ਮੁਗਲ ਕਾਲ ਦੌਰਾਨ 22 ਜੰਗਾਂ ਜਿੱਤਣ ਵਾਲੇ ਹੇਮੂ ਦੀ ਕਹਾਣੀ, ਜੋਂ ਕਰਿਆਨੇ ਦੀ ਦੁਕਾਨ ਤੋਂ ਦਿੱਲੀ ਦੇ ਤਖ਼ਤ ਤੱਕ ਪਹੁੰਚੇ

ਤਸਵੀਰ ਸਰੋਤ, Getty Images
- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਪੱਤਰਕਾਰ
ਹੇਮੂ ਹਰਿਆਣਾ ਵਿੱਚ ਰੇਵਾੜੀ ਦੇ ਰਹਿਣ ਵਾਲੇ ਸਨ। ਹੇਮੂ ਨੂੰ ਮੱਧਯੁੱਗ ਦੇ ਭਾਰਤ ਵਿੱਚ ਮੁਗਲ ਸ਼ਾਸਕਾਂ ਵਿਚਕਾਰ ਥੋੜ੍ਹੇ ਸਮੇਂ ਲਈ ਹੀ ਇੱਕ 'ਹਿੰਦੂ ਰਾਜ' ਸਥਾਪਿਤ ਕਰਨ ਦਾ ਸਿਹਰਾ ਦਿੱਤਾ ਜਾਂਦਾ ਹੈ।
ਉਨ੍ਹਾਂ ਨੇ ਆਪਣੇ ਪੂਰੇ ਜੀਵਨ ਵਿੱਚ ਕੁੱਲ 22 ਲੜਾਈਆਂ ਜਿੱਤੀਆਂ। ਇਸ ਦੀ ਵਜ੍ਹਾ ਨਾਲ ਹੀ ਉਨ੍ਹਾਂ ਨੂੰ ਕੁਝ ਇਤਿਹਾਸਕਾਰਾਂ ਨੇ ਮੱਧ ਯੁੱਗ ਦੇ ਸਮੁੰਦਰ ਗੁਪਤ ਦਾ ਖਿਤਾਬ ਦਿੱਤਾ।
ਹੇਮੂ ਨੂੰ ਮੱਧਯੁੱਗ ਦਾ ਨੈਪੋਲੀਅਨ ਵੀ ਕਿਹਾ ਗਿਆ।
ਉਹ ਇੱਕ ਚੰਗੇ ਯੋਧਾ ਦੇ ਨਾਲ-ਨਾਲ ਕੁਸ਼ਲ ਪ੍ਰਸ਼ਾਸਕ ਵੀ ਸਨ। ਉਨ੍ਹਾਂ ਦੀ ਜੰਗੀ ਮੁਹਾਰਤ ਦਾ ਲੋਹਾ ਉਨ੍ਹਾਂ ਦੇ ਸਾਥੀਆਂ ਦੇ ਨਾਲ-ਨਾਲ ਦੁਸ਼ਮਣਾਂ ਨੇ ਵੀ ਮੰਨਿਆ।
ਮਸ਼ਹੂਰ ਇਤਿਹਾਸਕਾਰ ਆਰ ਪੀ ਤ੍ਰਿਪਾਠੀ ਆਪਣੀ ਕਿਤਾਬ 'ਰਾਈਜ਼ ਐਂਡ ਫਾਲ ਆਫ ਮੁਗ਼ਲ ਐਮਪਾਇਰ' ਵਿੱਚ ਲਿਖਦੇ ਹਨ, ''ਅਕਬਰ ਹੱਥੋਂ ਹੇਮੂ ਦੀ ਹਾਰ ਅਫ਼ਸੋਸਨਾਕ ਸੀ। ਜੇਕਰ ਕਿਸਮਤ ਨੇ ਉਨ੍ਹਾਂ ਦਾ ਸਾਥ ਦਿੱਤਾ ਹੁੰਦਾ ਤਾਂ ਉਨ੍ਹਾਂ ਨੂੰ ਇਹ ਹਾਰ ਨਸੀਬ ਨਹੀਂ ਹੋਈ ਹੁੰਦੀ।''
ਇੱਕ ਹੋਰ ਇਤਿਹਾਸਕਾਰ ਆਰ ਸੀ ਮਜੂਮਦਾਰ ਸ਼ੇਰਸ਼ਾਹ 'ਤੇ ਲਿਖੀ ਕਿਤਾਬ ਦੇ ਇੱਕ ਪਾਠ ਵਿਚ 'ਹੇਮੂ - ਅ ਫਾਰਗੌਟਨ ਹੀਰੋ' ਵਿੱਚ ਲਿਖਦੇ ਹਨ, ''ਪਾਣੀਪਤ ਦੀ ਲੜਾਈ ਵਿੱਚ ਇੱਕ ਦੁਰਘਟਨਾ ਕਾਰਨ ਹੇਮੂ ਦੀ ਜਿੱਤ ਹਾਰ ਵਿੱਚ ਬਦਲ ਗਈ। ਨਹੀਂ ਤਾਂ ਉਨ੍ਹਾਂ ਨੇ ਦਿੱਲੀ ਵਿੱਚ ਮੁਗ਼ਲਾਂ ਦੀ ਥਾਂ ਹਿੰਦੂ ਰਾਜਵੰਸ਼ ਦੀ ਨੀਂਹ ਰੱਖੀ ਹੁੰਦੀ।''
ਇਹ ਵੀ ਪੜ੍ਹੋ:
ਸਾਧਾਰਨ ਪਰਿਵਾਰ ਵਿੱਚ ਜਨਮ
ਹੇਮੂ ਚੰਦਰ ਦਾ ਜਨਮ ਸਾਲ 1501 ਵਿੱਚ ਹਰਿਆਣਾ ਵਿੱਚ ਰੇਵਾੜੀ ਦੇ ਪਿੰਡ ਕੁਤਬ ਪੁਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਰਿਵਾਰ ਦਾ ਕਰਿਆਨੇ ਦਾ ਕਾਰੋਬਾਰ ਹੁੰਦਾ ਸੀ।
ਅਕਬਰ ਦੇ ਜੀਵਨੀਕਾਰ ਅਬੁਲ ਫ਼ਜ਼ਲ ਉਨ੍ਹਾਂ ਨੂੰ ਬਹੁਤ ਘ੍ਰਿਣਾ ਦੀ ਭਾਵਨਾ ਨਾਲ ਇੱਕ ਫੇਰੀਵਾਲਾ ਦੱਸਦੇ ਹਨ, ਜੋ ਰੇਵਾੜੀ ਦੀਆਂ ਗਲੀਆਂ ਵਿੱਚ ਲੂਣ ਵੇਚਿਆ ਕਰਦੇ ਸਨ।

ਤਸਵੀਰ ਸਰੋਤ, SPL
ਪਰ ਇਸ ਵਿੱਚ ਕੋਈ ਦੋ ਰਾਇ ਨਹੀਂ ਹੈ ਕਿ ਉਨ੍ਹਾਂ ਦਾ ਜਿਸ ਤਰ੍ਹਾਂ ਦਾ ਵੀ ਪੇਸ਼ਾ ਰਿਹਾ ਹੋਵੇ, ਉਹ ਸ਼ੇਰ ਸ਼ਾਹ ਸੂਰੀ ਦੇ ਬੇਟੇ ਇਸਲਾਮ ਸ਼ਾਹ ਦਾ ਧਿਆਨ ਆਪਣੇ ਵੱਲ ਖਿੱਚਣ ਵਿੱਚ ਸਫਲ ਹੋ ਗਏ ਸੀ।
ਜਲਦੀ ਹੀ ਉਹ ਬਾਦਸ਼ਾਹ ਦੇ ਵਿਸ਼ਵਾਸ ਪਾਤਰ ਬਣ ਗਏ ਅਤੇ ਪ੍ਰਸ਼ਾਸਨ ਵਿੱਚ ਉਨ੍ਹਾਂ ਦਾ ਹੱਥ ਵੰਡਾਉਣ ਲੱਗੇ ਸਨ।
ਬਾਦਸ਼ਾਹ ਨੇ ਉਨ੍ਹਾਂ ਨੂੰ ਖੂਫ਼ੀਆ ਅਤੇ ਡਾਕ ਵਿਭਾਗ ਦਾ ਪ੍ਰਮੁੱਖ ਬਣਾ ਦਿੱਤਾ, ਬਾਅਦ ਵਿੱਚ ਇਸਲਾਮ ਸ਼ਾਹ ਨੂੰ ਉਨ੍ਹਾਂ ਵਿੱਚ ਫ਼ੌਜੀ ਗੁਣ ਵੀ ਦਿਖਾਈ ਦਿੱਤੇ।
ਜਿਸ ਕਰਕੇ ਉਨ੍ਹਾਂ ਨੇ ਹੇਮੂ ਨੂੰ ਆਪਣੀ ਫ਼ੌਜ ਵਿੱਚ ਉਹ ਥਾਂ ਦਿੱਤੀ ਜੋ ਸ਼ੇਰ ਸ਼ਾਹ ਸੂਰੀ ਦੇ ਜ਼ਮਾਨੇ ਵਿੱਚ ਬ੍ਰਹਮਜੀਤ ਗੌੜ ਨੂੰ ਮਿਲਦੀ ਸੀ।
ਆਦਿਲ ਸ਼ਾਹ ਦੇ ਸ਼ਾਸਨ ਕਾਲ ਵਿੱਚ ਹੇਮੂ ਨੂੰ 'ਵਜ਼ੀਰ-ਏ-ਆਲ੍ਹਾ' ਯਾਨੀ ਪ੍ਰਧਾਨ ਮੰਤਰੀ ਦਾ ਦਰਜਾ ਮਿਲ ਗਿਆ ਸੀ
ਦਿੱਲੀ 'ਤੇ ਕਬਜ਼ਾ
ਜਦੋਂ ਆਦਿਲ ਸ਼ਾਹ ਨੂੰ ਖ਼ਬਰ ਮਿਲੀ ਕਿ ਬਾਬਰ ਦੇ ਪੁੱਤਰ ਹੁਮਾਯੂੰ ਨੇ ਵਾਪਸੀ ਕਰਕੇ ਦਿੱਲੀ ਦੇ ਸਿੰਘਾਸਨ 'ਤੇ ਕਬਜ਼ਾ ਕਰ ਲਿਆ ਹੈ ਤਾਂ ਉਨ੍ਹਾਂ ਨੇ ਹੇਮੂ ਨੂੰ ਮੁਗ਼ਲਾਂ ਨੂੰ ਭਾਰਤ ਤੋਂ ਬਾਹਰ ਕੱਢਣ ਦੀ ਜ਼ਿੰਮੇਵਾਰੀ ਸੌਂਪੀ।

ਤਸਵੀਰ ਸਰੋਤ, Getty Images
ਹੇਮੂ ਨੇ 50,000 ਲੋਕਾਂ ਦੀ ਆਪਣੀ ਫੌਜ, 1000 ਹਾਥੀਆਂ ਅਤੇ 51 ਤੋਪਾਂ ਨਾਲ ਦਿੱਲੀ ਵੱਲ ਕੂਚ ਕੀਤਾ।
ਕਾਲਪੀ ਅਤੇ ਆਗਰਾ ਦੇ ਸੂਬੇਦਾਰ ਅਬਦੁੱਲਾ ਉਜ਼ਬੇਗ ਖਾਂ ਅਤੇ ਸਿਕੰਦਰ ਖਾਂ ਡਰ ਦੇ ਮਾਰੇ ਆਪਣਾ ਸ਼ਹਿਰ ਛੱਡ ਕੇ ਭੱਜ ਨਿਕਲੇ।
ਕੇ. ਕੇ. ਭਾਰਦਵਾਜ ਆਪਣੀ ਕਿਤਾਬ 'ਹੇਮੂ ਦਿ ਨੈਪੋਲੀਅਨ ਆਫ ਮੀਡੀਵਲ ਇੰਡੀਆ' ਵਿੱਚ ਲਿਖਦੇ ਹਨ, ''ਦਿੱਲੀ ਦੇ ਮੁਗ਼ਲ ਗਵਰਨਰ ਟਾਰਡੀ ਖਾਂ ਨੇ ਹੇਮੂ ਨੂੰ ਰੋਕਣ ਦਾ ਪੂਰਾ ਇੰਤਜ਼ਾਮ ਕੀਤਾ। ਹੇਮੂ 6 ਅਕਤੂਬਰ, 1556 ਨੂੰ ਦਿੱਲੀ ਪਹੁੰਚੇ ਅਤੇ ਉਨ੍ਹਾਂ ਨੇ ਤੁਗਲਕਾਬਾਦ ਵਿੱਚ ਆਪਣੀ ਫ਼ੌਜ ਨਾਲ ਡੇਰਾ ਪਾਇਆ।”
“ਅਗਲੇ ਦਿਨ ਹੇਮੂ ਅਤੇ ਮੁਗ਼ਲਾਂ ਦੀ ਫ਼ੌਜ ਵਿਚਕਾਰ ਯੁੱਧ ਹੋਇਆ, ਜਿਸ ਵਿੱਚ ਮੁਗ਼ਲਾਂ ਦੀ ਹਾਰ ਹੋਈ ਅਤੇ ਟਾਰਡੀ ਖਾਂ ਆਪਣੀ ਜਾਨ ਬਚਾਉਣ ਲਈ ਪੰਜਾਬ ਵੱਲ ਭੱਜਿਆ, ਜਿੱਥੇ ਅਕਬਰ ਦੀ ਫੌਜ ਪਹਿਲਾਂ ਹੀ ਮੌਜੂਦ ਸੀ।
ਹੇਮੂ ਜੇਤੂ ਦੇ ਰੂਪ ਵਿੱਚ ਦਿੱਲੀ ਵਿੱਚ ਦਾਖਲ ਹੋਏ ਅਤੇ ਆਪਣੇ ਸਿਰ ਉੱਪਰ ਸ਼ਾਹੀ ਛਤਰ ਲਗਾ ਕੇ ਹਿੰਦੂ ਰਾਜ ਦਾ ਮੁੱਢ ਬੰਨ੍ਹਿਆ ਅਤੇ ਨਾਮੀ ਮਹਾਰਾਜਾ ਵਿਕਰਮਾ ਦਿੱਤਿਆ ਦੀ ਪਦਵੀ ਗ੍ਰਹਿਣ ਕੀਤੀ।
ਉਨ੍ਹਾਂ ਨੇ ਆਪਣੇ ਨਾਂ ਦੇ ਸਿੱਕੇ ਘੜਵਾਏ ਅਤੇ ਦੂਰ ਦੁਰਾਡੇ ਦੇ ਸੂਬਿਆਂ ਵਿੱਚ ਸੂਬੇਦਾਰ ਨਿਯੁਕਤ ਕੀਤੇ।''
ਬੈਰਮ ਖਾਂ ਨੇ ਕੀਤਾ ਟਾਰਡੀ ਖਾਂ ਦਾ ਕਤਲ
ਦਿੱਲੀ ਵਿੱਚ ਹਾਰ ਦੀ ਖ਼ਬਰ ਅਕਬਰ ਤੱਕ 13 ਅਕਤੂਬਰ, 1556 ਨੂੰ ਉਨ੍ਹਾਂ ਦੇ 14ਵੇਂ ਜਨਮ ਦਿਨ ਤੋਂ ਦੋ ਦਿਨ ਪਹਿਲਾਂ ਪਹੁੰਚੀ।
ਉਸ ਸਮੇਂ ਅਕਬਰ ਪੰਜਾਬ ਦੇ ਜਲੰਧਰ ਵਿੱਚ ਬੈਰਮ ਖਾਂ ਨਾਲ ਸੀ। ਅਕਬਰ ਦੇ ਦਿਲ ਵਿੱਚ ਦਿੱਲੀ ਤੋਂ ਜ਼ਿਆਦਾ ਮਹੱਤਵ ਕਾਬੁਲ ਦਾ ਸੀ, ਪਰ ਬੈਰਮ ਖਾਂ ਇਸ ਨਾਲ ਸਹਿਮਤ ਨਹੀਂ ਸਨ।

ਤਸਵੀਰ ਸਰੋਤ, Getty Images
ਪਾਰਵਤੀ ਸ਼ਰਮਾ ਅਕਬਰ ਦੀ ਜੀਵਨੀ 'ਅਕਬਰ ਆਫ ਹਿੰਦੁਸਤਾਨ' ਵਿੱਚ ਲਿਖਦੇ ਹਨ, ''ਅਕਬਰ ਦੇ ਸਾਹਮਣੇ ਵਿਕਲਪ ਸਾਫ਼ ਸੀ, ਜਾਂ ਤਾਂ ਉਹ ਹਿੰਦੁਸਤਾਨ ਦੇ ਬਾਦਸ਼ਾਹ ਬਣਨ ਜਾਂ ਵਾਪਸ ਕਾਬੁਲ ਵਿੱਚ ਆਰਾਮ ਵਿੱਚ ਰਹਿ ਕੇ ਸਿਰਫ਼ ਖੇਤਰੀ ਬਾਦਸ਼ਾਹ ਬਣੇ ਰਹਿਣ।
ਪਰ ਜਦੋਂ ਟਾਰਡੀ ਖਾਂ ਦਿੱਲੀ ਤੋਂ ਭੱਜ ਕੇ ਅਕਬਰ ਦੇ ਖੇਮੇ ਵਿੱਚ ਪਹੁੰਚੇ ਤਾਂ ਅਕਬਰ ਸ਼ਿਕਾਰ ਖੇਡਣ ਗਏ ਹੋਏ ਸਨ। ਬੈਰਮ ਖਾਂ ਨੇ ਟਾਰਡੀ ਖਾਂ ਨੂੰ ਆਪਣੇ ਤੰਬੂ ਵਿੱਚ ਸੱਦਾ ਭੇਜਿਆ।
ਥੋੜ੍ਹੀ ਦੇਰ ਗੱਲਬਾਤ ਕਰਨ ਤੋਂ ਬਾਅਦ ਬੈਰਮ ਖਾਂ ਆਪਣੀ ਸ਼ਾਮ ਦੀ ਨਮਾਜ਼ ਲਈ ਵਜ਼ੂ ਕਰਨ ਲਈ ਉੱਠ ਗਏ। ਫਿਰ ਬੈਰਮ ਖਾਂ ਦੇ ਲੋਕਾਂ ਨੇ ਤੰਬੂ ਦੇ ਅੰਦਰ ਵੜ ਕੇ ਟਾਰਡੀ ਖਾਂ ਦਾ ਕਤਲ ਕਰ ਦਿੱਤਾ।
ਜਦੋਂ ਅਕਬਰ ਸ਼ਿਕਾਰ ਕਰਕੇ ਵਾਪਸ ਆਏ ਤਾਂ ਬੈਰਮ ਖਾਂ ਦੇ ਡਿਪਟੀ ਪੀਰ ਮੁਹੰਮਦ ਨੇ ਉਨ੍ਹਾਂ ਨੂੰ ਟਾਰਡੀ ਖਾਂ ਦੀ ਮੌਤ ਦੀ ਖ਼ਬਰ ਸੁਣਾਈ।
ਬੈਰਮ ਖਾਂ ਨੇ ਪੀਰ ਜ਼ਰੀਏ ਅਕਬਰ ਨੂੰ ਸੁਨੇਹਾ ਭਿਜਵਾਇਆ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਉਨ੍ਹਾਂ ਦੇ ਇਸ ਕਦਮ ਦਾ ਸਮਰਥਨ ਕਰਨਗੇ ਤਾਂ ਕਿ ਦੂਜਿਆਂ ਨੂੰ ਸਬਕ ਮਿਲੇ ਕਿ ਜੰਗ ਤੋਂ ਭੱਜਣ ਵਾਲਿਆਂ ਦਾ ਕੀ ਹਸ਼ਰ ਹੁੰਦਾ ਹੈ।''
ਹੇਮੂ ਨੇ ਵੱਡੀ ਫ਼ੌਜ ਨਾਲ ਪਾਣੀਪਤ 'ਤੇ ਕੂਚ ਕੀਤਾ
ਉੱਧਰ ਜਦੋਂ ਹੇਮੂ ਨੂੰ ਪਤਾ ਲੱਗਿਆ ਕਿ ਮੁਗ਼ਲ ਜਵਾਬੀ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਹਨ ਤਾਂ ਉਨ੍ਹਾਂ ਨੇ ਪਹਿਲਾਂ ਹੀ ਆਪਣੀਆਂ ਤੋਪਾਂ ਪਾਣੀਪਤ ਵੱਲ ਭੇਜ ਦਿੱਤੀਆਂ।
ਬੈਰਮ ਖਾਂ ਨੇ ਵੀ ਅਲੀ ਕੁਲੀ ਸ਼ੈਬਾਨੀ ਦੀ ਅਗਵਾਈ ਵਿੱਚ 10,000 ਲੋਕਾਂ ਦੀ ਫ਼ੌਜ ਪਾਣੀਪਤ ਵੱਲ ਰਵਾਨਾ ਕਰ ਦਿੱਤੀ। ਸ਼ੈਬਾਨੀ ਇੱਕ ਉਜ਼ਬੇਕ ਸੀ ਅਤੇ ਉਨ੍ਹਾਂ ਦੀ ਗਿਣਤੀ ਮਸ਼ਹੂਰ ਲੜਾਕਿਆਂ ਵਿੱਚ ਹੁੰਦੀ ਸੀ।

ਤਸਵੀਰ ਸਰੋਤ, Mittal Publications
ਅਬੁਲ ਫ਼ਜ਼ਲ ਅਕਬਰ ਦੀ ਜੀਵਨੀ 'ਅਕਬਰਨਾਮਾ' ਵਿੱਚ ਲਿਖਦੇ ਹਨ, ''ਹੇਮੂ ਨੇ ਬਹੁਤ ਤੇਜ਼ੀ ਨਾਲ ਦਿੱਲੀ ਛੱਡੀ। ਦਿੱਲੀ ਤੋਂ ਪਾਣੀਪਤ ਦੀ ਦੂਰੀ 100 ਕਿਲੋਮੀਟਰ ਤੋਂ ਵੀ ਘੱਟ ਸੀ। ਉਸ ਇਲਾਕੇ ਵਿੱਚ ਭਿਆਨਕ ਸੋਕਾ ਪਿਆ ਹੋਇਆ ਸੀ। ਇਸ ਲਈ ਰਸਤੇ ਵਿੱਚ ਆਦਮਜ਼ਾਤ ਦਾ ਨਾਮੋਨਿਸ਼ਾਨ ਨਹੀਂ ਸੀ।”
“ਹੇਮੂ ਦੀ ਫੌਜ ਵਿੱਚ 30,000 ਅਨੁਭਵੀ ਘੋੜ ਸਵਾਰ ਅਤੇ 500 ਤੋਂ 1500 ਤੱਕ ਹਾਥੀ ਸਨ। ਹਾਥੀਆਂ ਦੀਆਂ ਸੁੰਡਾਂ ਵਿੱਚ ਤਲਵਾਰਾਂ ਅਤੇ ਬਰਛੇ ਬੰਨ੍ਹੇ ਹੋਏ ਸਨ ਅਤੇ ਉਨ੍ਹਾਂ ਦੀ ਪਿੱਠ 'ਤੇ ਯੁੱਧ ਹੁਨਰ ਵਿੱਚ ਮਾਹਰ ਤੀਰਅੰਦਾਜ਼ ਸਵਾਰ ਸਨ।''
''ਇਸ ਤੋਂ ਪਹਿਲਾਂ ਮੁਗ਼ਲ ਫੌਜ ਨੇ ਯੁੱਧ ਦੌਰਾਨ ਇੰਨੇ ਲੰਬੇ ਚੌੜੇ ਹਾਥੀ ਨਹੀਂ ਦੇਖੇ ਸਨ। ਉਹ ਕਿਸੇ ਵੀ ਫ਼ਾਰਸੀ ਘੋੜੇ ਤੋਂ ਤੇਜ਼ ਦੌੜ ਸਕਦੇ ਸਨ ਅਤੇ ਘੋੜੇ ਅਤੇ ਘੋੜਸਵਾਰ ਨੂੰ ਆਪਣੀ ਸੁੰਡ ਨਾਲ ਚੁੱਕ ਕੇ ਹਵਾ ਵਿੱਚ ਉਛਾਲ ਸਕਦੇ ਸਨ।''
ਹੇਮੂ, ਰਾਜਪੂਤਾਂ ਅਤੇ ਅਫ਼ਗਾਨਾਂ ਦੀ ਇੱਕ ਵੱਡੀ ਫੌਜ ਨਾਲ ਪਾਣੀਪਤ ਪਹੁੰਚੇ।
ਜੇ ਐੱਮ ਸ਼ੀਤਲ ਆਪਣੀ ਕਿਤਾਬ 'ਅਕਬਰ' ਵਿੱਚ ਲਿਖਦੇ ਹਨ, ''ਅਕਬਰ ਦਾ ਡੇਰਾ ਇਸ ਲੜਾਈ ਤੋਂ ਥੋੜ੍ਹੀ ਦੂਰ ਇੱਕ ਸੁਰੱਖਿਅਤ ਜਗ੍ਹਾ 'ਤੇ ਲਗਾਇਆ ਗਿਆ ਸੀ। ਬੈਰਮ ਖਾਂ ਨੇ ਵੀ ਇਸ ਲੜਾਈ ਤੋਂ ਆਪਣੇ ਆਪ ਨੂੰ ਅਲੱਗ ਰੱਖਦੇ ਹੋਏ ਲੜਾਈ ਦੀ ਜ਼ਿੰਮੇਵਾਰੀ ਆਪਣੇ ਖਾਸ ਲੋਕਾਂ 'ਤੇ ਛੱਡ ਦਿੱਤੀ।''
ਹੇਮੂ ਦੀ ਬਹਾਦਰੀ
ਹੇਮੂ ਉਸ ਲੜਾਈ ਵਿੱਚ ਸਿਰ ਉੱਤੇ ਬਿਨਾਂ ਕੋਈ ਕਵਚ ਪਾਏ ਉੱਤਰੇ। ਉਹ ਲਗਾਤਾਰ ਰੌਲਾ ਪਾ ਕੇ ਆਪਣੇ ਸਾਥੀਆਂ ਦਾ ਜੋਸ਼ ਵਧਾ ਰਹੇ ਸਨ। ਉਹ ਆਪਣੇ ਹਾਥੀ 'ਹਵਾਈ' 'ਤੇ ਚੜ੍ਹੇ ਹੋਏ ਸਨ।

ਤਸਵੀਰ ਸਰੋਤ, Murty Classical Library of India
ਬਦਾਊਨੀ ਆਪਣੀ ਕਿਤਾਬ 'ਮੁੰਤਖ਼ਬ-ਉਤ-ਤਵਾਰੀਖ਼' ਵਿੱਚ ਲਿਖਦੇ ਹਨ, ''ਹੇਮੂ ਦੇ ਹਮਲੇ ਇੰਨੇ ਸਧੇ ਹੋਏ ਸਨ ਕਿ ਉਸ ਨੇ ਮੁਗ਼ਲ ਫ਼ੌਜਾਂ ਦੇ ਸੱਜੇ ਅਤੇ ਖੱਬੇ ਹਿੱਸੇ ਵਿੱਚ ਅਫ਼ਰਾ-ਤਫ਼ਰੀ ਫੈਲਾ ਦਿੱਤੀ।
ਪਰ ਮੱਧ ਏਸ਼ੀਆ ਦੇ ਘੋੜ ਸਵਾਰਾਂ ਨੂੰ ਹਮਲੇ ਵਿੱਚ ਨਹੀਂ ਲਿਆ ਜਾ ਸਕਦਾ ਸੀ।
ਹੇਮੂ ਦੇ ਹਾਥੀਆਂ ਦੇ ਸਿਰ 'ਤੇ ਸਿੱਧਾ ਹਮਲਾ ਕਰਨ ਦੀ ਬਜਾਏ ਉਨ੍ਹਾਂ ਨੇ ਉਨ੍ਹਾਂ 'ਤੇ ਟੇਢਾ ਹਮਲਾ ਕੀਤਾ ਤਾਂ ਕਿ ਹਾਥੀ 'ਤੇ ਸਵਾਰ ਸੈਨਿਕਾਂ ਨੂੰ ਹੇਠਾਂ ਸੁੱਟ ਕੇ ਆਪਣੇ ਤੇਜ਼ ਤਰਾਰ ਘੋੜਿਆਂ ਹੇਠ ਕੁਚਲਿਆ ਜਾ ਸਕੇ।''
ਇਸ ਲੜਾਈ ਦਾ ਵਰਣਨ ਕਰਦੇ ਹੋਏ ਅਬੁਲ ਫ਼ਜ਼ਲ ਲਿਖਦੇ ਹਨ, ''ਬੱਦਲਾਂ ਵਰਗੀ ਗਰਜ ਅਤੇ ਸ਼ੇਰ ਵਾਂਗ ਦਹਾੜਦੀਆਂ ਹੋਈਆਂ ਦੋਵੇਂ ਫੌਜਾਂ ਨੇ ਇੱਕ ਦੂਜੇ 'ਤੇ ਹਮਲਾ ਬੋਲ ਦਿੱਤਾ। ਅਲੀ ਕੁਲੀ ਸ਼ੌਬਾਨੀ ਦੇ ਤੀਰ ਅੰਦਾਜ਼ਾਂ ਨੇ ਦੁਸ਼ਮਣ 'ਤੇ ਤੀਰਾਂ ਦੀ ਛਹਿਬਰ ਕਰ ਦਿੱਤੀ। ਪਰ ਲੜਾਈ ਦਾ ਰੁਖ਼ ਉਦੋਂ ਵੀ ਉਨ੍ਹਾਂ ਵੱਲ ਨਹੀਂ ਮੁੜ ਸਕਿਆ।''

ਤਸਵੀਰ ਸਰੋਤ, Juggernaut
ਪਾਰਵਤੀ ਸ਼ਰਮਾ ਲਿਖਦੇ ਹਨ, ''ਸ਼ਾਇਦ ਅਕਬਰ ਉਸ ਸਮੇਂ ਸੋਚ ਰਹੇ ਹੋਣ ਕਿ ਕਿਸ ਤਰ੍ਹਾਂ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਉਨ੍ਹਾਂ ਦੇ ਦਾਦਾ ਬਾਬਰ ਦੀ ਫੌਜ ਨੇ ਸਿਰਫ਼ 10,000 ਸੈਨਿਕਾਂ ਨਾਲ ਇਬਰਾਹੀਮ ਲੋਧੀ ਦੇ 1,00,000 ਸੈਨਿਕਾਂ ਨੂੰ ਹਰਾਇਆ ਸੀ।”
“ਪਰ ਅਕਬਰ ਨੂੰ ਇਹ ਵੀ ਅੰਦਾਜ਼ਾ ਸੀ ਕਿ ਉਦੋਂ ਬਾਬਰ ਕੋਲ ਇੱਕ ਗੁਪਤ ਹਥਿਆਰ ਸੀ - ਬਾਰੂਦ, ਪਰ ਤੀਹ ਸਾਲ ਬਾਅਦ ਅਕਬਰ ਕੋਲ ਕੋਈ ਗੁਪਤ ਹਥਿਆਰ ਨਹੀਂ ਬਚਿਆ ਸੀ। ਉਦੋਂ ਤੱਕ ਬਾਰੂਦ ਇੰਨਾ ਆਮ ਹੋ ਚੁੱਕਿਆ ਸੀ ਕਿ ਅਕਬਰ ਦੀ ਫੌਜੀ ਮੁਹਿੰਮ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਤੋਪਖਾਨੇ ਦੇ ਮੁਖੀ ਨੂੰ ਆਦੇਸ਼ ਦਿੱਤਾ ਸੀ ਕਿ ਇਸ ਨੂੰ ਹੇਮੂ ਦੇ ਪੁਤਲੇ ਵਿੱਚ ਭਰ ਕੇ ਉਸ ਵਿੱਚ ਅੱਗ ਲਗਾ ਦਿੱਤੀ ਜਾਵੇ ਤਾਂ ਕਿ ਉਸ ਦੇ ਫੌਜੀਆਂ ਦਾ ਹੌਂਸਲਾ ਵਧ ਜਾਵੇ।''
ਹੇਮੂ ਦੀ ਅੱਖ਼ ਵਿੱਚ ਲੱਗਿਆ ਤੀਰ
ਪਰ ਉਦੋਂ ਇੱਕ ਚਮਤਕਾਰ ਨੇ ਮੁਗ਼ਲ ਸੈਨਾ ਦਾ ਸਾਥ ਦਿੱਤਾ। ਹੇਮੂ ਨੇ ਮੁਗ਼ਲ ਸੈਨਾ ਦੇ ਸੱਜੇ ਅਤੇ ਖੱਬੇ ਹਿੱਸੇ ਵਿੱਚ ਖਲਬਲੀ ਮਚਾ ਦਿੱਤੀ ਸੀ।
ਅਲੀ ਕੁਲੀ ਸ਼ੈਬਾਨੀ ਦੇ ਫ਼ੌਜੀ ਹੇਮੂ ਦੀ ਫੌਜ 'ਤੇ ਤੀਰਾਂ ਦੀ ਬਾਰਿਸ਼ ਕਰ ਕੇ ਦਬਾਅ ਨੂੰ ਕੁਝ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਦਾ ਇੱਕ ਤੀਰ ਨਿਸ਼ਾਨੇ 'ਤੇ ਲੱਗਿਆ।

ਅਬੁਲ ਫ਼ਜ਼ਲ ਲਿਖਦੇ ਹਨ, ''ਹੇਮੂ ਨੇ ਕਦੇ ਵੀ ਘੋੜ ਸਵਾਰੀ ਨਹੀਂ ਸਿੱਖੀ ਸੀ। ਸ਼ਾਇਦ ਇਹੀ ਵਜ੍ਹਾ ਸੀ ਕਿ ਉਹ ਹਾਥੀ 'ਤੇ ਚੜ੍ਹ ਕੇ ਲੜਾਈ ਲੜ ਰਹੇ ਸਨ। ਪਰ ਸ਼ਾਇਦ ਇਸ ਦਾ ਇਹ ਵੀ ਕਾਰਨ ਰਿਹਾ ਹੋਵੇ ਕਿ ਜੇ ਸੈਨਾਪਤੀ ਹਾਥੀ 'ਤੇ ਸਵਾਰ ਹੋਣ ਤਾਂ ਸਾਰੇ ਫੌਜੀ ਉਸ ਨੂੰ ਦੂਰ ਤੋਂ ਦੇਖ ਸਕਦੇ ਹਨ। ਉੱਪਰੋਂ ਹੇਮੂ ਨੇ ਕੋਈ ਕਵਚ ਨਹੀਂ ਪਾਇਆ ਹੋਇਆ ਸੀ।
ਇਹ ਇੱਕ ਬਹਾਦਰ ਪਰ ਨਾਮਸਝੀ ਭਰਿਆ ਫ਼ੈਸਲਾ ਸੀ। ਇੱਕ ਉੱਡਦਾ ਹੋਇਆ ਤੀਰ ਅਚਾਨਕ ਹੇਮੂ ਦੀ ਅੱਖ ਨੂੰ ਚੀਰਦਾ ਹੋਇਆ ਉਸ ਦੀ ਖੋਪੜੀ ਵਿੱਚ ਜਾ ਕੇ ਫ਼ਸ ਗਿਆ।''
ਹਰਬੰਸ ਮੁਖੀਆ ਆਪਣੀ ਕਿਤਾਬ 'ਦਿ ਮੁਗ਼ਲਜ਼ ਆਫ ਇੰਡੀਆ' ਵਿੱਚ ਮੁਹੰਮਦ ਕਾਸਿਮ ਫ਼ੇਰਿਸ਼ਤਾ ਨੂੰ ਕਹਿੰਦੇ ਹਨ, ''ਇਸ ਦੁਰਘਟਨਾ ਤੋਂ ਬਾਅਦ ਵੀ ਹੇਮੂ ਨੇ ਹਿੰਮਤ ਨਹੀਂ ਹਾਰੀ। ਉਨ੍ਹਾਂ ਨੇ ਆਪਣੀ ਅੱਖ ਦੇ ਸਾਕੇਟ ਤੋਂ ਤੀਰ ਨੂੰ ਕੱਢਿਆ ਅਤੇ ਉਸ ਨੂੰ ਆਪਣੇ ਰੁਮਾਲ ਨਾਲ ਢਕ ਲਿਆ। ਇਸ ਦੇ ਬਾਅਦ ਵੀ ਉਨ੍ਹਾਂ ਨੇ ਲੜਨਾ ਜਾਰੀ ਰੱਖਿਆ। ਸੱਤਾ ਪਾਉਣ ਦੀ ਭੁੱਖ ਹੇਮੂ ਵਿੱਚ ਅਕਬਰ ਤੋਂ ਘੱਟ ਨਹੀਂ ਸੀ।''
ਬੈਰਮ ਖਾਂ ਨੇ ਹੇਮੂ ਦਾ ਸਿਰ ਧੜ ਤੋਂ ਅਲੱਗ ਕੀਤਾ
ਥੋੜ੍ਹੀ ਹੀ ਦੇਰ ਵਿੱਚ ਹੇਮੂ ਆਪਣੇ ਹਾਥੀ ਦੇ ਹੌਦੇ ਤੋਂ ਬੇਹੋਸ਼ ਹੋ ਕੇ ਡਿੱਗ ਪਏ। ਲੜਾਈ ਵਿੱਚ ਜਰਨੈਲ ਇਸ ਤਰ੍ਹਾਂ ਨਾਲ ਜ਼ਖ਼ਮੀ ਹੁੰਦਾ ਸੀ ਤਾਂ ਉਸ ਦੀ ਫੌਜ਼ ਵਿਚ ਜਿੱਤ ਲ਼ਈ ਉਤਸ਼ਾਹ ਖ਼ਤਮ ਹੋ ਜਾਂਦਾ ਸੀ।
ਇਸ ਲਈ ਜਦੋਂ ਅਕਬਰ ਅਤੇ ਬੈਰਮ ਖਾਂ ਯੁੱਧ ਸਥਾਨ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਫੌਜੀ ਲੜਦੇ ਹੋਏ ਦਿਖਣ ਦੀ ਜਗ੍ਹਾ ਜਿੱਤ ਦੀ ਖੁਸ਼ੀ ਮਨਾਉਂਦੇ ਹੋਏ ਦਿਖਾਈ ਦਿੱਤੇ।

ਨਿਜ਼ਾਮੂਦੀਨ ਅਹਿਮਦ ਆਪਣੀ ਕਿਤਾਬ 'ਤਬਾਕਤ-ਏ-ਅਕਬਰੀ' ਵਿੱਚ ਲਿਖਦੇ ਹਨ, ''ਇੱਕ ਸ਼ਾਹ ਕੁਲੀ ਖਾਂ ਨੇ ਇੱਕ ਹਾਥੀ ਨੂੰ ਬਿਨਾਂ ਮਹਾਵਤ ਦੇ ਭਟਕਦੇ ਹੋਏ ਦੇਖਿਆ। ਉਸ ਨੇ ਆਪਣੇ ਮਹਾਵਤ ਨੂੰ ਹਾਥੀ 'ਤੇ ਚੜ੍ਹਨ ਲਈ ਭੇਜਿਆ।”
“ਜਦੋਂ ਮਹਾਵਤ ਹਾਥੀ 'ਤੇ ਚੜ੍ਹਿਆ ਤਾਂ ਉਸ ਨੇ ਉਸ ਦੇ ਹੌਦੇ ਵਿੱਚ ਇੱਕ ਜ਼ਖ਼ਮੀ ਵਿਅਕਤੀ ਨੂੰ ਪਏ ਹੋਏ ਦੇਖਿਆ। ਧਿਆਨ ਨਾਲ ਦੇਖਣ 'ਤੇ ਪਤਾ ਲੱਗਿਆ ਕਿ ਉਹ ਜ਼ਖ਼ਮੀ ਸ਼ਖ਼ਸ ਹੋਰ ਕੋਈ ਨਹੀਂ ਹੇਮੂ ਸੀ।
ਪੂਰੇ ਮਾਮਲੇ ਦੇ ਮਹੱਤਵ ਨੂੰ ਸਮਝਦੇ ਹੋਏ ਕੁਲੀ ਖਾਂ ਉਸ ਹਾਥੀ ਨੂੰ ਬਾਦਸ਼ਾਹ ਅਕਬਰ ਦੇ ਸਾਹਮਣੇ ਲੈ ਆਇਆ। ਇਸ ਤੋਂ ਪਹਿਲਾਂ ਉਸ ਨੇ ਹੇਮੂ ਨੂੰ ਜ਼ੰਜੀਰਾਂ ਨਾਲ ਬੰਨ੍ਹ ਦਿੱਤਾ ਸੀ।''
ਅਬੁਲ ਫ਼ਜ਼ਲ ਲਿਖਦੇ ਹਨ, ''20 ਤੋਂ ਜ਼ਿਆਦਾ ਲੜਾਈਆਂ ਦੇ ਜੇਤੂ ਹੇਮੂ ਨੂੰ ਖੂਨ ਨਾਲ ਲੱਥਪੱਥ ਹਾਲਤ ਵਿੱਚ 14 ਸਾਲ ਦੇ ਅਕਬਰ ਦੇ ਸਾਹਮਣੇ ਪੇਸ਼ ਕੀਤਾ ਗਿਆ। ਬੈਰਮ ਖਾਂ ਨੇ ਹਾਲ ਹੀ ਵਿੱਚ ਬਾਦਸ਼ਾਹ ਬਣੇ ਅਕਬਰ ਨੂੰ ਕਿਹਾ ਕਿ ਉਹ ਆਪਣੇ ਦੁਸ਼ਮਣ ਨੂੰ ਆਪਣੇ ਹੱਥਾਂ ਨਾਲ ਮਾਰੇ।”
“ਆਪਣੇ ਸਾਹਮਣੇ ਪਏ ਜ਼ਖ਼ਮੀ ਹੇਮੂ ਨੂੰ ਦੇਖ ਕੇ ਅਕਬਰ ਝਿਜਕੇ। ਉਨ੍ਹਾਂ ਨੇ ਬਹਾਨਾ ਬਣਾਉਂਦੇ ਹੋਏ ਕਿਹਾ, ''ਮੈਂ ਪਹਿਲਾਂ ਹੀ ਇਸ ਦੇ ਟੁਕੜੇ ਕਰ ਦਿੱਤੇ ਹਨ।'' ਆਸਪਾਸ ਖੜ੍ਹੇ ਕੁਝ ਲੋਕਾਂ ਨੇ ਬੈਰਮ ਖਾਂ ਦੀ ਗੱਲ ਦਾ ਸਮਰਥਨ ਕਰਦੇ ਹੋਏ ਅਕਬਰ ਨੂੰ ਹੇਮੂ ਨੂੰ ਮਾਰਨ ਲਈ ਉਕਸਾਇਆ, ਪਰ ਅਕਬਰ ਟਸ ਤੋਂ ਮਸ ਨਹੀਂ ਹੋਏ।''

ਤਸਵੀਰ ਸਰੋਤ, Getty Images
ਫ਼ੇਰਿਸ਼ਤਾ ਦਾ ਮੰਨਣਾ ਹੈ ਕਿ ਅਕਬਰ ਨੇ ਜ਼ਖ਼ਮੀ ਹੇਮੂ ਨੂੰ ਆਪਣੀ ਤਲਵਾਰ ਨਾਲ ਸਿਰਫ਼ ਛੂਹਿਆ, ਪਰ ਵਿਨਸੈਂਟ ਏ ਸਮਿਥ ਅਤੇ ਹਰਬੰਸ ਮੁਖੀਆ ਦਾ ਮੰਨਣਾ ਹੈ ਕਿ ਅਕਬਰ ਨੇ ਹੇਮੂ 'ਤੇ ਆਪਣੀ ਤਲਵਾਰ ਦੀ ਵਰਤੋਂ ਕੀਤੀ, ਪਰ ਆਮ ਧਾਰਨਾ ਇਹ ਹੈ ਕਿ ਬੈਰਮ ਖਾਂ ਨੇ ਆਪਣੀ ਤਲਵਾਰ ਨਾਲ ਹੇਮੂ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ।
ਦੇਸ਼ ਦੀ ਆਜ਼ਾਦੀ ਲਈ ਜੀਵਨ ਦਾ ਬਲੀਦਾਨ
ਨਿਰੋਦ ਭੂਸ਼ਣ ਰਾਏ ਨੇ ਆਪਣੀ ਕਿਤਾਬ 'ਸਕਸੈਸਜ਼ ਆਫ ਸ਼ੇਰਸ਼ਾਹ' ਵਿੱਚ ਲਿਖਿਆ, ''ਹੇਮੂ ਨੇ ਹਮੇਸ਼ਾ ਹਿੰਦੂ ਅਤੇ ਮੁਸਲਮਾਨਾਂ ਨੂੰ ਆਪਣੀਆਂ ਦੋ ਅੱਖਾਂ ਦੀ ਤਰ੍ਹਾਂ ਸਮਝਿਆ, ਪਾਣੀਪਤ ਵਿੱਚ ਉਹ ਹਿੰਦੁਸਤਾਨ ਦੀ ਪ੍ਰਭੂਸੱਤਾ ਲਈ ਮੁਗ਼ਲਾਂ ਨਾਲ ਲੜੇ। ਉਨ੍ਹਾਂ ਦੀ ਫੌਜ ਦੇ ਸੱਜੇ ਹਿੱਸੇ ਦੀ ਕਮਾਨ ਸ਼ਾਦੀ ਖਾਂ ਕਾਕਰ ਨੇ ਸੰਭਾਲੀ ਸੀ ਜਦੋਂਕਿ ਖੱਬੇ ਹਿੱਸੇ ਦੀ ਅਗਵਾਈ ਰਾਮਯਾ ਕਰ ਰਹੇ ਸਨ।''
ਜੇਕਰ ਉਹ ਕੁਝ ਸਾਲਾਂ ਤੱਕ ਹੋਰ ਜਿਉਂਦੇ ਰਹਿ ਗਏ ਹੁੰਦੇ ਤਾਂ ਉਨ੍ਹਾਂ ਨੇ ਭਾਰਤ ਵਿੱਚ ਹਿੰਦੂ ਰਾਜ ਦੀ ਮਜ਼ਬੂਤ ਨੀਂਹ ਰੱਖ ਦਿੱਤੀ ਹੁੰਦੀ।

ਤਸਵੀਰ ਸਰੋਤ, Parshuram Gupta
ਵਿਨਸੈਂਟ ਏ ਸਮਿਥ ਅਕਬਰ ਦੀ ਜੀਵਨੀ ਵਿਚ ਲਿਖਦੇ ਹਨ, ''ਅਕਬਰ ਵਿਦੇਸ਼ੀ ਮੂਲ ਦੇ ਸਨ। ਉਨ੍ਹਾਂ ਦੀਆਂ ਰਗਾਂ ਵਿੱਚ ਵਹਿ ਰਹੇ ਖੂਨ ਦੀ ਇੱਕ ਬੂੰਦ ਵੀ ਭਾਰਤੀ ਨਹੀਂ ਸੀ। ਆਪਣੇ ਪਿਤਾ ਵੱਲੋਂ ਉਹ ਤੈਮੂਰਲੰਗ ਦੀ ਸੱਤਵੀਂ ਪੀੜ੍ਹੀ ਤੋਂ ਆਉਂਦੇ ਸਨ ਜਦਕਿ ਉਨ੍ਹਾਂ ਦੀ ਮਾਂ ਫ਼ਾਰਸੀ ਮੂਲ ਦੀ ਸੀ।”
“ਇਸ ਦੇ ਉਲਟ ਹੇਮੂ ਭਾਰਤ ਦੀ ਮਿੱਟੀ ਦੇ ਸਨ ਅਤੇ ਭਾਰਤ ਦੀ ਗੱਦੀ ਅਤੇ ਪ੍ਰਭੂਸੱਤਾ 'ਤੇ ਉਨ੍ਹਾਂ ਦਾ ਦਾਅਵਾ ਜ਼ਿਆਦਾ ਬਣਦਾ ਸੀ। ਖੱਤਰੀ ਅਤੇ ਰਾਜਪੂਤ ਨਾ ਹੋਣ ਦੇ ਬਾਵਜੂਦ ਹੇਮੂ ਨੇ ਆਪਣੇ ਦੇਸ਼ ਦੀ ਆਜ਼ਾਦੀ ਲਈ ਯੁੱਧ ਦੇ ਮੈਦਾਨ 'ਤੇ ਆਪਣਾ ਆਖਰੀ ਸਾਹ ਲਿਆ। ਕਿਸੇ ਮਨੁੱਖੀ ਹੋਂਦ ਦਾ ਇਸ ਤੋਂ ਮਹਾਨ ਅੰਤ ਕੀ ਹੋ ਸਕਦਾ ਹੈ?''
ਇੱਕ ਕਰਿਆਨੇ ਦੀ ਦੁਕਾਨ ਤੋਂ ਦਿੱਲੀ ਦੀ ਗੱਦੀ ਤੱਕ ਪਹੁੰਚਣਾ ਘੱਟੋ ਤੋਂ ਘੱਟ ਉਸ ਜ਼ਮਾਨੇ ਵਿੱਚ ਵੱਡੀ ਗੱਲ ਸੀ। ਪਰ ਕਿਸਮਤ ਨੇ ਉਨ੍ਹਾਂ ਦੇ ਖਿਲਾਫ਼ ਹੋ ਕੇ ਜਿੱਤ ਨੂੰ ਹਾਰ ਵਿੱਚ ਨਾ ਬਦਲਿਆ ਹੁੰਦਾ ਤਾਂ ਭਾਰਤ ਦਾ ਇਤਿਹਾਸ ਕੁਝ ਹੋਰ ਹੀ ਹੁੰਦਾ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












