ਟੀ-20 ਵਿਸ਼ਵ ਕੱਪ 2024: ਪੰਜਾਬੀ ਖਿਡਾਰੀ ਜੋ ਹੁਣ ਅਮਰੀਕੀ ਟੀਮ ਦਾ ਚਮਕਦਾ ਸਿਤਾਰਾ ਹੈ, ਕਦੇ ਭਾਰਤ ’ਚ ‘ਫ਼ੇਕ ਨਿਊਜ਼ ਦਾ ਸ਼ਿਕਾਰ’ ਹੋਇਆ ਸੀ

ਹਰਮੀਤ ਸਿੰਘ

ਤਸਵੀਰ ਸਰੋਤ, Haremeet Singh/FB

ਤਸਵੀਰ ਕੈਪਸ਼ਨ, ਅਮਰੀਕਾ ਦੀ ਕ੍ਰਿਕਟ ਟੀਮ ਦੇ ਖਿਡਾਰੀ ਹਰਮੀਤ ਸਿੰਘ ਨੇ ਕਈ ਸਾਲ ਭਾਰਤ ਵਿੱਚ ਕ੍ਰਿਕਟ ਖੇਡੀ ਹੈ
    • ਲੇਖਕ, ਜਸਪਾਲ ਸਿੰਘ
    • ਰੋਲ, ਬੀਬੀਸੀ ਪੱਤਰਕਾਰ

2000ਵਿਆਂ ਦੇ ਦਹਾਕਾ ਦਾ ਸਮਾਂ ਸੀ, ਮੁੰਬਈ ਕ੍ਰਿਕਟ ਐਸੋਸੀਏਸ਼ਨ ਦੇ ਸਕੂਲ ਟੂਰਨਾਮੈਂਟ ਦਾ ਫਾਈਨਲ ਚੱਲ ਰਿਹਾ ਸੀ। ਭਾਰਤ ਦੇ ਸਾਬਕਾ ਕ੍ਰਿਕਟਰ ਦਿਲੀਪ ਸਰਦੇਸਾਈ ਉਸ ਮੈਚ ਨੂੰ ਵੇਖਣ ਪਹੁੰਚੇ ਸੀ।

ਮੁੰਬਈ ਦੇ ਸਵਾਮੀ ਵਿਵੇਕਾਨੰਦ ਸਕੂਲ ਤੋਂ ਖੱਬੇ ਹੱਥ ਦੇ ਸਪਿਨ ਗੇਂਦਬਾਜ਼ ਹਰਮੀਤ ਸਿੰਘ ਖੇਡ ਰਹੇ ਸੀ। ਹਰਮੀਤ ਦੀ ਗੇਂਦਬਾਜ਼ੀ ਤੋਂ ਦਿਲੀਪ ਸਰਦੇਸਾਈ ਕਾਫੀ ਪ੍ਰਭਾਵਿਤ ਹੋਏ। ਉਨ੍ਹਾਂ ਨੂੰ ਉਸ ਨੌਜਵਾਨ ਗੇਂਦਬਾਜ਼ ਵਿੱਚ ਭਾਰਤ ਦੇ ਸਾਬਕਾ ਫਿਰਕੀ ਗੇਂਦਬਾਜ਼ ਬਿਸ਼ਨ ਸਿੰਘ ਬੇਦੀ ਦੀ ਝਲਕ ਨਜ਼ਰ ਆਈ।

ਇਸੇ ਹਰਮੀਤ ਸਿੰਘ ਨੇ ਅੱਗੇ ਜਾ ਕੇ ਮਹਿਜ਼ 17 ਸਾਲ ਦੀ ਉਮਰ ਵਿੱਚ ਉਸ ਮੁੰਬਈ ਦੀ ਟੀਮ ਵਿੱਚ ਥਾਂ ਬਣਾਈ ਜਿਸ ਦੀ ਹਰ ਥਾਂ ਲਈ ਖਿਡਾਰੀਆਂ ਨੂੰ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪੈਂਦਾ ਸੀ।

ਹਰਮੀਤ ਅੱਗੇ ਭਾਰਤ ਦੀ ਅੰਡਰ -19 ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਵੀ ਰਹੇ ਤੇ ਫਿਰ ਉਨ੍ਹਾਂ ਦੀ ਜ਼ਿੰਦਗੀ ਵਿੱਚ ਇੱਕ ਅਜਿਹਾ ਮੋੜ ਆਇਆ ਕਿ ਉਹ ਅਮਰੀਕਾ ਦੀ ਨੈਸ਼ਨਲ ਟੀਮ ਦਾ ਹਿੱਸਾ ਬਣੇ ਤੇ ਅਮਰੀਕਾ ਨੂੰ ਟੀ20 ਵਿਸ਼ਵ ਕੱਪ 2024 ਵਿੱਚ ਕੁਆਲੀਫਾਈ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

ਟੀ-20 ਵਿਸ਼ਵ ਕੱਪ 2024 ਤੋਂ ਠੀਕ ਪਹਿਲਾਂ ਕ੍ਰਿਕਟ ਦੀ ਦੁਨੀਆਂ ਦਾ ਧਿਆਨ ਹਰਮੀਤ ਵੱਲ ਉਦੋਂ ਖਿੱਚਿਆ ਗਿਆ ਜਦੋਂ ਬੰਗਲਾਦੇਸ਼ ਦੀ ਟੀਮ ਨੇ ਅਮਰੀਕਾ ਦਾ ਦੌਰਾ ਕੀਤਾ। ਉਸ ਟੀ-20 ਲੜੀ ਦੇ ਪਹਿਲੇ ਮੈਚ ਵਿੱਚ ਹਰਮੀਤ ਸਿੰਘ ਦੀ ਪਹਿਲਾਂ ਸ਼ਾਨਦਾਰ ਗੇਂਦਬਾਜ਼ੀ ਤੇ ਫਿਰ 13 ਗੇਂਦਾਂ ਉੱਤੇ ਖੇਡੀ 33 ਦੌੜਾਂ ਦੀ ਪਾਰੀ ਨੇ ਬੰਗਲਾਦੇਸ਼ ਦੇ ਹੱਥੋਂ ਜਿੱਤ ਖੋਹ ਲਈ।

ਹਰਮੀਤ ਸਿੰਘ ਨੂੰ ਇਸ ਮੈਚ ਵਿੱਚ ਮੈਨ ਆਫ਼ ਦਾ ਮੈਚ ਦਾ ਖ਼ਿਤਾਬ ਮਿਲਿਆ। ਮੈਚ ਤੋਂ ਬਾਅਦ ਹਰਮੀਤ ਨੇ ਆਪਣੇ ਇਰਾਦੇ ਜ਼ਾਹਿਰ ਕਰਦੇ ਹੋਏ ਕਿਹਾ, “ਸਾਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ ਹੈ।”

ਦੂਜੇ ਮੈਚ ਵਿੱਚ ਹਰਮੀਤ ਸਿੰਘ ਕੁਝ ਖ਼ਾਸ ਨਹੀਂ ਕਰ ਸਕੇ ਪਰ ਅਮਰੀਕਾ ਦੀ ਟੀਮ ਨੇ ਇਤਿਹਾਸ ਰਚ ਦਿੱਤਾ ਤੇ ਦੂਜਾ ਮੈਚ ਵੀ ਜਿੱਤ ਕੇ ਸੀਰੀਜ਼ ਆਪਣੇ ਨਾਮ ਕਰ ਲਈ।

ਹਰਮੀਤ ਸਿੰਘ

ਤਸਵੀਰ ਸਰੋਤ, Getty Images

ਬੇਸਬਾਲ ਦੇ ਦੇਸ਼ ਵਿੱਚ ਕ੍ਰਿਕਟ ਬਾਰੇ ਕਿੰਨਾ ਜੋਸ਼

ਟੀ-20 ਵਿਸ਼ਵ ਕੱਪ ਲਈ ਅਮਰੀਕਾ ਦੀ ਟੀਮ ਦੀ ਤਿਆਰੀ ਬਾਰੇ ਹਰਮੀਤ ਸਿੰਘ ਕਾਫੀ ਸੰਤੁਸ਼ਟ ਨਜ਼ਰ ਆ ਰਹੇ ਹਨ।

ਉਹ ਕਹਿੰਦੇ ਹਨ, “ਹਾਲ ਹੀ ਵਿੱਚ ਅਸੀਂ ਕੈਨੇਡਾ ਨੂੰ 4-0 ਨਾਲ ਹਰਾਇਆ। ਇਸ ਮਗਰੋਂ ਬੰਗਲਾਦੇਸ਼ ਦੇ ਖ਼ਿਲਾਫ਼ ਵੀ ਚੰਗਾ ਪ੍ਰਦਰਸ਼ਨ ਕੀਤਾ। ਸਾਡੀ ਟੀਮ ਦਾ ਬੈਲੇਂਸ ਵੀ ਕਾਫੀ ਚੰਗਾ ਹੈ ਤੇ ਟੀਮ ਵਿੱਚ ਕਾਫ਼ੀ ਆਲਰਾਊਂਡਰ ਵੀ ਹਨ ਜੋ ਟੀਮ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਹਨ।”

ਭਾਰਤ ਦਾ ਵੀ ਅਮਰੀਕਾ ਨਾਲ 12 ਜੂਨ ਨੂੰ ਟੀ-20 ਵਿਸ਼ਵ ਕੱਪ ਵਿੱਚ ਟਾਕਰਾ ਹੋਣਾ ਹੈ।

ਜਦੋਂ ਅਮਰੀਕਾ ਵਿੱਚ ਕ੍ਰਿਕਟ ਨੂੰ ਲੈ ਕੇ ਮਾਹੌਲ ਬਾਰੇ ਪੁੱਛਿਆ ਤਾਂ ਹਰਮੀਤ ਕਹਿੰਦੇ, “ਆਈਸੀਸੀ ਨੂੰ ਪਤਾ ਹੈ ਕਿ ਅਮਰੀਕਾ ਖੇਡਾਂ ਦੀ ਇੱਕ ਵੱਡੀ ਮਾਰਕਿਟ ਹੈ। ਜੇ ਅਮਰੀਕਾ ਦੀ ਟੀਮ ਚੰਗਾ ਪ੍ਰਦਰਸ਼ਨ ਕਰੇਗੀ ਤਾਂ ਪਤਾ ਲੱਗੇਗਾ ਕਿ ਇੱਥੇ ਵੀ ਕ੍ਰਿਕਟ ਲਈ ਜਨੂੰਨ ਹੈ ਤੇ ਆਈਸੀਸੀ ਨੂੰ ਵੀ ਨਿਵੇਸ਼ ਲਈ ਭਰੋਸਾ ਹੋਵੇਗਾ।”

“ਅਮਰੀਕਾ ਵਿੱਚ ਉਪ ਮਹਾਦੀਪ ਮੂਲ ਦੇ ਲੋਕਾਂ ਵਿੱਚ ਕ੍ਰਿਕਟ ਲਈ ਕਾਫ਼ੀ ਜਨੂੰਨ ਹੈ। ਇੱਥੇ ਬੇਸਬਾਲ ਨਾਲ ਜੁੜੇ ਲੋਕਾਂ ਨੂੰ ਵੀ ਕ੍ਰਿਕਟ ਵਿੱਚ ਦਿਲਚਸਪੀ ਹੁੰਦੀ ਹੈ ਜੋ ਖੇਡ ਲਈ ਚੰਗਾ ਹੈ।”

ਹਰਮੀਤ ਸਿੰਘ ਅਮਰੀਕਾ ਦੀ ਟੀਮ ਵਿੱਚ ਇੱਕ ਆਲਰਾਊਂਡਰ ਵਜੋਂ ਖੇਡ ਰਹੇ ਹਨ। ਕਦੇ ਭਾਰਤ ਵੱਲੋਂ ਦੋ ਅੰਡਰ-19 ਵਿਸ਼ਵ ਕੱਪ ਵਿੱਚ ਖੇਡ ਚੁੱਕੇ ਹਰਮੀਤ ਹੁਣ ਅਮਰੀਕਾ ਦੀ ਟੀਮ ਦੇ ਅਹਿਮ ਖਿਡਾਰੀ ਹਨ।

ਪਰ ਇੱਕ ਖਿਡਾਰੀ ਵਜੋਂ ਉਨ੍ਹਾਂ ਨੇ ਕਈ ਉਤਰਾਅ-ਚੜਾਅ ਵੇਖੇ ਹਨ। ਸਪੌਟ ਫਿਕਸਿੰਗ ਦੇ ਇਲਜ਼ਾਮਾਂ ਵਿੱਚ ਵੀ ਘਿਰੇ, ਫਿਰ ਵਾਪਸੀ ਹੋਈ, ਕ੍ਰਿਕਟ ਦੇ ਇਸ ਸਫ਼ਰ ਵਿੱਚ ਹਰਮੀਤ ਨੇ ਆਪਣਿਆਂ ਦਾ ਸਾਥ ਵੀ ਗੁਆਇਆ।

ਮੁੰਬਈ ਤੋਂ ਸ਼ੁਰੂ ਹੋਇਆ ਸਫ਼ਰ

ਹਰਮੀਤ ਸਿੰਘ ਦੋ ਅੰਡਰ-19 ਵਿਸ਼ਵ ਕੱਪ ਵਿੱਚ ਭਾਰਤ ਵੱਲੋਂ ਖੇਡ ਚੁੱਕੇ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਰਮੀਤ ਸਿੰਘ ਦੋ ਅੰਡਰ-19 ਵਿਸ਼ਵ ਕੱਪ ਵਿੱਚ ਭਾਰਤ ਵੱਲੋਂ ਖੇਡ ਚੁੱਕੇ ਹਨ

ਮੁੰਬਈ ਦੇ ਮਿਡਿਲ ਕਲਾਸ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਹਰਮੀਤ ਸਿੰਘ ਨੇ ਪਹਿਲਾਂ ਮੁੰਬਈ ਦੇ ਸਕੂਲ ਕ੍ਰਿਕਟ ਤੋਂ ਖੇਡਣਾ ਸ਼ੁਰੂ ਕੀਤਾ। ਹਰਮੀਤ ਦਾ ਹੁਨਰ ਅਜਿਹਾ ਸੀ ਕਿ ਉਹ ਮੁੰਬਈ ਦੀ ਅੰਡਰ-14, ਅੰਡਰ 16 ਤੇ ਅੰਡਰ-19 ਟੀਮ ਲਈ ਵੀ ਚੁਣੇ ਗਏ।

17 ਸਾਲ ਦੀ ਉਮਰ ਵਿੱਚ ਹਰਮੀਤ ਦੀ ਚੋਣ ਮੁੰਬਈ ਦੀ ਰਣਜੀ ਟੀਮ ਲਈ ਹੋ ਗਈ। ਇੱਕ ਫ਼ਸਟ ਕਲਾਸ ਕ੍ਰਿਕਟਰ ਵਜੋਂ ਹਰਮੀਤ ਦੀ ਸ਼ੁਰੂਆਤ ਤਾਂ ਚੰਗੀ ਹੋਈ ਪਰ ਮੁੰਬਈ ਵੱਲੋਂ ਜ਼ਿਆਦਾ ਮੈਚ ਖੇਡਣ ਦਾ ਮੌਕਾ ਉਨ੍ਹਾਂ ਨੂੰ ਨਾਂ ਮਿਲਿਆ। ਜਦੋਂ ਇੱਕ ਸੀਜ਼ਨ ਵਿੱਚ ਉਹ ਘਰ ਬੈਠੇ ਸਨ ਤਾਂ ਉਨ੍ਹਾਂ ਨੂੰ ਜੰਮੂ-ਕਸ਼ਮੀਰ ਦੀ ਟੀਮ ਵੱਲੋਂ ਖੇਡਣ ਦੀ ਪੇਸ਼ਕਸ਼ ਆਈ।

ਜੰਮੂ ਕਸ਼ਮੀਰ ਦੀ ਟੀਮ ਵੱਲੋਂ ਉਨ੍ਹਾਂ ਨੇ ਦੋ ਮੈਚ ਖੇਡੇ ਪਰ ਇਹ ਸਾਥ ਬਹੁਤਾ ਲੰਬਾ ਨਹੀਂ ਰਿਹਾ ਅਤੇ ਉਹ ਵਾਪਸ ਮੁੰਬਈ ਆ ਗਏ। ਇਸ ਮਗਰੋਂ ਉਨ੍ਹਾਂ ਨੂੰ ਤ੍ਰਿਪੁਰਾ ਤੋਂ ਖੇਡਣ ਦਾ ਮੌਕਾ ਮਿਲਿਆ।

ਤ੍ਰਿਪੁਰਾ ਦੀ ਟੀਮ ਵੱਲੋਂ ਖੇਡਣ ਨੂੰ ਹਰਮੀਤ ਆਪਣੇ ਕਰੀਅਰ ਲਈ ਚੰਗਾ ਮੰਨਦੇ ਹਨ। ਇਸ ਬਾਰੇ ਜ਼ਿਕਰ ਕਰਦੇ ਹੋਏ ਉਹ ਕਹਿੰਦੇ ਹਨ, ਇੱਕ ਪ੍ਰੋਫੈਸ਼ਨਲ ਕ੍ਰਿਕਟਰ ਵਜੋਂ ਮੈਨੂੰ ਤ੍ਰਿਪੁਰਾ ਦੀ ਟੀਮ ਵਿੱਚ ਖੇਡਣ ਦਾ ਬਹੁਤ ਫਾਇਦਾ ਹੋਇਆ। ਉਨ੍ਹਾਂ ਕਰਕੇ ਹੀ ਮੇਰੇ 30 ਫਸਟ ਕਲਾਸ ਮੈਚ ਬਣੇ।”

ਇਹ ਵੀ ਪੜ੍ਹੋ-

ਅਮਰੀਕਾ ਜਾਣ ਦਾ ਸਬੱਬ ਕਿਵੇਂ ਬਣਿਆ

ਹਰਮੀਤ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਰਮੀਤ ਸਿੰਘ

ਹਰਮੀਤ ਸਿੰਘ ਨੇ ਕਿਸੇ ਨਾ ਕਿਸੇ ਰੂਪ ਵਿੱਚ ਕ੍ਰਿਕਟ ਖੇਡਣਾ ਜਾਰੀ ਰੱਖਿਆ ਪਰ ਮੁੰਬਈ ਦੀ ਟੀਮ ਜਾਂ ਭਾਰਤ ਟੀਮ ਵਿੱਚ ਹਰਮੀਤ ਥਾਂ ਨਹੀਂ ਬਣਾ ਸਕੇ। ਸਾਲ 2020 ਵਿੱਚ ਉਨ੍ਹਾਂ ਨੂੰ ਅਮਰੀਕਾ ਜਾਣ ਦਾ ਆਫ਼ਰ ਮਿਲਿਆ ਜਿਸ ਨੂੰ ਉਨ੍ਹਾਂ ਨੇ ਕਬੂਲ ਕਰ ਲਿਆ।

ਅਮਰੀਕਾ ਜਾਣ ਦੇ ਫੈਸਲੇ ਪਿਛਲੇ ਕਾਰਨਾਂ ਬਾਰੇ ਦੱਸਦੇ ਹੋਏ ਹਰਮੀਤ ਸਿੰਘ ਦੱਸਦੇ ਹਨ, ‘‘ਜਦੋਂ ਮੈਨੂੰ ਆਫ਼ਰ ਆਇਆ ਤਾਂ ਮੈਂ ਸੋਚਿਆ ਕਿ ਅਗਲੇ ਪੰਜ ਸਾਲਾਂ ਵਿੱਚ ਮੈਂ ਆਪਣੇ ਆਪ ਨੂੰ ਕ੍ਰਿਕਟ ਵਿੱਚ ਕਿੱਥੇ ਦੇਖਦਾ ਹਾਂ। ਜਦੋਂ ਤੁਸੀਂ ਰਣਜੀ ਟ੍ਰਾਫੀ ਵਿੱਚ ਪ੍ਰੋ ਕ੍ਰਿਕਟ ਖੇਡਦੇ ਹੋ ਤਾਂ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਅਗਲੇ ਸਾਲ ਤੁਹਾਨੂੰ ਟੀਮ ਵਿੱਚ ਥਾਂ ਮਿਲੇਗੀ ਜਾਂ ਨਹੀਂ।”

“ਇਹ ਇੱਕ ਚੰਗਾ ਆਫਰ ਸੀ ਜਿਸ ਨਾਲ ਮੇਰਾ ਕ੍ਰਿਕਟ ਪ੍ਰਤੀ ਪਿਆਰ ਵੀ ਪੂਰਾ ਹੋ ਰਿਹਾ ਸੀ ਤੇ ਪੈਸੇ ਵੀ ਚੰਗੇ ਮਿਲ ਰਹੇ ਸਨ।’’

“ਰਣਜੀ ਦੇ ਖਿਡਾਰੀ ਨੂੰ ਉਸੇ ਮੈਚ ਲਈ ਪੈਸਾ ਮਿਲਦਾ ਹੈ ਜਿਸ ਵਿੱਚ ਉਹ ਖੇਡ ਰਿਹਾ ਹੋਵੇ। ਜਦੋਂ ਮੈਚ ਨਹੀਂ ਮਿਲਦਾ ਤਾਂ ਪੈਸੇ ਵੀ ਨਹੀਂ ਮਿਲਦੇ। ਪਰਿਵਾਰ ਦਾ ਵੀ ਖਿਆਲ ਰੱਖਣਾ ਪੈਂਦਾ ਹੈ।”

“2009-10 ਵਿੱਚ ਮੈਂ ਫ਼ਸਟ ਕਲਾਸ ਦਾ ਡੈਬਿਊ ਕੀਤਾ ਸੀ ਤੇ 2018-19 ਤੱਕ 30 ਮੈਚ ਹੀ ਖੇਡਣ ਦਾ ਮੌਕਾ ਮਿਲਆ ਸੀ, ਇਸ ਲਈ ਮੈਂ ਅਮਰੀਕਾ ਜਾਣ ਦਾ ਫ਼ੈਸਲਾ ਲਿਆ।”

ਬੀਸੀਸੀਆਈ ਨਾਲ ਜੋ ਖਿਡਾਰੀ ਰਜਿਸਟਰ ਹਨ ਉਹ ਰਿਟਾਇਰ ਹੋਣ ਤੋਂ ਬਾਅਦ ਹੀ ਵਿਦੇਸ਼ੀ ਲੀਗ ਵਿੱਚ ਕ੍ਰਿਕਟ ਖੇਡ ਸਕਦੇ ਹਨ।

ਜਦੋਂ ਹਰਮੀਤ ਸਿੰਘ ਨੂੰ ਪੁੱਛਿਆ ਕਿ, ਕੀ ਨੌਜਵਾਨ ਭਾਰਤੀ ਖਿਡਾਰੀਆਂ ਨੂੰ ਵਿਦੇਸ਼ੀ ਲੀਗ ਵਿੱਚ ਖੇਡਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ ਤਾਂ ਉਨ੍ਹਾਂ ਨੇ ਇਸ ਮੁੱਦੇ ਦੇ ਦੋ ਪਹਿਲੂਆਂ ਵੱਲ ਇਸ਼ਾਰਾ ਕੀਤਾ।

ਹਰਮੀਤ ਸਿੰਘ ਕਹਿੰਦੇ ਹਨ, “ਜੋ ਖਿਡਾਰੀ ਭਾਰਤ ਲਈ ਖੇਡ ਰਹੇ ਹਨ ਉਨ੍ਹਾਂ ਨੂੰ ਤਾਂ ਵਿਦੇਸ਼ੀ ਲੀਗਜ਼ ਵਿੱਚ ਨਹੀਂ ਖੇਡਣਾ ਚਾਹੀਦਾ ਕਿਉਂਕਿ ਬੀਸੀਸੀਆਈ ਉਨ੍ਹਾਂ ਨੂੰ ਚੰਗੀ ਰਕਮ ਦਿੰਦੀ ਹੈ।”

“ਪਰ ਜੋ ਖਿਡਾਰੀ ਫਰਸਟ ਕਲਾਸ ਤੱਕ ਵੀ ਨਹੀਂ ਪਹੁੰਚ ਪਾ ਰਹੇ ਹੁੰਦੇ, ਉਨ੍ਹਾਂ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਹੁੰਦਾ ਹੈ। ਇਸ ਲਈ ਉਨ੍ਹਾਂ ਨੂੰ ਤਾਂ ਬੀਸੀਸੀਆਈ ਵੱਲੋਂ ਵਿਦੇਸ਼ੀ ਲੀਗਜ਼ ਵਿੱਚ ਕ੍ਰਿਕਟ ਖੇਡਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ।”

“ਉਹ ਖਿਡਾਰੀ ਵੀ ਕੌਮਾਂਤਰੀ ਖਿਡਾਰੀਆਂ ਵਾਂਗ ਹੀ ਮਿਹਨਤ ਕਰ ਰਹੇ ਹੁੰਦੇ ਹਨ। ਉਨ੍ਹਾਂ ਨੂੰ ਵਿਦੇਸ਼ੀ ਲੀਗਜ਼ ਵਿੱਚ ਖੇਡਣ ਦੇਣਾ ਚਾਹੀਦਾ ਹੈ। ਮੇਰੇ ਨਾਲ ਦੇ ਕਈ ਮੁੰਡੇ ਅੱਜ ਵੀ ਸੰਘਰਸ਼ ਕਰ ਰਹੇ ਹਨ।”

ਹਰਮੀਤ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਲ 2013 ਵਿੱਚ ਭਾਰਤੀ ਕ੍ਰਿਕਟ ਵਿੱਚ ਸਪੌਟ ਫਿਕਸਿੰਗ ਦਾ ਮਾਮਲਾ ਵੱਡੇ ਪੱਧਰ ਉੱਤੇ ਗਰਮਾਇਆ ਰਿਹਾ ਸੀ। ਹਰਮੀਤ ਸਿਰ ਵੀ ਇਹ ਇਲਜ਼ਾਮ ਲੱਗੇ ਸਨ

ਜਦੋਂ ਹਰਮੀਤ ਦਾ ਨਾਂ ਸਪੌਟ ਫਿਕਸਿੰਗ ਨਾਲ ਜੁੜਿਆ

ਸਾਲ 2013 ਵਿੱਚ ਭਾਰਤੀ ਕ੍ਰਿਕਟ ਵਿੱਚ ਸਪੌਟ ਫਿਕਸਿੰਗ ਦਾ ਮਾਮਲਾ ਵੱਡੇ ਪੱਧਰ ਉੱਤੇ ਗਰਮਾਇਆ ਰਿਹਾ ਸੀ। ਕਈ ਵੱਡੇ ਨਾਂ ਇਸ ਮਾਮਲੇ ਨਾਲ ਜੁੜੇ ਸਨ। ਹਰਮੀਤ ਸਿੰਘ ਵੀ ਉਸੇ ਸਾਲ ਆਈਪੀਐੱਲ ਦੀ ਰਾਜਸਥਾਨ ਰੌਇਲਜ਼ ਟੀਮ ਲਈ ਖੇਡੇ ਸਨ।

ਹਰਮੀਤ ਸਿੰਘ ਦਾ ਨਾਂ ਵੀ ਇਸ ਮਾਮਲੇ ਵਿੱਚ ਜੁੜਿਆ ਸੀ। ਉਨ੍ਹਾਂ ਉੱਤੇ ਇਲਜ਼ਾਮ ਲੱਗੇ ਸੀ ਕਿ ਉਨ੍ਹਾਂ ਨੂੰ ਆਪਣੇ ਸਾਥੀ ਖਿਡਾਰੀ ਵੱਲੋਂ ਸਪੌਟ ਫਿਕਸਿੰਗ ਕਰਨ ਬਾਰੇ ਜਾਣਕਾਰੀ ਸੀ ਜਿਸ ਬਾਰੇ ਉਨ੍ਹਾਂ ਨੇ ਬੀਸੀਸੀਆਈ ਨੂੰ ਨਹੀਂ ਦੱਸਿਆ ਸੀ।

ਜਾਂਚ ਤੋਂ ਬਾਅਦ ਹਰਮੀਤ ਸਿੰਘ ਉੱਤੇ ਇਹ ਇਲਜ਼ਾਮ ਗਲਤ ਸਾਬਿਤ ਹੋਏ ਸਨ। ਦਿੱਲੀ ਪੁਲਿਸ ਵੱਲੋਂ ਵੀ ਉਨ੍ਹਾਂ ਨੂੰ ਕਲੀਨ ਚਿੱਟ ਦਿੱਤੀ ਗਈ ਸੀ।

ਹਰਮੀਤ ਦੱਸਦੇ ਹਨ ਕਿ ਭਾਵੇਂ ਇਸ ਪੂਰੇ ਘਟਨਾਕ੍ਰਮ ਨੇ ਉਨ੍ਹਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਪਰ ਉਸ ਤੋਂ ਵੀ ਵੱਧ ਮੀਡੀਆ ਵੱਲੋਂ ਗਲਤ ਰਿਪੋਰਟਿੰਗ ਨੇ ਉਨ੍ਹਾਂ ਦੇ ਕਰੀਅਰ ਨੂੰ ਕਾਫੀ ਢਾਹ ਲਾਈ ਸੀ।

ਹਰਮੀਤ ਸਿੰਘ ਕਹਿੰਦੇ ਹਨ, “ਇੱਕ ਵੱਡੇ ਮੀਡੀਆ ਅਦਾਰੇ ਵੱਲੋਂ ਇਹ ਗਲਤ ਖ਼ਬਰ ਛਾਪੀ ਗਈ ਕਿ ਹਰਮੀਤ ਸਿੰਘ ਨੂੰ ਬੀਸੀਸੀਆਈ ਨੇ ਜਾਂਚ ਪੂਰੀ ਹੋਣ ਤੱਕ ਸਸਪੈਂਡ ਕਰ ਦਿੱਤਾ ਹੈ। ਜਦਕਿ ਇਹ ਸੱਚ ਨਹੀਂ ਸੀ, ਬੀਸੀਸੀਆਈ ਨੇ ਮੈਨੂੰ ਕਦੇ ਵੀ ਸਸਪੈਂਡ ਨਹੀਂ ਕੀਤਾ ਸੀ।”

“ਇੱਕ ਵੱਡੇ ਅਖ਼ਬਾਰ ਨੇ ਖ਼ਬਰ ਛਾਪੀ ਤਾਂ ਸਾਰੀ ਮੀਡੀਆ ਨੇ ਉਹੀ ਖ਼ਬਰ ਚਲਾਈ। ਮੈਂ ਮੀਡੀਆ ਅਦਾਰਿਆਂ ਨੂੰ ਸਮਝਾਉਂਦਾ ਰਹਿ ਗਿਆ ਪਰ ਉਹ ਨਹੀਂ ਰੁਕੇ।”

“ਫਿਰ ਮੈਂ ਜਦੋਂ ਅਖ਼ਬਾਰ ਦੇ ਐਡੀਟਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਅਖ਼ਬਾਰ ਵਿੱਚ ਇੱਕ ਤਰੀਕੇ ਦਾ ਮਾਫੀਨਾਮਾ ਛਾਪਿਆ। ਪਰ ਇਸ ਝੂਠੀ ਖ਼ਬਰ ਨੇ ਮੇਰਾ ਨੁਕਸਾਨ ਉਦੋਂ ਤੱਕ ਕਰ ਦਿੱਤਾ ਸੀ।”

“ਮੈਨੂੰ ਉਸ ਵੇਲੇ ਵਿਦਰਭ ਦਾ ਕਾਨਟਰੈਕਟ ਮਿਲਿਆ ਸੀ ਜੋ ਇਸ ਪੂਰੇ ਘਟਨਾਕ੍ਰਮ ਕਾਰਨ ਮੇਰੇ ਹੱਥੋਂ ਚਲਾ ਗਿਆ ਤੇ ਮੈਨੂੰ ਗਲਤ ਨਜ਼ਰ ਨਾਲ ਵੇਖਿਆ ਜਾਣ ਲਗਿਆ।”

ਹਰਮੀਤ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2021 ਵਿੱਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਵੇਲੇ ਹਰਮੀਤ ਸਿੰਘ ਦੀ ਮਾਂ ਦਾ ਦੇਹਾਂਤ ਹੋ ਗਿਆ।

ਕੋਵਿਡ ਵੇਲੇ ਮਾਂ ਦੇ ਆਖਰੀ ਦਰਸ਼ਨ ਨਹੀਂ ਕਰ ਸਕੇ

ਸਾਲ 2020 ਵਿੱਚ ਹਰਮੀਤ ਅਮਰੀਕਾ ਚਲੇ ਗਏ ਸੀ। 2021 ਵਿੱਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਵੇਲੇ ਹਰਮੀਤ ਸਿੰਘ ਦੀ ਮਾਂ ਦਾ ਦੇਹਾਂਤ ਹੋ ਗਿਆ। ਹਰਮੀਤ ਨੂੰ ਉਨ੍ਹਾਂ ਦੀ ਮੌਤ ਦਾ ਭਾਰੀ ਸਦਮਾ ਲੱਗਿਆ। ਉਨ੍ਹਾਂ ਨੇ ਆਪਣੀ ਮਾਂ ਬਾਰੇ ਇੱਕ ਭਾਵੁਕ ਪੋਸਟ ਵੀ ਪਾਈ ਸੀ।

“ਜਦੋਂ ਮੇਰੀ ਮਾਂ ਦਾ ਦੇਹਾਂਤ ਹੋਇਆ ਤਾਂ ਮੈਂ ਅਮਰੀਕਾ ਵਿੱਚ ਸੀ। ਮੇਰੀ ਪਤਨੀ ਵੀ ਗਰਭਵਤੀ ਸੀ। ਭਾਰਤ ਵਿੱਚ ਕੋਵਿਡ ਦੀ ਦੂਜੀ ਲਹਿਰ ਚੱਲ ਰਹੀ ਸੀ ਇਸ ਮੈਂ ਵਾਪਸ ਨਹੀਂ ਆ ਸਕਦਾ ਸੀ। ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਮੈਂ ਆਖਰੀ ਵੇਲੇ ਆਪਣੀ ਮਾਂ ਦੇ ਨਾਲ ਨਹੀਂ ਸੀ। ਮੈਂ ਕਦੇ ਵੀ ਉਸ ਤੋਂ ਪਹਿਲਾਂ ਰੋਇਆ ਨਹੀਂ ਸੀ ਪਰ ਮਾਂ ਦੇ ਦੇਹਾਂਤ ਵੇਲੇ ਮੈਂ ਬਹੁਤ ਰੋਇਆ ਸੀ।”

ਹਰਮੀਤ ਦੀ ਮਾਤਾ ਦੇ ਦੇਹਾਂਤ ਦੇ ਇੱਕ ਮਹੀਨੇ ਬਾਅਦ ਉਨ੍ਹਾਂ ਦੇ ਦਾਦਾ ਵੀ ਦੁਨੀਆਂ ਨੂੰ ਅਲਵਿਦਾ ਕਹਿ ਗਏ। ਫ਼ਿਰ ਕੁਝ ਵਕਤ ਬਾਅਦ ਹਰਮੀਤ ਦੀ ਧੀ ਨੇ ਜਨਮ ਲਿਆ। ਹਰਮੀਤ ਮੁਤਾਬਕ ਧੀ ਦੇ ਆਉਣ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਮੁੜ ਲੀਹਾਂ ’ਤੇ ਲਿਆ ਦਿੱਤਾ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)