ਮੁਗ਼ਲ ਬਾਦਸ਼ਾਹ ਅਕਬਰ ਦੇ ਆਖ਼ਰੀ ਦਿਨ ਕਿਵੇਂ ਪੁੱਤਰ ਸਲੀਮ ਦੀ ਬਗ਼ਾਵਤ ਨਾਲ ਜੂਝਦੇ ਹੋਏ ਲੰਘੇ-ਵਿਵੇਚਨਾ

ਅਕਬਰ ਦੀ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਕਬਰ ਦੀ ਤਸਵੀਰ
    • ਲੇਖਕ, ਰੇਹਾਨ ਫ਼ਜ਼ਲ
    • ਰੋਲ, ਬੀਬੀਸੀ ਸਹਿਯੋਗੀ

ਅਕਬਰ ਦੇ ਆਖ਼ਰੀ ਦਿਨ ਆਪਣੇ ਕਈ ਕਰੀਬੀ ਲੋਕਾਂ ਦੀ ਮੌਤ ਦਾ ਸੋਗ ਮਨਾਉਂਦੇ ਹੋਏ ਲੰਘੇ ਸਨ। ਉਸ ਦੌਰਾਨ ਨਾ ਸਿਰਫ਼ ਉਨ੍ਹਾਂ ਦੀ ਮਾਂ ਹਮੀਦਾ ਬੇਗ਼ਮ ਅਤੇ ਦੋ ਪੁੱਤਰਾਂ ਨੇ ਆਖ਼ਰੀ ਸਾਹ ਲਏ ਬਲਕਿ ਉਨ੍ਹਾਂ ਦੇ ਵੱਡੇ ਪੁੱਤਰ ਸਲੀਮ ਨੇ ਉਨ੍ਹਾਂ ਖ਼ਿਲਾਫ਼ ਬਗ਼ਾਵਤ ਕਰ ਦਿੱਤੀ।

ਜਦੋਂ ਉਨ੍ਹਾਂ ਦੇ ਨਵਰਤਨਾਂ ਵਿੱਚੋਂ ਇੱਕ ਬੀਰਬਲ ਨੂੰ ਕਬਾਇਲੀਆਂ ਨੇ ਮਾਰ ਦਿੱਤਾ, ਅਕਬਰ ਨੇ ਦੋ ਦਿਨਾਂ ਤੱਕ ਖਾਣ-ਪੀਣ ਨੂੰ ਹੱਥ ਨਹੀਂ ਲਾਇਆ। ਮਾਂ ਦੇ ਬਹੁਤ ਕਹਿਣ 'ਤੇ ਉਨ੍ਹਾਂ ਨੇ ਖਾਣਾ ਸ਼ੁਰੂ ਕਰ ਦਿੱਤਾ।

ਐੱਮਐੱਮ ਬਰਕੇ ਅਕਬਰ ਦੀ ਜੀਵਨੀ 'ਅਕਬਰ ਦਿ ਗ੍ਰੇਟ ਮੁਗ਼ਲ' ਵਿੱਚ ਲਿਖਦੇ ਹਨ, "ਅਕਬਰ ਦੇ ਦੋ ਪੁੱਤਰਾਂ ਮੁਰਾਦ ਅਤੇ ਦਾਨਿਆਲ ਨੇ ਸ਼ਰਾਬ ਪੀ-ਪੀ ਕੇ ਬਹੁਤ ਘੱਟ ਉਮਰ ਵਿੱਚ ਆਪਣੇ-ਆਪ ਨੂੰ ਮੌਤ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਦਾ ਤੀਜਾ ਪੁੱਤਰ ਸਲੀਮ ਵੀ ਸ਼ਰਾਬੀ ਸੀ।"

"ਉਸ ਨੇ ਨਾ ਸਿਰਫ਼ ਅਕਬਰ ਦੇ ਖ਼ਿਲਾਫ਼ ਬਗ਼ਾਵਤ ਕੀਤੀ, ਸਗੋਂ ਉਨ੍ਹਾਂ ਦੇ ਸਭ ਤੋਂ ਨਜ਼ਦੀਕੀ ਸਲਾਹਕਾਰ ਅਬੁਲ ਫਜ਼ਲ ਦਾ ਕਤਲ ਕਰਵਾ ਦਿੱਤਾ। ਇੱਕ ਪਿਤਾ ਦੇ ਰੂਪ ਵਿੱਚ ਅਕਬਰ ਦੀ ਅਸਫ਼ਲਤਾ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਵੱਡਾ ਦੁੱਖ ਸੀ।"

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਅਬੁਲ ਫਜ਼ਲ ਦੇ ਕਤਲ ਤੋਂ ਲੱਗਾ ਸਦਮਾ

ਅਕਬਰ ਨੂੰ ਅਬੁਲ ਫ਼ਜ਼ਲ ਦੀ ਮੌਤ ਦੀ ਖ਼ਬਰ ਸ਼ੇਖ ਫ਼ਰੀਦ ਬਖਸ਼ੀ ਬੇਗ ਨੇ ਦਿੱਤੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਕਬਰ ਅਬੁਲ ਫ਼ਜ਼ਲ ਦੀ ਮੌਤ ਕਾਰਨ ਆਪਣੇ ਪੁੱਤਰ ਸਲੀਮ ਨਾਲ ਬਹੁਤ ਨਾਰਾਜ਼ ਸਨ

ਅਕਬਰ ਨੂੰ ਅਬੁਲ ਫ਼ਜ਼ਲ ਦੀ ਮੌਤ ਦੀ ਖ਼ਬਰ ਸ਼ੇਖ ਫ਼ਰੀਦ ਬਖਸ਼ੀ ਬੇਗ ਨੇ ਦਿੱਤੀ। ਖ਼ਬਰ ਸੁਣਦਿਆਂ ਹੀ ਅਕਬਰ ਜ਼ੋਰ ਦੀ ਚੀਕੇ ਅਤੇ ਬੇਹੋਸ਼ ਹੋ ਕੇ ਜ਼ਮੀਨ ʼਤੇ ਡਿਗ ਗਏ।

ਕਈ ਦਿਨਾਂ ਤੱਕ ਉਹ ਬਹੁਤ ਉਦਾਸ ਰਹੇ। ਉਨ੍ਹਾਂ ਨੇ ਅਸਦ ਬੇਗ਼ ਨੂੰ ਕਿਹਾ, "ਜੇ ਸਲੀਮ ਬਾਦਸ਼ਾਹ ਬਣਨਾ ਚਾਹੁੰਦਾ ਸੀ, ਤਾਂ ਉਸ ਨੂੰ ਮੈਨੂੰ ਮਾਰ ਦੇਣਾ ਚਾਹੀਦਾ ਸੀ ਅਤੇ ਅਬੁਲ ਫਜ਼ਲ ਦੀ ਜਾਨ ਬਖ਼ਸ਼ ਦੇਣੀ ਚਾਹੀਦੀ ਸੀ।"

ਅਸਦ ਬੇਗ ਨੇ ਲਿਖਿਆ, “ਉਸ ਦਿਨ ਅਕਬਰ ਨੇ ਨਾ ਤਾਂ ਆਪਣੀ ਦਾੜ੍ਹੀ ਬਣਵਾਈ ਅਤੇ ਨਾ ਹੀ ਅਫੀਮ ਖਾਧੀ। ਪੂਰਾ ਦਿਨ ਉਨ੍ਹਾਂ ਨੇ ਰੋਂਦਿਆਂ ਹੋਇਆ ਲੰਘਾਇਆ। ਉਹ ਕਈ ਦਿਨਾਂ ਤੱਕ ਰੋਂਦੇ ਰਹੇ ਅਤੇ ਆਪਣੇ ਪੁੱਤਰ ਸਲੀਮ ਨੂੰ ਉਸ ਦੇ ਕੀਤੇ ʼਤੇ ਕੋਸਦੇ ਰਹੇ।"

ਇਨਾਇਤੁੱਲ੍ਹਾ ਨੇ ਅਬੁਲ ਫਜ਼ਲ ਤੋਂ ਬਾਅਦ ਆਪਣੀ ਜੀਵਨੀ 'ਅਕਬਰਨਾਮਾ' ਪੂਰੀ ਕੀਤੀ। ਉਨ੍ਹਾਂ ਨੇ ਲਿਖਿਆ, "ਅਕਬਰ ਨੇ ਇਸ ਅਪਰਾਧ ਲਈ ਸਲੀਮ ਨੂੰ ਕਦੇ ਵੀ ਮਾਫ਼ ਨਹੀਂ ਕੀਤਾ।"

ਇਹ ਵੀ ਪੜ੍ਹੋ-

ਸ਼ਹਿਜ਼ਾਦੇ ਸਲੀਮ ਨਾਲ ਵਿਗੜੇ ਰਿਸ਼ਤੇ

ਅਕਬਰ ਅਤੇ ਸਲੀਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਕਬਰ ਅਤੇ ਸਲੀਮ

ਸਲੀਮ ਤੋਂ ਅਕਬਰ ਦਾ ਮਨਮੁਟਾਓ ਉਨ੍ਹਾਂ ਦੀ ਮੌਤ ਦੇ 16 ਸਾਲ ਪਹਿਲਾਂ ਸ਼ੁਰੂ ਹੋ ਗਿਆ ਸੀ।

ਆਪਣੀ ਪਹਿਲੀ ਕਸ਼ਮੀਰ ਫੇਰੀ ਦੌਰਾਨ ਅਕਬਰ ਨੇ ਸ਼ਾਹੀ ਜਨਾਨਖ਼ਾਨੇ ਦੀਆਂ ਔਰਤਾਂ ਨੂੰ ਲੈ ਕੇ ਆਉਣ ਦੀ ਜ਼ਿੰਮੇਵਾਰੀ ਸਲੀਮ ਨੂੰ ਦਿੱਤੀ ਸੀ, ਪਰ ਉਹ ਖ਼ਰਾਬ ਸੜਕ ਦਾ ਬਹਾਨਾ ਬਣਾ ਕੇ ਇਕੱਲੇ ਹੀ ਵਾਪਸ ਆ ਗਏ।

ਅਬੁਲ ਫਜ਼ਲ ‘ਅਕਬਰਨਾਮਾ’ ਵਿੱਚ ਲਿਖਦੇ ਹਨ, “ਇਹ ਹੋ ਸਕਦਾ ਹੈ ਕਿ ਇਹ ਗੱਲ ਸਹੀ ਰਹੀ ਹੋਵੇ, ਪਰ ਅਕਬਰ ਆਪਣੇ ਹਰਮ ਦੀਆਂ ਔਰਤਾਂ ਦਾ ਬੜੀ ਸ਼ਿੱਦਤ ਨਾਲ ਇੰਤਜ਼ਾਰ ਕਰ ਰਹੇ ਸੀ।"

"ਉਨ੍ਹਾਂ ਦਾ ਗੁੱਸਾ ਮਸ਼ਹੂਰ ਸੀ। ਗੁੱਸੇ ਵਿਚ ਭਰੇ ਅਕਬਰ ਮੂਸਲਾਧਾਰ ਬਾਰਿਸ਼ ਵਿੱਚ ਆਪਣੇ ਘੋੜੇ 'ਤੇ ਸਵਾਰ ਹੋ ਉਨ੍ਹਾਂ ਔਰਤਾਂ ਨੂੰ ਲੈ ਕੇ ਆਉਣ ਲਈ ਨਿਕਲ ਪਏ। ਉਨ੍ਹਾਂ ਨੇ ਹੁਕਮ ਦਿੱਤਾ ਕਿ ਸਲੀਮ ਨੂੰ ਉਨ੍ਹਾਂ ਦੇ ਸਾਹਮਣੇ ਨਾ ਲਿਆਂਦਾ ਜਾਵੇ।"

ਉਸੇ ਸਾਲ 9 ਜੁਲਾਈ ਨੂੰ ਅਕਬਰ ਨੂੰ ਪੇਟ ਵਿੱਚ ਭਿਆਨਕ ਦਰਦ ਸ਼ੁਰੂ ਹੋ ਗਿਆ।

ਅਬੁਲ ਫਜ਼ਲ ਲਿਖਦੇ ਹਨ, “ਦਰਦ ਦੀ ਬੇਖ਼ੁਦੀ ਵਿੱਚ ਉਨ੍ਹਾਂ ਆਪਣੇ ਪੁੱਤਰ ਉੱਤੇ ਜ਼ਹਿਰ ਦੇਣ ਦਾ ਇਲਜ਼ਾਮ ਲਗਾਇਆ।"

"ਦੋ ਸਾਲ ਬਾਅਦ, ਜਦੋਂ ਅਕਬਰ ਫਿਰ ਕਸ਼ਮੀਰ ਗਏ ਤਾਂ ਸਲੀਮ ਨੇ ਬਿਨਾਂ ਇਜਾਜ਼ਤ ਉਨ੍ਹਾਂ ਦੇ ਤੰਬੂ ਵਿੱਚ ਦਾਖ਼ਲ ਹੋਣ ਦੀ ਹਿਮਾਕਤ ਕੀਤੀ। ਨਾਰਾਜ਼ ਅਕਬਰ ਨੇ ਫਿਰ ਹੁਕਮ ਦਿੱਤਾ ਕਿ ਸਲੀਮ ਉਨ੍ਹਾਂ ਦੀਆਂ ਨਜ਼ਰਾਂ ਸਾਹਮਣੇ ਨਾ ਆਵੇ ਪਰ ਕੁਝ ਸਮੇਂ ਬਾਅਦ ਅਕਬਰ ਨੇ ਸਲੀਮ ਨੂੰ ਮਾਫ਼ ਕਰ ਦਿੱਤਾ।"

ਸਲੀਮ ਨੇ ਅਕਬਰ ਦੇ ਕਈ ਹੁਕਮ ਨਹੀਂ ਮੰਨੇ

ਅਕਬਰਨਾਮਾ

ਤਸਵੀਰ ਸਰੋਤ, Atlantic

ਤਸਵੀਰ ਕੈਪਸ਼ਨ, ਅਕਬਰਨਾਮਾ

ਜਦੋਂ 2 ਮਈ, 1599 ਨੂੰ ਅਕਬਰ ਦੇ ਪੁੱਤਰ ਮੁਰਾਦ ਦੀ ਮੌਤ ਹੋ ਗਈ ਤਾਂ ਅਕਬਰ ਨੇ ਸਲੀਮ ਨੂੰ ਉਨ੍ਹਾਂ ਦੀ ਥਾਂ 'ਤੇ ਦੱਖਣੀ ਭਾਰਤ ਵੱਲ ਫੌਜੀ ਮੁਹਿੰਮ 'ਤੇ ਭੇਜਣ ਦਾ ਫ਼ੈਸਲਾ ਕੀਤਾ।

ਪਰ ਇਸ ਵਾਰ ਵੀ ਸਲੀਮ ਤੈਅ ਸਮੇਂ ʼਤੇ ਨਹੀਂ ਪਹੁੰਚੇ ਅਤੇ ਅਕਬਰ ਨੇ ਮਜਬੂਰੀ ਵਿੱਚ ਆਪਣੇ ਦੂਜੇ ਬੇਟੇ ਦਾਨਿਆਲ ਨੂੰ ਦੱਖਣ ਭੇਜਿਆ।

ਅਕਬਰ ਨੇ ਖ਼ੁਦ ਵੀ ਦੱਖਣ ਜਾਣ ਦਾ ਫ਼ੈਸਲਾ ਕੀਤਾ। ਅਕਬਰ ਨੇ ਸਲੀਮ ਨੂੰ ਮੁਗ਼ਲਾਂ ਦਾ ਵਿਰੋਧ ਕਰ ਰਹੇ ਮੇਵਾੜ ਦੇ ਰਾਣਾ ਨੂੰ ਕਾਬੂ ਕਰਨ ਦੀ ਜ਼ਿੰਮੇਵਾਰੀ ਵੀ ਪਰ ਇਸ ਵਾਰ ਵੀ ਸਲੀਮ ਨੇ ਹੁਕਮ ਨਾ ਮੰਨਿਆ, ਉਹ ਅਜਮੇਰ ਵਿੱਚ ਹੀ ਰੁਕ ਗਏ ਅਤੇ ਅੱਗੇ ਗਏ ਹੀ ਨਹੀਂ।

ਸਲੀਮ ਨੇ ਇਲਾਹਾਬਾਦ ਜਾਣ ਦਾ ਫ਼ੈਸਲਾ ਲਿਆ ਅਤੇ ਰਾਜਧਾਨੀ ਆਗਰਾ ਵਿੱਚ ਅਕਬਰ ਦੀ ਗ਼ੈਰ-ਹਾਜ਼ਰੀ ਦਾ ਫਾਇਦਾ ਚੁੱਕਦੇ ਹੋਏ, ਗੱਦੀ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ।

ਇਲਾਹਾਬਾਦ ਪਹੁੰਚ ਕੇ, ਸਲੀਮ ਨੇ ਖਜ਼ਾਨੇ ਦੇ ਇੱਕ ਹਿੱਸੇ 'ਤੇ ਕਬਜ਼ਾ ਕਰ ਲਿਆ ਅਤੇ ਆਪਣੇ-ਆਪ ਨੂੰ ਬਾਦਸ਼ਾਹ ਐਲਾਨ ਦਿੱਤਾ।

ਅਸੀਰਗੜ੍ਹ 'ਤੇ ਕਬਜ਼ਾ ਕਰਨ ਤੋਂ ਬਾਅਦ, ਅਕਬਰ ਅਹਿਮਦਨਗਰ 'ਤੇ ਵੀ ਹਮਲਾ ਕਰਨਾ ਚਾਹੁੰਦੇ ਸੀ ਪਰ ਉਨ੍ਹਾਂ ਨੇ ਸਲੀਮ ਨਾਲ ਨਜਿੱਠਣ ਲਈ ਤੁਰੰਤ ਵਾਪਸ ਆਉਣ ਦਾ ਫ਼ੈਸਲਾ ਲਿਆ।

ਅਕਬਰ ਦੀ ਸਲੀਮ ਨੂੰ ਚੇਤਾਵਨੀ

ਅਕਬਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਕਬਰ

ਮਾਰਚ 1602 ਵਿੱਚ ਸਲੀਮ ਨੇ ਅਕਬਰ ਨੂੰ ਸੁਨੇਹਾ ਭੇਜਿਆ ਕਿ ਉਹ ਅਕਬਰ ਨੂੰ ਮਿਲ ਕੇ ਆਪਣਾ ਸਤਿਕਾਰ ਪ੍ਰਗਟ ਕਰਨਾ ਚਾਹੁੰਦੇ ਹਨ, ਪਰ ਅਕਬਰ ਨੂੰ ਇਹ ਪੇਸ਼ਕਸ਼ ਇਮਾਨਦਾਰ ਨਹੀਂ ਲੱਗੀ, ਉਨ੍ਹਾਂ ਨੇ ਸਲੀਮ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ।

ਕੁਝ ਸਮੇਂ ਬਾਅਦ ਖ਼ਬਰ ਆਈ ਕਿ ਸਲੀਮ 30 ਹਜ਼ਾਰ ਸੈਨਿਕਾਂ ਨਾਲ ਆਗਰਾ ਵੱਲ ਵਧ ਰਿਹਾ ਹੈ।

ਅਬੁਲ ਫਜ਼ਲ ਲਿਖਦੇ ਹਨ, “ਅਕਬਰ ਨੇ ਸਲੀਮ ਨੂੰ ਸਖ਼ਤ ਸੰਦੇਸ਼ ਭੇਜਿਆ ਕਿ ਤੁਹਾਡੀ ਸੁਰੱਖਿਆ ਇਸੇ ਵਿੱਚ ਹੈ ਕਿ ਤੁਸੀਂ ਇਲਾਹਾਬਾਦ ਵਾਪਸ ਮੁੜ ਜਾਓ। ਜੇ ਤੁਸੀਂ ਸੱਚਮੁੱਚ ਮੇਰੀ ਸੇਵਾ ਕਰਨੀ ਚਾਹੁੰਦੇ ਹੋ ਤਾਂ ਇਕੱਲੇ ਦਰਬਾਰ ਵਿੱਚ ਹਾਜ਼ਰ ਹੋਵੇ।"

"ਸਲੀਮ ਨੇ ਗੱਲ ਸਮਝ ਆ ਗਈ ਅਤੇ ਉਹ ਇਟਾਵਾ ਤੋਂ ਇਲਾਹਾਬਾਦ ਵਾਪਸ ਚਲੇ ਗਏ। ਸਲੀਮ ਨੂੰ ਸੱਤਾ ਦੇ ਕੇਂਦਰ ਤੋਂ ਦੂਰ ਰੱਖਣ ਲਈ ਅਕਬਰ ਨੇ ਉਨ੍ਹਾਂ ਨੂੰ ਬੰਗਾਲ ਅਤੇ ਉੜੀਸਾ ਦਾ ਗਵਰਨਰ ਨਿਯੁਕਤ ਕੀਤਾ ਪਰ ਸਲੀਮ ਨੇ ਉੱਥੇ ਜਾਣ ਤੋਂ ਇਨਕਾਰ ਕਰ ਦਿੱਤਾ।"

ਸਲੀਮ ਨੇ ਅਕਬਰ ਤੋਂ ਮੁਆਫ਼ੀ ਮੰਗੀ

ਜਹਾਂਗੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਹਾਂਗੀਰ

ਇਸ ਦੌਰਾਨ ਅਕਬਰ ਦੀ ਮਾਂ ਹਮੀਦਾ ਬੇਗ਼ਮ ਅਤੇ ਮਾਸੀ ਗੁਲਬਦਨ ਬੇਗ਼ਮ ਨੇ ਪਿਤਾ-ਪੁੱਤਰ ਵਿਚਕਾਰ ਤਣਾਅ ਦੂਰ ਕਰਨ ਲਈ ਮੁਹਿੰਮ ਸ਼ੁਰੂ ਕੀਤੀ।

ਉਨ੍ਹਾਂ ਨੇ ਅਕਬਰ ਨੂੰ ਸਲੀਮ ਨੂੰ ਮੁਆਫ਼ ਕਰਨ ਦੀ ਬੇਨਤੀ ਕੀਤੀ। ਅਕਬਰ ਦੇ ਮਨ ਵਿੱਚ ਇਨ੍ਹਾਂ ਦੋਵਾਂ ਔਰਤਾਂ ਲਈ ਬਹੁਤ ਸਤਿਕਾਰ ਸੀ, ਇਸ ਲਈ ਉਨ੍ਹਾਂ ਨੇ ਉਨ੍ਹਾਂ ਦੀ ਬੇਨਤੀ ਮੰਨ ਲਈ।

ਉਨ੍ਹਾਂ ਨੇ ਆਪਣੀ ਇੱਕ ਪਤਨੀ ਸਲਮਾ ਸੁਲਤਾਨ ਬੇਗ਼ਮ ਨੂੰ ਸਲੀਮ ਨੂੰ ਆਪਣੇ ਕੋਲ ਲਿਆਉਣ ਲਈ ਭੇਜਿਆ।

ਅਬੁਲ ਫਜ਼ਲ ਲਿਖਦੇ ਹਨ, “ਉਨ੍ਹਾਂ ਦੇ ਨਾਲ, ਅਕਬਰ ਨੇ ਸਲੀਮ ਨੂੰ ਤੋਹਫ਼ੇ ਵਜੋਂ ਇੱਕ ਹਾਥੀ, ਇੱਕ ਘੋੜਾ ਅਤੇ ਇੱਕ ਪੋਸ਼ਾਕ ਭੇਜਿਆ। ਜਦੋਂ ਸਲੀਮ ਸਲਮਾ ਦੇ ਨਾਲ ਆਗਰਾ ਨੇੜੇ ਪਹੁੰਚੇ ਤਾਂ ਉਨ੍ਹਾਂ ਨੇ ਬੇਨਤੀ ਭੇਜੀ।"

"ਉਨ੍ਹਾਂ ਦੀ ਦਾਦੀ ਉਨ੍ਹਾਂ ਦਾ ਹੱਥ ਫੜ੍ਹ ਕੇ ਬਾਦਸ਼ਾਹ ਦੇ ਸਾਹਮਣੇ ਲੈ ਕੇ ਜਾਣ ਤਾਂ ਜੋ ਉਹ ਆਪਣਾ ਸਿਰ ਉਨ੍ਹਾਂ ਦੇ ਚਰਨਾਂ ਵਿੱਚ ਰੱਖ ਸਕੇ। ਅਗਲੇ ਦਿਨ ਸ਼ਹਿਜ਼ਾਦਾ ਸਲੀਮ ਨੇ ਅਕਬਰ ਦੇ ਚਰਨਾਂ ਵਿੱਚ ਸਿਰ ਰੱਖ ਕੇ ਉਨ੍ਹਾਂ ਤੋਂ ਮੁਆਫ਼ੀ ਮੰਗੀ।"

"ਅਕਬਰ ਨੇ ਉਨ੍ਹਾਂ ਨੂੰ ਗਲੇ ਲਗਾਇਆ ਅਤੇ 350 ਹਾਥੀਆਂ ਅਤੇ 12 ਹਜ਼ਾਰ ਸੋਨੇ ਦੇ ਸਿੱਕਿਆਂ ਦਾ ਤੋਹਫਾ ਸਵੀਕਾਰ ਕੀਤਾ।"

ਸਲੀਮ ਦੇ ਮਨ ਨੂੰ ਸ਼ਾਂਤ ਕਰਨ ਲਈ, ਅਕਬਰ ਨੇ ਆਪਣਾ ਸਾਫਾ ਲਾਹ ਕੇ ਆਪਣੇ ਪੁੱਤਰ ਦੇ ਸਿਰ 'ਤੇ ਰੱਖ ਦਿੱਤੀ। ਇਹ ਇਸ ਗੱਲ ਦਾ ਸੰਕੇਤ ਸੀ ਕਿ ਅਕਬਰ ਦੇ ਉੱਤਰਾਧਿਕਾਰੀ ਵਜੋਂ ਸਲੀਮ ਦੀ ਸਥਿਤੀ ਵਿੱਚ ਕੋਈ ਫਰਕ ਨਹੀਂ ਪਿਆ ਹੈ।

ਮਾਂ ਹਮੀਦਾ ਬਾਨੋ ਦੀ ਮੌਤ

ਅਕਬਰ ਦੀ ਮਾਂ ਹਮੀਦਾ ਬਾਨੋ

ਤਸਵੀਰ ਸਰੋਤ, twitter

ਤਸਵੀਰ ਕੈਪਸ਼ਨ, ਅਕਬਰ ਦੀ ਮਾਂ ਹਮੀਦਾ ਬਾਨੋ

ਪਰ 1604 ਆਉਂਦੇ-ਆਉਂਦੇ ਸਲੀਮ ਦੀ ਬਗ਼ਾਵਤ ਦੀਆਂ ਖ਼ਬਰਾਂ ਇੱਕ ਵਾਰ ਫਿਰ ਅਕਬਰ ਦੇ ਕੰਨਾਂ ਤੱਕ ਪਹੁੰਚੀਆਂ। ਇਸ ਵਾਰ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਉਹ ਖ਼ੁਦ ਸਲੀਮ ਨੂੰ ਕਾਬੂ ਕਰਨ ਦੇ ਮਿਸ਼ਨ 'ਤੇ ਜਾਣਗੇ।

ਭਾਰੀ ਮੀਂਹ ਕਾਰਨ ਉਨ੍ਹਾਂ ਦੇ ਨਿਕਲਣ ਵਿੱਚ ਦੇਰੀ ਹੋਈ। ਇਸ ਦੌਰਾਨ ਖ਼ਬਰ ਆਈ ਕਿ ਉਨ੍ਹਾਂ ਦੀ ਮਾਂ ਹਮੀਦਾ ਬਾਨੋ ਗੰਭੀਰ ਬਿਮਾਰ ਹਨ। ਅਕਬਰ ਵਾਪਸ ਆਗਰਾ ਆ ਗਏ।

ਇਨਾਇਤੁੱਲ੍ਹਾ ‘ਅਕਬਰਨਾਮਾ’ ਵਿੱਚ ਲਿਖਦੇ ਹਨ, “ਅਕਬਰ ਆਪਣੀ ਮਾਂ ਦੇ ਕੋਲ ਬੈਠੇ ਰਹੇ। ਉਨ੍ਹਾਂ ਨੇ ਉਨ੍ਹਾਂ ਨਾਲ ਕਈ ਵਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਜਵਾਬ ਨਹੀਂ ਮਿਲਿਆ।"

"ਦੁਨੀਆ ਦਾ ਸਭ ਤੋਂ ਮਹਾਨ ਜੀਵਤ ਬਾਦਸ਼ਾਹ ਆਪਣੀ ਮਾਂ ਨਾਲ ਆਖ਼ਰੀ ਵਾਰ ਗੱਲ ਨਹੀਂ ਕਰ ਸਕਦਾ ਸੀ। 29 ਅਗਸਤ 1604 ਨੂੰ ਹੁਮਾਯੂੰ ਦੀ ਪਤਨੀ ਅਤੇ ਅਕਬਰ ਦੀ ਮਾਂ ਨੇ ਬੇਹੋਸ਼ੀ ਦੀ ਹਾਲਤ ਵਿੱਚ ਆਖ਼ਰੀ ਸਾਹ ਲਏ।"

"ਅਕਬਰ ਨੇ ਆਪਣੇ ਸਿਰ ਦੇ ਸਾਰੇ ਵਾਲ ਅਤੇ ਮੁੱਛਾਂ ਮੁੰਨਵਾ ਦਿੱਤੀਆਂ। ਆਪਣਾ ਸਾਫਾ ਉਤਾਰ ਦਿੱਤਾ ਅਤੇ ਸੋਗ ਵਾਲੇ ਕੱਪੜੇ ਪਹਿਨ ਲਏ।”

ਜਹਾਂਗੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਹਾਂਗੀਰ

ਪੇਟ ਦਰਦ ਨਾਲ ਅਕਬਰ ਦੀ ਸਿਹਤ ਵਿਗੜੀ

ਇਨ੍ਹਾਂ ਘਟਨਾਵਾਂ ਤੋਂ ਬਾਅਦ ਪ੍ਰਸ਼ਾਸਨ 'ਤੇ ਅਕਬਰ ਦੀ ਪਕੜ ਕਮਜ਼ੋਰ ਹੋਣ ਲੱਗੀ। ਉਸ ਸਮੇਂ ਅਕਬਰ ਦੀਆਂ ਬਣੀਆਂ ਤਸਵੀਰਾਂ 'ਚ ਨਜ਼ਰ ਆਉਂਦਾ ਹੈ ਕਿ ਉਨ੍ਹਾਂ ਦੇ ਵਾਲ ਚਿੱਟੇ ਹੋ ਗਏ ਸਨ ਅਤੇ ਚਿਹਰੇ 'ਤੇ ਉਦਾਸੀ ਦੀਆਂ ਰੇਖਾਵਾਂ ਸਾਫ਼ ਦਿਖਾਈ ਦੇ ਰਹੀਆਂ ਸਨ।

22 ਸਤੰਬਰ 1605 ਨੂੰ ਪੇਟ ਦਰਦ ਨਾਲ ਅਕਬਰ ਦੀ ਸਿਹਤ ਵਿਗੜਨੀ ਸ਼ੁਰੂ ਗਈ। ਉਨ੍ਹਾਂ ਦੇ ਡਾਕਟਰ ਹਕੀਮ ਅਲੀ ਜਿਲਾਨੀ ਨੂੰ ਬੁਲਾਇਆ ਗਿਆ। ਡਾਕਟਰ ਨੇ ਬਾਦਸ਼ਾਹ ਨੂੰ ਕਿਹਾ ਕਿ ਕੋਈ ਵੀ ਦਵਾਈ ਲੈਣ ਤੋਂ ਪਹਿਲਾਂ ਇੱਕ ਦਿਨ ਤੱਕ ਕੁਝ ਨਾ ਖਾਣ ਅਤੇ ਨਾ ਪੀਣ।

ਅਗਲੇ ਦਿਨ ਉਨ੍ਹਾਂ ਨੂੰ ਪੀਣ ਲਈ ਸਿਰਫ਼ ਸੂਪ ਦਿੱਤਾ ਗਿਆ। ਪੂਰੀ ਬਿਮਾਰੀ ਦੌਰਾਨ ਉਨ੍ਹਾਂ ਦੇ ਪੋਤਰੇ ਖ਼ੁਸਰੋ ਉਨ੍ਹਾਂ ਦੇ ਬਿਸਤਰੇ ਦੇ ਕੋਲ ਰਹੇ।

ਉਨ੍ਹਾਂ ਚਿਕਿਤਸਕ ਹਕੀਮ ਅਲੀ ਪਤਾ ਨਹੀਂ ਲਗਾ ਸਕੇ ਕਿ ਉਨ੍ਹਾਂ ਦੀ ਮਰਜ਼ ਕੀ ਹੈ?

ਇਨਾਇਤੁੱਲ੍ਹਾ ‘ਅਕਬਰਨਾਮਾ’ ਵਿੱਚ ਲਿਖਦੇ ਹਨ, “ਆਪਣੀ ਬਿਮਾਰੀ ਦੇ ਸ਼ੁਰੂਆਤੀ ਦਿਨਾਂ ਵਿੱਚ, ਅਕਬਰ ਨੇ ਰੋਜ਼ਾਨਾ ਝਰੋਖਾ ਦਰਸ਼ਨ ਦੀ ਰਸਮ ਅਦਾ ਕੀਤੀ ਕਿਉਂਕਿ ਉਹ ਆਮ ਲੋਕਾਂ ਨੂੰ ਇਹ ਨਹੀਂ ਦਿਖਾਉਣਾ ਚਾਹੁੰਦੇ ਸਨ ਕਿ ਉਹ ਗੰਭੀਰ ਰੂਪ ਵਿੱਚ ਬਿਮਾਰ ਹੈ।"

"ਪਰ ਫਿਰ ਉਨ੍ਹਾਂ ਨੇ ਬਿਸਤਰਾ ਫੜ ਲਿਆ। ਪਰ ਇਸ ਦੇ ਬਾਵਜੂਦ ਉਹ ਬੋਲ-ਬੋਲ ਕੇ ਸ਼ਾਹੀ ਹੁਕਮ ਲਿਖਵਾਉਂਦੇ ਰਹੇ। ਪਰ ਦਸ ਦਿਨਾਂ ਬਾਅਦ ਉਨ੍ਹਾਂ ਨੂੰ ਬੁਖਾਰ ਨੇ ਜਕੜ ਲਿਆ ਅਤੇ ਉਨ੍ਹਾਂ ਦਾ ਸਰੀਰ ਕਮਜ਼ੋਰ ਹੁੰਦਾ ਗਿਆ।”

ਅਕਬਰ ਅਤੇ ਜਹਾਂਗੀਰ (ਖੱਬੇ)

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਕਬਰ ਅਤੇ ਜਹਾਂਗੀਰ (ਖੱਬੇ)

ਸਲੀਮ ਦੀ ਥਾਂ 'ਤੇ ਖੁਸਰੋ ਨੂੰ ਗੱਦੀ 'ਤੇ ਬਿਠਾਉਣ ਦੀ ਮੁਹਿੰਮ

ਅਕਬਰ ਦੇ ਆਖ਼ਰੀ ਦਿਨਾਂ ਵਿੱਚ ਅਕਬਰ ਦੇ ਦੋ ਸਭ ਤੋਂ ਕਰੀਬੀ ਸਾਥੀ ਮਾਨ ਸਿੰਘ ਅਤੇ ਅਜ਼ੀਜ਼ ਕੋਕਾ ਨੇ ਉਨ੍ਹਾਂ ਦਾ ਉੱਤਰਾਧਿਕਾਰੀ ਚੁਣਨ ਲਈ ਕੌਂਸਲਰਾਂ ਦੀ ਮੀਟਿੰਗ ਬੁਲਾਈ ਸੀ।

ਉਨ੍ਹਾਂ ਦੋਵਾਂ ਵਿਅਕਤੀਆਂ ਨੇ ਸਭਾ ਨੂੰ ਯਾਦ ਦਿਵਾਇਆ ਕਿ ਅਕਬਰ ਦੀਆਂ ਭਾਵਨਾਵਾਂ ਸਲੀਮ ਦੇ ਹੱਕ ਵਿੱਚ ਨਹੀਂ ਸਨ।

ਅਸਦ ਬੇਗ ਆਪਣੀ ਕਿਤਾਬ ‘ਵਕਯਾ-ਏ-ਅਸਦ ਬੇਗ’ ਵਿੱਚ ਲਿਖਦੇ ਹਨ, “ਮਾਨ ਸਿੰਘ ਅਤੇ ਅਜ਼ੀਜ਼ ਨੇ ਮੀਟਿੰਗ ਵਿੱਚ ਮੌਜੂਦ ਲੋਕਾਂ ਨੂੰ ਕਿਹਾ ਕਿ ਅਕਬਰ ਸਲੀਮ ਨੂੰ ਆਪਣਾ ਉੱਤਰਾਧਿਕਾਰੀ ਨਹੀਂ ਬਣਾਉਣਾ ਚਾਹੁੰਦੇ ਸਨ।"

"ਉਨ੍ਹਾਂ ਨੇ ਸਲੀਮ ਦੀ ਥਾਂ ਖੁਸਰੋ ਦਾ ਨਾਮ ਪ੍ਰਸਤਾਵਿਤ ਕੀਤਾ, ਪਰ ਅਕਬਰ ਦੇ ਇੱਕ ਹੋਰ ਦਰਬਾਰੀ ਸਈਦ ਖ਼ਾਨ ਬਰਾਹਾ ਨੇ ਸਲੀਮ ਦਾ ਸਮਰਥਨ ਕੀਤਾ ਅਤੇ ਮੀਟਿੰਗ ਛੱਡ ਕੇ ਬਾਹਰ ਆ ਗਏ।"

ਸਲੀਮ ਨੇ ਯਮੁਨਾ ਨਦੀ ਦੇ ਦੂਜੇ ਪਾਸੇ ਆਪਣਾ ਡੇਰਾ ਲਾਇਆ ਹੋਇਆ ਸੀ। ਇਰਾ ਮੁਖੌਟੀ ਆਪਣੀ ਕਿਤਾਬ ‘ਅਕਬਰ ਦਿ ਗ੍ਰੇਟ ਮੁਗ਼ਲ’ ਵਿੱਚ ਲਿਖਦੀ ਹੈ, “ਰਾਜਾ ਮਾਨ ਸਿੰਘ ਨੇ ਸਲੀਮ ਦੇ ਗੱਦੀ ਦੀ ਦਾਅਵੇਦਾਰੀ ਦੀ ਸੰਭਾਵਨਾ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ।"

"ਇੱਥੋਂ ਤੱਕ ਕਿ ਜਦੋਂ ਸਲੀਮ ਕਿਸ਼ਤੀ ਰਾਹੀਂ ਆਗਰਾ ਦੇ ਕਿਲ੍ਹੇ ਵਿੱਚ ਆਏ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ। ਪਰ ਸਲੀਮ ਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਸੀ ਕਿ ਉਹ ਕਿਲ੍ਹੇ ਵਿੱਚ ਨਾ ਵੜਨ ਨਹੀਂ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਹ ਕਿਸ਼ਤੀ ਰਾਹੀਂ ਆਪਣੀ ਮਹਿਲ ਵਾਪਸ ਚਲਾ ਗਏ।”

ਰਾਜਾ ਮਾਨ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਜਾ ਮਾਨ ਸਿੰਘ

ਹਵਾ ਸਲੀਮ ਦੇ ਹੱਕ ਵਿਚ ਸੀ

ਉਹ ਆਪਣੀ ਹਵੇਲੀ ਵਿੱਚ ਆਪਣੇ ਭਵਿੱਖ ਬਾਰੇ ਲਏ ਜਾਣ ਵਾਲੇ ਫ਼ੈਸਲੇ ਦੀ ਉਡੀਕ ਕਰਨ ਲੱਗੇ। ਸ਼ਾਮ ਤੱਕ ਫਿਜ਼ਾ ਸਲੀਮ ਦੇ ਹੱਕ ਵਿੱਚ ਹੋ ਗਈ ਸੀ। ਸਭ ਤੋਂ ਪਹਿਲਾਂ ਸ਼ੇਖ ਫ਼ਰੀਦ ਅਤੇ ਸਈਦ ਖ਼ਾਨ ਬਰਾਹਾ ਉਨ੍ਹਾਂ ਨੂੰ ਵਧਾਈ ਦੇਣ ਆਏ।

ਉਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਅਕਬਰ ਦੇ ਦਰਬਾਰੀਆਂ ਦੇ ਮੇਲਾ ਲੱਗ ਗਿਆ। ਸਈਦ ਖ਼ਾਨ ਨੇ ਸਲੀਮ ਤੋਂ ਇਹ ਵਾਅਦਾ ਕਰਵਾਇਆ ਕਿ ਗੱਦੀ 'ਤੇ ਬੈਠਣ ਤੋਂ ਬਾਅਦ, ਉਹ ਖੁਸਰੋ ਜਾਂ ਉਨ੍ਹਾਂ ਲੋਕਾਂ ਨੂੰ ਸਜ਼ਾ ਨਹੀਂ ਦੇਣਗੇ ਜਿਨ੍ਹਾਂ ਨੇ ਪਹਿਲਾਂ ਸਲੀਮ ਦਾ ਸਮਰਥਨ ਨਹੀਂ ਕੀਤਾ ਸੀ।

ਸ਼ਾਮ ਤੱਕ ਉਨ੍ਹਾਂ ਦਾ ਵਿਰੋਧ ਕਰ ਰਿਹਾ ਮਿਰਜ਼ਾ ਅਜ਼ੀਜ਼ ਕੋਕਾ ਵੀ ਉਨ੍ਹਾਂ ਨੂੰ ਵਧਾਈ ਦੇਣ ਪਹੁੰਚੇ ਪਰ ਸਲੀਮ ਨੇ ਉਨ੍ਹਾਂ ਨਾਲ ਰੁੱਖਾ ਵਿਹਾਰ ਨਹੀਂ ਕੀਤਾ।

ਜਦੋਂ ਮਾਨ ਸਿੰਘ ਨੂੰ ਯਕੀਨ ਹੋ ਗਿਆ ਕਿ ਖੁਸਰੋ ਨੂੰ ਕੋਈ ਨੁਕਸਾਨ ਹੀਂ ਪਹੁੰਚਾਇਆ ਜਾਵੇਗਾ, ਤਾਂ ਉਹ ਖ਼ੁਦ ਉਸ ਨੂੰ ਸਲੀਮ ਕੋਲ ਪਹੁੰਚੇ।

ਰਾਜਕੁਮਾਰ ਸਲੀਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਜਕੁਮਾਰ ਸਲੀਮ

ਅਕਬਰ ਦੀ ਮੌਤ

ਇਸ ਗੱਲ ਦਾ ਸੰਕੇਤ ਨਹੀਂ ਮਿਲਦੇ ਕਿ ਮਾਨ ਸਿੰਘ ਅਤੇ ਅਜ਼ੀਜ਼ ਨੇ ਆਪਣੇ ਖੁਸਰੋ ਨੂੰ ਬਾਦਸ਼ਾਹ ਬਣਾਉਣ ਦੀ ਪਹਿਲ ਕੀਤੀ ਸੀ।

ਮੂਨਿਸ ਫਾਰੂਕੀ ਆਪਣੀ ਕਿਤਾਬ 'ਦਿ ਪ੍ਰਿੰਸ ਆਫ਼ ਦਿ ਮੁਗ਼ਲ ਏਮਪਾਇਰ' ਵਿੱਚ ਲਿਖਦੇ ਹਨ, "ਆਪਣੇ ਰਾਜ ਦੇ ਅੰਤ ਤੱਕ, ਅਕਬਰ ਇਸ ਕੋਸ਼ਿਸ਼ ਵਿੱਚ ਸਨ ਕਿ ਕਿਸੇ ਤਰ੍ਹਾਂ ਮੁਗ਼ਲ ਗੱਦੀ 'ਤੇ ਸਲੀਮ ਦੇ ਦਾਅਵੇ ਨੂੰ ਨਾਕਾਮ ਕੀਤਾ ਜਾ ਸਕੇ।"

ਜਦੋਂ ਸਲੀਮ ਅਕਬਰ ਦੇ ਸੋਣ ਵਾਲੇ ਕਮਰੇ ਵਿੱਚ ਦਾਖਲ ਹੋਏ ਤਾਂ ਉਨ੍ਹਾਂ ਦੇ ਸਾਹ ਅਜੇ ਤੱਕ ਚੱਲ ਰਹੇ ਸਨ।

ਆਪਣੇ ਪਿਤਾ ਦੇ ਇਸ਼ਾਰੇ 'ਤੇ, ਉਨ੍ਹਾਂ ਨੇ ਅਕਬਰ ਦਾ ਮੁਕੁਟ ਅਤੇ ਕੱਪੜੇ ਪਹਿਨੇ ਅਤੇ ਅਕਬਰ ਦੀ ਤਲਵਾਰ ਆਪਣੀ ਕਮਰ 'ਤੇ ਲਟਕਾਈ। ਇਹ ਤਲਵਾਰ ਬਾਬਰ ਦੀ ਸੀ। ਉਨ੍ਹਾਂ ਨੇ ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਹੁਮਾਯੂੰ ਨੂੰ ਵੀ ਦਿੱਤੀ ਸੀ।

ਸਲੀਮ ਨੇ ਆਪਣੇ ਪਿਤਾ ਦੇ ਪੈਰੀਂ ਸਿਰ ਝੁਕਾ ਦਿੱਤਾ। ਅਸਦ ਬੇਗ ਲਿਖਦੇ ਹਨ, “ਅਕਬਰ ਨੇ ਆਪਣੀਆਂ ਅੱਖਾਂ ਨਾਲ ਸਲੀਮ ਨੂੰ ਮੁਗਲ ਸ਼ਾਸਨ ਦੇ ਪ੍ਰਤੀਕਾਂ ਨੂੰ ਧਾਰਨ ਕਰਦੇ ਹੋਏ ਦੇਖਿਆ।"

"ਉਨ੍ਹਾਂ ਨੇ ਇਹ ਵੀ ਦੇਖਿਆ ਕਿ ਦਰਬਾਰੀ ਨਵੇਂ ਸ਼ਾਸਕ ਅੱਗੇ ਸਿਰ ਝੁਕਾ ਰਹੇ ਸਨ। ਇਸ ਤੋਂ ਬਾਅਦ ਉਹਨਾਂ ਦੀਆਂ ਅੱਖਾਂ ਹਮੇਸ਼ਾ ਲਈ ਬੰਦ ਹੋ ਗਈਆਂ। ਉਹ ਦਿਨ 27 ਅਕਤੂਬਰ 1605 ਦਾ ਸੀ।"

ਜਹਾਂਗੀਰ ਆਪਣੇ ਪਿਤਾ ਅਕਬਰ ਦੀ ਤਸਵੀਰ ਦੇਖਦੇ ਹੋਇਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਹਾਂਗੀਰ ਆਪਣੇ ਪਿਤਾ ਅਕਬਰ ਦੀ ਤਸਵੀਰ ਦੇਖਦੇ ਹੋਇਆ

ਉਸ ਸਮੇਂ ਉਨ੍ਹਾਂ ਦੀ ਉਮਰ 63 ਸਾਲ ਸੀ ਅਤੇ ਉਨ੍ਹਾਂ ਨੇ ਭਾਰਤ 'ਤੇ 49 ਸਾਲ ਰਾਜ ਕੀਤਾ ਸੀ।

ਪਾਰਵਤੀ ਸ਼ਰਮਾ ਅਕਬਰ ਦੀ ਜੀਵਨੀ ਆਕਬਰ ਆਫ ਹਿੰਦੁਸਤਾਨʼ ਵਿੱਚ ਲਿਖਦੀ ਹੈ, "ਅਕਬਰ ਨੇ ਸਲੀਮ ਨੂੰ ਨਾ ਸਿਰਫ਼ ਤਾਜ, ਪੋਸ਼ਾਕ ਅਤੇ ਤਲਵਾਰ ਹੀ ਨਹੀਂ ਦਿੱਤੀ, ਉਨ੍ਹਾਂ ਆਪਣੇ ਕੁਝ ਨਿੱਜੀ ਸਮਾਨ ਜਿਵੇਂ, ਤਸਬੀਹ ਅਤੇ ਤਾਵੀਜ਼ ਵੀ ਸਲੀਮ ਦੇ ਹਵਾਲੇ ਕੀਤੇ।"

ਆਪਣੇ ਪਿਤਾ ਦੀ ਮੌਤ ਤੋਂ ਇੱਕ ਹਫ਼ਤੇ ਬਾਅਦ, 36 ਸਾਲਾ ਸਲੀਮ ਨੇ ਉਨ੍ਹਾਂ ਦੀ ਜਗ੍ਹਾ ਲਈ। ਉਹ ਹੁਣ ਨਾ ਸਲੀਮ ਰਹਿ ਗਏ ਅਤੇ ਨਾ ਹੀ ਅਕਬਰ ਦਾ ਚਹੇਤੇ ‘ਸ਼ੇਖੂ ਬਾਬਾ’।

ਭਾਰਤ ਦੀ ਗੱਦੀ 'ਤੇ ਬੈਠਣ ਵਾਲੇ ਇਸ ਵਿਅਕਤੀ ਦਾ ਨਵਾਂ ਨਾਂ ਨੂਰੂਦੀਨ ਮੁਹੰਮਦ ਜਹਾਂਗੀਰ ਸੀ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)