ਮੈਦਾ ਸਿਹਤ ਲਈ ਖ਼ਤਰਨਾਕ ਹੈ ਜਾਂ ਨਹੀਂ, ਮਾਹਰਾਂ ਨੇ ਮੈਦੇ ਨਾਲ ਜੁੜੀਆਂ ਮਿੱਥਾਂ ਬਾਰੇ ਇਹ ਜਵਾਬ ਦਿੱਤੇ

ਬਰਗਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਡੇ ਘਰਾਂ ਵਿੱਚ ਰੋਜ਼ ਦੇ ਖਾਣ-ਪੀਣ ਦਾ ਹਿੱਸਾ ਬਣ ਰਹੇ ਪੀਜ਼ਾ, ਬਰਗਰ, ਪਾਸਤਾ, ਆਦਿ ਵੀ ਮੈਦੇ ਤੋਂ ਬਣਾਏ ਜਾਂਦੇ ਹਨ

ਜਦੋਂ ਮੈਦੇ ਦੇ ਖਾਣੇ ਦੀ ਗੱਲ ਆਉਂਦੀ ਹੈ, ਤਾਂ ਦਿਮਾਗ ਵਿੱਚ ਸਿਹਤ ਨਾਲ ਸਬੰਧਿਤ ਸਵਾਲ ਖੜੇ ਹੋ ਜਾਂਦੇ ਹਨ ਕਿ ਕੀ ਮੈਦੇ ਦੀਆਂ ਬਣੀਆਂ ਚੀਜ਼ਾਂ ਖਾਈਏ ਜਾਂ ਨਹੀਂ।

ਪਰ ਰੋਜ਼ਾਨਾ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਚੀਜ਼ਾਂ ਪਰੌਂਠੇ, ਨਾਨ, ਸਮੋਸੇ ਵਗੈਰਾ ਮੈਦੇ ਤੋਂ ਹੀ ਬਣਦੀਆਂ ਹਨ। ਇਥੋਂ ਤੱਕ ਕਿ ਬਿਮਾਰੀ ਦੀ ਹਾਲਤ ਵਿੱਚ ਖਾਦੀ ਜਾਣ ਵਾਲੀ ਬਰੈਡ ਵੀ ਮੈਦੇ ਤੋਂ ਹੀ ਬਣਦੀ ਹੈ।

ਪੀਜ਼ਾ, ਬਰਗਰ, ਪਾਸਤਾ, ਨੂਡਲਜ਼ ਜੋ ਬੱਚਿਆਂ ਦੀ ਪਸੰਦ ਹੁੰਦੇ ਹਨ ਜਾਂ ਸਾਡੇ ਘਰਾਂ ਵਿੱਚ ਰੋਜ਼ ਦੇ ਖਾਣ-ਪੀਣ ਦਾ ਹਿੱਸਾ ਬਣ ਰਹੇ ਹਨ ਸਭ ਮੈਦੇ ਤੋਂ ਬਣਾਏ ਜਾਂਦੇ ਹਨ।

ਕਈ ਮਠਿਆਈਆਂ ਵੀ ਮੈਦੇ ਤੋਂ ਹੀ ਬਣਦੀਆਂ ਹਨ।

ਅਸੀਂ ਕਿਸੇ ਨਾ ਕਿਸੇ ਰੂਪ ਵਿੱਚ ਹਰ ਰੋਜ਼ ਮੈਦਾ ਖਾ ਰਹੇ ਹਾਂ ਤੇ ਨਾਲ ਹੀ ਮੈਦੇ ਦੇ ਸਿਹਤ ਲਈ ਹਾਨੀਕਾਰਕ ਹੋਣ ਦੀ ਚਿੰਤਾ ਵੀ ਮਨ ਵਿੱਚ ਰਹਿੰਦੀ ਹੈ।

ਪਰੌਂਠੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਾਜ਼ਾਰ ਵਿੱਚ ਪਰੌਂਠੇ ਅਤੇ ਨਾਨ ਮੈਦੇ ਤੋਂ ਬਣਾਏ ਜਾਂਦੇ ਹਨ

ਮੈਦਾ ਬਣਦਾ ਕਿਵੇਂ ਹੈ?

ਕੀ ਕਣਕ, ਮੈਦਾ ਅਤੇ ਸੂਜੀ ਸਭ ਇੱਕੋ ਜਿਹੇ ਹਨ? ਸਾਨੂੰ ਮੈਦਾ ਖਾਣ ਤੋਂ ਪਰਹੇਜ਼ ਕਿਉਂ ਕਰਨਾ ਚਾਹੀਦਾ ਹੈ?

ਸਾਡੇ ਵਿੱਚੋਂ ਬਹੁਤਿਆਂ ਨੂੰ ਇਹ ਹੀ ਨਹੀਂ ਪਤਾ ਕਿ ਮੈਦਾ ਬਣਦਾ ਕਿਵੇਂ ਹੈ।

ਕਈਆਂ ਨੂੰ ਲੱਗਦਾ ਹੈ ਕਿ ਮੈਦਾ ਕਣਕ ਨੂੰ ਬਰੀਕ ਪੀਸ ਕੇ ਬਣ ਜਾਂਦਾ ਹੈ।

ਅਸੀਂ ਬਾਲ ਰੋਗ ਵਿਗਿਆਨੀ ਅਤੇ ਪੋਸ਼ਣ ਸਲਾਹਕਾਰ ਅਰੁਣ ਕੁਮਾਰ ਤੋਂ ਇਸ ਬਾਰੇ ਪੁੱਛਿਆ ਕਿ ਮੈਦਾ ਕੀ ਹੁੰਦਾ ਹੈ?

ਉਨ੍ਹਾਂ ਕਿਹਾ ਕਿ ਚੌਲਾਂ ਦੀਆਂ ਤਿੰਨ ਪਰਤਾਂ ਹੁੰਦੀਆਂ ਹਨ। ਪਹਿਲੀ ਪਰਤ ਹਟਾ ਦੇਣ ਨਾਲ ਅੰਦਰੋ ਖਾਣ ਯੋਗ ਚੌਲ ਨਿਕਲਦੇ ਹਨ।

ਇਸੇ ਤਰ੍ਹਾਂ ਕਣਕ ਨੂੰ ਵੀ ਸਾਫ਼ ਕੀਤਾ ਜਾਂਦਾ ਹੈ। ਜੇਕਰ ਕਣਕ ਦਾ ਪੂਰਾ ਦਾਣਾ ਉਸ ਦੇ ਛਿਲਕੇ ਸਮੇਤ ਪਿਸਿਆ ਜਾਵੇ ਤਾਂ ਉਹ ਆਟਾ ਤਿਆਰ ਹੋ ਜਾਂਦਾ ਹੈ ਜਿਸ ਤੋਂ ਅਸੀਂ ਘਰਾਂ ਵਿੱਚ ਰੋਟੀ ਬਣਾਉਂਦੇ ਹਾਂ।

ਪਰ ਜੇ ਕਣਕ ਦਾ ਛਿਲਕਾ ਬਿਲਕੁਲ ਕੱਢ ਦਿੱਤਾ ਜਾਵੇ ਤੇ ਉਸ ਨੂੰ ਬਹੁਤ ਮਹੀਨ ਪੀਸਿਆ ਜਾਵੇ ਤਾਂ ਇਹ ਮੈਦਾ ਬਣ ਜਾਂਦਾ ਹੈ।

ਇਸੇ ਨੂੰ ‘ਆਲ ਪਰਪਜ਼ ਫਲਾਰ” ਹਰ ਕੰਮ ਲਈ ਇਸਤੇਮਾਲ ਕੀਤਾ ਜਾਣ ਵਾਲਾ ਆਟਾ ਵੀ ਕਿਹਾ ਜਾਂਦਾ ਹੈ।

ਡਾਕਟਰ ਅਰੁਣ ਕਹਿੰਦੇ ਹਨ ਕਿ ਬੇਸ਼ੱਕ ਬਹੁਤ ਜ਼ਿਆਦਾ ਮੈਦਾ ਖਾਣਾ ਸਿਹਤ ਲਈ ਚੰਗਾ ਨਹੀਂ ਹੈ।

ਉਹ ਕਹਿੰਦੇ ਹਨ,“ਇੰਟਰਨੈੱਟ ਉੱਤੇ ਬਹੁਤ ਗ਼ਲਤ ਜਾਣਕਾਰੀ ਫ਼ੈਲਾਈ ਜਾ ਰਹੀ ਹੈ। ਮੈਦੇ ਤੋਂ ਬਤਹਾਸ਼ਾ ਡਰਨ ਦੀ ਲੋੜ ਵੀ ਨਹੀਂ ਹੈ।”

ਅਰੁਣ ਕੁਮਾਰ

ਤਸਵੀਰ ਸਰੋਤ, DRARUNKUMAR/FACEBOOK

ਤਸਵੀਰ ਕੈਪਸ਼ਨ, ਅਰੁਣ ਕੁਮਾਰ

ਮੈਦੇ ਦਾ ਚਿੱਟਾ ਰੰਗ ਕਿਵੇਂ ਪ੍ਰਾਪਤ ਹੁੰਦਾ ਹੈ?

ਵੀਡੀਓ ਕੈਪਸ਼ਨ, ਮੈਦਾ ਸਿਹਤ ਲਈ ਚੰਗਾ ਜਾਂ ਮਾੜਾ, ਮੈਦੇ ਬਾਰੇ ਕੀ ਹਨ ਮਿੱਥਾਂ ?

ਅਸੀਂ ਡਾਕਟਰ ਅਰੁਣ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਜਦੋਂ ਕਣਕ ਦਾ ਰੰਗ ਭੂਰਾ ਹੈ ਤਾਂ ਮੈਦਾ ਕਣਕ ਦੇ ਆਟੇ ਵਾਂਗ ਭੂਰੇ ਦੀ ਬਜਾਏ ਚਮਕਦਾਰ ਚਿੱਟਾ ਕਿਵੇਂ ਹੁੰਦਾ ਹੈ, ਅਤੇ ਕੀ ਮੈਦਾ ਨੂੰ ਸਫੈਦ ਬਣਾਉਣ ਲਈ ਇਸ ਵਿੱਚ ਕੋਈ ਰਸਾਇਣ ਮਿਲਾਇਆ ਜਾਂਦਾ ਹੈ?

ਡਾਕਟਰ ਅਰੁਣ ਕੁਮਾਰ ਮੁਤਾਬਕ ਮੈਦਾ ਕਣਕ ਨੂੰ ਬਰੀਕ ਪੀਸਣ ਨਾਲ ਮਿਲਦਾ ਹੈ ਤੇ ਆਪਣੇ ਚਮਕਦਾਰ ਚਿੱਟੇ ਰੰਗ ਲਈ ਜਾਣਿਆ ਜਾਂਦਾ ਹੈ।

ਉਨ੍ਹਾਂ ਕਿਹਾ, “ਮੈਦਾ ਆਪਣੇ ਚਿੱਟੇ ਰੰਗ ਲਈ ਜਾਣਿਆ ਜਾਂਦਾ ਹੈ। ਬਰੈੱਡ, ਬਨ, ਕੇਕ, ਬਿਸਕੁਟ ਵਗੈਰਾ ਮੈਦੇ ਤੋਂ ਬਣਾਏ ਜਾਂਦੇ ਹਨ। ਚਿੱਟੇ ਰੰਗ ਅਤੇ ਕੁਰਕੁਰੇਪਨ ਕਾਰਨ ਮੈਦਾ ਇੱਕ ਮੁੱਖ ਭੋਜਨ ਬਣ ਗਿਆ ਹੈ।"

“ਕਣਕ ਨੂੰ ਭੂਰਾ ਹੋਣ ਤੋਂ ਰੋਕਣ ਲਈ ਬਲੀਚ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਬਾਰੇ ਕਈ ਵਿਵਾਦ ਹਨ। ਬਲੀਚ ਇੱਕ ਪ੍ਰਕਿਰਿਆ ਹੈ ਜਿਸਨੂੰ ਆਕਸੀਡੇਸ਼ਨ ਕਿਹਾ ਜਾਂਦਾ ਹੈ।”

“ਇਸ ਰਸਾਇਣਕ ਪ੍ਰਕਿਰਿਆ ਰਾਹੀਂ ਕਣਕ ਦੇ ਭੂਰੇ ਰੰਗ ਨੂੰ ਹਟਾਇਆ ਜਾ ਸਕਦਾ ਹੈ।"

“ਇਸ ਲਈ ਕੁਝ ਬਲੀਚ ਕਰਨ ਵਾਲੇ ਰਸਾਇਣ ਜਿਵੇਂ ਕਿ ਕਲੋਰੀਨ ਗੈਸ ਅਤੇ ਬੈਂਜ਼ੋਇਲ ਪਰਆਕਸਾਈਡ ਵਗੈਰਾ ਦੀ ਵਰਤੋਂ ਕੀਤੀ ਜਾਂਦੀ ਹੈ।

“ਇਨ੍ਹਾਂ ਰਸਾਇਣਾਂ ਦੀ ਕਿੰਨੀ ਮਾਤਰਾ ਵਿੱਚ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਇਸ ਬਾਰੇ ਕੁਝ ਦਿਸ਼ਾ-ਨਿਰਦੇਸ਼ ਹਨ। ਇਸ ਦੀ ਸਹੀ ਮਾਤਰਾ ਵਿੱਚ ਪਾਲਣਾ ਕੀਤੀ ਜਾਣੀ ਚਾਹੀਦੀ ਹੈ।"

ਡਾਕਟਰ ਅਰੁਣ ਕੁਮਾਰ ਕਹਿੰਦੇ ਹਨ, "ਇਸ ਸਭ ਤੋਂ ਇਲਾਵਾ, ਭੋਜਨ ਮਾਹਰਾਂ ਦਾ ਕਹਿਣਾ ਹੈ ਕਿ ਜਦੋਂ ਬਲੀਚਿੰਗ ਪ੍ਰਕਿਰਿਆ ਤੋਂ ਬਾਅਦ ਜਦੋਂ ਮੈਦਾ ਬਣ ਜਾਂਦਾ ਹੈ ਤਾਂ ਇਸ ਵਿੱਚ ਇਹ ਰਸਾਇਣ ਮੌਜੂਦ ਨਹੀਂ ਹੋਣਗੇ।"

ਜਲੇਬੀਆਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜ਼ਿਆਦਾਤਰ ਮਠਿਆਈਆਂ ਮੈਦੇ ਤੋਂ ਹੀ ਬਣਦੀਆਂ ਹਨ

ਕੀ ਮੈਦਾ ਸ਼ੂਗਰ ਦਾ ਕਾਰਨ ਬਣਦੀ ਹੈ?

ਜਦੋਂ ਮੈਦੇ ਨੂੰ ਬਲੀਚ ਕੀਤਾ ਜਾਂਦਾ ਹੈ ਤਾਂ ਇਸ ਵਿੱਚ ਐਲੋਕਸਨ ਨਾਮ ਦਾ ਕੈਮੀਕਲ ਮਿਲਾਇਆ ਜਾਂਦਾ ਹੈ ਅਤੇ ਇਹ ਕੈਮੀਕਲ ਸ਼ੂਗਰ ਦਾ ਕਾਰਨ ਬਣਦਾ ਹੈ।

2016 ਵਿੱਚ, ਮਦਰਾਸ ਹਾਈ ਕੋਰਟ ਵਿੱਚ ਇੱਕ ਕੇਸ ਦਾਇਰ ਕੀਤਾ ਗਿਆ ਸੀ, ਜਿੱਥੇ ਪਟੀਸ਼ਨਰ ਨੇ ਕਿਹਾ ਸੀ ਕਿ ਮੈਦਾ ਵਿੱਚ ਐਲੋਕਸਨ ਹੁੰਦਾ ਹੈ, ਜੋ ਦਸਤ ਦਾ ਕਾਰਨ ਬਣਦਾ ਹੈ, ਇਸ ਲਈ ਮੈਦੇ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਇਸ ਦੀ ਸੁਣਵਾਈ ਤੋਂ ਬਾਅਦ ਹਾਈ ਕੋਰਟ ਨੇ ਖੁਰਾਕ ਵਿਭਾਗ ਨੂੰ ਮੈਦੇ ਨਾਲ ਬਣੇ ਭੋਜਨ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।

ਬਾਅਦ ਵਿੱਚ ਅਦਾਲਤ ਨੇ ਕਿਹਾ ਕਿ ਫੂਡ ਵਿਭਾਗ ਦੇ ਨਿਰੀਖਣ ਦੌਰਾਨ ਇਹ ਪੁਸ਼ਟੀ ਹੋਈ ਹੈ ਕਿ ਮੈਦੇ ਵਿੱਚ ਕੋਈ ਖ਼ਤਰਨਾਕ ਰਸਾਇਣ ਨਹੀਂ ਹੈ।

ਜੇਕਰ ਅਸੀਂ ਇਸ ਅਲੌਕਸਨ ਨੂੰ ਵੇਖੀਏ, ਤਾਂ ਇਹ ਮੈਦਾ ਵਿੱਚ ਬਲੀਚਿੰਗ ਪ੍ਰਕਿਰਿਆ ਦੌਰਾਨ ਨਹੀਂ ਪਾਇਆ ਜਾਂਦਾ।

ਪਰ ਇਹ ਇੱਕ ਅਜਿਹਾ ਤੱਤ ਹੈ ਜੋ ਆਕਸੀਡੇਸ਼ਨ ਦੀ ਪ੍ਰਕਿਰਿਆ ਦੌਰਾਨ ਆਪਣੇ ਆਪ ਬਣ ਸਕਦਾ ਹੈ।

ਇਹ ਮੈਦੇ ਵਿੱਚ ਬਹੁਤ ਘੱਟ ਮਾਤਰਾ ਵਿੱਚ ਮੌਜੂਦ ਹੈ।

ਇਸ ਸਬੰਧੀ ਫ਼ਿਕਰਮੰਦੀ ਇਸ ਲਈ ਜਾਹਰ ਕੀਤੀ ਜਾਂਦੀ ਹੈ ਕਿਉਂਕਿ ਐਲੋਕਸਨ ਦੀ ਵਰਤੋਂ ਅਧਿਐਨਾਂ ਦੌਰਾਨ ਚੂਹਿਆਂ ’ਚ ਨਕਲੀ ਤੌਰ 'ਤੇ ਸ਼ੂਗਰ ਪੈਦਾ ਕਰਨ ਲਈ ਕੀਤੀ ਜਾਂਦੀ ਹੈ।

ਪਰ ਉਨ੍ਹਾਂ ਅਧਿਐਨਾਂ ਵਿੱਚ ਵਰਤਿਆ ਜਾਣ ਵਾਲਾ ਐਲੋਕਸਨ ਮੈਦਾ ਵਿੱਚ ਪਾਏ ਜਾਣ ਵਾਲੇ ਐਲੋਕਸਨ ਨਾਲੋਂ 25 ਹਜ਼ਾਰ ਗੁਣਾ ਮਜ਼ਬੂਤ ਹੈ।

ਇਸ ਲਈ ਦੋਵਾਂ ਦੀ ਤੁਲਣਾ ਨਹੀਂ ਕੀਤੀ ਜਾ ਸਕਦੀ।

ਜੇਕਰ ਅਜਿਹਾ ਹੈ, ਤਾਂ ਕੀ ਅੱਜ ਬਿਸਕੁਟ ਅਤੇ ਮੈਦੇ ਦੇ ਹੋਰ ਪਦਾਰਥ ਖਾਣ ਵਾਲੇ ਲੋਕਾਂ ਨੂੰ ਸ਼ੂਗਰ ਦੀ ਬਿਮਾਰੀ ਹੋ ਜਾਵੇਗੀ।

ਡਾਕਟਰ ਅਰੁਣ ਕਹਿੰਦੇ ਹਨ,"ਮੈਨੂੰ ਲੱਗਦਾ ਹੈ ਕਿ ਮੈਦੇ ਤੋਂ ਬਣੇ ਭੋਜਣਾ ਨੂੰ ਖਾਣਪੀਣ ਵਿੱਚੋਂ ਬਾਹਰ ਕੀਤਾ ਜਾ ਸਕਦਾ ਹੈ ਕਿਉਂਕਿ ਇਸ ਵਿੱਚ ਸਟਾਰਚ ਵਿੱਚ ਬਹੁਤ ਜ਼ਿਆਦਾ ਅਤੇ ਫਾਈਬਰ ਬਹੁਤ ਘੱਟ ਹੁੰਦਾ ਹੈ।”

“ਪਰ ਗ਼ੈਰ-ਵਿਗਿਆਨਕ ਕਾਰਨਾਂ ਕਰਕੇ ਮੈਦੇ ਨੂੰ ਰੱਦ ਕਰਨ ਦੀ ਕੋਈ ਲੋੜ ਨਹੀਂ ਹੈ।"

ਇਹ ਵੀ ਪੜ੍ਹੋ-
ਪਰੌਂਠੇ

ਤਸਵੀਰ ਸਰੋਤ, Getty Images

ਕੀ ਕਣਕ ਮੈਦੇ ਦਾ ਬਦਲ ਹੈ?

ਡਾਕਟਰ ਅਰੁਣ ਕਹਿੰਦੇ ਹਨ, “ਅੱਜ ਕਣਕ ਤੋਂ ਬਣੀ ਰੋਟੀ, ਬਿਸਕੁਟ ਅਤੇ ਪਰੌਂਠੇ ਨੂੰ ਮੈਦੇ ਦੇ ਪਕਵਾਨਾਂ ਦੇ ਬਦਲ ਵਜੋਂ ਦੇਖਿਆ ਜਾਂਦਾ ਹੈ। ਪਰ ਸੱਚ ਤਾਂ ਇਹ ਹੈ ਕਿ ਬਾਜ਼ਾਰ ਵਿੱਚ ਕਣਕ ਦੇ ਪਰੌਂਠੇ ਬਣਾਉਣ ਸਮੇਂ ਵੀ ਇਸ ਵਿੱਚ ਮੈਦਾ ਵੀ ਮਿਲਾਇਆ ਜਾਂਦਾ ਹੈ।"

“ਇਸੇ ਤਰ੍ਹਾਂ, ਜੇਕਰ ਅਸੀਂ ਬਾਜ਼ਾਰ ਵਿੱਚ ਖਾਣਾ ਖਾ ਰਹੇ ਹਾਂ ਤਾਂ ਕਣਕ ਦੀ ਰੋਟੀ ਜਾਂ ਕਣਕ ਦੇ ਬਿਸਕੁਟ ਸਿਰਫ਼ ਕਣਕ ਨਾਲ ਨਹੀਂ ਬਣਾਏ ਗਏ ਬਲਕਿ ਇਸ ਵਿੱਚ ਕੁਝ ਮਾਤਰਾ ਵਿੱਚ ਮੈਦਾ ਜ਼ਰੂਰ ਮਿਲਾਇਆ ਗਿਆ ਹੋਵੇਗਾ।”

ਡਾਕਟਰ ਅਰੁਣ ਕਹਿੰਦੇ ਹਨ ਕਿ ਮੈਦਾ ਜਿੰਨਾ ਹੋ ਸਕੇ ਉਨ੍ਹਾਂ ਘੱਟ ਖਾਣਾ ਚਾਹੀਦਾ ਹੈ।

ਧਾਰੀਨੀ ਕ੍ਰਿਸ਼ਨਨ
ਤਸਵੀਰ ਕੈਪਸ਼ਨ, ਧਾਰੀਨੀ ਕ੍ਰਿਸ਼ਨਨ

ਕੀ ਮੈਦੇ ਵਿੱਚ ਕੋਈ ਪੌਸ਼ਟਿਕ ਤੱਤ ਵੀ ਹਨ?

ਨਿਊਟ੍ਰੀਸ਼ਨਿਸਟ ਧਾਰੀਨੀ ਕ੍ਰਿਸ਼ਨਨ ਨੇ ਸਾਡੇ ਨਾਲ ਮੈਦਾ ਵਿਚਲੇ ਪੌਸ਼ਟਿਕ ਤੱਤਾਂ ਬਾਰੇ ਗੱਲ ਕੀਤੀ। ਉਹ ਕਹਿੰਦੇ ਹਨ, “ਕਣਕ ਤੋਂ ਕੱਢੀ ਗਏ ਮੈਦੇ ਵਿੱਚ ਸਟਾਰਚ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ।”

“ਉਦਾਹਰਨ ਵਜੋਂ 100 ਗ੍ਰਾਮ ਮੈਦੇ ਵਿੱਚ ਕਰੀਬ 351 ਕੈਲੋਰੀਜ਼ ਹੁੰਦੀਆਂ ਹਨ। ਇਸ ਵਿੱਚ 10.3 ਗ੍ਰਾਮ ਪ੍ਰੋਟੀਨ, 0.7 ਗ੍ਰਾਮ ਚਰਬੀ, 2.76 ਗ੍ਰਾਮ ਫਾਈਬਰ ਅਤੇ 74.27 ਗ੍ਰਾਮ ਸਟਾਰਚ ਵੀ ਸ਼ਾਮਲ ਹੁੰਦਾ ਹੈ।”

ਹੋਟਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹੋਟਲਾਂ ਵਿੱਚ ਆਮਤੌਰ ’ਤੇ ਮੈਦੇ ਦੀ ਵਰਤੋਂ ਕੀਤੀ ਜਾਂਦੀ ਹੈ

ਮੈਦੇ ਕਾਰਨ ਆਉਂਦੀਆਂ ਸਿਹਤ ਸਮੱਸਿਆਵਾਂ?

ਆਮ ਤੌਰ 'ਤੇ ਮੈਦੇ ਨਾਲ ਬਣੀਆਂ ਖਾਣ ਵਾਲੀਆਂ ਚੀਜ਼ਾਂ ਵਿੱਚ ਚਰਬੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ।

ਪਰੌਂਠਿਆ ਵਿੱਚ ਤੇਲ ਬਹੁਤ ਜ਼ਿਆਦਾ ਹੁੰਦਾ ਹੈ। ਛੋਲੇ ਭਟੂਰੇ ਵੀ ਇਸੇ ਤਰ੍ਹਾਂ ਮੈਦੇ ਅਤੇ ਤੇਲ ਨਾਲ ਭਰੇ ਹੁੰਦੇ ਹਨ।

ਧਾਰੀਨੀ ਕ੍ਰਿਸ਼ਨਨਨ ਕਹਿੰਦੇ ਹਨ, “ਮੈਦੇ ਨਾਲ ਬਣੇ ਗਏ ਬਿਸਕੁਟ ਅਤੇ ਸਨੈਕਸ ਬਹੁਤ ਜ਼ਿਆਦਾ ਚੀਨੀ ਅਤੇ ਤੇਲ ਦੀ ਵਰਤੋਂ ਕਰਕੇ ਬਣਾਏ ਜਾਂਦੇ ਹਨ।”

“ਜਦੋਂ ਅਜਿਹੇ ਪਦਾਰਥ ਮੈਦੇ ਵਿੱਚ ਮਿਲਾਏ ਜਾਂਦੇ ਹਨ, ਜਿਨ੍ਹਾਂ ਵਿੱਚ ਪਹਿਲਾਂ ਤੋਂ ਹੀ ਸਟਾਰਚ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਤਾਂ ਇਹ ਸਰੀਰ ਲਈ ਨੁਕਸਾਨਦੇਹ ਹੋ ਜਾਂਦੇ ਹਨ।”

"ਜਿਨ੍ਹਾਂ ਲੋਕਾਂ ਨੂੰ ਸ਼ੂਗਰ ਦੀ ਸਮੱਸਿਆ ਹੈ ਉਨ੍ਹਾਂ ਨੂੰ ਮੈਦਾ ਨਹੀਂ ਖਾਣਾ ਚਾਹੀਦਾ। ਅਜਿਹਾ ਇਸ ਲਈ ਕਿਉਂਕਿ ਫਾਈਬਰ ਰਹਿਤ ਖਾਣਾ ਬਲੱਡ ਸ਼ੂਗਰ ਦੇ ਪੱਧਰ ਦੇ ਤੁਰੰਤ ਵਧਣ ਦਾ ਕਾਰਨ ਬਣ ਸਕਦਾ ਹੈ। ਮੋਟੇ ਲੋਕਾਂ ਨੂੰ ਵੀ ਮੈਦੇ ਤੋਂ ਬਚਣਾ ਚਾਹੀਦਾ ਹੈ।"

ਧਾਰੀਨੀ ਕ੍ਰਿਸ਼ਨਨ ਕਹਿੰਦੇ ਹਨ, "ਖਾਸ ਤੌਰ 'ਤੇ ਔਰਤਾਂ ਜਿਨ੍ਹਾਂ ਦਾ ਭਾਰ ਜ਼ਿਆਦਾ ਹੈ, ਉਨ੍ਹਾਂ ਨੂੰ ਵੀ ਮੈਦਾ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਨਹੀਂ ਤਾਂ, ਜੇਕਰ ਤੁਹਾਡਾ ਭਾਰ ਵੱਧ ਜਾਂਦਾ ਹੈ, ਤਾਂ ਤੁਹਾਨੂੰ ਮਾਹਵਾਰੀ ਵਿੱਚ ਦੇਰੀ ਤੋਂ ਸ਼ੁਰੂ ਹੋਣ ਵਾਲੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।"

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)