਬੈਠੇ ਰਹਿਣਾ, ਤਣਾਅ 'ਚੋਂ ਗੁਜ਼ਰਨਾ, ਚੰਗਾ ਖਾਣ-ਪੀਣ ਨਾ ਹੋਣਾ, ਸ਼ਰਾਬ ਪੀਣਾ ਆਦਿ ਅਜਿਹੇ ਕਾਰਨ ਹਨ ਜੋ ਕਿ ਕਿਸੇ ਨਾ ਕਿਸੇ ਰੂਪ 'ਚ ਬਾਂਝਪਨ ਦੀ ਸਮੱਸਿਆ ਨੂੰ ਜਨਮ ਦਿੰਦੇ ਹਨ।

- ਇੱਕ ਸਾਲ ਤੋਂ ਗਰਭਧਾਰਨ ਦੀ ਕੋਸ਼ਿਸ਼ ਦੇ ਬਾਵਜੂਦ ਨਾ ਹੋਣਾ ਬਾਂਝਪਨ
- ਪੁਰਸ਼ ਅਤੇ ਔਰਤਾਂ 'ਚ ਬਾਂਝਪਨ ਬਰਾਬਰ ਹੁੰਦਾ ਹੈ
- ਸਾਡਾ ਖਾਣ-ਪੀਣ ਅਤੇ ਰਹਿਣ-ਸਹਿਣ ਤਣਾਅ ਮੁੱਖ ਕਾਰਨ
- ਬੱਚੇਦਾਨੀ 'ਚ ਰਸੋਲੀਆਂ ਵੀ ਵੱਡਾ ਕਾਰਨ
- ਇਨਫਰਟਿਲਟੀ ਨੂੰ ਠੀਕ ਕਰਨ ਦੇ ਬਹੁਤ ਸਾਰੇ ਵਿਕਲਪ ਹਨ

ਔਰਤਾਂ 'ਚ ਬਾਂਝਪਨ ਦੇ ਕਾਰਨ
ਔਰਤਾਂ 'ਚ ਬਾਂਝਪਨ ਦਾ ਅਹਿਮ ਕਾਰਨ ਅੰਡੇਦਾਨੀ 'ਚ ਸਿਸਟ ਭਾਵ ਪੀਸੀਓਡੀ ਦਾ ਹੋਣਾ ਹੈ। ਸਿਸਟ ਦੀ ਮੌਜੂਦਗੀ ਮਾਂ ਬਣਨ 'ਚ ਮੁਸ਼ਕਲਾ ਪੈਦਾ ਕਰਦੀ ਹੈ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਜਿਸ ਔਰਤ ਦੀ ਅੰਡੇਦਾਨੀ 'ਚ ਸਿਸਟ ਹੈ ਉਹ ਕਦੇ ਮਾਂ ਨਹੀਂ ਬਣ ਸਕਦੀ ਹੈ। ਹਾਂ, ਇੰਨ੍ਹਾਂ ਜਰੂਰ ਹੈ ਕਿ ਮਾਂ ਬਣਨ ਦੇ ਮੌਕੇ ਘੱਟ ਜਾਂਦੇ ਹਨ ਜਾਂ ਮਾਂ ਬਣਨ 'ਚ ਹੋਰ ਕਈ ਦਿੱਕਤਾਂ ਆ ਸਕਦੀਆਂ ਹਨ।
ਬੱਚੇਦਾਨੀ 'ਚ ਰਸੋਲੀਆਂ ਦਾ ਹੋਣਾ
ਬਾਂਝਪਨ ਦਾ ਦੂਜਾ ਅਤੇ ਅਹਿਮ ਕਾਰਨ ਬੱਚੇਦਾਨੀ 'ਚ ਰਸੋਲੀਆਂ ਹੋਣਾ ਹੈ ਅਤੇ ਕਈ ਵਾਰ ਟਿਊਬਾਂ ਵੀ ਬੰਦ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਕਈ ਵਾਰ ਬੱਚੇਦਾਨੀ ਦਾ ਮੂੰਹ ਵੀ ਬੰਦ ਹੋ ਸਕਦਾ ਹੈ। ਇਹ ਸਾਰੇ ਆਮ ਕਾਰਨ ਹਨ , ਜਿੰਨ੍ਹਾਂ ਕਰਕੇ ਇੱਕ ਔਰਤ 'ਚ ਬਾਂਝਪਨ ਦੀ ਸਮੱਸਿਆ ਪੈਦਾ ਹੋ ਸਕਦੀ ਹੈ।

ਤਸਵੀਰ ਸਰੋਤ, Getty Images
ਮਰਦਾਂ 'ਚ ਇਨਫਰਟਿਲਟੀ ਦੇ ਕਾਰਨ?
ਮਰਦਾਂ 'ਚ ਇਨਫਰਟਿਲਟੀ ਹੋਣ ਦਾ ਅਹਿਮ ਕਾਰਨ ਸਪਰਮ ਦੀ ਗਿਣਤੀ ਦਾ ਘੱਟ ਹੋਣਾ ਹੋ ਸਕਦਾ ਹੈ ਜਾਂ ਫਿਰ ਸਪਰਮ 'ਚ ਇਨਫੈਕਸ਼ਨ ਹੋ ਸਕਦੀ ਹੈ। ਇੰਨ੍ਹਾਂ ਕੁਝ ਆਮ ਕਾਰਨਾਂ ਤੋਂ ਇਲਾਵਾ ਕਈ ਵਾਰ ਹੋਰ ਕਾਰਨ ਵੀ ਅਹਿਮ ਭੂਮਿਕਾ ਅਦਾ ਕਰਦੇ ਹਨ।
ਕਈ ਵਾਰ ਵੇਖਿਆ ਜਾਂਦਾ ਹੈ ਕਿ ਜੋੜੇ 'ਚ ਦੋਵੇਂ ਤਰ੍ਹਾਂ ਦੀ ਇਨਫਰਟਿਲਟੀ ਭਾਵ ਫੀਮੇਲ ਇਨਫਰਟਿਲਟੀ ਅਤੇ ਮੇਲ ਇਨਫਰਟਿਲਟੀ ਮੌਜੂਦ ਹੈ। ਅਜਿਹੇ ਕੇਸ 'ਚ ਇੱਕ ਡਾਕਟਰ ਕਈ ਤਰ੍ਹਾਂ ਦੇ ਟੈਸਟ ਕਰਵਾਉਂਦਾ ਹੈ। ਅਜਿਹੀ ਸਥਿਤੀ 'ਚ ਇਲਾਜ 'ਚ ਕੁਝ ਸਮਾਂ ਲੱਗ ਸਕਦਾ ਹੈ।
ਕਿਸ ਸਮੇਂ ਗਰਭਧਾਰਨ ਬਾਰੇ ਕੋਸ਼ਿਸ਼ ਕੀਤੀ ਜਾਵੇ?
ਕਈ ਜੋੜਿਆਂ ਨੂੰ ਇਸ ਗੱਲ ਬਾਰੇ ਪਤਾ ਨਹੀਂ ਹੁੰਦਾ ਹੈ ਕਿ ਉਨ੍ਹਾਂ ਵੱਲੋਂ ਗਰਭਧਾਰਨ ਕਾਰਨ ਲਈ ਕਿਹੜਾ ਸਮਾਂ ਸਹੀ ਹੈ। ਜੇਕਰ ਸਾਡੇ ਕੋਲ ਇਹ ਬੁਨਿਆਦੀ ਜਾਣਕਾਰੀ ਹੈ ਤਾਂ ਅਸੀਂ 6-7 ਮਹੀਨਿਆਂ 'ਚ ਉਸ ਸਹੀ ਸਮੇਂ 'ਤੇ ਕੋਸ਼ਿਸ਼ ਕਰਕੇ ਗਰਭਧਾਰਨ ਕਰ ਸਕਦੇ ਹਾਂ। ਪਰ ਜੇਕਰ ਫਿਰ ਵੀ ਗਰਭਧਾਰਨ ਨਹੀਂ ਹੁੰਦਾ ਹੈ ਤਾਂ ਅਸੀਂ ਕਿਸੇ ਡਾਕਟਰ ਤੋਂ ਨਾਲ ਸਲਾਹ ਮਸ਼ਵਰਾ ਕਰ ਸਕਦੇ ਹਾਂ। ਇਸ ਸਮੇਂ ਨੂੰ ਫਰਟਾਇਲ ਵਿੰਡੋ ਕਿਹਾ ਜਾਂਦਾ ਹੈ।
ਫਰਟਾਇਲ ਵਿੰਡੋ ਕੀ ਹੈ?
ਜੇਕਰ ਤੁਹਾਡਾ ਪੀਰੀਅਡਜ਼ ਦਾ ਚੱਕਰ 30 ਦਿਨਾਂ ਦਾ ਹੈ ਤਾਂ ਅਸੀਂ 30 ਦਿਨਾਂ ਨੂੰ ਤਿੰਨ ਭਾਗਾਂ 'ਚ ਤਕਸੀਮ ਕਰਾਂਗੇ ਭਾਵ 10-10 ਦੇ ਤਿੰਨ ਭਾਗਾਂ 'ਚ। ਜਿਹੜੇ ਵਿਚਲੇ 10 ਦਿਨ ਹਨ, ਉਹ ਤੁਹਾਡੇ ਫਰਟਾਇਲ ਵਿੰਡੋ ਹਨ। ਇਸ ਲਈ ਇੰਨ੍ਹਾਂ ਦਸ ਦਿਨਾਂ 'ਚ ਇੱਕ-ਇੱਕ ਦਿਨ ਛੱਡ ਕੇ ਸੰਭੋਗ ਕਰਨ ਨਾਲ ਗਰਭਧਾਰਨ ਕਰਨ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ।
ਇਸੇ ਤਰ੍ਹਾਂ ਜੇਕਰ ਤੁਹਾਡਾ ਪੀਰੀਅਡਜ਼ ਦਾ ਚੱਕਰ 45 ਦਿਨਾਂ ਦਾ ਹੈ ਤਾਂ ਉਸ ਨੂੰ ਤਿੰਨ ਭਾਗਾਂ 'ਚ ਵੰਡ ਲਵੋ ਅਤੇ ਵਿਚਲੇ 15 ਦਿਨਾਂ 'ਚ ਇੱਕ-ਇੱਕ ਦਿਨ ਛੱਡ ਕੇ ਸੰਭੋਗ ਕਰਨ ਨਾਲ ਗਰਭਧਾਰਨ ਕਰਨ ਦੀ ਸੰਭਾਵਨਾ ਵੱਧ ਜਾਂਦੀ ਹੈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਡਾਕਟਰ ਕੋਲ ਕਦੋਂ ਜਾਣਾ ਜਰੂਰੀ ਹੋ ਜਾਂਦਾ ਹੈ?
ਜੇਕਰ ਅਸੀਂ ਫਰਟਾਇਲ ਵਿੰਡੋ ਬਾਰੇ ਜਾਣਦੇ ਹਾਂ ਅਤੇ ਇਸ ਸਮੇਂ 'ਚ ਗਰਭਧਾਰਨ ਕਰਨ ਲਈ 6-7 ਮਹੀਨੇ ਕੋਸ਼ਿਸ਼ ਕਰ ਚੁੱਕੇ ਹਾਂ ਪਰ ਗਰਭਧਾਰਨ ਨਹੀਂ ਹੋ ਰਿਹਾ ਹੈ ਤਾਂ ਉਸ ਸਮੇਂ ਇਸ ਨਾਲ ਸਬੰਧਤ ਡਾਕਟਰ ਕੋਲ ਜਾਣਾ ਜਰੂਰੀ ਹੋ ਜਾਂਦਾ ਹੈ। ਸਹੀ ਸਮਾਂ ਰਹਿੰਦਿਆਂ ਡਾਕਟਰ ਨਾਲ ਸਲਾਹ ਕਰੋ ਅਤੇ ਆਪਣਾ ਇਲਾਜ ਸ਼ੁਰੂ ਕਰੋ।
ਕਿਸ ਤਰ੍ਹਾਂ ਦੇ ਟੈਸਟ ਹੁੰਦੇ ਹਨ?
ਜਦੋਂ ਵੀ ਤੁਸੀਂ ਕਿਸੇ ਡਾਕਟਰ ਕੋਲ ਇਨਫਰਟਿਲਟੀ ਦਾ ਇਲਾਜ ਕਰਵਾਉਣ ਲਈ ਜਾਂਦੇ ਹੋ ਤਾਂ ਸਭ ਤੋਂ ਪਹਿਲਾਂ ਸਧਾਰਨ ਟੈਸਟ ਕੀਤੇ ਜਾਂਦੇ ਹਨ, ਜਿਵੇਂ ਕਿ ਬਲੱਡ ਟੈਸਟ, ਪਤੀ ਦਾ ਸੀਮਨ ਟੈਸਟ ਆਦਿ ਕੀਤਾ ਜਾਂਦਾ ਹੈ। ਇੰਨ੍ਹਾਂ ਟੈਸਟਾਂ ਤੋਂ ਬਾਅਦ ਇਨਫਰਟਿਲਟੀ ਦੇ ਅਸਲ ਕਾਰਨਾਂ ਬਾਰੇ ਜਾਣਿਆ ਜਾਂਦਾ ਹੈ।
ਕੀ ਇਨਫਰਟਿਲਟੀ ਦੇ ਕਾਰਨ ਇਲਾਜ ਯੋਗ ਹਨ?
ਆਮ ਤੌਰ 'ਤੇ ਇਨਫਰਟਿਲਟੀ ਦੇ ਸਾਰੇ ਹੀ ਕਾਰਨਾਂ ਦਾ ਇਲਾਜ ਉਪਲਬੱਧ ਹੈ। ਅਸੀਂ ਦਵਾਈਆਂ ਜਾਂ ਹੋਰ ਸਧਾਰਨ ਚੀਜ਼ਾਂ ਨਾਲ ਇਸ ਦਾ ਇਲਾਜ ਕਰ ਸਕਦੇ ਹਾਂ। ਅੱਜਕਲ ਲੋਕਾਂ ਨੂੰ ਲੱਗਦਾ ਹੈ ਕਿ ਜੇਕਰ ਉਨ੍ਹਾਂ ਨੂੰ ਇਨਫਰਟਿਲਟੀ ਹੈ ਤਾਂ ਉਸ ਦਾ ਇੱਕੋ ਇੱਕ ਜਵਾਬ ਆਈਵੀਐਫ ਹੈ। ਪਰ ਇਹ ਬਿਲਕੁਲ ਹੀ ਗਲਤ ਹੈ।

ਤਸਵੀਰ ਸਰੋਤ, Getty Images
ਸਾਡੇ ਕੋਲ ਇਨਫਰਟਿਲਟੀ ਨੂੰ ਠੀਕ ਕਰਨ ਦੇ ਬਹੁਤ ਸਾਰੇ ਵਿਕਲਪ ਹਨ । ਸਧਾਰਨ ਤੋਂ ਲੈ ਕੇ ਗੁੰਝਲਦਾਰ ਸਥਿਤੀ ਤੱਕ ਅਸੀਂ ਜੋੜਿਆਂ ਨੂੰ ਸਲਾਹ ਮਸ਼ਵਰਾ ਦਿੰਦੇ ਰਹਿੰਦੇ ਹਾਂ ਅਤੇ ਸਮੇਂ-ਸਮੇਂ 'ਤੇ ਉਨ੍ਹਾਂ ਦੀ ਰਹਿਨੁਮਾਈ ਕਰਦੇ ਹਾਂ।
ਇਲਾਜ ਦੇ ਵਿਕਲਪ ਕੀ ਹਨ?
ਬਾਂਝਪਨ ਦੇ ਇਲਾਜ ਲਈ ਕਈ ਵਿਕਲਪ ਮੌਜੂਦ ਹਨ। ਜਿਵੇਂ ਕਿ ਦਵਾਈਆਂ, ਆਈਯੂਆਈ ਪ੍ਰੋਸੈਸ ( Intrauterine insemination ), ਜਿਸ 'ਚ ਪਤੀ ਦੇ ਸੀਮਨ ਨੂੰ ਪਤਨੀ ਦੀ ਅੰਡੇਦਾਨੀ 'ਚ ਸੰਮਲਿਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਆਈਵੀਐਫ ( In vitro fertilisation ) ਦਾ ਵਿਕਲਪ ਤਾਂ ਸਾਡੇ ਕੋਲ ਮੌਜੂਦ ਹੈ ਹੀ। ਆਈਵੀਐਫ ਤੋਂ ਵੀ ਉੱਪਰ ਇੱਕ ਵਿਕਲਪ ਹੈ, ਜਿਸ ਨੂੰ Intracytoplasmic sperm injection (ICSI) ਕਿਹਾ ਜਾਂਦਾ ਹੈ।
ਇਸ ਲਈ ਇਨਫਰਟਿਲਟੀ ਦੇ ਅਸਲ ਕਾਰਨਾਂ ਨੂੰ ਮੁੱਖ ਰੱਖਦਿਆਂ ਹੀ ਇੰਨ੍ਹਾਂ 'ਚੋਂ ਕਿਸੇ ਇੱਕ ਇਲਾਜ ਨੂੰ ਅਪਣਾਇਆ ਜਾਂਦਾ ਹੈ।
ਇਸ ਲਈ ਸਮੇਂ ਸਿਰ ਸਲਾਹ ਲੈਣਾ ਬਹੁਤ ਜਰੂਰੀ ਹੈ।
ਇਹ ਵੀ ਪੜ੍ਹੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












