'ਜਸਟਿਸ ਫਾਰ ਸੰਜੂ ਸੈਮਸਨ' ਤੋਂ 'ਗੇਮ ਚੇਂਜਰ' ਤੱਕ ਦਾ ਸਫ਼ਰ, ਵੈਸਟਇੰਡੀਜ਼ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚੀ ਟੀਮ ਇੰਡੀਆ

ਸੰਜੂ ਸੈਮਸਨ

ਤਸਵੀਰ ਸਰੋਤ, Getty Images

ਪੜ੍ਹਨ ਦਾ ਸਮਾਂ: 8 ਮਿੰਟ

ਆਈਸੀਸੀ ਟੀ-20 ਵਰਲਡ ਕੱਪ ਦੇ ਸੁਪਰ-8 ਦੇ ਆਖ਼ਰੀ ਮੁਕਾਬਲੇ ਵਿੱਚ ਵੈਸਟਇੰਡੀਜ਼ ਨੂੰ ਹਰਾ ਕੇ ਭਾਰਤ ਨੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ।

ਵੈਸਟਇੰਡੀਜ਼ ਟੀਮ ਨੇ ਭਾਰਤੀ ਟੀਮ ਦੇ ਸਾਹਮਣੇ ਜਿੱਤ ਲਈ 196 ਦੌੜਾਂ ਦਾ ਟੀਚਾ ਰੱਖਿਆ ਸੀ। ਜਿਸ ਨੂੰ ਭਾਰਤੀ ਟੀਮ ਨੇ 19.2 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ 'ਤੇ ਪ੍ਰਾਪਤ ਕਰ ਲਿਆ।

ਭਾਰਤ ਦੀ ਜਿੱਤ ਦੇ ਹੀਰੋ ਸੰਜੂ ਸੈਮਸਨ ਰਹੇ ਜਿਨ੍ਹਾਂ ਨੇ 50 ਗੇਂਦਾਂ ਵਿੱਚ 97 ਦੌੜਾਂ ਦੀ ਨਾਬਾਦ ਪਾਰੀ ਖੇਡੀ। ਸੰਜੂ ਸੈਮਸਨ ਨੂੰ ਇਸ ਪਾਰੀ ਲਈ ਪਲੇਅਰ ਆਫ ਦਿ ਮੈਚ ਵੀ ਚੁਣਿਆ ਗਿਆ।

ਸੰਜੂ ਸੈਮਸਨ

ਤਸਵੀਰ ਸਰੋਤ, Getty Images

ਭਾਰਤ ਛੇਵੀਂ ਵਾਰ ਟੀ-20 ਵਰਲਡ ਕੱਪ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਿਹਾ ਹੈ।

ਹੁਣ ਪੰਜ ਮਾਰਚ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਭਾਰਤ ਦੀ ਟੱਕਰ ਦੂਜੇ ਸੈਮੀਫਾਈਨਲ ਵਿੱਚ ਇੰਗਲੈਂਡ ਨਾਲ ਹੋਵੇਗੀ।

ਭਾਰਤ ਦੀ ਸ਼ੁਰੂਆਤ ਨਹੀਂ ਰਹੀ ਸੀ ਚੰਗੀ

ਸੰਜੂ ਸੈਮਸਨ

ਤਸਵੀਰ ਸਰੋਤ, Getty Images

197 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਦੀ ਸ਼ੁਰੂਆਤ ਖਰਾਬ ਰਹੀ ਅਤੇ ਭਾਰਤ ਨੇ ਦੋ ਵਿਕਟ ਜਲਦੀ ਗੁਆ ਦਿੱਤੇ।

ਓਪਨਰ ਅਭਿਸ਼ੇਕ ਸ਼ਰਮਾ 11 ਗੇਂਦਾਂ ਵਿੱਚ 10 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। ਅਕੀਲ ਹੁਸੈਨ ਨੇ ਅਭਿਸ਼ੇਕ ਦਾ ਵਿਕਟ ਲਿਆ।

ਅਭਿਸ਼ੇਕ ਸ਼ਰਮਾ ਦੇ ਆਉਟ ਹੋਣ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਈਸ਼ਾਨ ਕਿਸ਼ਨ ਵੀ 10 ਦੌੜਾਂ ਬਣਾ ਕੇ ਹੀ ਆਉਟ ਹੋ ਗਏ। ਉਨ੍ਹਾਂ ਦਾ ਵਿਕਟ ਹੋਲਡਰ ਨੇ ਲਿਆ।

ਦੋ ਵਿਕਟ ਜਲਦੀ ਡਿੱਗਣ ਤੋਂ ਬਾਅਦ ਸੰਜੂ ਸੈਮਸਨ ਦੇ ਨਾਲ ਮਿਲ ਕੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਭਾਰਤ ਦੀ ਪਾਰੀ ਨੂੰ ਸੰਭਾਲਿਆ। ਪਰ ਕਪਤਾਨ ਸੂਰਿਆਕੁਮਾਰ 18 ਦੌੜਾਂ ਬਣਾ ਕੇ ਪਵੇਲੀਅਨ ਮੁੜ ਗਏ।

ਹਾਲਾਂਕਿ ਸੂਰਿਆਕੁਮਾਰ ਅਤੇ ਸੰਜੂ ਸੈਮਸਨ ਵਿਚਕਾਰ ਤੀਜੇ ਵਿਕਟ ਲਈ 35 ਗੇਂਦਾਂ 'ਤੇ 58 ਦੌੜਾਂ ਦੀ ਪਾਰਟਨਰਸ਼ਿਪ ਹੋਈ।

ਸੰਜੂ ਸੈਮਸਨ ਪਿੱਚ ਦੇ ਇੱਕ ਸਿਰੇ 'ਤੇ ਮਜ਼ਬੂਤੀ ਨਾਲ ਡਟੇ ਰਹੇ। ਤਿਲਕ ਵਰਮਾ ਨੇ 15 ਗੇਂਦਾਂ 'ਤੇ 27 ਦੌੜਾਂ ਦੀ ਪਾਰੀ ਖੇਡ ਕੇ ਸੰਜੂ ਸੈਮਸਨ ਦਾ ਚੰਗਾ ਸਾਥ ਦਿੱਤਾ।

ਸੰਜੂ ਸੈਮਸਨ ਅਤੇ ਤਿਲਕ ਵਰਮਾ ਵਿਚਕਾਰ ਚੌਥੇ ਵਿਕਟ ਲਈ 42 ਦੌੜਾਂ ਦੀ ਪਾਰਟਨਰਸ਼ਿਪ ਹੋਈ।

ਇਸ ਤੋਂ ਬਾਅਦ ਹਾਰਦਿਕ ਪਾਂਡਿਆ ਦੇ ਨਾਲ ਮਿਲ ਕੇ ਸੰਜੂ ਸੈਮਸਨ ਭਾਰਤ ਨੂੰ ਜਿੱਤ ਦੇ ਨੇੜੇ ਲੈ ਗਏ। ਹਾਲਾਂਕਿ 179 ਦੇ ਸਕੋਰ 'ਤੇ ਹਾਰਦਿਕ ਪੰਡਿਆ ਆਉਟ ਹੋ ਗਏ।

ਪਰ ਸੰਜੂ ਸੈਮਸਨ ਆਖ਼ਿਰ ਤੱਕ ਡਟੇ ਰਹੇ ਅਤੇ ਉਨ੍ਹਾਂ ਨੇ 97 ਦੌੜਾਂ ਦੀ ਨਾਬਾਦ ਪਾਰੀ ਖੇਡ ਕੇ ਟੀਮ ਨੂੰ ਸੈਮੀਫਾਈਨਲ ਵਿੱਚ ਪਹੁੰਚਾ ਦਿੱਤਾ।

ਹੋਲਡਰ ਨੇ ਵੈਸਟਇੰਡੀਜ਼ ਲਈ ਸੰਭਾਲਿਆ ਸੀ ਮੋਰਚਾ

ਹੋਲਡਰ

ਤਸਵੀਰ ਸਰੋਤ, Getty Images

ਟਾਸ ਹਾਰਣ ਤੋਂ ਬਾਅਦ ਬੱਲੇਬਾਜ਼ੀ ਕਰਨ ਉਤਰੀ ਵੈਸਟਇੰਡੀਜ਼ ਟੀਮ ਦੀ ਸ਼ੁਰੂਆਤ ਸੰਭਲੀ ਹੋਈ ਰਹੀ। ਪਰ ਭਾਰਤ ਦੇ ਗੇਂਦਬਾਜ਼ਾਂ ਨੇ ਮਿਡਲ ਓਵਰਾਂ ਵਿੱਚ ਜ਼ਬਰਦਸਤ ਵਾਪਸੀ ਕੀਤੀ।

ਵੈਸਟਇੰਡੀਜ਼ ਨੇ 20 ਓਵਰਾਂ ਵਿੱਚ ਚਾਰ ਵਿਕਟ ਗੁਆ ਕੇ 195 ਦੌੜਾਂ ਬਣਾਈਆਂ। ਵੈਸਟਇੰਡੀਜ਼ ਲਈ ਹੋਲਡਰ ਨੇ 22 ਗੇਂਦਾਂ ਵਿੱਚ 37 ਅਤੇ ਪਾਵੇਲ ਨੇ 19 ਗੇਂਦਾਂ ਵਿੱਚ 34 ਦੌੜਾਂ ਦੀ ਨਾਬਾਦ ਪਾਰੀ ਖੇਡੀ।

ਭਾਰਤ ਲਈ ਜਸਪ੍ਰੀਤ ਬੁਮਰਾਹ ਨੇ ਚਾਰ ਓਵਰਾਂ ਵਿੱਚ 36 ਦੌੜਾਂ ਦੇ ਕੇ ਦੋ ਵਿਕਟ ਲਏ। ਹਾਰਦਿਕ ਪਾਂਡਿਆ ਅਤੇ ਵਰੁਣ ਚਕਰਵਰਤੀ ਦੇ ਖਾਤੇ ਇੱਕ-ਇੱਕ ਵਿਕਟ ਆਇਆ।

ਬੁਮਰਾਹ ਨੇ 12ਵੇਂ ਓਵਰ ਵਿੱਚ ਕਮਾਲ ਕੀਤਾ। ਇਸ ਓਵਰ ਦੀ ਤੀਜੀ ਗੇਂਦ 'ਤੇ ਉਨ੍ਹਾਂ ਨੇ ਹੇਟਮਾਇਰ ਦਾ ਵਿਕਟ ਲਿਆ, ਜਦਕਿ ਪੰਜਵੀਂ ਗੇਂਦ 'ਤੇ ਰੋਸਟਨ ਚੇਜ਼ ਨੂੰ ਆਉਟ ਕੀਤਾ।

ਵੈਸਟਇੰਡੀਜ਼ ਲਈ ਹੇਟਮਾਇਰ ਨੇ 12 ਗੇਂਦਾਂ ਵਿੱਚ 27 ਦੌੜਾਂ ਬਣਾਈਆਂ। ਜਦਕਿ ਚੇਜ਼ ਨੇ 25 ਗੇਂਦਾਂ ਵਿੱਚ 40 ਦੌੜਾਂ ਦੀ ਪਾਰੀ ਖੇਡੀ। ਕਪਤਾਨ ਸ਼ੇ ਹੋਪ ਨੇ 33 ਗੇਂਦਾਂ ਵਿੱਚ 32 ਦੌੜਾਂ ਬਣਾਈਆਂ।

ਪਰ ਹੋਲਡਰ ਅਤੇ ਪਾਵੇਲ ਨੇ ਵੈਸਟਇੰਡੀਜ਼ ਲਈ ਆਖ਼ਰੀ ਓਵਰਾਂ ਵਿੱਚ ਚੰਗੀ ਪਾਰਟਨਰਸ਼ਿਪ ਕੀਤੀ। ਦੋਵਾਂ ਦੇ ਵਿਚਕਾਰ ਪੰਜਵੇਂ ਵਿਕਟ ਲਈ 35 ਗੇਂਦਾਂ ਵਿੱਚ 76 ਦੌੜਾਂ ਦੀ ਸਾਂਝੇਦਾਰੀ ਬਣੀ।

ਇਨ੍ਹਾਂ ਦੋਵਾਂ ਦੀ ਪਾਰਟਨਰਸ਼ਿਪ ਦੀ ਬਦੌਲਤ ਹੀ ਵੈਸਟਇੰਡੀਜ਼ ਦੀ ਟੀਮ 20 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ 'ਤੇ 196 ਦੌੜਾਂ ਤੱਕ ਪਹੁੰਚਣ ਵਿੱਚ ਕਾਮਯਾਬ ਰਹੀ।

ਸੈਮੀਫਾਈਨਲ ਵਿੱਚ ਇਨ੍ਹਾਂ ਚਾਰ ਟੀਮਾਂ ਦੀ ਐਂਟਰੀ

ਭਾਰਤੀ ਟੀਮ

ਤਸਵੀਰ ਸਰੋਤ, Getty Images

ਕੋਲਕਾਤਾ ਦੇ ਈਡਨ ਗਾਰਡਨਜ਼ ਸਟੇਡੀਅਮ ਵਿੱਚ ਖੇਡੇ ਜਾ ਰਹੇ ਇਸ ਮੁਕਾਬਲੇ ਵਿੱਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।

ਇਸ ਮੈਚ ਲਈ ਭਾਰਤ ਦੀ ਪਲੇਇੰਗ 11 ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਸੀ। ਦੂਜੇ ਪਾਸੇ, ਵੈਸਟਇੰਡੀਜ਼ ਦੀ ਟੀਮ ਵਿੱਚ ਇੱਕ ਤਬਦੀਲੀ ਕੀਤੀ ਗਈ। ਵੈਸਟਇੰਡੀਜ਼ ਦੀ ਪਲੇਇੰਗ 11 ਵਿੱਚ ਅਕੀਲ ਹੁਸੈਨ ਦੀ ਵਾਪਸੀ ਹੋਈ ਅਤੇ ਬ੍ਰੈਂਡਨ ਕਿੰਗ ਨੂੰ ਬਾਹਰ ਰੱਖਿਆ ਗਿਆ।

ਭਾਰਤ ਅਤੇ ਵੈਸਟਇੰਡੀਜ਼ ਦੇ ਵਿਚਕਾਰ ਖੇਡਿਆ ਗਿਆ ਇਹ ਮੁਕਾਬਲਾ ਵਰਚੁਅਲ ਕਵਾਰਟਰ ਫਾਈਨਲ ਸੀ।

ਭਾਰਤ ਤੋਂ ਇਲਾਵਾ ਇੰਗਲੈਂਡ, ਨਿਊਜ਼ੀਲੈਂਡ ਅਤੇ ਦੱਖਣੀ ਅਫ਼ਰੀਕਾ ਸੈਮੀਫਾਈਨਲ ਵਿੱਚ ਪਹੁੰਚ ਚੁੱਕੇ ਹਨ।

ਚਾਰ ਮਾਰਚ ਨੂੰ ਪਹਿਲੇ ਸੈਮੀਫਾਈਨਲ ਵਿੱਚ ਦੱਖਣੀ ਅਫ਼ਰੀਕਾ ਦੀ ਟੱਕਰ ਨਿਊਜ਼ੀਲੈਂਡ ਨਾਲ ਹੋਵੇਗੀ।

ਹੁਣ ਗੱਲ ਕਰਦੇ ਹਾਂ ਸੰਜੂ ਸੈਮਸਨ ਦੀ ਪਰਫਾਰਮੈਂਸ ਦੀ....

'ਜਸਟਿਸ ਫ਼ਾਰ ਸੰਜੂ ਸੈਮਸਨ'

ਸੰਜੂ ਸੈਮਸਨ

ਤਸਵੀਰ ਸਰੋਤ, Getty Images

ਪਿਛਲੇ 10 ਸਾਲਾਂ ਵਿੱਚ ਪਤਾ ਨਹੀਂ ਕਿੰਨੀ ਵਾਰ ਇਹ ਲਾਈਨ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਟ੍ਰੈਂਡ ਕਰਦੀ ਨਜ਼ਰ ਆਈ।

ਪਰ ਐਤਵਾਰ ਨੂੰ ਕੋਲਕਾਤਾ ਦੇ ਈਡਨ ਗਾਰਡਨਜ਼ ਸਟੇਡੀਅਮ ਵਿੱਚ ਸੰਜੂ ਸੈਮਸਨ ਨੇ ਅਜਿਹਾ ਕਮਾਲ ਕੀਤਾ ਕਿ ਅਕਸਰ ਟ੍ਰੈਂਡ ਹੋਣ ਵਾਲੀ ਇਹ ਲਾਈਨ ਬਦਲ ਗਈ।

ਸੰਜੂ ਸੈਮਸਨ ਨੇ ਟੀ-20 ਵਰਲਡ ਕੱਪ ਦੇ ਵਰਚੁਅਲ ਕਵਾਰਟਰ ਫਾਈਨਲ ਵਿੱਚ ਵੈਸਟਇੰਡੀਜ਼ ਦੇ ਖ਼ਿਲਾਫ਼ 50 ਗੇਂਦਾਂ 'ਚ 97 ਦੌੜਾਂ ਦੀ ਪਾਰੀ ਖੇਡ ਕੇ ਭਾਰਤ ਨੂੰ ਸੈਮੀਫਾਈਨਲ ਦਾ ਟਿਕਟ ਦਿਵਾ ਦਿੱਤਾ।

ਅਤੇ ਸੰਜੂ ਦੀ ਇਸ ਪਾਰੀ ਤੋਂ ਬਾਅਦ ਸਭ ਤੋਂ ਵੱਧ ਜ਼ਿਕਰ ਜੇ ਕਿਸੇ ਗੱਲ ਦਾ ਹੋਇਆ ਤਾਂ ਉਹ ਸੀ, 'ਫਾਇਨਲੀ ਜਸਟਿਸ ਫ਼ਾਰ ਸੰਜੂ ਸੈਮਸਨ ਹੈਪਨ।'

ਪਰ ਟ੍ਰੈਂਡ ਦੇ 'ਜਸਟਿਸ ਫ਼ਾਰ ਸੰਜੂ ਸੈਮਸਨ' ਤੋਂ 'ਫਾਇਨਲੀ ਜਸਟਿਸ ਫ਼ਾਰ ਸੰਜੂ ਸੈਮਸਨ ਹੈਪਨ' ਹੋਣ ਤੱਕ ਸੰਜੂ ਸੈਮਸਨ ਨੂੰ ਕਿੰਨਾ ਮੁਸ਼ਕਲ ਅਤੇ ਲੰਮਾ ਸਫ਼ਰ ਤੈਅ ਕਰਨਾ ਪਿਆ ਹੈ, ਇਹ ਸ਼ਾਇਦ ਉਨ੍ਹਾਂ ਤੋਂ ਬਿਹਤਰ ਕੋਈ ਹੋਰ ਬਿਆਨ ਵੀ ਨਹੀਂ ਕਰ ਸਕਦਾ ਸੀ।

ਭਾਰਤ ਦੀ ਜਿੱਤ ਤੋਂ ਬਾਅਦ ਉਹ ਮੈਦਾਨ 'ਤੇ ਗੋਡੇ ਟੇਕ ਕੇ ਬੈਠ ਗਏ ਤੇ ਆਸਮਾਨ ਵੱਲ ਇਸ ਤਰ੍ਹਾਂ ਦੇਖ ਰਹੇ ਸਨ ਜਿਵੇਂ ਉਨ੍ਹਾਂ ਦਾ ਸਾਲਾਂ ਪੁਰਾਣਾ ਸੁਪਨਾ ਪੂਰਾ ਹੋ ਗਿਆ ਹੋਵੇ।

ਸੰਜੂ ਸੈਮਸਨ ਦੀ ਪਛਾਣ ਇੱਕ ਅਜਿਹੇ ਖਿਡਾਰੀ ਵਜੋਂ ਰਹੀ ਹੈ ਜੋ ਗੱਲਾਂ ਨੂੰ ਖੁੱਲ੍ਹ ਕੇ ਜ਼ਾਹਿਰ ਨਹੀਂ ਕਰਦਾ। ਪਰ ਸੰਜੂ ਸੈਮਸਨ ਦੀ ਇਸ ਪਾਰੀ ਤੋਂ ਬਾਅਦ ਬਹੁਤ ਕੁਝ ਬਦਲ ਗਿਆ ਹੈ।

ਉਨ੍ਹਾਂ ਨੇ ਹੁਣ ਖੁੱਲ੍ਹ ਕੇ ਆਪਣੇ ਜਜ਼ਬਾਤ ਜ਼ਾਹਿਰ ਕੀਤੇ। ਮੈਚ ਤੋਂ ਬਾਅਦ ਉਨ੍ਹਾਂ ਕਿਹਾ, "ਸ਼ਾਇਦ ਇਹ ਪਾਰੀ ਮੇਰੇ ਲਈ ਪੂਰੀ ਦੁਨੀਆ ਹੈ। ਜਿਸ ਦਿਨ ਤੋਂ ਮੈਂ ਖੇਡਣ ਦੀ ਸ਼ੁਰੂਆਤ ਕੀਤੀ ਸੀ, ਜਿਸ ਦਿਨ ਤੋਂ ਮੈਂ ਦੇਸ਼ ਲਈ ਖੇਡਣ ਦਾ ਸੁਪਨਾ ਦੇਖਿਆ ਸੀ, ਉਸੇ ਦਿਨ ਤੋਂ ਮੈਨੂੰ ਇਸ ਦਾ ਸਭ ਤੋਂ ਵੱਧ ਇੰਤਜ਼ਾਰ ਸੀ।"

ਲੰਮਾ ਇੰਤਜ਼ਾਰ

ਸੰਜੂ ਸੈਮਸਨ

ਤਸਵੀਰ ਸਰੋਤ, Getty Images

ਪਿਛਲੇ ਦੋ ਦਹਾਕਿਆਂ ਵਿੱਚ ਭਾਰਤ ਵਿੱਚ ਰੋਹਿਤ ਸ਼ਰਮਾ ਤੋਂ ਬਾਅਦ ਕਿਸੇ ਖਿਡਾਰੀ ਨੂੰ ਮੋਸਟ ਗਿਫਟਿਡ ਪਲੇਅਰ ਵਜੋਂ ਰੇਟ ਕੀਤਾ ਗਿਆ ਤਾਂ ਉਹ ਨਾਮ ਸੰਜੂ ਸੈਮਸਨ ਦਾ ਹੀ ਰਿਹਾ।

ਰੋਹਿਤ ਸ਼ਰਮਾ ਦੀ ਤਰ੍ਹਾਂ ਸੰਜੂ ਸੈਮਸਨ ਵੀ ਨੈਚੁਰਲ ਪੁਲਰ ਹਨ ਅਤੇ ਬਿਨਾਂ ਕੋਈ ਖਾਸ ਜ਼ੋਰ ਲਗਾਏ ਸਿਰਫ਼ ਟਾਈਮਿੰਗ ਦੇ ਬਲਬੂਤੇ ਲੰਮੇ-ਲੰਮੇ ਛੱਕੇ ਲਗਾਉਣ ਦੀ ਸਮਰੱਥਾ ਰੱਖਦੇ ਹਨ।

ਸੰਜੂ ਸੈਮਸਨ ਨੇ 17 ਸਾਲ ਦੀ ਉਮਰ ਵਿੱਚ ਫਰਸਟ ਕਲਾਸ ਕ੍ਰਿਕਟ ਵਿੱਚ ਡੈਬਿਊ ਕੀਤਾ ਸੀ। ਪਹਿਲੇ ਸੀਜ਼ਨ ਵਿੱਚ ਉਹ ਕੁਝ ਖਾਸ ਨਹੀਂ ਕਰ ਸਕੇ। ਪਰ ਅਗਲੇ ਹੀ ਸੀਜ਼ਨ ਵਿੱਚ ਸੰਜੂ ਸੈਮਸਨ ਨੇ ਜ਼ਬਰਦਸਤ ਵਾਪਸੀ ਕੀਤੀ ਅਤੇ ਪੰਜ ਪਾਰੀਆਂ ਵਿੱਚ ਦੋ ਸੈਂਕੜੇ ਅਤੇ ਇੱਕ ਅਰਧ-ਸੈਂਕੜਾ ਜੜਿਆ।

ਅਗਲੇ ਹੀ ਸਾਲ ਰਾਜਸਥਾਨ ਰਾਇਲਜ਼ ਨੇ ਉਨ੍ਹਾਂ 'ਤੇ ਦਾਅ ਲਗਾਇਆ। ਸੰਜੂ ਸੈਮਸਨ ਨੂੰ ਰਾਜਸਥਾਨ ਰਾਇਲਜ਼ ਵਿੱਚ ਚੁਣਦੇ ਸਮੇਂ ਉਸ ਵੇਲੇ ਟੀਮ ਦੇ ਕੋਚ ਰਹੇ ਰਾਹੁਲ ਦ੍ਰਾਵਿੜ ਨੇ ਕਿਹਾ ਸੀ, "ਸੰਜੂ ਸੈਮਸਨ ਉਨ੍ਹਾਂ ਕੁਝ ਖਿਡਾਰੀਆਂ ਵਿੱਚੋਂ ਹਨ ਜੋ ਟੀਮ ਇੰਡੀਆ ਦਾ ਭਵਿੱਖ ਹੋਣਗੇ।"

ਆਈਪੀਐਲ ਵਿੱਚ ਸ਼ੁਰੂਆਤੀ ਸਾਲਾਂ ਵਿੱਚ ਚੰਗੇ ਪ੍ਰਦਰਸ਼ਨ ਦਾ ਸੰਜੂ ਸੈਮਸਨ ਨੂੰ ਇਨਾਮ ਵੀ ਮਿਲਿਆ ਅਤੇ ਸਾਲ 2015 ਵਿੱਚ ਉਨ੍ਹਾਂ ਨੂੰ ਜਿੰਮਬਾਵੇ ਦੌਰੇ ਲਈ ਭਾਰਤੀ ਟੀਮ ਵਿੱਚ ਚੁਣਿਆ ਗਿਆ।

ਇਸ ਦੌਰੇ 'ਤੇ ਉਨ੍ਹਾਂ ਨੂੰ ਟੀਮ ਇੰਡੀਆ ਲਈ ਟੀ20 ਕ੍ਰਿਕਟ ਵਿੱਚ ਡੈਬਿਊ ਕਰਨ ਦਾ ਮੌਕਾ ਤਾਂ ਮਿਲਿਆ, ਪਰ ਉਨ੍ਹਾਂ ਦੇ ਬੱਲੇ ਤੋਂ ਸਿਰਫ਼ 19 ਦੌੜਾਂ ਦੀ ਪਾਰੀ ਹੀ ਨਿਕਲ ਸਕੀ।

ਇਸ ਤੋਂ ਬਾਅਦ ਉਨ੍ਹਾਂ ਨੂੰ ਟੀਮ ਵਿੱਚ ਵਾਪਸੀ ਕਰਨ ਲਈ 2019 ਤੱਕ ਇੰਤਜ਼ਾਰ ਕਰਨਾ ਪਿਆ। ਆਈਪੀਐਲ ਅਤੇ ਘਰੇਲੂ ਕ੍ਰਿਕਟ ਵਿੱਚ ਚੰਗੇ ਪ੍ਰਦਰਸ਼ਨ ਦੇ ਬਾਵਜੂਦ ਸੰਜੂ ਸੈਮਸਨ 2024 ਤੱਕ ਟੀਮ ਵਿੱਚ ਆਪਣੀ ਜਗ੍ਹਾ ਪੱਕੀ ਨਹੀਂ ਕਰ ਸਕੇ।

ਸੰਜੂ ਸੈਮਸਨ

ਤਸਵੀਰ ਸਰੋਤ, Getty Images

2024 ਵਿੱਚ ਉਹ ਕਿਸੇ ਤਰ੍ਹਾਂ ਟੀ20 ਵਰਲਡ ਕੱਪ ਲਈ ਭਾਰਤੀ ਟੀਮ ਵਿੱਚ ਜਗ੍ਹਾ ਬਣਾਉਣ ਵਿੱਚ ਤਾਂ ਕਾਮਯਾਬ ਰਹੇ। ਪਰ ਉਨ੍ਹਾਂ ਦੇ ਹਿੱਸੇ ਉਦੋਂ ਵੀ ਮੈਦਾਨ ਨਹੀਂ ਬਲਕਿ ਬੈਂਚ 'ਤੇ ਇੰਤਜ਼ਾਰ ਹੀ ਆਇਆ।

ਸ਼ਾਇਦ ਵਰਲਡ ਕੱਪ ਦੌਰਾਨ ਬੈਂਚ 'ਤੇ ਇੰਤਜ਼ਾਰ ਕਰਨ ਦਾ ਹੀ ਗੁੱਸਾ ਸੀ ਕਿ ਇਸ ਤੋਂ ਬਾਅਦ ਜਿਵੇਂ ਹੀ ਉਨ੍ਹਾਂ ਨੂੰ ਪਲੇਇੰਗ 11 ਵਿੱਚ ਜਗ੍ਹਾ ਮਿਲੀ ਤਾਂ ਉਨ੍ਹਾਂ ਨੇ ਸਿਰਫ਼ ਪੰਜ ਟੀ20 ਇੰਟਰਨੈਸ਼ਨਲ ਮੈਚਾਂ ਵਿੱਚ ਤਿੰਨ ਸੈਂਕੜੇ ਜੜ ਦਿੱਤੇ।

ਹਾਲਾਂਕਿ ਇੱਥੋਂ ਵੀ ਉਨ੍ਹਾਂ ਲਈ ਟੀਮ ਵਿੱਚ ਜਗ੍ਹਾ ਪੱਕੀ ਨਹੀਂ ਹੋਈ ਅਤੇ ਅਜਿਹੀ ਪਰਫਾਰਮੈਂਸ ਦੇ ਬਾਵਜੂਦ ਉਹ ਟੀਮ ਲਈ ਐਕਸਪਰਿਮੈਂਟਸ ਦਾ ਹਿੱਸਾ ਬਣ ਕੇ ਰਹੇ।

ਪਿਛਲੇ ਸਾਲ ਸ਼ੁਭਮਨ ਗਿੱਲ ਨੂੰ ਟਾਪ ਆਰਡਰ ਵਿੱਚ ਫਿੱਟ ਕਰਨ ਲਈ ਉਨ੍ਹਾਂ ਨੂੰ ਓਪਨਿੰਗ ਤੋਂ ਮਿਡਲ ਆਰਡਰ ਵਿੱਚ ਸ਼ਿਫਟ ਕਰ ਦਿੱਤਾ ਗਿਆ। ਜਦੋਂ ਸ਼ੁਭਮਨ ਦਾ ਦਾਅ ਨਹੀਂ ਚੱਲਿਆ ਅਤੇ ਉਨ੍ਹਾਂ ਨੂੰ ਵਰਲਡ ਕੱਪ ਤੋਂ ਠੀਕ ਪਹਿਲਾਂ ਦੁਬਾਰਾ ਓਪਨਿੰਗ ਕਰਨ ਦਾ ਮੌਕਾ ਮਿਲਿਆ ਤਾਂ ਫਾਰਮ ਨੇ ਸਾਥ ਛੱਡ ਦਿੱਤਾ।

ਇਸ ਪਾਰੀ ਤੋਂ ਪਹਿਲਾਂ 12 ਪਾਰੀਆਂ ਤੱਕ ਉਨ੍ਹਾਂ ਦੇ ਬੱਲੇ ਤੋਂ ਅਰਧ-ਸੈਂਕੜਾ ਵੀ ਨਹੀਂ ਨਿਕਲਿਆ।

ਅਤੇ ਫਿਰ ਇਸੇ ਵਰਲਡ ਕੱਪ ਦੀ ਸ਼ੁਰੂਆਤ ਵਿੱਚ ਭਾਰਤੀ ਟੀਮ ਵਿੱਚ ਉਨ੍ਹਾਂ ਦੀ ਜਗ੍ਹਾ ਲੈ ਉੱਡੇ ਜ਼ੋਰਦਾਰ ਕਮਬੈਕ ਕਰਨ ਵਾਲੇ ਈਸ਼ਾਨ ਕਿਸ਼ਨ।

ਸੋਚੋ ਕਿ ਦੋ ਮੈਚ ਪਹਿਲਾਂ ਤੱਕ ਉਨ੍ਹਾਂ 'ਤੇ ਉਦੋਂ ਕੀ ਬੀਤੀ ਹੋਵੇਗੀ ਜਦੋਂ ਅਭਿਸ਼ੇਕ ਸ਼ਰਮਾ ਦੇ ਫਲਾਪ ਸ਼ੋਅ ਤੋਂ ਬਾਅਦ ਕਪਤਾਨ ਸੂਰਿਆਕੁਮਾਰ ਯਾਦਵ ਤੋਂ ਪ੍ਰੈਸ ਕਾਨਫਰੈਂਸ ਵਿੱਚ ਪੁੱਛਿਆ ਗਿਆ ਕਿ ਕੀ ਸੰਜੂ ਸੈਮਸਨ ਨੂੰ ਟੀਮ ਵਿੱਚ ਜਗ੍ਹਾ ਮਿਲੇਗੀ?

ਅਤੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਕਿਹਾ, "ਮਤਲਬ ਤੁਸੀਂ ਕਹਿ ਰਹੇ ਹੋ ਕਿ ਮੈਂ ਅਭਿਸ਼ੇਕ ਦੀ ਜਗ੍ਹਾ ਉਨ੍ਹਾਂ ਨੂੰ ਖਿਡਾਵਾਂ, ਜਾਂ ਨੰਬਰ ਤਿੰਨ 'ਤੇ ਤਿਲਕ ਦੀ ਜਗ੍ਹਾ?"

ਇਹ ਜਵਾਬ ਦੇ ਕੇ ਸੂਰਿਆਕੁਮਾਰ ਯਾਦਵ ਹੱਸਣ ਲੱਗ ਪਏ। ਹਾਲਾਂਕਿ ਦੱਖਣੀ ਅਫਰੀਕਾ ਦੇ ਖ਼ਿਲਾਫ਼ ਭਾਰਤ ਦੀ ਹਾਰ ਨੇ ਸੰਜੂ ਸੈਮਸਨ ਲਈ ਵਾਪਸੀ ਦਾ ਰਾਹ ਬਣਾਇਆ।

ਫਿਰ ਨਾ ਸਿਰਫ਼ ਕਪਤਾਨ ਸੂਰਿਆਕੁਮਾਰ ਦੀ ਜ਼ੁਬਾਨ ਦੇ ਸ਼ਬਦ ਬਦਲੇ ਬਲਕਿ ਉਨ੍ਹਾਂ ਨੇ ਮੈਚ ਤੋਂ ਬਾਅਦ ਮੈਦਾਨ 'ਤੇ ਐਂਟਰੀ ਕਰਦੇ ਹੋਏ ਕੈਪ ਉਤਾਰ ਕੇ ਅਤੇ ਸਿਰ ਝੁਕਾ ਕੇ ਸੰਜੂ ਸੈਮਸਨ ਦੀ ਕਾਬਲੀਅਤ ਦਾ ਲੋਹਾ ਵੀ ਮੰਨਿਆ।

ਜਦੋਂ ਸੰਜੂ ਸੈਮਸਨ ਨੇ ਭਾਰਤ ਨੂੰ ਸੈਮੀਫਾਈਨਲ ਦਾ ਟਿਕਟ ਦਿਵਾਇਆ ਤਾਂ ਸੂਰਿਆਕੁਮਾਰ ਯਾਦਵ ਨੇ ਕਿਹਾ, "ਮੈਂ ਹਮੇਸ਼ਾ ਕਹਿੰਦਾ ਹਾਂ ਕਿ ਚੰਗੇ ਲੋਕ ਜੋ ਇੰਤਜ਼ਾਰ ਕਰਦੇ ਹਨ, ਉਨ੍ਹਾਂ ਨਾਲ ਚੰਗਾ ਹੁੰਦਾ ਹੈ। ਇਹ ਉਨ੍ਹਾਂ ਦੀ ਸਖਤ ਮਿਹਨਤ ਹੈ ਜੋ ਉਨ੍ਹਾਂ ਨੇ ਉਦੋਂ ਕੀਤੀ ਜਦੋਂ ਉਹ ਟੀਮ ਇੰਡੀਆ ਲਈ ਨਹੀਂ ਖੇਡ ਰਹੇ ਸਨ। ਅਤੇ ਹੁਣ ਉਨ੍ਹਾਂ ਨੂੰ ਉਸ ਦਾ ਫਲ ਮਿਲਿਆ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)