ਬਾਗੀ ਅਕਾਲੀਆਂ ਨੇ ਮਾਫ਼ੀਨਾਮਾ ਜਥੇਦਾਰ ਨੂੰ ਸੌਂਪਿਆਂ, ਅਮ੍ਰਿਤਪਾਲ ਦੇ ਮਾਪਿਆਂ ਨਾਲ ਵੀ ਮੁਲਾਕਾਤ

ਤਸਵੀਰ ਸਰੋਤ, Ravinder Singh Robin/BBC
ਸ਼੍ਰੋਮਣੀ ਅਕਾਲੀ ਦਲ ਦੇ ‘ਬਾਗ਼ੀ’ ਆਗੂਆਂ ਨੇ ਅਕਾਲ ਤਖ਼ਤ, ਅੰਮ੍ਰਿਤਸਰ ਜਾ ਕੇ ਖ਼ਿਮਾ ਜਾਚਨਾ ਸਬੰਧੀ ਇੱਕ ਪੱਤਰ ਜਥੇਦਾਰ ਅਕਾਲ ਤਖ਼ਤ ਰਘਬੀਰ ਸਿੰਘ ਨੂੰ ਸੌਂਪਿਆ।
ਇਸ ਮੌਕੇ 'ਬਾਗੀ' ਧੜੇ ਨੇ ਅਕਾਲ ਤਖਤ ਸਾਹਿਬ ਵਿਖੇ ਖ਼ਿਮਾ ਜਾਚਨਾ ਲਈ ਅਰਦਾਸ ਵੀ ਕੀਤੀ ਗਈ। ਇਸ ਮੌਕੇ ਬੀਬੀ ਜਗੀਰ ਕੌਰ ਤੇ ਪ੍ਰੇਮ ਸਿੰਘ ਚੰਦੂਮਾਜਰਾ ਸਣੇ ਕਈ ਸੀਨੀਅਰ ਅਕਾਲੀ ਆਗੂ ਮੌਜੂਦ ਸਨ।
ਮੁਆਫ਼ੀ ਲਈ ਜਥੇਦਾਰ ਨੂੰ ਦਿੱਤੀ ਗਈ ਚਿੱਠੀ ਵਿੱਚ ਕਿਹਾ ਗਿਆ ਕਿ 2007 ਤੋਂ ਲੈ ਕੇ 2017 ਤੱਕ ਕਈ ਗ਼ਲਤੀਆਂ ਹੋਈਆਂ।
ਜਿਨ੍ਹਾਂ ਵਿੱਚ ਬੇਅਦਬੀ ਤੇ ਡੇਰਾ ਸੱਚਾ ਸੌਦਾ, ਸਿਰਸਾ ਆਗੂ ਰਾਮ ਰਹੀਮ ਸਬੰਧੀ ਲਏ ਗਏ ਫ਼ੈਸਲਿਆਂ ਦਾ ਜ਼ਿਕਰ ਕੀਤਾ ਗਿਆ ਹੈ।
ਮੁਆਫ਼ੀਨਾਮਾ ਦੇਣ ਤੋਂ ਬਾਅਦ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪਿਛਲੇ ਸਮੇਂ ਵਿੱਚ ਹੋਈਆਂ ਗ਼ਲਤੀਆਂ ਬਾਰੇ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੂੰ ਲਿਖਤੀ ਮੁਆਫ਼ੀ ਦੇਣ ਆਏ ਸੀ।
ਉਨ੍ਹਾਂ ਕਿਹਾ ਕਿ, “ਪੰਥਕ ਰੌਹ ਰੀਤਾਂ ਮੁਤਾਬਕ ਕਾਰਵਾਈ ਹੋਵੇ ਤਾਂ ਜੋ ਅਸੀਂ ਅਕਾਲੀ ਦਲ ਨੂੰ ਹੋਰ ਮਜ਼ਬੂਰ ਕਰ ਸਕੀਏ ਤੇ ਅੱਗੇ ਵੱਧੀਏ।”
ਇਸ ਤੋਂ ਪਹਿਲਾ ਪ੍ਰੇਮ ਸਿੰਘ ਚੰਦੂਮਾਜਰਾ ਤੇ ਕੁਝ ਹੋਰ ਆਗੂਆਂ ਨੇ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਤੇ ਖਾਲਿਸਤਾਨ ਸਮਰਥਕ ਅਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਜਲੰਧਰ ਵਿੱਚ ਮੁਲਾਕਾਤ ਕੀਤੀ।

ਤਸਵੀਰ ਸਰੋਤ, Ravinder Singh Robin/BBC
ਮੁਆਫ਼ੀ ਕਿਸ ਗੱਲ ਦੀ
ਸੀਨੀਅਰ ਅਕਾਲੀ ਆਗੂਆਂ ਦੇ ਦਸਤਖ਼ਤ ਕੀਤੇ ਹੋਏ ਇਸ ਚਾਰ ਸਫ਼ਿਆ ਦੇ ਮੁਆਫ਼ੀ ਨਾਮੇ ਵਿੱਚ ਕਈ ਮੁੱਦਿਆਂ ਉੱਤੇ ਗੱਲ ਕੀਤੀ ਗਈ ਹੈ।
ਇਸ ਵਿੱਚ ਕਿਹਾ ਗਿਆ ਹੈ ਕਿ 2007 ਤੋਂ ਲੈ ਕੇ 2017 ਦਰਮਿਆਨ ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਰਕਾਰ ਬਣੀ ਸੀ ਉਸ ਤੋਂ ਅਨੇਕਾਂ ਭੁੱਲਾਂ ਹੋਈਆਂ ਜਿਨ੍ਹਾਂ ਕਾਰਨ ਸਿੱਖ ਪੰਥ ਤੇ ਪੰਜਾਬ ਦੇ ਲੋਕਾਂ ਦਾ ਇੱਕ ਵੱਡਾ ਹਿੱਸਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਬਦਜ਼ਨ ਹੋ ਗਿਆ ਹੈ।
ਇਸ ਕਾਰਨ ਸ਼੍ਰੋਮਣੀ ਅਕਾਲੀ ਦਲ ਨੂੰ ਧਾਰਮਿਕ ਖੇਤਰ ਵਿੱਚ ਅਸਫ਼ਲਾਤਾਵਾਂ ਦਾ ਸਾਹਮਣਾ ਕਰਨਾ ਪਿਆ ਤੇ ਸਿਆਸੀ ਖੇਤਰ ਵਿੱਚ ਲੋਕਾਂ ਦੀ ਬੇਰੁਖ਼ੀ ਝੱਲਣੀ ਪਈ ਹੈ।

ਸਲਾਬਤਪੁਰਾ ਮਾਮਲਾ
ਜਿਨ੍ਹਾਂ ਮਾਮਲਿਆਂ ਉੱਤੇ ਖਿਮਾਂ ਮੰਗੀ ਗਈ ਉਨ੍ਹਾਂ ਵਿੱਚੋਂ ਇੱਕ ਡੇਰਾ ਸੱਚਾ ਸੌਦਾ ਨਾਲ ਸਬੰਧਿਤ 2007 ਦਾ ਮਾਮਲਾ ਵੀ ਹੈ। ਇਹ ਉਹ ਘਟਨਾ ਸੀ ਜਦੋਂ ਡੇਰੇ ਦੇ ਮੁਖੀ ਰਾਮ ਰਹੀਮ ਨੇ ਗੁਰੂ ਗੋਬਿੰਦ ਸਿੰਘ ਵੱਲੋਂ ਅੰਮ੍ਰਿਤ ਛਕਾਏ ਜਾਣ ਦੀ ਨਕਲ ਕੀਤੀ ਸੀ।
ਰਾਮ ਰਹੀਮ ਵੱਲੋਂ ਗੁਰੂ ਗੋਬਿੰਦ ਸਿੰਘ ਵਰਗੇ ਕੱਪੜੇ ਪਹਿਨੇ ਗਏ ਅਤੇ ਉਸੇ ਤਰੀਕੇ ਨਾਲ ਅੰਮ੍ਰਿਤ ਛਕਾਉਣ ਦੀ ਨਕਲ ਕੀਤੀ ਗਈ ਸੀ।
ਇਸ ਮਾਮਲੇ ਵਿੱਚ ਐੱਫ਼ਆਈਆਰ ਵੀ ਦਰਜ ਹੋਈ ਸੀ ਪਰ ਕਿਸੇ ਨੂੰ ਵੀ ਕੋਈ ਸਜ਼ਾ ਨਹੀਂ ਹੋਈ ਸੀ। ਬਲਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਇਹ ਕੇਸ ਵਾਪਸ ਲੈ ਲਿਆ ਗਿਆ ਸੀ।
ਖਿਮਾ ਪੱਤਰ ਵਿੱਚ ਰਾਮ ਰਹੀਮ ਨੂੰ ਸਿੱਖ ਪੰਥ ਵਿੱਚੋਂ ਛੇਕਣ ਦੀ ਅਪੀਲ ਵੀ ਕੀਤੀ ਗਈ ਹੈ।

ਤਸਵੀਰ ਸਰੋਤ, Ravinder Singh Robin/BBC
ਬੇਅਦਬੀ ਦਾ ਮਾਮਲਾ
1 ਜੂਨ, 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਤੇ 12 ਅਕਤੂਬਰ, 2015 ਨੂੰ ਬਰਗਾੜੀ ਵਿਖੇ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਵੀ ਮੁਆਫ਼ੀ ਮੰਗ ਗਈ ਹੈ।
ਜਥੇਦਾਰ ਅਕਾਲ ਤਖ਼ਤ ਨੂੰ ਲਿਖੀ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿੱਚ ਨਾਕਾਮ ਰਹੀ ਸੀ।
ਜਿਸ ਤੋਂ ਬਾਅਦ ਪੰਜਾਬ ਦੇ ਹਾਲਾਤ ਵਿਗੜੇ ਤੇ ਕੋਟਕਪੁਰਾ ਤੇ ਬਹਿਬਲਕਲਾਂ ਦੀਆਂ ਘਟਨਾਵਾਂ ਵਾਪਰੀਆਂ।
ਇਸ ਤੋਂ ਇਲਾਵਾ ਸੁਮੇਧ ਸੈਣੀ ਨੂੰ ਪੰਜਾਬ ਪੁਲਿਸ ਦਾ ਮੁਖੀ ਲਾਏ ਜਾਣ ਲਈ ਵੀ ਮੁਆਫ਼ੀ ਮੰਗੀ ਗਈ ਹੈ।

ਤਸਵੀਰ ਸਰੋਤ, Ravinder Singh Robin/BBC
ਆਗੂਆਂ ਨੇ ਕੀ ਕਿਹਾ
ਪ੍ਰੇਮ ਸਿੰਘ ਚੰਦੂਮਾਜਰਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ, “ਅਸੀਂ ਖਿਮਾ ਇਸ ਲਈ ਮੰਗਣ ਆਏ ਹਾਂ ਕਿਉਂਕਿ ਸਰਕਾਰ ਦਾ ਹਿੱਸਾ ਹੁੰਦੇ ਹੋਏ ਵੀ ਅਸੀਂ ਕਈ ਗ਼ਲਤੀਆਂ ਨੂੰ ਹੋਣ ਤੋਂ ਰੋਕ ਨਹੀਂ ਸਕੇ।”
ਚੰਦੂਮਾਰਜਾ ਨੇ ਅਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਮਿਲਣ ਜਾਣ ਬਾਰੇ ਕਿਹਾ ਕਿ ਅਸੀਂ ਸ਼ਿਸਟਾਚਾਰ ਵਜੋਂ ਗਏ ਸੀ ਕੋਈ ਸਿਆਸੀ ਗੱਲ ਨਹੀਂ ਕੀਤੀ।
ਇਸ ਮੌਕੇ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਉਹ ਅੱਜ ਤਾਂ ਅਸੀਂ ਸਿਰਫ਼ ਚਿੱਠੀ ਦੇਣ ਆਏ ਹਾਂ। ਉਨ੍ਹਾਂ ਕਿਹਾ ਕਿ ਗੁਰੂ ਘਰ ਦੀ ਮੁਰਿਆਦਾ ਮੁਤਾਬਕ ਮੁਆਫ਼ੀ ਮੰਗ ਦੀ ਲੋੜ ਸੀ।
ਚੱਲ ਰਹੇ ਘਟਨਾਕ੍ਰਮ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਇਸ ਮਸਲੇ ਉੱਤੇ ਕੁਝ ਨਹੀਂ ਕਹਿ ਸਕਦੇ।

ਤਸਵੀਰ ਸਰੋਤ, Getty Images
ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਦੀ ਪ੍ਰਧਾਨਗੀ ਬਾਰੇ ਕੀ ਕਿਹਾ
ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਬਾਰੇ ਕਿਹਾ ਕਿ,“ਸ਼੍ਰੋਮਣੀ ਅਕਾਲ ਦਲ ਸਿੱਖਾਂ ਦੀ ਰਾਜਸੀ ਜਮਾਤ ਹੈ। ਪਾਰਟੀ ਵਿੱਚ ਜਿੰਨੇ ਵੀ ਮੱਤਭੇਦ ਹਨ ਉਸ ਬਾਰੇ ਪਾਰਟੀ ਦੇ ਸਿਆਣੇ ਆਗੂਆਂ ਦਾ ਫ਼ਰਜ ਬਣਦਾ ਹੈ ਕਿ ਮੀਟਿੰਗ ਕਰਨ ਤੇ ਪਾਰਟੀ ਨੂੰ ਦੋਫ਼ਾੜ ਹੋਣ ਤੋਂ ਬਚਾਉਣ।”
ਉਨ੍ਹਾਂ ਅਕਾਲੀ ਦੀ ਪ੍ਰਧਾਨਗੀ ਦੇ ਜਵਾਬ ਉੱਤੇ ਕਿਹਾ ਕਿ, “ਮੇਰੇ ਤੱਕ ਹਾਲੇ ਤੱਕ ਕੋਈ ਵੀ ਅਪਰੋਚ ਨਹੀਂ ਕੀਤੀ ਗਈ ਜੇ ਸਮੁੱਚੀ ਅਕਾਲੀ ਲੀਡਰਸ਼ਿਪ ਕਹੇ ਤਾਂ ਵਿਚਾਰ ਕੀਤਾ ਜਾ ਸਕਦਾ ਹੈ।”
ਧੜਿਆ ਵਿੱਚ ਰਾਜਨੀਤੀ ਕਰਨਾ ਜਾਂ ਧੜਿਆ ਦੀ ਰਾਜਨੀਤੀ ਕਰਨ ਕੋਈ ਸਿਆਣੀ ਗੱਲ ਨਹੀਂ ਹੈ।












