ਕੈਂਸਰ ਨੇ ਕਿਸੇ ਨੂੰ 'ਨਵੀਂ ਜ਼ਿੰਦਗੀ ਦਿੱਤੀ' ਤਾਂ ਕੋਈ ਅਦਾਕਾਰਾ ਬਣੀ ਕਈਆਂ ਲਈ ਮਿਸਾਲ - ਜਾਣੋ ਇਨ੍ਹਾਂ ਕਿਵੇਂ ਦਿੱਤੀ ਇਸ ਬਿਮਾਰੀ ਨੂੰ ਮਾਤ

ਵੀਡੀਓ ਕੈਪਸ਼ਨ, ਬ੍ਰੈਸਟ ਕੈਂਸਰ ਬਾਰੇ ਇਹ ਵੀਡੀਓ ਔਰਤਾਂ ਹੀ ਨਹੀਂ ਮਰਦ ਵੀ ਦੇਖਣ

ਕੈਂਸਰ ਇਨਸਾਨ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਪਲਟ ਕੇ ਰੱਖ ਦਿੰਦਾ ਹੈ, ਵਰਲਡ ਕੈਂਸਰ ਡੇਅ ਮੌਕੇ ਇਸ ਬਾਰੇ ਹੀ ਗੱਲ ਕਰਾਂਗੇ।

ਅਦਾਕਾਰਾ ਮਹਿਮਾ ਚੌਧਰੀ ਨੂੰ ਬ੍ਰੈਸਟ ਕੈਂਸਰ ਹੋਇਆ ਤਾਂ ਅਤੇ ਉਨ੍ਹਾਂ ਮੁਤਾਬਕ ਇਸ ਨਾਲ ਲੜਨ ਦੀ ਤਾਕਤ ਇੱਕ ਬੱਚੇ ਤੋਂ ਮਿਲੇ ਹੌਂਸਲੇ ਨੇ ਦਿੱਤੀ।

ਦੱਸ ਦਈਏ ਕਿ ਅਦਾਕਾਰਾ ਸੋਨਾਲੀ ਬੇਂਦਰੇ ਨੂੰ ਵੀ ਕੈਂਸਰ ਹੋਇਆ ਸੀ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਕੈਂਸਰ ਤੋਂ ਬਾਅਦ ਉਨ੍ਹਾਂ ਦਾ ਜ਼ਿੰਦਗੀ ਪ੍ਰਤੀ ਨਜ਼ਰੀਆ ਬਦਲ ਗਿਆ।

ਬੀਬੀਸੀ ਪੱਤਰਕਾਰ ਰਾਜਵੀਰ ਕੌਰ ਦੀ ਇਸ ਰਿਪੋਰਟ ਰਾਹੀਂ ਉਨ੍ਹਾਂ ਨਾਮੀਂ ਹਸਤੀਆਂ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਨੂੰ ਕੈਂਸਰ ਨੇ ਆਪਣੀ ਜਕੜ ਵਿੱਚ ਲੈ ਲਿਆ ਸੀ ਅਤੇ ਉਨ੍ਹਾਂ ਨੇ ਕੈਂਸਰ ਦੀ ਬਿਮਾਰੀ ਤੋਂ ਖੁਦ ਨੂੰ ਉਭਾਰਿਆ।

ਮਹਿਮਾ ਚੌਧਰੀ

ਤਸਵੀਰ ਸਰੋਤ, Insta/Getty

ਕੈਂਸਰ ਪੀੜਤ ਹਸਤੀਆਂ ਨੇ ਨਾ ਸਿਰਫ਼ ਬੀਮਾਰੀ 'ਤੇ ਮਾਤ ਪਾਈ ਸਗੋਂ ਆਪਣੇ ਤਜਰਬਿਆਂ ਬਾਰੇ ਬੇਬਾਕੀ ਨਾਲ ਗੱਲ ਵੀ ਕੀਤੀ।

ਉਨ੍ਹਾਂ ਨਾ ਸਿਰਫ਼ ਆਮ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਯੋਗਦਾਨ ਪਾਇਆ ਸਗੋਂ ਬਿਮਾਰੀ ਨਾਲ ਲੜ ਰਹੇ ਹੋਰ ਲੋਕਾਂ ਲਈ ਪ੍ਰੇਰਨਾ ਸਰੋਤ ਬਣਨ ਦਾ ਯਤਨ ਵੀ ਕੀਤਾ।

ਨਕਾਰਾਤਮਕਤਾ ਤੋਂ ਬਚਣ ਦੀ ਲੋੜ: ਸੋਨਾਲੀ ਬੇਂਦਰੇ

ਮੈਟਾਸਟੈਟਿਕ ਕੈਂਸਰ ਤੋਂ ਠੀਕ ਹੋਣ ਤੋਂ ਬਾਅਦ ਆਪਣੀ ਆਮ ਦਿੱਖ ਵਾਪਸ ਪਾਉਣ ਲਈ ਸੰਘਰਸ਼ ਕਰਨ ਵਾਲੀ ਅਦਾਕਾਰਾ ਸੋਨਾਲੀ ਬੇਂਦਰੇ ਮੁਤਾਬਕ ਕੈਂਸਰ ਇੱਕ ਸਬਕ ਸਿਖਾਉਣ ਵਾਲੀ ਬਿਮਾਰੀ ਹੈ।

ਸੋਨਾਲੀ ਬੇਂਦਰੇ

ਤਸਵੀਰ ਸਰੋਤ, Instagram/Sonali Bendre

ਤਸਵੀਰ ਕੈਪਸ਼ਨ, ਸੋਨਾਲੀ ਨਹੀਂ ਚਾਹੁੰਦੇ ਸਨ ਕਿ ਬਿਮਾਰੀ ਬਾਰੇ ਕਿਸੇ ਵੀ ਤਰ੍ਹਾਂ ਦੇ ਨਕਾਰਤਮਕ ਵਿਚਾਰ ਉਨ੍ਹਾਂ ਦੇ ਬੱਚਿਆ ਤੱਕ ਪਹੁੰਚਣ

ਬੀਤੇ ਵਰ੍ਹੇ ਇੰਡੀਆ ਟੂਡੇ ਨਾਲ ਆਪਣੀ ਕੈਂਸਰ ਖਿਲਾਫ਼ ਜੰਗ ਬਾਰੇ ਗੱਲ ਕਰਦਿਆਂ ਸੋਨਾਲੀ ਬੇਂਦਰੇ ਨੇ ਕਿਹਾ ਸੀ, ''ਮੈਂ ਸੋਚਦੀ ਹਾਂ ਸਾਨੂੰ ਬਸ ਸਵੀਕਾਰਨ ਦੀ ਲੋੜ ਹੈ। ਅਸੀਂ ਜਾਣਕਾਰੀ ਦੇ ਯੁੱਗ ਵਿੱਚ ਹਾਂ ਤੇ ਜਾਣਕਾਰੀ ਸਾਡੇ ਹੱਥਾਂ ਵਿੱਚ ਹੈ। ਮੈਂ ਸਿਰਫ਼ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਨੂੰ ਇਸ ਬਾਰੇ ਨਕਾਰਤਮਕ ਵਿਚਾਰ ਜਾਂ ਕਿਆਸਰਾਈਆਂ ਨਹੀਂ ਚਾਹੀਦੀਆਂ ਹਨ।''

ਇੱਕ ਮਾਂ ਵਜੋਂ ਆਪਣੇ ਬੱਚਿਆਂ ਪ੍ਰਤੀ ਫਿਕਰ ਜ਼ਾਹਿਰ ਕਰਦਿਆਂ ਸੋਨਾਲੀ ਨੇ ਕਿਹਾ ਸੀ ਕਿ ਉਹ ਨਹੀਂ ਚਾਹੁੰਦੇ ਸਨ ਕਿ ਬਿਮਾਰੀ ਬਾਰੇ ਕਿਸੇ ਵੀ ਤਰ੍ਹਾਂ ਦੇ ਨਕਾਰਤਮਕ ਵਿਚਾਰ ਉਨ੍ਹਾਂ ਦੇ ਬੱਚਿਆ ਤੱਕ ਪਹੁੰਚਣ, ਇਸ ਲਈ ਉਨ੍ਹਾਂ ਸਿਰਫ਼ ਚੰਗਾ ਸੋਚਿਆ।

ਕੈਂਸਰ ਦੇ ਇਲਾਜ ਲਈ ਕੀਤੀ ਗਈ ਸਰਜਰੀ ਨੇ ਸੋਨਾਲੀ ਦੇ ਸਰੀਰ ’ਤੇ 23-24 ਇੰਚ ਲੰਬਾ ਨਿਸ਼ਾਨ ਛੱਡਿਆ।

ਕੈਂਸਰ ਦੇ ਦਿੱਤੇ ਦਾਗਾਂ ਉੱਤੇ ਮਾਣ ਕਰੋ: ਤਾਹੀਰਾ ਕਸ਼ਯੱਪ ਖੁਰਾਨਾ

ਅਦਾਕਾਰ ਆਯੂਸ਼ਮਾਨ ਖੁਰਾਨਾ ਦੀ ਪਤਨੀ ਤਾਹੀਰਾ ਕਸ਼ਯੱਪ ਖੁਰਾਨਾ ਨੂੰ ਸਾਲ 2018 ਵਿੱਚ ਛਾਤੀ ਦਾ ਕੈਂਸਰ ਹੋਣ ਬਾਰੇ ਪਤਾ ਲੱਗਿਆ।

ਤਾਹੀਰਾ ਕਸ਼ਯੱਪ ਖੁਰਾਨਾ

ਤਸਵੀਰ ਸਰੋਤ, twitter/tahira kashyap khurrana

ਤਸਵੀਰ ਕੈਪਸ਼ਨ, ਤਾਹੀਰਾ ਨੇ ਕੈਂਸਰ ਪੀੜਤਾਂ ਨੂੰ ਕਿਹਾ ਕਿ ਆਪਣੇ ਨਿਸ਼ਾਨ ਲੁਕਾਉਣ ਦੀ ਲੋੜ ਨਹੀਂ ਸਗੋਂ ਇੰਨ੍ਹਾਂ ਨੂੰ ਆਪਣੀ ਮੁਸਕੁਰਾਹਟ ਵਾਂਗ ਦਿਖਾਓ

ਤਾਹੀਰਾ ਨੇ ਕੈਂਸਰ ਖਿਲਾਫ਼ ਜੰਗ ਜਿੱਤ ਚੁੱਕੇ ਲੋਕਾਂ ਨੂੰ ਸਰਜਰੀ ਕਾਰਨ ਸਰੀਰ 'ਤੇ ਪਏ ਨਿਸ਼ਾਨਾਂ ਨੂੰ ਨਾ ਲੁਕਾਉਣ ਲਈ ਪ੍ਰੇਰਦੀ 'ਸਕਾਰਜ਼' ਸਿਰਲੇਖ ਹੇਠ ਇੱਕ ਕਵਿਤਾ ਲਿਖੀ।

ਸਾਲ 2020 ਨੈਸ਼ਨਲ ਕੈਂਸਰ ਸਰਵਾਈਵਰਜ਼ ਡੇਅ ਮੌਕੇ ਉਨ੍ਹਾਂ ਨੇ ਆਪਣੀ ਪਿੱਠ 'ਤੇ ਬ੍ਰੈਸਟ ਕੈਂਸਰ ਦੇ ਇਲਾਜ ਦੌਰਾਨ ਹੋਈ ਸਰਜਰੀ ਦੇ ਪਏ ਨਿਸ਼ਾਨ ਦੀ ਤਸਵੀਰ ਅਤੇ ਇੱਕ ਕਵਿਤਾ ਦੇ ਬੋਲ ਸੋਸ਼ਲ ਮੀਡੀਆ ਜ਼ਰੀਏ ਸਾਂਝੇ ਕੀਤੇ।

ਇਸ ਕਵਿਤਾ ਵਿੱਚ ਉਨ੍ਹਾਂ ਕੈਂਸਰ ਪੀੜਤਾਂ ਨੂੰ ਕਿਹਾ ਕਿ ਆਪਣੇ ਨਿਸ਼ਾਨ ਲੁਕਾਉਣ ਦੀ ਲੋੜ ਨਹੀਂ ਸਗੋਂ ਇੰਨ੍ਹਾਂ ਨੂੰ ਆਪਣੀ ਮੁਸਕੁਰਾਹਟ ਵਾਂਗ ਦਿਖਾਓ।

ਉਨ੍ਹਾਂ ਕਿਹਾ ਕਿ ਦਾਗਾਂ ਨੂੰ ਲੁਕਾਉਣ ਦੀ ਲੋੜ ਨਹੀਂ ਸਗੋਂ ਇਹ ਤਗਮੇ ਹਨ ਜੋ ਤੁਹਾਨੂੰ ਪ੍ਰੇਰਦੇ ਹਨ।

ਤਾਹੀਰਾ ਕਸ਼ਯੱਪ ਸਮੇਂ-ਸਮੇਂ ਸੋਸ਼ਲ ਮੀਡੀਆ ਜ਼ਰੀਏ ਲੋਕਾਂ ਨੂੰ ਕੈਂਸਰ ਪ੍ਰਤੀ ਜਾਗਰੁਕ ਕਰਨ ਲਈ ਪੋਸਟ ਪਾ ਕੇ ਸਵੈ-ਪੜਚੋਲ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ।

ਮੈਂ ਹਾਲੇ ਵੀ ਕੈਂਸਰ ਨਾਲ ਜੀਅ ਰਹੀ ਹਾਂ: ਲੀਜ਼ਾ ਰੇਅ

ਅਦਾਕਾਰਾ ਲੀਜ਼ਾ ਰੇਅ ਕੈਂਸਰ ਦੇ ਇਲਾਜ ਦੌਰਾਨ ਸੋਸ਼ਲ ਮੀਡੀਆ ਜ਼ਰੀਏ ਲਗਾਤਾਰ ਆਪਣੇ ਪ੍ਰਸ਼ੰਸਕਾ ਨਾਲ ਜੁੜੇ ਰਹੇ।

ਲੀਜ਼ਾ ਰੇਅ

ਤਸਵੀਰ ਸਰੋਤ, Twitter/Lisa Ray

ਤਸਵੀਰ ਕੈਪਸ਼ਨ, ਆਪਣੇ ਆਪ ਨੂੰ ਲੀਜ਼ਾ ਕੈਂਸਰ ਗ੍ਰੈਜੁਏਟ ਵਜੋਂ ਸੰਬੋਧਿਤ ਕਰਦੇ ਹਨ

ਸਾਲ 2009 ਵਿੱਚ ਲੀਜ਼ਾ ਨੂੰ ਬਲੱਡ ਕੈਂਸਰ ਹੋਣ ਬਾਰੇ ਪਤਾ ਲੱਗਿਆ। ਆਪਣੀ ਬਿਮਾਰੀ ਅਤੇ ਇਲਾਜ ਦੇ ਨਾਲ-ਨਾਲ ਲੀਜ਼ਾ ਲੋਕਾਂ ਨੂੰ ਕੈਂਸਰ ਬਾਰੇ ਜਾਗਰੂਕ ਵੀ ਕਰਦੇ ਰਹੇ।

ਉਨ੍ਹਾਂ ਨੇ ਬਿਮਾਰੀ ਦੌਰਾਨ ਜੋ ਕੁਝ ਮਹਿਸੂਸ ਕੀਤਾ, ਝੱਲਿਆ ਅਤੇ ਉਨ੍ਹਾਂ ਦੀ ਜ਼ਿੰਦਗੀ ਜਿਸ ਤਰ੍ਹਾਂ ਬਦਲੀ, ਉਸ ਬਾਰੇ ਉਨ੍ਹਾਂ ਨੇ ਮਈ 2019 ਵਿੱਚ 'ਕਲੋਜ਼ ਟੂ ਦਾ ਬੋਨ' ਨਾਮ ਦੀ ਇੱਕ ਕਿਤਾਬ ਲਿਖੀ।

ਇਸ ਕਿਤਾਬ ਵਿੱਚ ਉਨ੍ਹਾਂ ਲਿਖਿਆ, ''37 ਸਾਲ ਦੀ ਉਮਰ ਵਿੱਚ ਕੈਂਸਰ ਦਾ ਪਤਾ ਲੱਗਣ ਤੋਂ ਬਾਅਦ, ਮੈਂ ਐੱਮਐੱਮ ਕੈਂਸਰ ਕਲੱਬ ਦੀ ਸਭ ਤੋਂ ਜੂਨੀਅਰ ਮੈਂਬਰ ਸੀ, ਜਦਕਿ ਕੈਂਸਰ ਹੋਣ ਦੀ ਸੰਭਾਵਨਾ ਲਈ ਔਸਤਨ ਉਮਰ 65 ਸਾਲ ਹੈ ਪਰ ਇਹ ਡਰਾਉਣਾ ਨਹੀਂ ਸੀ- ਨਾ ਹੀ ਹੁਣ ਹੈ।''

ਸਟੈਮ ਸੈੱਲ ਟਰਾਂਸਪਲਾਂਟ ਤੋਂ ਬਾਅਦ ਡਾਕਟਰਾਂ ਵੱਲੋਂ ਲੀਜ਼ਾ ਨੂੰ ਕੈਂਸਰ ਮੁਕਤ ਮੰਨਿਆ ਗਿਆ। ਆਪਣੇ ਆਪ ਨੂੰ ਲੀਜ਼ਾ ਕੈਂਸਰ ਗ੍ਰੈਜੁਏਟ ਵਜੋਂ ਸੰਬੋਧਿਤ ਕਰਦੇ ਹਨ।

ਕੈਂਸਰ ਨੇ ਮੈਨੂੰ ਨਵੀਂ ਜਿੰਦਗੀ ਦਿੱਤੀ: ਮਨੀਸ਼ਾ ਕੋਇਰਾਲਾ

ਅਦਾਕਾਰਾ ਮਨੀਸ਼ਾ ਕੋਇਰਾਲਾ ਕਹਿੰਦੇ ਹਨ, “ਆਪਣੇ ਆਲੇ ਦੁਆਲੇ ਬਹੁਤ ਲੋਕ ਇਸ ਬਿਮਾਰੀ ਨਾਲ ਜੂਝਦੇ ਦੇਖੇ ਸਨ ਪਰ ਕਦੀ ਨਹੀਂ ਸੀ ਸੋਚਿਆ ਇਹ ਮੈਨੂੰ ਵੀ ਹੋ ਸਕਦਾ ਹੈ ਪਰ ਮੇਰੇ ਲਈ ਇਹ ਹੈਰਾਨ ਕਰਨ ਵਾਲਾ ਨਹੀਂ ਸੀ। ਮਨੀਸ਼ਾ ਨੂੰ ਅੰਡਕੋਸ਼ ਦਾ ਕੈਂਸਰ ਹੋਇਆ ਸੀ।”

ਕੈਂਸਰ ਦੌਰਾਨ ਆਪਣੇ ਤਜਰਬਿਆਂ ਬਾਰੇ ਮਨੀਸ਼ਾ ਕੋਇਰਾਲਾ ਨੇ 'ਹੀਲਡ ਹਾਓ ਕੈਂਸਰ ਗਿਵ ਮੀ ਨਿਊ ਲਾਈਫ਼' ਨਾਮ ਦੀ ਕਿਤਾਬ ਵਿੱਚ ਕੈਂਸਰ ਖਿਲਾਫ਼ ਆਪਣੀ ਲੜਾਈ ਦੀ ਵਾਰਤਾ ਸਾਂਝੀ ਕੀਤੀ।

ਮਨੀਸ਼ਾ ਕੋਇਰਾਲਾ

ਤਸਵੀਰ ਸਰੋਤ, Manisha Koirala

ਤਸਵੀਰ ਕੈਪਸ਼ਨ, ਮਨੀਸ਼ਾ ਮੁਤਾਬਕ ਉਨ੍ਹਾਂ ਆਪਣੇ ਇਲਾਜ ਦੇ ਛੇ ਮਹੀਨਿਆਂ ਦੌਰਾਨ ਸਿਰਫ਼ ਖੁਸ਼ਗਵਾਰ ਸਕਾਰਾਤਮਕ ਗੱਲਾਂ ਕਰਨ ਵਾਲੇ ਲੋਕਾਂ ਨੂੰ ਸੁਣਿਆ

ਉਨ੍ਹਾਂ ਮੁਤਾਬਕ ਕੈਂਸਰ ਨੇ ਉਨ੍ਹਾਂ ਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ।

ਮਨੀਸ਼ਾ ਆਪਣੀ ਕਿਤਾਬ ਵਿੱਚ ਲਿਖਦੇ ਹਨ ਕਿ ਭਾਰਤ ਵਿੱਚ ਵੀ ਕੈਂਸਰ ਦਾ ਇਲਾਜ ਹੋਰ ਮੁਲਕਾਂ ਵਰਗਾ ਹੀ ਹੈ।

''ਫ਼ਰਕ ਸਿਰਫ਼ ਇੰਨਾ ਹੈ ਕਿ ਇੱਥੇ ਖੌਫ਼ ਬਹੁਤ ਹੈ ਤੇ ਕੈਂਸਰ ਦਾ ਮਤਲਬ ਮੌਤ ਸਮਝਿਆ ਜਾਂਦਾ ਹੈ। ਤੁਸੀਂ ਖੁਦ ਵੀ ਡਰਦੇ ਹੋ ਤੇ ਤੁਹਾਡੇ ਆਲੇ-ਦੁਆਲੇ ਦੋ ਲੋਕ ਵੀ ਡਰੇ ਹੋਏ ਹੁੰਦੇ ਹਨ।''

ਅਦਾਕਾਰਾ ਦਾ ਕਹਿਣਾ ਹੈ ਕਿ ਆਪਣੇ ਇਲਾਜ ਦੇ ਛੇ ਮਹੀਨਿਆਂ ਦੌਰਾਨ ਉਨ੍ਹਾਂ ਸਿਰਫ਼ ਖੁਸ਼ਗਵਾਰ ਸਕਾਰਾਤਮਕ ਗੱਲਾਂ ਕਰਨ ਵਾਲੇ ਲੋਕਾਂ ਨੂੰ ਸੁਣਿਆ।

ਇਹ ਸਮਾਂ ਵੀ ਬੀਤ ਜਾਵੇਗਾ: ਯੁਵਰਾਜ ਸਿੰਘ

ਭਾਰਤੀ ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਸੈਮੀਨੋਮਾ ਲੰਗ ਕੈਂਸਰ ਤੋਂ ਪੀੜਤ ਸਨ।

ਯੁਵਰਾਜ ਸਿੰਘ

ਤਸਵੀਰ ਸਰੋਤ, ANI

ਯੁਵਰਾਜ ਸਿੰਘ ਨੇ ਵੀ ਆਪਣੇ ਤਜਰਬਿਆਂ 'ਤੇ ਅਧਾਰਿਤ 'ਟੈਸਟ ਆਫ਼ ਮਾਈ ਲਾਈਫ਼' ਨਾਮ ਦੀ ਇੱਕ ਕਿਤਾਬ ਲਿਖੀ।

ਉਨ੍ਹਾਂ ਇਸ ਕਿਤਾਬ ਵਿੱਚ ਆਪਣੇ ਖੇਡ ਨਾਲ ਜੁੜੇ ਤਜਰਬਿਆਂ ਦੇ ਨਾਲ-ਨਾਲ ਕੈਂਸਰ ਬਾਰੇ ਵੀ ਲਿਖਿਆ।

ਉਨ੍ਹਾਂ ਕਿਹਾ ਸੀ, ''ਟੈਸਟ ਆਫ਼ ਮਾਈ ਲਾਈਫ਼, ਮੇਰੇ ਸਭ ਤੋਂ ਔਖੇ ਦਿਨਾਂ ਬਾਰੇ ਹੈ ਅਤੇ ਮੈਂ ਮੁਸ਼ਕਲ ਦੌਰ ਵਿੱਚੋਂ ਕਿਵੇਂ ਬਾਹਰ ਨਿਕਲਿਆ। ਇਨ੍ਹਾਂ ਸਾਰੀਆਂ ਔਕੜਾਂ ਦੇ ਬਾਵਜੂਦ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਉਮੀਦ, ਦ੍ਰਿੜਤਾ ਅਤੇ ਹਿੰਮਤ ਬਾਰੇ ਹੈ।''

ਯੁਵਰਾਜ ਸਿੰਘ ਕੈਂਸਰ ਪ੍ਰਤੀ ਜਾਗਰੂਕਤਾ ਫ਼ੈਲਾਉਣ ਲਈ 'ਯੂ ਕੈਨ ਵਿਨ' ਨਾਮ ਦੀ ਇੱਕ ਸੰਸਥਾ ਵੀ ਚਲਾ ਰਹੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)