ਪੌਪ ਸਟਾਰ ਜਸਟਿਨ ਬੀਬਰ ਦਾ ਚਿਹਰਾ ਜਿਸ ਬਿਮਾਰੀ ਕਾਰਨ ਲਕਵਾਗ੍ਰਸਤ ਹੋ ਗਿਆ ਉਹ ਕੀ ਹੈ

ਜਸਟਿਨ ਬੀਬਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੌਪ ਸਟਾਰ ਜਸਟਿਨ ਬੀਬਰ ਦਾ ਚਿਹਰਾ ਹੋਇਆ ਲਕਵਾਗ੍ਰਸਤ

ਪੌਪ ਸਟਾਰ ਜਸਟਿਨ ਬੀਬਰ ਨੂੰ ਚਿਹਰੇ ਦਾ ਲਕਵਾ ਮਾਰ ਗਿਆ ਹੈ, ਜਿਸ ਕਾਰਨ ਉਨ੍ਹਾਂ ਨੇ ਆਪਣੇ ਆਉਣ ਵਾਲੇ ਹਫ਼ਤੇ ਲਈ ਸਾਰੇ ਸ਼ੋਅ ਰੱਦ ਕਰ ਦਿੱਤੇ ਹਨ।

28 ਸਾਲਾ ਗਾਇਕ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਤਿੰਨ ਮਿੰਟ ਦਾ ਵੀਡੀਓ ਪਾਇਆ ਹੈ, ਜਿਸ ਵਿੱਚ ਉਹ ਦੱਸੇ ਰਹੇ ਹਨ ਕਿ ਅਜਿਹਾ ਰੈਮਜ਼ੀ ਹੰਟ ਸਿੰਡਰੋਮ ਕਾਰਨ ਹੋਇਆ ਹੈ।

ਉਨ੍ਹਾਂ ਨੇ ਵੀਡੀਓ ਵਿੱਚ ਦੱਸਿਆ ਹੈ, "ਇਸ ਵਾਇਰਸ ਨੇ ਮੇਰੇ ਕੰਨ ਅਤੇ ਮੇਰੇ ਚਿਹਰੇ ਦੀਆਂ ਨਸਾਂ 'ਤੇ ਹਮਲਾ ਕੀਤਾ ਹੈ।"

"ਜਿਵੇਂ ਤੁਸੀਂ ਦੇਖ ਰਹੇ ਹੋ ਕਿ ਮੇਰੇ ਕੋਲੋਂ ਇੱਕ ਅੱਖ ਦੀ ਪਲਕ ਨਹੀਂ ਝਪਕਾਈ ਜਾ ਰਹੀ। ਮੈਂ ਆਪਣੇ ਚਿਹਰੇ ਦੇ ਇੱਕ ਪਾਸਿਓਂ ਮੁਸਕਰਾ ਵੀ ਨਹੀਂ ਸਕਦਾ, ਕਿਉਂਕਿ ਮੇਰੇ ਚਿਹਰੇ ਦੇ ਇੱਕ ਪਾਸੇ ਪੂਰੀ ਤਰ੍ਹਾਂ ਲਕਵਾ ਮਾਰ ਗਿਆ ਹੈ।"

ਉਸਨੇ ਆਪਣੇ ਪ੍ਰਸ਼ੰਸਕਾਂ ਨੂੰ ਸਬਰ ਰੱਖਣ ਲਈ ਕਿਹਾ ਅਤੇ ਆਉਣ ਵਾਲੇ ਸ਼ੋਆਂ ਬਾਰੇ ਕਿਹਾ ਕਿ ਉਹ "ਸਰੀਰਕ ਤੌਰ 'ਤੇ, ਸ਼ੋਅ ਕਰਨ ਦੇ ਯੋਗ ਨਹੀਂ ਹੈ।"

ਜਸਟਿਨ ਬੀਬਰ

ਤਸਵੀਰ ਸਰੋਤ, INSTAGRAM/JUSTIN BIEBER

ਤਸਵੀਰ ਕੈਪਸ਼ਨ, 28 ਸਾਲਾ ਗਾਇਕ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਤਿੰਨ ਮਿੰਟ ਦਾ ਵੀਡੀਓ ਪਾ ਕੇ ਬਿਮਾਰੀ ਬਾਰੇ ਦੱਸਿਆ ਹੈ

ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਉਹ ਠੀਕ ਹੋਣ ਲਈ ਚਿਹਰੇ ਦੀ ਕਸਰਤ ਕਰ ਰਹੇ ਹਨ ਪਰ ਉਨ੍ਹਾਂ ਨੂੰ ਨਹੀਂ ਪਤਾ ਕਿ ਠੀਕ ਹੋਣ ਵਿੱਚ ਕਿੰਨਾ ਸਮਾਂ ਲੱਗੇਗਾ।

ਰਾਮਸੇ ਹੰਟ ਸਿੰਡਰੋਮ

ਮਾਹਿਰਾਂ ਦਾ ਕਹਿਣਾ ਹੈ ਕਿ ਰਾਮਸੇ ਹੰਟ ਸਿੰਡਰੋਮ ਉਦੋਂ ਹੁੰਦਾ ਹੈ ਜਦੋਂ ਸ਼ਿੰਗਲਜ਼ (ਇੱਕ ਤਰ੍ਹਾਂ ਸਕਿਨ ਸਬੰਧੀ ਰੋਗ) ਦਾ ਕਹਿਰ ਕਿਸੇ ਦੇ ਕੰਨ ਕੋਲ ਚਿਹਰੇ ਦੀਆਂ ਨਸਾਂ ਨੂੰ ਪ੍ਰਭਾਵਿਤ ਕਰਦਾ ਹੈ।

ਅਮਰੀਕਾ ਦੇ ਮਾਓ ਕਲਿਨਿਕ ਮੁਤਾਬਕ, "ਦਰਦਨਾਕ ਸ਼ਿੰਗਲਜ਼ ਧੱਫੜਾਂ ਤੋਂ ਇਲਾਵਾ, ਰਾਮਸੇ ਹੰਟ ਸਿੰਡਰੋਮ ਪ੍ਰਭਾਵਿਤ ਕੰਨ ਵਿੱਚ ਸੁਣਨ ਸ਼ਕਤੀ ਵਿੱਚ ਕਮੀ ਅਤੇ ਚਿਹਰੇ ਦੇ ਲਕਵੇ ਦਾ ਕਾਰਨ ਵੀ ਬਣ ਸਕਦਾ ਹੈ।"

ਕਲੀਨਿਕ ਦਾ ਕਹਿਣਾ ਹੈ ਕਿ ਜ਼ਿਆਦਾਤਰ ਲੋਕਾਂ ਲਈ ਰਾਮਸੇ ਹੰਟ ਸਿੰਡਰੋਮ ਦੇ ਲੱਛਣ ਅਸਥਾਈ ਹੁੰਦੇ ਹਨ, ਪਰ ਇਹ ਸਥਾਈ ਹੋ ਸਕਦੇ ਹਨ।

ਇਹ ਵੀ ਪੜ੍ਹੋ-

ਸੰਸਥਾ ਦਾ ਕਹਿਣਾ ਹੈ ਕਿ ਮਰੀਜ਼ਾਂ ਦੀ ਇੱਕ ਪਲਕ ਨੂੰ ਝਪਕਣ ਦੀ ਅਸਮਰੱਥਾ ਵੀ ਅੱਖਾਂ ਵਿੱਚ ਦਰਦ ਅਤੇ ਧੁੰਦਲੀ ਨਜ਼ਰ ਦਾ ਕਾਰਨ ਬਣ ਸਕਦੀ ਹੈ, ਇਹ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਸਭ ਤੋਂ ਆਮ ਹੈ।

ਮਾਰਚ ਵਿੱਚ, ਗਾਇਕ ਦੀ ਪਤਨੀ, ਹੈਲੀ ਬੀਬਰ ਨੂੰ ਉਨ੍ਹਾਂ ਦੇ ਦਿਮਾਗ਼ ਵਿੱਚ ਖ਼ੂਨ ਦੇ ਥੱਕੇ ਕਾਰਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।

ਹਾਲਾਂਕਿ, ਬਾਅਦ ਵਿੱਚ ਕਿਹਾ ਗਿਆ ਕਿ ਉਨ੍ਹਾਂ ਨੂੰ ਸਟ੍ਰੋਕ ਆਇਆ ਅਤੇ ਦਿਲ ਵਿੱਚ ਇੱਕ ਛੇਕ ਨੂੰ ਬੰਦ ਕਰਨ ਲਈ ਉਨ੍ਹਾਂ ਦੀ ਸਰਜਰੀ ਹੋਈ ਸੀ।

ਜਸਟਿਨ ਬੀਬਰ ਤੇ ਹੇਲੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਰਚ ਵਿੱਚ, ਗਾਇਕ ਦੀ ਪਤਨੀ, ਹੈਲੀ ਬੀਬਰ ਨੂੰ ਉਨ੍ਹਾਂ ਦੇ ਦਿਮਾਗ਼ ਵਿੱਚ ਖ਼ੂਨ ਦੇ ਥੱਕੇ ਕਾਰਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ

ਜਸਟਿਨ ਦਾ ਵਰਲਡ ਟੂਅਰ

ਜਸਟਿਨ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਵਾਸ਼ਿੰਗਟਨ ਡੀਸੀ ਅਤੇ ਟੋਰੰਟੋ ਵਿੱਚ ਪੇਸ਼ਕਾਰੀ ਕਰ ਚੁੱਕੇ ਹਨ।

ਇਸ ਤੋਂ ਇਲਾਵਾ ਉਨ੍ਹਾਂ ਦਾ ਆਉਣ ਵਾਲੇ ਹਫ਼ਤਿਆਂ 'ਚ ਨਿਊਯਾਰਕ ਅਤੇ ਲਾਸ ਏਂਜਲਸ ਦਾ ਪ੍ਰੋਗਰਾਮ ਵੀ ਸੀ।

ਛੋਟੀ ਉਮਰ ਵਿੱਚ ਹੀ ਕੌਮਾਂਤਰੀ ਗਾਇਕੀ ਵਿੱਚ ਆਪਣੀ ਥਾਂ ਬਣਾਉਣ ਵਾਲੇ ਗਾਇਕ ਜਸਟਿਨ ਬੀਬਰ ਇਸੇ ਸਾਲ ਅਕਤੂਬਰ ਵਿੱਚ ਭਾਰਤ ਆਉਣ ਦਾ ਐਲਾਨ ਵੀ ਕਰ ਚੁੱਕੇ ਹਨ।

ਇਸ ਦੌਰਾਨ ਉਹ ਦਿੱਲੀ ਦੇ ਜਵਾਹਰ ਲਾਲ ਨਹਿਰੂ ਯੂਨੀਵਰਸਟੀ ਵਿੱਚ ਆਪਣੀ ਪੇਸ਼ਕਾਰੀ ਕਰਨਗੇ। ਉਹ ਭਾਰਤ ਵਿੱਚ ਆਪਣੇ ਜਸਟਿਨ ਵਰਲਡ ਟੂਅਰ ਦੇ ਹਿੱਸੇ ਵਜੋਂ ਆਉਣਗੇ।

ਦੱਸਿਆ ਗਿਆ ਹੈ ਕਿ 22 ਮਈ ਤੋਂ ਸ਼ੁਰੂ ਹੋਏ ਇਸ ਦੌਰੇ ਦੌਰਾਨ ਜਸਟਿਨ ਨੇ 30 ਦੇਸਾਂ ਦੇ ਦੌਰੇ ਦੌਰਾਨ 125 ਸ਼ੋਅ ਕਰਨੇ ਸਨ।

ਉਨ੍ਹਾਂ ਦਾ ਇਹ ਦੌਰਾ ਮਈ 2022 ਤੋਂ ਲੈਕੇ ਮਾਰਚ 2023 ਤੱਕ ਜਾਰੀ ਰਹਿਣਾ ਸੀ, ਪਰ ਇਹ ਟੂਅਰ ਹੁਣ ਜਸਟਿਨ ਦੀ ਸਿਹਤ ਉੱਤੇ ਨਿਰਭਰ ਕਰਦਾ ਹੈ, ਜਿਵੇਂ ਕਿ ਉਹ ਕਹਿ ਚੁੱਕੇ ਹਨ ਉਨ੍ਹਾਂ ਨੂੰ ਵੀ ਨਹੀਂ ਪਤਾ ਕਿ ਠੀਕ ਹੋਣ ਲਈ ਕਿੰਨਾ ਸਮਾਂ ਲੱਗੇਗਾ।

ਜੇ ਜਸਟਿਨ ਭਾਰਤ ਆਉਂਦੇ ਹਨ ਤਾਂ ਇਹ ਉਨ੍ਹਾਂ ਦਾ ਦੂਜਾ ਭਾਰਤ ਦੌਰਾ ਹੋਵੇਗਾ। ਪਿਛਲੀ ਵਾਰ ਉਹ 2017 ਵਿੱਚ ਭਾਰਤ ਆਏ ਸਨ ਅਤੇ ਮੁੰਬਈ ਵਿੱਚ ਆਪਣੀ ਪੇਸ਼ਕਾਰੀ ਦਿੱਤੀ ਸੀ।

ਉਸ ਸਮੇਂ ਉਨ੍ਹਾਂ ਦੇ 40000 ਪ੍ਰਸ਼ੰਸਕ ਪੇਸ਼ਕਾਰੀ ਦੇਖਣ ਪਹੁੰਚੇ ਸਨ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)