ਕੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਿਮਨੀ ਚੋਣਾਂ ਨਾ ਲੜਨਾ ਭਵਿੱਖ ਵਿੱਚ ਪਾਰਟੀ ਲਈ ਹੋਰ ਮੁਸ਼ਕਲਾਂ ਪੈਦਾ ਕਰ ਸਕਦਾ ਹੈ

ਤਸਵੀਰ ਸਰੋਤ, Getty Images
- ਲੇਖਕ, ਸੁਰਿੰਦਰ ਸਿੰਘ ਮਾਨ
- ਰੋਲ, ਬੀਬੀਸੀ ਸਹਿਯੋਗੀ
ਪੰਜਾਬ ਵਿੱਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਗਈ 'ਕਿਨਾਰਾਕਸ਼ੀ' ਨੇ ਸੂਬੇ ਦੇ ਰਾਜਸੀ ਗਲਿਆਰਿਆਂ ਵਿੱਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ।
ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਇਨਾਂ ਚੋਣਾਂ ਤੋਂ ਵੱਖ ਰਹਿਣ ਦਾ ਫ਼ੈਸਲਾ ਪੰਥਕ ਹਿੱਤਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ 13 ਨਵੰਬਰ ਨੂੰ ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ।
ਪੰਜਾਬ ਵਿਧਾਨ ਸਭਾ ਦੀਆਂ ਇਹ ਸੀਟਾਂ ਹਾਲ ਹੀ ਵਿੱਚ ਲੋਕ ਸਭਾ ਚੋਣਾਂ ਦੌਰਾਨ ਚਾਰ ਵਿਧਾਨਕਾਰਾਂ ਦੇ ਲੋਕ ਸਭਾ ਮੈਂਬਰ ਚੁਣੇ ਜਾਣ ਤੋਂ ਬਾਅਦ ਖਾਲੀ ਹੋਈਆਂ ਸਨ।
ਅਸਲ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ 30 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ 'ਤਨਖ਼ਾਹੀਆ' ਕਰਾਰ ਦਿੱਤਾ ਗਿਆ ਸੀ।
ਇਸ ਤੋਂ ਬਾਅਦ ਪਾਰਟੀ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਾਰਟੀ ਦੀਆਂ ਹਰ ਪ੍ਰਕਾਰ ਦੀਆਂ ਗਤੀਵਿਧੀਆਂ ਤੋਂ ਇੱਕ-ਵਾਰ ਅਲੱਗ ਥਲੱਗ ਪੈ ਗਏ।
ਸਿਆਸੀ ਹਲਕਿਆਂ ਵਿੱਚ ਇਹ ਚਰਚਾ ਵੀ ਛਿੜ ਗਈ ਸੀ ਕੇ ਬਾਦਲ ਪਰਿਵਾਰ ਲਈ ਗਿੱਦੜਬਾਹਾ ਦੀ ਵੱਕਾਰੀ ਸੀਟ ਤੋਂ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੋ ਸਕਦੇ ਹਨ।
ਪਰ ਜਿਵੇਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਖਬੀਰ ਸਿੰਘ ਬਾਦਲ ਨੂੰ 'ਤਨਖਾਹੀਆ' ਕਰਾਰ ਦਿੱਤਾ ਗਿਆ ਤਾਂ ਉਨ੍ਹਾਂ ਦੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਣ ਦੀਆਂ ਕਿਆਸਰਾਈਆਂ ਉੱਪਰ ਪੂਰੀ ਤਰ੍ਹਾਂ ਨਾਲ ਪਾਣੀ ਫਿਰ ਗਿਆ।

ਅਕਾਲੀ ਦਲ ਦੇ ਵਰਕਰਾਂ ਇਸ ਫ਼ੈਸਲੇ ਦਾ ਕੀ ਅਸਰ ਪਵੇਗਾ
ਸੁਮੇਲ ਸਿੰਘ ਸਿੱਧੂ ਪੰਜਾਬੀ ਚਿੰਤਕ ਅਤੇ ਇਤਿਹਾਸਕਾਰ ਹਨ। ਉਹ ਦਿੱਲੀ ਯੂਨੀਵਰਸਿਟੀ ਵਿੱਚ ਸਹਾਇਕ ਪ੍ਰੋਫ਼ੈਸਰ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ।
ਉਹ ਕਹਿੰਦੇ ਹਨ, "ਅਸਲ ਵਿੱਚ ਪਿਛਲੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਚੋਣਾਂ ਵਿੱਚ ਕਾਰਗੁਜ਼ਾਰੀ ਲਗਾਤਾਰ ਮਾੜੀ ਹੁੰਦੀ ਆ ਰਹੀ ਹੈ।"
"ਅਕਾਲੀ ਦਲ ਦੇ ਜਿੱਤੇ ਹੋਏ ਵਿਧਾਇਕ ਦੂਜੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਰਹੇ ਹਨ। ਅਕਾਲੀ ਦਲ ਵੱਲੋਂ ਐਲਾਨੇ ਗਏ ਉਮੀਦਵਾਰ ਰਾਤੋ-ਰਾਤ ਪਾਰਟੀ ਬਦਲ ਜਾਂਦੇ ਹਨ।"
"ਅਜਿਹੇ ਵਿੱਚ ਅਕਾਲੀ ਦਲ ਨੂੰ ਡਰ ਸਤਾ ਰਿਹਾ ਸੀ ਕਿ ਕਿਤੇ ਇੱਕ ਹੋਰ ਹਾਰ ਨਾ ਹੋ ਜਾਵੇ। ਹੈਰਾਨੀ ਦੀ ਗੱਲ ਹੈ ਕਿ ਅਕਾਲੀ ਲੀਡਰਸ਼ਿਪ ਵਿੱਚ ਕੋਈ ਵੀ ਅਜਿਹਾ ਲੀਡਰ ਨਹੀਂ ਹੈ, ਜੋ ਇਸ ਸਿਆਸੀ ਸੰਕਟ ਦਾ ਸਾਹਮਣਾ ਕਰ ਸਕੇ।"
ਸੁਮੇਲ ਸਿੰਘ ਸਿੱਧੂ ਆਪਣੀ ਗੱਲ ਜਾਰੀ ਰੱਖਦੇ ਹੋਏ ਕਹਿੰਦੇ ਹਨ, "ਗਿੱਦੜਬਾਹਾ ਵਿਧਾਨ ਸਭਾ ਹਲਕੇ ਦੀ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਵੱਕਾਰ ਦਾ ਸਵਾਲ ਸੀ। ਪਾਰਟੀ ਵੱਲੋਂ ਇਸ ਸੀਟ ਤੋਂ ਵੀ ਪਾਸਾ ਵੱਟ ਜਾਣਾ ਬਹੁਤ ਹੀ ਅਫ਼ਸੋਸ ਦੀ ਗੱਲ ਹੈ।"
"ਇਹ ਸਮਝ ਤੋਂ ਪਰ੍ਹੇ ਦੀ ਗੱਲ ਹੈ ਕਿ ਇਸ ਸਿਆਸੀ ਸੰਕਟ ਦੀ ਘੜੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਨੋਕ-ਝੋਕ ਦੀ ਸਿਆਸਤ ਕਰਕੇ ਡੰਗ ਟਪਾਇਆ ਜਾ ਰਿਹਾ ਹੈ।"
"ਜਿਸ ਤਰ੍ਹਾਂ ਦੇ ਸਿਆਸੀ ਸੰਕਟ ਵਿੱਚੋਂ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਅਕਾਲੀ ਵਰਕਰ ਲੰਘ ਰਹੇ ਹਨ, ਉਸ ਵਿੱਚੋਂ ਉਭਰਨਾ ਸੌਖਾ ਨਹੀਂ ਹੈ।"
ਡਾ. ਜਗਰੂਪ ਸਿੰਘ ਸੇਖੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨਾਲ ਜੁੜੇ ਹੋਏ ਹਨ। ਉਹ ਇਤਿਹਾਸ ਅਤੇ ਰਾਜਨੀਤਿਕ ਮਾਮਲਿਆਂ ਦੇ ਮਾਹਰ ਵਜੋਂ ਜਾਣੇ ਜਾਂਦੇ ਹਨ।
ਬੀਬੀਸੀ ਪੰਜਾਬੀ ਲਈ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੌਜੂਦਾ ਰਾਜਨੀਤਿਕ ਸੰਦਰਭ ਵਿੱਚ ਅਕਾਲੀ ਵਰਕਰਾਂ ਦਾ ਆਪਣੀ ਪਾਰਟੀ ਪ੍ਰਤੀ ਉਤਸ਼ਾਹ ਪਹਿਲਾਂ ਨਾਲੋਂ ਕਾਫ਼ੀ ਘੱਟ ਚੁੱਕਾ ਹੈ।
ਉਹ ਕਹਿੰਦੇ ਹਨ, "ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਸਮੁੱਚੇ ਵਿੰਗਾਂ ਵਿੱਚ ਪਹਿਲਾਂ ਵਾਲਾ ਜੋਸ਼-ਜਜ਼ਬਾ ਦਿਖਾਈ ਨਹੀਂ ਦਿੰਦਾ ਹੈ।"
"ਜਿਸ ਢੰਗ ਨਾਲ ਅਕਾਲੀ ਦਲ ਨੇ ਪੰਜਾਬ ਦੀਆਂ ਜ਼ਿਮਨੀ ਚੋਣਾਂ ਨਾ ਲੜਨ ਦਾ ਫ਼ੈਸਲਾ ਲਿਆ ਹੈ, ਉਹ ਅਕਾਲੀ ਦਲ ਲਈ ਇੱਕ ਹੋਰ ਰਾਜਨੀਤਿਕ ਨਿਘਾਰ ਦਾ ਸਬੱਬ ਬਣ ਸਕਦਾ ਹੈ।"
"2007 ਤੋਂ 2017 ਤੱਕ ਅਕਾਲੀ ਦਲ ਦੀ ਕਾਰਗੁਜ਼ਾਰੀ ਨੂੰ ਲੋਕਾਂ ਨੇ ਬਹੁਤਾ ਪਸੰਦ ਨਹੀਂ ਕੀਤਾ। ਪਾਰਟੀ ਦਾ ਪੁਰਾਣਾ ਰਿਵਾਇਤੀ ਵੋਟ ਬੈਂਕ ਖੁਰ ਕੇ ਇਧਰ-ਉੱਧਰ ਭਟਕ ਗਿਆ, ਜਦੋਂ ਕਿ ਨੌਜਵਾਨ ਪੀੜ੍ਹੀ ਧਰਮ ਨਾਲ ਰਲਗੱਡ ਸਿਆਸਤ ਨੂੰ ਪਸੰਦ ਨਹੀਂ ਕਰਦੀ।"
"ਕੋਈ ਵੇਲਾ ਸੀ ਜਦੋਂ ਪੰਥ ਦੇ ਨਾਂ ਉੱਪਰ ਵੋਟਾਂ ਮੰਗੀਆਂ ਜਾ ਸਕਦੀਆਂ ਸਨ। ਪਰ ਹੁਣ ਜਿਸ ਢੰਗ ਨਾਲ ਅਕਾਲੀ ਦਲ ਨੇ ਪੰਥ ਦੇ ਨਾਂ ਉੱਪਰ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਹੈ ਉਹ ਅਕਾਲੀ ਦਲ ਦੀ ਸਿਆਸਤ ਦਾ ਸਭ ਤੋਂ ਘਾਤਕ ਫ਼ੈਸਲਾ ਸਿੱਧ ਹੋ ਸਕਦਾ ਹੈ।"
"ਅਸਲ ਵਿੱਚ ਪੰਥਕ ਜਜ਼ਬਾ ਉਸ ਨੂੰ ਮੰਨਿਆ ਜਾਂਦਾ ਸੀ ਜੋ ਆਪਣਾ ਨਿੱਜੀ ਸਵਾਰਥ ਛੱਡ ਕੇ ਲੋਕ ਸੇਵਾ ਨੂੰ ਸਮਰਪਿਤ ਹੋਵੇ। ਪਰ ਕਈ ਕਾਰਨ ਕਰਕੇ ਪੰਥਕ ਮੁੱਦਾ ਵੀ ਅਕਾਲੀ ਦਲ ਦੀ ਸਿਆਸਤ ਵਿੱਚੋਂ ਜ਼ੀਰੋ ਹੋ ਗਿਆ ਹੈ।"
ਡਾ. ਸੇਖੋ ਕਹਿੰਦੇ ਹਨ, "ਪੰਜਾਬ ਵਿੱਚ ਇਸ ਵੇਲੇ ਖੇਤੀ ਸਭ ਤੋਂ ਵੱਡਾ ਸੰਕਟ ਹੈ। ਛੋਟੀਆਂ ਉਦਯੋਗਿਕ ਇਕਾਈਆਂ ਖ਼ਤਮ ਹੋ ਗਈਆਂ ਹਨ ਅਤੇ ਚੁਫ਼ੇਰੇ ਬੇਰੋਜ਼ਗਾਰੀ ਹੈ।”
"ਨਸ਼ਿਆਂ ਦੇ ਪਸਾਰ ਦਾ ਕਲੰਕ ਵੀ ਅਕਾਲੀ ਹਕੂਮਤ ਵੇਲੇ ਹੀ ਵਧਿਆ ਸੀ, ਜੋ ਸਿੱਧੇ ਤੌਰ 'ਤੇ ਪੰਜਾਬੀ ਵੋਟਰਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ।"
"ਬਿਨਾਂ ਸ਼ੱਕ ਅਕਾਲੀ ਦਲ ਵੱਲੋਂ ਜ਼ਿਮਨੀ ਚੋਣਾਂ ਨਾ ਲੜਨ ਦਾ ਫ਼ੈਸਲਾ ਪੰਜਾਬੀਆਂ ਨੂੰ ਨਿਰਾਸ਼ ਕਰਨ ਵਾਲਾ ਹੈ ਅਤੇ ਇਸ ਦਾ ਖ਼ਾਮਿਆਜ਼ਾ ਹਰ ਹਾਲਤ ਵਿੱਚ ਪਾਰਟੀ 2027 ਦੀਆਂ ਆਮ ਚੋਣਾਂ ਵਿੱਚ ਵੀ ਭੁਗਤਣਾ ਪੈ ਸਕਦਾ ਹੈ।"

ਤਸਵੀਰ ਸਰੋਤ, Getty Images
ਧਾਰਮਿਕ ਸ਼ਖਸ਼ੀਅਤਾਂ ਦਾ ਪ੍ਰਤੀਕਰਮ
ਦਰਅਸਲ ਲੰਘੀ 1 ਜੁਲਾਈ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਈ ਸੀਨੀਅਰ ਅਕਾਲੀ ਲੀਡਰਸ਼ਿਪ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਇੱਕ ਪੱਤਰ ਦੇ ਕੇ ਕਿਹਾ ਸੀ ਕਿ ਅਕਾਲੀ ਸਰਕਾਰ ਹੁੰਦਿਆਂ ਸੁਖਬੀਰ ਸਿੰਘ ਬਾਦਲ ਨੇ ਕਥਿਤ ਤੌਰ 'ਤੇ ਪੰਥਕ ਹਿੱਤਾਂ ਦੀ ਤਰਜ਼ਮਾਨੀ ਨਹੀਂ ਕੀਤੀ ਸੀ।
ਜਿਵੇਂ ਹੀ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ ਜ਼ਿਮਨੀ ਚੋਣਾਂ ਦਾ ਐਲਾਨ ਕੀਤਾ ਗਿਆ ਸੀ ਤਾਂ ਉਸ ਵੇਲੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੀ ਸੀਟ ਕਾਫ਼ੀ ਚਰਚਾ ਵਿੱਚ ਆ ਗਈ ਸੀ।
ਅਕਾਲੀ ਲੀਡਰਸ਼ਿਪ ਵੱਲੋਂ ਪੰਜਾਬ ਅੰਦਰ ਵਿਧਾਨ ਸਭਾ ਦੀਆਂ ਚਾਰ ਜ਼ਿਮਨੀ ਚੋਣਾਂ ਨਾ ਲੜਨ ਦੇ ਮੁੱਦੇ ਉੱਪਰ ਧਾਰਮਿਕ ਸ਼ਖਸੀਅਤਾਂ ਨੇ ਵੀ ਅਕਾਲੀ ਦਲ ਦੀ ਕਾਰਗੁਜ਼ਾਰੀ ਉੱਪਰ ਸਵਾਲ ਚੁੱਕੇ ਹਨ।
ਗਿਆਨੀ ਕੇਵਲ ਸਿੰਘ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਸਾਬਕਾ ਜਥੇਦਾਰ ਹਨ।
'ਬੀਬੀਸੀ' ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਜ਼ਿਮਨੀ ਚੋਣਾਂ ਨਾ ਲੜਨ ਦਾ ਫ਼ੈਸਲਾ ਕਰਕੇ ਕਥਿਤ ਤੌਰ 'ਤੇ ਸਿਆਸੀ ਤੌਰ ਉੱਪਰ ਆਤਮ ਹੱਤਿਆ ਕਰ ਲਈ ਹੈ।
"ਸਿੱਖਾਂ ਨੇ ਛੋਟੇ ਘੱਲੂਘਾਰੇ ਅਤੇ ਵੱਡੇ ਘੱਲੂਘਾਰੇ ਤੋਂ ਇਲਾਵਾ ਅਣਗਿਣਤ ਜੰਗਾਂ ਲੜੀਆਂ ਹਨ। ਪਰ ਉਹ ਕਦੇ ਵੀ ਮੈਦਾਨ ਛੱਡ ਕੇ ਨਹੀਂ ਭੱਜੇ।"
"ਸਿਆਸੀ ਪਾਰਟੀਆਂ ਲਈ ਚੋਣਾਂ ਵੀ ਜੰਗ ਦੇ ਬਰਾਬਰ ਹੁੰਦੀਆਂ ਹਨ। ਜੋ ਜੰਗ ਛੱਡ ਕੇ ਭੱਜਦੇ ਹਨ, ਉਹ ਕਾਇਰ ਹੁੰਦੇ ਹਨ।"
"ਜੇਕਰ ਚਲਦੇ ਯੁੱਧ ਵਿੱਚ ਜਰਨੈਲ ਜਹਾਨ ਤੋਂ ਚਲਾ ਜਾਵੇ ਤਾਂ ਪਿੱਛੇ ਦੂਜਾ ਜਰਨੈਲ ਤਿਆਰ ਹੁੰਦਾ ਹੈ। ਸੁਖਬੀਰ ਸਿੰਘ ਬਾਦਲ ਨੂੰ ਜਰਨੈਲ ਮੰਨ ਕੇ ਬਾਕੀ ਦੇ ਆਗੂਆਂ ਵੱਲੋਂ ਚੋਣ ਨਾ ਲੜਨ ਦਾ ਫ਼ੈਸਲਾ ਲੈਣਾ ਸਿੱਖ ਪਰੰਪਰਾਵਾਂ ਦੇ ਉਲਟ ਹੈ।"
ਗਿਆਨੀ ਕੇਵਲ ਸਿੰਘ ਕਹਿੰਦੇ ਹਨ, "ਅਕਾਲੀ ਲੀਡਰਸ਼ਿਪ ਦੇ ਇਸ ਫ਼ੈਸਲੇ ਨਾਲ ਅਕਾਲੀ ਦਲ ਦਾ ਹੇਠਲੇ ਪੱਧਰ ਦਾ ਵਰਕਰ ਵੀ ਭਟਕ ਜਾਵੇਗਾ।"
"ਅਕਾਲੀ ਲੀਡਰਸ਼ਿਪ ਵੱਲੋਂ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਕੀਤੇ ਜਾ ਰਹੇ ਹਨ, ਉਸ ਨਾਲ ਬਾਦਲ ਧੜਾ ਵੀ ਜਲਦੀ ਹੀ ਪੰਜਾਬ ਦੇ ਸਿਆਸੀ ਨਕਸ਼ੇ ਤੋਂ ਖਤਮ ਹੋ ਜਾਵੇਗਾ।"

ਤਸਵੀਰ ਸਰੋਤ, Getty Images
ਬਾਦਲ ਪਰਿਵਾਰ ਲਈ ਕਿਉਂ ਅਹਿਮ ਹੈ ਗਿੱਦੜਬਾਹਾ ਹਲਕਾ
ਗਿੱਦੜਬਾਹਾ ਦੱਖਣੀ ਪੰਜਾਬ ਦਾ ਉਹ ਅਹਿਮ ਵਿਧਾਨ ਸਭਾ ਹਲਕਾ ਹੈ, ਜਿੱਥੋਂ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਪ੍ਰਕਾਸ਼ ਸਿੰਘ ਬਾਦਲ ਨੇ ਇਸ ਹਲਕੇ ਤੋਂ 5 ਵਾਰ ਜਿੱਤ ਪ੍ਰਾਪਤ ਕਰਕੇ ਪੰਜਾਬ ਦੀ ਅਸੈਂਬਲੀ ਵਿੱਚ ਪੈਰ ਧਰਿਆ ਸੀ।
ਇੱਥੇ ਹੀ ਬੱਸ ਨਹੀਂ, ਇਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਨੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਲਗਾਤਾਰ 4 ਵਾਰ ਜਿੱਤ ਪ੍ਰਾਪਤ ਕੀਤੀ ਸੀ।
ਪਿਛਲੀਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਗਰਾਫ਼ ਭਾਵੇਂ ਕਾਫ਼ੀ ਪੱਧਰ ਤੱਕ ਹੇਠਾਂ ਡਿੱਗਿਆ ਸੀ ਪਰ ਇਸ ਵਾਰ ਸਮਝਿਆ ਜਾ ਰਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਇੱਥੋਂ ਉਮੀਦਵਾਰ ਹੋਣਗੇ।
ਸੁਖਬੀਰ ਸਿੰਘ ਬਾਦਲ ਦੇ ਇੱਥੋਂ ਉਮੀਦਵਾਰ ਬਣਨ ਦੀਆਂ ਕਿਆਸਰਾਈਆਂ ਇਸ ਕਰਕੇ ਵੀ ਕੀਤੀਆਂ ਜਾ ਰਹੀਆਂ ਸਨ ਕਿਉਂਕਿ ਪਾਰਟੀ ਦੇ ਸੀਨੀਅਰ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।
2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਹਲਕੇ ਤੋਂ ਕਾਂਗਰਸ ਪਾਰਟੀ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਹਲਕੇ ਤੋਂ ਵਿਧਾਇਕ ਬਣੇ ਸਨ।

ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਰਾਜਾ ਵੜਿੰਗ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਬਣ ਗਏ ਅਤੇ ਵਿਧਾਨ ਸਭਾ ਦੀ ਇਹ ਸੀਟ ਖਾਲੀ ਹੋ ਗਈ।
ਇੱਥੇ ਹੋਣ ਵਾਲੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਆਪਣੀ ਪਾਰਟੀ ਦੇ ਹੱਕ ਵਿੱਚ ਚੋਣ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ।
ਅਕਾਲੀ ਹਲਕਿਆਂ ਵਿੱਚ ਗਿੱਦੜਬਾਹਾ ਦੀ ਜ਼ਿਮਨੀ ਚੋਣ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਸੀ, ਕਿਉਂਕਿ ਪਾਰਟੀ ਆਗੂਆਂ ਦਾ ਮੰਨਣਾ ਸੀ ਕੇ ਸੁਖਬੀਰ ਸਿੰਘ ਬਾਦਲ ਇੱਥੋਂ ਜਿੱਤ ਦਰਜ ਕਰਕੇ ਅਕਾਲੀ ਦਲ ਦੇ ਡਿੱਗੇ ਸਿਆਸੀ ਗਰਾਫ਼ ਨੂੰ ਉੱਚਾ ਚੁੱਕ ਸਕਦੇ ਹਨ।
ਪਰ ਸੁਖਬੀਰ ਸਿੰਘ ਬਾਦਲ ਨੂੰ 'ਤਨਖਾਹੀਆ' ਕਰਾਰ ਦਿੱਤੇ ਜਾਣ ਦੀ ਘਟਨਾ ਤੋਂ ਬਾਅਦ ਅਕਾਲੀ ਆਗੂਆਂ ਦੀ ਇਹ ਇੱਛਾ ਵੀ ਪੂਰੀ ਨਹੀਂ ਹੋ ਸਕੀ।
ਹੇਠਲੇ ਪੱਧਰ ਦਾ ਅਕਾਲੀ ਖੇਮਾ ਇਸ ਗੱਲੋਂ ਵੀ ਹੈਰਾਨ ਹੈ ਕਿ ਆਖਰਕਾਰ ਪੰਜਾਬ ਦੀਆਂ ਚਾਰਾਂ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਉੱਪਰ ਚੋਣ ਨਾ ਲੜਨ ਦਾ ਫ਼ੈਸਲਾ ਕਿਸ ਆਧਾਰ 'ਤੇ ਲਿਆ ਗਿਆ ਹੈ।
ਸਿਆਸੀ ਮਾਹਰ ਮੰਨਦੇ ਹਨ ਕਿ ਅਕਾਲੀ ਦਲ ਦੇ ਇਸ ਫ਼ੈਸਲੇ ਨਾਲ ਹੇਠਲੇ ਪੱਧਰ ਦੇ ਵਰਕਰਾਂ ਵਿੱਚ ਨਿਰਾਸ਼ਾ ਫ਼ੈਲਣੀ ਸੁਭਾਵਿਕ ਹੀ ਹੈ।
ਅਕਾਲੀ ਵਰਕਰਾਂ ਲਈ ਇਸ ਵੇਲੇ ਭੰਬਲਭੂਸੇ ਦੀ ਸਥਿਤੀ ਇਹ ਵੀ ਬਣੀ ਹੋਈ ਹੈ ਕੇ ਆਖਰਕਾਰ ਉਹ ਇਸ ਵਾਰ ਜ਼ਿਮਨੀ ਚੋਣਾਂ ਵਿੱਚ ਆਪਣੀ ਵੋਟ ਦਾ ਭੁਗਤਾਨ ਕਿਸ ਪਾਰਟੀ ਨੂੰ ਕਰਨ।

ਜ਼ਿਮਨੀ ਚੋਣਾਂ ਨਾ ਲੜਣ ਪਿੱਛੇ ਅਕਾਲੀ ਦਲ ਦਾ ਤਰਕ
ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਪ੍ਰਧਾਨਗੀ ਹੇਠ ਪਾਰਟੀ ਦੀ ਵਰਕਿੰਗ ਕਮੇਟੀ ਮੈਂਬਰਾਂ, ਜ਼ਿਲ੍ਹਾ ਪ੍ਰਧਾਨਾਂ ਅਤੇ ਸੀਨੀਅਰ ਅਕਾਲੀ ਆਗੂਆਂ ਦੀ ਹੋਈ ਮੀਟਿੰਗ ਵਿੱਚ ਜ਼ਿਮਨੀ ਚੋਣਾਂ ਨਾ ਲੜਨ ਦਾ ਫ਼ੈਸਲਾ ਕੀਤਾ ਗਿਆ ਹੈ।
ਅਕਾਲੀ ਦਲ ਦੇ ਮੁੱਖ ਬੁਲਾਰੇ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਅਕਾਲੀ ਦਲ ਨੇ ਲੜਾਈ ਕਦੇ ਵੀ ਸੱਤਾ ਹਾਸਲ ਕਰ ਲਈ ਨਹੀਂ ਲੜੀ ਸਗੋਂ ਸਿਧਾਂਤਾਂ ਦੀ ਰਾਖੀ ਲਈ ਲੜੀ ਹੈ।
ਉਹ ਕਹਿੰਦੇ ਹਨ, "ਪਾਰਟੀ ਇਹ ਮਹਿਸੂਸ ਕਰਦੀ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਪਿਛਲੀਆਂ ਅਕਾਲੀ ਸਰਕਾਰਾਂ ਵੇਲੇ ਵਾਪਰੀਆਂ ਘਟਨਾਵਾਂ ਦੀ ਜ਼ਿੰਮੇਵਾਰੀ ਬਿਨ੍ਹਾਂ ਸ਼ਰਤ ਆਪਣੇ ਸਿਰ ਲਈ ਹੈ, ਜੋ ਬਹੁਤ ਵੱਡੀ ਗੱਲ ਹੈ।"
"ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਸਰਕਾਰ ਵੇਲੇ ਲਏ ਗਏ ਫ਼ੈਸਲਿਆਂ ਵਿੱਚ ਸਮੁੱਚੀ ਲੀਡਰਸ਼ਿਪ ਬਰਾਬਰ ਦੀ ਭਾਗੀਦਾਰ ਸੀ।"
"ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਨਖਾਹੀਆ ਕਰਾਰ ਦਿੱਤੇ ਜਾਣ ਕਾਰਨ ਸੁਖਬੀਰ ਸਿੰਘ ਬਾਦਲ ਚੋਣ ਨਹੀਂ ਲੜ ਸਕਦੇ। ਇਸ ਲਈ ਸਾਡੀ ਵੀ ਜ਼ਿਮੇਵਾਰੀ ਬਣਦੀ ਹੈ ਕੇ ਅਸੀਂ ਜ਼ਿਮਨੀ ਚੋਣਾਂ ਨਾ ਲੜ ਕੇ ਉਨ੍ਹਾਂ ਦਾ ਸਾਥ ਦੇਈਏ।"
ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਰੀ ਕੀਤੇ ਗਏ ਇੱਕ ਪ੍ਰੈਸ ਬਿਆਨ ਵਿੱਚ ਇਲਜ਼ਾਮ ਲਾਇਆ ਗਿਆ ਹੈ ਕਿ ਕੇਂਦਰ ਅਤੇ ਪੰਜਾਬ ਸਰਕਾਰ ਕਥਿਤ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਨੂੰ ਆਗੂ ਵਿਹੂਣਾ ਕਰਨ ਉੱਪਰ ਲੱਗੀਆਂ ਹੋਈਆਂ ਹਨ।
ਦਲਜੀਤ ਸਿੰਘ ਚੀਮਾ ਕਹਿੰਦੇ ਹਨ, "ਸ੍ਰੀ ਅਕਾਲ ਤਖਤ ਸਾਹਿਬ ਸਾਡੇ ਲਈ ਮਹਾਨ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਸ਼ਾਨ ਹੈ।"
"ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ ਅਤੇ ਆਰਐੱਸਐੱਸ ਇੱਕ ਸਾਜਿਸ਼ ਤਹਿਤ ਸਿੱਖ ਸੰਸਥਾਵਾਂ ਨੂੰ ਆਪਣੇ ਕਬਜ਼ੇ ਵਿੱਚ ਲੈਣ ਲਈ ਯਤਨਸ਼ੀਲ ਹਨ।"
"ਅਸੀਂ ਵਿਰੋਧੀਆਂ ਦੀ ਕਿਸੇ ਵੀ ਅਜਿਹੀ ਚਾਲ ਨੂੰ ਸਫ਼ਲ ਨਹੀਂ ਹੋਣ ਦੇਵਾਂਗੇ, ਜਿਸ ਕਾਰਨ ਸਾਡੀਆਂ ਇਨਾਂ ਸੰਸਥਾਵਾਂ ਨੂੰ ਢਾਹ ਲੱਗਦੀ ਹੋਵੇ।"
"ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਇਸ ਲਈ ਉਹ ਚੋਣ ਨਹੀਂ ਲੜ ਸਕਦੇ। ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਕੀਤੇ ਗਏ ਇਸ ਹੁਕਮ ਤੋਂ ਬਾਅਦ ਅਸੀਂ ਵੀ ਚੋਣ ਨਾ ਲੜਨ ਦਾ ਫ਼ੈਸਲਾ ਕੀਤਾ ਹੈ।"

ਅਕਾਲ ਤਖਤ ਦੇ ਜਥੇਦਾਰ ਦਾ ਬਿਆਨ
ਦੂਜੇ ਪਾਸੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇੱਕ ਬਿਆਨ ਜਾਰੀ ਕਰਕੇ ਸਮੁੱਚੀ ਸਥਿਤੀ ਨੂੰ ਸਪਸ਼ਟ ਕੀਤਾ ਹੈ।
ਗਿਆਨੀ ਰਘਬੀਰ ਸਿੰਘ ਨੇ ਇੱਕ ਵੀਡੀਓ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਆਗੂ ਉੱਪਰ ਚੋਣ ਲੜਨ 'ਤੇ ਕੋਈ ਪਾਬੰਦੀ ਨਹੀਂ ਹੈ।
"ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਨਖਾਹੀਆ ਕਰਾਰ ਦਿੱਤੇ ਗਏ ਹਨ ਇਸ ਲਈ ਉਹ ਚੋਣ ਲੜਨ ਦੇ ਸਮਰੱਥ ਨਹੀਂ ਹਨ।"
"ਸ਼੍ਰੋਮਣੀ ਅਕਾਲੀ ਦਲ ਅਤੇ ਬਾਕੀ ਦੀ ਸਮੁੱਚੀ ਲੀਡਰਸ਼ਿਪ ਪੰਜਾਬ ਦੀਆਂ ਜਿਮਨੀ ਚੋਣਾਂ ਵਿੱਚ ਹਿੱਸਾ ਲੈ ਸਕਦੀ ਹੈ। ਅਕਾਲੀ ਆਗੂਆਂ ਦੇ ਚੋਣ ਲੜਨ ਉੱਪਰ ਕਿਸੇ ਵੀ ਤਰ੍ਹਾਂ ਦੀ ਰੋਕ ਨਹੀਂ ਹੈ।"
ਚੋਣਾਂ ਨਾ ਲੜਨ ਦੇ ਫੈਸਲੇ ਤੋਂ ਪਹਿਲਾਂ ਅਕਾਲੀ ਦਲ ਨੇ ਅਕਾਲ ਤਖਤ ਉੱਪਰ ਪਹੁੰਚ ਕੀਤੀ ਸੀ।
ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ 'ਤਨਖਾਹੀਆ' ਕਰਾਰ ਦਿੱਤੇ ਜਾਣ ਤੋਂ ਬਾਅਦ ਅਕਾਲੀ ਸਫ਼ਾਂ ਵਿੱਚ ਇਹ ਗੱਲ ਸਾਫ਼ ਹੋ ਗਈ ਸੀ ਕਿ ਸੁਖਬੀਰ ਸਿੰਘ ਬਾਦਲ ਪੰਥਕ ਰਿਵਾਇਤ ਮੁਤਾਬਿਕ ਚੋਣ ਨਹੀਂ ਲੜ ਸਕਣਗੇ।
ਇਸ ਮੁੱਦੇ ਨੂੰ ਲੈ ਕੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ 7 ਮੈਂਬਰੀ ਵਫ਼ਦ ਅਕਾਲ ਤਖਤ ਦੇ ਜਥੇਦਾਰ ਨੂੰ ਮਿਲਿਆ ਸੀ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਅਕਾਲੀ ਦਲ ਦਾ ਵਫਦ ਆਮ ਵਰਕਰਾਂ ਦੀਆਂ ਭਾਵਨਾਵਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਪਹੁੰਚਾਉਣ ਲਈ ਉਨ੍ਹਾਂ ਨੂੰ ਮਿਲਿਆ ਸੀ।
ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਉਸ ਵੇਲੇ ਹੀ ਇਹ ਗੱਲ ਸਾਫ਼ ਕਰ ਦਿੱਤੀ ਸੀ ਕਿ ਜਿੰਨਾ ਚਿਰ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਦੀ ਫਸੀਲ ਉੱਪਰੋਂ ਤਨਖਾਹ ਨਹੀਂ ਲਗਾਈ ਜਾਂਦੀ ਅਤੇ ਉਹ ਇਸ ਤਨਖਾਹ ਨੂੰ ਭੁਗਤ ਨਹੀਂ ਲੈਂਦੇ, ਉਨਾ ਚਿਰ ਉਹ ਕੋਈ ਵੀ ਜਨਤਕ ਗਤੀਵਿਧੀ ਨਹੀਂ ਕਰ ਸਕਦੇ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਮਨੀ ਚੋਣਾਂ ਨਾ ਲੜਨ ਦੇ ਫੈਸਲੇ ਉੱਪਰ ਸਿੱਖ ਧਾਰਮਿਕ ਆਗੂਆਂ ਤੋਂ ਇਲਾਵਾ ਵੱਖ-ਵੱਖ ਰਾਜਸੀ ਧਿਰਾਂ ਨੇ ਵੀ ਸਵਾਲ ਚੁੱਕੇ ਹਨ।

ਤਸਵੀਰ ਸਰੋਤ, ਸੁਖਬੀਰ ਸਿੰਘ ਬਾਦਲ
'ਪੰਥਕ ਸੁਧਾਰ ਲਹਿਰ' ਦੇ ਆਗੂਆਂ ਨੇ ਅਕਾਲੀ ਦਲ ਨੂੰ ਘੇਰਿਆ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਚੁਣੌਤੀ ਦੇਣ ਵਾਲੇ ਅਕਾਲੀ ਦਲ ਤੋਂ ਵੱਖ ਹੋਏ ਸੀਨੀਅਰ ਅਕਾਲੀ ਆਗੂਆਂ ਨੇ ਅਕਾਲੀ ਦਲ ਵੱਲੋਂ ਜ਼ਿਮਨੀ ਚੋਣਾਂ ਨਾ ਲੜਨ ਦੇ ਫੈਸਲੇ ਨੂੰ ਪੰਜਾਬ ਲਈ 'ਘਾਤਕ' ਕਰਾਰ ਦਿੱਤਾ ਹੈ।
ਸੀਨੀਅਰ ਅਕਾਲੀ ਆਗੂ ਤੇ ਸਾਬਕਾ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਚੋਣ ਮੈਦਾਨ 'ਖਾਲੀ' ਛੱਡਣ ਦੇ ਨਤੀਜੇ ਅਕਾਲੀ ਦਲ ਨੂੰ ਗੰਭੀਰ ਰੂਪ ਵਿੱਚ ਭੁਗਤਣੇ ਪੈਣਗੇ।
"ਇਸ ਵੇਲੇ ਪੰਥ ਅਤੇ ਪੰਜਾਬੀਆਂ ਦੇ ਮੁੱਦੇ ਸਾਡਾ ਰਾਹ ਰੋਕ ਕੇ ਖੜ੍ਹੇ ਹਨ। ਕਿਸਾਨਾਂ ਦੀਆਂ ਫ਼ਸਲਾਂ ਮੰਡੀਆਂ ਵਿੱਚ ਰੁਲ ਰਹੀਆਂ ਹਨ।"
"ਇੱਕ ਵਿਅਕਤੀ ਵਿਸ਼ੇਸ਼ ਪਿੱਛੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਚੋਣਾਂ ਤੋਂ ਪਿੱਛੇ ਹਟਣ ਦਾ ਐਲਾਨ ਕਰ ਦਿੱਤਾ ਹੈ। ਇਸ ਦਾ ਸਿੱਧਾ ਅਰਥ ਇਹ ਹੈ ਕਿ ਅਕਾਲੀ ਲੀਡਰਸ਼ਿਪ ਸਿੱਧੇ ਤੌਰ 'ਤੇ ਬੀਜੇਪੀ ਨੂੰ ਲਾਭ ਪਹੁੰਚਾਉਣਾ ਚਾਹੁੰਦੀ ਹੈ।"
ਹਾਕਮ ਧਿਰ ਦਾ ਪਲਟਵਾਰ
ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਰੋਧੀ ਧਿਰਾਂ ਉੱਪਰ ਅਕਾਲੀ ਦਲ ਨੂੰ ਆਗੂ ਵਿਹੂਣਾ ਕਰਨ ਦੇ ਲਾਏ ਗਏ ਇਲਜ਼ਾਮਾਂ ਉੱਪਰ ਜਵਾਬ ਦੇਣ ਲਈ ਪੰਜਾਬ ਦੀ ਹਾਕਮ ਧਿਰ ਆਮ ਆਦਮੀ ਪਾਰਟੀ ਵੀ ਸਾਹਮਣੇ ਆ ਗਈ।
ਪਾਰਟੀ ਦੇ ਬੁਲਾਰੇ ਅਤੇ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਅਕਾਲੀ ਦਲ ਦੀ ਲੀਡਰਸ਼ਿਪ ਉੱਪਰ ਸ਼ਬਦੀ ਹਮਲੇ ਕੀਤੇ।
ਉਨ੍ਹਾਂ ਕਿਹਾ, "ਸਾਡੇ ਪੁਰਖਿਆਂ ਦੀਆਂ ਕੁਰਬਾਨੀਆਂ ਕਾਰਨ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ ਸੀ। ਅਕਾਲੀ ਦਲ ਨੇ ਦੇਸ਼, ਪੰਥ ਅਤੇ ਪੰਜਾਬ ਦੇ ਹਿੱਤਾਂ ਲਈ ਹਰ ਮੁਹਾਜ ਉੱਪਰ ਡੱਟ ਕੇ ਲੜਾਈ ਲੜੀ।"
"ਪਰ ਮੌਜੂਦਾ ਦੌਰ ਵਿੱਚ ਅਕਾਲੀ ਦਲ ਪਰਿਵਾਰ ਬਾਅਦ ਵਿੱਚ ਖੁੱਭ ਗਿਆ ਹੈ। ਇਹੀ ਕਾਰਨ ਹੈ ਕਿ ਅੱਜ ਚਾਰ ਜਿਮਨੀ ਚੋਣਾਂ ਲਈ ਅਕਾਲੀ ਦਲ ਨੂੰ ਉਮੀਦਵਾਰ ਨਹੀਂ ਲੱਭ ਰਹੇ ਹਨ ਅਤੇ ਉਹ ਮੈਦਾਨ ਛੱਡ ਕੇ ਭੱਜ ਗਿਆ ਹੈ।"
ਕਾਂਗਰਸ ਨੇ ਵੀ ਕੀਤਾ ਪਲਟਵਾਰ
ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਿਮਨੀ ਚੋਣਾਂ ਨਾ ਲੜੇ ਜਾਣ ਦੇ ਫੈਸਲੇ ਲਈ ਸੁਖਬੀਰ ਸਿੰਘ ਬਾਦਲ ਨੂੰ 'ਦੋਸ਼ੀ' ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਦੀ ਸਥਾਪਤੀ ਵੇਲੇ ਆਪਣੇ ਪਰਿਵਾਰ ਨੂੰ ਪੰਥ ਉਪਰੋਂ ਕੁਰਬਾਨ ਕਰ ਦਿੱਤਾ ਸੀ।
ਅੱਜ ਹਾਲਾਤ ਉਲਟ ਹਨ। ਸੁਖਬੀਰ ਸਿੰਘ ਬਾਦਲ ਨੇ ਆਪਣੇ ਪਰਿਵਾਰ ਅਤੇ ਨਿੱਜੀ ਹਿੱਤਾਂ ਲਈ ਪੰਥ ਨੂੰ ਆਪਣੇ ਉੱਪਰੋਂ ਵਾਰ ਦਿੱਤਾ ਹੈ।"
ਉਨ੍ਹਾਂ ਕਿਹਾ, "ਅਕਾਲੀ ਲੀਡਰਸ਼ਿਪ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮਾਂ ਦੀ ਵੀ ਉਲੰਘਣਾ ਕੀਤੀ ਹੈ। ਜਥੇਦਾਰ ਜੀ ਨੇ ਸਪਸ਼ਟ ਤੌਰ 'ਤੇ ਕਹਿ ਦਿੱਤਾ ਸੀ ਕਿ ਚੋਣ ਲੜਨ ਦੀ ਪਾਬੰਦੀ ਕੇਵਲ ਸੁਖਬੀਰ ਸਿੰਘ ਬਾਦਲ ਉੱਪਰ ਹੈ ਨਾ ਕਿ ਦੂਸਰੇ ਅਕਾਲੀ ਲੀਡਰਾਂ ਉੱਪਰ।"
"ਅਸਲ ਵਿੱਚ ਅਕਾਲੀ ਲੀਡਰਸ਼ਿਪ ਨੇ ਭਾਰਤੀ ਜਨਤਾ ਪਾਰਟੀ ਕੋਲੋਂ ਡਰ ਕੇ ਅੰਦਰ ਖਾਤੇ ਉਨ੍ਹਾਂ ਨਾਲ ਚੋਣਾਂ ਦਾ ਸਮਝੌਤਾ ਕਰ ਲਿਆ ਹੈ।"

ਤਸਵੀਰ ਸਰੋਤ, Getty Images
ਅਕਾਲੀ ਦਲ ਨੇ ਪਹਿਲਾਂ ਵੀ ਅਜਿਹੇ ਫ਼ੈਸਲੇ ਲਏ
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਕਿਸੇ ਚੋਣ ਵਿੱਚ ਹਿੱਸਾ ਨਾ ਲੈਣ ਦਾ ਫ਼ੈਸਲਾ ਕੀਤਾ ਹੋਵੇ।
ਸਾਲ 1992 ਵਿੱਚ ਜਦੋਂ ਪੰਜਾਬ ਵਿੱਚੋਂ ਰਾਸ਼ਟਰਪਤੀ ਰਾਜ ਖਤਮ ਕਰਕੇ ਵਿਧਾਨ ਸਭਾ ਦੀਆਂ ਚੋਣਾਂ ਕਰਵਾਈਆਂ ਗਈਆਂ ਸਨ ਤਾਂ ਉਸ ਵੇਲੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਦਾ ਬਾਈਕਾਟ ਕੀਤਾ ਸੀ।
ਇਸ ਬਾਈਕਟ ਦਾ ਨਤੀਜਾ ਇਹ ਨਿਕਲਿਆ ਸੀ ਕਿ ਬਹੁਤੇ ਵਿਧਾਨ ਸਭਾ ਹਲਕਿਆਂ ਵਿੱਚ ਕਾਂਗਰਸ ਪਾਰਟੀ ਨੇ ਸੌਖੇ ਹੀ ਜਿੱਤ ਦਰਜ ਕਰ ਲਈ ਸੀ।
ਇਨਾਂ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕਰਨ ਤੋਂ ਬਾਅਦ ਬੇਅੰਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ।
ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਸੀ।
ਇਸ ਤੋਂ ਬਾਅਦ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਸਿਰਫ਼ ਇੱਕ ਹੀ ਸੀਟ ਹਾਸਲ ਕਰ ਸਕਿਆ ਸੀ।
ਪਾਰਟੀ ਸਫਾਂ ਅੰਦਰ ਹਾਲੇ ਅਕਾਲੀ ਦਲ ਦੇ ਡਿੱਗੇ ਸਿਆਸੀ ਗਰਾਫ਼ ਉੱਪਰ ਮੰਥਨ ਚੱਲ ਹੀ ਰਿਹਾ ਸੀ ਕੇ ਅਕਾਲੀ ਦਲ ਦੇ ਸੀਨੀਅਰ ਲੀਡਰਸ਼ਿਪ ਦਾ ਇੱਕ ਧੜਾ ਬਾਗੀ ਹੋ ਗਿਆ।
ਅਕਾਲ ਤਖਤ ਦੇ ਜਥੇਦਾਰ ਨੇ ਪੰਜ ਸਿੰਘ ਸਾਹਿਬਾਨਾਂ ਦੀ ਹਾਜ਼ਰੀ ਵਿੱਚ ਇਹ ਕਿਹਾ ਸੀ ਕਿ ਸਾਲ 2007 ਤੋਂ 2017 ਤੱਕ ਅਕਾਲੀ ਸਰਕਾਰ ਮੌਕੇ ਪੰਥਕ ਅਕਸ ਨੂੰ ਢਾਹ ਲੱਗੀ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












