ਅੰਮ੍ਰਿਤ ਕੌਰ: ਦੂਜੀ ਵਿਸ਼ਵ ਜੰਗ ਵੇਲੇ ਫਰਾਂਸ 'ਚ ਗ੍ਰਿਫ਼ਤਾਰ ਕੀਤੀ ਗਈ ਪੰਜਾਬੀ ਰਾਣੀ ਦੀ ਅਣਕਹੀ ਕਹਾਣੀ

ਤਸਵੀਰ ਸਰੋਤ, Puneet Barnala/BBC
- ਲੇਖਕ, ਗੁਰਜੋਤ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਕਪੂਰਥਲਾ ਰਿਆਸਤ ਸਭ ਤੋਂ ਅਮੀਰ ਰਿਆਸਤ ਤਾਂ ਨਹੀਂ ਪਰ ਉਨ੍ਹਾਂ ਰਿਆਸਤਾਂ ਵਿੱਚੋਂ ਇੱਕ ਸੀ ਜਿਸਨੇ ਕਲਾ ਅਤੇ ਸੁਹਜ ਰਾਹੀਂ ਨਵੇਂ ਮਿਆਰ ਸਿਰਜੇ।
ਕਪੂਰਥਲਾ ਰਿਆਸਤ ਬਾਰੇ ਇੱਕ ਦਿਲਚਸਪ ਗੱਲ ਇਹ ਵੀ ਸੀ ਕਿ ਇਹ ਫ਼ਰਾਂਸੀਸੀ ਰੰਗ ਵਿੱਚ ਰੰਗੀ ਹੋਈ ਸੀ।
ਕਪੂਰਥਲਾ ਦੇ ਮਹਾਰਾਜਾ ਜਗਤਜੀਤ ਸਿੰਘ ਇੱਕ 'ਫਰੈਂਕੋਫਾਈਲ' ਵਜੋਂ ਪ੍ਰਸਿੱਧ ਸਨ, ਉਹ ਫ਼ਰਾਂਸ ਵਿੱਚ ਸਮਾਂ ਬਿਤਾਉਣਾ ਤੇ ਉਸੇ ਅੰਦਾਜ਼ 'ਚ ਰਹਿਣਾ ਪਸੰਦ ਕਰਦੇ ਸਨ।
ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ ਉਹ ਆਪਣੇ ਦਰਬਾਰ ਵਿੱਚ ਵੀ ਫਰੈਂਚ ਭਾਸ਼ਾ ਵਰਤਦੇ ਸਨ।
ਅਜਿਹੇ ਮਹਾਰਾਜਾ ਦੀ ਇੱਕੋ-ਇੱਕ ਧੀ, ਰਾਣੀ ਅੰਮ੍ਰਿਤ ਕੌਰ ਦੀ ਜ਼ਿੰਦਗੀ ਦੀ ਕਹਾਣੀ ਵਿੱਚ ਵੀ ਫ਼ਰਾਂਸ ਦਾ ਅਹਿਮ ਰੋਲ ਰਿਹਾ।
ਦੂਜੀ ਵਿਸ਼ਵ ਜੰਗ ਵੇਲੇ ਉਨ੍ਹਾਂ ਨੂੰ ਜਰਮਨ ਫੌਜ ਦੇ ਕਬਜ਼ੇ ਹੇਠ ਆਏ ਫ਼ਰਾਂਸ ਵਿੱਚ 'ਵਿਸ਼ੀ ਫ਼ਰਾਂਸ' ਦੀ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਤਸਵੀਰ ਸਰੋਤ, Livia Manera Sambuy
ਫ਼ਰਾਂਸ ਉੱਤੇ ਨਾਜ਼ੀ ਜਰਮਨੀ ਦੇ ਹਮਲੇ ਤੋਂ ਬਾਅਦ ਫ਼ਰਾਂਸੀਸੀ ਜਨਰਲ ਦੀ ਅਗਵਾਈ ਹੇਠ ਜਰਮਨੀ ਦੀ ਸਹਿਯੋਗੀ ਸਰਕਾਰ ਸਥਾਪਤ ਕੀਤੀ ਗਈ ਸੀ, ਇਸ ਦਾ ਨਾਂ 'ਵਿਸ਼ੀ' ਫ਼ਰਾਂਸ ਸੀ।
ਅੰਮ੍ਰਿਤ ਕੌਰ ਬਾਰੇ ਜਾਣਦਿਆਂ ਹੀ ਇਹੀ ਖਿਆਲ ਆਉਂਦਾ ਹੈ ਕਿ ਉਨ੍ਹਾਂ ਨੂੰ ਕਿਉਂ ਗ੍ਰਿਫ਼ਤਾਰ ਕੀਤਾ ਗਿਆ, ਉਹ ਉਸ ਵੇਲੇ ਫ਼ਰਾਂਸ ਵਿੱਚ ਕਿਉਂ ਸਨ ਤੇ ਆਖ਼ਰ ਉਨ੍ਹਾਂ ਦੀ ਰਿਹਾਈ ਕਿਵੇਂ ਹੋਈ?
ਇਹੀ ਸਵਾਲ ਇਟਾਲੀਅਨ ਪੱਤਰਕਾਰ ਲਿਵਿਆ ਮਨੇਰਾ ਸੰਬਾਈ ਦੇ ਮਨ ਵਿੱਚ ਸਨ, ਜਦੋਂ ਉਨ੍ਹਾਂ ਨੇ ਮੁੰਬਈ ਦੇ ਇੱਕ ਮਿਉਜ਼ੀਅਮ ਵਿੱਚ ਅੰਮ੍ਰਿਤ ਕੌਰ ਦੀ ਖੂਬਸੂਰਤ ਤਸਵੀਰ ਵੇਖੀ।
ਇਸ ਮਗਰੋਂ ਉਨ੍ਹਾਂ ਨੇ 10 ਸਾਲ ਇਹ ਲੱਭਣ ਵਿੱਚ ਲਾਏ ਕਿ ਇਸ ਪੰਜਾਬੀ ਰਾਣੀ ਨਾਲ ਫ਼ਰਾਂਸ ਵਿੱਚ ਕੀ ਵਾਪਰਿਆ ਤੇ ਉਨ੍ਹਾਂ ਬਾਰੇ ਇੰਨੀ ਥੋੜ੍ਹੀ ਜਾਣਕਾਰੀ ਕਿਉਂ ਹੈ।
ਨਾਰੀਵਾਦੀ ਅਤੇ ਆਜ਼ਾਦ ਸ਼ਖ਼ਸੀਅਤ

ਤਸਵੀਰ ਸਰੋਤ, Getty Images
ਲਿਵਿਆ ਮਨੇਰਾ ਸੰਬਾਈ ਦੱਸਦੇ ਹਨ ਕਿ ਰਾਣੀ ਅੰਮ੍ਰਿਤ ਕੌਰ ਸ਼ੁਰੂ ਤੋਂ ਹੀ ਇੱਕ ਆਜ਼ਾਦ ਸ਼ਖਸੀਅਤ ਦੇ ਮਾਲਕ ਸਨ, ਉਹ ਬ੍ਰਿਟਿਸ਼ ਰਾਜ ਦੇ ਪੱਖ ਵਿੱਚ ਸਨ।
ਉਨ੍ਹਾਂ ਦਾ ਪਰਿਵਾਰ ਸਿੱਖ ਮਾਹੌਲ ਵਾਲਾ ਸੀ, ਇਸ ਕਰਕੇ ਉਹ ਜਾਤ-ਪਾਤ ਦੇ ਵਿਰੋਧ ਵਿੱਚ ਸਨ।
ਅੰਮ੍ਰਿਤ ਕੌਰ ਦੇ ਪਿਤਾ ਹਾਲਾਂਕਿ ਪਿਤਾ-ਪੁਰਖੀ ਸੁਭਾਅ ਦੇ ਸਨ ਪਰ ਉਨ੍ਹਾਂ ਨੂੰ ਕਾਫੀ ਚੰਗੀ ਸਿੱਖਿਆ ਮਿਲੀ ਸੀ, ਇਸ ਦਾ ਅੱਗੇ ਜਾ ਕੇ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਉੱਤੇ ਵੀ ਅਸਰ ਪਿਆ।
ਮਹਾਰਾਜਾ ਜਗਤਜੀਤ ਦੀਆਂ ਕਈ ਪਤਨੀਆਂ ਸਨ। ਅੰਮ੍ਰਿਤ ਕੌਰ ਮਹਾਰਾਜਾ ਜਗਤਜੀਤ ਸਿੰਘ ਦੀ ਚੌਥੀ ਪਤਨੀ ਰਾਣੀ ਕਨਾਰੀ ਸਾਹਿਬਾ ਦੀ ਧੀ ਸਨ।
ਮਹਾਰਾਜਾ ਜਗਤਜੀਤ ਸਿੰਘ ਦੇ ਪੜਪੋਤੇ ਟਿੱਕਾ ਸ਼ਤਰੂਜੀਤ ਸਿੰਘ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ ਕਿ ਅੰਮ੍ਰਿਤ ਕੌਰ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਇੰਗਲੈਂਡ ਅਤੇ ਫ਼ਰਾਂਸ ਵਿੱਚ ਕੀਤੀ। ਉਨ੍ਹਾਂ ਨੇ ਆਪਣੇ ਸਕੂਲ ਵਿੱਚ ਜੈਜ਼ ਕਲੱਬ ਨੂੰ ਵੀ ਲੀਡ ਕੀਤਾ ਸੀ।
ਮੰਡੀ ਦੇ ਰਾਜਾ ਨਾਲ ਵਿਆਹ

ਤਸਵੀਰ ਸਰੋਤ, Livia Manera Sambuy/Penguin Random House UK
ਅੰਮ੍ਰਿਤ ਕੌਰ ਆਪਣੀ ਉਮਰ ਦੇ ਵੀਹਵਿਆਂ ਦੀ ਸ਼ੁਰੂਆਤ ਵਿੱਚ ਮੰਡੀ ਰਿਆਸਤ ਦੇ ਵਾਰਿਸ ਜੋਗਿੰਦਰ ਸੇਨ ਬਹਾਦੁਰ ਨਾਲ ਵਿਆਹੇ ਗਏ ਸਨ, ਉਹ ਜਵਾਨ ਉਮਰ ਵਿੱਚ ਹੀ ਰਾਣੀ ਬਣ ਗਏ ਸਨ।
ਉਹ ਇਸ ਸਮੇਂ ਦੌਰਾਨ ਔਰਤਾਂ ਦੇ ਹੱਕਾਂ ਲਈ ਅੱਗੇ ਆਏ ਸਨ, ਉਹ ਬਹੁ-ਵਿਆਹ ਅਤੇ ਬਾਲ ਵਿਆਹ ਦੇ ਵੀ ਖ਼ਿਲਾਫ਼ ਸਨ।
ਲਿਵਿਆ ਨੇ ਦੱਸਿਆ, "ਮੰਡੀ ਇੱਕ ਧਾਰਮਿਕ ਥਾਂ ਸੀ ਜਿੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਮੰਦਿਰ ਹਨ..ਅੰਮ੍ਰਿਤ ਕੌਰ ਨੇ ਇੱਥੋਂ ਦੇ ਹਿੰਦੂ ਸਭਿਆਚਾਰ ਨੂੰ ਅਪਣਾਇਆ, ਉਹ ਮੰਦਿਰਾਂ ਦੀ ਸਾਂਭ-ਸੰਭਾਲ ਅਤੇ ਮੰਡੀ ਤੇ ਲੋਕਾਂ ਦਾ ਸਤਿਕਾਰ ਹਾਸਿਲ ਕਰਨ ਪ੍ਰਤੀ ਤਤਪਰ ਸਨ।"
"ਅੰਮ੍ਰਿਤ ਕੌਰ ਦੇ ਆਪਣੇ ਪਤੀ ਨਾਲ ਸ਼ੁਰੂਆਤ ਤੋਂ ਹੀ ਸਬੰਧ ਸੁਖਾਵੇਂ ਨਹੀਂ ਸਨ.. ਉਨ੍ਹਾਂ ਨੂੰ ਬਚਪਨ ਵਿੱਚ ਮਿਲੀ ਸਿੱਖਿਆ ਤੇ ਵਿਦੇਸ਼ੀ ਤਜਰਬੇ ਦੇ ਉਲਟ ਉਨ੍ਹਾਂ ਦੇ ਪਤੀ ਕੋਲ ਇਨ੍ਹਾਂ ਚੀਜ਼ਾਂ ਦੀ ਘਾਟ ਸੀ।"
ਫ਼ਰਾਂਸ ਦਾ ਸਫ਼ਰ ਅਤੇ ਉੱਥੋਂ ਨਾ ਹੋਈ ਵਾਪਸੀ
ਲਿਵਿਆ ਦੱਸਦੇ ਹਨ ਕਿ ਉਨ੍ਹਾਂ ਦੀ ਖੋਜ ਵਿੱਚ ਸਾਹਮਣੇ ਆਇਆ ਕਿ ਅੰਮ੍ਰਿਤ ਕੌਰ ਦੇ ਸਾਲ 1933 ਵਿੱਚ ਫ਼ਰਾਂਸ ਜਾਣ ਦੇ ਕਾਰਨ ਅਤੇ ਹਾਲਾਤ ਕਾਫੀ ਨਿੱਜੀ ਸੀ।
ਅੰਮ੍ਰਿਤ ਕੌਰ ਦੇ ਉਸ ਵੇਲੇ ਦੋ ਬੱਚੇ ਸਨ।
ਅੰਮ੍ਰਿਤ ਕੌਰ ਲਈ ਪੈਰਿਸ ਇੱਕ ਘਰ ਵਾਂਗ ਸੀ। ਉਹ ਪਰਿਵਾਰ ਨੂੰ ਚਿੱਠੀਆਂ ਵੀ ਫ਼ਰੈਂਚ ਵਿੱਚ ਹੀ ਲਿਖਦੇ ਸਨ।
ਲਿਵਿਆ ਮੁਤਾਬਕ, ਅੰਮ੍ਰਿਤ ਪਹਿਲਾਂ ਵੱਧ ਤੋਂ ਵੱਧ ਛੇ ਮਹੀਨਿਆਂ ਲਈ ਫ਼ਰਾਂਸ ਗਏ ਸਨ ਪਰ ਕੁਝ ਕਾਰਨਾਂ ਕਰਕੇ ਉਹ ਵਾਪਸ ਨਹੀਂ ਆਏ।
ਉਨ੍ਹਾਂ ਦੱਸਿਆ, "ਅੰਮ੍ਰਿਤ ਕੌਰ ਜਨਤਕ ਤੌਰ ਉੱਤੇ ਬਹੁ-ਵਿਆਹ ਦੇ ਖ਼ਿਲਾਫ਼ ਸਨ, ਉਨ੍ਹਾਂ ਦੇ ਪਤੀ ਦਾ ਇੱਕ ਹੋਰ ਵਿਆਹ ਕਰਵਾਉਣ ਦਾ ਫ਼ੈਸਲਾ ਉਨ੍ਹਾਂ ਲਈ ਕਾਫ਼ੀ ਸ਼ਰਮਿੰਦਗੀ ਭਰਿਆ ਸੀ।"
ਸਾਲ 1938 ਵਿੱਚ ਉਨ੍ਹਾਂ ਨੇ ਪੈਰਿਸ ਵਿੱਚ ਹੀ ਰਹਿਣ ਦਾ ਫ਼ੈਸਲਾ ਲਿਆ। ਜੰਗ ਦੀ ਸ਼ੁਰੂਆਤ ਹੋਣ ਵਾਲੀ ਸੀ, ਪਰ ਅੰਮ੍ਰਿਤ ਕੌਰ ਦਾ ਖਿਆਲ ਸੀ ਕਿ ਸਿਆਸੀ ਹਾਲਾਤ ਦਾ ਉਨ੍ਹਾਂ ਉੱਤੇ ਅਸਰ ਨਹੀਂ ਪਵੇਗਾ।
ਟਿੱਕਾ ਸ਼ਤਰੂਜੀਤ ਸਿੰਘ ਨੇ ਦੱਸਿਆ ਕਿ ਅੰਮ੍ਰਿਤ ਕੌਰ ਸ਼ਾਂਤੀ ਦੇ ਹਾਮੀ ਸਨ। ਉਹ ਫ਼ਰਾਂਸ ਇਸ ਲਈ ਰੁਕੇ ਸਨ ਕਿਉਂਕਿ ਉਹ ਚਾਹੁੰਦੇ ਸਨ ਕਿ ਉਨ੍ਹਾਂ ਦੇ ਕੁਝ ਦੋਸਤ ਸੁਰੱਖਿਅਤ ਹੋਰ ਦੇਸ਼ਾਂ ਵਿੱਚ ਪਹੁੰਚ ਜਾਣ।
ਕਿਉਂ ਕੀਤਾ ਗਿਆ ਸੀ ਗ੍ਰਿਫ਼ਤਾਰ

ਤਸਵੀਰ ਸਰੋਤ, Photo by KEYSTONE-FRANCE/Gamma-Rapho via Getty Images
ਅੰਮ੍ਰਿਤ ਕੌਰ ਨੂੰ 10 ਦਸੰਬਰ 1940 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਨੂੰ ਫ਼ਰਾਂਸ ਦੇ ਇੱਕ ਇੰਟਰਨਮੈਂਟ ਕੈਂਪ ਵਿੱਚ ਲਿਜਾਇਆ ਗਿਆ।
ਮਹਾਰਾਜਾ ਕਪੂਰਥਲਾ ਦੇ ਪਰਿਵਾਰ ਦੇ ਯਹੂਦੀ ਲੋਕਾਂ ਨਾਲ ਚੰਗੇ ਸਬੰਧ ਸਨ।
ਲਿਵਿਆ ਕਹਿੰਦੇ ਹਨ ਕਿ ਅੰਮ੍ਰਿਤ ਕੌਰ ਨੇ ਆਪਣੇ ਯਹੂਦੀ ਦੋਸਤਾਂ ਨੂੰ ਫ਼ਰਾਂਸ ਛੱਡਣ ਲਈ ਮਦਦ ਕਰਨ ਲਈ ਇੱਕ ਗਹਿਣਾ ਵੀ ਵੇਚਿਆ ਸੀ, ਪਰ ਇਹ ਉਨ੍ਹਾਂ ਦੀ ਗ੍ਰਿਫ਼ਤਾਰੀ ਦਾ ਕਾਰਨ ਨਹੀਂ ਸੀ। ਫ਼ਰਾਂਸ ਦੇ ਜਰਮਨ ਫੌਜ ਦੇ ਕਬਜ਼ੇ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਨੂੰ 'ਏਲੀਅਨ ਐਨੀਮੀ' ਭਾਵ ਦੁਸ਼ਮਣ ਦੱਸ ਕੇ ਗ੍ਰਿਫ਼ਤਾਰ ਕੀਤਾ ਗਿਆ ਸੀ।
ਲਿਵਿਆ ਨੇ ਅੱਗੇ ਦੱਸਿਆ, "ਇਹ ਇੱਕ ਟਰਾਂਜ਼ਿਟਰੀ ਕੈਂਪ ਸੀ, ਇੱਥੇ ਹਾਲਾਤ ਬੇਹੱਦ ਮਾੜੇ ਸਨ। ਇੱਥੇ 600 ਜਣੇ ਪਹਿਲੇ ਮਹੀਨੇ ਵਿੱਚ ਹੀ ਨਿਮੋਨੀਆ ਅਤੇ ਟਾਇਫਾਇਡ ਕਰਕੇ ਮਾਰੇ ਗਏ ਸਨ।"
ਮਹਾਰਾਜਾ ਕਪੂਰਥਲਾ ਦੀਆਂ ਕੋਸ਼ਿਸ਼ਾਂ

ਟਿੱਕਾ ਸ਼ਤਰੂਜੀਤ ਸਿੰਘ ਦੱਸਦੇ ਹਨ ਕਿ ਮਹਾਰਾਜਾ ਜਗਤਜੀਤ ਸਿੰਘ ਨੇ ਅੰਮ੍ਰਿਤ ਕੌਰ ਦੀ ਆਜ਼ਾਦੀ ਲਈ ਸੰਸਾਰ ਭਰ ਨੂੰ ਚਿੱਠੀਆਂ ਲਿਖੀਆਂ।
ਲਿਵਿਆ ਮੁਤਾਬਕ, ਉਨ੍ਹਾਂ ਨੇ ਅੰਮ੍ਰਿਤ ਕੌਰ ਨੂੰ ਪੈਸੇ ਭੇਜਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਅੰਮ੍ਰਿਤ ਕੌਰ ਦੇ ਬੈਂਕ ਖਾਤੇ ਜਰਮਨਾਂ ਵੱਲੋਂ ਫ੍ਰੀਜ਼ ਕਰ ਦਿੱਤੇ ਗਏ ਸਨ।
ਲਿਵਿਆ ਦੱਸਦੇ ਹਨ ਕਿ ਮਹਾਰਾਜਾ ਅਤੇ ਅੰਮ੍ਰਿਤ ਕੌਰ ਵਿਚਾਲੇ ਇੱਕ ਕਾਫੀ ਵੱਡਾ ਝਗੜਾ ਹੋਇਆ ਸੀ ਤੇ ਉਹ ਦੋਵੇਂ ਇੱਕ-ਦੂਜੇ ਨਾਲ ਗੱਲ ਨਹੀਂ ਕਰਦੇ ਸਨ।
ਇੱਕ ਭਾਰਤੀ ਮਹਾਰਾਜਾ ਦੀ ਧੀ ਹੋਣ ਕਰਕੇ ਅਤੇ ਮੰਡੀ ਦੇ ਰਾਜੇ ਦੀ ਪਤਨੀ ਹੋਣ ਕਰਕੇ ਬ੍ਰਿਟਿਸ਼ ਵਿਦੇਸ਼ ਦਫ਼ਤਰ ਵੱਲੋਂ ਉਨ੍ਹਾਂ ਉੱਤੇ ਨਜ਼ਰ ਰੱਖੀ ਜਾ ਰਹੀ ਸੀ।
ਜਦੋਂ ਅੰਮ੍ਰਿਤ ਕੌਰ ਦੇ ਪਿਤਾ ਨੇ ਉਨ੍ਹਾਂ ਦੀ ਆਜ਼ਾਦੀ ਲਈ ਕੈਦੀਆਂ ਦੀ ਰਿਹਾਈ ਦਾ ਪ੍ਰਸਤਾਵ ਦਿੱਤਾ ਤਾਂ ਬ੍ਰਿਟਿਸ਼ ਸਰਕਾਰ ਵੱਲੋਂ ਉਨ੍ਹਾਂ ਨੂੰ ਇੱਕ ਜਾਸੂਸ ਦੀ ਰਿਹਾਈ ਲਈ ਅਹਿਮ ਨਹੀਂ ਮੰਨਿਆ ਗਿਆ।
ਕਿਵੇਂ ਹੋ ਸਕੀ ਸੀ ਰਿਹਾਈ

ਤਸਵੀਰ ਸਰੋਤ, Shalini Saran/IndiaPictures/Universal Images Group via Getty Images
ਲਿਵਿਆ ਕਹਿੰਦੇ ਹਨ ਕਿ ਉਨ੍ਹਾਂ ਦੇ ਕੈਂਪ ਤੋਂ ਆਜ਼ਾਦ ਹੋਣ ਦੀ ਕਹਾਣੀ ਬਾਰੇ ਜਾਣਕਾਰੀ ਦੀ ਘਾਟ ਹੈ। ਇਸ ਦਾ ਕਾਰਨ ਫ਼ਰੈਂਚ ਅਤੇ ਜਰਮਨ ਆਰਕਾਈਵਜ਼ ਦਾ ਤਬਾਹ ਕੀਤੇ ਜਾਣਾ ਹੈ।
ਲਿਵਿਆ ਨੇ ਬ੍ਰਿਟਿਸ਼ ਵਿਦੇਸ਼ ਦਫ਼ਤਰ ਤੋਂ ਮਿਲੀ ਫ਼ਾਈਲ ਅਤੇ ਆਪਣੀ ਰਿਸਰਚ ਨਾਲ ਅੰਮ੍ਰਿਤ ਕੌਰ ਦੀ ਕਹਾਣੀ ਦੇ ਪੱਖ ਜਾਣੇ।
ਲਿਵਿਆ ਨੇ ਦੱਸਿਆ ਕਿ ਕੈਂਪ ਵਿੱਚ ਜਰਮਨ ਇਨ੍ਹਾਂ ਕੈਦੀਆਂ ਨੂੰ ਫੈਕਟਰੀਆਂ ਜਾਂ 'ਕੰਸਨਟ੍ਰੇਸ਼ਨ ਕੈਂਪਾਂ' ਵਿੱਚ ਭੇਜਣਾ ਚਾਹੁੰਦੇ ਸਨ ਪਰ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਇਹ ਧਮਕੀ ਦਿੱਤੀ ਕਿ ਉਹ ਜਰਮਨ ਕੈਦੀਆਂ ਨੂੰ ਕੈਨੇਡੀਆਈ ਟੁੰਡਰਾ (ਕੈਨੇਡਾ ਵਿਚਲੀਆਂ ਜੇਲ੍ਹਾਂ) ਵਿੱਚ ਭੇਜ ਦੇਣਗੇ।
ਚਰਚਿਲ ਦੀਆਂ ਕੋਸ਼ਿਸ਼ਾਂ ਕਰਕੇ ਉਨ੍ਹਾਂ ਅਤੇ ਬਾਕੀ ਔਰਤਾਂ ਨੂੰ ਫ਼ਰਾਂਸ ਵਿੱਚ ਹੀ ਰੱਖਿਆ ਗਿਆ।
ਲਿਵਿਆ ਮੰਨਦੇ ਹਨ ਕਿ ਫ਼ਰਾਂਸ ਵਿੱਚ ਕੈਦ ਵਿੱਚੋਂ ਉਨ੍ਹਾਂ ਦੀ ਰਿਹਾਈ ਉਨ੍ਹਾਂ ਵੱਲੋਂ ਜਾਂ ਉਨ੍ਹਾਂ ਦੇ ਕਿਸੇ ਜਾਣਕਾਰ ਵੱਲੋਂ ਰਿਸ਼ਵਤ ਦੇਣ ਕਰਕੇ ਹੀ ਸੰਭਵ ਹੋ ਸਕੀ ਸੀ।
ਕੈਂਪ ਤੋਂ ਬਾਹਰ ਨਿਕਲਣ ਤੋਂ ਬਾਅਦ ਵੀ ਉਹ ਜੰਗ ਦੇ ਰਹਿੰਦੇ ਸਮੇਂ ਤੱਕ ਹਾਊਸ ਅਰੈਸਟ ਵਿੱਚ ਰਹੇ।
ਲਿਵਿਆ ਕਹਿੰਦੇ ਹਨ ਕਿ ਮਹਾਰਾਣੀ ਭਾਵੇਂ ਕੈਂਪ ਵਿੱਚ ਸਿਰਫ਼ 6 ਮਹੀਨਿਆਂ ਲਈ ਰਹੇ, ਪਰ ਉਨ੍ਹਾਂ ਉੱਤੇ ਇਸ ਦਾ ਅਸਰ ਸਾਰੀ ਜ਼ਿੰਦਗੀ ਰਿਹਾ ਤੇ ਉਹ ਕਦੇ ਇਸ ਤੋਂ ਉੱਭਰ ਨਹੀਂ ਸਕੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












