ਰਜ਼ੀਆ ਸੁਲਤਾਨ: ਜਦੋਂ ਆਪਣੇ ਸੌਤੇਲੇ ਭਰਾ ਨੂੰ ਉਖਾੜ ਕੇ ਦਿੱਲੀ ਦੀ ਪਹਿਲੀ ਮੁਸਲਿਮ ਮਹਿਲਾ ਸ਼ਾਸਕ ਬਣੀ- ਵਿਵੇਚਨਾ

ਰਜ਼ੀਆ ਸੁਲਤਾਨ

ਤਸਵੀਰ ਸਰੋਤ, SPECTRUMOFTHOUGHTS

ਤਸਵੀਰ ਕੈਪਸ਼ਨ, ਰਜ਼ੀਆ ਸੁਲਤਾਨ ਦਿੱਲੀ ਸਲਤਨਤ ਦੇ ਸ਼ਾਸਕ ਸ਼ਮਸੁਦੀਨ ਇਲਤੁਤਮਿਸ਼ ਦੀ ਧੀ ਸੀ
    • ਲੇਖਕ, ਰੇਹਾਨ ਫਜ਼ਲ
    • ਰੋਲ, ਬੀਬੀਸੀ ਸਹਿਯੋਗੀ

1206 ਵਿੱਚ ਜਦੋਂ ਚੰਗੇਜ਼ ਖ਼ਾਨ ਦੀ ਫੌਜ ਮੱਧ ਏਸ਼ੀਆ ਦੇ ਘਾਹ ਦੇ ਮੈਦਾਨਾਂ ਨੂੰ ਆਪਣੇ ਘੋੜਿਆਂ ਦੇ ਖੁਰਾਂ ਹੇਠ ਮਿੱਧ ਰਹੀ ਸੀ, ਤਾਂ ਦਿੱਲੀ ਸਲਤਨਤ ਦੇ ਸ਼ਾਸਕ ਸ਼ਮਸੁਦੀਨ ਇਲਤੁਤਮਿਸ਼ ਦੇ ਘਰ ਇੱਕ ਧੀ ਦਾ ਜਨਮ ਹੋਇਆ, ਜਿਸ ਨੂੰ ਬਾਅਦ ਵਿੱਚ ਰਜ਼ੀਆ ਬਿੰਤ ਇਲਤੁਤਮਿਸ਼ ਕਿਹਾ ਜਾਣ ਲੱਗਾ।

ਦਿੱਲੀ ਵਿੱਚ ਕੁਤੁਬ ਮੀਨਾਰ ਦੀ ਉਸਾਰੀ ਕੁਤੁਬੁੱਦੀਨ ਐਬਕ ਨੇ ਸ਼ੁਰੂ ਕੀਤੀ ਸੀ ਪਰ ਇਸ ਨੂੰ ਰਜ਼ੀਆ ਦੇ ਪਿਤਾ ਸੁਲਤਾਨ ਇਲਤੁਤਮਿਸ਼ ਨੇ ਪੂਰਾ ਕੀਤਾ ਸੀ।

ਮਿਨ੍ਹਾਜੁਸ ਸਿਰਾਜ ਜੁਜ਼ਜਾਨੀ ਨੇ ਆਪਣੀ ਕਿਤਾਬ 'ਤਬਕਾਤ-ਏ-ਨਾਸੀਰੀ' ਵਿੱਚ ਲਿਖਿਆ, "ਇਹ ਮੰਨਿਆ ਜਾਂਦਾ ਹੈ ਕਿ ਦਿੱਲੀ 'ਤੇ ਰਾਜ ਕਰਨ ਵਾਲੇ ਸ਼ਾਸਕਾਂ ਵਿੱਚ ਇਲਤੁਤਮਿਸ਼ ਤੋਂ ਵੱਧ ਉਦਾਰ, ਵਿਦਵਾਨਾਂ ਅਤੇ ਬਜ਼ੁਰਗਾਂ ਦਾ ਸਤਿਕਾਰ ਕਰਨ ਵਾਲਾ ਕੋਈ ਵਿਅਕਤੀ ਨਹੀਂ ਸੀ।"

ਚੌਦ੍ਹਵੀਂ ਸਦੀ ਵਿੱਚ ਮੋਰੱਕੋ ਤੋਂ ਭਾਰਤ ਆਉਣ ਵਾਲੇ ਯਾਤਰੀ ਇਬਨ ਬਤੂਤਾ ਨੇ ਵੀ ਆਪਣੀ ਕਿਤਾਬ 'ਰੇਹਲਾ' ਵਿੱਚ ਲਿਖਿਆ ਸੀ, "ਇਲਤੁਤਮਿਸ਼ ਦਾ ਦੱਬੇ-ਕੁਚਲੇ ਲੋਕਾਂ ਨੂੰ ਇਨਸਾਫ਼ ਦਿਵਾਉਣ ਅਤੇ ਉਨ੍ਹਾਂ ਨਾਲ ਹੋਏ ਅਨਿਆਂ ਨੂੰ ਦੂਰ ਕਰਨ ਵਿੱਚ ਕੋਈ ਮੁਕਾਬਲਾ ਨਹੀਂ ਸੀ।"

"ਆਪਣੇ ਮਹਿਲ ਦੇ ਬਾਹਰ ਇੱਕ ਵੱਡਾ ਘੰਟਾ ਲਗਵਾਇਆ ਹੋਇਆ ਸੀ। ਕਿਸੇ ਵੀ ਚੀਜ਼ ਤੋਂ ਪਰੇਸ਼ਾਨ ਲੋਕ ਸੁਲਤਾਨ ਦਾ ਧਿਆਨ ਖਿੱਚਣ ਲਈ ਇਸ ਨੂੰ ਵਜਾ ਸਕਦੇ ਸਨ। ਘੰਟੀ ਦੀ ਆਵਾਜ਼ ਸੁਣ ਕੇ, ਸੁਲਤਾਨ ਸ਼ਿਕਾਇਤ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਸਨ।"

ਰਜ਼ੀਆ ਸੁਲਤਾਨ ਦੇ ਪਿਤਾ ਇਲਤੁਤਮਿਸ਼ ਦੀ ਫੋਟੋ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਜ਼ੀਆ ਸੁਲਤਾਨ ਦੇ ਪਿਤਾ ਇਲਤੁਤਮਿਸ਼ ਨੂੰ ਨਿਆਂ ਦਿਵਾਉਣ ਵਾਲਾ ਸੁਲਤਾਨ ਮੰਨਿਆ ਜਾਂਦਾ ਸੀ

ਰਜ਼ੀਆ ਬਣੀ ਅਧਿਕਾਰੀ

ਜਦੋਂ ਇਲਤੁਤਮਿਸ਼ ਬੁੱਢਾ ਹੋਣ ਲੱਗਾ ਤਾਂ ਉਨ੍ਹਾਂ ਦੇ ਦਰਬਾਰੀਆਂ ਨੇ ਉਨ੍ਹਾਂ ਨੂੰ ਆਪਣਾ ਉੱਤਰਾਧਿਕਾਰੀ ਐਲਾਨ ਕਰਨ ਲਈ ਬੇਨਤੀ ਕੀਤੀ ਤਾਂ ਜੋ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਵਾਰਸਾਂ ਵਿੱਚ ਜੰਗ ਨਾ ਛਿੜ ਜਾਵੇ। ਫਿਰ ਇਲਤੁਤਮਿਸ਼ ਨੇ ਆਪਣੀ ਵੱਡੀ ਧੀ ਰਜ਼ੀਆ ਨੂੰ ਆਪਣਾ ਉੱਤਰਾਧਿਕਾਰੀ ਐਲਾਨ ਦਿੱਤਾ।

ਉਸ ਸਮੇਂ ਦੇ ਇਤਿਹਾਸਕਾਰ ਸਿਰਾਜ ਜੁਜ਼ਜਾਨੀ ਲਿਖਦੇ ਹਨ, "ਸੁਲਤਾਨ ਨੇ ਰਜ਼ੀਆ ਨੂੰ ਕੁੜੀ ਹੋਣ ਦੇ ਬਾਵਜੂਦ ਆਪਣਾ ਵਾਰਸ ਐਲਾਨਿਆ ਅਤੇ ਉਹ ਵੀ ਬਕਾਇਦਾ ਲਿਖਤੀ ਰੂਪ ਵਿੱਚ। ਜਦੋਂ ਉਨ੍ਹਾਂ ਦੇ ਦਰਬਾਰੀ ਉਨ੍ਹਾਂ ਦੇ ਫ਼ੈਸਲੇ ਨੂੰ ਹਜ਼ਮ ਨਹੀਂ ਕਰ ਸਕੇ, ਤਾਂ ਇਲਤੁਤਮਿਸ਼ ਨੇ ਉਨ੍ਹਾਂ ਨੂੰ ਕਿਹਾ, 'ਮੇਰੇ ਸਾਰੇ ਪੁੱਤਰ ਆਪਣੀ ਜਵਾਨੀ ਦਾ ਆਨੰਦ ਮਾਣ ਰਹੇ ਹਨ। ਉਨ੍ਹਾਂ ਵਿੱਚੋਂ ਇੱਕ ਵੀ ਰਾਜਾ ਬਣਨ ਦੀ ਯੋਗਤਾ ਨਹੀਂ ਰੱਖਦਾ। ਮੇਰੀ ਮੌਤ ਤੋਂ ਬਾਅਦ, ਤੁਸੀਂ ਦੇਖੋਗੇ ਕਿ ਦੇਸ਼ ਦੀ ਅਗਵਾਈ ਕਰਨ ਲਈ ਮੇਰੀ ਧੀ ਤੋਂ ਵੱਧ ਕੋਈ ਯੋਗ ਨਹੀਂ ਹੋਵੇਗਾ'।"

ਰਜ਼ੀਆ ਨੂੰ ਚੁਣਨ ਲਈ ਸੁਲਤਾਨ ਨੇ ਸਿਰਫ਼ ਭਾਵਨਾਵਾਂ ਦਾ ਸਹਾਰਾ ਨਹੀਂ ਲਿਆ ਸੀ। ਰਜ਼ੀਆ ਵਿੱਚ ਰਾਜ ਕਰਨ ਦੀ ਸਮਰੱਥਾ ਸੀ, ਜਦੋਂ ਵੀ ਇਲਤੁਤਮਿਸ਼ ਨੇ ਆਪਣੀਆਂ ਮੁਹਿੰਮਾਂ ਦੌਰਾਨ ਉਸ ਨੂੰ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਸਨ, ਜਿਨ੍ਹਾਂ ਨੂੰ ਉਨ੍ਹਾਂ ਬਾਖ਼ੂਬੀ ਨਿਭਾਇਆ ਸੀ ਪਰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਲਤੁਤਮਿਸ਼ ਦੀ ਚੋਣ ਪਰੰਪਰਾ ਦੇ ਅਨੁਸਾਰ ਨਹੀਂ ਸੀ।

ਭਾਵੇਂ ਅਰਬ ਇਤਿਹਾਸ ਵਿੱਚ ਔਰਤਾਂ ਦੇ ਰਾਜਨੀਤੀ ਵਿੱਚ ਹਿੱਸਾ ਲੈਣ ਦੀਆਂ ਕੁਝ ਉਦਾਹਰਣਾਂ ਹਨ, ਉਨ੍ਹਾਂ ਨੇ ਕੁਝ ਫੌਜੀ ਮੁਹਿੰਮਾਂ ਵਿੱਚ ਵੀ ਹਿੱਸਾ ਲਿਆ ਸੀ, ਪਰ ਉਸ ਸਮੇਂ ਦੇ ਸਮਾਜ ਵਿੱਚ, ਔਰਤਾਂ ਆਮ ਤੌਰ 'ਤੇ ਪਰਦੇ ਪਿੱਛੇ ਰਹਿ ਕੇ ਰਾਜਨੀਤੀ ਵਿੱਚ ਹਿੱਸਾ ਲੈਂਦੀਆਂ ਸਨ, ਪਰ ਉਨ੍ਹਾਂ ਦਾ ਗੱਦੀ 'ਤੇ ਬੈਠਣਾ ਹੈਰਾਨੀ ਵਾਲੀ ਗੱਲ ਮੰਨੀ ਜਾਂਦੀ ਸੀ।

ਰਜ਼ੀਆ ਸੁਲਤਾਨ
ਤਸਵੀਰ ਕੈਪਸ਼ਨ, ਰਜ਼ੀਆ ਸੁਲਤਾਨ ਦੀ ਥਾਂ ਉਸਦੇ ਸੌਤੇਲੇ ਭਰਾ ਰੁਕਨੂਦੀਨ ਫਿਰੋਜ਼ ਨੇ ਲਈ

ਫਿਰੋਜ਼ ਨੂੰ ਦਿੱਲੀ ਦਾ ਸੁਲਤਾਨ ਬਣਾਇਆ ਗਿਆ ਸੀ

ਇਲਤੁਤਮਿਸ਼ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਲਿਖਤੀ ਹੁਕਮਾਂ ਦੇ ਬਾਵਜੂਦ ਉਨ੍ਹਾਂ ਦੇ ਦਰਬਾਰੀਆਂ ਨੇ ਉਨ੍ਹਾਂ ਦੀ ਆਖ਼ਰੀ ਇੱਛਾ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਕਿਸੇ ਔਰਤ ਦੇ ਅਧੀਨ ਕੰਮ ਕਰਨ ਲਈ ਤਿਆਰ ਨਹੀਂ ਸਨ।

ਉਨ੍ਹਾਂ ਨੇ ਇਲਤੁਤਮਿਸ਼ ਦੇ ਸਭ ਤੋਂ ਵੱਡੇ ਜ਼ਿੰਦਾ ਪੁੱਤਰ ਰੁਕਨੁਦੀਨ ਫਿਰੋਜ਼ ਨੂੰ ਦਿੱਲੀ ਦੇ ਤਖ਼ਤ 'ਤੇ ਬਿਠਾਇਆ।

ਪ੍ਰਸਿੱਧ ਇਤਿਹਾਸਕਾਰ ਅਬਰਾਹਿਮ ਇਰਾਲੀ ਆਪਣੀ ਕਿਤਾਬ 'ਦਿ ਏਜ ਆਫ਼ ਰੈਥ' ਵਿੱਚ ਲਿਖਦੇ ਹਨ, "ਵਿਡੰਬਨਾ ਇਹ ਹੈ ਕਿ ਫਿਰੋਜ਼ ਨੂੰ ਗੱਦੀ 'ਤੇ ਬਿਠਾਉਣ ਤੋਂ ਬਾਅਦ ਵੀ, ਇਲਤੁਤਮਿਸ਼ ਦੇ ਦਰਬਾਰੀਆਂ ਨੂੰ ਇੱਕ ਔਰਤ ਦੇ ਰਾਜ ਨਾਲ ਨਜਿੱਠਣਾ ਪਿਆ ਅਤੇ ਉਹ ਵੀ ਇੱਕ ਚਲਾਕ ਅਤੇ ਬਦਲਾ ਲੈਣ ਵਾਲੀ ਔਰਤ।"

"ਫਿਰੋਜ਼ ਨੂੰ ਸਰਕਾਰ ਚਲਾਉਣ ਵਿੱਚ ਕੋਈ ਦਿਲਚਸਪੀ ਨਹੀਂ ਸੀ, ਇਸ ਲਈ ਉਸ ਨੇ ਸਾਰੀ ਜ਼ਿੰਮੇਵਾਰੀ ਆਪਣੀ ਮਾਂ ਸ਼ਾਹ ਤੁਰਕਨ 'ਤੇ ਛੱਡ ਦਿੱਤੀ।"

ਫਿਰੋਜ਼ ਇੱਕ ਢਿੱਲਾ ਜਿਹਾ ਸ਼ਾਸਕ ਸਾਬਤ ਹੋਇਆ। ਸਿਰਾਜ ਨੇ ਲਿਖਿਆ, "ਫਿਰੋਜ਼ ਉਦਾਰ ਅਤੇ ਦਿਆਲੂ ਸੀ ਪਰ ਉਹ ਅਯਾਸ਼ੀ, ਸ਼ਰਾਬ ਅਤੇ ਮੌਜ-ਮਸਤੀ ਦਾ ਇੰਨਾ ਆਦੀ ਸੀ ਕਿ ਉਸ ਨੂੰ ਰਾਜ ਕਰਨ ਦਾ ਬਿਲਕੁਲ ਵੀ ਮਨ ਨਹੀਂ ਕਰਦਾ ਸੀ।"

"ਉਹ ਸ਼ਰਾਬੀ ਹਾਲਤ ਵਿੱਚ ਹਾਥੀ 'ਤੇ ਸਵਾਰ ਹੁੰਦਾ ਸੀ ਅਤੇ ਗਲੀਆਂ ਅਤੇ ਬਾਜ਼ਾਰਾਂ ਵਿੱਚੋਂ ਲੰਘਦਾ ਸੀ ਅਤੇ ਮੁੱਠੀਆਂ ਨਾਲ ਸੋਨੇ ਦੇ ਸਿੱਕੇ ਲੁਟਾਉਂਦਾ ਜਿਨ੍ਹਾਂ ਨੂੰ ਆਲੇ-ਦੁਆਲੇ ਘੁੰਮਦੇ ਲੋਕ ਲੁੱਟ ਲੈਂਦੇ ਸਨ।"

ਤਬਕਤ-ਏ-ਨਸੀਰੀ, ਮਿਨਹਾਜ਼ ਸਿਰਾਜ ਜੁਜ਼ਜਾਨੀ ਦੀ ਇੱਕ ਕਿਤਾਬ

ਤਸਵੀਰ ਸਰੋਤ, SANGE MEEL PUBLICATION

ਤਸਵੀਰ ਕੈਪਸ਼ਨ, ਤਬਕਤ-ਏ-ਨਸੀਰੀ, ਮਿਨਹਾਜ਼ ਸਿਰਾਜ ਜੁਜ਼ਜਾਨੀ ਦੀ ਇੱਕ ਕਿਤਾਬ
ਇਹ ਵੀ ਪੜ੍ਹੋ-

ਫਿਰੋਜ਼ ਦਾ ਕਤਲ

ਫਿਰੋਜ਼ ਦੇ ਸ਼ਾਸਨ ਦੌਰਾਨ ਉਸ ਦੀ ਮਾਂ ਸ਼ਾਹ ਤੁਰਕਨ ਨੇ ਹਰਮ ਵਿੱਚ ਆਪਣੀ ਦੁਸ਼ਮਣੀ ਦੇ ਪੁਰਾਣੇ ਹਿਸਾਬ ਬਰਾਬਰ ਕੀਤੇ।

ਉਨ੍ਹਾਂ ਨੇ ਫਿਰੋਜ਼ ਦੇ ਇੱਕ ਸੌਤੇਲੇ ਭਰਾ ਨੂੰ ਪਹਿਲਾ ਅੰਨ੍ਹਾ ਕਰਵਾਇਆ ਅਤੇ ਫਿਰ ਮਰਵਾ ਦਿੱਤਾ। ਇੱਥੋਂ ਤੱਕ ਉਸ ਨੇ ਫਿਰੋਜ਼ ਦੀ ਸੌਤੈਲੀ ਭੈਣ ਰਜ਼ੀਆ ਨੂੰ ਵੀ ਮਰਵਾਉਣ ਦੀ ਕੋਸ਼ਿਸ਼ ਕੀਤੀ।

ਇਸ ਘਟਨਾ ਦੇ 100 ਸਾਲ ਬਾਅਦ ਸਿਰਾਜ ਨੇ ਲਿਖਿਆ, "ਇਸ ਮਾੜੇ ਪ੍ਰਸ਼ਾਸਨ ਦੇ ਮਾਹੌਲ ਵਿੱਚ ਕਈ ਗਵਰਨਰਾਂ ਨੇ ਫਿਰੋਜ਼ ਦੇ ਖ਼ਿਲਾਫ਼ ਬਗ਼ਾਵਤ ਕਰ ਦਿੱਤਾ। ਜਦੋਂ ਫਿਰੋਜ਼ ਉਨ੍ਹਾਂ ਦੀ ਬਗ਼ਾਵਤ ਨੂੰ ਕੁਚਲਣ ਲਈ ਦਿੱਲੀ ਤੋਂ ਬਾਹਰ ਨਿਕਲਿਆ ਤਾਂ ਰਜ਼ੀਆ ਨੇ ਮੌਕੇ ਦਾ ਫਾਇਦਾ ਚੁੱਕਦੇ ਹੋਇਆ ਦਿੱਲੀ ਦੀਆਂ ਜਨਭਾਵਨਾਵਾਂ ਨੂੰ ਆਪਣੇ ਪੱਖ ਵਿੱਚ ਕਰ ਲਿਆ।"

"ਲੋਕਾਂ ਨੇ ਮਹਿਲ 'ਤੇ ਹਮਲਾ ਕਰ ਦਿੱਤਾ ਅਤੇ ਰੁਕਨੂਦੀਨ ਦੀ ਮਾਂ ਸ਼ਾਹ ਤੁਰਕਨ ਨੂੰ ਗ੍ਰਿਫ਼ਤਾਰ ਕਰ ਲਿਆ। ਜਦੋਂ ਫਿਰੋਜ਼ ਦਿੱਲੀ ਵਾਪਸ ਆਇਆ, ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਮਾਰ ਦਿੱਤਾ ਗਿਆ। ਫਿਰੋਜ਼ ਨੇ ਦਿੱਲੀ 'ਤੇ ਸਿਰਫ਼ ਸੱਤ ਮਹੀਨੇ ਰਾਜ ਕੀਤਾ।"

ਰਜ਼ੀਆ ਸੁਲਤਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫਿਰੋਜ਼ ਦੇ ਤਖ਼ਤਾ ਪਲਟਣ ਤੋਂ ਬਾਅਦ, ਰਜ਼ੀਆ ਨੇ ਆਪਣਾ ਦਾਅਵਾ ਪੇਸ਼ ਕੀਤਾ

ਰਜ਼ੀਆ ਬਣੀ ਦਿੱਲੀ ਦੀ ਸੁਲਤਾਨ

14ਵੀਂ ਸਦੀ ਦੇ ਇਤਿਹਾਸਕਾਰ ਅਬਦੁਲ ਮਲਿਕ ਇਸਾਮੀ ਦੇ ਅਨੁਸਾਰ, ਜਦੋਂ ਫਿਰੋਜ਼ ਦਾ ਤਖ਼ਤਾ ਪਲਟ ਕੀਤਾ ਗਿਆ ਅਤੇ ਦਰਬਾਰੀਆਂ ਨੇ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਸੁਲਤਾਨ ਕਿਸ ਨੂੰ ਬਣਾਇਆ ਜਾਵੇ, ਤਾਂ ਰਜ਼ੀਆ ਨੇ ਖਿੜਕੀ ਤੋਂ ਆਪਣਾ ਦੁਪੱਟਾ ਲਹਿਰਾਉਂਦੇ ਹੋਏ ਐਲਾਨ ਕੀਤਾ, "ਮੈਂ ਮਹਾਮਹਿਮ ਦੀ ਧੀ ਹਾਂ।"

"ਉਨ੍ਹਾਂ ਨੇ ਮੈਨੂੰ ਆਪਣਾ ਵਾਰਸ ਚੁਣਿਆ ਸੀ। ਤੁਸੀਂ ਸੁਲਤਾਨ ਦੇ ਹੁਕਮਾਂ ਦੀ ਉਲੰਘਣਾ ਕੀਤੀ ਅਤੇ ਤਾਜ ਕਿਸੇ ਹੋਰ ਦੇ ਸਿਰ 'ਤੇ ਰੱਖਿਆ, ਇਸੇ ਲਈ ਤੁਸੀਂ ਇਸ ਹਾਲਤ ਵਿੱਚ ਹੋ। ਮੈਨੂੰ ਕੁਝ ਸਾਲਾਂ ਲਈ ਤਾਜ ਦਿਓ ਅਤੇ ਮੇਰੀਆਂ ਯੋਗਤਾਵਾਂ ਦੀ ਪਰਖ ਕਰੋ।"

"ਜੇ ਮੈਂ ਇੱਕ ਚੰਗਾ ਸ਼ਾਸਕ ਸਾਬਤ ਹੁੰਦੀ ਹਾਂ, ਤਾਂ ਮੈਨੂੰ ਤਖ਼ਤ 'ਤੇ ਰਹਿਣ ਦਿਓ। ਜੇ ਮੈਂ ਤੁਹਾਡੀਆਂ ਉਮੀਦਾਂ 'ਤੇ ਖਰਾ ਨਹੀਂ ਉਤਰਦੀ, ਤਾਂ ਇਹ ਤਖ਼ਤ ਕਿਸੇ ਹੋਰ ਨੂੰ ਦੇ ਦਿਓ।"

ਇਸ ਤਰ੍ਹਾਂ ਰਜ਼ੀਆ ਨਵੰਬਰ 1236 ਵਿੱਚ ਦਿੱਲੀ ਦੇ ਤਖ਼ਤ ʼਤੇ ਬੈਠੀ।

ਰਜ਼ੀਆ ਸੁਲਤਾਨ
ਤਸਵੀਰ ਕੈਪਸ਼ਨ, ਰਜ਼ੀਆ ਸੁਲਤਾਨ ਕਿਹੋ ਜਿਹੀ ਦਿਖਦੀ ਸੀ, ਇਸ ਬਾਰੇ ਕਿਤਾਬਾਂ ਵਿੱਚ ਬਹੁਤੀ ਜਾਣਕਾਰੀ ਉਪਲਬਧ ਨਹੀਂ ਹੈ

ਦਰਬਾਰੀਆਂ ਨੇ ਰਜ਼ੀਆ ਨੂੰ ਸਮਝਣ ਵਿੱਚ ਗ਼ਲਤੀ ਕੀਤੀ

ਰਜ਼ੀਆ ਦਿਖਣ ਵਿੱਚ ਕਿਹੋ-ਜਿਹੀ ਸੀ, ਇਸ ਬਾਰੇ ਬਹੁਤ ਘੱਟ ਜਾਣਕਾਰੀ ਹੈ। ਉਨ੍ਹਾਂ ਨੂੰ ਨਿਸ਼ਚਤ ਤੌਰ 'ਤੇ ਉਨ੍ਹਾਂ ਦੇ ਸ਼ਾਹੀ ਮਹਿਲ ਕੁਸਕ-ਏ-ਫਿਰੋਜ਼ੀ ਦੀਆਂ ਪੌੜੀਆਂ 'ਤੇ ਇੱਕ ਲੰਬੀ ਬਾਹਾਂ ਵਾਲਾ ਕੁੜਤਾ ਅਤੇ ਢਿੱਲੀ ਸ਼ਲਵਾਰ ਪਹਿਨੀ ਹੋਈ ਦਿਖਾਈ ਦਿੱਤੀ ਸੀ।

ਇਤਿਹਾਸਕਾਰ ਈਰਾ ਮੁਖੌਟੀ ਆਪਣੀ ਕਿਤਾਬ 'ਹੀਰੋਇਨਜ਼, ਪਾਵਰਫੁੱਲ ਇੰਡੀਅਨ ਵੂਮੈਨ ਆਫ਼ ਮਿਥ ਐਂਡ ਹਿਸਟਰੀ' ਵਿੱਚ ਲਿਖਦੀ ਹੈ, "ਉਸ ਜ਼ਮਾਨੇ ਦੇ ਜੀਵਨੀਕਾਰ ਪੁਰਸ਼ਾਂ ਦਾ ਵਰਣਨ ਵੀ ਬਹੁਤ ਬਰੀਕੀ ਨਾਲ ਨਹੀਂ ਕਰਦੇ ਸਨ।"

"ਜਿੱਥੇ ਤੱਕ ਔਰਤਾਂ ਦੇ ਵਰਣਨ ਦੀ ਗੱਲ ਹੈ ਉਹ ਜ਼ਿਆਦਾਤਰ ਜਾਂ ਤਾਂ ਚੁੱਪ ਰਹਿੰਦੇ ਸਨ ਜਾਂ ਬਹੁਤ ਸਾਰੀਆਂ ਗੱਲਾਂ ਲੁਕਾ ਜਾਂਦੇ ਸਨ ਪਰ ਇਸ ਦੇ ਬਾਵਜੂਦ ਸਾਨੂੰ ਪਤਾ ਹੈ ਕਿ ਰਜ਼ੀਆ ਤੁਰਕ ਮੂਲ ਦੀ ਸੀ ਅਤੇ ਜੰਗ ਦੇ ਮੈਦਾਨ ਵਿੱਚ ਰਹਿਣ ਵਾਲੇ ਲੋਕਾਂ ਵਾਂਗ ਉਨ੍ਹਾਂ ਦੇ ਗਲ਼ ਦੀਆਂ ਹੱਡੀਆਂ ਉੱਚੀਆਂ ਸਨ ਅਤੇ ਉਨ੍ਹਾਂ ਦੀਆਂ ਅੱਖਾਂ ਬਾਦਾਮ ਦੇ ਆਕਾਰ ਦੀਆਂ ਸਨ।"

"ਜਦੋਂ ਇਲਤੁਤਮਿਸ਼ ਦੇ ਦਰਬਾਰ ਦੇ ਗੁਲਾਮਾਂ ਨੇ ਰਜ਼ੀਆ ਨੂੰ ਸੁਲਤਾਨ ਬਣਾਇਆ, ਤਾਂ ਉਨ੍ਹਾਂ ਨੂੰ ਉਮੀਦ ਸੀ ਕਿ ਉਹ ਉਨ੍ਹਾਂ ਦੀ ਗੱਲ ਮੰਨੇਗੀ ਅਤੇ ਇਲਤੁਤਮਿਸ਼ ਦੇ ਰਾਜ ਦੌਰਾਨ ਉਨ੍ਹਾਂ ਦਾ ਪ੍ਰਭਾਵ ਜਾਰੀ ਰਹੇਗਾ। ਆਉਣ ਵਾਲੇ ਦਿਨਾਂ ਵਿੱਚ ਰਜ਼ੀਆ ਦੇ ਵਿਵਹਾਰ ਨੇ ਸਾਬਤ ਕਰ ਦਿੱਤਾ ਕਿ ਉਨ੍ਹਾਂ ਨੇ ਰਜ਼ੀਆ ਨੂੰ ਸਮਝਣ ਵਿੱਚ ਗਲਤੀ ਕੀਤੀ ਹੈ।"

ਇਰਾ ਮੁਖੌਟੀ ਦੀ ਕਿਤਾਬ 'ਹੀਰੋਇਨਜ਼, ਪਾਵਰਫੁੱਲ ਇੰਡੀਅਨ ਵੂਮੈਨ ਆਫ਼ ਮਿਥ ਐਂਡ ਹਿਸਟਰੀ'

ਤਸਵੀਰ ਸਰੋਤ, ALEPHBOOK

ਤਸਵੀਰ ਕੈਪਸ਼ਨ, ਇਰਾ ਮੁਖੌਟੀ ਦੀ ਕਿਤਾਬ 'ਹੀਰੋਇਨਜ਼, ਪਾਵਰਫੁੱਲ ਇੰਡੀਅਨ ਵੂਮੈਨ ਆਫ਼ ਮਿਥ ਐਂਡ ਹਿਸਟਰੀ'
ਇਹ ਵੀ ਪੜ੍ਹੋ-

ਰਜ਼ੀਆ ਨੇ ਪਰਦਾ ਛੱਡਿਆ

ਰਜ਼ੀਆ ਦਾ ਦਿੱਲੀ ਦੇ ਤਖ਼ਤ 'ਤੇ ਬੈਠਣ ਨੂੰ ਕਈ ਸੂਬਾਈ ਗਵਰਨਰਾਂ ਨੇ ਪਸੰਦ ਨਹੀਂ ਕੀਤਾ। ਉਨ੍ਹਾਂ ਆਪਣੀਆਂ ਫੌਜਾਂ ਨਾਲ ਦਿੱਲੀ ਵੱਲ ਮਾਰਚ ਕਰ ਦਿੱਤਾ, ਪਰ ਰਜ਼ੀਆ ਨੇ ਗਵਰਨਰਾਂ ਵਿੱਚ ਵੰਡ ਦਾ ਪੂਰਾ ਫਾਇਦਾ ਚੁੱਕਿਆ।

ਇਸ ਤੋਂ ਪਹਿਲਾਂ ਕਿ ਉਹ ਰਜ਼ੀਆ ਨੂੰ ਕੋਈ ਨੁਕਸਾਨ ਪਹੁੰਚਾ ਸਕਣ, ਉਨ੍ਹਾਂ ਦੀ ਬਗ਼ਾਵਤ ਨੂੰ ਕੁਚਲ ਦਿੱਤਾ ਗਿਆ।

ਅਬਰਾਹਿਮ ਇਰਾਲੀ ਲਿਖਦੇ ਹਨ, "ਜਿਸ ਤਰੀਕੇ ਨਾਲ ਰਜ਼ੀਆ ਨੇ ਇਸ ਬਗ਼ਾਵਤ ਨਾਲ ਨਜਿੱਠਿਆ, ਉਹ ਦਰਬਾਰੀ ਜੋ ਉਨ੍ਹਾਂ ਦੀ ਅਗਵਾਈ ਯੋਗਤਾ ਬਾਰੇ ਸ਼ੱਕੀ ਸਨ, ਉਸ ਦੇ ਪ੍ਰਸ਼ੰਸਕ ਬਣ ਗਏ ਅਤੇ ਰਜ਼ੀਆ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ।"

"ਇਸ ਤੋਂ ਬਾਅਦ, ਰਜ਼ੀਆ ਨੇ ਹਰਮ ਵਿੱਚ ਰਹਿਣ ਵਾਲੀਆਂ ਔਰਤਾਂ 'ਤੇ ਲਗਾਈਆਂ ਗਈਆਂ ਸਾਰੀਆਂ ਪਾਬੰਦੀਆਂ ਨੂੰ ਤੋੜਨ ਦਾ ਫ਼ੈਸਲਾ ਕੀਤਾ।"

ਇਬਨ ਬਤੂਤਾ ਨੇ ਇਹ ਵੀ ਲਿਖਿਆ, "ਉਨ੍ਹਾਂ ਨੇ ਆਪਣੇ ਰਵਾਇਤੀ ਕੱਪੜੇ ਅਤੇ ਪਰਦਾ ਤਿਆਗ ਦਿੱਤਾ ਅਤੇ ਆਮ ਲੋਕਾਂ ਦੇ ਸਾਹਮਣੇ ਕਮੀਜ਼ ਅਤੇ ਟੋਪੀ ਪਹਿਨ ਕੇ ਦਿਖਾਈ ਦੇਣ ਲੱਗੀ। ਜਦੋਂ ਉਹ ਹਾਥੀ 'ਤੇ ਸਵਾਰ ਹੋ ਕੇ ਮਹਿਲ ਤੋਂ ਬਾਹਰ ਆਈ, ਤਾਂ ਸਾਰੀ ਜਨਤਾ ਨੇ ਉਨ੍ਹਾਂ ਦਾ ਭੇਸ ਦੇਖਿਆ। ਕਈ ਵਾਰ ਉਹ ਪੁਰਸ਼ਾਂ ਵਾਂਗ ਤੀਰ-ਕਮਾਨ ਲੈ ਕੇ ਘੋੜੇ 'ਤੇ ਸਵਾਰ ਹੋ ਕੇ ਨਿਕਲਦੀ ਅਤੇ ਉਨ੍ਹਾਂ ਦੇ ਚਿਹਰੇ ਕੋਈ ਨਕਾਬ ਨਹੀਂ ਹੁੰਦਾ ਸੀ।"

ਇਬਨ ਬਤੂਤਾ ਨੇ ਰੇਹਲਾ ਨਾਮ ਦੀ ਇੱਕ ਕਿਤਾਬ ਲਿਖੀ

ਤਸਵੀਰ ਸਰੋਤ, ORIENTAL INSTITUTE

ਤਸਵੀਰ ਕੈਪਸ਼ਨ, ਇਬਨ ਬਤੂਤਾ ਨੇ ਰੇਹਲਾ ਨਾਮ ਦੀ ਇੱਕ ਕਿਤਾਬ ਲਿਖੀ

ਸਿੱਕਿਆਂ ʼਤੇ ਰਜ਼ੀਆ ਸੁਲਤਾਨ ਦਾ ਨਾਮ

ਰਜ਼ੀਆ ਨਾ ਸਿਰਫ਼ ਇੱਕ ਚੰਗੀ ਪ੍ਰਸ਼ਾਸਕ ਸਾਬਤ ਹੋਈ ਬਲਕਿ ਇੱਕ ਫੌਜੀ ਰਣਨੀਤੀਕਾਰ ਵਜੋਂ ਵੀ ਪ੍ਰਸ਼ੰਸਾ ਕੀਤੀ ਗਈ। ਉਨ੍ਹਾਂ ਨੇ ਆਪਣੀ ਫੌਜ ਦੀ ਅਗਵਾਈ ਅੱਗੇ ਹੋ ਕੇ ਕੀਤੀ।

ਜਦੋਂ ਸਿਰਾਜ ਜੁਜ਼ਜਾਨੀ ਨੇ ਇਲਤੁਤਮਿਸ਼ ਰਾਜਵੰਸ਼ ਦਾ ਇਤਿਹਾਸ ਲਿਖਿਆ, ਤਾਂ ਉਨ੍ਹਾਂ ਨੇ ਰਜ਼ੀਆ ਲਈ 'ਲੰਗਰਕਸ਼' ਸ਼ਬਦ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਬਹੁਤ ਸਤਿਕਾਰ ਦਿੱਤਾ। ਇਸ ਸ਼ਬਦ ਦਾ ਅਰਥ ਹੈ – ਲੜਾਈ ਵਿੱਚ ਫੌਜ ਦੀ ਅਗਵਾਈ ਕਰਨ ਵਾਲਾ।

ਉਹ ਇੱਕ ਨਿਰਪੱਖ ਸੁਲਤਾਨ ਸਾਬਤ ਹੋਈ ਜਿਨ੍ਹਾਂ ਨੂੰ ਉਨ੍ਹਾਂ ਦੀ ਪਰਜਾ ਪਸੰਦ ਕਰਦੀ ਸੀ। ਰਜ਼ੀਆ ਇੱਕ ਬਾਦਸ਼ਾਹ ਦੀ ਧੀ ਸੀ ਪਰ ਸ਼ੁਰੂ ਵਿੱਚ ਆਪਣੇ ਪਿਤਾ ਦੀ ਵਿਰਾਸਤ 'ਤੇ ਨਿਰਊਰ ਰਹਿਣ ਤੋਂ ਬਾਅਦ, ਉਨ੍ਹਾਂ ਨੇ ਆਪਣੇ ਆਪ ਨੂੰ ਇਲਤੁਤਮਿਸ਼ ਤੋਂ ਵੱਖ ਕਰ ਲਿਆ ਸੀ।

ਉਹ ਸੁਲਤਾਨ ਬਣ ਗਈ, ਜੋ ਕਿ ਮੱਧਯੁਗੀ ਭਾਰਤ ਵਿੱਚ ਇੱਕ ਮੁਸਲਿਮ ਔਰਤ ਲਈ ਇੱਕ ਵਿਲੱਖਣ ਚੀਜ਼ ਸੀ।

ਰਜ਼ੀਆ ਸੁਲਤਾਨ ਦੇ ਸਿੱਕੇ

ਇਲਤੁਤਮਿਸ਼ ਦੇ ਜ਼ਮਾਨੇ ਵਿੱਚ ਚਾਂਦੀ ਦੇ ਸਿੱਕੇ ਚੱਲਦੇ ਸਨ ਜਿਨ੍ਹਾਂ 'ਤੇ ਉਨ੍ਹਾਂ ਦਾ ਨਾਮ ਉੱਕਰਿਆ ਹੋਇਆ ਸੀ। ਰਜ਼ੀਆ ਨੇ ਸਭ ਤੋਂ ਪਹਿਲਾਂ ਇਨ੍ਹਾਂ ਸਿੱਕਿਆਂ 'ਤੇ ਆਪਣੇ ਪਿਤਾ ਦੇ ਨਾਮ ਦੇ ਨਾਲ ਆਪਣਾ ਨਾਮ ਲਿਖਣਾ ਸ਼ੁਰੂ ਕੀਤਾ। ਇਲਤੁਤਮਿਸ਼ ਨੂੰ 'ਸੁਲਤਾਨ-ਏ-ਆਜ਼ਮ' ਕਿਹਾ ਜਾਂਦਾ ਸੀ ਅਤੇ ਰਜ਼ੀਆ ਨੂੰ 'ਸੁਲਤਾਨ-ਏ-ਮੁਅਜ਼ਮ' ਕਿਹਾ ਜਾਂਦਾ ਸੀ।

ਸਮੇਂ ਦੇ ਨਾਲ, ਰਜ਼ੀਆ ਇੰਨੀ ਆਤਮਵਿਸ਼ਵਾਸੀ ਹੋ ਗਈ ਕਿ ਉਨ੍ਹਾਂ ਨੇ ਸਿਰਫ਼ ਆਪਣੇ ਨਾਮ 'ਤੇ ਸਿੱਕੇ ਬਣਾਉਣੇ ਸ਼ੁਰੂ ਕਰ ਦਿੱਤੇ।

ਸੱਭਿਆਚਾਰਕ ਇਤਿਹਾਸਕਾਰ ਏਲੀਸਾ ਗੇਬੇ ਨੇ ਆਪਣੀ ਕਿਤਾਬ ਮੱਧਕਾਲੀ ਅਤੇ ਸ਼ੁਰੂਆਤੀ ਆਧੁਨਿਕ ਇਸਲਾਮ ਵਿੱਚ ਲਿਖਿਆ ਹੈ, "ਸਿੱਕਿਆਂ 'ਤੇ, ਰਜ਼ੀਆ ਦੇ ਨਾਮ ਤੋਂ ਪਹਿਲਾਂ 'ਸੁਲਤਾਨ' ਉੱਕਰਿਆ ਹੋਇਆ ਹੁੰਦਾ ਸੀ। ਉਸ ਨੇ ਕਦੇ ਵੀ ਆਪਣੇ ਲਈ 'ਸੁਲਤਾਨਾ' ਸ਼ਬਦ ਦੀ ਵਰਤੋਂ ਨਹੀਂ ਕੀਤੀ। ਉਹ ਉਸ ਸਮੇਂ ਸੁਲਤਾਨ ਬਣੀ ਜਦੋਂ ਯੂਰਪ ਦੀਆਂ ਔਰਤਾਂ ਆਪਣੇ ਘਰਾਂ ਦੀਆਂ ਕੰਧਾਂ ਤੋਂ ਬਾਹਰ ਨਿਕਲਣ ਬਾਰੇ ਸੋਚ ਵੀ ਨਹੀਂ ਸਕਦੀਆਂ ਸਨ।"

ਰਜ਼ੀਆ ਦੇ ਰਾਜ ਦੌਰਾਨ ਜਾਰੀ ਕੀਤੇ ਗਏ ਸਿੱਕੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਜ਼ੀਆ ਦੇ ਰਾਜ ਦੌਰਾਨ ਜਾਰੀ ਕੀਤੇ ਗਏ ਸਿੱਕੇ
ਇਹ ਵੀ ਪੜ੍ਹੋ-

ਯਾਕੂਤ ਨਾਲ ਨਜਿੱਠਣਾ

ਦਿੱਲੀ ਸਲਤਨਤ ਦੇ ਕੱਟੜਪੰਥੀ ਇਸਲਾਮੀ ਦਰਬਾਰੀਆਂ ਨੂੰ ਰਜ਼ੀਆ ਦੀ ਖੁੱਲ੍ਹੀ ਸ਼ਖਸੀਅਤ ਨਾਗਵਾਰ ਸੀ ਅਤੇ ਉਨ੍ਹਾਂ ਨੇ ਉਸ ਨੂੰ ਹਟਾਉਣ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ।

ਇੱਕ ਸੁਲਤਾਨ ਦੇ ਤੌਰ 'ਤੇ ਰਜ਼ੀਆ ਦੀ ਸ਼ਖਸੀਅਤ ਦਾ ਇੱਕ ਵੱਡਾ ਹਿੱਸਾ ਸੀ, ਬਾਹਰੀ ਦੁਨੀਆ ਦੇ ਸਾਹਮਣੇ ਆਪਣੇ-ਆਪ ਨੂੰ ਇੱਕ ਮਰਦ ਵਜੋਂ ਪੇਸ਼ ਕਰਨਾ।

ਅਬਰਾਹਿਮ ਇਰਾਲੀ ਲਿਖਦੇ ਹਨ, "ਉਹ ਦੂਜਿਆਂ ਨੂੰ ਤਾਂ ਦਿਖਾ ਸਕਦੀ ਸੀ ਕਿ ਉਹ ਇੱਕ ਮਰਦ ਤੋਂ ਘੱਟ ਨਹੀਂ ਸੀ, ਪਰ ਆਪਣੇ-ਆਪ ਨੂੰ ਨਹੀਂ। ਮਰਦਾਂ ਦੀ ਸੰਗਤ ਦੀ ਉਨ੍ਹਾਂ ਦੀ ਇੱਛਾ ਉਨ੍ਹਾਂ ਦੇ ਪਤਨ ਕਾਰਨ ਬਣੀ ਸੀ। ਇਸ ਤੋਂ ਇਲਾਵਾ, ਜਿਸ ਤਰੀਕੇ ਨਾਲ ਉਹ ਬਾਹਰੀ ਲੋਕਾਂ ਦੇ ਨੇੜੇ ਆਉਣ ਲੱਗੀ, ਉਹ ਉਨ੍ਹਾਂ ਦੇ ਦਰਬਾਰੀਆਂ ਨੂੰ ਪਸੰਦ ਨਹੀਂ ਆਇਆ।"

"ਉਨ੍ਹਾਂ ਵਿੱਚੋਂ ਇੱਕ ਸੀ, ਅਬੀਸੀਨੀਅਨ ਮੂਲ ਦਾ ਜਲਾਲੂਦੀਨ ਯਾਕੂਤ। ਯਾਕੂਤ ਨੂੰ ਰਜ਼ੀਆ ਦਾ ਅਮੀਰ-ਏ-ਅਕਬਰ ਦਾ ਅਹੁਦਾ ਦੇਣਾ ਉਨ੍ਹਾਂ ਦੇ ਤੁਰਕੀ ਦਰਬਾਰੀਆਂ ਨੂੰ ਪਸੰਦ ਨਹੀਂ ਆਇਆ। ਉਨ੍ਹਾਂ ਨੂੰ ਸ਼ੱਕ ਸੀ ਕਿ ਯਾਕੂਤ ਨਾਲ ਉਨ੍ਹਾਂ ਦੇ ਪ੍ਰੇਮ ਸਬੰਧ ਹੈ। ਉਨ੍ਹਾਂ ਨੇ ਰਜ਼ੀਆ ਨੂੰ ਗੱਦੀ ਤੋਂ ਹਟਾਉਣ ਦੀ ਸਾਜ਼ਿਸ਼ ਰਚਣੀ ਸ਼ੁਰੂ ਕਰ ਦਿੱਤੀ।"

ਤਸਵੀਰ "ਦਿ ਏਜ ਆਫ਼ ਰੋਥ" ਕਿਤਾਬ ਵਿੱਚੋਂ

ਤਸਵੀਰ ਸਰੋਤ, PENGUIN RANDOM HOUSE

ਤਸਵੀਰ ਕੈਪਸ਼ਨ, ਅਬ੍ਰਾਹਮ ਏਰਾਲੀ ਦੀ "ਦਿ ਏਜ ਆਫ਼ ਰੋਥ"

ਪੰਜਾਬ ਵਿੱਚ ਬਗ਼ਾਵਤ

ਰਜ਼ੀਆ ਖ਼ਿਲਾਫ਼ ਬਗ਼ਾਵਤ ਕਰਨ ਵਾਲਾ ਪਹਿਲਾ ਵਿਅਕਤੀ ਕਬੀਰ ਖ਼ਾਨ ਸੀ। ਉਸ ਨੂੰ ਆਪਣੇ ਵੱਲ ਕਰਨ ਲਈ ਰਜ਼ੀਆ ਨੇ ਪਹਿਲਾਂ ਹੀ ਉਨ੍ਹਾਂ ਨੂੰ ਲਾਹੌਰ ਦਾ ਗਵਰਨਰ ਬਣਾ ਦਿੱਤਾ ਸੀ, ਪਰ ਜਦੋਂ ਰਜ਼ੀਆ ਦਾ ਪ੍ਰਭਾਵ ਵਧਣ ਲੱਗਾ, ਤਾਂ ਉਨ੍ਹਾਂ ਨੇ ਦਿੱਲੀ ਤੋਂ 500 ਕਿਲੋਮੀਟਰ ਦੂਰ ਲਾਹੌਰ ਵਿੱਚ ਬਗ਼ਾਵਤ ਕਰ ਦਿੱਤੀ।

1239 ਵਿੱਚ, ਰਜ਼ੀਆ ਇਸ ਬਗ਼ਾਵਤ ਨੂੰ ਕੁਚਲਣ ਲਈ ਇੱਕ ਵੱਡੀ ਫੌਜ ਲੈ ਕੇ ਰਵਾਨਾ ਹੋ ਗਈ।

ਰਜ਼ੀਆ ਦਾ ਸਾਹਮਣਾ ਚਨਾਬ ਨਦੀ ਦੇ ਕੰਢੇ ਕਬੀਰ ਖ਼ਾਨ ਦੀ ਫੌਜ ਨਾਲ ਹੋਇਆ। ਕਬੀਰ ਖ਼ਾਨ ਰਜ਼ੀਆ ਦੀ ਫੌਜ ਦਾ ਸਾਹਮਣਾ ਨਹੀਂ ਕਰ ਸਕਿਆ ਅਤੇ ਉਸ ਨੂੰ ਹਾਰ ਸਵੀਕਾਰ ਕਰਨੀ ਪਈ।

ਪਰ ਜਦੋਂ ਉਹ ਦੱਖਣੀ ਪੰਜਾਬ ਵਿੱਚ ਕਬੀਰ ਖ਼ਾਨ ਦੀ ਬਗ਼ਾਵਤ ਨੂੰ ਦਬਾਉਣ ਗਈ ਸੀ, ਤਾਂ ਦਿੱਲੀ ਵਿੱਚ ਉਨ੍ਹਾਂ ਦੇ ਦਰਬਾਰੀ ਹਰਕਤ ਵਿੱਚ ਆ ਗਏ। ਉਨ੍ਹਾਂ ਨੇ ਦਿੱਲੀ ਵਿੱਚ ਰਜ਼ੀਆ ਦੇ ਨਜ਼ਦੀਕੀ ਸਹਿਯੋਗੀ ਯਾਕੂਤ ਦਾ ਕਤਲ ਕਰ ਦਿੱਤਾ।

ਰਜ਼ੀਆ ਨੂੰ ਪੰਜਾਬ ਗਏ ਉਨ੍ਹਾਂ ਦੇ ਕਰੀਬੀ ਸਾਥੀਆਂ ਸਣਏ ਬਠਿੰਡਾ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਇਸ ਤੋਂ ਬਾਅਦ ਰਜ਼ੀਆ ਦੇ ਸੌਤੇਲੇ ਭਰਾ ਮੋਇਜ਼ੁਦੀਨ ਬਹਿਰਾਮ ਸ਼ਾਹ ਨੂੰ ਦਿੱਲੀ ਦਾ ਸੁਲਤਾਨ ਬਣਾਇਆ ਗਿਆ ਸੀ ਪਰ ਰਜ਼ੀਆ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ ਸੀ।

ਰਜ਼ੀਆ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਵਾਲੇ ਬਠਿੰਡਾ ਦੇ ਗਵਰਨਰ ਅਲਤੂਨੀਆ ਨੂੰ ਉੱਚ ਅਹੁਦੇ ਦਾ ਲਾਲਚ ਦੇ ਕੇ ਆਪਣੇ ਨਾਲ ਮਿਲਾ ਲਿਆ। ਇੰਨਾ ਹੀ ਨਹੀਂ, ਉਨ੍ਹਾਂ ਨੇ ਉਸ ਨਾਲ ਵਿਆਹ ਕਰਵਾ ਲਿਆ।

ਉਹ ਦੋਵੇਂ ਫੌਜ ਲੈ ਕੇ ਦਿੱਲੀ ਵੱਲ ਵਧੇ ਪਰ ਕਿਸਮਤ ਨੇ ਇੱਥੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ। ਦਿੱਲੀ ਸਲਤਨਤ ਦੀ ਫੌਜ ਨੇ ਉਨ੍ਹਾਂ ਨੂੰ ਹਰਾ ਦਿੱਤਾ।

ਇਸਾਮੀ ਨੇ ਲਿਖਿਆ, ਇੱਕ ਵੀ ਘੋੜਸਵਾਰ ਰਜ਼ੀਆ ਦੇ ਨਾਲ ਨਹੀਂ ਰਿਹਾ। ਉਹ ਅਚੇ ਅਲਤੂਨੀਆ ਲੜਾਈ ਦੇ ਮੈਦਾਨ ਤੋਂ ਭੱਜ ਨਿਕਲੇ ਅਤੇ ਸਥਾਨਕ ਲੋਕਾਂ ਦੀ ਗ੍ਰਿਫ਼ਤ ਵਿੱਚ ਆ ਗਏ।

ਰਜ਼ੀਆ ਸੁਲਤਾਨ
ਤਸਵੀਰ ਕੈਪਸ਼ਨ, ਰਜ਼ੀਆ ਸੁਲਤਾਨ ਦੀ ਮੌਤ ਕਿਵੇਂ ਹੋਈ, ਇਸ ਬਾਰੇ ਇਤਿਹਾਸਕਾਰਾਂ ਵਿੱਚ ਕੋਈ ਸਹਿਮਤੀ ਨਹੀਂ ਹੈ

ਰਜ਼ੀਆ ਦਾ ਅੰਤ

ਉਸ ਤੋਂ ਬਾਅਦ ਰਜ਼ੀਆ ਨਾਲ ਕੀ ਹੋਇਆ ਇਸ ਬਾਰੇ ਇਤਿਹਾਸਕਾਰ ਇੱਕਮਤ ਨਹੀਂ ਹਨ।

ਸਿਰਾਜ ਦੇ ਅਨੁਸਾਰ, ਗ੍ਰਿਫ਼ਤਾਰ ਹੁੰਦੇ ਹੀ ਰਜ਼ੀਆ ਅਤੇ ਅਲਤੂਨੀਆ ਦਾ ਕਤਲ ਕਰ ਦਿੱਤਾ ਗਿਆ। ਇੱਕ ਹੋਰ ਇਤਿਹਾਸਕਾਰ ਯਾਹੀਆ ਸਰਹਿੰਦੀ ਦੇ ਅਨੁਸਾਰ, ਦੋਵਾਂ ਨੂੰ ਜ਼ੰਜੀਰਾਂ ਵਿੱਚ ਬੰਨ੍ਹ ਕੇ ਸੁਲਤਾਨ ਦੇ ਸਾਹਮਣੇ ਪੇਸ਼ ਕੀਤਾ ਗਿਆ ਜਿਸ ਨੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ।

ਪਰ ਇਬਨ ਬਤੂਤਾ ਕਹਿੰਦੇ ਹਨ ਕਿ ਇੱਕ ਕਿਸਾਨ ਨੇ ਕੈਥਲ ਵਿੱਚ ਰਜ਼ੀਆ ਨੂੰ ਉਨ੍ਹਾਂ ਦੇ ਗਹਿਣੇ ਚੋਰੀ ਕਰਨ ਲਈ ਮਾਰ ਦਿੱਤਾ।

 ਦਿੱਲੀ ਵਿੱਚ ਰਜ਼ੀਆ ਸੁਲਤਾਨ ਦਾ ਮਕਬਰਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਿੱਲੀ ਵਿੱਚ ਰਜ਼ੀਆ ਸੁਲਤਾਨ ਦਾ ਮਕਬਰਾ

ਰਜ਼ੀਆ ਨੇ ਦਿੱਲੀ ਦੀ ਸਲਤਨਤ ਉੱਤੇ ਤਿੰਨ ਸਾਲ ਛੇ ਦਿਨ ਰਾਜ ਕੀਤਾ। ਉਨ੍ਹਾਂ ਨੂੰ ਯਮੁਨਾ ਦੇ ਕੰਢੇ ਦਫ਼ਨਾਇਆ ਗਿਆ ਅਤੇ ਉਨ੍ਹਾਂ ਦੀ ਯਾਦ ਵਿੱਚ ਇੱਕ ਛੋਟਾ ਜਿਹਾ ਮਕਬਰਾ ਬਣਾਇਆ ਗਿਆ ਸੀ ਜੋ ਅੱਜ ਵੀ ਦਿੱਲੀ ਵਿੱਚ ਤੁਰਕਮਾਨ ਗੇਟ ਦੇ ਨੇੜੇ ਮੌਜੂਦ ਹੈ।

ਸਿਰਾਜ ਜੁਜ਼ਜਾਨੀ ਨੇ ਲਿਖਿਆ, "ਰਜ਼ੀਆ ਸੁਲਤਾਨ ਇੱਕ ਮਹਾਨ ਸਮਰਾਟ ਸੀ। ਉਹ ਇੱਕ ਬੁੱਧੀਮਾਨ, ਨਿਆਂਪੂਰਨ ਅਤੇ ਉਦਾਰ ਸ਼ਾਸਕ ਸੀ ਜਿਨ੍ਹਾਂ ਨੇ ਆਪਣੇ ਲੋਕਾਂ ਦੀ ਭਲਾਈ ਲਈ ਬਹੁਤ ਕੁਝ ਕੀਤਾ।"

"ਉਨ੍ਹਾਂ ਵਿੱਚ ਉਹ ਸਾਰੇ ਗੁਣ ਸਨ ਜੋ ਇੱਕ ਚੰਗੇ ਰਾਜੇ ਵਿੱਚ ਹੋਣੇ ਚਾਹੀਦੇ ਹਨ। ਉਨ੍ਹਾਂ ਦਾ ਇੱਕੋ-ਇੱਕ ਕਸੂਰ ਸੀ ਕਿ ਉਹ ਮਰਦ ਨਹੀਂ ਸੀ, ਇਸ ਲਈ ਉਨ੍ਹਾਂ ਦੇ ਇਹਨਾਂ ਗੁਣਾਂ ਦਾ ਮਨੁੱਖਾਂ ਦੀਆਂ ਨਜ਼ਰਾਂ ਵਿੱਚ ਕੋਈ ਮੁੱਲ ਨਹੀਂ ਸੀ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)