ਈਰਾਨ ਦੀ ਸ਼ਹਿਜ਼ਾਦੀ ਅਸ਼ਰਫ ਪਹਿਲਵੀ ਦੀ ਕਹਾਣੀ ਜਿਸ ਨੇ ਹਿਜਾਬ ਪਹਿਨਣ ਤੋਂ ਮਨ੍ਹਾਂ ਕੀਤਾ ਅਤੇ 'ਆਪ੍ਰੇਸ਼ਨ ਅਜੈਕਸ' 'ਚ ਅਹਿਮ ਭੂਮਿਕਾ ਨਿਭਾਈ

ਅਸ਼ਰਫ਼ ਪਹਿਲਵੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਜਕੁਮਾਰੀ ਅਸ਼ਰਫ਼ ਪਹਿਲਵੀ ਈਰਾਨ ਦੇ ਸ਼ਾਹ ਦੀ ਜੌੜੀ ਭੈਣ ਸੀ
    • ਲੇਖਕ, ਵਕਾਰ ਮੁਸਤਫਾ
    • ਰੋਲ, ਪੱਤਰਕਾਰ ਅਤੇ ਖੋਜਕਾਰ

"ਕੀ ਤੁਸੀਂ ਆਦਮੀ ਹੋ ਜਾਂ ਚੂਹਾ?" — ਇਹ ਸਵਾਲ ਈਰਾਨ ਦੇ ਸ਼ਾਹ ਨੂੰ ਕਿਸੇ ਹੋਰ ਨੇ ਨਹੀਂ ਸਗੋਂ ਉਨ੍ਹਾਂ ਦੀ ਜੌੜੀ ਭੈਣ ਸ਼ਹਿਜ਼ਾਦੀ ਅਸ਼ਰਫ ਪਹਿਲਵੀ ਨੇ ਪੁੱਛਿਆ ਸੀ।

ਮਈ 1972 ਦੇ ਇੱਕ ਅਮਰੀਕੀ ਖ਼ੁਫ਼ੀਆ ਦਸਤਾਵੇਜ਼ 'ਸੈਂਟਰਜ਼ ਆਫ਼ ਪਾਵਰ' ਦੇ ਅਨੁਸਾਰ, ਜਦੋਂ ਅਮਰੀਕੀ ਰਾਜਦੂਤ ਨੇ ਈਰਾਨ ਦੇ ਸ਼ਾਹ ਨੂੰ ਸਿਆਸਤ ਤੋਂ ਦੂਰ ਰਹਿਣ ਅਤੇ ਕੌਮੀ ਏਕਤਾ ਦਾ ਪ੍ਰਤੀਕ ਬਣਨ ਦੀ ਸਲਾਹ ਦਿੱਤੀ ਤਾਂ ਉਨ੍ਹਾਂ ਨੇ ਹਲਕੀ ਜਿਹੀ ਮੁਸਕਰਾਹਟ ਨਾਲ ਕਿਹਾ, "ਅਸ਼ਰਫ ਨੇ ਕੱਲ੍ਹ ਮੈਨੂੰ ਪੁੱਛਿਆ ਸੀ ਕਿ ਕੀ ਮੈਂ ਆਦਮੀ ਹਾਂ ਜਾਂ ਚੂਹਾ?"

ਸਟੀਫਨ ਕਿਨਜ਼ਰ ਨੇ ਆਪਣੀ ਕਿਤਾਬ 'ਆਲ ਦਿ ਸ਼ਾਹਜ਼ ਮੈਨ' ਵਿੱਚ ਲਿਖਿਆ ਹੈ, "ਸ਼ਹਿਜ਼ਾਦੀ ਅਸ਼ਰਫ ਦੇ ਆਪਣੇ ਭਰਾ ਨੂੰ ਝਿੜਕਣ ਦੀਆਂ ਕਹਾਣੀਆਂ ਹਰ ਕਿਸੇ ਦੇ ਬੁੱਲ੍ਹਾਂ 'ਤੇ ਸਨ।"

ਰਜ਼ਾ ਪਹਿਲਵੀ ਨੇ ਈਰਾਨ 'ਤੇ ਰਾਜ ਕਰਨਾ ਵਾਲੇ ਰਾਜਵੰਸ਼ ਦੀ ਸਥਾਪਨਾ ਕੀਤੀ ਸੀ। ਇੱਕ ਫੌਜੀ ਕਮਾਂਡਰ ਰਜ਼ਾ ਪਹਿਲਵੀ ਨੇ 15 ਦਸੰਬਰ 1925 ਨੂੰ ਸ਼ਾਹ ਦਾ ਤਾਜ ਆਪਣੇ ਸਿਰ ਉੱਤੇ ਰੱਖਿਆ ਸੀ।

ਇਸੇ ਰਜ਼ਾ ਪਹਿਲਵੀ ਅਤੇ ਤਾਜੁਲ-ਮੁਲੂਕ ਦੇ ਘਰ ਆਪਣੇ ਭਰਾ ਮੁਹੰਮਦ ਰਜ਼ਾ ਦੇ ਪੈਦਾ ਹੋਣ ਤੋਂ ਪੰਜ ਘੰਟੇ ਬਾਅਦ, 26 ਅਕਤੂਬਰ 1919 ਨੂੰ ਸ਼ਹਿਜ਼ਾਦੀ ਅਸ਼ਰਫ਼ ਮਲੂਕ ਦਾ ਜਨਮ ਹੋਇਆ ਸੀ। ਹਾਲਾਂਕਿ, ਉਸ ਸਮੇਂ ਸ਼ਹਿਜ਼ਾਦੀ ਦੇ ਪਿਤਾ ਸਿਰਫ਼ ਇੱਕ ਫੌਜੀ ਕਮਾਂਡਰ ਸਨ।

ਬਹਿਰਹਾਲ, ਬਾਅਦ ਵਿੱਚ ਰਜ਼ਾ ਪਹਿਲਵੀ ਦਾ ਪੁੱਤਰ ਅਤੇ ਸ਼ਹਿਜ਼ਾਦੀ ਦਾ ਭਰਾ ਮੁਹੰਮਦ ਰਜ਼ਾ ਈਰਾਨ ਦਾ ਸ਼ਾਹ ਬਣ ਗਿਆ।

ਲੰਬੇ ਅਰਸੇ ਤੱਕ ਲੁਕਾ ਕੇ ਰੱਖੀ ਗਈ ਅਮਰੀਕੀ ਖ਼ੁਫ਼ੀਆ ਏਜੰਸੀ ਸੀਆਈਏ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਰਜ਼ਾ ਵਿੱਚ ਫ਼ੈਸਲੇ ਲੈਣ ਦੀ ਸਮਰੱਥਾ ਨਹੀਂ ਸੀ। ਇਹ ਰਿਪੋਰਟ ਪਹਿਲੀ ਵਾਰ 2000 ਵਿੱਚ ਨਿਊਯਾਰਕ ਟਾਈਮਜ਼ ਵਿੱਚ ਪ੍ਰਕਾਸ਼ਿਤ ਹੋਈ ਸੀ।

ਇਸ ਦਸਤਾਵੇਜ਼ ਵਿੱਚ ਲਿਖਿਆ ਹੈ ਕਿ ਰਜ਼ਾ ਪਹਿਲਵੀ ਦੇ ਸ਼ਖਸੀਅਤ ਵਿੱਚ ਜੋ ਗੁਣ ਸਨ, ਉਹ ਉਨ੍ਹਾਂ ਦੇ ਪੁੱਤਰਾਂ ਨੂੰ ਨਹੀਂ ਮਿਲ ਸਕੇ।

ਹਿਜਾਬ ਛੱਡਣ ਵਾਲੀਆਂ ਔਰਤਾਂ ਵਿੱਚ ਸਭ ਤੋਂ ਅੱਗੇ

ਅਸ਼ਰਫ ਪਹਿਲਵੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਸ਼ਰਫ਼ ਪਹਿਲਵੀ ਪਹਿਲੀਆਂ ਈਰਾਨੀ ਔਰਤਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਰਵਾਇਤੀ ਹਿਜਾਬ ਤਿਆਗਿਆ ਸੀ

ਉਸ ਦਸਤਾਵੇਜ਼ ਦੇ ਅਨੁਸਾਰ, ਗੱਦੀ 'ਤੇ ਬੈਠਣ ਦੇ ਸ਼ੁਰੂਆਤੀ ਦਿਨਾਂ ਵਿੱਚ ਮੁਹੰਮਦ ਰਜ਼ਾ ਨੂੰ ਉਨ੍ਹਾਂ ਦੇ ਆਪਣੇ ਪਰਿਵਾਰ ਵਿੱਚ ਸਤਿਕਾਰ ਨਹੀਂ ਮਿਲਿਆ। ਉਨ੍ਹਾਂ ਦੀ ਮਾਂ ਵੀ ਉਨ੍ਹਾਂ ਨੂੰ ਨੀਵਾਂ ਸਮਝਦੀ ਸੀ।

"ਅਕਸਰ ਰਿਪੋਰਟ ਵਿੱਚ ਦੱਸਿਆ ਗਿਆ ਕਿ ਉਹ ਉਨ੍ਹਾਂ ਖ਼ਿਲਾਫ਼ ਸਾਜ਼ਿਸ਼ਾਂ ਕਰਦੀ ਰਹੀ ਅਤੇ ਆਪਣੇ ਦੂਜੇ ਪੁੱਤਰ ਅਲੀ ਨੂੰ ਇੱਕ ਬਿਹਤਰ ਉੱਤਰਾਧਿਕਾਰੀ ਵਜੋਂ ਅੱਗੇ ਵਧਾਉਂਦੀ ਰਹੀ। ਇੱਕ ਮੌਕੇ 'ਤੇ, ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ (ਸ਼ਹਿਜ਼ਾਦੀ) ਅਸ਼ਰਫ ਸ਼ਾਹ ਨਹੀਂ ਬਣੀ।"

ਵਾਸ਼ਿੰਗਟਨ ਪੋਸਟ ਦੇ ਬ੍ਰਾਇਨ ਮਰਫੀ ਦੇ ਅਨੁਸਾਰ, 1930 ਦੇ ਦਹਾਕੇ ਦੇ ਸ਼ੁਰੂ ਵਿੱਚ ਅਸ਼ਰਫ ਪਹਿਲਵੀ, ਉਨ੍ਹਾਂ ਦੀ ਵੱਡੀ ਭੈਣ ਸ਼ਮਸ ਅਤੇ ਉਨ੍ਹਾਂ ਦੀ ਮਾਂ ਰਵਾਇਤੀ ਹਿਜਾਬ ਨੂੰ ਤਿਆਗਣ ਵਾਲੀਆਂ ਪਹਿਲੀਆਂ ਈਰਾਨੀ ਔਰਤਾਂ ਵਿੱਚੋਂ ਸਨ।

ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦੇ ਅਨੁਸਾਰ, ਸਾਲ 1951 ਤੋਂ 1953 ਤੱਕ ਈਰਾਨ ਦੇ ਪ੍ਰਧਾਨ ਮੰਤਰੀ ਮੁਹੰਮਦ ਮੁਸਦਿਕ ਨੇ ਬ੍ਰਿਟਿਸ਼-ਅਧਿਕਾਰਤ ਤੇਲ ਭੰਡਾਰਾਂ ਦਾ ਰਾਸ਼ਟਰੀਕਰਨ ਕੀਤਾ, ਤਾਂ ਈਰਾਨ ਵਿੱਚ ਗੰਭੀਰ ਸਿਆਸੀ ਅਤੇ ਆਰਥਿਕ ਸੰਕਟ ਪੈਦਾ ਹਰੋ ਗਿਆ।

"ਮੁਸਦਿਕ ਅਤੇ ਸ਼ਾਹ ਵਿਚਕਾਰ ਲਗਾਤਾਰ ਸੱਤਾ ਸੰਘਰਸ਼ ਵਿੱਚ, ਜਦੋਂ ਸ਼ਾਹ ਨੇ ਅਗਸਤ 1953 ਵਿੱਚ ਮੁਸਦਿਕ ਨੂੰ ਉਖਾੜਨ ਦੀ ਕੋਸ਼ਿਸ਼ ਕੀਤੀ, ਤਾਂ ਮੁਸਦਿਕ ਦੇ ਸਮਰਥਕ ਸੜਕਾਂ 'ਤੇ ਉਤਰ ਆਏ ਅਤੇ ਸ਼ਾਹ ਤੇ ਉਨ੍ਹਾਂ ਦੀ ਭੈਣ, ਅਸ਼ਰਫ ਪਹਿਲਵੀ ਨੂੰ ਦੇਸ਼ ਛੱਡ ਕੇ ਭੱਜਣ ਲਈ ਮਜਬੂਰ ਕਰ ਦਿੱਤਾ।"

"ਪਰ ਕੁਝ ਹੀ ਦਿਨਾਂ ਵਿੱਚ ਮੁਸਦਿਕ ਦੇ ਵਿਰੋਧੀਆਂ ਨੇ ਅਮਰੀਕੀ ਅਤੇ ਬ੍ਰਿਟਿਸ਼ ਏਜੰਸੀਆਂ ਦੀ ਮਦਦ ਨਾਲ ਇੱਕ ਫੌਜੀ ਤਖ਼ਤਾਪਲਟ ਵਿੱਚ ਉਨ੍ਹਾਂ ਦੀ ਸਰਕਾਰ ਨੂੰ ਡੇਗ ਦਿੱਤਾ ਅਤੇ ਸ਼ਾਹ ਨੂੰ ਸੱਤਾ ਵਿੱਚ ਬਹਾਲ ਕਰ ਦਿੱਤਾ।"

1953 ਦੀ ਇਸ ਸਿਆਸੀ ਘਟਨਾ ਨੂੰ ' ਆਪ੍ਰੇਸ਼ਨ ਅਜੈਕਸ' ਵਜੋਂ ਜਾਣਿਆ ਜਾਂਦਾ ਹੈ।

'ਆਪ੍ਰੇਸ਼ਨ ਅਜੈਕਸ' ਅਤੇ ਰਾਜਕੁਮਾਰੀ

 ਅਸ਼ਰਫ਼ ਪਹਿਲਵੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਿਆਸੀ ਵਿਰੋਧੀਆਂ ਨੇ ਸ਼ਹਿਜ਼ਾਦੀ ਅਸ਼ਰਫ 'ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਵੀ ਲਗਾਏ, ਜਿਸ ਤੋਂ ਉਹ ਹਮੇਸ਼ਾ ਇਨਕਾਰ ਕਰਦੀ ਰਹੀ

ਸ਼ਹਿਜ਼ਾਦੀ ਅਸ਼ਰਫ਼ ਪਹਿਲਵੀ ਨੇ ਆਪ੍ਰੇਸ਼ਨ ਅਜੈਕਸ ਵਿੱਚ ਮੁੱਖ ਭੂਮਿਕਾ ਨਿਭਾਈ। ਉਨ੍ਹਾਂ ਨੇ ਮੁਹੰਮਦ ਰਜ਼ਾ ਸ਼ਾਹ ਨੂੰ ਅਮਰੀਕੀ ਅਤੇ ਬ੍ਰਿਟਿਸ਼ ਖ਼ੁਫ਼ੀਆ ਏਜੰਸੀਆਂ ਨੂੰ ਬਗ਼ਾਵਤ ਸ਼ੁਰੂ ਕਰਨ ਦੀ ਇਜਾਜ਼ਤ ਦੇਣ ਲਈ ਮਨਾ ਲਿਆ।

ਸ਼ਾਹ ਸ਼ੁਰੂ ਵਿੱਚ ਇਸ ਕਾਰਵਾਈ ਖ਼ਿਲਾਫ਼ ਸਨ ਅਤੇ ਕੁਝ ਸਮੇਂ ਲਈ ਆਪਣੀ ਮਨਜ਼ੂਰੀ ਦੇਣ ਤੋਂ ਇਨਕਾਰ ਕਰਦੇ ਰਹੇ। ਸਾਲ ਦੇ ਸ਼ੁਰੂ ਵਿੱਚ ਸੀਆਈਏ ਏਜੰਟਾਂ ਨੇ ਅਸ਼ਰਫ਼ ਨੂੰ ਆਪਣੇ ਭਰਾ ਨਾਲ ਗੱਲ ਕਰਨ ਲਈ ਕਿਹਾ।

ਇਤਿਹਾਸਕਾਰ ਸਟੀਫਨ ਕਿਨਜ਼ਰ ਆਪਣੀ ਕਿਤਾਬ ਆਲ ਦਿ ਸ਼ਾਹਜ਼ ਮੈਨ ਵਿੱਚ ਲਿਖਦੇ ਹਨ, "ਅਸ਼ਰਫ਼ ਉਸ ਵੇਲੇ ਫਰਾਂਸ ਦੇ ਕੈਸੀਨੋ ਅਤੇ ਨਾਈਟ ਕਲੱਬਾਂ ਵਿੱਚ ਜ਼ਿੰਦਗੀ ਦਾ ਆਨੰਦ ਮਾਣ ਰਹੀ ਸੀ। ਉੱਥੇ ਹੀ ਆਪ੍ਰੇਸ਼ਨ ਦੇ ਇੰਚਾਰਜ ਸੀਆਈਏ ਅਧਿਕਾਰੀ ਕਰਮਿਟ ਰੂਜ਼ਵੈਲਟ ਦੇ ਇੱਕ ਮੁੱਖ ਈਰਾਨੀ ਏਜੰਟ ਅਸਦੁੱਲ੍ਹਾ ਰਸ਼ੀਦਿਆਨ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਪਹੁੰਚੇ।"

ਅਸ਼ਰਫ਼ ਨੇ ਸ਼ੁਰੂਆਤ ਵਿੱਚ ਵਿਰੋਧ ਕੀਤਾ, ਪਰ ਅਗਲੇ ਦਿਨ ਅਮਰੀਕੀ ਅਤੇ ਬਰਤਾਨਵੀ ਏਜੰਟਾਂ ਦਾ ਇੱਕ ਦਲ ਇਹ ਆਫਰ ਅਤੇ "ਵਧੇਰੇ ਅਸਰਦਾਰ ਢੰਗ" ਨਾਲ ਪੇਸ਼ ਕਰ ਆ ਪਹੁੰਚੇ। ਇਸ ਦਲ ਦੀ ਅਗਵਾਈ ਸੀਨੀਅਰ ਬਰਤਾਨਵੀ ਖ਼ੁਫ਼ੀਆ ਅਧਿਕਾਰੀ ਨਾਰਮਨ ਡਰਬੀਸ਼ਰ ਕਰ ਰਹੇ ਸਨ, ਜੋ ਆਪਣੇ ਨਾਲ ਇੱਕ ਮਿੰਕ ਕੋਟ ਅਤੇ ਨਕਦੀ ਦਾ ਪੈਕੇਟ ਲੈ ਕੇ ਆਏ ਸਨ।

ਉਨ੍ਹਾਂ ਮੁਤਾਬਕ, ਜਿਵੇਂ ਹੀ ਅਸ਼ਰਫ਼ ਦੀ ਨਜ਼ਰ ਉਨ੍ਹਾਂ ਤੋਹਫ਼ਿਆ ਉੱਤੇ ਪਈ, "ਉਨ੍ਹਾਂ ਦੀਆਂ ਅੱਖਾਂ ਵਿੱਚ ਚਮਕ ਆ ਗਈ ਅਤੇ ਉਨ੍ਹਾਂ ਦਾ ਵਿਰੋਧ ਖ਼ਤਮ ਹੋ ਗਿਆ।"

ਹਾਲਾਂਕਿ, ਅਸ਼ਰਫ਼ ਪਹਿਲਵੀ ਦੀ ਆਤਮਕਥਾ ਫੇਸਿਜ਼ ਇਨ ਏ ਮਿਰਰ ਵਿੱਚ ਉਨ੍ਹਾਂ ਨੇ ਆਪਣੇ ਬਿਆਨ ਦੇ ਅਨੁਸਾਰ, ਉਨ੍ਹਾਂ ਨੂੰ ਫਰਾਂਸ ਵਿੱਚ ਜਲਾਵਤਨੀ ਤੋਂ ਵਾਪਸੀ ਦੀ ਤਿਆਰੀ ਲਈ ਇੱਕ ਬਲੈਂਕ ਚੈੱਕ ਦੀ ਪੇਸ਼ਕਸ਼ ਕੀਤਾ ਗਿਆ ਸੀ, ਪਰ ਉਨ੍ਹਾਂ ਨੇ ਰਕਮ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੀ ਮਰਜ਼ੀ ਨਾਲ ਈਰਾਨ ਵਾਪਸ ਆਈ।

ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ 1953 ਦੀ ਬਗ਼ਾਵਤ ਅਸ਼ਰਫ਼ ਪਹਿਲਵੀ ਦੇ ਆਪਣੇ ਭਰਾ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਤੋਂ ਬਿਨਾਂ ਵੀ ਹੋ ਸਕਦੀ ਸੀ। ਇੰਟਰਨੈਸ਼ਨਲ ਜਰਨਲ ਆਫ ਮਿਡਲ ਈਸਟ ਸਟੱਡੀਜ਼ ਵਿੱਚ ਪ੍ਰਕਾਸ਼ਿਤ ਇੱਕ ਲੇਖ ਵਿੱਚ, ਲੇਖਕ ਮਾਰਕ ਗੈਸੋਰੇਵਸਕੀ ਲਿਖਦੇ ਹਨ ਕਿ ਸ਼ਾਹ ਨਾ ਤਾਂ ਬਗ਼ਾਵਤ ਦੇ ਫ਼ੈਸਲੇ ਵਿੱਚ ਸ਼ਾਮਲ ਸੀ, ਨਾ ਹੀ ਇਸ ਦੇ ਤਰੀਕੇ ਬਾਰੇ ਕੋਈ ਸਲਾਹ ਦਿੱਤੀ ਅਤੇ ਨਾ ਹੀ ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਮੁਸਦਿਕ ਦੀ ਥਾਂ ਕੌਣ ਲਵੇਗਾ।

ਗੈਸੋਰੇਵਸਕੀ ਦੇ ਅਨੁਸਾਰ, ਤਖ਼ਤਾ ਪਲਟਣਾ ਅਸਲ ਵਿੱਚ ਅਮਰੀਕਾ ਅਤੇ ਉਸਦੇ ਸਹਿਯੋਗੀਆਂ ਦੁਆਰਾ ਮੁਸਦਿਕ ਨੂੰ ਕਮਜ਼ੋਰ ਕਰਨ ਅਤੇ ਹਟਾਉਣ ਦੀ ਇੱਕ ਸਾਜ਼ਿਸ਼ ਸੀ, ਜਿਸ ਵਿੱਚ ਸ਼ਾਹ ਸਿਰਫ਼ ਇੱਕ ਪ੍ਰਤੀਕਾਤਮਕ ਭੂਮਿਕਾ ਨਿਭਾ ਰਹੇ ਸਨ।

ਮੁਸਦਿਕ ਨੂੰ ਗੱਦਾਰੀ ਦੇ ਜੁਰਮ ਵਿੱਚ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਬਾਕੀ ਦੀ ਜ਼ਿੰਦਗੀ ਘਰ ਵਿੱਚ ਨਜ਼ਰਬੰਦ ਰਹਿਣਾ ਪਿਆ।

ਹਾਲਾਂਕਿ ਈਰਾਨ ਨੇ ਤੇਲ ਪਲਾਂਟਾਂ ਉੱਤੇ ਪ੍ਰਤੀਕਾਤਮਕ ਖ਼ੁਦਮੁਖ਼ਤਿਆਰੀ ਬਰਕਰਾਰ ਰੱਖੀ, ਪਰ 1954 ਦੇ ਸਮਝੌਤੇ ਦੇ ਤਹਿਤ ਤੇਲ ਦਾ ਆਮਦਨੀ ਦਾ 50 ਫੀਸਦ ਇੱਕ ਅੰਤਰਰਾਸ਼ਟਰੀ ਕੰਸੋਰਟੀਅਮ ਨੂੰ ਜਾਂਦਾ ਰਿਹਾ, ਜੋ ਉਤਪਾਦਨ ਅਤੇ ਵਿਕਰੀ 'ਤੇ ਪੂਰਾ ਅਦਿਕਾਰ ਰੱਖਦਾ ਸੀ।

ਸ਼ਹਿਜ਼ਾਦੀ ਅਸ਼ਰਫ ਪਹਿਲਵੀ ਦਾ ਜੀਵਨ

 ਅਸ਼ਰਫ਼ ਪਹਿਲਵੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਿਹਾ ਜਾਂਦਾ ਹੈ ਕਿ ਅਸ਼ਰਫ਼ ਪਹਿਲਵੀ ਨੂੰ ਆਪਣੀ ਜਵਾਨੀ ਵਿੱਚ ਘੱਟ ਆਤਮ-ਵਿਸ਼ਵਾਸ ਸੀ

ਅਸ਼ਰਫ਼ ਅਲੀ ਉੱਚ ਸਿੱਖਿਆ ਹਾਸਲ ਕਰਨਾ ਚਾਹੁੰਦੀ ਸੀ, ਪਰ ਇਸ ਦੀ ਬਜਾਏ ਉਨ੍ਹਾਂ ਦਾ ਵਿਆਹ 1937 ਵਿੱਚ 18 ਸਾਲ ਦੀ ਉਮਰ ਵਿੱਚ ਕਰ ਦਿੱਤਾ ਗਿਆ।

ਸ਼ਹਿਜ਼ਾਦੀ ਅਸ਼ਰਫ਼ ਨੇ ਤਿੰਨ ਵਿਆਹ ਕੀਤੇ ਅਤੇ ਤਿੰਨਾਂ ਦਾ ਅੰਤ ਤਲਾਕ ਵਿੱਚ ਹੋਇਆ। ਉਨ੍ਹਾਂ ਦੇ ਤਿੰਨ ਬੱਚੇ ਸਨ।

1980 ਵਿੱਚ ਨਿਊਯਾਰਕ ਟਾਈਮਜ਼ ਨਾਲ ਇੱਕ ਇੰਟਰਵਿਊ ਵਿੱਚ ਅਸ਼ਰਫ਼ ਨੇ ਕਿਹਾ, "ਮੈਂ ਕਦੇ ਵੀ ਇੱਕ ਚੰਗੀ ਮਾਂ ਨਹੀਂ ਰਹੀ, ਕਿਉਂਕਿ ਮੇਰੀ ਜੀਵਨ ਸ਼ੈਲੀ ਅਜਿਹੀ ਸੀ ਕਿ ਮੈਂ ਬੱਚਿਆਂ ਨਾਲ ਸਮਾਂ ਨਹੀਂ ਬਿਤਾ ਸਕਦੀ ਸੀ।"

ਰਾਜਨੀਤਿਕ ਵਿਰੋਧੀਆਂ ਨੇ ਸ਼ਹਿਜ਼ਾਦੀ ਅਸ਼ਰਫ਼ 'ਤੇ ਭ੍ਰਿਸ਼ਟਾਚਾਰ ਦੋ ਇਲਜ਼ਾਮ ਲਗਾਏ। ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨਾਲ ਸਬੰਧਤ ਉਨ੍ਹਾਂ ਦੇ ਫ਼ੈਸਲਿਆਂ ਦੀ ਵੀ ਅਕਸਰ ਆਲੋਚਨਾ ਕੀਤੀ ਜਾਂਦੀ ਰਹੀ ਸੀ।

ਅਮਰੀਕੀ ਦਸਤਾਵੇਜ਼ਾਂ ਅਨੁਸਾਰ, ਸ਼ਹਿਜ਼ਾਦੀ ਅਸ਼ਰਫ਼ ਕਈ ਸਾਲਾਂ ਤੋਂ ਸ਼ਾਹੀ ਦਰਬਾਰ ਨਾਲ ਸਬੰਧਤ ਲਗਭਗ ਸਾਰੇ ਘੁਟਾਲਿਆਂ ਦੇ ਕੇਂਦਰ ਵਿੱਚ ਰਹੀ ਹੈ।

ਇਹ ਵੀ ਪੜ੍ਹੋ-

ਭ੍ਰਿਸ਼ਟਾਚਾਰ ਦੇ ਇਲਜ਼ਾਮ

.ਅਸ਼ਰਫ਼ ਪਹਿਲਵੀ 'ਤੇ ਵਿੱਤੀ ਭ੍ਰਿਸ਼ਟਾਚਾਰ ਦੇ ਵੀ ਇਲਜ਼ਾਮ ਲਗਾਏ ਗਏ ਪਰ ਉਨ੍ਹਾਂ ਦੇ ਅਨੁਸਾਰ ਇਹ ਇਸ ਲਈ ਸੀ ਕਿਉਂਕਿ ਉਹ "ਬਹੁਤ ਸਾਰੇ ਸੰਗਠਨਾਂ ਦੇ ਪ੍ਰਸ਼ਾਸਨ ਵਿੱਚ ਸਰਗਰਮ ਸੀ।"

ਉਨ੍ਹਾਂ ਦੇ ਅਨੁਸਾਰ, ਜਦੋਂ ਮੁਸਦਿਕ ਨੇ ਉਨ੍ਹਾਂ ਨੂੰ ਪੈਰਿਸ ਭੇਜ ਦਿੱਤਾ ਤਾਂ ਉਨ੍ਹਾਂ ਦੇ ਕੋਲ ਸੀਮਤ ਵਿੱਤੀ ਸਰੋਤ ਸਨ। ਪਰ ਬਾਅਦ ਦੇ ਸਾਲਾਂ ਵਿੱਚ, ਇਹ ਕਿਹਾ ਗਿਆ ਕਿ ਉਨ੍ਹਾਂ ਨੇ ਬਹੁਤ ਸਾਰੀ ਦੌਲਤ ਇਕੱਠੀ ਕੀਤੀ।

ਮਰਫ਼ੀ ਦੇ ਅਨੁਸਾਰ, ਅਸ਼ਰਫ਼ ਨੇ ਆਪਣੀ ਦੌਲਤ ਦਾ ਕਾਰਨ ਆਪਣੇ ਪਿਤਾ ਰਜ਼ਾ ਸ਼ਾਹ ਤੋਂ ਵਿਰਾਸਤ ਵਿੱਚ ਮਿਲੀ ਜ਼ਮੀਨ ਦੀ ਕੀਮਤ ਵਿੱਚ ਵਾਧਾ ਅਤੇ ਵਿਰਾਸਤ ਵਿੱਚ ਮਿਲੇ ਕਾਰੋਬਾਰ ਤੋਂ ਆਮਦਨ ਨੂੰ ਦੱਸਿਆ।

ਪਰ ਨਿੱਕੀ ਕੇਡੀ ਦੀ ਕਿਤਾਬ 'ਰੂਟਸ ਆਫ਼ ਰੈਵੋਲਿਊਸ਼ਨ: ਐਨ ਇੰਟਰਪ੍ਰੇਟਿਵ ਹਿਸਟਰੀ' ਅਤੇ ਫਰੀਦੂਨ ਹੁਵੇਦਾ ਦੀ ਕਿਤਾਬ 'ਦਿ ਫਾਲ ਆਫ਼ ਦਿ ਸ਼ਾਹ' ਦੇ ਅਨੁਸਾਰ, ਉਨ੍ਹਾਂ ਦੀ ਦੌਲਤ ਦੇ ਪਿੱਛੇ ਇੱਕ ਕਹਾਣੀ ਇਹ ਹੈ ਕਿ ਜਦੋਂ ਈਰਾਨ ਨੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਉਦਯੋਗਿਕ ਵਿਕਾਸ ਦਾ ਦੌਰ ਆਇਆ, ਤਾਂ ਅਸ਼ਰਫ਼ ਪਹਿਲਵੀ ਅਤੇ ਉਨ੍ਹਾਂ ਦੇ ਪੁੱਤਰ ਸ਼ਾਹਰਾਮ ਨੇ ਸਰਕਾਰ ਤੋਂ ਨਵੀਆਂ ਕੰਪਨੀਆਂ ਨੂੰ ਸਰਕਾਰ ਕੋਲੋਂ ਆਪਰੇਟਿੰਗ, ਨਿਰਯਾਤ-ਆਯਾਤ ਜਾਂ ਸਰਕਾਰੀ ਸਮਝੌਤੇ ਲਈ ਇਜਾਜ਼ਤ ਲੈਣ ਦੇ ਬਦਲੇ ਉਨ੍ਹਾਂ ਕੰਪਨੀਆਂ ਦੇ ਦਸ ਫੀਸਦ ਜਾਂ ਇਸ ਤੋਂ ਵੱਧ ਸ਼ੇਅਰ ਮੁਫ਼ਤ ਹਾਸਲ ਕੀਤੇ।

"ਕਿਹਾ ਜਾਂਦਾ ਹੈ ਕਿ ਸਰਕਾਰੀ ਲਾਇਸੈਂਸ ਸਿਰਫ਼ ਕੁਝ ਪ੍ਰਭਾਵਸ਼ਾਲੀ ਕੰਪਨੀਆਂ ਨੂੰ ਦਿੱਤੇ ਜਾਂਦੇ ਸਨ, ਜਿਸ ਕਾਰਨ ਲਾਇਸੈਂਸ ਪ੍ਰਾਪਤ ਕਰਨਾ ਕਿਸੇ ਵੀ ਕਾਰੋਬਾਰੀ ਲਈ ਇੱਕ ਮਹਿੰਗਾ ਸੌਦਾ ਬਣ ਗਿਆ ਸੀ।"

ਅਸ਼ਰਫ਼

ਨਿਊਯਾਰਕ ਟਾਈਮਜ਼ ਨੇ 1979 ਵਿੱਚ ਰਿਪੋਰਟ ਵਿੱਚ ਦੱਸਿਆ ਕਿ 17 ਸਤੰਬਰ 1978 ਦੇ ਇੱਕ ਦਸਤਾਵੇਜ਼ ਮੁਤਾਬਕ, ਅਸ਼ਰਫ ਦੇ ਦਫ਼ਤਰ ਨੇ ਬੇਨਤੀ ਕੀਤੀ ਸੀ ਕਿ ਉਨ੍ਹਾਂ ਦੇ ਬੈਂਕ ਖਾਤੇ ਤੋਂ 708,000 ਡਾਲਰ ਸਵਿਟਜ਼ਰਲੈਂਡ ਦੇ ਯੂਨੀਅਨ ਬੈਂਕ ਆਫ਼ ਜੇਨੇਵਾ ਵਿੱਚ ਉਨ੍ਹਾਂ ਦੇ ਖਾਤੇ ਵਿੱਚ ਟ੍ਰਾਂਸਫਰ ਕੀਤੇ ਜਾਣ।

ਇਸ ਨੂੰ ਖ਼ੁਫ਼ੀਆ ਕੋਡ SAIPA ਯਾਨਿ (S-on, A-altesse, I-mperiale, P-rincesse, A-shraf) ਦੇ ਤਹਿਤ ਖੋਲ੍ਹਿਆ ਗਿਆ ਸੀ। ਰਾਂਸੀਸੀ ਭਾਸ਼ਾ ਵਿੱਚ ਉਨ੍ਹਾਂ ਦੀ ਪਸੰਦ ਦੀ ਸ਼ਬਦਾਵਲੀ ਸੀ, ਜਿਸ ਦਾ ਸੀ, "ਸ਼ਹਿਜ਼ਾਦੀ ਅਸ਼ਰਫ, ਇੰਪੀਰੀਅਲ ਪ੍ਰੇਸਟੀਜ ਦੀ ਮਾਲਕੀ।"

ਹੁਸੈਨ ਫਰਦੋਸਤ ਨੇ ʼਦਿ ਰਾਈਜ਼ ਐਂਡ ਫਾਲ ਦਿ ਪਹਿਲੀ ਡਾਏਨੈਸਟੀʼ ਅਸ਼ਰਫ ਪਹਿਲਵੀ ਨੂੰ ਡਰੱਗ ਦੀ ਤਸਕਰੀ ਨਾਲ ਜੋੜਨ ਦੀ ਕੋਸ਼ਿਸ਼ ਵੀ ਕੀਤੀ।

ਇਸ 'ਤੇ, ਅਸ਼ਰਫ ਨੇ ਆਪਣੀ ਯਾਦ ਵਿੱਚ ਲਿਖਿਆ, "ਮੇਰੇ ਵਿਰੋਧੀਆਂ ਨੇ ਮੇਰੇ 'ਤੇ ਇੱਕ ਤਸਕਰ, ਜਾਸੂਸ, ਇੱਕ ਮਾਫੀਆ ਸਹਿਯੋਗੀ ਅਤੇ ਇੱਕ ਵਾਰ ਤਾਂ ਇੱਕ ਡਰੱਗ ਡੀਲਰ ਹੋਣ ਦਾ ਇਲਜ਼ਾਮ ਲਗਾਇਆ।"

1980 ਵਿੱਚ ਅਸ਼ਰਫ਼ ਨੇ ਨਿਊਯਾਰਕ ਟਾਈਮਜ਼ ਵਿੱਚ ਇੱਕ ਲੇਖ ਵਿੱਚ ਦਲੀਲ ਦਿੱਤੀ ਕਿ ਉਨ੍ਹਾਂ ਦੀ ਦੌਲਤ ਨਾਜਾਇਜ਼ ਤਰੀਕੇ ਨਾਲ ਹਾਸਿਲ ਨਹੀਂ ਕੀਤੀ ਗਈ ਸੀ, ਸਗੋਂ ਵਿਰਾਸਤ ਵਿੱਚ ਮਿਲੀ ਜ਼ਮੀਨ ਤੋਂ ਆਈ ਸੀ ਜਿਸਦੀ ਕੀਮਤ ਈਰਾਨ ਦੀ ਤਰੱਕੀ ਅਤੇ ਖੁਸ਼ਹਾਲੀ ਦੇ ਨਾਲ ਤੇਜ਼ੀ ਨਾਲ ਵਧੀ ਸੀ।

ਉਹ ਆਪਣੇ ਸੰਸਕਰਣ ਵਿੱਚ ਇਲਜ਼ਾਮਾਂ ਦਾ ਜਵਾਬ ਇਸ ਤਰ੍ਹਾਂ ਦਿੰਦੀ ਹੈ, "ਮੇਰੇ ਪਿਤਾ ਦੀ ਮੌਤ ਤੋਂ ਬਾਅਦ, ਤਿੰਨ ਲੱਖ ਡਾਲਰ ਵਿਰਾਸਤ ਵਿੱਚ ਮਿਲੇ ਸਨ ਅਤੇ ਕੈਸਪੀਅਨ ਸਾਗਰ ਦੇ ਨੇੜੇ ਲਗਭਗ 10 ਲੱਖ ਵਰਗ ਮੀਟਰ ਜ਼ਮੀਨ ਮਿਲੀ ਸੀ।

ਇਸ ਤੋਂ ਇਲਾਵਾ ਜਜਰਾਨ ਅਤੇ ਕਿਰਮਾਨਸ਼ਾਹ ਵਿੱਚ ਕੁਝ ਜਾਇਦਾਦਾਂ ਵੀ ਮਿਲੀਆਂ, ਜੋ ਬਾਅਦ ਵਿੱਚ ਬਹੁਤ ਕੀਮਤੀ ਸਾਬਿਤ ਹੋਈਆਂ।"

ਮਨੋਵਿਗਿਆਨਕ ਪਹਿਲੂ

ਅਸ਼ਰਫ ਪਹਿਲਵੀ ਨੇ ਆਪਣੀ ਜਵਾਨੀ ਵਿੱਚ ਆਤਮ-ਵਿਸ਼ਵਾਸ ਦੀ ਘਾਟ ਦਾ ਸਾਹਮਣਾ ਕੀਤਾ।

ਉਨ੍ਹਾਂ ਨੇ ਲਿਖਿਆ ਹੈ, "ਮੈਨੂੰ ਸ਼ੀਸ਼ੇ ਵਿੱਚ ਆਪਣਾ ਚਿਹਰਾ ਪਸੰਦ ਨਹੀਂ ਆਉਂਦਾ ਸੀ। ਮੈਂ ਕਿਸੇ ਹੋਰ ਦੇ ਚਿਹਰੇ, ਗੋਰੇ ਰੰਗ ਅਤੇ ਉੱਚੇ ਕੱਦ ਦੀ ਇੱਛਾ ਕਰਦੀ ਸੀ। ਮੈਨੂੰ ਹਮੇਸ਼ਾ ਲੱਗਦਾ ਸੀ ਕਿ ਦੁਨੀਆ ਵਿੱਚ ਬਹੁਤ ਘੱਟ ਲੋਕ ਹਨ ਜੋ ਮੇਰੇ ਤੋਂ ਛੋਟੇ ਹਨ।"

ਸ਼ਾਇਦ ਇਹ ਭਾਵਨਾ ਉਨ੍ਹਾਂ ਦੀ ਹਿੰਮਤ ਦਾ ਕਾਰਨ ਬਣ ਗਈ।

ਆਪਣੀਆਂ ਯਾਦਾਂ ਵਿੱਚ ਉਹ ਲਿਖਦੀ ਹੈ, "ਵੀਹ ਸਾਲ ਪਹਿਲਾਂ ਫਰਾਂਸੀਸੀ ਪੱਤਰਕਾਰਾਂ ਨੇ ਮੇਰਾ ਨਾਮ ਕਾਲੀ ਚੀਤੀ ਰੱਖਿਆ ਸੀ। ਮੈਨੂੰ ਇਹ ਨਾਮ ਬਹੁਤ ਪਸੰਦ ਆਇਆ ਅਤੇ ਸੱਚ ਦੱਸਾਂ ਤਾਂ ਕੁਝ ਪਹਿਲੂਆਂ ਵਿੱਚ ਇਹ ਮੇਰੇ ਸੁਭਾਅ ਨਾਲ ਵੀ ਮੇਲ ਖਾਂਦਾ ਹੈ। ਤੇਂਦੂਏ ਵਾਂਗ, ਮੇਰਾ ਸੁਭਾਅ ਉਤਸ਼ਾਹੀ, ਬਾਗ਼ੀ ਅਤੇ ਆਤਮ-ਵਿਸ਼ਵਾਸੀ ਹੈ।"

"ਅਕਸਰ ਮੈਨੂੰ ਜਨਤਕ ਸਭਾਵਾਂ ਵਿੱਚ ਖ਼ੁਦ ਕਾਬੂ ਵਿੱਚ ਰੱਖਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਪਰ ਕਈ ਵਾਰ ਮੇਰਾ ਦਿਲ ਕਰਦਾ ਸੀ ਕਿ ਕਾਸ਼ ਮੇਰੇ ਕੋਲ ਵੀ ਤੇਂਦੂਏ ਦੇ ਪੰਜੇ ਹੁੰਦੇ ਤਾਂ ਜੋ ਮੈਂ ਆਪਣੇ ਦੇਸ਼ ਦੇ ਦੁਸ਼ਮਣਾਂ 'ਤੇ ਹਮਲਾ ਕਰਦੀ।"

ਆਪਣੇ ਭਰਾ ਨਾਲ ਆਪਣੇ ਸਬੰਧਾਂ ਬਾਰੇ, ਉਹ ਕਹਿੰਦੀ ਹੁੰਦੀ ਸੀ ਕਿ ਮੁਹੰਮਦ ਰਜ਼ਾ ਸ਼ਾਹ ਉਨ੍ਹਾਂ ਦਾ ਸਭ ਤੋਂ ਨਜ਼ਦੀਕੀ ਦੋਸਤ ਸੀ।

ਆਪਣੀਆਂ ਯਾਦਾਂ ਵਿੱਚ, ਅਸ਼ਰਫ਼ ਲਿਖਦੀ ਹੈ, "ਸਾਡੇ ਬਾਲਗ਼ ਹੋਣ ਤੋਂ ਬਹੁਤ ਪਹਿਲਾਂ, ਉਨ੍ਹਾਂ ਦੀ ਆਵਾਜ਼ ਮੇਰੀ ਜ਼ਿੰਦਗੀ ਦੀ ਸਭ ਤੋਂ ਮਜ਼ਬੂਤ ਆਵਾਜ਼ ਬਣ ਗਈ ਸੀ।"

ਔਰਤਾਂ ਦੇ ਅਧਿਕਾਰ

ਅਸ਼ਰਫ਼ ਪਹਿਲਵੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਜਕੁਮਾਰੀ ਕਹਿੰਦੀ ਹੁੰਦੀ ਸੀ ਕਿ ਮੁਹੰਮਦ ਰਜ਼ਾ ਸ਼ਾਹ ਉਸਦਾ ਸਭ ਤੋਂ ਕਰੀਬੀ ਦੋਸਤ ਸੀ

ਅਸ਼ਰਫ਼ ਪਹਿਲਵੀ ਆਪਣੇ ਭਰਾ ਦੀ ਸਰਕਾਰ ਦੌਰਾਨ ਈਰਾਨ ਅਤੇ ਦੁਨੀਆ ਭਰ ਵਿੱਚ ਔਰਤਾਂ ਦੇ ਅਧਿਕਾਰਾਂ ਦਾ ਇੱਕ ਮਜ਼ਬੂਤ ਸਮਰਥਕ ਰਹੀ।

ਪਰ ਇੱਕ ਲੇਖ ਵਿੱਚ, ਲੇਖਕ ਕੀ ਬੋਇਲ ਨੇ ਉਨ੍ਹਾਂ ਦੀ ਤਿੱਖੀ ਆਲੋਚਨਾ ਕੀਤੀ ਅਤੇ ਲਿਖਿਆ, "ਜਦੋਂ ਸ਼ਹਿਜ਼ਾਦੀ ਅੰਤਰਰਾਸ਼ਟਰੀ 'ਭੈਣਪੁਣੇ' ਬਾਰੇ ਗੱਲ ਕਰ ਰਹੀ ਸੀ, ਉਸ ਸਮੇਂ ਉਸ ਦੀਆਂ ਆਪਣੀਆਂ ਲਗਭਗ 4000 ਭੈਣਾਂ ਈਰਾਨ ਵਿੱਚ ਸਿਆਸੀ ਕੈਦੀ ਸਨ ਜਿਨ੍ਹਾਂ ਨੂੰ ਕਿਸੇ ਫੌਜੀ ਜਾਂ ਸਿਵਲ ਮੁਕੱਦਮੇ ਦੀ ਕੋਈ ਉਮੀਦ ਨਹੀਂ ਸੀ।"

ਆਪਣੀਆਂ ਯਾਦਾਂ ਵਿੱਚ, ਅਸ਼ਰਫ਼ ਪਹਿਲਵੀ ਨੇ ਈਰਾਨ ਵਿੱਚ ਔਰਤਾਂ ਦੀ ਮਾੜੀ ਹਾਲਤ ਨੂੰ ਸਵੀਕਾਰ ਕੀਤਾ ਅਤੇ ਇਸ 'ਤੇ ਚਿੰਤਾ ਪ੍ਰਗਟ ਕੀਤੀ।

ਉਹ ਲਿਖਦੀ ਹੈ, "ਈਰਾਨੀ ਔਰਤਾਂ ਨਾਲ ਜੋ ਕੁਝ ਹੋ ਰਿਹਾ ਸੀ ਉਸ ਦੀਆਂ ਖ਼ਬਰਾਂ ਬਹੁਤ ਭਿਆਨਕ ਸਨ। ਉਨ੍ਹਾਂ ਨੂੰ ਅਲੱਗ-ਥਲੱਗ ਕਰ ਦਿੱਤਾ ਗਿਆ ਸੀ ਅਤੇ ਦੂਜੇ ਦਰਜੇ ਦੇ ਨਾਗਰਿਕਾਂ ਬਣਾ ਦਿੱਤਾ ਗਿਆ ਸੀ। ਬਹੁਤ ਸਾਰੀਆਂ ਔਰਤਾਂ ਨੂੰ ਕੈਦ ਕੀਤਾ ਗਿਆ ਸੀ ਜਾਂ ਉਨ੍ਹਾਂ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪਿਆ ਸੀ।"

1979 ਦੇ ਇਨਕਲਾਬ ਤੋਂ ਬਾਅਦ, ਅਸ਼ਰਫ ਪਹਿਲਵੀ ਨੇ ਅਮਰੀਕੀ ਬੈਂਕਰ ਡੇਵਿਡ ਰੌਕਫਿਲਰ ਨੂੰ ਆਪਣੇ ਭਰਾ ਮੁਹੰਮਦ ਰਜ਼ਾ ਸ਼ਾਹ ਨੂੰ ਸ਼ਰਨ ਹਾਸਲ ਕਰਨ ਵਿੱਚ ਮਦਦ ਕਰਨ ਲਈ ਕਿਹਾ ਸੀ।

ਉਨ੍ਹਾਂ ਨੇ ਉਸ ਵੇਲੇ ਅਮਰੀਕੀ ਰਾਸ਼ਟਰਪਤੀ ਜਿਮੀ ਕਾਰਟਰ ਅਤੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਕਰਟ ਵਾਲਡਹਾਈਮ ਦੀ ਵੀ ਇਸ ਗੱਲ ਲਈ ਆਲੋਚਨਾ ਕੀਤੀ ਕਿ ਉਨ੍ਹਾਂ ਨੇ ਸ਼ੁਰੂਆਤ ਵਿੱਚ ਸ਼ਾਹ ਦਾ ਸਾਥ ਨਹੀਂ ਦਿੱਤਾ।

ਜਲਾਵਤਨੀ ਅਤੇ ਮੌਤ

ਅਸ਼ਰਫ਼ ਪਹਿਲਵੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਸ਼ਰਫ਼ ਪਹਿਲਵੀ ਆਪਣੇ ਭਰਾ ਦੇ ਰਾਜ ਦੌਰਾਨ ਈਰਾਨ ਅਤੇ ਦੁਨੀਆ ਭਰ ਵਿੱਚ ਔਰਤਾਂ ਦੇ ਅਧਿਕਾਰਾਂ ਦੀ ਇੱਕ ਮਜ਼ਬੂਤ ਸਮਰਥਕ ਸੀ

ਇਨਕਲਾਬ ਤੋਂ ਬਾਅਦ ਅਸ਼ਰਫ ਨੇ ਨਿਊਯਾਰਕ ਅਤੇ ਪੈਰਿਸ ਵਿੱਚ ਸਮਾਂ ਬਿਤਾਇਆ। 7 ਜਨਵਰੀ 2016 ਨੂੰ ਮੋਨਾਕੋ ਵਿੱਚ ਅਲਜ਼ਾਈਮਰ ਬਿਮਾਰੀ ਤੋਂ ਬਾਅਦ 96 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਮੌਤ ਹੋਈ।

ਉਹ ਆਪਣੀ ਮੌਤ ਦੇ ਸਮੇਂ ਪਹਿਲਵੀ ਪਰਿਵਾਰ ਦੀ ਉਮਰਦਰਾਜ ਮੈਂਬਰ ਸੀ।

ਐਸੋਸੀਏਟਿਡ ਪ੍ਰੈੱਸ ਨੇ ਲਿਖਿਆ ਕਿ ਸ਼ਹਿਜ਼ਾਦੀ ਅਸ਼ਰਫ ਦਾ ਬਾਅਦ ਦਾ ਜੀਵਨ ਸ਼ੇਕਸਪੀਅਰ ਦੇ ਦੁਖਾਂਤ ਤੋਂ ਘੱਟ ਨਹੀਂ ਸੀ।

"ਇਨਕਲਾਬ ਤੋਂ ਤੁਰੰਤ ਬਾਅਦ ਪੈਰਿਸ ਦੀ ਇੱਕ ਸੜਕ 'ਤੇ ਉਨ੍ਹਾਂ ਦੇ ਪੁੱਤਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਉਨ੍ਹਾਂ ਦੇ ਜੌੜੇ ਭਰਾ ਦੀ ਕੈਂਸਰ ਨਾਲ ਮੌਤ ਹੋ ਗਈ ਸੀ, 2001 ਵਿੱਚ ਲੰਡਨ ਵਿੱਚ ਉਨ੍ਹਾਂ ਦੀ ਇੱਕ ਭਤੀਜੀ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ ਅਤੇ 10 ਸਾਲ ਬਾਅਦ ਬੋਸਟਨ ਵਿੱਚ ਇੱਕ ਭਤੀਜੇ ਨੇ ਖੁਦਕੁਸ਼ੀ ਕਰ ਲਈ ਸੀ।"

ਵਿਲੀਅਮ ਗ੍ਰਾਈਮਰ ਨੇ ਨਿਊਯਾਰਕ ਟਾਈਮਜ਼ ਵਿੱਚ ਲਿਖਿਆ, "ਅਸ਼ਰਫ਼ ਪਹਿਲਵੀ ਇੱਕ ਪ੍ਰਭਾਵਸ਼ਾਲੀ ਪਰ ਵਿਵਾਦਪੂਰਨ ਸ਼ਖਸੀਅਤ ਸੀ। ਪੱਛਮੀ ਸੋਚ ਵਾਲੀ, ਆਧੁਨਿਕ, ਨਫ਼ਾਸਤ ਨਾਲ ਭਰੀ ਹੋਈ, ਫਰੈਂਚ ਅਤੇ ਅੰਗਰੇਜ਼ੀ ਵਿੱਚ ਮੁਹਾਰਤ ਰੱਖਣ ਵਾਲੀ, ਹਾਈ ਸੁਸਾਇਟੀ ਦੀ ਸ਼ੌਕੀਨ।"

"ਉਹ ਇੱਕ ਕੱਟੜਪੰਥੀ ਰਾਜਨੀਤਿਕ ਖਿਡਾਰਨ ਵਜੋਂ ਜਾਣੀ ਜਾਂਦੀ ਸੀ ਜਿਨ੍ਹਾਂ ਨੇ ਖੁੱਲ੍ਹ ਕੇ ਆਪਣੇ ਭਰਾ, ਸ਼ਾਹ ਮੁਹੰਮਦ ਰਜ਼ਾ ਪਹਿਲਵੀ ਦੀ ਤਾਨਾਸ਼ਾਹੀ ਦਾ ਸਮਰਥਨ ਕੀਤਾ।"

ਏਪੀ ਦੇ ਅਨੁਸਾਰ, "ਮੇਰੇ ਭਰਾ ਦੀ ਮੌਤ ਤੋਂ ਬਾਅਦ ਜੇ ਸਾਡੇ ਕੋਲ ਸੱਚਮੁੱਚ 65 ਅਰਬ ਡਾਲਰ ਹੁੰਦੇ, ਜਿਨ੍ਹਾਂ ਦਾ ਲੋਕ ਦਾਅਵਾ ਕਰਦੇ ਹਨ ਤਾਂ ਅਸੀਂ ਅੱਖ ਦੇ ਝਮੱਕੇ ਨਾਲ ਈਰਾਨ ਨੂੰ ਵਾਪਸ ਲੈ ਲੈਂਦੇ।"

ਸਮੇਂ ਦੇ ਨਾਲ ਉਹ ਜਨਤਕ ਜੀਵਨ ਤੋਂ ਹੌਲੀ-ਹੌਲੀ ਅਲੋਪ ਹੋ ਗਈ ਪਰ 1994 ਵਿੱਚ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਦੇ ਅੰਤਿਮ ਸੰਸਕਾਰ ਵਿੱਚ ਸ਼ਿਰਕਤ ਕੀਤੀ।

ਉਹ ਹਮੇਸ਼ਾ ਕਹਿੰਦੀ ਸੀ ਕਿ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਬਾਰੇ ਕੋਈ ਪਛਤਾਵਾ ਨਹੀਂ ਹੈ, "ਜੇ ਮੈਂ ਆਪਣੀ ਜ਼ਿੰਦਗੀ ਦੁਬਾਰਾ ਜੀ ਸਕਦੀ ਹਾਂ ਤਾਂ ਮੈਂ ਸਭ ਕੁਝ ਦੁਬਾਰਾ ਕਰਾਂਗੀ। ਸਭ ਕੁਝ ਗੁਜ਼ਰ ਗਿਆ ਹੈ, ਹੁਣ ਸਿਰਫ਼ ਯਾਦਾਂ ਹਨ, ਪਰ ਉਹ 50 ਸਾਲ ਸ਼ਾਨਦਾਰ ਅਤੇ ਮਾਣ ਨਾਲ ਭਰੇ ਹੋਏ ਸਨ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)